ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਮੀਰੀ-ਪੀਰੀ ਦਾ ਸਿਧਾਂਤ ਬੜਾ ਵਿਲੱਖਣ ਹੈ। ਇਸ ਤਹਿਤ ਸਿਆਸਤ, ਧਰਮ ਦੇ ਅਧੀਨ ਹੋ ਕੇ ਚੱਲਦੀ ਹੈ ਪਰ ਜਦੋਂ ਸ਼੍ਰੋਮਣੀ ਅਕਾਲ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਪੰਜਾਬ ਵਿਚ ਮਿਲੀ ਸੱਤਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਕ ਸੰਸਥਾਵਾਂ ਅੰਦਰ ਬਹੁਤ ਬੁਰੀ ਤਰ੍ਹਾਂ ਸਿਆਸਤ ਵਾੜ ਦਿੱਤੀ ਤਾਂ ਲੀਡਰਸ਼ਿਪ ਉਤੇ ਸਵਾਲਾਂ ਦੀ ਵਾਛੜ ਹੋਣ ਲੱਗੀ। ਇਸ ਲੀਡਰਸ਼ਿਪ ਨੇ ਧਰਮ ਨੂੰ ਆਧਾਰ ਬਣਾ ਕੇ ਅਜਿਹੀ ਸਿਆਸਤ ਦਾ ਮੁਜਾਹਰਾ ਕੀਤਾ ਕਿ ਅੱਜ ਤਕਰੀਬਨ ਹਰ ਸਿੱਖ ਸੰਸਥਾ ਦਾ ਵੱਕਾਰ ਦਾਅ ਉਤੇ ਲੱਗਾ ਨਜ਼ਰ ਆਉਂਦਾ ਹੈ। ਇਸ ਸੰਕਟ ਦੇ ਹੱਲ ਲਈ ਗਾਹੇ-ਬਗਾਹੇ ਕਈ ਸਿੱਖ ਵਿਦਵਾਨ ਅਤੇ ਚਿੰਤਕ ਆਪੋ-ਆਪਣੀ ਰਾਏ ਜਾਹਰ ਕਰਦੇ ਰਹੇ ਹਨ।

ਇਸ ਲੇਖ ਵਿਚ ਪੰਜਾਬ ਦੀ ਉਘੀ ਸ਼ਖਸੀਅਤ ਅਤੇ ਬਠਿੰਡਾ ਸਥਿਤ ਕੇਂਦਰੀ ਯੂਨੀਵਰਸਿਟੀ, ਪੰਜਾਬ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਨੇ ਸਿੱਖ ਸਿਧਾਂਤਾਂ ਦੀ ਭਾਵਨਾ ਮੁਤਾਬਕ ਧਰਮ ਅਤੇ ਸਿਆਸਤ ਦੇ ਆਪਸੀ ਰਿਸ਼ਤੇ ਬਾਰੇ ਪੜਚੋਲ ਕਰਦਿਆਂ ਸਿੱਖ ਸਮਾਜ ਨੂੰ ਸੰਕਟ ਵਿਚੋਂ ਕੱਢਣ ਲਈ ਕੁਝ ਸੁਝਾਅ ਦਿੱਤੇ ਹਨ, ਜੋ ਅਸੀਂ ਆਪਣੇ ਸੂਝਵਾਨ ਪਾਠਕਾਂ ਲਈ ਛਾਪ ਰਹੇ ਹਾਂ ਤਾਂ ਕਿ ਇਸ ਅਹਿਮ ਮਸਲੇ ਬਾਰੇ ਬਹਿਸ ਅਗਾਂਹ ਤੋਰੀ ਜਾ ਸਕੇ। -ਸੰਪਾਦਕ

ਸਰਦਾਰਾ ਸਿੰਘ ਜੌਹਲ
ਚਾਂਸਲਰ, ਕੇਂਦਰੀ ਯੂਨੀਵਰਸਿਟੀ, ਪੰਜਾਬ।

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ। ਮੀਰੀ-ਪੀਰੀ ਦੇ ਸਿਧਾਂਤ ਦੀ ਪਹਿਰੇਦਾਰੀ ਸਾਡੇ ਅਕਾਲ ਤਖਤ ਦੀ ਪਹਿਰੇਦਾਰੀ ਹੈ। ਸਿੱਖ ਸਮਾਜ ਵਿਚ ਅਕਾਲ ਤਖਤ ਦੀ ਉਚਤਾ ਇਸਾਈ ਧਰਮ ਦੇ ਪੋਪ ਤੋਂ ਵੀ ਅਸੂਲੀ ਤੌਰ ‘ਤੇ ਵਧ ਹੈ। ਪੋਪ ਤਾਂ ਸਿਰਫ ਇਸਾਈ ਧਰਮ ਦਾ ਹੀ ਵਾਚਕ/ਰਾਖਾ ਹੈ, ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਰਮ ਤੇ ਪੰਥ ਦਾ ਸਰਬਉਚ ਸਥਾਨ ਤਾਂ ਹੈ ਹੀ, ਇਸ ਦੇ ਨਾਲ ਹੀ ਮਨੁੱਖੀ ਏਕਤਾ, ਪ੍ਰਫੁਲਤਾ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਜ਼ਾਮਨ ਤੇ ਪਹਿਰੇਦਾਰ ਵੀ ਹੈ।
ਸਭ ਤੋਂ ਪਹਿਲਾਂ ਅਜੋਕੇ ਹਾਲਾਤ ਵਿਚ ਮੀਰੀ-ਪੀਰੀ ਦੇ ਸਿਧਾਂਤ ਨੂੰ ਵਿਚਾਰਨ ਦੀ ਲੋੜ ਹੈ:
ਪਹਿਲੀ ਗੱਲ, ਗੁਰੂ ਸਾਹਿਬਾਨ ਦੇ ਸਮੇਂ ਸਿੱਖ ਸਮਾਜ ਛੋਟਾ ਜਿਹਾ ਸਮਾਜ ਸੀ ਤੇ ਸਿਰਫ ਪੰਜਾਬ ਵਿਚ ਹੀ ਸੀ। ਗੁਰੂ ਸਾਹਿਬ ਆਪ ਇਸ ਸਮਾਜ ਦੇ ਮਾਲਕ, ਪ੍ਰਬੰਧਕ ਅਤੇ ਮਾਰਗ ਦਰਸ਼ਕ ਸਨ। ਮਿਲ ਬੈਠਣਾ ਅਤੇ ਫੈਸਲੇ ਕਰਨਾ ਆਸਾਨ ਸੀ। ਉਸ ਤੋਂ ਪਿਛੋਂ ਅਕਾਲੀ ਫੂਲਾ ਸਿੰਘ ਵਰਗੇ ਸੂਰਮੇ ਵੀ ਅਕਾਲ ਤਖਤ ਦੇ ਜਥੇਦਾਰ ਰਹੇ ਹਨ, ਜਿਨ੍ਹਾਂ ਤੋ ਮਹਾਰਾਜਾ ਰਣਜੀਤ ਸਿੰਘ ਵੀ ਭੈਅ ਖਾਂਦਾ ਸੀ ਅਤੇ ਆਪਣੀ ਪਿਠ ਉਤੇ ਕੋੜੇ ਖਾਣ ਲਈ ਤਿਆਰ ਹੋ ਗਿਆ ਸੀ।
ਦੂਜੇ, ਉਸ ਵਕਤ ਕੋਈ ਲੋਕਤੰਤਰ ਨਹੀਂ ਸੀ ਅਤੇ ਅੱਜ ਵਾਂਗੂੰ ਸਿਆਸੀ ਪਾਰਟੀਆਂ ਚੋਣਾਂ ਨਹੀਂ ਸਨ ਲੜਦੀਆਂ।
ਤੀਜੇ ਅੱਜ ਸਿੱਖ ਕਿਸੇ ਇਕ ਪਾਰਟੀ ਵਿਚ ਮਹਿਦੂਦ ਨਹੀਂ ਸਗੋਂ ਕਰੀਬ ਹਰ ਪਾਰਟੀ ਵਿਚ ਮੌਜੂਦ ਹਨ।
ਚੌਥੇ, ਸਿੱਖ ਸਿਰਫ ਪੰਜਾਬ ਵਿਚ ਹੀ ਨਹੀਂ, ਸਗੋਂ ਸਾਰੇ ਹਿੰਦੋਸਤਾਨ ਅਤੇ ਪਰਦੇਸਾਂ ਵਿਚ ਵੀ ਵਸੇ ਹੋਏ ਤੇ ਕਾਰਜਸ਼ੀਲ ਹਨ। ਸ਼ਾਇਦ ਹੀ ਕੋਈ ਦੇਸ਼ ਹੋਵੇ, ਜਿਥੇ ਕੋਈ ਸਿੱਖ ਨਾ ਹੋਵੇ।
ਅੱਜ ਸਥਿਤੀ ਬਹੁਤ ਬਦਲ ਚੁਕੀ ਹੈ। ਅੱਜ ਦੇ ਸਿਆਸੀ ਮਾਹੌਲ ਵਿਚ ਕੋਈ ਇਕ ਸਿਆਸੀ ਪਾਰਟੀ ਸਿੱਖ ਸਮਾਜ ਦੀ ਪ੍ਰਤੀਨਿਧ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਇਸ ਦੀ ਆੜ ਵਿਚ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਉਤੇ ਕਬਜ਼ਾ ਜਮਾਉਣ ਦਾ ਹੱਕ ਨਹੀਂ ਰਖਦੀ। ਪਰ ਜਿਸ ਪਾਰਟੀ ਦੇ ਨੁਮਾਇੰਦਿਆਂ ਨੂੰ ਬਹੁਗਿਣਤੀ ਵਿਚ ਵੋਟਾਂ ਪਾ ਕੇ ਸਿੱਖ ਚੁਣ ਲੈਣ, ਉਹ ਇਹ ਭੁਲੇਖਾ ਪਾ ਸਕਦੀ ਹੈ। ਇਸ ਗੱਲ ਤੋਂ ਜਾਗਰੂਕ ਰਹਿਣਾ ਜ਼ਰੂਰੀ ਹੈ।
ਅੱਜ ਦੀ ਸਿਆਸਤ, ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਮੀਰੀ (ਸਿਆਸਤ) ਅਤੇ ਪੀਰੀ (ਧਰਮ) ਇਕੱਠੇ ਨਹੀਂ ਚਲ ਸਕਦੇ। ਵਿਧਾਨ ਮੁਤਾਬਕ ਕੋਈ ਵੀ ਸਿਆਸੀ ਪਾਰਟੀ ਧਰਮ ਦੇ ਮੰਚ ਤੋਂ ਚੋਣਾਂ ਨਹੀਂ ਲੜ ਸਕਦੀ, ਪਰ ਸਿੱਖ ਸਮਾਜ ਵਿਚ ਮੀਰੀ-ਪੀਰੀ ਦੇ ਸਿਧਾਂਤ ਨੂੰ ਤਿਲਾਂਜਲੀ ਵੀ ਨਹੀਂ ਦਿੱਤੀ ਜਾ ਸਕਦੀ, ਇਸ ਲਈ ਇਸ ਸਿਧਾਂਤ ਬਾਰੇ ਪੁਨਰ ਵਿਚਾਰ ਕਰਕੇ, ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇਕ ਥਾਂ ਕਰਕੇ, ਕਿਸੇ ਇਕ ਸਿਆਸੀ ਪਾਰਟੀ ਦੀ ਇਜਾਰੇਦਾਰੀ ਵੀ ਕਬੂਲ ਨਹੀਂ ਕੀਤੀ ਜਾ ਸਕਦੀ।
ਇਹੋ ਕਾਰਨ ਹੈ ਕਿ ਇਸ ਸਿਧਾਂਤ ਦੀ ਆੜ ਵਿਚ ਇਕ ਸਿਆਸੀ ਪਾਰਟੀ ਨੇ ਸਾਰੀਆਂ ਹੀ ਸਿੱਖ ਸੰਸਥਾਵਾਂ ਦਾ ਸਿਆਸੀਕਰਨ ਕਰਕੇ ਸਿੱਖ ਸਮਾਜ ਦੀ ਪ੍ਰਤੀਬਧਤਾ ਅਤੇ ਵੱਕਾਰ ਉਤੇ ਸੱਟ ਹੀ ਨਹੀਂ ਮਾਰੀ ਸਗੋਂ ਵਿਅਕਤੀਗਤ ਕਬਜ਼ਾ ਕਰਕੇ ਇਨ੍ਹਾਂ ਸੰਸਥਾਵਾਂ ਨੂੰ ਨਿਗੂਣਾ ਤੇ ਅਸਰਹੀਣ ਬਣਾ ਦਿੱਤਾ ਹੈ। ਸੱਚ ਕਹਾਂ ਤਾਂ ਅੱਜ ਸਾਡੀਆਂ ਧਾਰਮਕ ਸੰਸਥਾਵਾਂ ਦੀ ਹਾਲਤ ਪੁਰਾਣੇ ਮਸੰਦਾਂ ਦੇ ਕਬਜ਼ੇ ਵਾਲੀ ਹਾਲਤ ਦੇ ਨੇੜੇ-ਤੇੜੇ ਹੀ ਪਹੁੰਚ ਗਈ ਹੈ। ਸਿੱਖ ਕੌਮ ਦੇ ਸੂਰਮਿਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਦਾ ਇਲਾਜ ਕੀ ਹੈ ਅਤੇ ਇਹ ਸਥਿਤੀ ਸੁਧਰ ਕਿਵੇਂ ਸਕਦੀ ਹੈ? ਮੀਰੀ-ਪੀਰੀ ਦੇ ਸਿਧਾਂਤ ਨੂੰ ਅਜੋਕੇ ਹਾਲਾਤ ਵਿਚ ਅਸਰਦਾਰ ਕਰਨ ਲਈ ਜ਼ਰੂਰੀ ਬਣਦਾ ਹੈ ਕਿ ਅਕਾਲ ਤਖਤ ਦੀ ਉਚਤਾ, ਸ਼ਕਤੀ ਅਤੇ ਅਧਿਕਾਰ ਖੇਤਰ ਨੂੰ ਪੂਰੀ ਤਰ੍ਹਾਂ ਪਰਿਭਾਸ਼ਤ ਕਰਕੇ ਇਸ ਅਨੁਸਾਰ ਪ੍ਰਬੰਧ ਦੀ ਸਿਰਜਣਾ ਕੀਤੀ ਜਾਵੇ। ਇਸ ਦੇ ਪ੍ਰਬੰਧ ਨੂੰ ਸਿੱਖ ਸਮਾਜ ਤੇ ਮਨੁੱਖੀ ਭਾਈਚਾਰੇ ਦੇ ਸਰੋਕਾਰਾਂ ਦੇ ਅਨੁਕੂਲ ਉਸਾਰਿਆ ਜਾਵੇ ਤਾਂ ਜੋ ਸ੍ਰੀ ਅਕਾਲ ਤਖਤ ਦਾ ਸਿੱਖ ਸਮਾਜ ਵਿਚ ਬਣਦਾ ਸਨਮਾਨ ਸੁਰਖਿਅਤ ਕੀਤਾ ਜਾ ਸਕੇ। ਸ੍ਰੀ ਅਕਾਲ ਤਖਤ ਦੀ ਪਕੜ ਧਾਰਮਕ, ਆਰਥਕ, ਸਮਾਜਕ, ਵਿਦਿਅਕ, ਰਾਜਨੀਤਕ ਹੋ ਸਕੇਗੀ, ਜੇ ਇਸ ਦਾ ਜਥੇਦਾਰ ਸਿੰਘ ਸਾਹਿਬ ਇਕ ਉਚ ਕੋਟੀ ਦੇ ਵਿਦਵਾਨ, ਉਚ ਕੋਟੀ ਦੇ ਪ੍ਰਬੰਧਕ, ਰਹਿਤ-ਮਰਿਆਦਾ ਅਤੇ ਕਿਰਦਾਰ ਦੀ ਜਿਉਂਦੀ ਜਾਗਦੀ, ਚਲਦੀ ਫਿਰਦੀ ਮੂਰਤ ਤੇ ਸਵੈਮਾਣ ਦੀ ਮਿਸਾਲੀ ਸ਼ਖਸੀਅਤ ਹੋਵੇ। ਪੱਖਪਾਤ ਉਨ੍ਹਾਂ ਦੇ ਨੇੜਿਉਂ ਦੀ ਨਾ ਲੰਘਿਆ ਹੋਵੇ। ਬਹੁਤ ਜ਼ਰੂਰੀ ਹੈ ਕਿ ਕਿਸੇ ਇਕ ਸੰਸਥਾ ਦਾ ਵਿਅਕਤੀ ਨਿਯੁਕਤ ਨਾ ਕੀਤਾ ਹੋਵੇ ਅਤੇ ਉਸ ਦੀ ਹੈਸੀਅਤ ਇਕ ਮੁਲਾਜ਼ਮ ਵਾਲੀ ਨਾ ਹੋਵੇ।
ਜਥੇਦਾਰ ਅਤੇ ਪੰਜ ਪਿਆਰਿਆਂ ਦੀ ਨਿਯੁਕਤੀ ਦੀ ਵਿਧੀ ਕੀ ਹੋਵੇ?
ਪਹਿਲੀ ਗੱਲ, ਸਿੱਖ ਸਮਾਜ ਦੇ ਮਾਣਮੱਤੇ ਉਚਤਮ ਅਸਥਾਨ ਵਾਸਤੇ ਜਥੇਦਾਰ ਸਿੰਘ ਸਾਹਿਬ ਉਪਰ ਦੱਸੀਆਂ ਸਿਫਤਾਂ ਦੇ ਮਾਲਕ ਦੀ ਚੋਣ ਇਕ ‘ਕੁਲਿਜੀਅਮ’ ਰਾਹੀਂ ਹੋਵੇ ਜੋ ਸਿੱਖਾਂ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦਾ ਹੋਵੇ। ਇਸ ਕੁਲਿਜੀਅਮ ਵਿਚ ਇਕਵੰਜਾ ਨੁਮਾਇੰਦੇ ਇੰਜ ਹੋ ਸਕਦੇ ਹਨ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 11
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 3
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 4
ਚਾਰ ਤਖਤਾਂ ਦੀਆਂ ਕਮੇਟੀਆਂ ਦੇ ਨੁਮਾਇੰਦੇ 4 ਜਰਬ 3=12
ਅਮਰੀਕਾ ਦੇ ਗੁਰਦੁਆਰੇ 4
ਕੈਨੇਡਾ ਦੇ ਗੁਰਦੁਆਰੇ 4
ਯੂਨਾਈਟਿਡ ਕਿੰਗਡਮ ਦੇ ਗੁਰਦੁਆਰੇ 5
ਯੂਰਪ ਦੇ ਗੁਰਦੁਆਰੇ 2
ਥਾਈਲੈਂਡ ਦੇ ਗੁਰਦੁਆਰੇ 1
ਦੂਸਰੇ ਹੋਰ 5
ਕੁਲ 51
ਇਹ ਗਿਣਤੀ ਘੱਟ-ਵਧ ਵੀ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਸਭ ਤੋਂ ਵਧ ਹੋਵੇ ਪਰ ਬਹੁਮਤ ਨਾ ਹੋਵੇ। ਇਨ੍ਹਾਂ ਨੁਮਾਇੰਦਿਆਂ ਨੂੰ ਪੋਪ ਦੀ ਚੋਣ ਵਾਂਗ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੰਦ ਕਰ ਦਿੱਤਾ ਜਾਏ। ਪਰ ਓਨੀ ਦੇਰ ਬਾਹਰ ਨਾ ਨਿਕਲ ਸਕਣ ਜਦੋਂ ਤਕ ਪੰਜਾਂ ਤਖਤਾਂ ਦੇ ਜਥੇਦਾਰ ਸਿੰਘ ਸਾਹਿਬ ਅਤੇ ਹਰ ਤਖਤ ਦੇ ਪੰਜ ਪਿਆਰੇ ਸਰਬਸੰਮਤੀ ਨਾਲ ਚੁਣੇ ਨਾ ਜਾਣ। ਇਸ ਵਿਧੀ ਨਾਲ ਇਨ੍ਹਾਂ ਤਖਤਾਂ ਦੇ ਜਥੇਦਾਰਾਂ ਅਤੇ ਪੰਜ ਪਿਆਰਿਆਂ ਉਤੇ ਕਿਸੇ ਸੰਸਥਾ ਜਾਂ ਵਿਅਕਤੀ ਦਾ ਪ੍ਰਭਾਵ ਜਾਂ ਦਬਾਓ ਨਹੀਂ ਰਹਿ ਜਾਂਦਾ।
ਪੰਜ ਪਿਆਰਿਆਂ ਨੂੰ ਗੁਰੂ ਮਹਾਰਾਜ ਨੇ ਆਪਣੇ ਤੋਂ ਉਚਾ ਸਥਾਨ ਦਿੱਤਾ ਹੈ। ਇਹ ਪੰਜ ਪਿਆਰਿਆਂ ਦਾ ਹੁਕਮ ਹੀ ਸੀ, ਜੋ ਦਸਮ ਪਾਤਸ਼ਾਹ ਨੂੰ ਗੜ੍ਹੀ ਛੱਡਣੀ ਪਈ। ਇਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਪੰਜਾਂ ਹੀ ਤਖਤਾਂ ਅਤੇ ਜਥੇਦਾਰ ਸਿੰਘ ਸਾਹਿਬ ਦੇ ਨਿਗਰਾਨ ਤੇ ਸਹਾਇਕ ਮੰਨਿਆ ਜਾਏ। ਨਾ ਹੀ ਇਨ੍ਹਾਂ ਤਖਤਾਂ ਦੇ ਜਥੇਦਾਰ ਅਤੇ ਨਾ ਹੀ ਇਹ ਪੰਜ ਪਿਆਰੇ ਕਿਸੇ ਵੀ ਸੰਸਥਾ ਦੇ ਮੁਲਾਜ਼ਮ ਸਮਝੇ ਜਾਣ। ਇਸ ਵਿਧੀ ਨਾਲ ਚੁਣੀਆਂ ਇਹ ਉਚਤਮ ਹਸਤੀਆਂ ਕਿਸੇ ਦੀਆਂ ਨਿਯੁਕਤ ਕੀਤੀਆਂ ਅਸਾਮੀਆਂ ਨਹੀਂ ਰਹਿ ਜਾਂਦੀਆਂ।
ਬਦਕਿਸਮਤੀ ਇਹ ਕਿ ਸਿੱਖ ਸਮਾਜ ਦੀਆਂ ਇਨ੍ਹਾਂ ਸਿਰਮੌਰ ਸ਼ਖਸੀਅਤਾਂ ਨਾਲ ਪਿਛਲੇ ਸਮੇਂ ਵਿਚ ਮੁਲਾਜ਼ਮਾਂ ਵਾਂਗੂੰ ਸਲੂਕ ਕੀਤਾ ਗਿਆ ਹੈ। ਪੰਜ ਪਿਆਰੇ ਮੁਅੱਤਲ ਕਰ ਦਿੱਤੇ, ਤਬਦੀਲ ਕਰ ਦਿੱਤੇ, ਨੌਕਰੀਓਂ ਕੱਢ ਦਿੱਤੇ ਗਏ। ਇਸ ਤੋਂ ਵਧ ਇਤਰਾਜ਼ਯੋਗ ਵਰਤਾਰਾ ਹੋਰ ਕੀ ਹੋ ਸਕਦਾ ਹੈ?
ਦੂਜੇ ਪਾਸੇ ਅਕਾਲ ਤਖਤ ਦਾ ਜਥੇਦਾਰ ਸਿੰਘ ਸਾਹਿਬ ਐਸਾ ਨਹੀਂ ਹੋਣਾ ਚਾਹੀਦਾ, ਜੋ ਕਿਸੇ ਦਬਾਅ ਹੇਠ ‘ਚਿੜੀਓ ਮਰ ਜਾਓ, ਚਿੜੀਓ ਜ਼ਿੰਦਾ ਹੋ ਜਾਓ’ ਵਾਲੀ ਸਥਿਤੀ ਪੈਦਾ ਕਰ ਦੇਵੇ, ਜਾਂ ਫੇਰ ਜਾਂਦਾ ਜਾਂਦਾ ਪੀ. ਸੀ. ਓ. ਤੋਂ ਹੁਕਮਨਾਮਾ ਸਾਦਰ ਕਰ ਦੇਵੇ।
ਹੁਕਮਨਾਮਾ ਜਾਰੀ ਕਰਨ ਦੀ ਵਿਧੀ ਬਾਰੇ ਸੁਝਾਅ
ਇਹ ਚੋਣ ਵਿਧੀ ਇਨ੍ਹਾਂ ਸੰਸਥਾਵਾਂ ਅਤੇ ਮਾਣਮੱਤੀਆਂ ਹਸਤੀਆਂ ਨੂੰ ਕਿਸੇ ਵੀ ਸਿਆਸੀ ਪ੍ਰਭਾਵ ਤੋਂ ਉਪਰ ਉਠਾ ਦੇਵੇਗੀ ਅਤੇ ਆਜ਼ਾਦਾਨਾ ਤੌਰ ‘ਤੇ ਸਹੀ ਫੈਸਲੇ ਲੈਣ ਦੇ ਕਾਬਲ ਬਣਾ ਦੇਵੇਗੀ।
ਇਸ ਦੇ ਨਾਲ ਹੀ ਇਹ ਵੀ ਲਾਜ਼ਮੀ ਹੈ ਕਿ ਹੁਕਮਨਾਮੇ ਬਹੁਤ ਹੀ ਘਟ ਅਤੇ ਸੰਜਮ ਨਾਲ ਜਾਰੀ ਕੀਤੇ ਜਾਣ। ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਪਹਿਲਾਂ ਪੰਜਾਂ ਤਖਤਾਂ ਦੀ ਮੀਟਿੰਗ ਹੋਵੇ ਅਤੇ ਸਲਾਹ ਨਾਲ ਹੁਕਮਨਾਮਾ ਜਾਰੀ ਹੋਵੇ। ਜਦ ਏਨਾ ਸੋਚ-ਸਮਝ ਕੇ ਅਤੇ ਸੰਜਮ ਨਾਲ ਹੁਕਮਨਾਮਾ ਜਾਰੀ ਹੋਵੇਗਾ ਤਾਂ ਸਮਾਜ ਨੂੰ ਝੰਜੋੜ ਕੇ ਰੱਖ ਦੇਵੇਗਾ।
ਸਜ਼ਾ ਦਾ ਸੰਕਲਪ ਨਹੀਂ ਸਗੋਂ ਬਖਸ਼ਿਸ਼ਾਂ ਦਾ ਦਰ
ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਘਰ ਵਿਚ ਸਜ਼ਾ ਦਾ ਤਾਂ ਸੰਕਲਪ ਹੀ ਨਹੀਂ ਹੈ। ਇਥੇ ਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹਨ। ਗੁਰੂ ਘਰ ਵਿਚ ਸੇਵਾ ਦਾ ਬੜਾ ਉਚਾ ਦਰਜਾ ਹੈ। ਸੇਵਾ ਮਨਮੁਖ ਨੂੰ ਗੁਰਮੁਖ ਬਣਾਉਂਦੀ ਹੈ। ਪਰ ਜੇ ਸੇਵਾ ਤਨਖਾਹ ਵਜੋਂ ਦਿੱਤੀ ਜਾਏ ਤਾਂ ਇਸ ਤੋਂ ਵਡੀ ਸਜ਼ਾ ਵੀ ਕੋਈ ਨਹੀਂ। ਗਲ ਵਿਚ ‘ਮੈਂ ਗੁਨਾਹਗਾਰ ਹਾਂ’ ਦੀ ਫੱਟੀ ਪਾ ਕੇ ਸੇਵਾ ਦੀ ਤਨਖਾਹ ਬੰਦ ਹੋਣੀ ਚਾਹੀਦੀ ਹੈ। ਇਹ ਸ਼ਰਧਾਲੂ ਸਿੱਖ ਦੀ ਸ਼ਖਸੀਅਤ ਉਤੇ ਬਹੁਤ ਡੂੰਘੀ ਸੱਟ ਮਾਰਦੀ ਹੈ।
ਸ੍ਰੀ ਅਕਾਲ ਤਖਤ ਦਾ ਵਖਰਾ ਬਜਟ ਅਤੇ ਉਸ ਦੇ ਪ੍ਰਬੰਧ ਦੀ ਵਿਧੀ
ਦੂਜਾ ਅਹਿਮ ਪੱਖ ਇਹ ਹੈ ਕਿ ਇਨ੍ਹਾਂ ਤਖਤਾਂ ਦਾ ਬਜਟ ਵਖਰਾ ਹੋਵੇ ਅਤੇ ਜਥੇਦਾਰ ਸਿੰਘ ਸਾਹਿਬ ਹੀ ਇਸ ਦੇ ਖਰਚੇ ਅਤੇ ਹਿਸਾਬ ਦੇ ਮੁਖੀ ਹੋਣ। ਇਹ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੁਰਦੁਆਰਾ ਕਮੇਟੀਆਂ ਆਪਣੇ ਬਜਟ ਵਿਚ ਇਕ ਵੱਖਰੀ ਬਜਟ ਲੜੀ ਦੇ ਤੌਰ ‘ਤੇ ਮੁਹੱਈਆ ਕਰਨ। ਪਰ ਤਖਤਾਂ ਦੇ ਖਰਚੇ ਵਿਚ ਕੋਈ ਦਖਲ ਨਹੀਂ ਹੋਣਾ ਚਾਹੀਦਾ। ਆਜ਼ਾਦਾਨਾ ਤੌਰ ‘ਤੇ ਜਥੇਦਾਰ ਸਾਹਿਬਾਨ ਦੀ ਮਨਜ਼ੂਰੀ ਅਤੇ ਦੇਖ-ਰੇਖ ਅੰਦਰ ਇਨ੍ਹਾਂ ਤਖਤਾਂ ਦੇ ਸਕੱਤਰੇਤ ਖਰਚਾ ਕਰਨ ਅਤੇ ਅੰਦਰੂਨੀ ਆਡਿਟ ਰਿਪੋਰਟ ਪ੍ਰਬੰਧਕ ਕਮੇਟੀਆਂ ਨੂੰ ਸੂਚਿਤ ਕਰਨ ਹਿਤ ਭੇਜੀ ਜਾਵੇ।
ਇਸ ਤਰ੍ਹਾਂ ਦੇ ਪ੍ਰਬੰਧ ਨਾਲ ਸਿੱਖ ਸਮਾਜ, ਅਕਾਲ ਤਖਤ ਅਤੇ ਦੂਜੇ ਚਾਰੇ ਤਖਤਾਂ, ਇਨ੍ਹਾਂ ਦੇ ਜਥੇਦਾਰ ਸਿੰਘ ਸਾਹਿਬਾਨ ਅਤੇ ਪੰਜ ਪਿਆਰਿਆਂ ਦਾ ਵੱਕਾਰ ਵਿਸ਼ਵ ਪੱਧਰ ‘ਤੇ ਮਾਣ ਮੱਤਾ ਹੋ ਜਾਏਗਾ ਅਤੇ ਕੋਈ ਸਿਆਸੀ ਪਾਰਟੀ ਜਾਂ ਵਿਅਕਤੀ ਮੀਰੀ-ਪੀਰੀ ਦੇ ਸਿਧਾਂਤ ਨੂੰ ਅਗਵਾ ਤੇ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰ ਸਕੇਗਾ।
ਇਸ ਵਿਧੀ ਨਾਲ ਸਥਾਪਿਤ ਕੀਤਾ ਅਕਾਲ ਤਖਤ ਦਾ ਜਥੇਦਾਰ ਸਿੰਘ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜੋਕੀ ਕੋਝੀ ਸਿਆਸਤ ਤੋਂ ਮੁਕਤ ਕਰਵਾ ਸਕਦਾ ਹੈ। ਇਕ ਵਿਆਪਕ ਹੁਕਮਨਾਮਾ ਜਾਰੀ ਕਰਕੇ ਮੈਂਬਰੀ ਦੀ ਚੋਣ ਦੇ ਖਾਹਸ਼ਮੰਦ ਦੀ ਗੈਰਸਿਆਸੀ ਯੋਗਤਾ ਨਿਸਚਿਤ ਕਰ ਸਕਦਾ ਹੈ, ਜਿਵੇਂ ਕਿ ਕੋਈ ਉਮੀਦਵਾਰ ਗਰੈਜੂਏਟ ਤੋਂ ਘਟ ਨਾ ਹੋਵੇ, ਕਿਸੇ ਸਿਆਸੀ ਪਾਰਟੀ ਦਾ ਮੈਂਬਰ ਜਾਂ ਵਰਕਰ ਨਾ ਹੋਵੇ; ਗੁਰਬਾਣੀ ਵਿਚ ਪ੍ਰੌੜ ਹੋਵੇ; ਸਿੱਖੀ ਸਿਧਾਂਤਾਂ ਦਾ ਜਾਣੂ ਅਤੇ ਪੈਰੋਕਾਰ ਹੋਵੇ ਆਦਿ। ਇਹ ਸਭ ਹਲਫਨਾਮੇ ਉਤੇ ਦੇਵੇ ਤੇ ਇਕ ਵੀ ਅਵੱਗਿਆ ਕਰਨ ਉਤੇ ਉਸ ਦੀ ਮੈਂਬਰੀ ਖਤਮ ਕਰ ਦਿੱਤੀ ਜਾਏ ਆਦਿ।
ਪੰਥ ਵਿਚੋਂ ਛੇਕਣਾ ਤੇ ਸ਼ਾਮਿਲ ਕਰਨਾ
ਜਾਂਦੇ ਜਾਂਦੇ ਇਕ ਹੋਰ ਸਮਸਿਆ ਉਤੇ ਵੀ ਮੈਂ ਆਪਣੇ ਵਿਚਾਰ ਤੁਹਾਡੇ ਨਜ਼ਰ ਗੋਚਰੇ ਕਰਨਾ ਚਾਹੁੰਦਾ ਹਾਂ। ਜਦੋਂ ਸਰੀਰ ਦਾ ਕੋਈ ਅੰਗ ਬੀਮਾਰ ਹੋਵੇ, ਖਰਾਬ ਹੋ ਜਾਏ ਤੇ ਤਕਲੀਫ ਦਿੰਦਾ ਹੋਵੇ ਤਾਂ ਉਸ ਨੂੰ ਕਟ ਕੇ ਸੁਟ ਨਹੀਂ ਦੇਣਾ ਹੁੰਦਾ। ਉਸ ਦਾ ਇਲਾਜ ਕਰਨਾ ਬਣਦਾ ਹੈ। ਮੇਰੀ ਸੋਚਣੀ ਮੁਤਾਬਕ ਕੋਈ ਵੀ ਧਰਮ ਛੇਕਣ ਨਾਲ ਪ੍ਰਫੁਲਿਤ ਨਹੀਂ ਹੁੰਦਾ, ਸਗੋਂ ਸ਼ਾਮਿਲ ਕਰਨ ਨਾਲ ਫੈਲਦਾ ਤੇ ਫਲਦਾ ਹੈ। ਜਿਹੜੇ ਬੱਚੇ ਦਾੜ੍ਹੀ ਕੇਸਾਂ ਤੋਂ ਅਵੇਸਲੇ ਹੋ ਕੇ ਦਸਤਾਰਾਂ ਨੂੰ ਵੀ ਛਡਦੇ ਜਾ ਰਹੇ ਹਨ, ਉਨ੍ਹਾਂ ਨੂੰ ਸਮਝਾ-ਬੁਝਾ ਕੇ ਗਲ ਨਾਲ ਲਾ ਕੇ ਪਿਆਰ ਨਾਲ ਪੰਥ ਵਿਚ ਰਲਾਉਣਾ ਚਾਹੀਦਾ ਹੈ।
ਸਹਿਜਧਾਰੀਆਂ ਨੂੰ ਗਲ ਨਾਲ ਲਾਈਏ
ਮੇਰੀ ਸਮਝ ਮੁਤਾਬਕ ਸਹਿਜਧਾਰੀ ਸਿੱਖਾਂ ਨੂੰ ਸਿੱਖ ਨਾ ਮੰਨਣਾ, ਇਕ ਕਿਸਮ ਦਾ ਸਿੱਖ ਸਮਾਜ ਦੇ ਸਰੀਰ ਤੋਂ ਇਕ ਬਹੁਗਿਣਤੀ, ਅਹਿਮ ਅੰਗ ਨੂੰ ਜੁਦਾ ਕਰ ਦੇਣਾ-ਸੌੜੀ ਸਿਆਸੀ ਨੀਤੀ ਦਾ ਨਤੀਜਾ ਹੈ। ਇਹ ਧਰਮ ਪ੍ਰਚਾਰ ਦੀ ਨਾਕਾਮੀ ਦਰਸਾਉਂਦਾ ਹੈ। ਬਜਾਏ ਇਸ ਦੇ ਕਿ ਅਸੀਂ ਆਪਣੇ ਕਿਰਦਾਰ, ਵਿਹਾਰ, ਵਰਤਾਰੇ ਅਤੇ ਕਦਰਾਂ ਕੀਮਤਾਂ ਦੇ ਆਧਾਰ ਉਤੇ ਸਹਿਜਧਾਰੀਆਂ ਨੂੰ ਸਹਿਜੇ ਸਹਿਜੇ ਨੇੜੇ ਲਿਆਈਏ, ਸਾਡੀ ਸੌੜੀ ਸਿਆਸੀ ਨੀਤੀ ਨੇ ਸਹਿਜਧਾਰੀ ਸਿੱਖਾਂ ਨੂੰ ਬੇਦਖਲ ਹੀ ਕਰ ਦਿੱਤਾ ਹੈ।
ਸਿੱਖ ਧਰਮ ਅਤੇ ਇਨਸਾਨੀ ਭਾਈਚਾਰਾ
ਸਤਿਗੁਰ ਨਾਨਕ ਦਾ ਧਰਮ ਤਾਂ ਇਨਸਾਨੀ ਭਾਈਚਾਰੇ ਦਾ ਹੈ। ਮਨੁਖਤਾਵਾਦ ਹੀ ਧਰਮ ਹੈ। ਸਤਿਗੁਰ ਨਾਨਕ ਦੀ ਗੁਰਬਾਣੀ ਤਾਂ ਇਕ ਜਗਤ ਜੋਤ ਹੈ। ਇਸ ਦੀ ਲੋਅ ਨੂੰ ਕਿਸੇ ਇਕ ਸੰਪਰਦਾਏ ਜਾਂ ਬਰਾਦਰੀ ਤਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਹ ਤਾਂ, ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਦਾ ਹੋਕਾ ਦਿੰਦੀ ਹੈ। ‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ’, ‘ਨਾ ਕੋ ਬੈਰੀ ਨਹੀ ਬਿਗਾਨਾ’ ਦਾ ਮੰਤਰ ਪੜ੍ਹਾਉਂਦੀ ਹੈ। ਇਹ ਤਾਂ ‘ਸਭੈ ਘਟ ਰਾਮੁ ਬੋਲੈ’, ‘ਸਿਆਮ ਸੁੰਦਰ ਤਜਿ ਨੀਦ ਕਿਉ ਆਈ’ ਅਲਾਪਦੀ ਹੈ। ਇਸ ਲਈ ਸਭ ਨਾਲ ਪਿਆਰ, ਹਰ ਪ੍ਰਾਣੀ ਮਾਤਰ ਨੂੰ ਗੁਰਬਾਣੀ ਦੇ ਇਕੋ ਜਿਹੇ ਸਰਬ ਸਾਂਝੇ ਸੰਦੇਸ਼ ਅਨੁਸਾਰ ਆਪਣਾ ਜੀਵਨ ਸਫਲਾ ਕਰਨ ਵਲ ਤੋਰਨਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ।
ਸਵਾਲ ਹੈ ਕਿ ਕੀ ਨੌਂ ਗੁਰੂ ਸਾਹਿਬਾਨ ਦੇ ਜ਼ਮਾਨੇ ਵਿਚ ਸਿੱਖ ਨਹੀਂ ਸਨ? ਦੂਜੇ, ਕੀ ਗੁਰਬਾਣੀ ਵਿਚ ਮੁਸਲਮਾਨ ਫਕੀਰਾਂ, ਸਾਈਆਂ, ਭੱਟਾਂ, ਭਗਤਾਂ ਦੀ ਬਾਣੀ ਨਹੀਂ? ਇਸ ਜਾਗਤ ਜੋਤ ਦਾ ਫੈਲਾਓ ਸਾਰੀ ਦੁਨੀਆਂ ਉਤੇ ਕਿਉਂ ਨਹੀਂ ਹੋਣ ਦਿੱਤਾ ਜਾਂਦਾ? ਅਸੀਂ ਸਤਿਗੁਰੂ ਬਾਬੇ ਨਾਨਕ ਦੀ ਮਨੁੱਖਤਾ ਨੂੰ ਕਿਸੇ ਸੀਮਾ ਵਿਚ ਨਾ ਬੰਨ੍ਹੀਏ, ਸਗੋਂ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਦਾ ਉਪਰਾਲਾ ਕਰੀਏ। ਤ੍ਰਾਸਦੀ ਤਾਂ ਇਹ ਹੈ ਕਿ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਨਾਨਕ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਹਾਂ, ਮੱਥੇ ਟੇਕਦੇ ਹਾਂ, ਗੁਰੂ ਦੀ ਬਾਣੀ ਨੂੰ ਪੜ੍ਹਦੇ, ਸੁਣਦੇ ਵਿਚਾਰਦੇ ਹਾਂ, ਪਰ ਜ਼ਿੰਦਗੀ ਵਿਚ ਢਾਲਦੇ ਨਹੀਂ।
ਜੇ ਸਿੱਖ ਧਰਮ, ਜੋ ਇਕ ਸਰਬ ਸੰਸਾਰੀ ਧਰਮ ਹੈ, ਜੋ ਗੁਰੂ ਨਾਨਕ ਦੀ ਮਨੁੱਖਤਾ ਦਾ ਹੋਕਾ ਦਿੰਦਾ ਹੈ, ਨੂੰ ਸਹੀ ਅਰਥਾਂ ਵਿਚ ਸਰਬਵਿਆਪੀ ਜੋਤ ਵਾਂਗ ਜਗਾਉਣਾ ਹੈ ਤਾਂ ਸਿੱਖ ਧਰਮ ਦੇ ਆਗੂਆਂ ਨੂੰ ਇਨ੍ਹਾਂ ਪੱਖਾਂ ਉਤੇ ਵਿਚਾਰ ਕਰਨਾ ਪਵੇਗਾ, ਕਿਉਂਕਿ ਸਤਿਗੁਰ ਨਾਨਕ ਨੇ ਨਾਕਾਰੀ ਪਰੰਪਰਾਵਾਂ ਉਤੇ ਸਵਾਲ ਕਰ ਕਰ ਕੇ ਲੋਕਾਈ ਨੂੰ ਸਿਧਾ ਰਸਤਾ ਦਸਿਆ ਸੀ। ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਦਾ ਪਾਠ ਪੜ੍ਹਾਇਆ ਸੀ। ਮੈਂ ਉਸ ਸਤਿਗੁਰੂ ਦਾ ਨਿਮਾਣਾ ਜਿਹਾ ਸ਼ਰਧਾਲੂ ਹੁੰਦਿਆਂ ਅੱਜ ਇਹ ਸੁਆਲ ਕਰਨ ਦਾ ਹੀਆ ਕੀਤਾ ਹੈ। ਕੁਝ ਗਲਤ ਜਾਂ ਸਖਤ ਕਹਿ ਗਿਆ ਹੋਵੇ ਤਾਂ ਮਾਫੀ ਦਾ ਖਾਸਤਗਾਰ ਹਾਂ।
ਵਾਹਿਗੁਰੂ ਜੀ ਕਾ ਖਾਲਸਾ।
ਵਾਗੁਰੂ ਜੀ ਕੀ ਫਤਹਿ।