ਕਾਂਗਰਸ ਵੱਲੋਂ ਚੋਣ ਲੜਨ ਲਈ ਦਾਅਵੇਦਾਰੀਆਂ ਨੇ ਭਖਾਇਆ ਸਿਆਸੀ ਪਿੜ

ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂਆਂ ਨੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ ਦਾਅਵੇਦਾਰੀਆਂ ਲਈ ਅਰਜ਼ੀਆਂ ਦੇ ਕੇ ਚੋਣ ਮੈਦਾਨ ਰੌਚਕ ਬਣਾ ਦਿੱਤਾ ਹੈ। ਆਗਾਮੀ ਲੋਕ ਸਭਾ ਚੋਣਾਂ ਵਾਸਤੇ ਕਾਂਗਰਸ ਪਾਰਟੀ ਦੀਆਂ ਟਿਕਟਾਂ ‘ਤੇ ਇਕ ਕੈਬਨਿਟ ਮੰਤਰੀ ਤੇ ਸੱਤ ਵਿਧਾਇਕ ਚੋਣ ਮੈਦਾਨ ‘ਚ ਕੁੱਦਣਾ ਚਾਹੁੰਦੇ ਹਨ। ਇਨ੍ਹਾਂ ਸਮੇਤ ਸਵਾ ਸੌ ਆਗੂਆਂ ਨੇ ਟਿਕਟਾਂ ਲਈ ਅਰਜ਼ੀਆਂ ਦਿੱਤੀਆਂ ਹਨ। ਅਰਜ਼ੀਆਂ ਦੇਣ ਵਾਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਭਰਾ ਸੁਰਜੀਤ ਸਿੰਘ ਕੋਹਲੀ ਵੀ ਸ਼ਾਮਲ ਹਨ ਤੇ ਉਨ੍ਹਾਂ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਰਜ਼ੀ ਦਿੱਤੀ ਹੈ। ਇਸੇ ਹਲਕੇ ਤੋਂ ਵਿਧਾਇਕ ਹਰਪ੍ਰਤਾਪ ਅਜਨਾਲਾ ਵੀ ਚੋਣ ਮੈਦਾਨ ‘ਚ ਕੁੱਦਣਾ ਚਾਹੁੰਦੇ ਹਨ।

ਕਾਂਗਰਸ ਪਾਰਟੀ ਦੇ ਚਾਰ ਮੌਜੂਦਾ ਲੋਕ ਸਭਾ ਮੈਂਬਰਾਂ ਸੁਨੀਲ ਜਾਖੜ, ਗੁਰਜੀਤ ਔਜਲਾ, ਰਵਨੀਤ ਸਿੰਘ ਬਿੱਟੂ, ਚੌਧਰੀ ਸੰਤੋਖ ਸਿੰਘ ਤੇ ਪਟਿਆਲਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਲਈ ਅਰਜ਼ੀ ਦਿੱਤੀ ਹੈ। ਇਸ ਹਲਕੇ ਤੋਂ ਸੀਨੀਅਰ ਵਿਧਾਇਕ ਰਣਦੀਪ ਸਿੰਘ ਨਾਭਾ ਵੀ ਅਰਜ਼ੀ ਦੇ ਕੇ ਚੋਣ ਲੜਨ ਦੇ ਚਾਹਵਾਨਾਂ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਟਿਕਟ ਵਾਸਤੇ ਅਰਜ਼ੀ ਦਿੱਤੀ ਹੈ। ਪਹਿਲਾਂ ਉਹ ਆਪਣੇ ਲੜਕੇ ਅਨੁਮੀਤ ਸਿੰਘ ਸੋਢੀ ਲਈ ਟਿਕਟ ਲੈਣਾ ਚਾਹੁੰਦੇ ਸਨ, ਪਰ ਹੁਣ ਉਹ ਖ਼ੁਦ ਚੋਣ ਮੈਦਾਨ ਵਿਚ ਕੁੱਦਣ ਲਈ ਤਿਆਰ ਹਨ। ਇਸ ਦੇ ਨਾਲ ਸੱਤ ਵਿਧਾਇਕ ਵੀ ਲੋਕ ਸਭਾ ਵਿਚ ਜਾਣਾ ਚਾਹੁੰਦੇ ਹਨ। ਉਂਜ ਇਹ ਅਜੇ ਸਪਸ਼ਟ ਨਹੀਂ ਕਾਂਗਰਸ ਪਾਰਟੀ ਕਿਸ ਨੂੰ ਟਿਕਟ ਦੇਵੇਗੀ, ਕਿਉਂਕਿ ਵਿਧਾਇਕਾਂ ਦੇ ਜਿੱਤ ਜਾਣ ਨਾਲ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ।
ਸੀਨੀਅਰ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੇ ਲੁਧਿਆਣਾ ਤੋਂ ਅਰਜ਼ੀ ਦਿੱਤੀ ਹੈ, ਜਦੋਂ ਇਸ ਲੋਕ ਸਭਾ ਹਲਕੇ ਤੋਂ ਰਵਨੀਤ ਸਿੰਘ ਬਿਟੂ ਮੌਜੂਦਾ ਲੋਕ ਸਭਾ ਮੈਂਬਰ ਹਨ। ਕਾਂਗਰਸੀ ਵਿਧਾਇਕ ਪਵਨ ਆਡੀਆ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਰਜ਼ੀਆਂ ਦਿੱਤੀਆਂ ਹਨ। ਸੀਨੀਅਰ ਕਾਂਗਰਸ ਆਗੂ ਕੇਵਲ ਢਿੱਲੋਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਅਰਜ਼ੀ ਦਿੱਤੀ ਹੈ ਤੇ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਦਾਅਵੇਦਾਰ ਹਨ, ਪਰ ਉਨ੍ਹਾਂ ਨੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ। ਇਸ ਹਲਕੇ ਤੋਂ ਕਾਂਗਰਸ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਲੜਕੇ ਜਸਵਿੰਦਰ ਸਿੰਘ ਧੀਮਾਨ ਨੇ ਅਰਜ਼ੀ ਦੇ ਕੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਕਾਂਗਰਸ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਅਰਜ਼ੀ ਦਿੱਤੀ ਹੈ। ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ, ਉਨ੍ਹਾਂ ਦੇ ਲੜਕੇ ਅਨੂਪ ਸਿੰਘ ਭੁੱਲਰ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਅਰਜ਼ੀਆਂ ਦਿੱਤੀਆਂ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਲੜਕੇ ਗੁਰਜੀਤ ਧਰਮਸੋਤ ਨੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਅਰਜ਼ੀ ਦੇ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਹੈ।
ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ ਨੇ ਦੋ ਰਾਖਵੇਂ ਹਲਕਿਆਂ ਜਲੰਧਰ ਤੇ ਹੁਸ਼ਿਆਰਪੁਰ ਤੋਂ ਅਰਜ਼ੀਆਂ ਦਿੱਤੀਆਂ ਹਨ, ਪਰ ਫਤਿਹਗੜ੍ਹ ਸਾਹਿਬ ਰਾਖਵੇਂ ਲੋਕ ਸਭਾ ਹਲਕੇ ਤੋਂ ਸਾਬਕਾ ਕਾਂਗਰਸ ਵਿਧਾਇਕ ਸਤਵੰਤ ਸਿੰਘ ਮੋਹੀ ਅਤੇ ਉਨ੍ਹਾਂ ਦੇ ਲੜਕੇ ਚੰਦਵੇਸ਼ਵਰ ਮੋਹੀ ਨੇ ਅਰਜ਼ੀਆਂ ਦੇ ਕੇ ਦਾਅਵਾ ਪੇਸ਼ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨਵਾਂ ਸ਼ਹਿਰ ਦੇ ਸਾਬਕਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪਾਲੀਝਿਕੀ, ਕਾਂਗਰਸ ਦੇ ਸੀਨੀਅਰ ਆਗੂ ਰਾਜਪਾਲ ਸਿੰਘ ਅਤੇ ਸਮਾਜ ਸੇਵੀ ਚੌਧਰੀ ਆਰ.ਪੀ ਸਿੰਘ ਨੇ ਅਰਜ਼ੀਆਂ ਦੇ ਆਪਣਾ ਦਾਅਵਾ ਪੇਸ਼ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸੇ ਹਲਕੇ ਤੋਂ ਪਛੜੀਆਂ ਜਾਤਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ।
ਤਿੰਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਹਲਕੇ ਵਿਚ ਕਾਫੀ ਗਿਣਤੀ ਸੈਣੀ ਵੋਟਰਾਂ ਦੀ ਹੈ ਤੇ ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ, ਸਮਰਾਲਾ ਤੋਂ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਢਿੱਲੋਂ ਨੇ ਵੀ ਅਰਜ਼ੀ ਦਿੱਤੀ ਹੈ। ਚੌਧਰੀ ਆਰ. ਪੀ. ਸਿੰਘ ਦਾ ਕਹਿਣਾ ਹੈ ਕਿ ਇਸ ਹਲਕੇ ਵਿਚ ਗੁੱਜਰਾਂ ਦੀ ਕਾਫੀ ਵੋਟ ਹੈ, ਇਸ ਲਈ ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਕੁਝ ਹੋਰ ਆਗੂਆਂ ਦੇ ਵੀ ਇਸ ਹਲਕੇ ਤੋਂ ਅਰਜ਼ੀਆਂ ਦੇਣ ਦੀ ਆਸ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਵੀ ਕਈ ਦਾਅਵੇਦਾਰ ਹਨ ਤੇ ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਅਰਜ਼ੀ ਦਿੱਤੀ ਹੈ। ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਦਾਅਵਾ ਪੇਸ਼ ਕੀਤੇ ਜਾਣ ਦੀ ਆਸ ਹੈ। ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ ਪੀ ਅਤੇ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਨੇ ਜਲੰਧਰ ਤੋਂ ਅਰਜ਼ੀਆਂ ਦਿੱਤੀਆਂ ਹਨ ਤੇ ਫਿਲੌਰ ਨੇ ਹੁਸ਼ਿਆਰਪੁਰ ਤੋਂ ਵੀ ਅਰਜ਼ੀ ਦਿੱਤੀ ਹੈ। ਫਤਿਹਗੜ੍ਹ ਸਾਹਿਬ ਰਾਖਵੇਂ ਹਲਕੇ ਤੋਂ ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਨੇ ਵੀ ਅਰਜ਼ੀ ਦਿੱਤੀ ਹੈ, ਪਰ ਉਹ ਆਪਣੇ ਲੜਕੇ ਸੀ ਮੋਹੀ ਨੂੰ ਮੈਦਾਨ ਵਿਚ ਉਤਾਰਨ ‘ਚ ਵੱਧ ਦਿਲਚਸਪੀ ਰੱਖਦੇ ਹੈ। ਇਸ ਹਲਕੇ ਤੋਂ ਡਾ. ਅਮਰ ਸਿੰਘ ਨੇ ਵੀ ਅਰਜ਼ੀ ਦਿੱਤੀ ਹੈ।
_______________________________
ਰਵਨੀਤ ਬਿੱਟੂ ਨੂੰ ਵੀ ‘ਪੱਕੀ ਸੀਟ’ ਖੁੱਸਣ ਦਾ ਡਰ
ਲੁਧਿਆਣਾ: ਲੋਕ ਸਭਾ ਹਲਕਾ ਲੁਧਿਆਣਾ ਦੀ ਟਿਕਟ ਲਈ ਕਾਂਗਰਸੀ ਆਗੂਆਂ ਦੀ ਲੰਮੀ ਹੁੰਦੀ ਜਾ ਰਹੀ ਲਿਸਟ ਨੂੰ ਦੇਖ ਕੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸਮਰਥਕ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਏ ਹਨ। ਸੋਸ਼ਲ ਮੀਡੀਆ ‘ਤੇ ਬਿੱਟੂ ਸਮਰਥਕਾਂ ਨੇ ‘ਲੁਧਿਆਣਾ ਦੀ ਪੁਕਾਰ, ਸਿਰਫ ਬਿੱਟੂ ਹੀ ਸਵੀਕਾਰ’ ਵਾਲੇ ਪੋਸਟਰ ਪਾਏ ਹਨ। ਲੁਧਿਆਣਾ ਤੋਂ ਛੇ ਵਾਰ ਵਿਧਾਇਕ ਚੁਣੇ ਗਏ ਰਾਕੇਸ਼ ਪਾਂਡੇ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਖ਼ਾਸ ਪਵਨ ਦੀਵਾਨ ਤੇ ਗੁਰਮੇਲ ਸਿੰਘ ਪਹਿਲਵਾਨ ਨੇ ਟਿਕਟ ਲਈ ਦਾਅਵੇਦਾਰੀ ਠੋਕੀ ਹੈ। ਅਜਿਹੇ ਹਾਲਾਤ ਵਿਚ ਪਾਰਟੀ ਹਾਈਕਮਾਂਡ ਕੋਈ ਹੋਰ ਫੈਸਲਾ ਨਾ ਲੈ ਲਵੇ, ਇਸ ਕਾਰਨ ਬਿੱਟੂ ਨੇ ਵੀ ਆਪਣੇ ਸਮਰਥਕਾਂ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।