ਕਰਜ਼ ਮੁਆਫੀ: ਕਾਂਗਰਸ ਦੇ ਚੋਣ ਵਾਅਦੇ ਨੂੰ ਅਕਾਲੀਆਂ ਨੇ ਸਿਰੇ ਚੜ੍ਹਾਇਆ

ਕੋਟਲੀ ਸੂਰਤ ਮੱਲੀ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦਾ ਕੀਤਾ ਵਾਅਦਾ ਪੂਰਾ ਨਾ ਹੋਣ ‘ਤੇ ਲਗਭਗ ਦੋ ਸਾਲ ਮਗਰੋਂ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਇਸ ਕਿਸਾਨ ਨੂੰ 3 ਲੱਖ 86 ਹਜ਼ਾਰ ਰੁਪਏ ਦੇ ਦੋ ਚੈੱਕ ਭੇਟ ਕਰਕੇ ਇਸ ਨੂੰ ਕਰਜ਼ਾ ਮੁਕਤ ਹੋਣ ਵਿਚ ਮਦਦ ਮੁਹੱਈਆ ਕਰਵਾਈ।

ਕੈਪਟਨ ਅਮਰਿੰਦਰ ਸਿੰਘ 16 ਅਕਤੂਬਰ 2016 ਨੂੰ ਇਸ ਕਿਸਾਨ ਦੇ ਘਰ ਗਏ ਸਨ ਅਤੇ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਤਹਿਤ ਫਾਰਮ ਭਰਵਾਏ ਸਨ ਅਤੇ ਇਸ ਦੀ ਇਕ ਰਸੀਦ ਕਿਸਾਨ ਬੁੱਧ ਸਿੰਘ ਨੂੰ ਵੀ ਦਿੱਤੀ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਇਸ ਯੋਜਨਾ ਦੀ ਸ਼ੁਰੂਆਤ ਬੁੱਧ ਸਿੰਘ ਤੋਂ ਕੀਤੀ ਸੀ। ਉਸ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਣ ਮਗਰੋਂ ਸਭ ਤੋਂ ਪਹਿਲਾਂ ਉਸ ਦਾ ਕਰਜ਼ਾ ਖਤਮ ਹੋਵੇਗਾ ਤੇ ਭਵਿੱਖ ਵਿਚ ਉਸ ਨੂੰ ਕਰਜ਼ੇ ਦੀ ਕਿਸ਼ਤ ਦੇਣ ਦੀ ਲੋੜ ਨਹੀਂ ਹੋਵੇਗੀ। ਮਗਰੋਂ ਇਸ ਦੀਆਂ ਫੋਟੋਆਂ ਵੀ ਕਰਜ਼ਾ ਮੁਆਫੀ ਫਾਰਮਾਂ ‘ਤੇ ਲਾਈਆਂ ਗਈਆਂ ਸਨ। ਸਰਕਾਰ ਬਣਨ ਮਗਰੋਂ ਦੋ ਸਾਲ ਬੀਤ ਗਏ ਹਨ। ਪਰ ਉਸ ਦਾ ਕਰਜ਼ਾ ਮਆਫ ਨਹੀਂ ਹੋਇਆ। ਭਰੋਸੇ ਵਿਚ ਆਏ ਕਿਸਾਨ ਨੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ, ਜਿਸ ਕਾਰਨ ਕਰਜ਼ੇ ਦੇ ਵਿਆਜ ਕਾਰਨ ਇਹ ਰਕਮ ਹੋਰ ਵੱਧ ਗਈ ਹੈ ਅਤੇ ਕਿਸਾਨ ਨੂੰ ਆਪਣਾ ਟਰੈਕਟਰ ਵੇਚ ਕੇ ਕਰਜ਼ੇ ਦੀ ਕਿਸ਼ਤ ਦੇਣੀ ਪਈ ਹੈ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬੁੱਧ ਸਿੰਘ ਦੇ ਘਰ ਪੁੱਜੇ ਅਤੇ ਯੂਥ ਅਕਾਲੀ ਦਲ ਵੱਲੋਂ ਆਪਣੀ ਪੱਧਰ ‘ਤੇ ਇਕੱਠੀ ਕੀਤੀ 3 ਲੱਖ 86 ਹਜ਼ਾਰ ਰੁਪਏ ਦੀ ਰਕਮ ਦੇ ਦੋ ਚੈੱਕ ਉਸ ਨੂੰ ਭੇਟ ਕੀਤੇ ਹਨ ਤਾਂ ਜੋ ਇਹ ਕਿਸਾਨ ਆਪਣੇ ਬਾਕੀ ਰਹਿੰਦੇ ਕਰਜ਼ੇ ਦੀ ਰਕਮ ਦਾ ਬੈਂਕ ਵਿਚ ਭੁਗਤਾਨ ਕਰ ਸਕੇ ਅਤੇ ਕਰਜ਼ਾ ਮੁਕਤ ਹੋ ਸਕੇ।
ਇਸ ਮੌਕੇ ਸ੍ਰੀ ਮਜੀਠੀਆ ਨੇ ਆਖਿਆ ਕਿ ਕਾਂਗਰਸ ਸਰਕਾਰ ਨਾ ਸਿਰਫ ਇਸ ਕਿਸਾਨ, ਸਗੋਂ ਹੋਰ ਕਿਸਾਨਾਂ ਨਾਲ ਵੀ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਭੱਜ ਗਈ ਹੈ। ਜਿਸ ਦਾ ਸਿੱਟਾ ਹੈ ਕਿ ਸੂਬੇ ਵਿਚ ਕਿਸਾਨਾਂ ਵਲੋਂ ਨਿਰੰਤਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਯੂਥ ਅਕਾਲੀ ਦਲ ਅਜਿਹੇ ਕਿਸਾਨਾਂ ਦੀ ਮਦਦ ਲਈ ਫੰਡ ਇਕੱਠਾ ਕਰ ਕੇ ਹੋਰ ਕਿਸਾਨਾਂ ਦੀ ਮਦਦ ਕਰੇਗਾ। ਇਸ ਦੌਰਾਨ ਬੁੱੱਧ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਚਾਰ ਏਕੜ ਜ਼ਮੀਨ ਦੇ ਬਦਲੇ ਸਾਢੇ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਕਿ ਵਿਆਜ ਕਾਰਨ ਵਧ ਕੇ ਸਾਢੇ ਚਾਰ ਲੱਖ ਤਕ ਪੁੱਜ ਗਿਆ ਸੀ। ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਮੁਤਾਬਕ ਉਸ ਨੇ ਬੈਂਕ ਨੂੰ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਹੁਣ ਉਸ ਨੇ ਆਪਣਾ ਟਰੈਕਟਰ 80 ਹਜ਼ਾਰ ਰੁਪਏ ਵਿਚ ਵੇਚ ਕੇ ਬੈਂਕ ਵੱਲੋਂ ਕੀਤੀ ਜਾਣ ਵਾਲੀ ਕੁਰਕੀ ਤੋਂ ਬਚਣ ਦਾ ਯਤਨ ਕੀਤਾ ਹੈ।
___________________________
ਤਕਨੀਕੀ ਕਾਰਨਾਂ ਕਰ ਕੇ ਕਰਜ਼ਾ ਮੁਆਫ ਨਹੀਂ ਹੋ ਸਕਦਾ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਕੁਝ ਤਕਨੀਕੀ ਅੜਿੱਕਿਆਂ ਕਾਰਨ ਉਸ ਦਾ ਕਰਜ਼ਾ ਮੁਆਫ ਨਹੀਂ ਹੋ ਸਕਦਾ। ਉਸ ਦਾ ਨਾਂ ਸਰਕਾਰ ਵੱਲੋਂ ਤਿਆਰ ਕੀਤੀ ਚੌਥੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਵਿਚ ਸੂਬਾ ਆਧਾਰਤ ਬੈਂਕ ਜਿਵੇਂ ਪੰਜਾਬ ਗਰਾਮ ਬੈਂਕ ਆਦਿ ਤੋਂ ਕਰਜ਼ਾ ਲੈਣ ਵਾਲਿਆਂ ਦਾ ਨਾਂ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸਿਆਸੀ ਲਾਹਾ ਲੈਣ ਲਈ ਅਤੇ ਸੁਰਖੀਆਂ ਵਿਚ ਬਣੇ ਰਹਿਣ ਲਈ ਇਹ ਸਭ ਕੁਝ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਕਿਸਾਨ ਹਿੱਤਾਂ ਲਈ ਸੁਹਿਰਦ ਸਨ ਤਾਂ ਉਨ੍ਹਾਂ ਆਪਣੇ ਦਸ ਸਾਲ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫ ਕਿਉਂ ਨਹੀਂ ਕੀਤੇ।
___________________________
ਕਿਸਾਨ ਨੂੰ ਦਿੱਤੀ ਰਕਮ ਦੇ ਸਰੋਤ ਦੱਸੇ ਮਜੀਠੀਆ: ਰੰਧਾਵਾ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਯੂਥ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਕਿਸਾਨ ਬੁੱਧ ਰਾਮ ਨੂੰ ਦਿੱਤੀ ਰਕਮ ਦੇ ਕਾਨੂੰਨੀ ਸਰੋਤ ਦੱਸਣ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂਚ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਈਡੀ ਜਾਂਚ ਦੀ ਮੰਗ ਕੀਤੀ ਕੀਤੀ ਹੈ। ਉਨ੍ਹਾਂ ਸਾਬਕਾ ਮੰਤਰੀ ‘ਤੇ ਸਵਾਲ ਉਠਾਇਆ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ ਜਦਕਿ ਉਸ ਦਾ ਕਰਜ਼ਾ 1.76 ਲੱਖ ਰੁਪਏ ਬਣਦਾ ਹੈ।