ਸਥਾਪਤ-ਸੰਸਥਾਗਤ ਧਰਮ ਬਨਾਮ ਧਰਮ ਅਤੇ ਇਨਸਾਨੀਅਤ-2

ਦੁਨੀਆਂ ਵਿਚ ਸ਼ਾਇਦ ਹੀ ਕਿਸੇ ਧਰਮ ਦੇ ਬਾਨੀ ਮਹਾਂਪੁਰਖ ਨੇ ਧਰਮ ਨੂੰ ਵਲਗਣਾਂ ਵਿਚ ਕੈਦ ਕਰਨ ਜਾਂ ਦੂਜੇ ਧਰਮਾਂ ਦੇ ਲੋਕਾਂ ਨਾਲ ਨਫਰਤ ਕਰਨ ਦੀ ਗੱਲ ਕੀਤੀ ਹੋਵੇ। ਸ਼ੁਰੂ ਵਿਚ ਹਰ ਧਰਮ ਬੰਧਨਾਂ ਦੀ ਕੈਦ ਤੋਂ ਮੁਕਤ ਹੁੰਦਾ ਹੈ, ਪਰ ਹੌਲੀ ਹੌਲੀ ਸਵਾਰਥੀ ਹਿੱਤ ਉਸ ਨੂੰ ਵਲਗਣਾਂ ਵਿਚ ਕੈਦ ਕਰ ਲੈਂਦੇ ਹਨ। ਇਹੋ ਕੈਦ ਹੀ ਧਰਮ ਨੂੰ ਸਥਾਪਤੀ ਦਾ ਧਰਮ ਬਣਾ ਦਿੰਦੀ ਹੈ। ਇਸ ਲੇਖ ਵਿਚ ਨੰਦ ਸਿੰਘ ਬਰਾੜ ਨੇ ਵਿਸ਼ਵ ਧਰਮਾਂ ਦੇ ਸੰਦਰਭ ਵਿਚ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਪੁਣ-ਛਾਣ ਕੀਤੀ ਹੈ ਕਿ ਕਿਵੇਂ ਸਮੁੱਚੇ ਸੰਸਾਰ ਨੂੰ ਬੇਗਮਪੁਰਾ ਬਣਿਆ ਲੋਚਣ ਵਾਲਾ ਸੱਚਾ-ਸੁੱਚਾ ਸਿੱਖ ਧਰਮ ਵੀ ਹੁਣ ਸਥਾਪਤ ਧਰਮ ਬਣ ਕੇ ਰਹਿ ਗਿਆ ਹੈ, ਜਿਸ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹੋਈ।

ਮਹਾਰਾਜਾ ਰਣਜੀਤ ਸਿੰਘ ਸ਼ੁਰੂ ਵਿਚ ਇਕ ਬਹੁਤ ਨਿਰਮਾਣ ਅਤੇ ਸਾਫ-ਸੁਥਰੀ ਆਤਮਾ ਸੀ, ਪਰ ਫਿਰ ਉਸ ਵਿਚ ਉਹ ਸਾਰੀਆਂ ਬੁਰਾਈਆਂ (ਹਉਮੈ, ਤੀਵੀਂਬਾਜ਼ੀ ਆਦਿ) ਆਉਣ ਲੱਗੀਆਂ, ਜੋ ਅਕਸਰ ਰਾਜਿਆਂ-ਮਹਾਰਾਜਿਆਂ ਵਿਚ ਆ ਜਾਂਦੀਆਂ ਹਨ। ਇਸ ਸਭ ਕਾਸੇ ਨੂੰ ਢਕਣ ਲਈ ਉਸ ਨੇ ਸਿੱਖ ਧਰਮ ਦੇ ਪੁਜਾਰੀਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਉਣਾ ਸ਼ੁਰੂ ਕਰ ਦਿੱਤਾ ਅਤੇ ਇੰਜ ਸੱਚਾ-ਸੁੱਚਾ ਸਿੱਖ ਧਰਮ ਸਥਾਪਤ ਧਰਮ ਬਣਨ ਦੇ ਰਾਹ ਤੁਰ ਪਿਆ। ਪੇਸ਼ ਹੈ, ਇਸ ਲੰਮੇ ਲੇਖ ਦੀ ਦੂਜੀ ਕਿਸ਼ਤ। -ਸੰਪਾਦਕ

ਨੰਦ ਸਿੰਘ ਬਰਾੜ
ਵਟਸਐਪ: 916-501-3974

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਪੁਜਾਰੀਆਂ ਦਾ ਬਹੁਤ ਹੀ ਨਾਪਾਕ ਰਿਸ਼ਤਾ ਬਣ ਚੁਕਾ ਸੀ। ਉਹ ਪੁਜਾਰੀਆਂ ਦੀਆਂ ‘ਧਰਮ ਪ੍ਰਤੀ’ (ਅਸਲ ਵਿਚ ਆਪਣੇ ਪ੍ਰਤੀ) ਵਧੀਆ ਸੇਵਾਵਾਂ ਬਦਲੇ ਸਮੇਂ ਸਮੇਂ ਇਨਾਮ ਦਿੰਦਾ ਅਤੇ ਕੁਝ ਇੱਕ ਨੂੰ ਸੇਵਾਵਾਂ ਦੇ ਰੁਤਬੇ ਅਨੁਸਾਰ ਜਾਗੀਰਾਂ ਨਾਲ ਵੀ ਨਿਵਾਜ਼ਦਾ। ਪੁਜਾਰੀ ਲੋਕ ਵੀ ਮਹਾਰਾਜੇ ਦੇ ਇੱਕ ਪੁਰਖੀ ਰਾਜ ਨੂੰ ਪੱਕਾ ਕਰਨ ਵਾਸਤੇ ਉਸ ਦੇ ਹਰ ਕੰਮ ਦੀ ਪੂਰੀ ਪੂਰੀ ਪ੍ਰਸ਼ੰਸਾ ਕਰਦੇ, ਭਾਵੇਂ ਉਹ ਕੰਮ ਖਾਲਸਾਈ ਕਦਰਾਂ-ਕੀਮਤਾਂ ਦੇ ਉਲਟ ਅਤੇ ਗੈਰ ਇਖਲਾਕੀ ਵੀ ਹੁੰਦਾ। ਹਮੇਸ਼ਾ ਤੋਂ ਹੀ ਆਮ ਜਨਤਾ ਦੀ ਪੁਜਾਰੀਆਂ ਪ੍ਰਤੀ ਪੂਰੀ ਸ਼ਰਧਾ ਰਹੀ ਹੈ। ਇਸ ਲਈ ਜਨਤਾ ਵੀ ਪੁਜਾਰੀਆਂ ਦੇ ਪ੍ਰਵਚਨ ਸੁਣ ਕੇ ਮਹਾਰਾਜੇ ਦੀ ਜੈ ਜੈ ਕਾਰ ਹੀ ਕਰਦੀ।
ਅਜਿਹੀਆਂ ਅਨੇਕਾਂ ਘਟਨਾਵਾਂ ਹੋਈਆਂ ਪਰ ਮਿਸਾਲ ਵਜੋਂ ਦੋ ਤਿੰਨ ਹਵਾਲੇ ਦਿੱਤੇ ਜਾ ਸਕਦੇ ਹਨ। ਸਾਹਿਬ ਸਿੰਘ ਭੰਗੀ ਮਹਾਰਾਜੇ ਦਾ ਸਕਾ ਫੁੱਫੜ ਸੀ, ਜਿਸ ਦੀ ਮਿਸਲ ਉਸ ਨੇ ਜਬਰਦਸਤੀ ਆਪਣੇ ਨਾਲ ਮਿਲਾ ਲਈ ਸੀ। ਮਹਾਰਾਜੇ ਦੀ ਸਕੀ ਭੂਆ ਤੋਂ ਇਲਾਵਾ ਉਸ ਦੇ ਫੁੱਫੜ ਦੀਆਂ ਦੋ ਪਤਨੀਆਂ ਹੋਰ ਸਨ, ਜੋ ਸਮਾਜਕ ਰਿਸ਼ਤੇ ਅਨੁਸਾਰ ਮਹਾਰਾਜੇ ਦੀਆਂ ਭੂਆ ਹੀ ਲੱਗੀਆਂ। ਦੱਸਦੇ ਨੇ ਕਿ ਉਹ ਸੁਹਣੀਆਂ ਬਹੁਤ ਸਨ, ਇਸ ਕਰਕੇ ਮਹਾਰਾਜੇ ਨੇ ਸਾਹਿਬ ਸਿੰਘ ਦੀ ਮੌਤ ਪਿੱਛੋਂ ਉਨ੍ਹਾਂ ਦੋਹਾਂ ‘ਤੇ ਚਾਦਰ ਪਾ ਲਈ। ਕੀ ਇਹ ਇਖਲਾਕੀ ਕੰਮ ਸੀ? ਪਰ ਪੁਜਾਰੀਆਂ ਨੇ ਇਸ ਕੰਮ ਦੀ ਵੀ ਪ੍ਰਸ਼ੰਸਾ ਕੀਤੀ ਕਿ ਨੇਕ ਦਿਲ ਮਹਾਰਾਜਾ ਸਾਹਿਬ ਨੇ ਉਨ੍ਹਾਂ ਦੀ ਇੱਜਤ ਬਚਾਉਣ ਲਈ ਇਹ ਨੇਕ ਕੰਮ ਕੀਤਾ।
ਦੂਜਾ ਹਵਾਲਾ ਇੱਕ ਘੋੜੀ ਪਿੱਛੇ ਲੜਾਈ ਦਾ ਲੈ ਸਕਦੇ ਹਾਂ। ਇਹ ਘੋੜੀ ਬਰਕਜਾਈ ਕਬੀਲੇ ਦੇ ਮੁਖੀ ਕੋਲ ਸੀ ਅਤੇ ਉਹ ਉਸ ਨੂੰ ਬਹੁਤ ਪਿਆਰੀ ਸੀ। ਮਹਾਰਾਜਾ ਉਸ ਨੂੰ ਕਿਸੇ ਵੀ ਕੀਮਤ ‘ਤੇ ਖਰੀਦਣਾ ਚਾਹੁੰਦਾ ਸੀ, ਪਰ ਉਹ ਵੇਚਣ ਲਈ ਰਜ਼ਾਮੰਦ ਨਾ ਹੋਇਆ। ਮਹਾਰਾਜੇ ਨੇ ਇਸ ਨੂੰ ਆਪਣੀ ਹੱਤਕ ਸਮਝਿਆ ਅਤੇ ਗੁਰੂ ਜੀ ਦੇ ਫੁਰਮਾਨ ‘ਹੱਕ ਪਰਾਇਆ ਨਾਨਕਾ’ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਘੋੜੀ ਖੋਹਣ ਵਾਸਤੇ ਫੌਜੀ ਚੜ੍ਹਾਈ ਕਰ ਦਿੱਤੀ। ਲਗਭਗ ਦੋ ਸਾਲ ਦੀ ਫੌਜੀ ਲੜਾਈ ਮਗਰੋਂ ਘੋੜੀ ਜਿੱਤ ਲਈ, ਪਰ ਮਹਾਰਾਜੇ ਦੀ ਇਸ ਇੱਛਾ ਅਤੇ ਸ਼ੌਕ ਨੂੰ ਪੂਰਾ ਕਰਨ ਖਾਤਰ ਲਗਭਗ 12000 ਸੈਨਿਕ ਮਾਰੇ ਗਏ ਅਤੇ ਉਸ ਵੇਲੇ ਦਾ 60 ਲੱਖ ਰੁਪਿਆ ਬਰਬਾਦ ਹੋਇਆ, ਪਰ ਪੁਜਾਰੀਆਂ ਨੇ ਮਹਾਰਾਜੇ ਦੇ ਇਸ ਕੰਮ ਨੂੰ ਇਹ ਕਹਿ ਕੇ ਵਡਿਆਇਆ ਕਿ ਮਹਾਰਾਜਾ ਜੋ ਇੱਕ ਵਾਰ ਠਾਣ ਲਵੇ, ਪੂਰਾ ਕਰਕੇ ਹੀ ਦਮ ਲੈਂਦਾ ਹੈ।
ਤੀਹ ਦੇ ਦਹਾਕੇ ਦੌਰਾਨ ਮਹਾਰਾਜੇ ਨੂੰ ਸਟ੍ਰੋਕ ਦਾ ਦੌਰਾ ਪਿਆ ਅਤੇ ਸ਼ਰਾਬ ਦੀ ਜਿਆਦਾ ਆਦਤ ਕਰਕੇ ਉਹ ਪੂਰੀ ਤਰ੍ਹਾਂ ਸਿਹਤਮੰਦ ਨਾ ਰਹੇ। ਫਿਰ ਵੀ 55 ਸਾਲ ਦੀ ਉਮਰ ਵਿਚ ਆਪਣੇ ਤੋਂ ਤੀਜਾ ਹਿੱਸੇ ਤੋਂ ਵੀ ਛੋਟੀ ਸਿਰਫ 17 ਸਾਲਾਂ ਦੀ ਲੜਕੀ ਨਾਲ ਇੱਕ ਹੋਰ ਸ਼ਾਦੀ ਕਰ ਲਈ, ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਲਗਦਾ, ਪਰ ਇਸ ਨੂੰ ਵੀ ਮਹਾਰਾਜੇ ਦੀ ਪ੍ਰਸ਼ੰਸਾ ਦੇ ਤੌਰ ‘ਤੇ ਪ੍ਰਚਾਰਿਆ ਗਿਆ ਕਿ ਮਹਾਰਾਜੇ ਨੂੰ ਆਪਣੀ ਵਿਰਾਸਤ ਵਾਸਤੇ ਆਪਣੇ ਪੁੱਤਰ ਖੜਕ ਸਿੰਘ ਦੇ ਸਿਹਤ ਪੱਖੋਂ ਕਮਜ਼ੋਰ ਹੋਣ ਦਾ ਫਿਕਰ ਰਹਿੰਦਾ ਸੀ। ਇਸ ਕਰਕੇ ਸਿਹਤਮੰਦ ਪੁੱਤਰ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ। (ਖੜਕ ਸਿੰਘ ਤੋਂ ਬਿਨਾ ਉਸ ਵੇਲੇ ਮਹਾਰਾਜੇ ਦੇ ਹੋਰ ਪੁੱਤਰ ਵੀ ਸਨ)
ਇਕ ਗੱਲ ਮੇਰੇ ਮਿਡਲ ਸਕੂਲ ‘ਚ ਪੜ੍ਹਦੇ ਦੀ 1963-64 ਵੇਲੇ ਦੀ ਹੈ। ਅਸੀਂ ਛੁੱਟੀ ਪਿੱਛੋਂ ਪਿੰਡ ਜਾਣ ਲਈ ਅੱਡੇ ‘ਤੇ ਬੈਠੇ ਸਾਂ ਕਿ ਲਾਡਲੀਆਂ ਫੌਜਾਂ ਦਾ ਕਾਫਲਾ ਲੰਘਿਆ। ਇਨ੍ਹਾਂ ਤੋਂ ਸਾਰੇ ਡਰਦੇ ਸਨ। ਉਹ ਜਿਥੋਂ ਮਰਜੀ ਪੱਠੇ ਵੱਢ ਲੈਂਦੇ। ਕੋਈ ਰੋਕਦਾ ਤਾਂ ਉਸ ਦੇ ਖੇਤ ਵਿਚ ਘੋੜੇ ਵੀ ਛੱਡ ਦਿੰਦੇ ਅਤੇ ਕਦੇ ਕਦੇ ਕੁੱਟ ਵੀ ਦਿੰਦੇ। ਉਥੇ ਪਾਕਿਸਤਾਨੋਂ 1947 ਵੇਲੇ ਦਾ ਉਜੜ ਕੇ ਆਇਆ ਇਕ ਬਜੁਰਗ ਬੈਠਾ ਸੀ। ਉਹ ਕਹਿੰਦਾ, ਆਹ ਰੰਜੀਤੇ ਦੇ ਰੋਡੇ ਲਾਏ ਵੇ ਆ। ਸਾਡੇ ਵਿਚੋਂ ਇੱਕ ਕਹਿੰਦਾ, “ਬਾਬਾ ਰੰਜੀਤਾ ਕੌਣ ਹੈ?” ਆਹੰਦਾ, ਅਸਾਡੇ ਪਾਸੇ ਰਾਜ ਸੀਆ, ਓਨੂੰ ਰਣਜੀਤ ਸਿੰਹੋਂ ਵੀ ਆਂਦੇ ਸੀ (ਉਸ ਵੇਲੇ ਸਾਨੂੰ ਉਹਦੀ ਗੱਲ ਬੜੀ ਅਜੀਬ ਲੱਗੀ ਕਿਉਂਕਿ ਸਾਡੀਆਂ ਕਿਤਾਬਾਂ ਵਿਚ ਤਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਵਧੀਆ ਵਧੀਆ ਹੀ ਲਿਖਿਆ ਸੀ), ਪਰ ਉਹ ਬੋਲਦਾ ਗਿਆ, “ਅਸਾਡਾ ਬਾਪੂ (ਬਾਪੂ ਉਹ ਆਮ ਵੱਡੇ ਬਜੁਰਗ ਨੂੰ ਕਹਿੰਦੇ ਹੁੰਦੇ ਸੀ) ਦਸਦਾ ਹੁੰਦਾ ਸੀ ਕਿ ਓਹਦੇ ਰਾਜ ਵੇਲੇ ਇਹ ਬੜਾ ਹੁੜਦੰਗ ਮਚਾਉਂਦੇ ਸੀਆ।” ਸਾਨੂੰ ਜੁਆਕਾਂ ਨੂੰ ਲੱਗਾ, ਬੁੜ੍ਹਾ ਐਵੇਂ ਕਰੀ ਜਾਂਦਾ ਐ, ਪਰ ਹੁਣ ਲਗਦਾ ਹੈ ਸ਼ਾਇਦ ਉਹ ਬਜੁਰਗ ਸੱਚ ਹੀ ਬੋਲਦਾ ਹੋਵੇ।
ਇਥੇ ਇਹ ਹਵਾਲੇ ਦੇਣ ਤੋਂ ਮੇਰਾ ਮਨੋਰਥ ਮਹਾਰਾਜਾ ਰਣਜੀਤ ਸਿੰਘ ਦੇ ਅਨੇਕਾਂ ਬਹਾਦਰੀ ਭਰੇ ਅਤੇ ਲੋਕ ਪੱਖੀ ਕੰਮਾਂ ਨੂੰ ਮਨਫੀ ਜਾਂ ਨਜ਼ਰਅੰਦਾਜ਼ ਕਰਨ ਦਾ ਬਿਲਕੁਲ ਨਹੀਂ। ਅਨੇਕਾਂ ਲੜਾਈਆਂ ਵਿਚ ਉਹ ਅੱਗੇ ਹੋ ਕੇ ਮੌਤ ਨਾਲ ਅੱਖਾਂ ਚਾਰ ਕਰਕੇ ਲੜੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਖੈਬਰ ਦੇ ਦੱਰੇ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਸਿਰ ਹੀ ਬੱਝਦਾ ਹੈ, ਜਿਸ ਰਾਹੀਂ ਹਜ਼ਾਰਾਂ ਸਾਲਾਂ ਤੋਂ ਲੁਟੇਰੇ ਅਤੇ ਧਾੜਵੀ ਸਾਡੇ ਮੁਲਕ ਦੇ ਬਾਸ਼ਿੰਦਿਆਂ ਦੇ ਜਾਨ-ਮਾਲ ਅਤੇ ਇੱਜਤ-ਆਬਰੂ ਨਾਲ ਖਿਲਵਾੜ ਕਰਦੇ ਰਹੇ। ਅੰਦਰੂਨੀ ਤੌਰ ‘ਤੇ ਵੀ ਉਨ੍ਹਾਂ ਦਾ ਰਾਜ ਇੱਕ ਨਮੂਨੇ ਦਾ ਧਰਮ ਨਿਰਪੱਖ ਰਾਜ ਸੀ, ਪਰ ਅਫਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੰਕਲਪ ਅਨੁਸਾਰ ਬੇਗਮਪੁਰਾ ਵਸਾ ਕੇ ਹਲੇਮੀ ਰਾਜ ਸਥਾਪਤ ਕਰਨ ਦਾ ਸੁਨਹਿਰੀ ਮੌਕਾ ਹੱਥੋਂ ਗਵਾ ਲਿਆ। ਜੇ ਉਹ ਇਹ ਸੁਨਹਿਰੀ ਮੌਕਾ ਹੱਥੋਂ ਨਾ ਜਾਣ ਦਿੰਦੇ ਅਤੇ ਆਪਣੇ ਦਾਦੇ ਚੜ੍ਹਤ ਸਿੰਘ ਅਤੇ ਬਾਪ ਮਹਾਂ ਸਿੰਘ ਵਾਂਗ ਆਪਣੇ ਅਕੀਦੇ ‘ਤੇ ਕਾਇਮ ਰਹਿੰਦੇ ਤਾਂ ਸਮੁੱਚੇ ਭਾਰਤ ਦੀ ਤਸਵੀਰ ਹੀ ਹੋਰ ਹੋਣੀ ਸੀ। ਉਸ ਦੀਆਂ ਤਿੰਨ ਮਿਸਲਾਂ ਵਾਲੇ ਰਾਜ ਨੂੰ ਵੇਖ ਕੇ ਜਿਸ ਤਰ੍ਹਾਂ ਬਾਕੀ ਮਿਸਲਾਂ ਦੀ ਜਨਤਾ ਉਨ੍ਹਾਂ ਵੱਲ ਖਿੱਚੀ ਆਉਂਦੀ ਸੀ। ਜੇ ਉਹ ਉਸੇ ਤਰ੍ਹਾਂ ਖਾਲਸਾਈ ਢੰਗ ਨਾਲ ਹਕੂਮਤ ਚਲਾਉਂਦੇ ਰਹਿੰਦੇ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਹੋਰ ਵੀ ਲੋਕ ਪੱਖੀ ਸੁਧਾਰ ਕਰਦੇ ਰਹਿੰਦੇ ਅਤੇ ਦੂਜੀਆਂ ਮਿਸਲਾਂ ਨੂੰ ਹੜੱਪਣ ਦੀ ਥਾਂ ਉਨ੍ਹਾਂ ਨੂੰ ਨਾਲ ਮਿਲਾ ਕੇ ਇੱਕ ਸੰਘੀ ਢਾਂਚਾ ਬਣਾ ਕੇ ਚਲਦੇ ਤਾਂ ਸਮੁੱਚੇ ਪੰਜਾਬ ਵਿਚ ਖਾਲਸਾਈ ਕਦਰਾਂ-ਕੀਮਤਾਂ ਵਾਲਾ ਹਲੇਮੀ ਰਾਜ ਸਥਾਪਤ ਹੋ ਜਾਣਾ ਸੀ।
ਗੁਰੂ ਸਾਹਿਬਾਨ ਨੇ ਬਾਈ ਮੰਜੀਆਂ ਸਮੁੱਚੇ ਭਾਰਤ ਵਿਚ ਸਥਾਪਤ ਕੀਤੀਆਂ ਸਨ ਅਤੇ ਪੰਜ ਪਿਆਰੇ ਵੀ ਸਾਰੇ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਸਨ। ਇਸ ਤਰ੍ਹਾਂ ਸਮੁੱਚੇ ਭਾਰਤ ਦੀ ਜਨਤਾ ਹੀ ਗੁਰੂ ਸਾਹਿਬਾਨ ਦੇ ਸਿਧਾਂਤ ਤੋਂ ਪ੍ਰਭਾਵਿਤ ਸੀ। ਇਸ ਲਈ ਪੰਜਾਬ ਵਿਚਲੇ ਅਜਿਹੇ ਰਾਜ ਦਾ ਪ੍ਰਭਾਵ ਸਾਰੇ ਭਾਰਤ ਦੀ ਜਨਤਾ ‘ਤੇ ਪੈਣਾ ਲਾਜ਼ਮੀ ਸੀ ਅਤੇ ਇਸ ਤਰ੍ਹਾਂ ਸਾਰੇ ਭਾਰਤ ‘ਚ ਹੀ ਖਾਲਸਾਈ ਕਦਰਾਂ-ਕੀਮਤਾਂ ਵਾਲਾ ਹਲੇਮੀ ਰਾਜ ਹੋਣ ਦੀ ਸੰਭਾਵਨਾ ਬਣ ਜਾਣੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਕੁਝ ਗਲਤ ਇੱਛਾਵਾਂ ਅਤੇ ਵਾਸ਼ਨਾਵਾਂ ਨੂੰ ਕਾਬੂ ਵਿਚ ਨਾ ਰੱਖ ਸਕਿਆ ਅਤੇ ਆਪਣੀਆਂ ਗਲਤੀਆਂ ਲੁਕਾਉਣ ਲਈ ਪੁਜਾਰੀਆਂ ਦੀ ਲੋੜ ਪਈ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਨਿਰਮਲ ਪੰਥ ਨੂੰ ਇੱਕ ਵਰਗ ਦੇ ਸਥਾਪਤ ਧਰਮ ਵਿਚ ਬਦਲਣ ਦਾ ਰਾਹ ਪੱਧਰਾ ਕਰ ਦਿੱਤਾ।
ਇਹ ਗੱਲ ਵੀ ਠੀਕ ਲਗਦੀ ਹੈ ਕਿ ਅੰਗਰੇਜ਼ਾਂ ਦੇ ਪੰਜਾਬ ‘ਤੇ ਕਾਬਜ ਹੋਣ ਤੱਕ ਸਿੱਖ ਸਿਧਾਂਤਾਂ ‘ਤੇ ਪੁਜਾਰੀ ਭਾਰੂ ਹੋ ਗਏ ਸਨ, ਪਰ ਫਿਰ ਵੀ ਇੱਕ ਵੱਖਰਾ ਸਥਾਪਤ ਸਿੱਖ ਧਰਮ ਪੂਰੀ ਤਰ੍ਹਾਂ ਹੋਂਦ ਵਿਚ ਨਹੀਂ ਸੀ ਆਇਆ। ਇੱਕ ਮਿਸਾਲ ਸ਼ਾਹ ਮੁਹੰਮਦ ਦੀ ਨਜ਼ਮ ਵਿਚੋਂ ਵੇਖ ਸਕਦੇ ਹਾਂ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ੰਸਕ ਗਿਣਿਆ ਜਾਂਦਾ ਹੈ। ਆਪਣੀ ਜੰਗਨਾਮਾ ਨਜ਼ਮ ਵਿਚ ਉਹ ਲਿਖਦਾ ਹੈ:
ਇਕ ਰੋਜ਼ ਬਡਾਲੀ ਦੇ ਵਿਚ ਬੈਠੇ,
ਚਲੀ ਆਣ ਫਿਰੰਗੀ ਦੀ ਬਾਤ ਆਹੀ।
ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ,
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਆਫਾਤ ਆਹੀ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕੋਈ ਨਹੀਂ ਸੀ ਤੀਸਰੀ ਜਾਤ ਆਹੀ।
ਇਸ ਨਜ਼ਮ ਵਿਚ ਉਹ ਹਿੰਦੂ ਅਤੇ ਮੁਸਲਮਾਨ ਨਾਂ ਤਾਂ ਵਰਤਦਾ ਹੈ ਪਰ ਸਿੱਖ ਨਾਂ ਨਹੀਂ ਆਉਂਦਾ।
ਦੂਜੀ ਮਿਸਾਲ ਗਰਮੀਆਂ ਦੇ ਮਹੀਨੇ ਸਾਂਝੀਆਂ ਥਾਂਵਾਂ ‘ਤੇ ਰੱਖੇ ਪਾਣੀ ਦੇ ਮਟਕਿਆਂ ਦੀ ਲੈ ਸਕਦੇ ਹਾਂ, ਜਿਨ੍ਹਾਂ ‘ਚੋਂ ਇੱਕ ਉਤੇ ਹਿੰਦੂ ਪਾਣੀ ਅਤੇ ਦੂਸਰੇ ਉਤੇ ਮੁਸਲਮਾਨ ਪਾਣੀ ਲਿਖਿਆ ਸੁਣਦੇ ਹਾਂ। ਪੁਰਾਣੀਆਂ ਕਿਤਾਬਾਂ ਵਿਚ ਕਿਤੇ ਸਿੱਖ ਪਾਣੀ ਲਿਖਿਆ ਨਹੀਂ ਦੇਖਿਆ।
ਫੇਰ ਵੀ ਇਹ ਗੱਲ ਠੀਕ ਹੈ ਕਿ ਪੁਜਾਰੀ ਉਦੋਂ ਤੱਕ ਐਨੇ ਕਾਬਜ ਹੋ ਗਏ ਸਨ ਕਿ ਉਨ੍ਹਾਂ ਗੁਰਦੁਆਰਿਆਂ ਨੂੰ ਜੱਦੀ ਪੁਸ਼ਤੀ ਜਾਇਦਾਦਾਂ ਹੀ ਬਣਾ ਲਿਆ ਸੀ। ਇਥੇ ਚੜ੍ਹਦੇ ਚੜ੍ਹਾਵੇ ਦੀ ਅਥਾਹ ਦੌਲਤ ਨਾਲ ਉਹ ਮਨਮਾਨੀਆਂ ਕਰਨ ਲੱਗੇ| ਕੁਝ ਗੁਰਦੁਆਰਿਆਂ ਨੂੰ ਤਾਂ ਉਨ੍ਹਾਂ ਅੱਯਾਸ਼ੀ ਦੇ ਅੱਡੇ ਤੱਕ ਬਣਾ ਦਿੱਤਾ ਸੀ| ਗੁਰਦੁਆਰਿਆਂ ਨੂੰ ਇਨ੍ਹਾਂ ਪੁਜਾਰੀਆਂ ਤੋਂ ਆਜ਼ਾਦ ਕਰਵਾਉਣ ਵਾਸਤੇ ਬੁਧੀਜੀਵੀਆਂ, ਸਿਰਲੱਥ ਯੋਧਿਆਂ ਅਤੇ ਆਮ ਲੋਕਾਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਤੇ ਤਸੀਹੇ ਝੱਲਣੇ ਪਏ ਤਾਂ ਜਾ ਕੇ ਗੁਰਦੁਆਰੇ ਆਜ਼ਾਦ ਕਰਵਾਏ ਜਾ ਸਕੇ। ਪੁਜਾਰੀਆਂ ਤੋਂ ਆਜ਼ਾਦ ਕਰਵਾਉਣ ਪਿਛੋਂ ਅਗਲਾ ਕਦਮ ਉਨ੍ਹਾਂ ਬਿਪਰਵਾਦੀ ਪੁਸਤਕਾਂ ਅਤੇ ਗ੍ਰੰਥਾਂ ਤੋਂ ਮੁਕਤੀ ਦਾ ਸੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਤੇ ਸਹੀ ਇਤਿਹਾਸ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਇਕ ਸਰਬ ਪ੍ਰਵਾਨਤ ਫੈਸਲਾ ਹੋਇਆ ਕਿ ਪੰਥਕ ਵਿਦਵਾਨਾਂ ਅਤੇ ਬੁਧੀਜੀਵੀਆਂ ਦੀ ਇਕ ਕਮੇਟੀ ਬਣਾ ਦਿੱਤੀ ਜਾਵੇ, ਜੋ ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਸੁਝਾਅ ਦੇਵੇ ਕਿ ਜਿਹੜੇ ਗ੍ਰੰਥ ਅਤੇ ਪੁਸਤਕਾਂ ਗੁਰੂ ਸਾਹਿਬਾਨ ਦੇ ਸਿਧਾਂਤ ਅਤੇ ਗੁਰੂ ਇਤਿਹਾਸ ਅਨੁਸਾਰ ਸਹੀ ਹਨ, ਉਨ੍ਹਾਂ ਨੂੰ ਰੱਖ ਲਿਆ ਜਾਵੇ ਅਤੇ ਬਾਕੀਆਂ ਤੋਂ ਨਿਜਾਤ ਪਾ ਲਈ ਜਾਵੇ। ਅਫਸੋਸ ਕਿ ਅਜਿਹੀ ਕਮੇਟੀ ਕਦੇ ਬਣ ਨਾ ਸਕੀ ਅਤੇ ਹਰ ਤਰ੍ਹਾਂ ਦੇ ਗ੍ਰੰਥ ਅਤੇ ਪੁਸਤਕਾਂ ਉਸੇ ਤਰ੍ਹਾਂ ਚਲਦੇ ਹੀ ਨਹੀਂ ਰਹੇ, ਸਗੋਂ ਸਮੇਂ ਦੇ ਬੀਤਣ ਨਾਲ ਕਈਆਂ ਦਾ ਪ੍ਰਚਾਰ ਤੇ ਪ੍ਰਸਾਰ ਤਾਂ ਅੱਗੇ ਤੋਂ ਵੀ ਵੱਧ ਹੋਣ ਲਗ ਪਿਆ।
ਹੁਣ ਪਤਾ ਲਗਦਾ ਹੈ, ਜੋ ਉਮੀਦ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਨਾਲ ਬੱਝੀ ਸੀ ਕਿ ਅੱਗੇ ਤੋਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਅਨੁਸਾਰ ਸਹੀ ਅਗਵਾਈ ਦੇ ਕੇਂਦਰ ਬਣ ਜਾਣਗੇ, ਉਹ ਸਭ ਭੁਲੇਖਾ ਹੀ ਸੀ, ਕਿਉਂਕਿ ਇਹ ਆਜ਼ਾਦੀ ਅਖੀਰ ਪੁਜਾਰੀਆਂ ਦੀ ਤਬਦੀਲੀ ਹੀ ਹੋ ਨਿਬੜੀ। ਇਉਂ ਲਗਦਾ ਹੈ, ਜਦੋਂ ਅੰਗਰੇਜ਼ਾਂ ਨੂੰ ਲੱਗਾ ਕਿ ਮਹੰਤਾਂ ਨਾਲੋਂ ਹੁਣ ਇਹ ਨਵੇਂ ਆਗੂ ਉਨ੍ਹਾਂ ਦੇ ਵੱਧ ਕੰਮ ਆ ਸਕਦੇ ਹਨ ਤਾਂ ਉਨ੍ਹਾਂ ਮਹੰਤਾਂ ਵਲੋਂ ਹੱਥ ਖਿੱਚ ਲਏ ਤੇ ਇਨ੍ਹਾਂ ਨੂੰ ਆਪਣੇ ਪਾਲੇ ਵਿਚ ਕਰਕੇ ਇਨ੍ਹਾਂ ਦੀ ਸਹਿਮਤੀ ਨਾਲ ਕਾਨੂੰਨੀ ਮਾਨਤਾ ਪ੍ਰਾਪਤ ਇਕ ਸੰਸਥਾ ਬਣਾ ਦਿੱਤੀ।
ਕੁਝ ਹੀ ਸਮੇਂ ਵਿਚ ਇਨ੍ਹਾਂ ਨਵੇਂ ਮੁਖੀਆਂ ਨੇ ਸਿੱਖਾਂ ਵਾਸਤੇ ਰਹਿਤ ਮਰਿਆਦਾਵਾਂ ਸਥਾਪਤ ਕਰ ਦਿਤੀਆਂ। ਭਾਵੇਂ ਇਨ੍ਹਾਂ ਮਰਿਆਦਾਵਾਂ ‘ਤੇ ਪੂਰੀ ਸਹਿਮਤੀ ਨਹੀਂ ਹੋ ਸਕੀ ਅਤੇ ਵੱਖ ਵੱਖ ਧੜੇ ਤੇ ਸੰਸਥਾਵਾਂ ਆਪੋ ਆਪਣੀ ਮਰਿਆਦਾ ਅਪਨਾ ਰਹੇ ਹਨ, ਪਰ ਇਨ੍ਹਾਂ ਮਰਿਆਦਾਵਾਂ ਨਾਲ ਇੱਕ ਵੱਖਰਾ ਸਿੱਖ ਧਰਮ ਸਥਾਪਤ ਹੋ ਗਿਆ, ਜੋ ਅੰਗਰੇਜ਼ ਹਕੂਮਤ ਦੀ ਮਿਲੀਭੁਗਤ ਅਤੇ ਕਾਨੂੰਨੀ ਮਾਨਤਾ ਨਾਲ ਇਕ ਸੰਸਥਾਗਤ ਧਰਮ ਬਣ ਗਿਆ। ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਜੋ ਸੰਸਥਾ ਸਰਕਾਰ ਆਪਣੇ ਕਾਨੂੰਨ ਨਾਲ ਸਥਾਪਤ ਕਰਦੀ ਹੈ, ਉਸ ਨੂੰ ਸਰਕਾਰ ਨਾਲ ਮਿਲ ਕੇ ਹੀ ਚਲਣਾ ਪੈਂਦਾ ਹੈ। ਸਰਕਾਰ ਦੇ ਵਿਰੋਧ ਵਿਚ ਉਹ ਲੋਕ ਪੱਖੀ ਕਿਵੇਂ ਹੋ ਸਕਦੀ ਹੈ?
ਇਤਿਹਾਸ ਨੂੰ ਦੇਖਿਆਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਪੁਜਾਰੀ ਲੋਕ, ਜੋ ਰਣਜੀਤ ਸਿੰਘ ਦੇ ਰਾਜ ਵੇਲੇ ਉਸ ਹਕੂਮਤ ਦੀ ਤਰਫਦਾਰੀ ਕਰਦੇ ਸਨ, ਜਦੋਂ ਅੰਗਰੇਜਾਂ ਦੀ ਹਕੂਮਤ ਆਈ ਤਾਂ ਉਹ ਇਨ੍ਹਾਂ ਦੀ ਹਮਾਇਤ ਵਿਚ ਵਧ ਚੜ੍ਹ ਕੇ ਨਿਤਰਦੇ ਰਹੇ। ਇਤਿਹਾਸ ਵਿਚੋਂ ਅਨੇਕਾਂ ਘਟਨਾਵਾਂ ਦੇਖੀਆਂ ਜਾ ਸਕਦੀਆਂ ਹਨ, ਪਰ ਇਥੇ ਸਿਰਫ ਦੋ ਘਟਨਾਵਾਂ ਦਾ ਜ਼ਿਕਰ ਕਰਦਾ ਹਾਂ।
ਪਹਿਲੀ ਗਦਰ ਲਹਿਰ ਵੇਲੇ ਦੀ ਹੈ, ਜਦੋਂ ਗਦਰੀ ਯੋਧੇ ਆਪਣੇ ਸਾਰੇ ਸੁਖ ਅਰਾਮ ਅਤੇ ਕਾਰੋਬਾਰ ਛੱਡ ਕੇ ਦੇਸ਼ ਆਜ਼ਾਦ ਕਰਵਾਉਣ ਲਈ ਇਥੇ ਆਏ। ਸਾਡੇ ਉਸ ਵੇਲੇ ਦੇ ਪੁਜਾਰੀਆਂ ਨੇ ਉਨ੍ਹਾਂ ਦੇਸ਼ ਭਗਤਾਂ ਦੀ ਹਮਾਇਤ ਵਿਚ ਲੋਕਾਂ ਨੂੰ ਪ੍ਰੇਰਨ ਦੀ ਥਾਂ ਫਤਵਾ ਜਾਰੀ ਕਰ ਦਿੱਤਾ, ਜਿਸ ਦਾ ਮੁੱਖ ਉਦੇਸ਼ ਸੀ ਕਿ ਇਹ ਕੋਈ ਸਿੱਖ ਨਹੀਂ ਸਗੋਂ ਡਾਕੂ ਤੇ ਲੁਟੇਰੇ ਲੋਕ ਹਨ। ਇਨ੍ਹਾਂ ਦੇਸ਼ ਵਿਰੋਧੀਆਂ ਦੀ ਕੋਈ ਮਦਦ ਨਾ ਕੀਤੀ ਜਾਵੇ। ਇਨ੍ਹਾਂ ਬਾਗੀ ਲੋਕਾਂ ਨੂੰ ਫੜਾ ਕੇ ਸਰਕਾਰ ਦੀ ਮਦਦ ਕੀਤੀ ਜਾਵੇ ਅਤੇ ਦੇਸ਼ ਭਗਤੀ ਦਾ ਸਬੂਤ ਦਿੱਤਾ ਜਾਵੇ।
ਦੂਜੀ ਜੱਲਿਆਂ ਵਾਲੇ ਬਾਗ ਨਾਲ ਸਬੰਧਤ ਹੈ। ਜੱਲਿਆਂ ਵਾਲੇ ਬਾਗ ਦੇ ਸਾਕੇ ਨਾਲ ਸਮੁੱਚਾ ਦੇਸ਼ ਸੋਗਗ੍ਰਸਤ ਹੋਇਆ ਪਿਆ ਸੀ, ਪਰ ਸਾਡੇ ਪੁਜਾਰੀਆਂ ਨੇ ਉਸ ਖੂਨੀ ਸਾਕੇ ਦੇ ਜਿੰਮੇਵਾਰ ਨੂੰ ਹਰਿਮੰਦਿਰ ਸਾਹਿਬ ਵਿਚ ਆਓ ਭਗਤ ਕਰਕੇ ਬਹੁਤ ਹੀ ਪਵਿੱਤਰ ਅਤੇ ਆਦਰਯੋਗ ਸਨਮਾਨ, ਸਿਰਪਾਓ ਨਾਲ ਨਿਵਾਜ਼ਿਆ।
ਸੋ, ਹਾਕਮਾਂ ਅਤੇ ਪੁਜਾਰੀਆਂ ਦੀ ਮਿਲੀਭੁਗਤ ਦਾ ਇਹ ਵਰਤਾਰਾ ਹਮੇਸ਼ਾ ਚਲਦਾ ਰਿਹਾ ਸੀ, ਚਲੀ ਜਾਂਦਾ ਹੈ ਅਤੇ ਚਲਦਾ ਰਹੇਗਾ। ਇਹ ਗੱਲ ਇੱਕ ਉਘੇ, ਨਿੱਧੜਕ ਅਤੇ ਨਿਰਪੱਖ ਪੱਤਰਕਾਰ ਜਤਿੰਦਰ ਸਿੰਘ ਪਨੂੰ ਵਲੋਂ 8 ਸਤੰਬਰ ਦੇ ‘ਪੰਜਾਬ ਟਾਈਮਜ਼’ ਵਿਚ ਲਿਖੇ ਇਕ ਲੇਖ ‘ਰਾਜਨੀਤੀ ਦੇ ਤਖਤ ਲਈ ਪੰਜਾਬ ਦੀ ਜਵਾਨੀ ਦਾ ਘਾਣ’ ਵਿਚੋਂ ਵੀ ਸਪਸ਼ਟ ਹੁੰਦੀ ਹੈ। ਉਹ ਲਿਖਦੇ ਹਨ ਕਿ ਬਹੁਤ ਸਾਲਾਂ ਤੱਕ ਅਸੀਂ ਸੁਣਦੇ ਆਏ ਹਾਂ ਕਿ ਧਰਮ ਤੇ ਰਾਜਨੀਤੀ ਦੇ ਮੇਲ ਨਾਲ ਰਾਜਨੀਤੀ ਕੁਰਾਹੇ ਪੈਣ ਤੋਂ ਬਚੀ ਰਹੇਗੀ ਤੇ ਧਰਮ ਨੂੰ ਜਦੋਂ ਰਾਜਨੀਤੀ ਦੀ ਧਿਰ ਮਿਲੀ ਤਾਂ ਇਹ ਅੱਗੇ ਵਧੇਗਾ। ਅੱਗੇ ਜਾ ਕੇ ਉਹ ਸਪਸ਼ਟ ਕਰਦੇ ਹਨ ਕਿ ਰਾਜ ਕਦੇ ਵੀ ਧਰਮ ਦੇ ਅਧੀਨ ਹੋ ਕੇ ਨਹੀਂ ਚੱਲ ਸਕਿਆ। ਜਦੋਂ ਵੀ ਧਰਮ ਨਾਲ ਰਾਜਨੀਤੀ ਦਾ ਜੋੜ ਜੋੜਨ ਦਾ ਯਤਨ ਕੀਤਾ ਗਿਆ, ਇਹ ਜੋੜ ਅੰਤ ਵਿਚ ਰਾਜ ਦੇ ਪੱਖ ਵਿਚ ਭੁਗਤਿਆ ਤੇ ਅੱਜ ਵੀ ਏਨਾ ਭੁਗਤ ਰਿਹਾ ਹੈ ਕਿ ਮੁਕਤਸਰ ਤੋਂ ਰਾਜ ਪਰਿਵਾਰ ਦੇ ਤੁਰਦੇ ਸਾਰ ਅੰਮ੍ਰਿਤਸਰ ਦਰਬਾਰ ਸਾਹਿਬ ਅੰਦਰ ਉਨ੍ਹਾਂ ਨੂੰ ਬਿਠਾਉਣ ਲਈ ਉਚੇਚੀ ਥਾਂ ਦਾ ਪ੍ਰਬੰਧ ਕੀਤਾ ਜਾਣ ਲੱਗਦਾ ਹੈ|
ਡਾ. ਨਰਿੰਦਰ ਸਿੰਘ ਕਪੂਰ ਉਘੇ ਵਿਦਵਾਨ ਲੇਖਕ ਹਨ। ਉਨ੍ਹਾਂ ਆਪਣੀ ਇੱਕ ਕਿਤਾਬ ‘ਮਾਲਾ ਮਣਕੇ’ ਵਿਚ ਧਰਮਾਂ ਬਾਰੇ ਇੱਕ ਟੂਕ ਲਿਖੀ ਹੈ, “ਅੰਤ ਨੂੰ ਹਰ ਧਰਮ ਨੇ ਭ੍ਰਿਸ਼ਟ-ਕਰਮਕਾਂਡ ਦਾ ਰੂਪ ਧਾਰਨਾ ਹੁੰਦਾ ਹੈ।” ਦੁਨੀਆਂ ਦੇ ਪ੍ਰਮੁੱਖ ਸਥਾਪਤ ਧਰਮਾਂ ਅਤੇ ਅਨੇਕਾਂ ਵੱਡੇ-ਛੋਟੇ ਧਾਰਮਕ ਅਦਾਰਿਆਂ ਦੇ ਇਤਿਹਾਸਕ ਵਿਕਾਸ ਦੀ ਕਹਾਣੀ ਉਨ੍ਹਾਂ ਦੀ ਇਸ ਟੂਕ ਨੂੰ ਸੌ ਫੀਸਦੀ ਸਹੀ ਸਾਬਤ ਕਰਦੀ ਹੈ।
ਸੰਸਾਰ ਦੇ ਸਥਾਪਤ ਧਰਮਾਂ ਦੇ ਹੋਂਦ ਵਿਚ ਆਉਣ ਅਤੇ ਵਿਕਾਸ ਕਰਨ ਦੀ ਕਹਾਣੀ ਲਗਭਗ ਮਿਲਦੀ-ਜੁਲਦੀ ਹੈ। ਇਸ ਨੂੰ ਸਮਝਣ ਲਈ ਅਸੀਂ ਪਿਛਲਾ ਇਤਿਹਾਸ ਦੇਖ ਸਕਦੇ ਹਾਂ। ਜਦੋਂ ਜਦੋਂ ਹਾਕਮਾਂ ਤੇ ਪੁਜਾਰੀਆਂ ਦੀ ਨਾਪਾਕ ਮਿਲੀਭੁਗਤ ਨਾਲ ਲੋਕਾਂ ‘ਤੇ ਰਾਜਸੀ, ਧਾਰਮਕ, ਸਮਾਜਕ ਤੇ ਆਰਥਕ ਲੁੱਟ ਦੀ ਸਿਖਰ ਹੁੰਦੀ ਰਹੀ ਹੈ ਤਾਂ ਲੋਕਾਈ ਨੂੰ ਉਨ੍ਹਾਂ ਦੀ ਲੁੱਟ ਤੋਂ ਮੁਕਤੀ ਵਾਸਤੇ ਅਨੇਕਾਂ ਧਾਰਮਕ ਤੇ ਸਮਾਜ ਸੁਧਾਰ ਲਹਿਰਾਂ ਹੋਂਦ ਵਿਚ ਆਉਂਦੀਆਂ ਰਹੀਆਂ ਹਨ। ਇਨ੍ਹਾਂ ਲਹਿਰਾਂ ਨੂੰ ਦਬਾਉਣ ਲਈ ਇਨ੍ਹਾਂ ਦੇ ਮੁਖੀਆਂ ਤੇ ਕਾਰਕੁਨਾਂ ‘ਤੇ ਅਨੇਕਾਂ ਜ਼ੁਲਮ ਢਾਹੇ ਜਾਂਦੇ ਰਹੇ ਹਨ। ਫਿਰ ਵੀ ਹਾਕਮਾਂ ਅਤੇ ਪੁਜਾਰੀਆਂ ਦੇ ਬੇਇੰਤਹਾ ਜਬਰੋ ਜ਼ੁਲਮ ਦੇ ਬਾਵਜੂਦ ਕੁਝ ਇਕ ਲੋਕ ਲਹਿਰਾਂ ਆਪਣੇ ਲੋਕ ਪੱਖੀ ਅਤੇ ਸਪਸ਼ਟ ਸਿਧਾਂਤਾਂ ਕਰਕੇ ਐਨੀਆਂ ਪ੍ਰਚੰਡ ਹੋ ਜਾਂਦੀਆਂ ਰਹੀਆਂ ਹਨ, ਜੋ ਹਾਕਮਾਂ ਅਤੇ ਪੁਜਾਰੀਆਂ ਦੀਆਂ ਸਭ ਰੋਕਾਂ ਤੋੜ ਕੇ ਰਾਜ ਸੱਤਾ ‘ਤੇ ਵੀ ਕਾਬਜ ਹੋ ਜਾਂਦੀਆਂ ਰਹੀਆਂ ਹਨ।
ਪਿਛਲੇ ਸਮੇਂ ਦੌਰਾਨ ਆਏ ਅਜਿਹੇ ਇਨਕਲਾਬਾਂ ਨੇ ਪੁਜਾਰੀਆਂ ਅਤੇ ਹਾਕਮਾਂ ਦੇ ਨਾਪਾਕ ਗਠਜੋੜ ਪੂਰੀ ਤਰ੍ਹਾਂ ਤਬਾਹ ਕਰਨ ਦੇ ਨਾਲ ਨਾਲ ਰਾਜਨੀਤਕ, ਆਰਥਕ ਅਤੇ ਸਮਾਜਕ ਖੇਤਰਾਂ ਵਿਚ ਅਨੇਕਾਂ ਇਨਕਲਾਬੀ ਤਬਦੀਲੀਆਂ ਲਿਆਂਦੀਆਂ, ਪਰ ਅਫਸੋਸ, ਅਣਗਣਿਤ ਅਸਹਿ ਤੇ ਅਕਹਿ ਜੁਲਮ ਸਹਿ ਕੇ ਅਤੇ ਅਨੇਕਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀਆਂ ਇਹ ਆਜ਼ਾਦੀਆਂ ਲੰਬਾ ਸਮਾਂ ਕਾਇਮ ਨਾ ਰਹਿ ਸਕੀਆਂ। ਰਾਜ ਸੱਤਾ ‘ਤੇ ਕਬਜੇ ਤੋਂ ਸਿਰਫ ਕੁਝ ਇਕ ਦਹਾਕਿਆਂ ਬਾਅਦ ਹੀ ਅੱਗੇ ਤੋਂ, ਜਾਂ ਅੱਗੇ ਤੋਂ ਅੱਗੇ ਨਵੇਂ ਬਣੇ ਹਾਕਮਾਂ ਨੂੰ ਰਾਜ ਗੱਦੀ ਦੀ ਚਕਾਚੌਂਧ ਅਤੇ ਐਸ਼ੋ ਅਰਾਮ ਨੇ ਲੋਕ ਸੇਵਾ ਦੇ ਸੰਕਲਪ ਤੋਂ ਥਿੜਕਾ ਕੇ ਰਾਜਗੱਦੀ ਨੂੰ ਕਾਇਮ ਰੱਖਣ ਵੱਲ ਪ੍ਰੇਰਿਤ ਕਰ ਦਿੱਤਾ, ਜਿਸ ਵਾਸਤੇ ਉਨ੍ਹਾਂ ਨੂੰ ਫਿਰ ਤੋਂ ਪੁਜਾਰੀਆਂ ਦੀ ਲੋੜ ਪਈ। ਇਸ ਤਰ੍ਹਾਂ ਪੁਰਾਣੇ ਧਰਮ ਦੇ ਪੁਜਾਰੀਆਂ ਅਤੇ ਉਸ ਵੇਲੇ ਦੇ ਹਾਕਮਾਂ ਦੇ ਨਾਪਾਕ ਗੱਠਜੋੜ ਦੇ ਵਿਰੋਧ ਵਿਚ ਆਏ ਇਹ ਇਨਕਲਾਬ ਨਵੇਂ ਹਾਕਮਾਂ ਅਤੇ ਨਵੇਂ ਪੁਜਾਰੀਆਂ ਦੀ ਮਿਲੀਭੁਗਤ ਨਾਲ ਹਰ ਵਾਰ ਇਕ ਨਵੇਂ ਨਾਂ ਵਾਲੇ ਨਵੇਂ ਸਥਾਪਤ ਧਰਮ ਦੇ ਹੋਂਦ ਵਿਚ ਆਉਣ ਦਾ ਸਬੱਬ ਬਣਦੇ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਕਰਮ-ਕਾਂਡ ਦੇ ਸਖਤ ਵਿਰੋਧ ਵਿਚ ਗੁਰੂ ਸਾਹਿਬਾਨ ਅਤੇ ਹੋਰ ਮਹਾਂਪੁਰਸ਼ਾਂ ਵਲੋਂ ਲੋਕਾਂ ਦੀ ਆਪਣੀ ਭਾਸ਼ਾ ਵਿਚ ਰਚੀ ਤੇ ਸਪਸ਼ਟ ਬਾਣੀ ਹੋਣ ਦੇ ਬਾਵਜੂਦ ਇਹ ਸੱਚਾ-ਸੁੱਚਾ ਅਤੇ ਨਿਰੋਲ ਧਰਮ ਇੱਕ ਸਥਾਪਤ ਧਰਮ ਵਿਚ ਤਬਦੀਲ ਹੋ ਗਿਆ ਹੈ ਤਾਂ ਦੂਜੇ ਸਥਾਪਤ ਧਰਮ ਵੀ ਇਸੇ ਤਰ੍ਹਾਂ ਹੋਂਦ ਵਿਚ ਆਏ ਹੋਣਗੇ, ਜਦਕਿ ਉਨ੍ਹਾਂ ਦੇ ਮਹਾਂਪੁਰਖਾਂ ਦੇ ਰਚੇ ਗ੍ਰੰਥਾਂ ਦੀ ਸਿੱਖਿਆ ਸੱਚੇ-ਸੁੱਚੇ ਧਰਮ ਵਾਲੀ ਹੀ ਹੋਵੇਗੀ। ਭਗਤ ਕਬੀਰ ਦੀ ਬਾਣੀ ਦਾ ਇਕ ਸ਼ਬਦ, ‘ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ’ ਇਸੇ ਸੱਚਾਈ ਦਾ ਉਪਦੇਸ਼ ਦਿੰਦਾ ਹੈ।
ਜਦੋਂ ਇਕ ਵਾਰ ਨਵਾਂ ਧਰਮ ਸਥਾਪਤ ਹੋ ਗਿਆ, ਫਿਰ ਇਸ ਵਿਚ ਉਹ ਸੱਭੇ ਕੁਰੀਤੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੋ ਉਸ ਤੋਂ ਪਹਿਲਾਂ ਵਾਲੇ ਧਰਮ ਵਿਚ ਮੌਜੂਦ ਸਨ। ਅਖੀਰ ਇਹ ਨਵਾਂ ਸਥਾਪਤ ਧਰਮ ਵੀ ਭ੍ਰਿਸ਼ਟ ਕਰਮ-ਕਾਂਡ ਦਾ ਰੂਪ ਧਾਰ ਲੈਂਦਾ ਹੈ। ਇਹ ਨਵਾਂ ਸਥਾਪਤ ਧਰਮ ਇਸ ਦੇ ਪੁਜਾਰੀਆਂ ਲਈ ਅੰਤਾਂ ਦੀ ਅੰਨੀ ਕਮਾਈ ਦਾ ਸੋਮਾ ਤਾਂ ਬਣਦਾ ਹੀ ਹੈ, ਹਾਕਮਾਂ ਲਈ ਵੀ ਲੋਕਾਂ ਨੂੰ ਕਾਬੂ ਵਿਚ ਰੱਖ ਕੇ ਲੁੱਟਣ ਤੇ ਕੁੱਟਣ ਦਾ ਵਧੀਆ ਅਤੇ ਸਸਤਾ ਹਥਿਆਰ ਸਾਬਤ ਹੁੰਦਾ ਹੈ। ਪੂਜਾ ਦੀ ਅੰਤਾਂ ਦੀ ਅੰਨੀ ਕਮਾਈ ਕਾਰਨ ਕਾਬਜ ਪੁਜਾਰੀਆਂ ਦਾ ਭ੍ਰਿਸ਼ਟ ਅਤੇ ਆਚਰਣਹੀਣ ਹੋ ਜਾਣਾ ਇਕ ਆਮ ਵਰਤਾਰਾ ਹੈ। ਉਨ੍ਹਾਂ ਦਾ ਠਾਠ ਬਾਠ ਵਾਲਾ ਸ਼ਾਹੀ ਰਹਿਣ-ਸਹਿਣ ਦੂਜੇ ਪੁਜਾਰੀਆਂ ਨੂੰ ਲਲਚਾਉਂਦਾ ਹੈ। ਇਸ ਲਈ ਕਾਬਜ ਪੁਜਾਰੀਆਂ ਦੇ ਭ੍ਰਿਸ਼ਟ ਅਤੇ ਆਚਰਣਹੀਣ ਕਾਰਨਾਮੇ ਪ੍ਰਚਾਰ ਕੇ ਉਨ੍ਹਾਂ ਤੋਂ ਧਾਰਮਕ ਕੇਂਦਰਾਂ ਨੂੰ ਆਜ਼ਾਦ ਕਰਵਾਉਣ ਅਤੇ ਸੁਧਾਰਾਂ ਦੇ ਨਾਂ ‘ਤੇ ਆਪਣਾ ਕਬਜਾ ਕਰਨ ਦੇ ਮੁਕਾਬਲੇ ਚਲਦੇ ਹਨ, ਕਦੇ ਉਹ ਅੱਗੇ ਅਤੇ ਕਦੇ ਉਹ, ਭਾਵ ਪੁਜਾਰੀ ਬਦਲਦੇ ਰਹਿੰਦੇ ਹਨ। ਕੁਝ ਪੁਜਾਰੀ ਕਿਸਮ ਦੇ ਲੋਕ, ਜੋ ਪਹਿਲਾਂ ਤੋਂ ਕਾਬਜ ਪੁਜਾਰੀਆਂ ਦਾ ਮੁਕਾਬਲਾ ਕਰਨ ਜੋਗੇ ਨਹੀਂ ਹੁੰਦੇ, ਉਹ ਆਪਣੇ ਆਪਣੇ ਫਿਰਕੇ ਜਾਂ ਸੰਸਥਾਵਾਂ ਬਣਾ ਕੇ ਕੰਮ ਚਲਾ ਲੈਂਦੇ ਹਨ। ਇਸ ਤਰ੍ਹਾਂ ਕਿਸੇ ਵੀ ਧਰਮ ਦੇ ਸਥਾਪਤ ਹੋਣ ‘ਤੇ ਛੇਤੀ ਹੀ ਉਸ ਦੇ ਅਨੇਕਾਂ ਧੜੇ ਬਣ ਜਾਂਦੇ ਹਨ ਅਤੇ ਹਰ ਧੜਾ ਆਪਣੇ ਆਪ ਨੂੰ ਧਰਮ ਦਾ ਅਸਲੀ ਵਾਰਸ ਗਰਦਾਨਦਾ ਹੈ।
ਸਥਾਪਤ ਧਰਮਾਂ ਦੀ ਅਖੌਤੀ ਪਵਿੱਤਰਤਾ ਬਰਕਰਾਰ ਰੱਖਣ ਅਤੇ ਸੁਧਾਰ ਲਿਆਉਣ ਦੇ ਨਾਂ ‘ਤੇ ਅਣਗਿਣਤ ਕੁਰਬਾਨੀਆਂ ਤਾਂ ਆਮ ਲੋਕਾਂ ਤੇ ਪੈਰੋਕਾਰਾਂ ਨੂੰ ਦੇਣੀਆਂ ਪੈਂਦੀਆਂ ਹਨ, ਪਰ ਇਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਜੀਵਨ ਪੱਧਰ ਵਿਚ ਕੋਈ ਸੁਧਾਰ ਨਹੀਂ ਹੁੰਦਾ। ਉਹ ਤਾਂ ਸਗੋਂ, ਸਾਨ੍ਹਾਂ ਦੇ ਭੇੜ ਵਿਚ ਵਾੜਾਂ ਦੀ ਕੁਵਖਤੀ ਅਨੁਸਾਰ ਸਿਰਫ ਬਲੀ ਦੇ ਬੱਕਰੇ ਹੀ ਬਣਦੇ ਰਹਿੰਦੇ ਹਨ।
ਸਮੁੱਚੇ ਸੰਸਾਰ ਦਾ ਧਾਰਮਕ ਇਤਿਹਾਸ ਦੇਖਿਆਂ ਇਹੀ ਲੱਗਦਾ ਹੈ ਕਿ ਸੰਸਾਰ ਭਰ ਦੇ ਮਹਾਪੁਰਖਾਂ ਨੇ ਸਮੇਂ ਸਮੇਂ ਲੋਕਾਂ ਨੂੰ ਕਰਾਮਾਤਾਂ, ਅੰਧਵਿਸ਼ਵਾਸਾਂ ਤੇ ਫੋਕੇ ਕਰਮ-ਕਾਂਡ ਦੇ ਜੰਜਾਲ ਵਿਚੋਂ ਕੱਢ ਕੇ ਅਤੇ ਜਾਗ੍ਰਿਤ ਕਰਕੇ ਇਨਸਾਨੀਅਤ ਦੇ ਰਾਹ ‘ਤੇ ਚੱਲਣ ਵਾਸਤੇ ਪ੍ਰੇਰਨ ਲਈ ਆਪਣਾ ਪੂਰਾ ਜੀਵਨ ਲਾ ਦਿੱਤਾ, ਪਰ ਸਾਡੀ ਇਹ ਬਦਕਿਸਮਤੀ ਰਹੀ ਕਿ ਉਹ ਲਹਿਰਾਂ ਅੰਤ ਵਿਚ ਸਥਾਪਤ ਧਰਮਾਂ ਵਿਚ ਤਬਦੀਲ ਹੁੰਦੀਆਂ ਰਹੀਆਂ ਅਤੇ ਮਨੁੱਖ ਉਸੇ ਤਰ੍ਹਾਂ ਹਰ ਵਾਰ ਕਰਾਮਾਤਾਂ, ਅੰਧਵਿਸ਼ਵਾਸਾਂ ਤੇ ਫੋਕੇ ਕਰਮ-ਕਾਂਡ ਦੇ ਜਾਲ ਵਿਚ ਫਸਦਾ ਰਿਹਾ ਹੈ। ਇਸ ਸਮੇਂ ਸੰਸਾਰ ਵਿਚ ਅਨੇਕਾਂ ਧਰਮ ਹਨ ਅਤੇ ਉਨ੍ਹਾਂ ਦੇ ਅਣਗਿਣਤ ਪੈਰੋਕਾਰ ਹਨ| ਹਰ ਇਕ ਨੂੰ ਆਪੋ-ਆਪਣੀ ਆਸਥਾ ਅਨੁਸਾਰ ਆਪੋ-ਆਪਣਾ ਧਰਮ ਮੰਨਣ ਦਾ ਪੂਰਾ ਪੂਰਾ ਹੱਕ ਹੈ। ਹਰ ਇਕ ਨੂੰ ਇਹ ਹੱਕ ਦੂਜੇ ਧਰਮਾਂ ਵਾਲਿਆਂ ਨੂੰ ਵੀ ਦੇਣਾ ਬਣਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਮਹਾਂਪੁਰਖਾਂ ਵਲੋਂ ਦਰਸਾਏ ਇਨਸਾਨੀਅਤ ਦੇ ਰਾਹ ‘ਤੇ ਚੱਲੀਏ। ਗੁਰੂ ਜੀ ਨੇ ਮੁਸਲਮਾਨ ਨੂੰ ਜਿਸ ਤਰ੍ਹਾਂ ਦੀ ਨਮਾਜ ਅਤੇ ਹਿੰਦੂ ਨੂੰ ਜਿਸ ਤਰ੍ਹਾਂ ਦਾ ਜਨੇਊ ਪਾਉਣ ਦਾ ਉਪਦੇਸ਼ ਦਿੱਤਾ ਹੈ, ਉਹ ਇਨਸਾਨੀਅਤ ਦਾ ਰਾਹ ਦਸੇਰਾ ਹੈ। ਗੁਰੂ ਜੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਜੇ ਸਮੁੱਚੀ ਮਾਨਵ ਜਾਤੀ ਨੂੰ ਦੇਣਾ ਹੋਵੇ ਤਾਂ ਕਹਿ ਸਕਦੇ ਹਾਂ:
ਹਰ ਮਾਨੁੱਖ ਨੋ ਲੋੜੀਐ
ਪਹਿਲਾ ਸੱਚ ਦੂਜਾ ਹੱਕ ਹਲਾਲ ਕਰੇ।
ਤੀਜਾ ਭਲਾ ਸਰਬੱਤ ਦਾ ਲੋੜੀਐ
ਚੌਥਾ ਨੇਕ ਕਮਾਈ ਪੰਜਵਾਂ ਹਿਰਦੈ ਧਿਆਨ ਧਰੇ।
ਜੋ ਇਹ ਨੇਮ ਕਮਾਵੈ ਤਾਂ ਇਨਸਾਨ ਕਹਾਵੈ
ਨਹੀਂ ਤਾਂ ਕੂੜੋ ਕੂੜੀ ਢੌਂਗ ਫਰੇਬ ਮੱਕਾਰ ਕਰੇ।
ਮੇਰੀ ਬੇਨਤੀ ਹੈ ਕਿ ਅਸੀਂ ਆਪਣੀ ਆਪਣੀ ਆਸਥਾ ਆਪਣੇ ਆਪਣੇ ਅਨੁਸਾਰ ਰੱਖਦਿਆਂ ਇਨਸਾਨ ਬਣਨ ਦਾ ਨਿਸਚਾ ਕਰੀਏ ਤਾਂ ਕਿ ਅਸੀਂ ਭਰਾ ਮਾਰੂ ਜੰਗਾਂ ਤੋਂ ਬਚ ਸਕੀਏ ਅਤੇ ਇਹ ਸਮੁੱਚਾ ਸੰਸਾਰ ਬੇਗਮਪੁਰਾ ਬਣਨ ਦੇ ਰਾਹ ਪੈ ਜਾਵੇ| ਇਹੀ ਸਾਡੀ ਸੰਸਾਰ ਭਰ ਦੇ ਮਹਾਂਪੁਰਖਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।