‘ਚੋਰ-ਚੋਰ’ ਦੇ ਰੌਲੇ ਵਿਚ ਚੋਰਾਂ ਦੇ ਰਲਗੱਡ ਹੁੰਦੇ ਮੁਹਾਂਦਰੇ

-ਜਤਿੰਦਰ ਪਨੂੰ
ਪੰਜਾਬ ਕਹੋ ਜਾਂ ਸਮੁੱਚਾ ਭਾਰਤ, ਇਸ ਵੇਲੇ ਚੋਣਾਂ ਵਾਲੀ ਲੀਹ ਉਤੇ ਪੈ ਚੁੱਕਾ ਹੈ। ਇਸ ਹਫਤੇ ਲੋਕ ਸਭਾ ਵਿਚ ਜਿੱਦਾਂ ਦੀ ਬਹਿਸ ਹੋਈ ਹੈ, ਜਿਹੋ ਜਿਹੀ ਬੋਲ-ਬਾਣੀ ਦੀ ਵਰਤੋਂ ਕੀਤੀ ਗਈ ਹੈ, ਜਿਸ ਤਰ੍ਹਾਂ ਸਿੱਠਣੀਆਂ ਅਤੇ ਮਿਹਣੇ ਦੇਣ ਤੋਂ ਵਧ ਕੇ ਗਾਲ੍ਹਾਂ ਵਰਗੇ ਸ਼ਬਦ ਵੀ ਵਰਤੇ ਗਏ ਹਨ, ਉਹ ਸਭ ਦੱਸਦੇ ਹਨ ਕਿ ਇਸ ਵਾਰੀ ਲੋਕ ਸਭਾ ਚੋਣ ਦੌਰਾਨ ਸਾਡੇ ਲੋਕਾਂ ਨੂੰ ਉਹ ਕੁਝ ਸੁਣਨ ਨੂੰ ਮਿਲਣ ਵਾਲਾ ਹੈ ਕਿ ਤੌਬਾ ਭਲੀ ਹੋਵੇਗੀ। ਆਪਣਾ ਦੋਸ਼ ਕਿਸੇ ਨੇ ਕਦੀ ਪਹਿਲਾਂ ਮੰਨਿਆ ਨਹੀਂ ਤੇ ਇਸ ਵਾਰੀ ਮੰਨਣਾ ਨਹੀਂ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹਰ ਕੋਈ ਆਪਣੇ ਦੋਸ਼ ਨੂੰ ਦੂਜਿਆਂ ਦੇ ਸਿਰ ਮੜ੍ਹ ਕੇ ਇਸ ਤਰ੍ਹਾਂ ਪੇਸ਼ ਕਰ ਰਿਹਾ ਸੀ, ਜਿਵੇਂ ਇਹ ਅੰਤਿਮ ਸੱਚ ਹੋਵੇ। ਕਮਾਲ ਦਾ ਸਵੈ-ਭਰੋਸਾ ਸੀ!

ਲੜਾਈ ਦੀਆਂ ਮੁੱਖ ਧਿਰਾਂ ਇੱਕ ਵਾਰ ਫਿਰ ਪਹਿਲਾਂ ਵਾਂਗ ਦੋ ਹੀ ਹਨ। ਇੱਕ ਪਾਸੇ ਕੇਂਦਰ ਅਤੇ ਬਹੁਤੇ ਰਾਜਾਂ ਦੀ ਵਾਗ ਸੰਭਾਲ ਰਹੀ ਭਾਰਤੀ ਜਨਤਾ ਪਾਰਟੀ ਆਪਣੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਿਚ ਵੱਡੀ ਚੜ੍ਹਤ ਦਾ ਅਹਿਸਾਸ ਲਈ ਬੈਠੀ ਹੈ, ਅਤੇ ਦੂਜੇ ਪਾਸੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਫਿਰ ਨਹਿਰੂ-ਗਾਂਧੀ ਪਰਿਵਾਰ ਦੀ ਵਿਰਾਸਤ ਦੇ ਝੰਡੇ ਹੇਠ ਫੈਸਲਾਕੁਨ ਜੰਗ ਲੜਨ ਦਾ ਇਰਾਦਾ ਜਾਹਰ ਕਰ ਰਹੀ ਹੈ। ਦੋਵੇਂ ਧਿਰਾਂ ਨੇ ਆਪੋ-ਆਪਣੇ ਗੱਠਜੋੜ ਸਿਰਜੇ ਹੋਏ ਹਨ ਅਤੇ ਇਨ੍ਹਾਂ ਵਿਚ ਖੋਰਾ ਲੱਗਣ ਤੋਂ ਬਚਾਉਣ ਤੇ ਵਾਧਾ ਕਰਨ ਦੀ ਦੁਵੱਲੀ ਪ੍ਰਕ੍ਰਿਆ ਵਿਚ ਰੁੱਝੀਆਂ ਪਈਆਂ ਹਨ।
ਕਹਿਣ ਨੂੰ ਦੋਵਾਂ ਧਿਰਾਂ ਦੇ ਆਗੂ ਕਹਿੰਦੇ ਹਨ ਕਿ ਸਾਨੂੰ ਕਿਸੇ ਦਾ ਡਰ ਨਹੀਂ, ਪਰ ਡਰ ਦੋਵੇਂ ਪਾਸੇ ਦੀ ਲੀਡਰਸ਼ਿਪ ਦੇ ਚਿਹਰੇ ਚਮਕ ਤੋਂ ਸੱਖਣੇ ਕਰੀ ਜਾਂਦਾ ਹੈ। ਕਿਸੇ ਵੱਡੇ ਇਮਤਿਹਾਨ ਵਿਚ ਪੈਣ ਵਾਲੇ ਕੱਚੀ ਉਮਰ ਦੇ ਵਿਦਿਆਰਥੀ ਨੂੰ ਜਿੰਨੀ ਚਿੰਤਾ ਵੇਖੀ ਜਾਂਦੀ ਹੈ, ਉਸ ਤੋਂ ਵੱਧ ਇਨ੍ਹਾਂ ਦੋ ਧਿਰਾਂ ਦੇ ਮੋਹਰੀ ਆਗੂਆਂ ਦੇ ਚਿਹਰਿਆਂ ਤੋਂ ਝਲਕਣ ਲੱਗ ਪਈ ਹੈ। ਦਲੀਲਾਂ ਦਾ ਪੱਲਾ ਛੱਡਿਆ ਜਾਣਾ ਅਤੇ ਕੱਟੇ ਵਾਂਗ ਅੜਿੰਗਣ ਦਾ ਸਿਲਸਿਲਾ ਪੈਰੋ-ਪੈਰ ਏਦਾਂ ਵਧੀ ਜਾ ਰਿਹਾ ਹੈ, ਜਿਵੇਂ ਐਤਕੀਂ ਚੋਣਾਂ ਵਿਚ ਮੁਕਾਬਲਾ ਵੱਧ ਤੋਂ ਵੱਧ ਉਚੀ ਸੁਰ ਅਤੇ ਭੱਦੀ ਭਾਸ਼ਾ ਦੇ ਨਾਲ ਹੀ ਕਰਨ ਦਾ ਇਰਾਦਾ ਧਾਰਿਆ ਪਿਆ ਹੋਵੇ।
ਜੋ ਮੁੱਦੇ ਮੁੱਖ ਤੌਰ ‘ਤੇ ਇਸ ਵਕਤ ਲੋਕਾਂ ਅੱਗੇ ਪਰੋਸੇ ਜਾ ਰਹੇ ਹਨ, ਉਨ੍ਹਾਂ ਵਿਚੋਂ ਕੋਈ ਇੱਕ ਵੀ ਏਦਾਂ ਦਾ ਨਹੀਂ, ਜੋ ਸਿਰਫ ਇੱਕ ਧਿਰ ਦੀ ਵਿਗੜੀ ਦਿੱਖ ਦਿਖਾਉਂਦਾ ਹੋਵੇ। ਭ੍ਰਿਸ਼ਟਾਚਾਰ ਦਾ ਮੁੱਦਾ ਖਾਸ ਤੌਰ ‘ਤੇ ਪ੍ਰਚਾਰ ਲਈ ਉਭਾਰਿਆ ਜਾ ਰਿਹਾ ਹੈ। ਵਿਚਾਰੇ ਲੋਕਾਂ ਨੂੰ ਇਸ ਦੇ ਮੁੱਖ ਦੋਸ਼ੀ ਦੀ ਪਛਾਣ ਕਰਨ ਵਿਚ ਔਖ ਹੋ ਰਹੀ ਹੈ। ਦੇਸ਼ ਦੀ ਰਾਜਸੀ ਫਿਜ਼ਾ ਵਿਚ ਕਈ ਵਾਰੀ ਇਹ ਮੁੱਦਾ ਉਛਲਿਆ ਤੇ ਚੋਣਾਂ ਪਿਛੋਂ ਹਰ ਵਾਰੀ ‘ਜੋ ਨਾ ਡਿੱਠਾ, ਉਹੀਓ ਮਿੱਠਾ’ ਦੇ ਮੁਹਾਵਰੇ ਵਾਂਗ ਉਹ ਸਾਰੇ ਆਗੂ ਆਪਣੇ ਜਾਂ ਆਪਣੇ ਨੇੜੂਆਂ ਦੇ ਕਰ ਕੇ ਭ੍ਰਿਸ਼ਟਾਚਾਰ ਕਾਰਨ ਵਿਵਾਦ ਵਿਚ ਆਏ ਰਹੇ ਹਨ। ਜਾਂਚ ਪਿੱਛੋਂ ਕੋਈ ਮੁੱਦਾ ਸਿਰੇ ਨਹੀਂ ਲੱਗਦਾ। ਅਸਲ ਗੱਲ ਇਹ ਹੈ ਕਿ ਬਹੁਤੇ ਜਾਂਚ ਕਰਤਾ ਵੀ ਓਦਾਂ ਦੇ ਹੀ ਹੁੰਦੇ ਹਨ।
ਪਿਛਲੇ ਦਿਨੀਂ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਧਰਨਾ ਮਾਰਿਆ ਸੀ ਤਾਂ ਇਸ ਗੱਲ ਦੀ ਬਹੁਤ ਚਰਚਾ ਹੋਈ ਸੀ ਕਿ ਉਹ ਸ਼ਾਰਦਾ ਚਿੱਟ ਫੰਡ ਨਾਲ ਜੁੜੇ ਦੋਸ਼ੀਆਂ ਨੂੰ ਬਚਾ ਰਹੀ ਹੈ। ਇਹ ਵੀ ਚਰਚਾ ਸੀ ਕਿ ਉਸ ਨੇ ਜਿਸ ਪੁਲਿਸ ਅਫਸਰ ਰਾਜੀਵ ਕੁਮਾਰ ਦੀ ਹਮਾਇਤ ਵਿਚ ਧਰਨਾ ਮਾਰਿਆ, ਉਸ ਨੇ ਸ਼ਾਰਦਾ ਚਿੱਟ ਫੰਡ ਘਪਲੇ ਦੀ ਜਾਂਚ ਕੀਤੀ ਸੀ ਤੇ ਦੋਸ਼ੀਆਂ ਨੂੰ ਫੜਨ ਦੀ ਥਾਂ ਬਚਾਉਣ ਲੱਗਾ ਰਿਹਾ ਸੀ। ਸਥਿਤੀ ਦਾ ਦੂਜਾ ਪੱਖ ਇਹ ਹੈ ਕਿ ਇਸੇ ਕੇਸ ਦਾ ਸਭ ਤੋਂ ਵੱਡਾ ਦੋਸ਼ੀ ਮੁਕੁਲ ਰਾਏ ਪਹਿਲਾਂ ਮਮਤਾ ਬੈਨਰਜੀ ਦੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਸੀ ਤੇ ਫਿਰ ਉਸ ਨੇ ਭਾਜਪਾ ਦਾ ਝੰਡਾ ਜਾ ਚੁੱਕਿਆ ਸੀ। ਦੂਜਾ ਵੱਡਾ ਦੋਸ਼ੀ ਆਸਾਮ ਵਿਚ ਕਾਂਗਰਸੀ ਮੰਤਰੀ ਹੇਮੰਤ ਬਿਸਵਾ ਸਰਮਾ ਮੰਨਿਆ ਜਾਂਦਾ ਸੀ, ਪਰ ਸੀ. ਬੀ. ਆਈ. ਦੀ ਚੱਲਦੀ ਜਾਂਚ ਦੌਰਾਨ ਉਹ ਵੀ ਭਾਜਪਾ ਵਿਚ ਚਲਾ ਗਿਆ ਅਤੇ ਅੱਜ ਕੱਲ੍ਹ ਉਹ ਭਾਜਪਾ ਦੀ ਆਸਾਮ ਸਰਕਾਰ ਦਾ ਸੜਕਾਂ ਬਾਰੇ ਮੰਤਰੀ ਹੈ। ਇਸ ਕੇਸ ਦੀ ਜਾਂਚ ਇਸ ਵਕਤ ਸੀ. ਬੀ. ਆਈ. ਕੋਲ ਹੈ ਤੇ ਸੀ. ਬੀ. ਆਈ. ਨੇ ਜਿਸ ਦਿਨ ਕੋਲਕਾਤਾ ਵਿਚ ਮਮਤਾ ਬੈਨਰਜੀ ਦੇ ਚਹੇਤੇ ਪੁਲਿਸ ਅਫਸਰ ਰਾਜੀਵ ਕੁਮਾਰ ਦੇ ਘਰ ਪੁੱਛਗਿੱਛ ਲਈ ਟੀਮ ਭਿਜਵਾਈ ਸੀ, ਉਸ ਦਿਨ ਸੀ. ਬੀ. ਆਈ. ਦੀ ਕਮਾਂਡ ਐਕਟਿੰਗ ਡਾਇਰੈਕਟਰ ਨਾਗੇਸ਼ਵਰ ਰਾਓ ਦੇ ਹੱਥ ਸੀ। ਮਸਾਂ ਤਿੰਨ ਦਿਨ ਲੰਘੇ ਤੇ ਉਸ ਨਾਗੇਸ਼ਵਰ ਰਾਓ ਦੀ ਪਤਨੀ ਦੀਆਂ ਕੰਪਨੀਆਂ ਉਤੇ ਕੋਲਕਾਤਾ ਵਿਚ ਉਥੋਂ ਦੀ ਪੁਲਿਸ ਛਾਪੇ ਮਾਰਦੀ ਫਿਰਦੀ ਹੈ।
ਲੋਕ ਆਖਦੇ ਹਨ ਕਿ ਨਾਗੇਸ਼ਵਰ ਰਾਓ ਦੀ ਪਤਨੀ ਦੀ ਏਂਜਲਾ ਮਰਕੈਂਟਾਈਲ ਗਰੁਪ ਵਾਲੀ ਕੰਪਨੀ ਦੇ ਗਲਤ ਗੱਲਾਂ ਵਿਚ ਸ਼ਾਮਲ ਹੋਣ ਦੇ ਚਰਚੇ ਹਨ। ਜਿਹੜੇ ਆਦਮੀ ਦੀ ਬੀਵੀ ਲੋਕਾਂ ਦੀ ਨਜ਼ਰ ਵਿਚ ਗਲਤ ਗਿਣੇ ਜਾਂਦੇ ਕੰਮਾਂ ਨਾਲ ਜੁੜੀ ਦੱਸੀ ਜਾਂਦੀ ਹੈ, ਉਹ ਦੂਸਰਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਇਜ਼ ਜਾਂਚ ਵੀ ਕਰਦਾ ਹੋਵੇਗਾ ਤਾਂ ਉਸ ਵੱਲ ਉਂਗਲਾਂ ਉਠਣੀਆਂ ਸੁਭਾਵਿਕ ਹਨ। ਕਹਾਵਤ ਹੈ, ਕਿਸੇ ਵੱਲ ਉਂਗਲ ਉਠਾਉਣ ਵੇਲੇ ਆਮ ਤੌਰ ‘ਤੇ ਬਾਕੀ ਦੀਆਂ ਤਿੰਨ ਉਂਗਲਾਂ ਖੁਦ ਉਸ ਬੰਦੇ ਵੱਲ ਉਠ ਪੈਂਦੀਆਂ ਹਨ। ਇਥੇ ਵੀ ਇਹੋ ਹੋ ਰਿਹਾ ਜਾਪਦਾ ਹੈ।
ਭਾਰਤ ਦੇ ਲੋਕ ਅਜੀਬ ਜਿਹੀ ਸ਼ਸ਼ੋਪੰਜ ਵਿਚ ਹਨ। ਉਹ ਇੱਕ ਪਾਰਟੀ ਵੱਲ ਝੁਕਦੇ ਹਨ, ਕਿਉਂਕਿ ਉਨ੍ਹਾਂ ਨੂੰ ਕਿਸੇ ਦੂਸਰੇ ਦੇ ਨੁਕਸ ਚੁਭਦੇ ਹਨ ਤੇ ਫਿਰ ਜਿਸ ਵੱਲ ਕਿਸੇ ਚੰਗੇ ਅਕਸ ਦੀ ਝਾਕ ਵਿਚ ਜੁੜੇ ਹੁੰਦੇ ਹਨ, ਉਹ ਪਹਿਲੀ ਤੋਂ ਵੀ ਨਖਿਧ ਸਾਬਤ ਹੋਣ ਲੱਗਦੀ ਹੈ। ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਦੋਸ਼ ਲਾਉਣ ਵਾਲਿਆਂ ਨੂੰ ਨਕਾਰ ਦੇਣ ਦਾ ਰਿਵਾਜ ਵੀ ਅਜਿਹੇ ਮੌਕੇ ਲੋਕਾਂ ਸਾਹਮਣੇ ਆ ਜਾਂਦਾ ਹੈ।
ਇਸ ਵੇਲੇ ਰਾਫੇਲ ਜਹਾਜਾਂ ਦੇ ਸੌਦੇ ਦਾ ਚਰਚਾ ਹੋਣ ਉਤੇ ਅੰਗਰੇਜ਼ੀ ਅਖਬਾਰ ‘ਹਿੰਦੂ’ ਨੇ ਇਹ ਸਬੂਤ ਛਾਪੇ ਹਨ ਕਿ ਵੱਡੇ ਫੌਜੀ ਜਰਨੈਲਾਂ ਵਿਚੋਂ ਇੱਕ ਨੇ ਇਹ ਸੌਦਾ ਹੋਣ ਦੇ ਵਕਤ ਹੀ ਫਾਈਲ ਵਿਚ ਇਹ ਗੱਲ ਲਿਖ ਦਿੱਤੀ ਸੀ ਕਿ ਫੌਜ ਦੀ ਖਰੀਦ ਕਮੇਟੀ ਦੇ ਬਰਾਬਰ ਵੱਖਰੇ ਤੌਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਦਫਤਰ ਇੱਕ ਆਪਣੀ ਖਰੀਦ ਕਮੇਟੀ ਚਲਾਈ ਜਾ ਰਿਹਾ ਹੈ। ਅੱਜ ਕੱਲ੍ਹ ਚਰਚਾ ਇਹੋ ਹੈ ਕਿ ਹਰ ਕਿਸਮ ਦੀ ਪ੍ਰਕ੍ਰਿਆ ਦੇ ਨਿਯਮਾਂ ਅਤੇ ਕਮੇਟੀਆਂ ਨੂੰ ਉਲੰਘ ਕੇ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਚੇਲਿਆਂ ਦੀ ਆਪਣੀ ਟੀਮ ਨੇ ਗੁਪਤ ਢੰਗ ਨਾਲ ਇਹ ਸੌਦਾ ਸਿਰੇ ਚਾੜ੍ਹਿਆ ਹੈ ਤੇ ਸੱਚਾਈ ਲੁਕਾਈ ਗਈ ਹੈ। ਉਸ ਫੌਜੀ ਜਰਨੈਲ ਦੀ ਏਦਾਂ ਦੀ ਟਿੱਪਣੀ ਵੀ ਪ੍ਰਧਾਨ ਮੰਤਰੀ ਦਫਤਰ ਦੇ ਅੰਦਰ ਚੱਲਦੀ ਇੱਕ ਗੁਪਤ ਖੇਡ ਬਾਰੇ ਭੇਦ ਖੋਲ੍ਹ ਰਹੀ ਹੈ। ਸਰਕਾਰ ਤੇ ਖਾਸ ਕਰ ਕੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਅਖਬਾਰ ‘ਹਿੰਦੂ’ ਦੀ ਰਿਪੋਰਟ ਭਰੋਸੇਯੋਗ ਨਹੀਂ ਹੈ।
ਤੇਤੀ ਸਾਲ ਪਹਿਲਾਂ ਤੋਪਾਂ ਵਾਲੇ ਸੌਦੇ ਬਾਰੇ ਵੀ ਬਹੁਤਾ ਕੁਝ ਇਸੇ ਅੰਗਰੇਜ਼ੀ ਅਖਬਾਰ ‘ਹਿੰਦੂ’ ਨੇ ਛਾਪਿਆ ਸੀ। ਜਿਹੜੇ ਕਾਂਗਰਸੀ ਅੱਜ ਇਸ ਦੇ ਕਾਗਜ਼ ਉਛਾਲ ਕੇ ਮੋਦੀ ਸਰਕਾਰ ਨੂੰ ਜਿੱਚ ਕਰ ਰਹੇ ਹਨ, ਉਹ ਉਦੋਂ ਏਸੇ ‘ਹਿੰਦੁ’ ਅਖਬਾਰ ਨੂੰ ਝੂਠਾ ਕਹਿੰਦੇ ਸਨ। ਕਮਾਲ ਦੀ ਗੱਲ ਇਹ ਕਿ ਉਦੋਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਭਾਜਪਾ ਦੇ ਆਗੂ ਇਸੇ ਅਖਬਾਰ ਦੇ ਵਰਕੇ ਉਛਾਲ ਕੇ ਰਾਜੀਵ ਗਾਂਧੀ ਖਿਲਾਫ ਇਸ ਨੂੰ ਸਬੂਤ ਵਜੋਂ ਪੇਸ਼ ਕਰਦੇ ਸਨ। ਸਿਆਸਤ ਦੀਆਂ ਅਗਵਾਨੂੰ ਦੋਹਾਂ ਮੁੱਖ ਪਾਰਟੀਆਂ ਦੀ ਲੀਡਰਸ਼ਿਪ ਇਸ ਨੂੰ ਆਪਣੀ ਲੋੜ ਮੁਤਾਬਕ ਭੰਡਦੀ ਅਤੇ ਨਿੰਦਦੀ ਰਹਿੰਦੀ ਹੈ।
ਤੇਤੀ ਕੁ ਸਾਲ ਪਹਿਲਾਂ ਰਾਜੀਵ ਗਾਂਧੀ ਦੇ ਖਿਲਾਫ ਭਾਜਪਾ ਆਗੂ ‘ਚੋਰ-ਚੋਰ’ ਵਾਲੇ ਨਾਅਰੇ ਲਾਉਂਦੇ ਸਨ, ਦੇਸ਼ ਦੇ ਲੋਕਾਂ ਸਾਹਮਣੇ ਤੇਤੀ ਸਾਲਾਂ ਬਾਅਦ ‘ਚੋਰ-ਚੋਰ’ ਕਹੇ ਗਏ ਰਾਜੀਵ ਗਾਂਧੀ ਦਾ ਪੁੱਤਰ ਆਪਣੇ ਬਾਪ ਦੀ ਭੰਡੀ ਕਰਨ ਵਾਲੀ ਭਾਜਪਾ ਦੇ ਸਭ ਤੋਂ ਵੱਡੇ ਆਗੂ ਦੇ ਖਿਲਾਫ ‘ਚੋਰ-ਚੋਰ’ ਦੀ ਦੁਹਾਈ ਦਿੰਦਾ ਪਿਆ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ, ਇਹ ਗੱਲ ਕਈ ਵੱਡੇ ਵਿਦਵਾਨ ਕਹਿੰਦੇ ਹਨ। ਜਦੋਂ ਦੁਹਰਾਉਂਦਾ ਹੈ ਤਾਂ ਇੰਨ-ਬਿੰਨ ਇਹ ਕੰਮ ਕਦੇ ਵੀ ਨਹੀਂ ਕਰਦਾ ਹੁੰਦਾ। ਕਈ ਵਾਰੀ ਇਸ ਖੇਡ ਦੇ ਪਾਤਰਾਂ ਦੀ ਭੂਮਿਕਾ ਦੁਹਰਾਓ ਵੇਲੇ ਇੱਕ ਦੂਸਰੇ ਨਾਲ ਬਦਲਵਾਈ ਜਾਣ ਦੀ ਕਮਾਲ ਵੀ ਹੋ ਜਾਂਦੀ ਹੈ। ਸ਼ਾਇਦ ਇਸੇ ਲਈ ਕੱਲ੍ਹ ਤੱਕ ਦੀ ‘ਵੱਖਰੀ-ਨਿਆਰੀ’ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੇ ਆਗੂ ਨਾ ਸਿਰਫ ਹੋਰ ਆਗੂਆਂ ਵਰਗੇ, ਸਗੋਂ ਕਈ ਗੱਲਾਂ ਵਿਚ ਉਨ੍ਹਾਂ ਦੇ ਵੀ ਗੁਰੂ-ਘੰਟਾਲ ਹੋਣ ਦਾ ਰਿਕਾਰਡ ਬਣਾ ਰਹੇ ਜਾਪਦੇ ਹਨ। ਇਹ ਵੀ ਦਿਨ ਆਉਣੇ ਸਨ, ਪਰ ਇਥੇ ਇਹ ਦਿਨ ਰੁਕਣੇ ਨਹੀਂ, ਹੋਰ ਵੀ ਨਜ਼ਾਰਾ ਪੇਸ਼ ਹੋ ਸਕਦਾ ਹੈ।