ਮੌਲਾਨਾ ਹਸਰਤ ਮੋਹਾਨੀ ਦੀ ਮਹਿਮਾ

ਚਰੰਜੀ ਲਾਲ ਕੰਗਣੀਵਾਲ
ਫੋਨ: +91-97806-02066
ਹਿੰਦੋਸਤਾਨ ਦੀ ਵੰਡ ਤੋਂ ਬਾਅਦ ਹਾਕਮਾਂ ਨੇ ਇਨਕਲਾਬੀ ਤਹਿਰੀਕਾਂ ਨੂੰ ਅਣਡਿੱਠ ਕੀਤਾ ਅਤੇ ਅਕਾਦਮਿਕ ਤੌਰ ‘ਤੇ ਵੀ ਇਸ ਦੀ ਅਣਦੇਖੀ ਕੀਤੀ ਗਈ। ਆਜ਼ਾਦੀ ਸੰਗਰਾਮ ਵਿਚ ਮਰ-ਮਿਟਣ ਵਾਲੇ ਮੁਸਲਿਮ ਭਾਈਚਾਰੇ ਦੇ ਇਨਕਲਾਬੀ ਦੇਸ਼ਭਗਤਾਂ ਨੂੰ ਤਾਂ ਮੂਲੋਂ ਹੀ ਨਕਾਰ ਦਿੱਤਾ ਗਿਆ। ਮੌਲਾਨਾ ਹਸਰਤ ਮੋਹਾਨੀ ਵੀ ਇਨ੍ਹਾਂ ਅਣਗੌਲੇ ਦੇਸ਼ਭਗਤਾਂ ਵਿਚੋਂ ਇਕ ਸਨ।

ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਕਾਂਗਰਸ ਪਾਰਟੀ ਵਿਚ ਸਿਵਲ ਨਾ-ਫੁਰਮਾਨੀ ਅਤੇ ਨਾ-ਮਿਲਵਰਤਣ ਲਹਿਰਾਂ ਦਾ ਖਿਆਲ ਸਭ ਤੋਂ ਪਹਿਲਾਂ ਹਸਰਤ ਮੋਹਾਨੀ ਦੇ ਦਿਮਾਗ਼ ਵਿਚ ਆਇਆ ਸੀ। ਬਰਤਾਨਵੀ ਮਾਲ ਦਾ ਬਾਈਕਾਟ ਤੇ ਦੇਸ਼ ਅੰਦਰ ਬਣੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਰਾਇ ਵੀ ਉਨ੍ਹਾਂ ਨੇ ਦਿਤੀ ਸੀ। ਇਸ ਮੰਤਵ ਲਈ 1913 ਵਿਚ ਉਨ੍ਹਾਂ ਨੇ ਸਵਦੇਸ਼ੀ ਸਟੋਰ ਵੀ ਖੋਲ੍ਹਿਆ। 1857 ਦੇ ਗ਼ਦਰ ਮਗਰੋਂ ਹਸਰਤ ਮੋਹਾਨੀ ਪਹਿਲੇ ਅਜਿਹੇ ਮੁਸਲਮਾਨ ਤੇ ਬਾਲ ਗੰਗਾਧਰ ਤਿਲਕ ਤੋਂ ਬਾਅਦ ਦੂਜੇ ਅਜਿਹੇ ਹਿੰਦੁਸਤਾਨੀ ਸਨ ਜਿਨ੍ਹਾਂ ਨੂੰ ਹਕੂਮਤ ਨੇ ਸਿਆਸੀ ਸਰਗਰਮੀਆਂ ਕਾਰਨ ਕੈਦ ਕੀਤਾ।
ਹਸਰਤ ਦਾ ਜਨਮ ਯੂ.ਪੀ. ਦੇ ਕਸਬਾ ਮੋਹਾਨ ਵਿਚ 1881 ਨੂੰ ਹੋਇਆ। ਪਿੰਡ ਦੇ ਮਿਡਲ ਸਕੂਲ ਵਿਚੋਂ ਅੱਠਵੀਂ ਪਾਸ ਕਰਕੇ ਉਨ੍ਹਾਂ ਦਸਵੀਂ ਫਤਹਿਪੁਰ ਦੇ ਹਾਈ ਸਕੂਲ ਅਤੇ ਅਲੀਗੜ੍ਹ ਕਾਲਜ ਵਿਚੋਂ ਬੀ.ਏ. ਪਾਸ ਕੀਤੀ। ਕਾਲਜ ਸਮੇਂ ਉਨ੍ਹਾਂ ਨੂੰ ਸਿਆਸੀ ਸਰਗਰਮੀਆਂ ਕਰਕੇ ਅੰਗਰੇਜ਼ ਪ੍ਰਿੰਸੀਪਲ ਨੇ ਤਿੰਨ ਵਾਰ ਕਾਲਜ ਵਿਚੋਂ ਕੱਢਿਆ ਸੀ। 1907 ਵਿਚ ਉਨ੍ਹਾਂ ਨੇ ਇਕ ਰਸਾਲਾ ਸ਼ੁਰੂ ਕੀਤਾ ਜਿਸ ਵਿਚ ਉਘੇ ਦੇਸ਼ਭਗਤਾਂ ਦੇ ਲੇਖ ਛਾਪੇ। ਇਸ ਸਮੇਂ ਉਨ੍ਹਾਂ ਨੇ ‘ਸਵਦੇਸ਼ੀ ਤਹਿਰੀਕ ਔਰ ਬਾਈਕਾਟ’ ਦੇ ਸਿਰਲੇਖ ਹੇਠ ਲੇਖ ਵੀ ਲਿਖਿਆ। ਇਸ ਤੋਂ ਪਹਿਲਾਂ 1904 ਅਤੇ 1905 ਵਿਚ ਕਾਂਗਰਸ ਪਾਰਟੀ ਦੇ ਇਜਲਾਸਾਂ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਨੇ ਆਪਣੇ ਭਾਸ਼ਨਾਂ ਵਿਚ ਹਿੰਦੋਸਤਾਨੀ ਮਿੱਲਾਂ ਵਿਚ ਬਣੇ ਮਾਲ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੂੰ ਅਜਿਹੀਆਂ ਸਰਗਰਮੀਆਂ ਲਈ 1908 ਵਿਚ ਧਾਰਾ 124-ਏ ਹੇਠ ਦੋ ਸਾਲ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਜੁਰਮਾਨਾ ਵਸੂਲਣ ਲਈ ਉਨ੍ਹਾਂ ਦੀ ਹਜ਼ਾਰਾਂ ਦੀ ਕੀਮਤ ਦੀ ਲਾਇਬਰੇਰੀ ਨੂੰ ਸਰਕਾਰੀ ਅਧਿਕਾਰੀਆਂ ਨੇ ਸੱਠ ਰੁਪਏ ਵਿਚ ਨਿਲਾਮ ਕਰ ਦਿੱਤਾ। ਉਨ੍ਹਾਂ ਨੂੰ ਬਾਕੀ ਜੁਰਮਾਨਾ ਅਦਾ ਨਾ ਕਰ ਸਕਣ ‘ਤੇ ਛੇ ਮਹੀਨੇ ਹੋਰ ਸਜ਼ਾ ਭੁਗਤਣੀ ਪਈ।
ਉਨ੍ਹਾਂ ਨੂੰ ਰਿਹਾਈ ਪਿੱਛੋਂ ਏਨੀਆਂ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਕਿ ਸਿਰ ਲੁਕਾਉਣ ਲਈ ਡੇਢ ਰੁਪਏ ਮਹੀਨਾ ਕਿਰਾਏ ‘ਤੇ ਇਕ ਝੌਂਪੜਾ ਲੈ ਕੇ ਉਹ ਆਪ ਹੱਥ ਨਾਲ ਪ੍ਰੈਸ ਚਲਾ ਕੇ ਰਸਾਲਾ ਕੱਢਦੇ। 1916 ਵਿਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਤਾਂ ਗ਼ਦਰ ਲਹਿਰ ਦੀਆਂ ਸਰਗਰਮੀਆਂ ਕਾਰਨ ਪੈਦਾ ਹੋਈ ਚੇਤਨਾ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਇਹ ਗ੍ਰਿਫਤਾਰੀ ਮੌਲਵੀ ਬਰਕਤ ਉਲਾ, ਅਬਦੁਲ ਰਬ ਅਤੇ ਉਬੈਦ ਉਲਾ ਸਿੰਧੀ ਨਾਲ ਸਬੰਧ ਹੋਣ ਅਤੇ ਅਧਿਕਾਰੀਆਂ ਦੇ ਹੁਕਮ ਦੀ ਪਰਵਾਹ ਨਾ ਕਰਨ ਦੇ ਦੋਸ਼ਾਂ ਤਹਿਤ ਕੀਤੀ ਗਈ ਸੀ। ਇਸ ਦੇ ਬਾਵਜੂਦ ਹਕੂਮਤ ਇੰਨਾ ਡਰਦੀ ਸੀ ਕਿ ਹਸਰਤ ਮੋਹਾਨੀ ਖਿਲਾਫ ਮੁਕੱਦਮਾ ਅਲੀਗੜ੍ਹ ਦੀ ਬਜਾਏ ਲਲਤਪੁਰ ਚਲਾਇਆ ਗਿਆ ਤਾਂ ਕਿ ਰੋਹ ਵਿਚ ਆ ਕੇ ਲੋਕ ਕੋਈ ਖਲਲ ਨਾ ਪਾ ਸਕਣ। ਮੌਲਾਨਾ ਹਸਰਤ ਮੋਹੀਨੀ ਦੀ ਸ਼ਖਸੀਅਤ ਦਾ ਕਮਾਲ ਹੀ ਸੀ ਕਿ ਅੰਗਰੇਜ਼ੀ ਹਕੂਮਤ ਮੈਜਿਸਟਰੇਟ ਮਿਰਜ਼ਾ ਅਲੀ ਰਜ਼ਾ ਨੂੰ ਉਨ੍ਹਾਂ ਪਾਸ ਭੇਜ ਕੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕਰਦੀ ਰਹੀ। ਉਨ੍ਹਾਂ ਨੂੰ ਨਾ ਮੰਨਣ ‘ਤੇ ਤਿੰਨ ਜੁਰਮਾਂ ਵਾਸਤੇ ਦੋ ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਅਦਾਲਤ ਵਿਚ ਹਸਰਤ ਮੋਹਾਨੀ ਵਲੋਂ ਦਿਤੇ ਗਏ ਬਿਆਨ ਨੂੰ 23 ਅਗਸਤ 1916 ਦੇ ‘ਗ਼ਦਰ’ ਅਖਬਾਰ ਨੇ ਇਉਂ ਛਾਪਿਆ: “ਜਿਸ ਨਜ਼ਰਬੰਦੀ ਵਿਚ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਾ ਹੋਵੇ; ਆਪਣੇ ਰਿਸ਼ਤੇਦਾਰਾਂ, ਔਰਤਾਂ, ਬੱਚਿਆਂ ਦੀਆਂ ਚਿੱਠੀਆਂ ਤਾਈਂ ਬੇਸ਼ਰਮ ਪੁਲਿਸ ਅਫਸਰਾਂ ਨੂੰ ਦਿਖਾਈਆਂ ਜਾਣ ਅਤੇ ਹਰ ਰੋਜ਼ ਸਵੇਰੇ-ਸ਼ਾਮ ਜ਼ਾਲਮ ਪੁਲਿਸ ਅਫਸਰਾਂ ਨੂੰ ਹਾਜ਼ਰੀ ਦੇ ਕੇ ਉਨ੍ਹਾਂ ਤੋਂ ਗਾਲ੍ਹਾਂ ਖਾਧੀਆਂ ਜਾਣ ਤਾਂ ਇਸ ਨਜ਼ਰਬੰਦੀ ਤੋਂ ਕੈਦ ਹਜ਼ਾਰ ਦਰਜ਼ੇ ਚੰਗੀ ਹੈ।” ਸੈਨ ਫਰਾਂਸਿਸਕੋ ਤੋਂ ਛਪੇ 21 ਜੂਨ 1916 ਦੇ ‘ਗ਼ਦਰ’ ਅਖਬਾਰ ਮੁਤਾਬਿਕ ਦੋ ਸਾਲ ਦੀ ਕੈਦ ਬਾਰੇ ਸੁਣਨ ਪਿਛੋਂ ਉਨ੍ਹਾਂ ਦੀ ਬੀਵੀ ਨੇ ਉਦਾਸ ਹੋਣ ਦੀ ਬਜਾਏ ਐਲਾਨ ਕੀਤਾ, “ਮੈਂ ਹਸਰਤ ਜੀ ਨੂੰ ਲਿਖ ਦਿੱਤਾ ਹੈ ਕਿ ਆਪ ਜੀ ਨੂੰ ਕੋਈ ਐਸਾ ਹੁਕਮ ਨਹੀਂ ਮੰਨਣਾ ਚਾਹੀਦਾ ਜੋ ਗ਼ਦਰੀ ਅਸੂਲਾਂ ਦੇ ਵਿਰੁੱਧ ਹੋਵੇ। ਭਾਵੇਂ ਆਪ ਜੀ ਨੂੰ ਕੈਸੇ ਹੀ ਕਸ਼ਟਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਾਵੇ।” ਸੈਨ ਫਰਾਂਸਿਸਕੋ ਤੋਂ ਗ਼ਦਰ ਅਖਬਾਰ ਵਿਚ ਛਪੀਆਂ ਇਨ੍ਹਾਂ ਟਿੱਪਣੀਆਂ ਤੋਂ ਜ਼ਾਹਿਰ ਹੈ ਕਿ ਦੇਸ਼ ਵਿਚਲੇ ਅਖਬਾਰ ਸਰਕਾਰ ਦੇ ਡਰ ਤੋਂ ਅਜਿਹੀਆਂ ਖਬਰਾਂ ਨੂੰ ਥਾਂ ਨਹੀਂ ਸੀ ਦਿੰਦੇ।
ਉਚੀ ਤਾਲੀਮ ਦੇ ਬਾਵਜੂਦ ਜੇਲ੍ਹ ਅੰਦਰ ਮੋਲਾਨਾ ਹਸਰਤ ਮੋਹਾਨੀ ਨੂੰ ਸਾਧਾਰਨ ਕੈਦੀ ਨਾਲੋਂ ਵੀ ਬੁਰੇ ਹਾਲਾਤ ਵਿਚ ਰੱਖਿਆ ਜਾਂਦਾ। ਜੇਲ੍ਹ ਦੇ ਜੀਵਨ ਬਾਰੇ ਉਨ੍ਹਾਂ ਨੇ ‘ਮੁਸਾਹ ਦਾਤੇ-ਜ਼ਿੰਦਾ’ ਨਾਮੀਂ ਕਿਤਾਬ ਲਿਖੀ ਜਿਸ ਨੂੰ ਪੜ੍ਹ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। ਜੇਲ੍ਹ ਅੰਦਰ ਚੱਕੀ ਪੀਂਹਦਿਆਂ ਉਹ ਆਪਣਾ ਸ਼ਿਅਰ ਗਾਇਆ ਕਰਦੇ ਸਨ:
ਹੈ ਮਸ਼ਕੇ ਸੁਖਨ ਜਾਰੀ, ਚੱਕੀ ਕੀ ਮੁਸ਼ੱਕਤ ਭੀ,
ਇਕਤਰਫਾ ਤਮਾਸ਼ਾ ਹੈ, ਹਸਰਤ ਕੀ ਤਬੀਅਤ ਭੀ।
(ਮੈਂ ਸ਼ਾਇਰੀ ਵੀ ਕਰ ਰਿਹਾ ਹਾਂ ਤੇ ਚੱਕੀ ਵੀ ਪੀਹ ਰਿਹਾ ਹਾਂ)
18 ਸਤੰਬਰ 1918 ਨੂੰ ਰਿਹਾਈ ਹੋਈ ਤਾਂ ਉਹ 12 ਨਵੰਬਰ 1919 ਨੂੰ ਦਿੱਲੀ ਵਿਚ ਹੋਈ ਖਿਲਾਫਤ ਕਾਨਫਰੰਸ ਵਿਚ ਸ਼ਾਮਲ ਹੋਏ ਜਿਥੇ ਮਹਾਤਮਾ ਗਾਂਧੀ ਵੀ ਹਾਜ਼ਰ ਸਨ। ਇਸ ਮੌਕੇ ਵਾਪਰੀ ਇਕ ਘਟਨਾ ਦਾ ਵਰਣਨ ਮਹਾਤਮਾ ਗਾਂਧੀ ਨੇ ਆਪਣੀ ਆਤਮ-ਕਥਾ ਵਿਚ ਇਉਂ ਕੀਤਾ ਹੈ: “ਮੈਂ ਉਸ ਬਾਰੇ ਸੁਣਿਆ ਤਾਂ ਹੋਇਆ ਸੀ, ਕਾਨਫਰੰਸ ਵਿਚ ਆ ਕੇ ਪਤਾ ਲੱਗਾ ਕਿ ਉਹ ਕਿੱਡਾ ਵੱਡਾ ਇਨਕਲਾਬੀ ਦੇਸ਼ਭਗਤ ਹੈ! ਅਸੀਂ ਸ਼ੁਰੂ ਤੋਂ ਇਕ ਦੂਜੇ ਦੇ ਵਿਰੋਧੀ ਰਹੇ। ਜਦੋਂ ਮੋਹਾਨੀ ਨੇ ਬਾਈਕਾਟ ਬਾਰੇ ਜੋਸ਼ੀਲੀ ਤਕਰੀਰ ਕੀਤੀ ਤਾਂ ਮੈਂ ਇਕ ਵਾਰ ਡਰਿਆ ਕਿ ਮੈਂ ਇਸ ਦਾ ਉਤਰ ਨਹੀਂ ਦੇ ਸਕਾਂਗਾ ਲੇਕਿਨ ਮੈਂ ਹੌਂਸਲਾ ਫੜਿਆ ਤੇ ਉਸ ਦੀ ਤਕਰੀਰ ਦਾ ਜਵਾਬ ਦਿੱਤਾ। ਪਿਛੋਂ ਦੇ ਬੁਲਾਰਿਆਂ ਨੇ ਮੇਰੀ ਹਮਾਇਤ ਕੀਤੀ ਤਾਂ ਮੈਂ ਸਫਲ ਰਿਹਾ। ਇਥੇ ਹੀ ਉਸ ਦੀ ਤਕਰੀਰ ਸੁਣ ਕੇ ਮੇਰੇ ਅੰਦਰ ਨਾ-ਮਿਲਵਰਤਣ ਦੀ ਤਹਿਰੀਕ ਦਾ ਵਿਚਾਰ ਪਨਪਿਆ।”
ਸੁਭਾਸ਼ ਚੰਦਰ ਬੋਸ ਨੇ 1921 ਨੂੰ ਅਹਿਮਦਾਬਾਦ ਵਿਖੇ ਹੋਏ ਕੌਮੀ ਇਜਲਾਸ ਬਾਰੇ ਆਪਣੀ ਕਿਤਾਬ ਵਿਚ ਲਿਖਿਆ: “ਹਸਰਤ ਮੋਹਾਨੀ ਨੇ ਕਾਂਗਰਸ ਸੈਸ਼ਨ ਵਿਚ ਮਤਾ ਪੇਸ਼ ਕੀਤਾ ਕਿ ਕਾਂਗਰਸ ਆਪਣੇ ਵਿਧਾਨ ਵਿਚ ‘ਹਿੰਦੋਸਤਾਨ ਫੈਡਰਲ ਰਿਪਬਲਿਕ ਹੈ’ ਲਿਖੇ। ਉਸ ਨੇ ਇਹ ਵੀ ਮੰਗ ਰੱਖੀ ਕਿ ‘ਸਵਰਾਜ’ ਦੀ ਸਾਫ-ਸਾਫ ਵਿਆਖਿਆ ਕੀਤੀ ਜਾਵੇ ਕਿ ਇਸ ਦਾ ਅਰਥ ਮੁਕੰਮਲ ਆਜ਼ਾਦੀ ਹੈ। ਉਸ ਦੀ ਤਕਰੀਰ ਏਨੀ ਜੋਸ਼ੀਲੀ ਸੀ ਕਿ ਮੈਨੂੰ ਲੱਗਾ ਕਿ ਇਹ ਤਜ਼ਵੀਜ਼ ਬਹੁਗਿਣਤੀ ਨਾਲ ਪਾਸ ਹੋਵੇਗੀ ਪਰ ਇਕੱਲੇ ਮਹਾਤਮਾ ਗਾਂਧੀ ਦੇ ਵਿਰੋਧ ਕਰਕੇ ਰੱਦ ਹੋ ਗਈ।”
1921 ਵਿਚ ਅਹਿਮਦਾਬਾਦ ਦੇ ਕਾਂਗਰਸ ਸੈਸ਼ਨ ਸਮੇਂ ‘ਮੁਕੰਮਲ ਅਜ਼ਾਦੀ’ ਦਾ ਮਤਾ ਵੀ ਪਹਿਲੀ ਵਾਰ ਹਸਰਤ ਮੋਹਾਨੀ ਨੇ ਹੀ ਪੇਸ਼ ਕੀਤਾ ਜਦੋਂਕਿ ਮਹਾਤਮਾ ਗਾਂਧੀ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਭੇਤ ਡਾ. ਰਾਜਿੰਦਰ ਪ੍ਰਸਾਦ ਨੇ ‘ਬਾਪੂ ਕੇ ਕਦਮੋਂ ਮੇਂ’ ਕਿਤਾਬ ਵਿਚ ਖੋਲ੍ਹਿਆ।
ਹਸਰਤ ਮੋਹਾਨੀ ਦੂਜੀ ਵਾਰ ਗ੍ਰਿਫਤਾਰ ਕੀਤੇ ਗਏ ਤਾਂ ਇਸ ਬਾਰੇ ਅਬੁਲ ਕਲਾਮ ਅਜ਼ਾਦ ਨੇ ‘ਕਾਰਬਾਨੇ-ਖਿਆਲ’ ਵਿਚ ਲਿਖਿਆ: “ਹਸਰਤ ਦਾ ਇਸ ਮੁਲਕ ਵਿਚ ਕੋਈ ਮੁਕਾਬਲਾ ਨਹੀਂ ਹੈ। ਜੋ ਕੁਝ ਉਹ ਕਰ ਰਿਹਾ ਹੈ ਹਿੰਦੁਸਤਾਨੀ ਉਸ ਨੂੰ ਪੰਜਾਹ ਸਾਲ ਪਿਛੋਂ ਸਮਝਣਗੇ।”
ਬਾਕੀ ਲੀਡਰਾਂ ਵਾਂਗ ਹਸਰਤ ਮੋਹਾਨੀ, ਮਹਾਤਮਾ ਗਾਂਧੀ ਨੂੰ ਲੀਡਰ ਨਹੀਂ ਸੀ ਮੰਨਦੇ। ਉਹ ਉਨ੍ਹਾਂ ਦੇ ਬਰਾਬਰ ਦਾ ਹੋ ਕੇ ਵਿਚਰਦੇ ਸਨ। 1937 ਵਿਚ ਤੁਰਕ ਲੇਖਕਾ ਹਾਲਿਦਾ ਅਦੀਬ ਹਿੰਦੁਸਤਾਨ ਆਈ ਤੇ ਹਸਰਤ ਮੋਹਾਨੀ, ਮਹਾਤਮਾ ਗਾਂਧੀ ਸਮੇਤ ਹੋਰ ਆਗੂਆਂ ਨੂੰ ਮਿਲੀ। ਆਪਣੀ ਕਿਤਾਬ ‘ਇਨਸਾਈਡ ਇੰਡੀਆ’ ਵਿਚ ਉਸ ਨੇ ਲਿਖਿਆ: “ਮਹਾਤਮਾ ਗਾਂਧੀ ਨੇ ਹਸਰਤ ਮੋਹਾਨੀ ਬਾਰੇ ਮੇਰੇ ਇਕ ਮੁਸਲਮਾਨ ਦੋਸਤ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ਮੈਂ ਹਸਰਤ ਨਾਲ ਗੱਲ ਕਰਦਾ ਹਾਂ ਤਾਂ ਉਸ ਰਾਤ ਮੈਨੂੰ ਚੈਨ ਨਾਲ ਨੀਂਦ ਨਹੀਂ ਆਉਂਦੀ।”
1922 ਵਿਚ ਖਿਲਾਫਤ ਕਮੇਟੀ ਦੀ ਮੀਟਿੰਗ ਵਿਚ ਹਸਰਤ ਮੋਹਾਨੀ ਨੇ ਮਤਾ ਪੇਸ਼ ਕੀਤਾ ਜੋ ਮੁਸਲਿਮ ਲੀਗ ਦੇ ਇਜਲਾਸ ਵਿਚ ਵੀ ਪੜ੍ਹਿਆ ਗਿਆ। ਇਸ ਵਿਚ ਇਹ ਗੱਲ ਜ਼ੋਰਦਾਰ ਢੰਗ ਨਾਲ ਪੇਸ਼ ਕੀਤੀ ਗਈ ਕਿ “ਸਾਨੂੰ ਪਹਿਲੀ ਜਨਵਰੀ 1922 ਨੂੰ ਇੰਡੀਅਨ ਰਿਪਬਲਿਕ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਅਗਰ ਹਕੂਮਤ ਮਾਰਸ਼ਲ ਲਾਅ ਲਾ ਦੇਵੇ ਤਾਂ ਸਾਨੂੰ ਗੁਰੀਲਾ ਲੜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।”
ਦਸੰਬਰ 1925 ਵਿਚ ਕਾਂਗਰਸ ਦੇ ਕਾਨਪੁਰ ਵਾਲੇ ਇਜਲਾਸ ਵਿਚ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਮਜ਼ਦੂਰਾਂ ਦੇ ਜਲੂਸ ਦੀ ਅਗਵਾਈ ਕਰਕੇ ਉਹ ਪੰਡਾਲ ਵਿਚ ਜ਼ਬਰਦਸਤੀ ਦਾਖਲ ਹੋ ਗਏ ਸਨ। ਉਹ ਇਸ ਤੋਂ ਅਗਲੇ ਦਿਨ ਸ਼ੁਰੂ ਹੋਈ ਕਮਿਊਨਿਸਟਾਂ ਦੀ ਪਹਿਲੀ ਕਾਨਫਰੰਸ ਦੇ ਮੁਖੀਆਂ ਵਿਚੋਂ ਸਨ ਜਿਹੜੀ ਸਤਿਆਭਗਤ ਦੇ ਯਤਨਾਂ ਨਾਲ ਹਿੰਦੋਸਤਾਨੀ ਕਮਿਊਨਿਸਟ ਪਾਰਟੀ ਦਾ ਗਠਨ ਕਰਨ ਲਈ ਕਾਨਪੁਰ ਵਿਚ ਹੋਈ। ਹਸਰਤ ਮੋਹਾਨੀ ਉਸ ਕਨਵੈਨਸ਼ਨ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸਨ।
ਹਸਰਤ ਮੋਹਾਨੀ 1946 ਵਿਚ ਯੂ.ਪੀ. ਅਸੈਂਬਲੀ ਅਤੇ ਉਸੇ ਸਮੇਂ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ। ਉਨ੍ਹਾਂ ਨੇ ਪਾਰਲੀਮੈਂਟ ਦੇ ਮੈਂਬਰ ਵਜੋਂ ਇਕੱਲਿਆਂ ਹੀ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਹਿੰਦੋਸਤਾਨ ਦੇ ਸਮੁੱਚੇ ਲੋਕਾਂ ਦੀ ਠੀਕ ਨੁਮਾਇੰਦਗੀ ਨਹੀਂ ਕਰਦੀ, ਇਸ ਲਈ ਇਸ ਨੂੰ ਦੇਸ਼ ਦਾ ਵਿਧਾਨ ਪਾਸ ਕਰਨ ਦਾ ਹੱਕ ਨਹੀਂ। ਸਾਰੀ ਜ਼ਿੰਦਗੀ ਸਮਾਜਵਾਦ ਦੇ ਨਜ਼ਰੀਏ ‘ਤੇ ਅਟੱਲ ਰਹਿਣ ਵਾਲੇ ਇਸ ਮਹਾਨ ਦੇਸ਼ਭਗਤ ਦਾ 13 ਮਈ 1951 ਨੂੰ ਲਖਨਊ ਵਿਚ ਦੇਹਾਂਤ ਹੋ ਗਿਆ।
___________________
ਹਸਰਤ ਮੋਹਾਨੀ ਦੀ ਇਕ ਗਜ਼ਲ
ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ।
ਹਮਕੋ ਅਬ ਤਕ ਆਸ਼ਿਕੀ ਕਾ ਵੋ ਜ਼ਮਾਨਾ ਯਾਦ ਹੈ।
ਤੁਝ ਸੇ ਕੁਛ ਮਿਲਤੇ ਹੀ ਵੋ ਬੇਬਾਕ ਹੋ ਜਾਨਾ ਮੇਰਾ,
ਔਰ ਤੇਰਾ ਦਾਂਤੋਂ ਮੇਂ ਵੋ ਉਂਗਲੀ ਦਬਾਨਾ ਯਾਦ ਹੈ।
ਖੇਂਚ ਲੇਨਾ ਵੋ ਮੇਰਾ ਪਰਦੇ ਕਾ ਕੋਨਾ ਦਫਾਤਨ,
ਔਰ ਦੁਪੱਟੇ ਸੇ ਤੇਰਾ ਵੋ ਮੂੰਹ ਛੁਪਾਨਾ ਯਾਦ ਹੈ।
ਗ਼ੈਰ ਕੀ ਨਜ਼ਰੋਂ ਸੇ ਬਚ ਕਰ ਸਭ ਕੀ ਮਰਜ਼ੀ ਕੇ ਖਿਲਾਫ,
ਵੋ ਤੇਰਾ ਚੋਰੀ ਛੁਪੇ ਰਾਤੋਂ ਕੋ ਆਨਾ ਯਾਦ ਹੈ।
ਦੋਪਹਰ ਕੀ ਧੂਪ ਮੇਂ ਮੇਰੇ ਬੁਲਾਨੇ ਕੇ ਲੀਏ,
ਵੋ ਤੇਰਾ ਕੋਠੇ ਪੇ ਨੰਗੇ ਪਾਓਂ ਆਨਾ ਯਾਦ ਹੈ।
ਚੋਰੀ ਚੋਰੀ ਹਮ ਸੇ ਤੁਮ ਆ ਕਰ ਮਿਲੇ ਥੇ ਜਿਸ ਜਗਹਾ,
ਮੁੱਦਤੇਂ ਗੁਜ਼ਰੀਂ ਪਰ ਅਬ ਤਕ ਵੋ ਠਿਕਾਨਾ ਯਾਦ ਹੈ।
ਸ਼ੌਕ ਮੇਂ ਮਹਿੰਦੀ ਕੇ ਵੋ ਬੇ ਦਸਤ-ਓ-ਪਾ ਹੋਨਾ ਤੇਰਾ,
ਔਰ ਮੇਰਾ ਵੋ ਛੇੜਨਾ, ਵੋ ਗੁਦਗੁਦਾਨਾ ਯਾਦ ਹੈ।
ਆ ਗਯਾ ਗਰ ਵਸਲ ਕੀ ਸ਼ਬ ਭੀ ਕਹੀਂ ਜ਼ਿਕਰੇ-ਫਿਰਾਕ,
ਵੋ ਤੇਰਾ ਰੋ ਰੋ ਕੇ ਮੁਝਕੋ ਭੀ ਰੁਲਾਨਾ ਯਾਦ ਹੈ।