ਸ਼ਾਹ ਮੁਹੰਮਦ ਦੇ ਬਹਾਨੇ ਪੰਜਾਬ ਦੀ ਪੀੜ ਨੂੰ ਸਮਝਦਿਆਂ

ਪੀ. ਕੇ. ਨਿਝਾਵਨ ਹੋਣ ਦੇ ਅਰਥ…
ਪੀ. ਕੇ. ਨਿਝਾਵਨ 1927 ਵਿਚ ਪੱਛਮੀ ਪੰਜਾਬ ਵਿਚ ਐਮਨਾਬਾਦ ਵਿਖੇ ਜਨਮਿਆ ਸੁਹਿਰਦ ਪੰਜਾਬੀ ਵਿਦਵਾਨ ਹੈ। ਉਹ ਲੰਮਾ ਸਮਾਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਉਚ ਅਹੁਦਿਆਂ ‘ਤੇ ਰਿਹਾ ਅਤੇ ਫਿਰ ਬੰਬਈ ਵਿਚ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਦਾ ਐਸੋਸੀਏਟ ਸੰਪਾਦਕ ਵੀ ਬਣਿਆ। ਨਿਝਾਵਨ ਧਾਰਮਕ ਪਛਾਣਾਂ ਤੋਂ ਪਾਰ ਸਾਂਝੀ ਪੰਜਾਬੀਅਤ ਦਾ ਮੁੱਦਈ ਹੈ। ਇਸ ਲਈ ਜਦੋਂ ਪੰਜਾਬ ਵਿਚ ਧਾਰਮਕ ਪਛਾਣ ਦੇ ਆਧਾਰ ‘ਤੇ ਹਿੰਸਾ-ਪ੍ਰਤੀ-ਹਿੰਸਾ ਦਾ ਦੌਰ ਚੱਲਦਾ ਹੈ ਤਾਂ ਉਹ ਲੋਕਾਂ ਨੂੰ ਸਾਂਝੇ ਪੰਜਾਬ ਦੀ ਪੰਜਾਬੀਅਤ ਦੇ ਤਸੱਵੁਰ ਦਾ ਅਹਿਸਾਸ ਕਰਵਾਉਣ ਦੇ ਮਨਸ਼ੇ ਨਾਲ ਪੰਜਾਬ ਆ ਗਿਆ। ਇਸ ਲਈ ਉਸ ਨੇ ਇਤਿਹਾਸਕ ਤੌਰ ‘ਤੇ ਮੁੱਲਵਾਨ ਕਿਤਾਬਾਂ ਦੀ ਰਚਨਾ ਕੀਤੀ।

ਨਿਝਾਵਨ ਸ਼ਾਹ ਮੁਹੰਮਦ ਨੂੰ ਵੱਖ-ਵੱਖ ਧਰਮਾਂ ਦੇ ਪੰਜਾਬੀਆਂ ਦੀ ਸਾਂਝੀ ਪੰਜਾਬੀਅਤ ਦਾ ਪ੍ਰਤੀਕ ਸਮਝਦਾ ਹੈ। ਇਸ ਲਈ ਉਹ ‘ਦਿ ਫਰਸਟ ਪੰਜਾਬ ਵਾਰ-ਸ਼ਾਹ ਮੁਹੰਮਦ’ਜ਼ ਜੰਗਨਾਮਾ (2001)’ ਸਿਰਲੇਖ ਹੇਠ ਨਿਵੇਕਲੀ ਪੁਸਤਕ ਦੀ ਰਚਨਾ ਕਰਦਾ ਹੈ, ਜਿਸ ਵਿਚ ਜੰਗਨਾਮੇ ਦੀ ਗੁਰਮੁਖੀ ਅਤੇ ਸ਼ਾਹਮੁਖੀ ਟੈਕਸਟ ਦੇ ਨਾਲ ਇਸ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵੀ ਕੀਤਾ ਗਿਆ। ਉਹ ਦਾਅਵਾ ਕਰਦਾ ਹੈ ਕਿ ਇਹ ਜੰਗਨਾਮਾ ਪੰਜਾਬੀ ਸਾਹਿਤ ਅਤੇ ਲੋਕ ਸਾਹਿਤ ਵਿਚ ਅਜਿਹੀ ਵਾਹਦ ਰਚਨਾ ਹੈ, ਜਿਸ ਵਿਚ ਪੰਜਾਬੀ ਇਕਜੁੱਟਤਾ ਤੇ ਸਾਂਝੀ ਪੰਜਾਬੀਅਤ ਭਰਵੇਂ ਰੂਪ ਵਿਚ ਪੇਸ਼ ਹੁੰਦੀ ਹੈ।
ਇਸ ਪੁਸਤਕ ਦੀ ਭੂਮਿਕਾ ਵਜੋਂ ਸ਼ਾਮਿਲ ਇਸ ਲੇਖ ਵਿਚ ਉਹ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਇਸ ਰੂਪ ਵਿਚ ਕਿਵੇਂ ਅਤੇ ਕਿਉਂ ਪੈਦਾ ਹੋਈ? ਉਹ ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ’ ਵਾਲੇ ਪੰਜਾਬ ਦੀ ਸਾਂਝੀਵਾਲਤਾ ਵਾਲੀ ਜੀਵਨ ਰੌਂਅ ਦਾ, ਅੰਗਰੇਜ਼ੀ ਸ਼ਾਸਨ ਅਤੇ ਆਰੀਆ ਸਮਾਜ ਵਰਗੀਆਂ ਧਰਮ ਸੁਧਾਰ ਲਹਿਰਾਂ ਵਲੋਂ ਕੀਤੇ ਇਤਿਹਾਸਕ ਘਾਣ ਦੀ ਪਛਾਣ ਕਰਦਾ ਹੈ। ਇਸ ਲਈ ਉਹ ਅਲਹਿਦਗੀ ਪੈਦਾ ਕਰਨ ਵਾਲੀ ਆਰੀਆ ਸਮਾਜੀ ਵਿਆਖਿਆ ਦੀ ਥਾਂ ਹਿੰਦੂ ਧਰਮ ਦੀ ਬਹੁਲਤਾਵਾਦੀ ਸਨਾਤਨੀ ਵਿਆਖਿਆ ਕਰਦਿਆਂ ਪੰਜਾਬ ਵਿਚ ਹਿੰਦੂ-ਸਿੱਖਾਂ ਦੀਆਂ ਪੀਡੀਆਂ ਸਾਂਝਾਂ ਨੂੰ ਸਥਾਪਿਤ ਕਰਦਾ ਹੈ।
ਸਾਡੇ ਵੇਲਿਆਂ ਵਿਚ ਜਦੋਂ ਫਿਰਕਾਪ੍ਰਸਤ ਤਰਕ ਭਾਰੂ ਤੇ ਸਰਕਾਰੂ ਹੋਇਆ ਲੱਗਦਾ ਹੈ ਤਾਂ ਇਹ ਰਚਨਾ ਹੋਰ ਵੀ ਪ੍ਰਸੰਗਿਕ ਹੈ। ਅਸੀਂ ਇਸ ਲੇਖ ਦਾ ਅਨੁਵਾਦ ਇਸ ਆਸ ਨਾਲ ਛਾਪ ਰਹੇ ਹਾਂ ਕਿ ਬਹੁਪੱਖੀ ਸੰਕਟਾਂ ਵਿਚ ਗ੍ਰਸੇ ਪੰਜਾਬੀਆਂ ਲਈ ਸ਼ਾਹ ਮੁਹੰਮਦ ਦੀ ਸਾਂਝੀ ਪੰਜਾਬੀਅਤ ਭਵਿਖ ਦੀ ਯੋਜਨਾਬੰਦੀ ਦਾ ਰਵਾਨਗੀ ਬਿੰਦੂ ਬਣ ਸਕਦੀ ਹੈ। ਇਸ ਅਹਿਮ ਲਿਖਤ ਦਾ ਅਨੁਵਾਦ ਰਵਿੰਦਰ ਸਿੰਘ ਘੁੰਮਣ ਨੇ ਕੀਤਾ ਹੈ। ਇਸ ਲੰਮੀ ਲਿਖਤ ਦੀ ਪਹਿਲੀ ਕਿਸ਼ਤ ਹਾਜ਼ਿਰ ਹੈ।

ਪੀ. ਕੇ. ਨਿਝਾਵਨ
ਅਨੁਵਾਦ: ਰਵਿੰਦਰ ਸਿੰਘ ਘੁੰਮਣ
ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)

(1)
ਮੈਨੂੰ ਲੱਗਦਾ ਹੈ ਕਿ ਸਿਰਫ ਮੈਨੂੰ ਹੀ ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਸ਼ਾਹ ਮੁਹੰਮਦ ਦੇ ਜੰਗਨਾਮੇ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ ਕਰਨ ਦੀ ਖੁਸ਼ੀ ਲਈ ਹੈ। ਇਹ ਖਾਲਸਾ ਦਰਬਾਰ ਅਤੇ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦਰਮਿਆਨ ਲੜੇ ਗਏ ਪਹਿਲੇ ਹਿੰਦ-ਪੰਜਾਬ ਜੰਗ ਦਾ ਬਿਲਕੁਲ ਤੱਤਕਾਲੀ ਬਿਆਨ ਹੈ, ਜਿਸ ਨੂੰ ਇਤਿਹਾਸ ਦੀਆਂ ਬਹੁਤੀਆਂ ਕਿਤਾਬਾਂ ਵਿਚ ਪਹਿਲੀ ਅੰਗਰੇਜ਼-ਸਿੱਖ ਜੰਗ ਕਿਹਾ ਗਿਆ ਹੈ। ਇਹ ਸ਼ਾਹ ਮੁਹੰਮਦ ਦੇ ਦਿੱਤੇ ਸਿਰਲੇਖ ਦਾ ਹੀ ਅਸਰ ਹੈ ਕਿ ਮੈਂ ਇਸ ਨੂੰ ਪਹਿਲੀ ਪੰਜਾਬ ਜੰਗ ਕਹਿਣ ਦਾ ਲਾਲਚ ਕਰ ਰਿਹਾ ਹਾਂ। ਇਤਿਹਾਸਕਾਰਾਂ ਦੀ ਇਹ (ਐਂਗਲੋ-ਸਿੱਖ ਦੀ) ਨਾਮਾਵਲੀ ਜਾਹਰਾ ਤੌਰ ‘ਤੇ ਗਲਤ ਬਿਆਨੀ ਹੈ, ਜੋ ਇਸ ਵਿਲੱਖਣ ਕਾਵਿ ਕਿਰਤ ਦੇ ਪੂਰੇ-ਸੂਰੇ ਪ੍ਰਮਾਣਿਕ ਪੰਜਾਬੀ ਖਾਸੇ ਨੂੰ ਦੂਸ਼ਿਤ ਕਰਨ ਲਈ ਜਾਣ-ਬੁਝ ਕੇ ਘਸੋੜੀ ਗਈ ਲੱਗਦੀ ਹੈ।
ਜੰਗਬੰਦੀ ਤੋਂ ਤੁਰੰਤ ਪਿਛੋਂ ਨਵੇਂ ਸ਼ਾਸਕਾਂ ਨੇ ਪੰਜਾਬੀ ਸਮਾਜ ਵਿਚ ਸੰਭਾਵੀ ਤੀਹਰੀ ਵੰਡ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਅਤੇ ਇਸ ਕੰਮ ਵਿਚ ਉਹ ਬੇਹੱਦ ਸਫਲ ਵੀ ਹੋਏ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਨੂੰ ਜੋ ਸਿਰਲੇਖ ‘ਜੰਗ ਹਿੰਦ-ਪੰਜਾਬ’ ਦਿੱਤਾ ਹੈ, ਉਹ ਬਹੁਤ ਮੁਨਾਸਿਬ ਹੈ। ਇਹ ਬਿਲਕੁਲ ਉਵੇਂ ਹੈ, ਜਿਵੇਂ ਕਰਨਾਟਕਾ ਜੰਗ ਜਾਂ ਮਰਾਠਾ ਜੰਗ ਵਰਗੇ ਨਾਮ ਹਨ। ਇਹ ਨਾਮ ਇਸ ਨਜ਼ਰੀਏ ਦੀ ਵੀ ਤਾਈਦ ਕਰਦਾ ਹੈ ਕਿ ਕਿਵੇਂ ਇਹ ਜੰਗ ਈਸਟ ਇੰਡੀਆ ਕੰਪਨੀ ਵਲੋਂ ਸਾਮਰਾਜੀ ਵਿਸਥਾਰ ਦੀ ਹੀ ਕਵਾਇਦ ਸੀ। ਸੱਚ ਇਹ ਹੈ ਕਿ ਇਹ ਜੰਗ ਹੋਣ ਤੋਂ ਬਹੁਤ ਪਹਿਲਾਂ ਹੀ ਅੰਗਰੇਜ਼ ਪੰਜਾਬ ‘ਤੇ ਕਬਜ਼ੇ ਦੀ ਤਾਕ ਵਿਚ ਸਨ।
ਸ਼ਾਹ ਮੁਹੰਮਦ ਹੋਰ ਕਵੀਆਂ ਨਾਲੋਂ ਬਿਲਕੁਲ ਅੱਡਰਾ ਹੈ। ਉਹ ਜਾਣਦਾ ਹੈ ਕਿ ਤੱਥ ਅਤੇ ਪ੍ਰਤੱਖਣ ਵਿਚਕਾਰ ਕਿਥੇ ਨਿਖੇੜਾ ਕਰਨਾ ਹੈ। ਉਹ ਆਪਣੀ ਕਹਾਣੀ ਵਿਚ ਨਿਆਰਾ ਰਹਿਣ ਦੀ ਕੋਸ਼ਿਸ਼ ਵਿਚ ਹੈ। ਇਸ ਕਵੀ ਦੀ ਵਿਲੱਖਣਤਾ ਉਸ ਦੀ ਤਿੱਖੀ ਨਜ਼ਰ ਵਿਚ ਹੈ। ਉਹ ਪੂਰੇ ਘਟਨਾਕ੍ਰਮ ਨੂੰ ਸ਼ੁਧ ਰੂਪ ਵਿਚ ਗ੍ਰਹਿਣ ਕਰਨ ਲਈ ਇਸ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਗੱਲ ਦੀ ਬਾਰੀਕੀ ਨੂੰ ਫੜਨ ਦਾ ਯਤਨ ਕਰਦਾ ਹੈ। ਥੋੜ੍ਹੇ ਸ਼ਬਦਾਂ ਵਿਚ ਆਖੀਏ ਤਾਂ ਉਹ ਅਨੂਠੀ ਕਿਸਮ ਦਾ ਕਵੀ ਅਤੇ ਇਤਿਹਾਸਕਾਰ ਹੈ। ਉਹ ਬਹੁਤ ਹੀ ਸਰਲ ਅਤੇ ਰੌਚਕ ਸ਼ੈਲੀ ਵਿਚ ਇਹ ਭੇਤ ਖੋਲ੍ਹਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਰਈਅਤ ਪਿਆਰ ਨਾਲ ‘ਸਰਕਾਰ’ ਕਹਿੰਦੀ ਸੀ, ਦੀ ਮੌਤ ਪਿਛੋਂ ਕੀ ਹੋਇਆ? ਇਸ ਤੋਂ ਬਾਅਦ ਦੀਆਂ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਮੌਲਿਕ ਪ੍ਰਤਿਭਾ ਵਾਲਾ ਕਵੀ ਹੀ ਇਨ੍ਹਾਂ ਨੂੰ ਪੂਰੀ ਸਮੱਗਰਤਾ ਵਿਚ ਫੜ ਸਕਦਾ ਸੀ। ਪੰਜਾਬ ਵਿਚ ਹੋਣੀ ਦੀ ਐਸੀ ਮਾਰ ਵਗੀ ਕਿ ਦਰਬਾਰ ਦਾ ਹਰ ਉਚ ਅਹੁਦੇਦਾਰ (ਅਮੀਰ) ਦਿਨਾਂ ਵਿਚ ਹੀ ਖਤਮ ਹੋ ਗਿਆ ਅਤੇ ਲਾਹੌਰ ਦਰਬਾਰ ਕਰੀਬ 6 ਸਾਲਾਂ ਵਿਚ ਹੀ ਯਤੀਮ ਹੋ ਗਿਆ। ਇਕ ਤਰ੍ਹਾਂ ਦੀ ਇਸ ਇਲਾਹੀ ਕਰੋਪੀ ਨੇ ਨਾਟਕੀ ਢੰਗ ਨਾਲ ਹਰ ਚੀਜ਼ ਨੂੰ ਆਪਣੇ ਦੁਖਾਂਤਕ ਕਲਾਵੇ ਵਿਚ ਲੈ ਲਿਆ। ਇਸ ਗੁੰਝਲਦਾਰ ਮਹਾਂ ਦੁਖਾਂਤ ਨੂੰ ਫੜਨ ਲਈ ਕਵੀ ਦੀ ਸੰਵੇਦਨਾ ਵੀ ਉਨੀ ਹੀ ਸੂਖਮ ‘ਤੇ ਵਿਸ਼ਾਲ ਹੋ ਜਾਂਦੀ ਹੈ। ਇਸ ਤੋਂ ਬਿਨਾ ਐਨੀ ਉਤਮ, ਇਤਿਹਾਸਕ ਤੌਰ ‘ਤੇ ਮਾਕੂਲ ਅਤੇ ਭਾਵ-ਉਤੇਜਕ ਕਵਿਤਾ ਰਚੀ ਨਹੀਂ ਸੀ ਜਾ ਸਕਦੀ।
ਇਹ ਬਿਰਤਾਂਤ ਸਾਰੇ ਦੁਖਾਂਤ ਦਾ ਸੱਚਾ, ਸੰਵੇਦਨਸ਼ੀਲ ਅਤੇ ਕਿਸੇ ਫਿਲਮ ਵਰਗਾ ਬਿਆਨ ਹੈ, ਜਿਸ ਵਿਚ ਡਾਕੂਮੈਂਟਰੀ ਵਾਂਗ ਇਕ ਤੋਂ ਬਾਅਦ ਦੂਜੀ ਰੀਲ੍ਹ ਚੱਲਦੀ ਹੈ। ਇਸ ਨੂੰ ਪੰਜਾਬ ਦੇ ਢਾਡੀ ਲੋਕਾਂ ਸਾਹਵੇਂ ਗਾਉਂਦੇ ਵੀ ਰਹੇ। ਪੰਜਾਬ ਦੇ ਇਸ ਹਮਦਰਦ ਕਵੀ ਵਿਚ ਹੀ ਇਹ ਸਮਰੱਥਾ ਸੀ ਕਿ ਉਹ ਇਸ ਇਤਿਹਾਸਕ ਦੁਖਾਂਤ ਨੂੰ ਆਪਣੇ ਕਾਵਿਕ ਕਲੇਵਰ ਵਿਚ ਜਿਵੇਂ ਲੈ ਸਕਿਆ ਹੈ, ਕਿਸੇ ਹੋਰ ਕਵੀ ਤੋਂ ਇਹ ਹੋਣਾ ਨਹੀਂ ਸੀ। ਸਭ ਤੋਂ ਵੱਡੀ ਗੱਲ ਹੈ ਕਿ ਉਹ ਇੰਨਾ ਵੱਡਾ ਪੰਜਾਬ ਭਗਤ ਹੈ ਕਿ ਉਹ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦਾ ਕਿ ਨਵੇਂ ਸ਼ਾਸਕ ਉਸ ਦੇ ਇਸ ਬਿਆਨ ਦੇ ਬਦਲੇ ਉਸ ਨਾਲ ਕੀ ਕਰ ਦੇਣਗੇ।
ਸਭ ਤੋਂ ਪਹਿਲਾਂ ਧਿਆਨ ਦੇਣ ਯੋਗ ਜ਼ਰੂਰੀ ਨੁਕਤਾ ਇਹ ਹੈ ਕਿ ਸ਼ਾਹ ਮੁਹੰਮਦ ਕੁਲੀਨ ਮੁਸਲਮਾਨ ਹੈ। ਰਣਜੀਤ ਸਿੰਘ ਕਿਸਾਨੀ ਪਿਛੋਕੜ ਤੋਂ ਆਉਂਦਾ ਹੈ, ਉਹ ਮਹਿਜ ਅੱਧੀ ਸਦੀ ਵਿਚ ਹੀ ਬਹੁਤ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰਕੇ, ਇਸ ਸਲਤਨਤ ਦਾ ਬਾਦਸ਼ਾਹ ਬਣ ਜਾਂਦਾ ਹੈ। ਇਹ ਸਭ ਭਾਰਤ ਵਿਚ ਅੱਠ ਸਦੀਆਂ ਲੰਮੇ ਇਸਲਾਮੀ ਰਾਜ ਪਿਛੋਂ ਵਾਪਰਦਾ ਹੈ, ਪਰ ਸ਼ਾਹ ਮੁਹੰਮਦ ਸਹੀ ਅਰਥਾਂ ਵਿਚ ਸੈਕੂਲਰ ਹੈ, ਉਸ ਦੇ ਮਨ ਵਿਚ ਰੱਤੀ ਭਰ ਵੀ ਫਿਰਕੂ ਸੋਚ ਨਹੀਂ ਦਿਸਦੀ। ਉਹ ਬਿਨਾ ਕਿਸੇ ਜਾਤ-ਨਸਲ/ਗੋਤ ਦੇ ਵਿਤਕਰੇ ਤੋਂ, ਦੋਸ਼ ਉਨ੍ਹਾਂ ਨੂੰ ਦਿੰਦਾ ਹੈ ਜੋ ਦੋਸ਼ੀ ਹਨ; ਸਿਫਤ ਉਸ ਦੀ ਕਰਦਾ ਹੈ, ਜੋ ਇਸ ਦਾ ਹੱਕਦਾਰ ਹੈ। ਥੋੜ੍ਹੇ ਸ਼ਬਦਾਂ ਵਿਚ ਕਹੀਏ ਤਾਂ ਸ਼ਾਹ ਮੁਹੰਮਦ ਉਹ ਤਸਵੀਰ ਹੈ, ਜਿਸ ਵਰਗਾ ਹਰ ਹਿੰਦੂ, ਮੁਸਲਮਾਨ, ਸਿੱਖ ਜਾਂ ਹਰ ਭਾਰਤੀ ਨੂੰ ਹੋਣਾ ਚਾਹੀਦਾ ਹੈ ਤਾਂ ਜੋ ਭਾਰਤ ਮਜ਼ਬੂਤ, ਇਕਸਾਰ ਤੇ ਲੋਕਤੰਤਰੀ ਸਮਾਜ ਬਣ ਸਕੇ।
ਉਹ ਅੱਜ ਦੇ ਤੀਹਰੀ ਵੰਡ ਵਿਚ ਵੰਡੇ ਸਾਡੇ ਇਸ ਪੰਜਾਬੀ ਸਮਾਜ ਲਈ ਬਹੁਤ ਸਾਰਥਕ ਹੈ, ਜਿਸ ਵਿਚੋਂ 1947 ਵਾਲੀ ਵੰਡ ਨਿਕਲੀ। ਬਹੁਤੇ ਲੋਕਾਂ ਲਈ ਇਹ ਕਿਆਸੋਂ ਬਾਹਰੀ ਗੱਲ ਹੋ ਸਕਦੀ ਹੈ ਕਿ ਕੋਈ ਪੰਜਾਬੀ ਮੁਸਲਮਾਨ ਸਰਕਾਰ-ਏ-ਖਾਲਸਾ ਦੇ ਖਤਮ ਹੋਣ ‘ਤੇ ਕਿਵੇਂ ਖੂਨ ਦੇ ਅੱਥਰੂ ਰੋਂਦਾ ਹੈ। ਅਜੋਕੇ ਫਿਰਕੂ ਬਣਦੇ ਜਾ ਰਹੇ ਮਾਹੌਲ ਵਿਚ ਇਸ ਸਭ ਕੁਝ ਨੂੰ ਵਿਚਾਰਨ ਵਿਚ ਹੀ ਉਹ ਨੁਕਤਾ ਪਿਆ ਹੈ, ਜਿਸ ਨੂੰ ਸਮਝਣ ਦੀ ਇਥੇ ਵਧੇਰੇ ਲੋੜ ਹੈ। ਇਸ ਤੱਥ ਨੂੰ ਇਸ ਤਰ੍ਹਾਂ ਪੇਸ਼ ਕਰਨ ਦਾ ਕਾਰਨ ਇਹ ਹੈ ਕਿ ਇਹ ਮੇਰੀ ਧਾਰਨਾ ਦੀ ਪ੍ਰੋੜਤਾ ਕਰਦਾ ਹੈ ਕਿ “ਬਿਹਤਰ ਹਿੰਦੂ ਅਤੇ ਬਿਹਤਰ ਮੁਸਲਮਾਨ ਸ਼ਖਸ, ਆਪਣੇ ਆਪ ਨੂੰ ਨਾਸਤਿਕ ਕਹਿਣ ਵਾਲੇ ਸ਼ਖਸ ਤੋਂ ਵੱਧ ਧਰਮ ਨਿਰਪੇਖ ਹੋਵੇਗਾ। ਇਸੇ ਤਰ੍ਹਾਂ ਕੋਈ ਬਿਹਤਰ ਪੰਜਾਬੀ ਜਾਂ ਬਿਹਤਰ ਬੰਗਾਲੀ ਉਸ ਬੰਦੇ ਨਾਲੋਂ ਚੰਗਾ ਭਾਰਤੀ ਹੋਵੇਗਾ, ਜੋ ਆਪਣੇ ਆਪ ਨੂੰ ਪਹਿਲਾਂ ਭਾਰਤੀ ਕਹਿੰਦਾ ਹੈ।” ਇਸ ਲਈ ਸ਼ਾਹ ਮੁਹੰਮਦ ਨੂੰ ਸਾਰੇ ਪੰਜਾਬੀਆਂ ਦੀ ਇਕਜੁੱਟਤਾ ਦੇ ਸੱਚੇ ਪ੍ਰਤੀਕ ਵਜੋਂ ਦੇਖਿਆ ਜਾ ਸਕਦਾ ਹੈ।
(2)
ਸ਼ਾਹ ਮੁਹੰਮਦ ਅਸਲ ਜੰਗ ਨੂੰ ਬਿਆਨ ਕਰਨ ਤੋਂ ਪਹਿਲਾਂ ਉਨ੍ਹਾਂ ਛੇ ਸਾਲਾਂ ਦੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਵਾਪਰੀਆਂ। ਇਹ ਪਿਛੋਕੜ ਹੀ ਸਾਨੂੰ ਬਾਅਦ ਵਿਚ ਵਾਪਰਨ ਵਾਲੀ ਹੋਣੀ ਦੀ ਬੁਨਿਆਦ ਸਮਝਣ ਵਿਚ ਮਦਦ ਕਰਦਾ ਹੈ। ਉਹ ਖੜਕ ਸਿੰਘ ਨੂੰ ਨਵਾਂ ਰਾਜਾ ਬਣਾਉਂਦਾ ਹੈ। ਇੰਜ ਲੱਗਦਾ ਹੈ, ਜਿਵੇਂ ਉਸ ਦੇ ਦਿਲ ਵਿਚੋਂ ਬਦਦੁਆ ਨਿਕਲਦੀ ਹੈ ਅਤੇ ਰੱਬ ਸੱਚਾ ਉਸ ਬਦਦੁਆ ਨੂੰ ਪੂਰਿਆਂ ਵੀ ਕਰਦਾ ਹੈ। ਦਰਬਾਰ ਵਿਚ ਇਕ ਪਿਛੋਂ ਇਕ, ਚੱਲੀ ਕਤਲਾਂ ਦੀ ਲੜੀ ਬਹੁਤ ਭਿਆਨਕ ਹੈ। ਕੰਵਰ ਨੌਨਿਹਾਲ ਸਿੰਘ, ਅਸਲ ਵਿਚ ਆਪਣੇ ਬਿਮਾਰ ਪਿਉ ਖੜਕ ਸਿੰਘ ਰਾਹੀਂ ਸਰਾਪਿਆ ਗਿਆ ਹੈ, ਜਿਸ ਨੇ ਉਸ ਤੋਂ ਬਾਅਦ ਰਾਜਾ ਬਣਨਾ ਸੀ। ਅਸਲ ਵਿਚ ਉਹ ਜਿਸ ਤਰੀਕੇ ਨਾਲ ਮਰਦਾ ਹੈ, ਉਸ ਨੂੰ ਕਿਸੇ ਤਾਰਕਿਕ ਦਲੀਲ ਨਾਲ ਨਹੀਂ ਸਮਝਿਆ ਜਾ ਸਕਦਾ।
ਕੀ ਕਿਲ੍ਹੇ ਦਾ ਛੱਜਾ ਕਿਸੇ ਦੁਰਘਟਨਾ ਵੱਸ ਡਿੱਗਾ ਜਾਂ ਇਹ ਕੋਈ ਸਾਜ਼ਿਸ਼ ਸੀ, ਜੋ ਉਦੋਂ ਡਿੱਗਾ ਜਦੋਂ ਕੰਵਰ ਨੌਨਿਹਾਲ ਸਿੰਘ ਇਸ ਹੇਠੋਂ ਗੁਜ਼ਰ ਰਿਹਾ ਸੀ? ਇਹ ਸਵਾਲ ਅਜੇ ਤੱਕ ਬਹਿਸ ਦਾ ਮਸਲਾ ਹੈ, ਪਰ ਇਹ ਦੁਰਘਟਨਾ ਬਹੁਤ ਅਲੋਕਾਰ ਨਹੀਂ ਲੱਗਦੀ? ਡਿਉਢੀ ਦੇ ਛੱਜੇ ਤੋਂ ਬਿਨਾ ਕਿਲ੍ਹੇ ਵਿਚ ਹੋਰ ਕਿਤੇ ਕੁਝ ਨਹੀਂ ਹੋਇਆ; ਤੇ ਸਾਜ਼ਿਸ਼ ਸਿਧਾਂਤ ਅਨੁਸਾਰ ਰਾਜਾ ਧਿਆਨ ਸਿੰਘ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਤਖਤ ‘ਤੇ ਬਿਠਾਉਣਾ ਚਾਹੁੰਦਾ ਸੀ, ਕੀ ਅਸਲ ਦੋਸ਼ੀ ਸੀ? ਇਹ ਸਵਾਲ ਇਸ ਤੱਥ ਨਾਲ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਕੰਵਰ ਨੌਨਿਹਾਲ ਸਿੰਘ ਨਾਲ ਮਰਨ ਵਾਲਾ ਨੌਜਵਾਨ ਊਧਮ ਸਿੰਘ, ਉਸ ਦਾ ਸਕਾ ਭਤੀਜਾ ਸੀ। ਫਿਰ ਇਕੋ ਹੀ ਵਿਆਖਿਆ ਬਚਦੀ ਹੈ, ਜਿਵੇਂ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਮੌਤ ਦਾ ਫਰਿਸ਼ਤਾ ਆਪ ਹੀ ਧਰਮਰਾਜ ਦੇ ਹੁਕਮਾਂ ਦੀ ਪਾਲਣਾ ਲਈ ਉਸ ਛੱਜੇ ‘ਤੇ ਬੈਠਾ ਸੀ। ਸਿਰਫ ਇਕ ਸ਼ਬਦ ਧਰਮਰਾਜ ਦੇ ਆਉਣ ਨਾਲ ਹੀ ਇਹ ਇਲਾਹੀ ਕਰੋਪੀ ਦੀ ਮਿਸਾਲ ਬਣ ਜਾਂਦੀ ਹੈ।
ਇਨ੍ਹਾਂ ਛੇ ਸਾਲਾਂ ਵਿਚ ਮਰਨ ਵਾਲਿਆਂ ਦੀ ਫਹਿਰਿਸਤ ਦੇਖ ਕੇ ਹੀ ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਅਸਲ ਵਿਚ ਕੀ ਹੋਣ ਵਾਲਾ ਸੀ? ਇਹ ਫਹਿਰਿਸਤ ਇਸ ਤਰ੍ਹਾਂ ਹੈ:
1. ਮਹਾਰਾਜਾ ਖੜਕ ਸਿੰਘ ਦਾ ਕਰੀਬੀ ਮਿੱਤਰ ਚੇਤ ਸਿੰਘ, ਉਸ ਦੀ ਹਾਜ਼ਰੀ ਵਿਚ ਹੀ ਉਦੋਂ ਮਾਰਿਆ ਜਾਂਦਾ ਹੈ, ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀਆਂ ਅੰਤਮ ਰਸਮਾਂ ਵਿਚ ਸ਼ਾਮਿਲ ਹੋ ਰਿਹਾ ਸੀ। ਅਭਿਲਾਸ਼ੀ ਨੌਜਵਾਨ ਰਾਜਕੁਮਾਰ ਆਪਣੀ ਸੱਤਾ ਕਿਸੇ ਨਾਲ ਵੀ ਵੰਡਣੀ ਨਹੀਂ ਚਾਹੁੰਦਾ ਸੀ।
2. ਨੌਨਿਹਾਲ ਸਿੰਘ ਅਤੇ ਊਧਮ ਸਿੰਘ ਡਿਉਢੀ ਦੇ ਛੱਜੇ ਹੇਠੋਂ ਗੁਜ਼ਰਦਿਆਂ ਮਾਰੇ ਗਏ। ਇਹ ਖੜਕ ਸਿੰਘ ਦੇ ਸਸਕਾਰ ਦੇ ਤੁਰਤ ਪਿਛੋਂ ਹੀ ਵਾਪਰਿਆ।
3. ਨਵੇਂ ਮਹਾਰਾਜਾ ਸ਼ੇਰ ਸਿੰਘ ਦੀ ਮਿਲੀਭੁਗਤ ਨਾਲ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਅਤੇ ਉਸ ਦੀ ਗੋਲੀ ਦਾ ਕਤਲ।
4. ਸੰਧਾਵਾਲੀਆ ਸਰਦਾਰਾਂ ਵਲੋਂ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਪਰਤਾਪ ਸਿੰਘ ਦਾ ਕਤਲ। ਉਸੇ ਦਿਨ ਉਨ੍ਹਾਂ ਧਿਆਨ ਸਿੰਘ ਨੂੰ ਵੀ ਮਾਰਿਆ।
5. ਧਿਆਨ ਸਿੰਘ ਦੇ ਪੁੱਤਰ ਅਤੇ ਨਵੇਂ ਪ੍ਰਧਾਨ ਮੰਤਰੀ ਹੀਰਾ ਸਿੰਘ ਵਲੋਂ ਸੰਧਾਵਾਲੀਆ ਸਰਦਾਰਾਂ-ਲਹਿਣਾ ਸਿੰਘ ਤੇ ਅਜੀਤ ਸਿੰਘ ਦਾ ਕਤਲ। ਇਸ ਦੌਰ ਵਿਚ ਖਾਲਸਾ ਦਰਬਾਰ ਦੋ ਧੜਿਆਂ ਵਿਚ ਵੰਡਿਆ ਗਿਆ। ਇਸ ਖੁੱਲ੍ਹੀ ਖੇਡ ਵਿਚ ਕਿੰਨੇ ਹੀ ਮੋਹਤਬਰ ਮਾਰੇ ਗਏ ਤੇ ਦਰਬਾਰ ਕੋਲ ਕੋਈ ਆਗੂ ਨਾ ਰਿਹਾ।
6. ਜੱਲਾ ਅਤੇ ਹੀਰਾ ਸਿੰਘ ਨੂੰ ਜੰਮੂ ਦੇ ਰਸਤਿਉਂ ਨਿਕਲਦਿਆ ਖਾਲਸਾ ਫੌਜ ਨੇ ਮਾਰ ਦਿੱਤਾ।
7. ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦਾ ਕਤਲ, ਜਿਸ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਇਹ ਸਾਰਾ ਕੁਝ ਉਸ ਸਮੇਂ ਦੀ ਹਵਾ ਵਿਚ ਮੌਜੂਦ ਅਜੀਬੋ-ਗਰੀਬ ਅਤੇ ਸਮੂਹਕ ਮੌਤ ਦੀ ਪ੍ਰਵਿਰਤੀ ਕਾਰਨ ਹੋਇਆ। ਨਤੀਜੇ ਵਜੋਂ ਤਿੰਨ ਚੀਜ਼ਾਂ ਹੋਈਆਂ: ਇਕ, ਦਰਬਾਰ ਦੇ ਸਰਦਾਰਾਂ ਤੇ ਸਿਆਣੇ ਬੰਦਿਆਂ ਦਾ ਪਤਨ ਹੋਇਆ, ਜਿਨ੍ਹਾਂ ਨੇ ਕਿਸੇ ਨਾ ਕਿਸੇ ਬਹਾਨੇ ਦਰਬਾਰ ਨੂੰ ਛੱਡ ਦਿੱਤਾ। ਦੂਜਾ, ਦਰਬਾਰ ਦੀ ਫੌਜ ਆਪਮੁਹਾਰੀ ਹੋ ਕੇ ਲੁਟੇਰੀ ਬਣਨ ਲੱਗੀ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਸੀ, ਇਸ ਲਈ ਸ਼ਾਹ ਮੁਹੰਮਦ ਇਨ੍ਹਾਂ ਨੂੰ ‘ਬੁਰਛੇ’ ਸੱਦਦਾ ਹੈ। ਤੀਜਾ, ਮਹਾਰਾਣੀ ਜਿਸ ਨੇ ਫੌਜ ਦਾ ਗਲਬਾ ਤੋੜਨ ਲਈ, ਉਨ੍ਹਾਂ ਨੂੰ ਅੰਗੇਰਜ਼ਾਂ ਨਾਲ ਲੱਗੀ ਜੰਗ ਵਿਚ ਖਤਮ ਕਰਨ ਦਾ ਫੈਸਲਾ ਕਰ ਲਿਆ।
ਇੰਜ ਲੱਗਦਾ ਹੈ ਕਿ ਦਿਆਲੂ ਤੇ ਖੁਦਮੁਖਤਿਆਰ ਰਣਜੀਤ ਸਿੰਘ ਕੋਈ ਅਜਿਹਾ ਸੰਸਥਾਗਤ ਪ੍ਰਬੰਧ ਨਾ ਉਸਾਰ ਸਕਿਆ, ਜੋ ਰਾਜ ਨੂੰ ਜਾਰੀ ਰੱਖ ਸਕਦਾ। ਲਾਜ਼ਮੀ ਤੌਰ ‘ਤੇ ਅੰਗਰੇਜ਼ਾਂ ਨੇ ਵੀ ਦਰਬਾਰ ਵਿਚ ਰਾਜਨੀਤਕ ਨਾਤਸੱਲੀ ਦੇ ਬੀਜ ਬੀਜ ਕੇ, ਤੇ ਵੱਖ-ਵੱਖ ਪੱਧਰਾਂ ‘ਤੇ ਅਰਾਜਕਤਾ ਫੈਲਾ ਕੇ, ਆਪਣੀ ਸਾਜ਼ਿਸ਼ੀ ਸਾਮਰਾਜੀ ਖੇਡ ਬਾਖੂਬੀ ਖੇਡੀ ਪਰ ਇਹ ਪੂਰੀ ਵਿਆਖਿਆ ਨਹੀਂ ਹੋ ਸਕਦੀ। ਇਸ ਲਈ ਬਹੁਤ ਸਾਰੇ ਪੱਖ ਜ਼ਿੰਮੇਵਾਰ ਹਨ। ਦਰਬਾਰ ਵਿਚ ਕਿਸੇ ਸੰਸਥਾਗਤ ਢਾਂਚੇ ਦੀ ਅਣਹੋਂਦ ਰਹੀ, ਜੋ ਇਨ੍ਹਾਂ ਹਾਲਤਾਂ ਵਿਚ ਪੈਦਾ ਹੋਏ ਖਲਾਅ ਨੂੰ ਭਰ ਦਿੰਦਾ। ਨਹੀਂ ਤਾਂ ਇਹ ਕਿਵੇਂ ਸੰਭਵ ਹੋਇਆ ਕਿ ਇਹੀ ਬੁਰਛੇ ਜਦੋਂ ਜੰਗ ਵਿਚ ਅੰਗਰੇਜ਼ਾਂ ਨਾਲ ਤੇਗਾਂ ਖੜਕਾਉਂਦੇ ਤੇ ਖਾਲਸੇ ਦੀ ਮਾਣਮੱਤੀ ਪਰੰਪਰਾ ਅਨੁਸਾਰ ਆਪਣੀਆਂ ਜਾਨਾਂ ਵਾਰ ਦਿੰਦੇ ਹਨ, ਉਦੋਂ ਉਹੀ ਕਵੀ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ। ਅਸਲ ਵਿਚ ਉਨ੍ਹਾਂ ਦੀ ਨਿਡਰਤਾ ‘ਤੇ ਬਹਾਦਰੀ ਦੀਆਂ ਸਿਫਤਾਂ ਅੰਗਰੇਜ਼ ਕਮਾਂਡਰ ਵੀ ਲੰਮਾ ਸਮਾਂ ਕਰਦੇ ਰਹੇ ਹਨ। ਸ਼ਾਹ ਮੁਹੰਮਦ ਇਸ ਸਾਰੀ ਲੜਾਈ ਨੂੰ, ਬੰਦ 92ਵੇਂ ਦੀ ਇਕ ਸਤਰ ਵਿਚ ਸਮੇਟ ਦਿੰਦਾ ਹੈ:
ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
(ਜੰਗਨਾਮੇ ਦੇ ਪਹਿਲੇ ਪ੍ਰਕਾਸ਼ਿਤ ਪਾਠ ਵਿਚ ਕਵੀ ਨੇ ‘ਸਰਕਾਰ’ ਨਹੀਂ ਸਗੋਂ ‘ਸਰਦਾਰ’ ਸ਼ਬਦ ਵਰਤਿਆ ਹੈ ਜਿਸ ਦੀ ਅਸਲੀ ਕਾਪੀ ਪ੍ਰੋ. ਗੁਰਭੇਜ ਸਿੰਘ ਚੰਡੀਗੜ੍ਹ ਕੋਲ ਪਈ ਹੈ)।
ਇਸੇ ਤਰ੍ਹਾਂ ਸਾਨੂੰ ਮਹਾਰਾਣੀ ਜਿੰਦਾਂ ਬਾਰੇ ਵੀ ਆਪਣੀ ਧਾਰਨਾ ਨੂੰ ਮੁੜ ਵਾਚਣਾ ਚਾਹੀਦਾ ਹੈ। ਮਿਸਾਲ ਵਜੋਂ ਸਾਰੇ ਕੁਝ ਤੋਂ ਵਾਂਝਿਆਂ ਹੋ ਕੇ, ਇਥੋਂ ਤੱਕ ਕਿ ਆਪਣੇ ਪੁੱਤਰ ਦੀ ਨੇੜਤਾ ਤੋਂ ਵੀ, ਉਸ ਨੇ ਨਾ ਸਿਰਫ ਬਰਤਾਨਵੀ ਖੇਡ ਨੂੰ ਸਮਝ ਲਿਆ ਸਗੋਂ ਉਨ੍ਹਾਂ ਨੂੰ ਔਖਾ ਵੀ ਕਰੀ ਰੱਖਿਆ। ਅਨੁਸ਼ਾਸਨਹੀਣ ਫੌਜ ਅਤੇ ਬਦਲੇ ਦੀ ਅੱਗ ਵਿਚ ਭੁੱਜਦੀ ਮਹਾਰਾਣੀ ਹੀ ਅੰਗਰੇਜ਼ਾਂ ਸਾਹਵੇਂ ਸਿੱਖ ਫੌਜ ਦੀ ਹਾਰ ਦੇ ਤੱਤਕਾਲੀ ਕਾਰਨ ਬਣਦੇ ਲੱਗਦੇ ਹਨ। ਅੰਗਰੇਜ਼ ਆਪਣੇ ਸਾਮਰਾਜੀ ਲੋਭ ਹੇਠ ਬੜੇ ਗਿਣੇ-ਮਿਥੇ ਢੰਗ ਨਾਲ ਇਸ ਲੜਾਈ ਵਿਚ ਉਤਰੇ ਸਨ। ਸ਼ਾਹ ਮੁਹੰਮਦ ਦੀ ਇਸ ਰਚਨਾ ਦਾ ਸਭ ਤੋਂ ਅਹਿਮ ਹਿੱਸਾ ਇਸ ਦੇ ਅੰਤਲੇ ਅੱਧੀ ਦਰਜਨ ਬੰਦ ਹਨ, ਜਿਨ੍ਹਾਂ ਵਿਚ ਉਹ ਸਾਰੀ ਕਹਾਣੀ ਸਮੇਟਦਾ ਹੈ।
ਸਾਧਾਰਨ ਸਿਰਜਣ ਸਮਰੱਥਾ ਵਾਲਾ ‘ਸਿਆਣਾ’ ‘ਲੇਖਕ’ ਬਹੁਤ ਆਰਾਮ ਨਾਲ ਨਵੇਂ ਜੇਤੂ ਸ਼ਾਸਕਾਂ ਨੂੰ ਖੁਸ਼ ਕਰਨ ਲਈ, ਉਨ੍ਹਾਂ ਦੀ ਖੁਸ਼ਾਮਦ ਵਿਚ ਸੋਹਿਲੇ ਗਾਉਣ ਵਾਲਾ ਜੀ ਹਜੂਰੀਆ ਬਣਨ ਲਈ ਤੱਤਪਰ ਹੋ ਸਕਦਾ ਸੀ। ਅਜਿਹਾ ਸਾਡਾ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਹੈ, ਜਿਸ ਨੇ ਇਸ ਜੰਗ ਦੀ ਇਕ ਲੜਾਈ ਬਾਰੇ ਆਪਣੀ ਰਚਨਾ ‘ਫਤਿਹਨਾਮਾ’ ਵਿਚ ਫਾਰਸੀ ਦੇ 42 ਬੰਦ ਲਿਖ ਮਾਰੇ। ਇਸ ਬਾਰੇ ਅਸੀਂ ਕਦੀ ਫਿਰ ਗੱਲ ਕਰਾਂਗੇ ਪਰ ਇਥੇ ਇਹ ਮਹੱਤਵਪੂਰਨ ਹੈ ਕਿ ਸ਼ਾਹ ਮੁਹੰਮਦ ਦਾ ਇਨ੍ਹਾਂ ਨਵੇਂ ਸ਼ਾਸਕਾਂ ਲਈ ਕੀ ਨਜ਼ਰੀਆ ਹੈ? ਇਸ ਲਈ ਬੰਦ 98 ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ:
ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,
ਪਾਈ ਛਾਵਣੀ ਵਿਚ ਲਾਹੌਰ ਦੇ ਜੀ।
ਰੋਕ ਮਾਲਵਾ ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿਚ ਫਿਲੌਰ ਦੇ ਜੀ।
ਲਿਆ ਸ਼ਹਿਰ ਹੁਸ਼ਿਆਰ ਪੁਰ ਤਲਕ ਸਾਰਾ,
ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ।
ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠਾ,
ਸੱਭੇ ਕੰਮ ਗਏ ਉਸ ਦੇ ਸੌਰਦੇ ਜੀ।
ਸੰਖੇਪ ਵਿਚ ਕਹਿਣਾ ਹੋਵੇ ਤਾਂ ਉਨ੍ਹਾਂ ਨੇ ਉਹ ਸਭ ਕੁਝ ਕੀਤਾ, ਜੋ ਕੋਈ ਚੋਰ ਕਰਦਾ ਹੈ। ਇਸ ਬੰਦ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਸ਼ਾਹ ਮੁਹੰਮਦ ਕਿਸ ਦਲੇਰੀ ਨਾਲ ਅੰਗਰੇਜ਼ਾਂ ਨੂੰ ਚੋਰ ਕਹਿੰਦਾ ਹੈ! ਸਿਰਫ ਇਹੀ ਨਹੀਂ, ਅਗਲੇ ਬੰਦ ਵਿਚ ਉਹ ਕਹਿੰਦਾ ਹੈ:
ਪਿਛੋਂ ਸਾਂਭ ਲਿਆ ਮੁਲਕ ਕਾਰਦਾਰਾਂ,
ਬਖਤਾਵਰਾਂ ਨੇਕ ਸਤਾਰਿਆਂ ਨੇ।
ਇਸੇ ਤਰ੍ਹਾਂ ਦੀ ਭਾਵਨਾ ਦਾ ਇਜ਼ਹਾਰ ਬੰਦ 103 ਦੇ ਇਨ੍ਹਾਂ ਸ਼ਬਦਾਂ ਵਿਚ ਹੈ:
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ।
ਨਿਮਨ ਮੱਧ ਵਰਗ ਦੇ ਫਰਜ਼ੰਦ ਕਿਸ ਤਰ੍ਹਾਂ ਕੁਝ ਅਗਰੇਜ਼ੀ ਦੇ ਸ਼ਬਦ ਅਤੇ ਕੁਝ ਖੁਸ਼ਾਮਦੀ ਜੁਗਤਾਂ ਸਿੱਖ ਕੇ ਕੰਪਨੀ ਅਫਸਰਾਂ ਦੇ ਚਾਕਰ ਬਣੇ, ਇਸ ਵਰਤਾਰੇ ਦਾ ਇਸ ਤੋਂ ਬਿਹਤਰ ਕੋਈ ਬਿਆਨ ਨਹੀਂ ਹੋ ਸਕਦਾ। ਇਹ ਬਿਆਨ ਸਪਸ਼ਟ ਕਰਦਾ ਹੈ ਕਿ ਕਿਵੇਂ ਪੰਜਾਬ ਵਰਗਾ ਅਮੀਰ ਖਿੱਤਾ ਕੁਝ ਕੁ ਸਾਲਾਂ ਵਿਚ ਹੀ ਗਰੀਬ ਹੋ ਗਿਆ। ਇਸ ਤਰ੍ਹਾਂ ਦੀ ਪ੍ਰਤੱਖਣ ਸ਼ਕਤੀ ਕਿਸੇ ਉਚ ਪ੍ਰਤਿਭਾਵਾਨ ਬੰਦੇ ਵਿਚ ਹੀ ਸੰਭਵ ਹੈ। ਸ਼ਾਹ ਮੁਹੰਮਦ ਬਹੁਤ ਸਾਰੇ ਮਜਮੂਨਾਂ ਜਿਵੇਂ ਅਰਥ ਸ਼ਾਸਤਰ ਅਤੇ ਇਤਿਹਾਸ ਤੋਂ ਅਣਜਾਣ ਹੋਣ ਦੇ ਬਾਵਜੂਦ ਇਨ੍ਹਾਂ ਦਾ ਡੂੰਘਾ ਮੁਤਾਲਿਆ ਕਰਦਾ ਹੈ। ਇਸ ਗੱਲ ਨੇ ਉਸ ਨੂੰ ਡੂੰਘੀ ਪੀੜ ਦਿੱਤੀ ਹੋਵੇਗੀ ਕਿ ਕਿਵੇਂ ਕਾਬਜ਼ ਫੌਜਾਂ ਦੇ ਰੂਪ ਵਿਚ ਜੇਤੂਆਂ ਨੇ ਪੇਂਡੂ ਇਲਾਕਿਆਂ ਨੂੰ ਤਬਾਹ ਕਰ ਦਿੱਤਾ, ਅਤੇ ਫਿਰੋਜ਼ਪੁਰ ਤੇ ਲਾਹੌਰ ਵਿਚਾਲੇ ਦੇ ਵੱਡੇ ਇਲਾਕੇ ‘ਤੇ ਕਬਜ਼ਾ ਕਰਕੇ ਜਾਇਦਾਦ ਦੀ ਲੁੱਟ ਮਚਾਈ। ਅਜਿਹਾ ਕਦੇ ਕਿਸੇ ਭਾਰਤੀ ਰਾਜੇ ਨੇ ਨਹੀਂ ਸੀ ਕੀਤਾ। ਰਣਜੀਤ ਸਿੰਘ ਨੇ ਲਗਾਤਾਰ ਜਿੱਤਾਂ ਨਾਲ ਆਪਣੀ ਸਲਤਨਤ ਕਾਇਮ ਕੀਤੀ ਪਰ ਅਜਿਹਾ ਹਾਰੇ ਹੋਇਆਂ ਵਿਚ ਸੁਲਹ-ਸਹਿਮਤੀ ਨਾਲ ਵੀ ਕੀਤਾ ਗਿਆ। ਉਂਜ ਭਾਰਤੀ ਰਾਜਿਆਂ ਵਿਚਾਲੇ ਖਿੱਚੋਤਾਣ ਲਗਾਤਾਰ ਚੱਲਦੀ ਰਹਿੰਦੀ ਸੀ, ਪਰ ਜੇ ਇਕ ਵਾਰ ਫੈਸਲਾ ਹੋ ਗਿਆ ਤਾਂ ਸਾਰੀ ਦੁਸ਼ਮਣੀ ਸਮਾਪਤ ਹੋ ਜਾਂਦੀ ਸੀ।
(3)
ਇਹ ਇਕ ਬੀਰ ਰਸੀ ਕਵਿਤਾ ਹੈ। ਭਾਰਤ ਵਿਚ ਬੀਰ ਰਸੀ ਕਵਿਤਾ ਦੀ ਲੰਮੀ ਪਰੰਪਰਾ ਰਹੀ ਹੈ। ਬੀਰਤਾ ਜਾਂ ਬਹਾਦਰੀ ਨੌਂ ਰਸਾਂ ਵਿਚੋਂ ਅਹਿਮ ਰਸ ਹੈ। ਕਵੀ ਨੂੰ ਬੀਰਤਾ ਜਾਂ ਬਹਾਦਰੀ ਨੂੰ ਜਗਾਉਣ ਦੀ ਕਲਾ ਆਉਣੀ ਲਾਜ਼ਮੀ ਹੈ। ਇਸ ਲਈ ਇਸ ਵਿਧਾ ‘ਤੇ ਹੱਥ ਅਜ਼ਮਾਉਣ ਵਾਲੇ ਕਵੀਆਂ ਦੀ ਕਮੀ ਨਹੀਂ ਰਹੀ, ਪਰ ਕਲਾਸੀਕਲ ਬੀਰ ਰਸੀ ਪਰੰਪਰਾ ਬਿਲਕੁਲ ਵੱਖਰਾ ਵਰਗ ਹੈ। ਇਸ ਵਿਚ ਗੱਲ ਆਮ ਤੌਰ ‘ਤੇ ਵਧਾ ਚੜ੍ਹਾ ਕੇ ਕੀਤੀ ਜਾਂਦੀ ਸੀ; ਮਸਲਨ, ਮਹਾਂਭਾਰਤ ਅਤੇ ਰਾਮਾਇਣ ਦੇ ਯੁੱਧ ਦੇ ਦ੍ਰਿਸ਼। ਇਸੇ ਤਰ੍ਹਾਂ ਰਾਜਪੂਤਾਂ ਦੇ ਸਮੇਂ ਵਿਚ ਬੀਰ ਰਸੀ ਕਵਿਤਾ ਗਾਉਣ ਵਾਲੀ ਵਿਸ਼ੇਸ਼ ਜਾਤ ਜਾਂ ਸ਼੍ਰੇਣੀ ਸੀ, ਇਨ੍ਹਾਂ ਨੂੰ ਭੱਟ ਜਾਂ ਚਰਨ ਕਿਹਾ ਜਾਂਦਾ ਸੀ। ਇਨ੍ਹਾਂ ਦਾ ਮੁਖ ਕੰਮ ਸੀ, ਆਪਣੇ ਸਰਪ੍ਰਸਤ ਰਾਜਪੂਤਾਂ ਦੀਆਂ ਬਹਾਦਰੀਆਂ ਦੇ ਗੁਣਗਾਨ ਕਰਨਾ, ਭਾਵੇਂ ਉਹ ਬਹੁਤ ਡਰਪੋਕ ਹੀ ਸਾਬਿਤ ਹੋਏ ਹੋਣ। ਇਸੇ ਦਾ ਉਨ੍ਹਾਂ ਨੂੰ ਇਨਾਮ ਮਿਲਦਾ ਸੀ। ਕਈ ਵਾਰ ਸੰਕਟਕਾਲੀ ਹਾਲਤਾਂ ਵਿਚ ਇਨ੍ਹਾਂ ਭੱਟਾਂ ਜਾਂ ਚਰਨਾਂ ਦੀ ਡਿਊਟੀ ਸੈਨਾ ਦੀ ਭਰਤੀ ਵਿਚ ਵੀ ਲਾਈ ਜਾਂਦੀ ਸੀ। ਆਮ ਤੌਰ ‘ਤੇ ਉਹ ਆਪਣੇ ਗੀਤ ਤੱਤਕਾਲੀ ਲੋੜ ਅਨੁਸਾਰ ਘੜ ਲੈਂਦੇ ਅਤੇ ਉਨ੍ਹਾਂ ਦੀ ਕਵਿਤਾ ਵਿਚਲਾ ਬੀਰ ਰਸ ਮਨੋਵਿਗਿਆਨਕ ਤੌਰ ‘ਤੇ ਅਜਿਹਾ ਪ੍ਰਭਾਵ ਸਿਰਜ ਲੈਂਦਾ ਕਿ ਨੌਜਵਾਨ ਇਸ ਪ੍ਰਭਾਵ ਵਿਚ ਹੀ ਜੰਗ ਵਿਚ ਲੜਨ ਲਈ ਭਰਤੀ ਹੋ ਜਾਂਦੇ।
ਸ਼ਾਹ ਮੁਹੰਮਦ ਇਸ ਵਿਧਾ ਦਾ ਕਵੀ ਨਹੀਂ ਹੈ। ਉਹ ਇਸ ਗੱਲ ਲਈ ਬਹੁਤ ਸੁਚੇਤ ਹੈ ਕਿ ਉਸ ਨੇ ਸਾਰੀ ਗੱਲ ਨੂੰ ਬਿਆਨ ਕਰਨਾ ਹੈ ਅਤੇ ਇਸ ਲਈ ਉਹ ਕਈ ਵਾਰ ਗੱਲ ਨੂੰ ਵਧਾ ਕੇ ਜਾਂ ਵਧੇਰੇ ਸ਼ਬਦਾਂ ਰਾਹੀਂ ਵੀ ਕਰਦਾ ਹੈ। ਉਹ ਫੌਜਾਂ ਦੇ ਜੋਸ਼ ਦੀ ਵਡਿਆਈ ਤਾਂ ਕਰਦਾ ਹੈ ਪਰ ਉਸ ਬੁਜ਼ਦਿਲੀ ਦੀ ਨਿੰਦਿਆ ਨਹੀਂ ਕਰਦਾ, ਜਿਸ ਕਾਰਨ ਉਹ ਮੈਦਾਨ ਛੱਡ ਕੇ ਭੱਜਦੇ ਹਨ। ਸ਼ਾਇਦ ਇਹ ਸਾਰੀਆਂ ਵੱਡੀਆਂ ਜੰਗਾਂ ਵਿਚ ਹੁੰਦਾ ਹੀ ਹੈ। ਉਹ ਕਿਸੇ ਗੱਲ ਨੂੰ ਰਹੱਸਮਈ ਜਾਂ ਮਿੱਥ ਨਹੀਂ ਬਣਾਉਂਦਾ। ਉਹ ਇਨ੍ਹਾਂ ਲੜਾਈਆਂ ਦਾ ਬਿਆਨ ਅਜਿਹੀਆਂ ਮਾਕੂਲ ਤਸ਼ਬੀਹਾਂ ਰਾਹੀਂ ਸਮਾਪਤ ਕਰਦਾ ਹੈ ਕਿ ਇਨ੍ਹਾਂ ਦਾ ਅਸਰ ਪਾਠਕ ਦੇ ਮਨ ਮਸਤਕ ‘ਤੇ ਲੰਮਾ ਸਮਾਂ ਰਹਿੰਦਾ ਹੈ।
ਇਸ ਰਚਨਾ ਦਾ ਇਕ ਮੀਰੀ ਗੁਣ ਇਹ ਵੀ ਹੈ ਕਿ ਇਹ ਪੰਜਾਬੀ ਲੋਕ ਛੰਦਾਂ ਦੇ ਸਰਤਾਜ ਬੈਂਤ ਛੰਦ ਵਿਚ ਲਿਖੀ ਗਈ ਹੈ, ਜਿਸ ਨੂੰ ਵਾਰਿਸ ਸ਼ਾਹ ਨੇ ਬਾਖੂਬੀ ਸਿਖਰ ‘ਤੇ ਪਹੁੰਚਾਇਆ। ਮੈਨੂੰ ਯਕੀਨ ਹੈ ਕਿ ਜਿਨ੍ਹਾਂ ਨੇ ਹੀਰ ਦੇ ਬੰਦ ਸੁਣੇ ਹਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਜਦੋਂ ਇਸ ਛੰਦ ਨੂੰ ਬੁਲੰਦ ਆਵਾਜ਼ ਵਿਚ ਗਾਇਆ ਜਾਂਦਾ ਹੈ ਤਾਂ ਇਸ ਦਾ ਪੰਜਾਬੀ ਸਰੋਤਿਆਂ ‘ਤੇ ਕਿਹੋ ਜਿਹਾ ਅਸਰ ਹੁੰਦਾ ਹੈ। ਸਿਰਫ ਜਾਨਦਾਰ ਬੁਲੰਦ ਆਵਾਜ਼ ਵਾਲਾ ਗਾਇਕ ਹੀ ਇਸ ਨੂੰ ਗਾ ਸਕਦਾ ਹੈ, ਪਰ ਜਦੋਂ ਇਹ ਛੰਦ ਇਸ ਬੁਲੰਦੀ ਨਾਲ ਗਾਇਆ ਜਾਂਦਾ ਹੈ ਤਾਂ ਸਰੋਤੇ ਦਾ ਦਿਲ ਕਰਦਾ ਹੈ ਕਿ ਗਾਏ ਜਾ ਰਹੇ ਬਿਰਤਾਂਤ ਵਿਚ ਹੁਣੇ ਸ਼ਾਮਿਲ ਹੋ ਜਾਵੇ। ਸ਼ਾਹ ਮੁਹੰਮਦ ਵੀ ਬੈਂਤ ਛੰਦ ਦਾ ਘੱਟ ਮਾਹਿਰ ਨਹੀਂ ਹੈ ਅਤੇ ਇਸ ਲਈ ਇਹ ਜੰਗਨਾਮਾ ਵੀ ਹੀਰ ਵਾਲੇ ਜਲੌਅ ਵਿਚ ਗਾਇਆ ਜਾਂਦਾ ਹੈ, ਭਾਵੇਂ ਇਸ ਦਾ ਵਿਸ਼ਾ-ਵਸਤੂ ਤੇ ਪੈਟਰਨ ਬਿਲਕੁਲ ਵੱਖਰਾ ਹੈ।
ਇਸ ਦਾ ਸਮੁੱਚਾ ਪ੍ਰਭਾਵ ਉਤਸ਼ਾਹੀ ਨਹੀਂ ਸਗੋਂ ਨਿਰਾਸ਼ਾ ਵਾਲਾ ਹੈ। ਇਸ ਵਿਚੋਂ ਬੇਵੱਸੀ ਅਤੇ ਦੁਖਾਂਤ ਦਾ ਭਾਵ ਪੈਦਾ ਹੁੰਦਾ ਹੈ। ਇਹ ਕਵਿਤਾ ਕਿਉਂਕਿ ਹਾਰ ਦੀ ਕਵਿਤਾ ਹੈ, ਇਹ ਹਾਰ ਸਿਰਫ ਮੈਦਾਨ-ਏ-ਜੰਗ ਦੀ ਫੌਜੀ ਹਾਰ ਨਹੀਂ ਸਗੋਂ ਇਹ ਇਸ ਤੋਂ ਵੀ ਵੱਡੀ ਕੋਈ ਹੋਰ ਹਾਰ ਹੈ। ਫਿਰ ਵੀ ਇਸ ਰਚਨਾ ਵਿਚਲੀ ਨਿਰਾਸ਼ਾ ਵਿਚ ਵੀ ਅਜਿਹੀ ਦੇਸ਼ ਭਗਤੀ ਹੈ ਕਿ ਬੰਦੇ ਦਾ ਦਿਲ ਕਰਦਾ ਹੈ ਕਿ ਉਹ ਉਸ ਦੌਰ ਵਿਚ ਹੁੰਦਾ ਅਤੇ ਉਸ ਸਮੇਂ ਦੇ ਐਕਸ਼ਨਾਂ ਵਿਚ ਸ਼ਾਮਿਲ ਹੁੰਦਾ। ਇਥੋਂ ਤੱਕ ਕਿ ਮੇਰੇ ਵਰਗਾ ਬੰਦਾ ਜੋ ਆਪਣੀ ਜ਼ਿੰਦਗੀ ਵਿਚ ਲੰਮਾ ਸਮਾਂ ਆਪਣੀਆਂ ਪੰਜਾਬੀ ਜੜ੍ਹਾਂ ਤੋਂ ਦੂਰ ਰਿਹਾ ਹੈ, ਬਹੁਤ ਪਹਿਲਾਂ ਬਚਪਨ ਵਿਚ ਸੁਣੀਆਂ ਇਸ ਰਚਨਾ ਦੀਆਂ ਸਤਰਾਂ ਤੋਂ ਹੀ ਆਪਣੀ ਜ਼ਮੀਨ ਦੇ ਪਿਆਰ ਨਾਲ ਭਰ ਜਾਂਦਾ ਹੈ। ਇਸ ਤੋਂ ਬਿਨਾ ਮੇਰੇ ਲਈ ਇਸ ਰਚਨਾ ਦੀ ਵਿਲੱਖਣਤਾ ਕਿਤੇ ਹੋਰ ਵੀ ਹੈ। ਇਹ ਸਾਹਿਤ ਜਾਂ ਲੋਕ ਸਾਹਿਤ ਦੀ ਵਾਹਦ ਇਕੋ ਇਕ ਅਜਿਹੀ ਰਚਨਾ ਹੈ, ਜੋ ਪੰਜਾਬੀ ਇਕਜੁੱਟਤਾ ਅਤੇ ਪੰਜਾਬੀ ਕੌਮਵਾਦ (ਲੇਖਕ ਇਥੇ ਰਾਸ਼ਟਰਵਾਦ ਸੰਕਲਪ ਉਸ ਪ੍ਰਸੰਗ ਵਿਚ ਵਰਤ ਰਿਹਾ ਸੀ, ਜਦੋਂ ਪੰਜਾਬ ਵਿਚ ਇਕ ਧਰਮ ਦੇ ਆਧਾਰ ‘ਤੇ ਵੱਖਰੇ ਰਾਸ਼ਟਰ ਦੀ ਮੰਗ ਕੀਤੀ ਜਾ ਰਹੀ ਸੀ। ਅਜੋਕੇ ਪ੍ਰਸੰਗ ਵਿਚ ਪੰਜਾਬੀ ਰਾਸ਼ਟਰਵਾਦ ਦੀ ਥਾਂ ਪੰਜਾਬੀਅਤ ਵਧੇਰੇ ਮਾਕੂਲ ਸ਼ਬਦ ਹੈ। -ਅਨੁਵਾਦਕ) ਨਾਲ ਭਰੀ ਪਈ ਹੈ। ਇੰਜ ਲੱਗਦਾ ਹੈ ਜਿਵੇਂ ਕਵੀ ਅਤੇ ਉਸ ਦੇ ਸਰੋਤੇ ਖਾਲਸਾ ਦਰਬਾਰ ਨਾਲ ਇਸ ਹੱਦ ਤੱਕ ਇਕਮਿਕ ਹੋਇਆ ਮਹਿਸੂਸ ਕਰਦੇ ਹਨ ਕਿ ਉਸ ਦੀ ਕਵਿਤਾ ਵਿਚ ਪੰਜ ਪਾਣੀਆਂ ਦੀ ਧਰਤੀ ‘ਤੇ ਰਹਿਣ ਵਾਲੇ, ਹਿੰਦੂ ਅਤੇ ਮੁਸਲਮਾਨਾਂ-ਦੋਹਾਂ ਦੇ ਖੁਆਬਾਂ-ਖਿਆਲਾਂ ਦੀ ਪੂਰੀ ਝਲਕ ਮਿਲਦੀ ਹੈ। ਮੇਰਾ ਜਨਮ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ ਵਿਚ ਹੋਇਆ ਹੈ, ਤੇ ਮੈਂ ਆਪਣੀ ਸਾਰੀ ਜ਼ਿੰਦਗੀ ਵੀਹਵੀਂ ਸਦੀ ਦੇ ਅੱਧ ਦੇ ਫਿਰਕੂ ਵਾਤਾਵਰਣ ਵਿਚ ਗੁਜ਼ਾਰੀ ਹੈ। ਮੈਨੂੰ ਇਹ ਇਕਬਾਲ ਕਰਨ ਵਿਚ ਕੋਈ ਝਿਜਕ ਨਹੀਂ ਕਿ ਪੰਜਾਬੀ ਇਕਜੁਟਤਾ ਅਤੇ ਇਕਮਿਕਤਾ ਦਾ ਅਜਿਹਾ ਪ੍ਰਗਟਾਵਾ ਅੱਜ ਤੱਕ ਹੋਰ ਕਿਤੇ ਵੀ ਨਹੀਂ ਦੇਖਿਆ। ਇਹ ਰਚਨਾ ਜਿਵੇਂ ਮੇਰੇ ਕੰਨਾਂ ਲਈ ਸੰਗੀਤ ਹੈ ਪਰ ਨਾਲ ਹੀ ਇਹ ਸਾਡੇ ਅੱਜ ਦੇ ਯਥਾਰਥ ਬਾਰੇ ਕਈ ਬੜੇ ਜ਼ਰੂਰੀ ਸਵਾਲ ਖੜ੍ਹੇ ਕਰਦੀ ਹੈ। ਮਸਲਨ, ਫਿਰਕੂ ਸਵਾਲ ਉਪਰ ਕਿਸ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਸਾਡੀਆਂ ਇਤਿਹਾਸ ਦੀਆਂ ਪੁਸਤਕਾਂ ਸਾਡੇ ਸਾਹਵੇਂ ਪਰੋਸਦੀਆਂ ਹਨ। ਸਾਡੇ ਕੰਨਾਂ ਵਿਚ ਲਗਾਤਾਰ ਇਹੀ ਚੋਇਆ ਜਾਂਦਾ ਰਿਹਾ ਹੈ ਕਿ ਹਿੰਦੂ ਤੇ ਮੁਸਲਮਾਨ ਹਮੇਸ਼ਾ ਇਕ ਦੂਜੇ ਦੇ ਵਿਰੋਧੀ ਅਤੇ ਵੈਰੀ ਹੀ ਰਹੇ ਹਨ ਅਤੇ ‘ਪਾਣੀਪਤ’ ਹੀ ਸ਼ਾਇਦ ਉਨ੍ਹਾਂ ਦੇ ਮਿਲਣ ਦੀ ਇਕੋ ਇਕ ਸੰਭਵ ਥਾਂ ਸੀ। ਇਹੀ ਕਹਾਣੀ ਸਾਨੂੰ ‘ਦੋ ਰਾਸ਼ਟਰ’ ਸਿਧਾਂਤ ਵੱਲ ਲੈ ਕੇ ਗਈ, ਜੋ ਭਾਰਤ ਦੀ ਵੰਡ ਦਾ ਆਧਾਰ ਬਣੀ।
ਸਿਰਫ ਇੰਨਾ ਹੀ ਨਹੀਂ, ਸਗੋਂ ਇਹੀ ਉਹ ਅਬਦਲ ਫਿਰਕੂ ਤਰਕ ਹੈ ਜੋ ਪੰਜਾਬੀ ਸਮਾਜ ਦੀ ਤੀਹਰੀ ਵੰਡ ਲਈ ਰਾਹ ਬਣਾ ਰਿਹਾ ਹੈ, ਜਿਸ ਵਿਚ ਅੱਜ ਪੰਜਾਬ ਦੇ ਸਿੱਖ ਅਤੇ ਹਿੰਦੂ ਦੋ ਅੱਡ-ਅੱਡ ਰਾਸ਼ਟਰ ਬਣਾਉਣ ਦੀ ਕਵਾਇਦ ਵਿਚ ਹਨ। ਮਸਲਨ, ਪੰਜਾਬ ਵਿਚ ਪਾਕਿਸਤਾਨ ਦੀ ਤਰਜ਼ ‘ਤੇ ਵੱਖਰੀ ਸਿੱਖ ਸਟੇਟ ਬਣਾਉਣ ਲਈ 80ਵਿਆਂ ਵਿਚ ਖਾੜਕੂ ਲਹਿਰ ਚੱਲੀ, ਜਿਸ ਨੇ ਅਥਾਹ ਲਹੂ ਅਤੇ ਹੰਝੂ ਵਹਾਏ; ਤੇ ਜੇ ਫਿਲਹਾਲ ਇਹ ਦੁਖਾਂਤ ਟਲਿਆ ਹੈ ਤਾਂ ਇਹ ਵੀ ਇਸ ਕਾਰਨ ਕਿ ਹਿੰਦੂ-ਸਿੱਖ ਇਕਮਿਕਤਾ ਦੀ ਕੋਮਲ ਰੇਸ਼ਮੀ ਤੰਦ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਭਾਵੇਂ ਇਸ ਨੂੰ ਖਤਮ ਕਰਨ ਲਈ ਵੱਖ-ਵੱਖ ਪੱਧਰਾਂ ‘ਤੇ ਵੱਖ-ਵੱਖ ਧੜਿਆਂ ਵਲੋਂ ਦਿਸਦੇ-ਅਣਦਿਸਦੇ ਪੱਧਰ ‘ਤੇ ਅਨੇਕਾਂ ਹੱਲੇ ਕੀਤੇ ਗਏ ਹਨ। ਫਿਰ ਵੀ, ਘੱਟੋ-ਘੱਟ ਮੇਰੀ ਪੀੜ੍ਹੀ ਦੇ ਮਰਦ-ਔਰਤਾਂ ਲਈ ਇਹ ਪੰਜਾਬ ਵਿਚ ਵਾਪਰਿਆ ਸਭ ਤੋਂ ਮਾਰੂ ਦੁਖਾਂਤ ਹੈ।
ਇਸ ਨੁਕਤੇ ਉਪਰ ਇਕ ਵਾਰ ਮੈਨੂੰ ਡਾ. ਐਮ. ਐਸ਼ ਰੰਧਾਵਾ ਦੇ ਸੁਘੜ ਵਿਚਾਰ ਸੁਣਨ ਨੂੰ ਮਿਲੇ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਆਪ ਹੀ ਪੰਜਾਬ ਦੇ ਮਨੁੱਖੀ ਵਾਤਾਵਰਣ ਨੂੰ ਤਬਾਹ ਕੀਤਾ ਹੈ ਅਤੇ ਇਸ ਲਈ ਸਾਨੂੰ ਹੁਣ ਕੀਮਤ ਅਦਾ ਕਰਨੀ ਪਵੇਗੀ। ਜਦੋਂ ਮੈਂ ਉਨ੍ਹਾਂ ਨੂੰ ਇਸ ਗੱਲ ਦਾ ਵਿਸਥਾਰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਅਜਿਹੇ ਪੰਜਾਬ ਦੀ ਕਲਪਨਾ ਨਹੀਂ ਕਰ ਸਕਦੇ, ਜਿਸ ਵਿਚ ਪੰਜਾਬੀ ਫਿਰਕੂ ਤੌਰ ‘ਤੇ ਵੰਡੇ ਹੋਏ ਹੋਣ। ਉਨ੍ਹਾਂ ਅਨੁਸਾਰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੇ ਸੁਮੇਲ ਤੋਂ ਬਿਨਾ ਪੰਜਾਬ ਦਾ ਕੋਈ ਵਿਕਸਿਤ ਅਤੇ ਖੁਸ਼ਹਾਲ ਤਸੱਵਰ ਨਹੀਂ ਹੋ ਸਕਦਾ। ਮੈਂ ਆਪ ਵੀ ਇਸ ਤਰ੍ਹਾਂ ਦੀ ਇਕਮਿਕਤਾ ਵਾਲੀ ਸਥਿਤੀ ਲਈ ਦ੍ਰਿੜ ਨਹੀਂ ਹੋ ਸਕਿਆ ਸੀ, ਜਦੋਂ ਤੱਕ ਕਿ ਮੈਂ 1995 ਵਿਚ ਸ਼ਾਹ ਮੁਹੰਮਦ ਨਹੀਂ ਸੀ ਪੜ੍ਹਿਆ।
ਇਹ ਸਮਝਣ ਲਈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਇਸ ਰੂਪ ਵਿਚ ਕਿਵੇਂ ਅਤੇ ਕਿਉਂ ਪੈਦਾ ਹੋਈ, ਮੈਂ ਆਪਣੀ ਪੂਰੀ ਹਿੰਦੂ ਪਛਾਣ ਨੂੰ ਸਾਣ ‘ਤੇ ਲਾਇਆ। ਪੰਜਾਬੀ ਹਿੰਦੂ ਦੁਆਰਾ ਆਪਣੇ ਆਪ ਨੂੰ ਸਾਂਝੀ ਪੰਜਾਬੀ ਪਛਾਣ ਤੋਂ ਬੇਗਾਨਾ ਮਹਿਸੂਸ ਕਰਨ ਦੀ ਪ੍ਰਕ੍ਰਿਆ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਈ। ਰਣਜੀਤ ਸਿੰਘ ਆਪਣੀਆਂ ਜੀਵੰਤ (ਆਰਗੈਨਿਕ) ਜੜ੍ਹਾਂ ਤੋਂ ਪਾਸੇ ਹੋ ਗਿਆ ਅਤੇ ਉਸੇ ਤੋਂ ਹੀ ਉਹ ਥੜ੍ਹਾ ਬੱਝਿਆ, ਜਿਸ ਤੋਂ ਭਵਿਖ ਵਿਚ ਫਿਰਕਾਪ੍ਰਸਤੀ ਨਾਲ ਲਬਰੇਜ਼ ਕ੍ਰਿਆ-ਪ੍ਰਤਿਕ੍ਰਿਆ ਦੀ ਅਰੁਕ ਲੜੀ ਚੱਲੀ।
ਪੰਜਾਬੀ ਹਿੰਦੂਆਂ ਦੇ ਬਾਕੀ ਪੰਜਾਬੀ ਭਾਈਚਾਰੇ ਤੋਂ ਰਾਜਨੀਤਕ, ਆਰਥਕ, ਸਮਾਜਕ, ਸਭਿਆਚਾਰਕ ਅਤੇ ਭਾਸ਼ਾਈ ਅਲਗਾਓ ਦੀ ਸਮੁੱਚੀ ਪ੍ਰਕ੍ਰਿਆ ਨੂੰ ਸਮਝਦਿਆਂ, ਮੈਂ ਜਾਣਿਆ ਕਿ ਪੰਜਾਬੀ ਹਿੰਦੂਆਂ ਨੇ ਵੀ ਪੰਜਾਬ ਵਿਚ ਫਿਰਕਾਪ੍ਰਸਤੀ ਪੈਦਾ ਕਰਨ ਅਤੇ ਫੈਲਾਉਣ ਵਿਚ ਕਾਫੀ ਕੁਝ ਕੀਤਾ ਹੈ। ਅਸਲ ਵਿਚ, ਇਸ ਵਰਗ ਨੇ ਹੋਰ ਵਰਗਾਂ ਵਿਚ ਵੀ ਆਪਣੇ ਆਪ ਨੂੰ ਪ੍ਰਾਜੈਕਟ ਕਰਨ ਲਈ ਸੰਪਰਦਾਇਕ ਤਰਕ ਨੂੰ ਬਾਦਲੀਲ ਅਤੇ ਪ੍ਰਚਲਿਤ ਢੰਗ ਵਜੋਂ ਫੈਲਾਇਆ। ਇਸੇ ਪ੍ਰਕ੍ਰਿਆ ਵਿਚ ਤੀਜੀ ਧਿਰ ਬੇਸ਼ੱਕ ਬਰਤਾਨਵੀ ਸ਼ਾਸਕ ਸਨ, ਉਨ੍ਹਾਂ ਨੇ ਵੀ ਇਹ ਜ਼ਹਿਰ ਬੀਜਣ ਵਿਚ ਕੋਈ ਘੱਟ ਨਹੀਂ ਗੁਜ਼ਾਰੀ। ਇਸ ਲਈ ਮੈਂ ਸੁਧਾਰਵਾਦੀ ਲਹਿਰਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਪ੍ਰਭਾਵਿਤ ਕੀਤਾ, ਜਿਸ ਵਿਚੋਂ ਉਨ੍ਹਾਂ ਇਸ ਕਿਸਮ ਦਾ ਦੁਖਾਂਤ ਸਿਰਜਿਆ।
ਮੇਰੇ ਵਿਸ਼ਲੇਸ਼ਣ ਢੰਗ ਅਨੁਸਾਰ ਇਹ ਉਹ ਭੱਦਰ ਲੋਕ ਭਾਵ ‘ਅੰਗਰੇਜ਼ੀ ਹਿੰਦੂ’ ਸਨ, ਜੋ ਅੰਗਰੇਜ਼ੀ ਢੰਗ ਨਾਲ ਜਿਉਂਦੇ ਸਨ। ਇਨ੍ਹਾਂ ਨੇ ਆਪਣੇ ਆਪ ਨੂੰ ਸਮਾਜਕ ਜੀਵਨ ਦੀ ਪੌੜੀ ਵਿਚ ਉਪਰ ਚੁੱਕਣ ਲਈ ‘ਸਫੈਦ ਸਾਹਬ’ ਲੋਕਾਂ ਦੀ ਨਕਲ ਨੂੰ ਪਰਮਾਤਮਾ ਵਲੋਂ ਭੇਜਿਆ ਮੌਕਾ ਸਮਝਿਆ। ਦੂਜੇ ਪਾਸੇ ਨਵੇਂ ਸ਼ਾਸਕਾਂ ਨੇ ਸਜ਼ਾ ਅਤੇ ਇਨਾਮ ਦੀ ਸਿੱਧੀ ਸਪਸ਼ਟ ਨੀਤੀ ਲਾਗੂ ਕੀਤੀ। ਇਹ ਉਹੀ ਲੋਕ ਸਨ, ਜਿਨ੍ਹਾਂ ਨੇ ਵਿਕਾਸ ਲਈ ਪੁਨਰ-ਜਾਗਰਣ ਅਤੇ ਧਰਮ ਸੁਧਾਰ ਵਾਲੇ ਯੂਰਪੀ ਮਾਡਲ ਨੂੰ ਬੁਨਿਆਦ ਵਜੋਂ ਅਪਨਾਇਆ ਪਰ ਛੇਤੀ ਹੀ ਉਹ ਦਾਬੇ ਅਤੇ ਦਬਾਉਣ ਦੀ ਨੀਤੀ ‘ਤੇ ਆ ਗਏ। ਇਸ ਦੇ ਉਲਟ ਜਿਨ੍ਹਾਂ ਨੇ ਇਸ ਤਬਦੀਲੀ ਦਾ ਵਿਰੋਧ ਕੀਤਾ, ਉਨ੍ਹਾਂ ਨੂੰ ਸਮਾਜਕ ਅਤੇ ਆਰਥਕ ਤੌਰ ‘ਤੇ ਹੇਠਲੇ ਦਰਜਿਆਂ ‘ਤੇ ਧੱਕ ਦਿੱਤਾ ਗਿਆ। ਇਸ ਲਈ ‘ਅੰਗਰੇਜ਼ੀ ਹਿੰਦੂਆਂ’ ਨੇ ਇਸ ਨੂੰ ਮੁਕਾਬਲੇ ਦਾ ਧਰਮ ਬਣਾਉਣ ਲਈ ਤੁਰੰਤ ਹਿੰਦੂ ਧਾਰਮਕ ਪਰੰਪਰਾਵਾਂ ਵਿਚ ‘ਸੁਧਾਰ’ ਕਰਨਾ ਸ਼ੁਰੂ ਕਰ ਦਿੱਤਾ। ਪਰੰਪਰਕ ਹਿੰਦੂ ਧਰਮ ਦੀ ‘ਚਰਚਹੀਣਤਾ’ ਹੁਣ ਇਸ ਦੇ ਪਿਛੜੇ ਹੋਏ ਹੋਣ ਦਾ ਚਿੰਨ੍ਹ ਲੱਗਣ ਲੱਗ ਪਈ। ਇਸ ਨੇ ਹਿੰਦੂ ਬਹੁਲਤਾਵਾਦ ਨੂੰ ਜੋੜਨ ਵਾਲੇ ਉਸ ਤੱਤ ਨੂੰ ਹਟਾ ਦਿੱਤਾ, ਜਿਸ ਨੇ ਪੰਜਾਬੀ ਸਮਾਜ ਨੂੰ ਲੰਮੇ ਸਮੇਂ ਤੋਂ ਇਸਲਾਮੀ ਹਕੂਮਤ ਦੇ ਅਨੇਕਾਂ ਦਬਾਵਾਂ ਦੇ ਬਾਵਜੂਦ ਜੋੜਿਆ ਹੋਇਆ ਸੀ।
ਸ਼ਾਹ ਮੁਹੰਮਦ ਵਲੋਂ ਦਿਖਾਈ ਗਈ ਪੰਜਾਬੀ ਸਮਾਜ ਦੀ ਤਸਵੀਰ ਨੂੰ ਸਮਝਣ ਪਿਛੋਂ ਲੱਗਦਾ ਹੈ ਕਿ ਪੰਜਾਬੀ ਸਮਾਜ ਨੇ ਉਹ ਇਕਸਾਰਤਾ ਹਾਸਿਲ ਕਰ ਲਈ ਸੀ, ਜਿਸ ਵਿਚੋਂ ਪੰਜਾਬੀ ਰਾਸ਼ਟਰ ਸੰਭਵ ਹੋ ਸਕਦਾ ਸੀ; ਤੇ ਇਸ ਰਾਸ਼ਟਰ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਬਰਾਬਰ ਦਾ ਉਤਸ਼ਾਹ ਹੋਣਾ ਸੀ। ਮੈਂ ਪੰਜਾਬੀ ਸਮਾਜ ਦੀ ਤੀਹਰੀ ਵੰਡ ਲਈ ਪੁਨਰ-ਜਾਗਰਣ ਅਤੇ ਧਰਮ ਸੁਧਾਰ ਦੀਆਂ ਉਨ੍ਹਾਂ ਲਹਿਰਾਂ ਨੂੰ ਵੀ ਜ਼ਿੰਮੇਵਾਰ ਮੰਨਦਾ ਹਾਂ, ਜੋ ਰਾਜਾ ਰਾਮ ਮੋਹਨ ਰਾਇ ਅਤੇ ਸਵਾਮੀ ਦਯਾਨੰਦ ਰਾਹੀਂ ਫੈਲੀਆਂ।
ਹਿੰਦੂਆਂ ਦਾ ਸਨਾਤਨੀ ਖਾਸਾ ਅਤੇ ਵੈਸ਼ਨਵਵਾਦ ਮੂਲ ਰੂਪ ਵਿਚ ਪਿਆਰ ਦਾ ਧਰਮ ਸੀ, ਹੁਣ ਇਨ੍ਹਾਂ ਦੋਹਾਂ ‘ਤੇ ਸੁਧਾਰਕ ਹਿੰਦੂਆਂ ਵਲੋਂ ਲਗਾਤਾਰ ਤਿੱਖੇ ਹਮਲੇ ਹੋਣ ਲੱਗੇ। ਇਥੋਂ ਤੱਕ ਕਿ ਇਹ ਨਵੇਂ ਹਿੰਦੂ, ਜਿਨ੍ਹਾਂ ਨੂੰ ਮੈਂ ‘ਨਮਸਤੇ ਜੀ ਹਿੰਦੂ’ ਕਹਿੰਦਾ ਹਾਂ, ਚਾਹੁਣ ਲੱਗੇ ਕਿ ਮੁਸਲਮਾਨ ਅਤੇ ਅਗਲੇ ਪੱਧਰ ‘ਤੇ ਸਿੱਖ ਵੀ ਉਨ੍ਹਾਂ ਦੀਆਂ ਸ਼ਰਤਾਂ ਅਨੁਸਾਰ ਹੀ ਉਨ੍ਹਾਂ ਨਾਲ ਚੱਲਣ। ਇਸ ਦੇ ਜਵਾਬ ਵਿਚ ਉਹੀ ਹੋਇਆ, ਜਿਸ ਦਾ ਅੱਗੇ ਜਾ ਕੇ ਭਿਅੰਕਰ ਨਤੀਜਾ ਨਿਕਲਿਆ। ਇਸ ਦੇ ਪ੍ਰਤੀਕਰਮ ਵਿਚ ਮੁਸਲਮਾਨ ਜਾਂ ਹੋਰ ਧਿਰਾਂ ਨੇ ਇਹ ਦੁਜੈਲਾਪਣ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ, ਖਾਸ ਤੌਰ ‘ਤੇ ਉਦੋਂ ਜਦੋਂ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਮੁਕਾਬਲੇ ਵਧੇਰੇ ਭਾਅ ਦੇਣਾ ਸ਼ੁਰੂ ਕਰ ਦਿੱਤਾ।
ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਦਾ ਇਕ ਵੀ ਹਿੰਦੂ, ਕੰਧ ‘ਤੇ ਲਿਖੀ ਇਬਾਰਤ ਨਾ ਪੜ੍ਹ ਸਕਿਆ। ਇਸੇ ਕਾਰਨ ਮੈਂ ਕਹਿੰਦਾ ਹਾਂ ਕਿ ਪੰਜਾਬੀ ਹਿੰਦੂਆਂ ਨੇ ਹਰ ਖੇਤਰ ਦੇ ਮਾਹਰ ਪੈਦਾ ਕੀਤੇ ਪਰ ਇਕ ਵੀ ਅਜਿਹਾ ਬਸ਼ਰ ਪੈਦਾ ਨਹੀਂ ਕੀਤਾ, ਜੋ ਦੂਰ-ਦ੍ਰਿਸ਼ਟੀ ਵਾਲਾ ਹੋਵੇ ਜਾਂ ਭਾਵੀ ਹੋਣੀ ਨੂੰ ਦੇਖ ਸਕਦਾ ਹੋਵੇ। ਇਹੀ ਉਹ ‘ਬੇਵਫਾ ਹਿੰਦੂ’ ਸੀ, ਜੋ ਇਸ ਇਤਿਹਾਸਕ ਦਬਾਅ ਦੇ ਪ੍ਰਤੀਕਰਮ ਵਿਚ ਭਾਰਤ ਦਾ ਪਹਿਲਾ ਰਾਸ਼ਟਰਵਾਦੀ ਬਣਿਆ ਅਤੇ ਇਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਸਾਰੀਆਂ ਸਫਾਂ ਭਰ ਦਿੱਤੀਆਂ। ਇਸ ਪ੍ਰਕ੍ਰਿਆ ਨੇ ਮੁਸਲਮਾਨਾਂ, ਤੇ ਫਿਰ ਸਿੱਖਾਂ ਨੂੰ ਕਾਂਗਰਸੀ ਰਾਸ਼ਟਰਵਾਦ ਤੋਂ ਦੂਰ ਕਰ ਦਿੱਤਾ।
(ਚਲਦਾ)