ਦਿਨਕਰ ਗੁਪਤਾ ਹੱਥ ਆਈ ਪੰਜਾਬ ਪੁਲਿਸ ਦੀ ਕਮਾਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ 1987 ਬੈਂਚ ਦੇ ਆਈ.ਪੀ.ਐਸ਼ ਅਧਿਕਾਰੀ ਦਿਨਕਰ ਗੁਪਤਾ ਨੂੰ ਸੂਬੇ ਦਾ ਡੀ.ਜੀ.ਪੀ. ਨਿਯੁਕਤ ਕਰ ਦਿੱਤਾ ਹੈ। ਸ੍ਰੀ ਗੁਪਤਾ ਇਸ ਤੋਂ ਪਹਿਲਾਂ ਸੂਬੇ ਦੇ ਡੀ.ਜੀ.ਪੀ. (ਇੰਟੈਲੀਜੈਂਸ) ਦੇ ਅਹੁਦੇ ‘ਤੇ ਤਾਇਨਾਤ ਸਨ। ਉਹ ਕੇਂਦਰੀ ਖੁਫ਼ੀਆ ਏਜੰਸੀ (ਆਈ.ਬੀ.) ਵਿਚ ਵੀ ਤਕਰੀਬਨ 8 ਸਾਲ ਤਾਇਨਾਤ ਰਹੇ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੇ ਐਸ਼ਐਸ਼ਪੀ. ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸ੍ਰੀ ਗੁਪਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਸੰਦੀਦਾ ਪੁਲਿਸ ਅਫ਼ਸਰਾਂ ‘ਚੋਂ ਮੰਨਿਆ ਜਾਂਦਾ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ਼ਸੀ.) ਨੇ ਸੂਬੇ ਦੇ ਡੀ.ਜੀ.ਪੀ. ਦੀ ਨਿਯੁਕਤੀ ਲਈ 1984 ਤੋਂ ਲੈ ਕੇ 1988 ਬੈਂਚ ਤੱਕ ਦੇ 12 ਪੁਲਿਸ ਅਧਿਕਾਰੀਆਂ ਵਿਚੋਂ 1987 ਬੈਂਚ ਨਾਲ ਸਬੰਧਤ ਤਿੰਨ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੀ ਚੋਣ ਕੀਤੀ ਸੀ।

ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਧੜੇਬੰਦੀ ਦਾ ਸ਼ਿਕਾਰ ਪੰਜਾਬ ਪੁਲਿਸ ਵਿਚ ਅਨੁਸ਼ਾਸਨ ਲਿਆਉਣਾ ਨਵੇਂ ਡੀ.ਜੀ.ਪੀ. ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪੰਜਾਬ ਵਿਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਸਮਗਲਿੰਗ ਕਾਰਨ ਵੀ ਪੁਲਿਸ ਅਕਸਰ ਸੁਰਖ਼ੀਆਂ ਵਿਚ ਰਹਿੰਦੀ ਹੈ। ਇਨ੍ਹਾਂ ਗੰਭੀਰ ਮਸਲਿਆਂ ਨਾਲ ਨਜਿੱਠਣਾ ਵੀ ਦਿਨਕਰ ਗੁਪਤਾ ਲਈ ਵੰਗਾਰ ਤੋਂ ਘੱਟ ਨਹੀਂ ਹੈ।
ਮੁਹੰਮਦ ਮੁਸਤਫ਼ਾ ਦੇ ਮਾਮਲੇ ਵਿਚ ਜਿਸ ਤਰ੍ਹਾਂ ਰਾਜ ਸਰਕਾਰ ਵੱਲੋਂ ਯੂ.ਪੀ.ਐਸ਼ਸੀ. ਦੀ ਮੀਟਿੰਗ ਦੌਰਾਨ ਰੁਖ਼ ਅਖਤਿਆਰ ਕੀਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੇ ਡੀ.ਜੀ.ਪੀ. ਦੀ ਨਿਯੁਕਤੀ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਰਾਜ ਸਰਕਾਰ ਵੱਲੋਂ ਯੂ.ਪੀ.ਐਸ਼ਸੀ. ਦੇ ਪੈਨਲ ਸਬੰਧੀ ਖੁਦ ਹੀ ਭੰਬਲਭੂਸਾ ਪੈਦਾ ਕਰਨ ਦਾ ਮਾਮਲਾ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
______________________________
ਸੁਰੇਸ਼ ਅਰੋੜਾ ਹੋਏ ਸੇਵਾ ਮੁਕਤ
1982 ਬੈਂਚ ਦੇ ਆਈ.ਪੀ.ਐਸ਼ ਅਧਿਕਾਰੀ ਸੁਰੇਸ਼ ਅਰੋੜਾ ਸੇਵਾ ਮੁਕਤ ਹੋ ਗਏ। ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਤੇ ਗੋਲੀ ਕਾਂਡ ਕਰਕੇ ਵਿਵਾਦਾਂ ‘ਚ ਘਿਰਨ ਤੋਂ ਬਾਅਦ ਅਕਤੂਬਰ 2015 ਵਿਚ ਸੁਮੇਧ ਸਿੰਘ ਸੈਣੀ ਦੀ ਥਾਂ ‘ਤੇ ਡੀਜੀਪੀ ਨਿਯੁਕਤ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ 2017 ਵਿਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਵੀ ਸ੍ਰੀ ਅਰੋੜਾ ਨੂੰ ਇਸ ਅਹੁਦੇ ‘ਤੇ ਕਾਇਮ ਰੱਖਿਆ ਗਿਆ। ਮੋਦੀ ਸਰਕਾਰ ਨੇ ਸਤੰਬਰ ‘ਚ ਸੁਰੇਸ਼ ਅਰੋੜਾ ਦਾ ਸੇਵਾਕਾਲ 31 ਦਸੰਬਰ 2018 ਤੱਕ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਸੀ ਅਤੇ ਫਿਰ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਕਾਰਜਕਾਲ ‘ਚ ਵਾਧਾ ਕਰ ਦਿੱਤਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ 30 ਸਤੰਬਰ 2019 ਤੱਕ ਉਨ੍ਹਾਂ ਦਾ ਸੇਵਾਕਾਲ ਵਧਾ ਦਿੱਤਾ ਸੀ ਪਰ ਸ੍ਰੀ ਅਰੋੜਾ ਨੇ ਕੈਪਟਨ ਸਰਕਾਰ ਨੂੰ ਸੇਵਾ ਮੁਕਤ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਤੱਕ ਹੀ ਉਨ੍ਹਾਂ ਨੂੰ ਇਸ ਅਹੁਦੇ ‘ਤੇ ਰੱਖਿਆ ਜਾਵੇ।
______________________________
ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ ਦਿਨਕਰ ਗੁਪਤਾ
ਦਿਨਕਰ ਗੁਪਤਾ ਨੇ ਏ.ਡੀ.ਜੀ.ਪੀ. ਐਡਮਨਿਸਟ੍ਰੇਸ਼ਨ ਐਂਡ ਕਮਿਊਨਿਟੀ ਪੁਲਿਸਿੰਗ (2015-17), ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ ਐਂਡ ਮਾਡਰਨਾਈਜੇਸ਼ਨ (2014-15), ਏ.ਡੀ.ਜੀ.ਪੀ. ਕਾਨੂੰਨ ਵਿਵਸਥਾ (2012-15), ਏ.ਡੀ.ਜੀ.ਪੀ. ਸੁਰੱਖਿਆ (2012-15), ਏ.ਡੀ.ਜੀ.ਪੀ. ਟ੍ਰੈਫਿਕ (2013-14), ਡੀ.ਆਈ.ਜੀ. ਰੇਂਜ (2002 ‘ਚ ਇਕ ਸਾਲ ਤੋਂ ਵੱਧ ਅਤੇ 2003-04), ਐਸ਼ਐਸ਼ਪੀ. (ਜਨਵਰੀ 1992 ਤੋਂ ਜਨਵਰੀ 1999 ਤੱਕ ਸੱਤ ਸਾਲ) ਸੇਵਾ ਨਿਭਾਈ। ਉਨ੍ਹਾਂ ਨੂੰ ਬਹਾਦਰੀ ਲਈ 1992 ਵਿਚ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਅਤੇ ਡਿਊਟੀ ਦੌਰਾਨ ਵਿਲੱਖਣ ਹਾਸਲਾ, ਬਹਾਦਰੀ ਅਤੇ ਸਮਰਪਣ ਵਿਖਾਉਣ ਲਈ 1994 ਵਿਚ ਬਾਰ ਟੂ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ 2010 ਵਿਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਵੀ ਮਿਲਿਆ।