ਅਣਲਿਖੀ ਕਾਵਿ-ਬੰਧਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜ਼ਮੀਰ ਦੀ ਬਾਤ ਪਾਈ ਸੀ, “ਜ਼ਮੀਰ ਵਾਲੇ ਲੋਕਾਂ ਦੇ ਪਿਆਰ, ਪਾਕੀਜ਼ਗੀ ਤੇ ਪੁਖਤਗੀ ਦੇ ਪੱਲੇ ਸੱਚਾਈ, ਸਿਆਣਪ, ਸੁੰਦਰਤਾ, ਸਾਦਗੀ, ਸੁਹਜ ਤੇ ਸਹਿਜ ਹੁੰਦਾ,

ਜੋ ਚਹਿਕ-ਚੇਤਨਾ, ਚਾਨਣ-ਚਿੰਗਾਰੀ ਤੇ ਚਾਅ-ਚੰਦੋਏ ਨਾਲ ਆਭਾ-ਮੰਡਲ ਸਿਰਜਦਾ, ਜਿਸ ਦੀਆਂ ਬਰਕਤਾਂ ਕਾਰਨ ਮਨੁੱਖ ਨੂੰ ਮਾਨਵੀ ਹੋਣ ਦਾ ਫਖਰ ਹੁੰਦਾ।” ਜਿਵੇਂ ਕਿ ਉਪਰ ਜ਼ਿਕਰ ਆਇਆ ਹੈ, ਡਾ. ਭੰਡਾਲ ਦੀ ਵਾਰਤਕ ਵੀ ਕਵਿਤਾ ਹੀ ਹੁੰਦੀ ਹੈ, ਹਥਲੇ ਲੇਖ ਵਿਚ ਉਨ੍ਹਾਂ ਆਪਣੀ ਕਾਵਿ ਸੰਵੇਦਨਾ ਅਤੇ ਕਾਵਿ ਰੀਝਾਂ ਦਾ ਪਾਠਕਾਂ ਦੇ ਸਨਮੁੱਖ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਤਮੰਨਾ ਹੈ, ਇਕ ਕਵਿਤਾ ਉਜੜੇ ਖੂਹਾਂ, ਮੌਤ ਨਾਲ ਮਣਸੀਆਂ ਮੌਣਾਂ, ਔਂਤਰੇ ਔਲੂਆਂ, ਗੁਆਚੀਆਂ ਗਾਟੀਆਂ ਅਤੇ ਚੇਤਿਆਂ ਵਿਚ ਵੱਸੇ ਬੋਹੜਾਂ ਤੇ ਪਿੱਪਲਾਂ ਬਾਰੇ ਲਿਖਣਾ ਚਾਹੁੰਨਾਂ, ਜਿਨ੍ਹਾਂ ਦੀ ਮਿੱਠੜੀ ਯਾਦ ਹੁਣ ਵੀ ਚੇਤਿਆਂ ਨੂੰ ਤਰੋਤਾਜ਼ਾ ਕਰ ਜਾਂਦੀ। ਉਨ੍ਹਾਂ ਦੀ ਇਕ ਹੋਰ ਤਮੰਨਾ ਹੈ, ਕਵਿਤਾ, ਉਨ੍ਹਾਂ ਬਾਲ ਮਨਾਂ ਬਾਰੇ ਜਰੂਰ ਲਿਖਾਂਗਾ, ਜਿਨ੍ਹਾਂ ਦੇ ਬਸਤੇ ਚੋਰੀ ਹੋ ਗਏ; ਜਿਨ੍ਹਾਂ ਤੋਂ ਫੱਟੀ, ਕਲਮ, ਦੁਆਤ, ਪਹਾੜੇ, ਪੂਰਨੇ ਅਤੇ ਮੁਹਾਰਨੀ ਰੁੱਸ ਗਈ; ਜਿਨ੍ਹਾਂ ਦੇ ਹੋਠਾਂ ‘ਤੇ ਬੁਰਕੀ-ਰਾਗ ਗੂੰਜਦਾ; ਜਿਨ੍ਹਾਂ ਦੇ ਤਨ ਦੇ ਲੰਗਾਰ ਨੂੰ ਕੋਈ ਨਹੀਂ ਸਿਉਂਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬਹੁਤ ਸਾਰੀਆਂ ਕਵਿਤਾਵਾਂ ਦਿੰਦੀਆਂ ਨੇ ਮਨ-ਬਰੂਹੀਂ ਦਸਤਕ। ਭਾਵਨਾਵਾਂ ਦੀ ਤਸ਼ਬੀਹ ਬਣਨ ਨੂੰ ਤਿਆਰ। ਸੁੱਚੀਆਂ ਸੱਧਰਾਂ ‘ਚ ਸਮੋਈ ਸੰਵੇਦਨਾ ਨੂੰ ਉਕਰਨ ਲਈ ਕਾਹਲੀਆਂ। ਯਾਦਾਂ ਦੀ ਫੁਲਕਾਰੀ ਕੱਢਣ ਲਈ ਬੇਚੈਨ। ਬੀਤੇ ਨੂੰ ਫਿਰ ਪਰਤ ਆਉਣ ਲਈ ਹਾਕ ਮਾਰਨ ਲਈ ਉਤਾਵਲੀਆਂ। ਕਵਿਤਾ-ਕਵਿਤਾ ਹੋਇਆ ਮਨ, ਹਰਫਾਂ ਦੀ ਦਰਗਾਹ ‘ਚ ਨਤਮਸਤਕ ਹੋ, ਖੁਦ ਨੂੰ ਵਰਕਿਆਂ ਦੇ ਹਵਾਲੇ ਕਰਨ ਲਈ ਤਤਪਰ।
ਸਭ ਤੋਂ ਪਹਿਲਾਂ ਇਕ ਕਵਿਤਾ ਉਸ ਪੁਰਾਣੀ ਕਾਪੀ ਨੂੰ ਅਰਪਿਤ ਕਰਾਂਗਾ, ਜਿਸ ਦੀ ਜ਼ਰਜ਼ਰੀ ਇਬਾਰਤ ਦੇ ਰੰਗ ਸਮਿਆਂ ਦੀਆਂ ਧੁੱਪਾਂ ਨੇ ਮੱਧਮ ਕਰ ਦਿੱਤੇ, ਪਰ ਉਨ੍ਹਾਂ ਵਿਚੋਂ ਮੇਰਾ ਬਚਪਨ ਹੁਣ ਵੀ ਝਲਕਦਾ ਏ, ਪਲੇਠੀਆਂ ਰਾਹਾਂ ਦੀ ਨਿਸ਼ਾਨਦੇਹੀ ਹੁੰਦੀ ਏ ਅਤੇ ਸੁਪਨਿਆਂ ਦੀ ਪਰਤਵੀਂ ਝਲਕ ਵੀ ਮਿਲਦੀ ਏ, ਜਿਸ ਨੇ ਸਿਰੜ, ਸਾਧਨਾ, ਸਮਰਪਣ ਅਤੇ ਸਖਤ ਮਿਹਨਤ ਵਿਚੋਂ ਹੀ ਸਫਲਤਾ ਦੇ ਗੁਰ ਨੂੰ ਪਛਾਣਿਆ ਸੀ। ਉਨ੍ਹਾਂ ਅੱਖਰਾਂ ‘ਚ ਪੱਕੇ ਕਾਨੇ ਦੀ ਕਲਮ, ਜੀ ਦੀ ਨਿੱਬ ਅਤੇ ਸਿਆਹੀ ਵਾਲੇ ਪੈਨ ਦੀ ਯਾਦ ਆਉਂਦੀ ਏ, ਜਿਸ ਨਾਲ ਲਿਬੜੇ ਹੱਥਾਂ ਨੇ ਕਿਸਮਤ ਦੀ ਕਲਾ-ਨਕਾਸ਼ੀ ਕੀਤੀ ਸੀ।
ਇਕ ਕਵਿਤਾ ਉਸ ਕਦਮ ਨੂੰ ਮੁਖਾਤਬ ਕਰਾਂਗਾ, ਜੋ ਮੇਰੇ ਸਫਰ ਦਾ ਮੁਢਲਾ ਉਦਮ ਬਣਿਆ। ਫਿਰ ਕਦਮ-ਦਰ-ਕਦਮ ਰਾਹਾਂ ਨੂੰ ਮੰਜ਼ਿਲਾਂ ਅਤੇ ਮੰਜ਼ਿਲਾਂ ਨੂੰ ਸਿਰਨਾਂਵੇਂ ਮਿਲਦੇ ਰਹੇ। ਪਹਿਲਾ ਕਦਮ ਹੀ ਹੁੰਦਾ, ਜੋ ਸਫਰ ਦੇ ਅਖੀਰ ਤੱਕ ਵੀ ਤੁਹਾਡੇ ਚੇਤਿਆਂ ਦੀ ਅਮਾਨਤ ਹੁੰਦਾ।
ਇਕ ਕਵਿਤਾ ਉਸ ਵਕਤ ਬਾਰੇ ਲਿਖਾਂਗਾ, ਜਦ ਮੁੜ੍ਹਕੇ ‘ਚ ਗੜੁੱਚ ਪਿਤਾ ਦੇ ਸੁਪਨੇ ‘ਚ ਆਈ ਝਰੀਟ ਨੇ ਤ੍ਰਾਹ ਕੱਢਿਆ ਸੀ। ਇਸ ਤ੍ਰਾਹ ਨੇ ਹੀ ਕੁਝ ਅਜਿਹਾ ਕਰਨ ਦੀ ਤਾਂਘ ਪੈਦਾ ਕੀਤੀ ਕਿ ਸੁਪਨਿਆਂ ਦੀ ਸੁਲਘਣ ਮੁਲਤਵੀ ਹੋ ਗਈ। ਸੁਪਨਿਆਂ ਦੀ ਚੀਸ ਤੋਂ ਚਾਹਤ ਤੀਕ ਦਾ ਸਫਰ ਜਦ ਕਵਿਤਾ ਵਿਚ ਉਲਥਾਇਆ ਤਾਂ ਕਈ ਵਾਰ ਹਰਫ ਵੀ ਛੋਟੇ ਰਹਿ ਜਾਣੇ, ਪਰ ਅਰਥ-ਅਸੀਮਤ ਦੀ ਅਰਦਾਸ ਫਿਜ਼ਾ ਵਿਚ ਗੂੰਜਣੀ।
ਇਕ ਕਵਿਤਾ ‘ਚ ਪੁੰਗਰਦੇ ਹਰਫਾਂ ‘ਤੇ ਹੋਈ ਪਹਿਲੀ ਗੜੇਮਾਰੀ ਨੂੰ ਵੀ ਚਿੱਤਰਾਂਗਾ, ਜਿਸ ਦੀ ਮਾਰ ਹੇਠ ਆਈਆਂ ਅਬੋਲ ਭਾਵਨਾਵਾਂ ਦੀ ਅੱਖ ਚੁੱਭੀ ਸੀ, ਤੇ ਫਿਰ ਇਨ੍ਹਾਂ ਭਾਵਨਾਵਾਂ ਨੂੰ ਹਰਫੀ ਲਿਬਾਸ ਪਾਉਣ ਲਈ ਕਈ ਸਾਲ ਲੱਗ ਗਏ ਸਨ। ਜ਼ਿੰਦਗੀ ਦੇ ਉਨ੍ਹਾਂ ਬਿਖੜੇ ਪੈਂਡਿਆਂ ਦੀ ਨਿਸ਼ਾਨਦੇਹੀ ਜਰੂਰ ਕਰਾਂਗਾ, ਜਿਨ੍ਹਾਂ ਦੀ ਪੀੜਾ ਹੁਣ ਵੀ ਪੈਰਾਂ ਦੀਆਂ ਮਿਟ ਚੁਕੀਆਂ ਬਿਆਈਆਂ ਵਿਚੋਂ ਰਿਸਣ ਲੱਗ ਪੈਂਦੀ ਏ।
ਉਹ ਕਵਿਤਾ ਵੀ ਲਿਖਾਂਗਾ, ਜੋ ਕੁਦਰਤ ਸਿਰਜ ਰਹੀ ਏ। ਫੁੱਲਾਂ ਦੀ ਮੁਸਕਰਾਹਟ, ਪੱਤਿਆਂ ਦੀ ਰੁਮਕਣੀ, ਪੰਛੀਆਂ ਦਾ ਚਹਿਚਾਉਣਾ, ਪਰਿੰਦਾ-ਪਰਵਾਜ਼, ਪਾਣੀਆਂ ਦਾ ਕਲਕਲੀ ਸੰਗੀਤ, ਬਿਰਖ-ਗਲਵਕੜੀ ਵਿਚੋਂ ਰਿਸਦੀ ਅਰਦਾਸ, ਬਦਲੋਟੀਆਂ ਦਾ ਆਵਾਗੌਣ, ਕਣੀਆਂ ਦੀ ਕਿਣਮਿਣ, ਛੱਤ ‘ਤੇ ਪੈਂਦੇ ਛੱਰਾਟਿਆਂ ਦਾ ਛਣਕਾਟਾ, ਤਿਤਲੀਆਂ ਦੀ ਉਡਾਣ, ਭੌਰਿਆਂ ਦੀ ਮਧੁਰਤਾ, ਵਛੇਰੂਆਂ ਦਾ ਅੜਿੰਗਣਾ ਅਤੇ ਚਿੜੀਆਂ ਦਾ ਚਹਿਕਣਾ। ਕੁਦਰਤੀ ਕਵਿਤਾ ਵਿਚੋਂ ਚੋਂਦਾ ਕਾਵਿ-ਰਸ ਕਿੰਜ ਸ਼ਬਦਾਂ ਵਿਚ ਪਰੋਵਾਂਗਾ ਅਤੇ ਇਸ ਦੀ ਵਿਸ਼ਾਲਤਾ ਨੂੰ ਅਰਥਾਂ ਵਿਚ ਸਮੋਵਾਂਗਾ? ਕਾਵਿ-ਰੂਪ ਦੇ ਇਹ ਕਿੰਜ ਮੇਚ ਆਵੇਗਾ, ਸੋਚਦਿਆਂ ਕਾਵਿ-ਪਲ ਮੇਰੇ ਆਗੋਸ਼ ਵਿਚ ਬਹਿ ਜਾਂਦੇ?
ਇਕ ਕਵਿਤਾ ਗੁੰਮ ਚੁਕੇ ਅੰਤਰੀਵ ਦੇ ਨਾਮ ਲਿਖਣੀ ਚਾਹੁੰਨਾਂ, ਜੋ ਖੁਦ ਵਿਚੋਂ ਖੁਦੀ ਦੀ ਤਲਾਸ਼ ਕਰਦਾ ਆਪਣੇ ਆਪ ਤੋਂ ਹੀ ਬੇਮੁਖ ਹੋ ਚੁਕਾ ਏ। ਇਸ ਬੇਮੁਖਤਾ ਨੇ ਮੈਨੂੰ ਮੇਰੇ ਨਾਲੋਂ ਹੀ ਨਿਖੇੜ ਦਿੱਤਾ ਏ। ਇਕ ਕਵਿਤਾ ਰਾਹੀਂ ਉਨ੍ਹਾਂ ਬੰਦ ਦਰਾਂ ਨੂੰ ਮੁਖਾਤਬ ਹੋਣਾ ਚਾਹੁੰਨਾਂ, ਜਿਨ੍ਹਾਂ ਨੂੰ ਖੋਲ੍ਹਣ ਲੱਗਿਆਂ ਮਨ ਵਿਚ ਚਾਅ ਹੁੰਦਾ ਸੀ। ਜਿਨ੍ਹਾਂ ਹੱਥਾਂ ਨੇ ਜੰਦਰਾ ਲਾਇਆ ਸੀ, ਪਤਾ ਨਹੀਂ ਕਿਉਂ ਉਹ ਹੱਥ ਜੰਗਾਲੇ ਜਿੰਦਰੇ ਨੂੰ ਖੋਲ੍ਹਣਾ ਹੀ ਭੁੱਲ ਗਏ।
ਇਕ ਕਵਿਤਾ ਉਸ ਘਰ ਦੀ ਸਾਜਿਸ਼ੀ ਚੁੱਪ ਦੇ ਨਾਮ ਉਕਰਨਾ ਚਾਹੁੰਨਾਂ, ਜਿਸ ਵਿਚ ਮੇਰਾ ਬਚਪਨ ਮੌਲਿਆ ਤੇ ਜਿਸ ਨੇ ਸੁਪਨੇ ਦਿੱਤੇ। ਪਰ ਸੁਪਨਿਆਂ ਦੀ ਪੂਰਤੀ ‘ਤੇ, ਸੁਪਨੇ ਦੇਣ ਵਾਲੇ ਹੀ ਸੁਪਨਿਆਂ ਨੂੰ ਚੁਰਾਉਣ ਦੀ ਸਾਜਿਸ਼ ਵਿਚ ਸ਼ਾਮਲ ਹੋ ਗਏ। ਭਲਾ ਸੁਪਨਿਆਂ ਨੂੰ ਕੋਈ ਕਿੰਜ ਛੁਪਾਏ? ਕਿਸ ਦਰ ਫਰਿਆਦ ਲਾਏ ਕਿ ਸੁਪਨਿਆਂ ਨੂੰ ਆਂਚ ਨਾ ਆਏ? ਅਜਿਹੀ ਦੁਖਿਆਰੀ ਕਵਿਤਾ, ਖੁਦ ਵੀ ਕਵਿਤਾ ਬਣਨ ਤੋਂ ਤ੍ਰਹਿੰਦੀ।
ਇਕ ਕਵਿਤਾ ਉਨ੍ਹਾਂ ਖੇਤਾਂ ਵਿਚ ਉਗਾਉਣਾ ਚਾਹੁੰਨਾਂ, ਜਿਸ ਵਿਚੋਂ ਰਹਿਮਤਾਂ ਤੇ ਰੱਜ ਨੂੰ ਵਿਗਸਣ ਦਾ ਵਰ ਮਿਲਦਾ ਸੀ। ਉਨ੍ਹਾਂ ਖੇਤਾਂ ਵਿਚ ਜਦ ਖੁਦਕੁਸ਼ੀਆਂ ਉਗਣ ਜਾਂ ਖੇਤਾਂ ਦੇ ਆਡਾਂ-ਬੰਨਿਆਂ ‘ਤੇ ਆਪਣਿਆਂ ਦੇ ਖੂਨ ਦਾ ਰੰਗ ਚੜ੍ਹ ਜਾਵੇ ਤਾਂ ਖੇਤਾਂ ਵਿਚੋਂ ਖੁਸ਼ੀਆਂ ਨਹੀਂ ਪੁੰਗਰਨਗੀਆਂ। ਮਾਪਿਆਂ ਵਰਗੇ ਖੇਤਾਂ ਵਿਚ ਉਗ ਰਹੀ ਬੇਗਾਨਗੀ ਅਤੇ ਲਾਲਚ ਨੇ ਸਬੰਧਾਂ ਨੂੰ ਲਹੂ-ਲੁਹਾਣ ਕਰ ਦਿੱਤਾ ਏ। ਹੁਣ ਤਾਂ ਪਿੰਡ ਜਾ ਕੇ ਖੇਤਾਂ ਵੰਨੀਂ ਗੇੜਾ ਲਾਉਣ ਤੋਂ ਵੀ ਮਨ ਡਰਦਾ।
ਇਕ ਕਵਿਤਾ, ਉਜੜੇ ਖੂਹਾਂ, ਮੌਤ ਨਾਲ ਮਣਸੀਆਂ ਮੌਣਾਂ, ਔਂਤਰੇ ਔਲੂਆਂ, ਗੁਆਚੀਆਂ ਗਾਟੀਆਂ ਅਤੇ ਚੇਤਿਆਂ ਵਿਚ ਵੱਸੇ ਬੋਹੜਾਂ ਤੇ ਪਿੱਪਲਾਂ ਬਾਰੇ ਲਿਖਣਾ ਚਾਹੁੰਨਾਂ, ਜਿਨ੍ਹਾਂ ਦੀ ਮਿੱਠੜੀ ਯਾਦ ਹੁਣ ਵੀ ਚੇਤਿਆਂ ਨੂੰ ਤਰੋਤਾਜ਼ਾ ਕਰ ਜਾਂਦੀ।
ਇਕ ਕਵਿਤਾ, ਉਸ ਅਣਲਿਖੀ ਕਵਿਤਾ ਬਾਰੇ ਨਾਜ਼ਲ ਹੋਣਾ ਚਾਹੁੰਦੀ, ਜੋ ਹਰਫਾਂ ਨੂੰ ਹੰਝੂਆਂ ਸੰਗ ਖਾਰਾ ਕਰ, ਅਰਥਾਂ ਦੀ ਮੰਮਟੀ ‘ਤੇ ਵੀ ਚਿਰਾਗ ਧਰਨ ਲਈ ਕਾਹਲੀ ਏ। ਇਸ ਨੇ ਕਬਰਾਂ ਨੂੰ ਚਿਰਾਗਾਂ ਦੀ ਬਸਤੀ ਬਣਾਉਣਾ ਏ ਅਤੇ ਵਰਕਿਆਂ ਨੂੰ ਵਕਤ ਦੀ ਤਹਿਜ਼ੀਬ ਦਾ ਲਕਬ ਮਿਲਣਾ ਏ।
ਇਕ ਕਵਿਤਾ ਬਰੇਤਾ ਬਣੇ ਦਰਿਆ, ਮੌਤ ਵਣਜਦੀਆਂ ਨਦੀਆਂ ਅਤੇ ਨਰਕ ਭੋਗਦੇ ਨਾਲਿਆਂ ਦੀ ਤ੍ਰਾਸਦੀ ਬਾਰੇ ਮਨ ਨੂੰ ਕੁਰੇਦਦੀ ਏ, ਜਿਨ੍ਹਾਂ ਦੀ ਤਾਸੀਰ ਵਿਚ ਜਿਉਣ ਦਾ ਵਰਦਾਨ ਮੌਤ ਦਾ ਮਰਸੀਆ ਬਣ ਗਿਆ। ਰੋਂਦੇ ਦਰਿਆਵਾਂ ਦੇ ਕੀਰਨੇ, ਨਹਿਰਾਂ ਦੀਆਂ ਲੇਰਾਂ ਅਤੇ ਪੱਤਣਾਂ ਦੇ ਉਜਾੜ ਨੂੰ ਕਿਹੜੇ ਅੱਖਰਾਂ ਨਾਲ ਮੁਖਾਤਬ ਹੋਵਾਂ ਕਿ ਉਨ੍ਹਾਂ ਦੀਆਂ ਚੀਸਾਂ ਸਮੇਂ ਦੇ ਹਾਕਮਾਂ ਦੀ ਨੀਂਦ ਨੂੰ ਹੰਗਾਲਣ।
ਇਕ ਕਵਿਤਾ ਉਨ੍ਹਾਂ ਪਤਝੜੀ ਪਲਾਂ ‘ਤੇ ਲਿਖਣਾ ਚਾਹੁਨਾਂ, ਜਿਨ੍ਹਾਂ ਨੂੰ ਸੰਧੂਰੀ ਵਕਤਾਂ ਦਾ ਚੇਤਾ ਭੁੱਲ ਗਿਆ ਸੀ। ਉਹ ਡੁਸਕਦੇ ਰਹੇ ਅਤੇ ਸਾਹਾਂ ਦੀ ਸਾਰੰਗੀ ਨੂੰ ਉਦਾਸ ਸੁਰਾਂ ਨਾਲ ਵਰਚਾਉਂਦੇ ਰਹੇ। ਹਮੇਸ਼ਾ ਕਬਰ ਬਣਨ ਲਈ ਕਾਹਲੇ ਪਏ ਰਹੇ। ਬੀਤੇ ਪਲ ਕਦੇ ਨਹੀਂ ਪਰਤਦੇ। ਪਲ ਪਕੜਨ ਵਾਲੇ ਹੀ ਪਲਾਂ ਦੀ ਪਹਿਲੀ ਪਸੰਦ ਵਿਚੋਂ ਨਵੀਂ ਪਛਾਣ ਅਤੇ ਪਹਿਲ-ਕਦਮੀਆਂ ਦਾ ਸਿਰਲੇਖ ਹੁੰਦੇ।
ਕਵਿਤਾ ਤਾਂ ਉਸ ਬਚਪਨੀ ਗਲਵੱਕੜੀ ਬਾਰੇ ਵੀ ਲਿਖਣ ਲਈ ਕਾਹਲਾ ਹਾਂ, ਜੋ ਫੱਟੀ ਸੁਕਾਉਣ ਤੋਂ ਰੁੱਸ ਜਾਂਦੀ ਅਤੇ ਡੁੱਬਕਾ ਲੈ ਕੇ ਮੰਨਦੀ ਸੀ। ਸੂਰਜ ਨੂੰ ਪੂਰਨੇ ਸੁਕਾਉਣ ਲਈ ਹੁਕਮ ਕਰਦੀ ਅਤੇ ਛੱਪੜ ਦੇ ਪਾਣੀ ਨੂੰ ਫੱਟੀ ਪੋਚਣ ਲਈ ਪ੍ਰੇਰਿਤ ਵੀ ਕਰਦੀ ਸੀ। ਪਤਾ ਨਹੀਂ ਉਹ ਗਲਵੱਕੜੀ ਕਿਧਰ ਗੁੰਮ ਗਈ ਏ? ਹੁਣ ਤਾਂ ਉਸ ਦੇ ਵਿਸਮਾਦ ਵਿਚੋਂ ਹੀ ਅਜੋਕੀ ਜ਼ਿੰਦਗੀ ਨੂੰ ਜਿਉਣ ਦਾ ਅਦਬ ਸਿਖਾਈਦਾ। ਜੇ ਕਿਧਰੇ ਉਹ ਬਚਪਨੀ ਗਲਵੱਕੜੀ, ਮੋਹ-ਮੁਹਾਂਦਰਾ ਅਤੇ ਨਿਰਛੋਹ ਪਿਆਰ ਦਾ ਪੰਘੂੜਾ ਸੁਣਦਾ ਜਾਂ ਪੜ੍ਹਦਾ ਹੋਵੇ ਤਾਂ ਕਹਿਣਾ ਕਿ ਆ ਮੁੜ ਉਸ ਬਚਪਨੀ ਗਲਵੱਕੜੀ ਦਾ ਨਿੱਘ ਬਣੀਏ।
ਇਕ ਕਵਿਤਾ ਬੂਹੇ-ਬਾਰੀਆਂ ਹੀਣ ਚੁਬਾਰੇ ਦੀਆਂ ਬਹਿਸ਼ਤਾਂ ਬਾਰੇ ਮਨ ਦੀ ਬੀਹੀ ਵਿਚ ਸਦਾ ਦਸਤਕ ਦਿੰਦੀ ਏ, ਜਿਸ ਵਿਚ ਪੜ੍ਹਦਿਆਂ, ਸੰਘਣੀ ਧੁੰਦ ਦੇ ਓਹਲੇ ਵਿਚ ਦਿਨ ਚੜ੍ਹਨ ਦਾ ਪਤਾ ਨਹੀਂ ਸੀ ਲੱਗਦਾ। ਲਟਕਦੇ ਬਲਬ ਨਾਲ ਹੱਥ ਨਿੱਘੇ ਕਰਦਿਆਂ ਪੈਨ ਨੂੰ ਤ੍ਰੇਲੀ ਆ ਜਾਂਦੀ ਸੀ। ਸੁਪਨਿਆਂ ਦੀ ਪੂਰਨਤਾ ਦੀ ਲਿਲਕ ਨੀਂਦ ਨੂੰ ਸਦਾ ਦੁਰਕਾਰੀ ਰੱਖਦੀ ਸੀ। ਜਗਦੇ ਬਲਬ ਦੀ ਨਿੰਮੀ ਨਿੰਮੀ ਲੋਅ ਤੋਂ ਗਵਾਂਢੀ ਵੀ ਰਾਤ ਦਾ ਕਿਆਸ ਲਾਉਂਦੇ ਸਨ। ਹੱਡ ਚੀਰਵੀਂ ਠੰਡ ਵਿਚੋਂ ਮਿਹਨਤ ਦੇ ਮੁੜ੍ਹਕੇ ਦੀ ਗੰਧ ਅਤੇ ਕੋਸਾ ਅਹਿਸਾਸ, ਅਨਪੜ੍ਹ ਮਾਪਿਆਂ ਲਈ ਸਹਿਜ ਸਕੂਨ ਹੁੰਦਾ ਸੀ, ਜਿਨ੍ਹਾਂ ਨੂੰ ਪੁੱਤ ਦੇ ਪਾਸ ਹੋਣ ਦਾ ਫਿਕਰ ਜੁ ਹੁੰਦਾ ਸੀ।
ਕਵਿਤਾ ਤਾਂ ਖੁਦ ਹੀ ਕਵਿਤਾ ਵਰਗੇ ਲੋਕਾਂ ਬਾਰੇ ਆਪਹੁਦਰਾਪਨ ਦਿਖਾਉਂਦੀ ਬੋਲ ਪਈ,
ਕਵਿਤਾ ਵਰਗੇ ਲੋਕਾਂ ਪੱਲੇ
ਹੁੰਦਾ ਦੱਸੋ ਕੀ?
ਹਰਫਾਂ ਦੇ ਸੰਗ ਹਰਫ ਬਣਦਿਆਂ
ਹੋਣਾ ‘ਹੈ’ ਤੋਂ ‘ਸੀ।’

ਵਰਕ-ਵਿਹੜੇ ‘ਚ ਸੂਰਜ-ਕਲਮਾਂ
ਲਾਉਂਦਿਆਂ ਅਉਧ ਵਿਹਾਵੇ,
ਅੰਬਰ-ਕੁੱਖੇ ਜੰਮਿਆ ਜਾਇਆ
ਅੰਬਰੀ ਧਰਮ ਨਿਭਾਵੇ।

‘ਨੇਰ-ਵਿਹੜੇ ‘ਚ ਦੀਵਾ ਡੰਗਣਾ
ਉਸ ਦਾ ਸੋਚ-ਸਰੂਪ,
ਅੱਖਰ ਅੱਖਰ ਜੋੜ-ਜੋੜ ਕੇ
ਸਿਰਜੇ ਸਿਧੀ ਸਤੂਪ।

ਉਸ ਦੀ ਮਸਤਕ-ਜੂਹੇ ਹੁੰਦਾ
ਫੁੱਲ-ਪੱਤੀਆਂ ਦਾ ਵਾਸਾ,
ਕੰਡਿਆਂ ਭਰੀ ਫਿਜ਼ਾ ਦੇ ਅੰਦਰ
ਵੰਡੇ ਨਿਰਛੱਲ ਹਾਸਾ।

ਅੱਖਰ ਵਿਹੂਣੀ ਜੂਹੀਂ ਜਾ ਕੇ
ਬੋਧ-ਬਿਰਖ ਨੂੰ ਲਾਉਣਾ,
ਸੁਪਨਹੀਣ ਨੈਣਾਂ ਦੇ ਵਿਚ
ਸੁਪਨ-ਸੁਰਮਚੂ ਪਾਉਣਾ।

ਪਰ
ਰੂਹ ਦਾ ਢਾਰਾ ਤਿੱਪ ਤਿੱਪ ਚੋਵੇ
ਕੌਣ ਬੰਨਾਵੇ ਧੀਰ,
ਕੱਚੀਆਂ ਗਲੀਆਂ ਚਿੱਕੜ ਲੱਧੀਆਂ
ਰਾਹ-ਰਸਤੇ ਦਿਲਗੀਰ।

ਬੋਲ-ਬੀਹੀਏ ਸੁੰਨ ਵਰਤੀ ਏ
ਮੌਤ-ਸੰਨਾਟਾ ਛਾਇਆ,
ਆਪਣਿਆਂ ਨੇ ਆਪਣੇ ਅੰਦਰ
ਦਫਨ ਕੀਤਾ ਹਮਸਾਇਆ।

ਇਕ ਹਰਫ ਤੋਂ ‘ਹੋਣੀ’ ਬਣਦੀ
ਉਸੇ ਹਰਫ ਤੋਂ ‘ਹਾਵੇ’
ਪਰ ਉਸੇ ਹਰਫ ਦੀ ਵੱਖੀ ‘ਹਾਸੇ’
ਕਦੇ ਨਾ ਮਨ ਹੰਢਾਵੇ।

ਹਰਫ ਬੁਲਾਵਣ ਵਾਲਾ ਹਰਦਮ
ਹਰਫ ਦੀ ਜੂਨ ਹੰਢਾਵੇ,
ਹਰਫਾਂ ਕੁੱਖੇ ਸੁਖਨ ਟਿਕੇਂਦਾ
ਆਖਰ ਰਾਖ ਹੋ ਜਾਵੇ।

ਇਕ ਕਵਿਤਾ ਜ਼ਿੰਦਗੀ ਦੇ ਉਸ ਮੋੜ ‘ਤੇ ਬਹਿ ਕੇ ਲਿਖਣੀ ਚਾਹੁੰਨਾਂ, ਜਦੋਂ ਸੰਧੂਰੀ ਰੁੱਤ ਨੂੰ ਵਰ ਦੇਣ ਤੋਂ ਮੁੱਕਰੇ ਹਾਲਾਤ ਨੇ ਸਰਾਪਣ ਦੀ ਕੋਸ਼ਿਸ਼ ਕੀਤੀ, ਪਰ ਬਦਲਦਾ ਏ ਸਮਾਂ ਤਾਂ ਹਾਲਾਤ ਬਦਲਦੇ ਨੇ। ਇਨ੍ਹਾਂ ਦੇ ਬਦਲਣ ਨਾਲ ਪੱਤਹੀਣ ਬਿਰਖਾਂ ‘ਤੇ ਕਰੂੰਬਲਾਂ ਦੀ ਰੁੱਤ ਦੇ ਆਗਮਨ ਦੀ ਆਹਟ ਹੁੰਦੀ। ਫੁੱਟਦੀਆਂ ਕਰੂੰਬਲਾਂ, ਖਿੜਦੀਆਂ ਫੁੱਲਪੱਤੀਆਂ ਅਤੇ ਲਵੀਆਂ ਲਗਰਾਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਦਮਨਕਾਰੀ ਖੁਦ ਹੀ ਰਾਖ ਹੋ ਜਾਂਦੇ। ਹਿੰਮਤ, ਹੌਸਲੇ ਅਤੇ ਹਰਬਿਆਂ ਦੀ ਹਮ-ਖਿਆਲੀ ਵਿਚੋਂ ਹੀ ਮੱਥੇ ‘ਤੇ ਤਾਰੇ ਉਗਦੇ ਨੇ।
ਇਕ ਕਵਿਤਾ, ਕਵਿਤਾ ਵਰਗੇ ਉਸ ਸੱਜਣ ਲਈ ਲਿਖਣੀ ਚਾਹੁੰਨਾਂ, ਜਿਸ ਨੂੰ ਚਿੱਠੀਆਂ ਲਿਖਣਾ ਹੀ ਯਾਦ ਨਹੀਂ। ਨਿੱਕੇ-ਨਿੱਕੇ ਹੁੰਗਾਰਿਆਂ ਨਾਲ ਉਮਰਾਂ ਜੇਡੀਆਂ ਸਾਂਝਾਂ ਦਾ ਬੇਤਕੱਲਫ ਲੁਤਫ ਮਾਣਨ ਦੀ ਰੁੱਤ ਪਤਾ ਨਹੀਂ ਕਿਧਰ ਉਧਲ ਗਈ ਕਿ ਬੇਰੁਖੀ, ਬੇਲਾਗਤਾ ਅਤੇ ਬੇਗਾਨਗੀ ਨੇ ਬਹਿਸ਼ਤੀ ਬੰਧਨਾਂ ਤੇ ਨਿੱਘੀਆਂ ਮਿਲਣੀਆਂ ਦੀ ਗਰਮਜੋਸ਼ੀ ਨੂੰ ਸੂਲੀ ‘ਤੇ ਟੰਗ ਦਿੱਤਾ ਏ। ਕਵਿਤਾ ਰਾਹੀਂ ਉਸ ਸੱਜਣ ਨੂੰ ਹਾਕ ਮਾਰਾਂਗਾ ਕਿ ਐ ਦੋਸਤ! ਮੁੜ, ਪਿਛਾਂਹ ਤੱਕ। ਕੋਈ ਤੈਨੂੰ ਉਡੀਕਦਾ ਏ। ਸੱਜਣ-ਸੰਗ ਦੀ ਰੁੱਤ ਨੂੰ ਬੇਦਾਵਾ ਨਾ ਦੇਹ! ਇਸ ਦੀ ਰਹਿਮਤੀ ਦੁਆ ਨੇ ਹੀ ਸਾਨੂੰ ਜ਼ਿੰਦਗੀ ਦੇ ਮੂਲ ਮੰਤਰ ਨਾਲ ਜੋੜਿਆ ਏ। ਇਸ ਤੋਂ ਰੁਸਵਾਈ ਖੁਦ ਨੂੰ ਸਿਮਟਣ ਦੇ ਰਾਹ ਤੋਰ ਦੇਵੇਗੀ। ਸ਼ਾਇਦ ਕਵਿਤਾ ਦੀ ਹਾਕ ਅਤੇ ਸੰਵੇਦਨਾ ਉਸ ਦੀ ਚੇਤਨਾ ਨੂੰ ਹਲੂਣ ਦੇਵੇ।
ਇਕ ਕਵਿਤਾ, ਕਾਵਿ-ਰੂਪ ਵਰਗੇ ਸੱਜਣ ਨਾਲ ਸੰਵਾਦ ਰਚਾਉਣ ਲਈ ਕਾਹਲੀ ਐ। ਸੱਜਣ, ਜੋ ਇਕੱਲ ਵਿਚ ਸੰਗੀ ਸੀ। ਜੋ ਦੁਨੀਆਂ ਦੀ ਭੀੜ ਤੋਂ ਉਪਰਾਮ ਹੋ, ਖੁਦ ਵਿਚੋਂ ਖੁਦ ਨੂੰ ਮਨਫੀ ਕਰਨ ਦੇ ਰਾਹ ਤੁਰ ਪਿਆ। ਕਵਿਤਾ ਵਰਗੇ ਸੱਜਣ ਨੂੰ ਮਿਲਣ ਦੀ ਤਾਂਘ ਹੀ ਹੁੰਦੀ, ਜਦ ਬੋਲ ਗੂੰਜਦੇ, “ਕਵਿਤਾ ਵਰਗੇ ਸੱਜਣਾ ਵੇ ਤੈਨੂੰ ਸ਼ੋਰ ‘ਚ ਪੜ੍ਹਿਆ ਨਹੀਂ ਜਾਣਾ।” ਕਵਿਤਾ ਵਰਗੇ ਮਲੂਕ ਤੇ ਮਾਸੂਮ ਸੱਜਣ ਨੂੰ ਕਵਿਤਾ ਦੀ ਤਸ਼ਬੀਹ ਦੇਣ ਲੱਗਿਆਂ ਮਨ ਵਿਚ ਅਹਿਸਾਸ ਤਾਰੀ ਹੁੰਦਾ, ਜਿਸ ਦੀ ਵਿਸਮਾਦੀ ਲੋਰ ਵਿਚ ਜ਼ਿੰਦਗੀ ਜਿਉਣ ਦਾ ਅਦਬ ਤੇ ਅੰਦਾਜ਼ ਮਿਲਦਾ।
ਇਕ ਕਵਿਤਾ ਝਰੀਟਾਂਗਾ ਆਪਣਿਆਂ ਦੀ ਲਿਬਾਸੀ ਅਪਣੱਤ ਅਤੇ ਅੰਤਰੀਵੀ ਅਕ੍ਰਿਤਘਣਤਾ ਦੇ ਨਾਂ, ਜਿਸ ਦੀ ਮਲੀਨਤਾ ਨੇ ਰੂਹ ਦੀ ਚਾਦਰ ‘ਤੇ ਤਰੇੜਾਂ ਦੀਆਂ ਬੁਣਤੀਆਂ ਪਾਈਆਂ। ਇਸ ਦੀ ਚਸਕ ਨੇ ਤਦਬੀਰਾਂ ਤੇ ਤਕਦੀਰਾਂ ਨੂੰ ਤਰਜ਼ੀਹਾਂ ‘ਚ ਤਬਦੀਲ ਕੀਤਾ।
ਇਕ ਕਵਿਤਾ ਉਸ ਪੌਣ ਦੇ ਨਾਂ ਲਿਖਾਂਗਾ, ਜੋ ਸੁਗੰਧੀ ਬਣ, ਸਾਹ-ਸੰਗੀਤ ਦੀ ਸੁਰ ਨੂੰ ਹੁਣ ਤੀਕ ਸਮਿਆਂ ਦੇ ਨਾਮ ਲਾਉਂਦੀ ਐ। ਕਵਿਤਾ ਤਾਂ ਜ਼ਿੰਦਗੀ ਦੀ ਕੋਰੀ ਜੂਹ ‘ਤੇ ਕਿਰਤਨੀ ਆ, ਜੋ ਸ਼ੁਭ-ਚਿੰਤਨ ਦੇ ਚਿਰਾਗ ਨੂੰ ਹਟਕੋਰਿਆਂ ਤੇ ਹਾਵਿਆਂ ਤੋਂ ਬਚਾਉਂਦੀ, ਜ਼ਿੰਦਗੀ ਦਾ ਨਾਮਕਰਨ ਕਰ ਰਹੀ ਐ।
ਕਵਿਤਾ ਰੁੱਸ ਜਾਵੇ ਤਾਂ ਮਨ ਰੁੱਸਦਾ, ਮਾਨਸਿਕਤਾ ਮਰਨਹਾਰੀ ਹੁੰਦੀ। ਮਨੋ-ਭਾਵਨਾਵਾਂ ‘ਤੇ ਮਰਨ-ਰੁੱਤ ਉਤਰਦੀ ਅਤੇ ਮਾਨਵੀ-ਬਿਰਤੀਆਂ ‘ਚ ਧੁਖਦੀ ਧੂਣੀ ਦਾ ਧੂੰਆਂ ਫੈਲਦਾ। ਕਵਿਤਾ ਮਰਦੀ ਤਾਂ ਆਦਮੀ ਮਰ ਜਾਂਦਾ, ਆਦਮੀਅਤ ਬੇਵਾ ਹੋ ਜਾਂਦੀ ਅਤੇ ਆਤਮਕ ਅਮੀਰੀ ਨੂੰ ਕੰਗਾਲੀ ਦਾ ਕਹਿਰ ਸਹਿਣਾ ਪੈਂਦਾ। ਕਵਿਤਾ ਕਬਰਾਂ ਵੰਨੀਂ ਤੁਰ ਪਵੇ ਤਾਂ ਉਹ ਕਰਨੀਆਂ, ਕੀਰਤੀਆਂ ਅਤੇ ਕੀਰਤੀਮਾਨਾਂ ਨੂੰ ਕੁਲੱਛਣੇ ਪਲਾਂ ਦੀ ਨਿਸ਼ਾਨਦੇਹੀ ਕਰਨ ਲਈ ਮਜ਼ਬੂਰ ਕਰਦੀ। ਰੁੱਸ ਗਈ ਕਵਿਤਾ ਨੂੰ ਵਾਪਸ ਪਰਤਣ ਲਈ ਕਵਿਤਾ ਨੂੰ ਅਰਜੋਈ ਕਰਾਂਗਾ ਕਿ ਐ ਕਵਿਤਾ! ਆ, ਆਪਾਂ ਇਕ ਦੂਜੇ ਦੇ ਪੂਰਕ ਬਣ, ਕਵਿਤਾ ਵਰਗੇ ਪਲਾਂ ਦਾ ਪਹਿਰ ਬਣੀਏ। ਕਵਿਤਾ ਵਰਗੇ ਲੋਕਾਂ ਨਾਲ ਕਾਵਿ-ਮੁਹਾਵਰੇ ‘ਚ ਸੰਵਾਦ ਹੀ ਅਸਲ ਹਾਸਲ ਹੁੰਦਾ। ਅਜਿਹੀ ਕਵਿਤਾ ਅਸੀਂ ਸਭ ਹਾਂ, ਬਸ਼ਰਤੇ ਅਸੀਂ ਕਾਵਿ-ਮਾਰਗ ਨੂੰ ਪਛਾਣੀਏ।
ਕਵਿਤਾ ਦੇ ਨਾਮ ਕਵਿਤਾ ਲਿਖਣ ਤੋਂ ਚੰਗੇਰਾ ਕਾਰਜ ਹੋਰ ਕੀ ਹੋ ਸਕਦਾ! ਅਜਿਹਾ ਕਾਰਜ ਵਿਰਲੇ ਪਰ ਭਾਵੁਕ ਲੋਕ ਹੀ ਕਰਦੇ। ਹਰਫਾਂ ਦੇ ਧੰਨ ਭਾਗ ਕਿ ਉਹ ਕਵਿਤਾ ਬਣਦੇ। ਕਵਿਤਾ ‘ਚ ਅੱਖਰਾਂ ਤੋਂ ਬਾਗੀ ਹੋ ਗਏ ਉਨ੍ਹਾਂ ਅਰਥਾਂ ਨੂੰ ਵੀ ਪਰੋਵਾਂਗਾ, ਜਿਨ੍ਹਾਂ ਦਾ ਆਭਾ-ਮੰਡਲ, ਹਰਫੀ-ਹਨੇਰਿਆਂ ਨੂੰ ਹੂੰਝਣਾ ਚਾਹੁੰਦਾ।
ਕਵਿਤਾ, ਉਨ੍ਹਾਂ ਬਾਲ ਮਨਾਂ ਬਾਰੇ ਜਰੂਰ ਲਿਖਾਂਗਾ, ਜਿਨ੍ਹਾਂ ਦੇ ਬਸਤੇ ਚੋਰੀ ਹੋ ਗਏ; ਜਿਨ੍ਹਾਂ ਤੋਂ ਫੱਟੀ, ਕਲਮ, ਦੁਆਤ, ਪਹਾੜੇ, ਪੂਰਨੇ ਅਤੇ ਮੁਹਾਰਨੀ ਰੁੱਸ ਗਈ; ਜਿਨ੍ਹਾਂ ਦੇ ਹੋਠਾਂ ‘ਤੇ ਬੁਰਕੀ-ਰਾਗ ਗੂੰਜਦਾ; ਜਿਨ੍ਹਾਂ ਦੇ ਤਨ ਦੇ ਲੰਗਾਰ ਨੂੰ ਕੋਈ ਨਹੀਂ ਸਿਉਂਦਾ। ਜਿਨ੍ਹਾਂ ਦੇ ਮਨ ਦੀ ਕੋਰੀ ਸਲੇਟ ‘ਤੇ ਕਾਲੇ ਲੇਖ ਝਰੀਟਣ ਵਿਚ ਰੁੱਝੀ ਏ, ਵਕਤ ਦੀ ਅਸਾਂਵੀ ਸੋਚ।
ਕਵਿਤਾ ਤਾਂ ਉਸ ਕਤਰੇ ਬਾਰੇ ਜਰੂਰ ਲਿਖਾਂਗਾ, ਜੋ ਸਮੁੰਦਰ ਨੂੰ ਹੰਗਾਲਣ ਪਿਛੋਂ ਨਸੀਬ ਹੋਇਆ। ਫਿਰ ਇਸ ਕਤਰੇ ਨੇ ਸਮੁੰਦਰ ਨੂੰ ਵੀ ਆਪਣੇ ਵਿਚ ਸਮਾ ਲਿਆ। ਕਤਰਾ-ਕਤਰਾ ਹੋ ਕੇ ਕਵਿਤਾ ਬਣਨ ਵਾਲੇ ਪਲ ਹੀ ਕਾਵਿ-ਸਮੂਹ ਹੁੰਦੇ।
ਇਕ ਕਵਿਤਾ ਉਸ ਕੈਨਵਸ ਬਾਰੇ ਲਿਖਾਂਗਾ, ਜੋ ਅਮੂਰਤ ਹੁੰਦਿਆਂ ਵੀ ਪੂਰਨ ਕਵਿਤਾ ਏ। ਇਸ ਦੇ ਬਿੰਬਾਂ ਵਿਚੋਂ ਮਨੁੱਖੀ ਸਰੋਕਾਰਾਂ ਅਤੇ ਸੰਭਾਵਨਾਵਾਂ ਨੂੰ ਸਮਝਿਆ ਜਾ ਸਕਦਾ, ਬਸ਼ਰਤੇ ਤੁਹਾਡੀ ਨੀਝ ‘ਚ ਅਮੂਰਤ ਨੂੰ ਮੂਰਤ ਬਣਾਉਣ ਦੀ ਕਲਾ ਹੋਵੇ।
ਕਵਿਤਾ ਤਾਂ ਉਸ ਮਾਨਸਿਕ ਦਸ਼ਾ ਬਾਰੇ ਉਕਰਾਂਗਾ, ਜਦ ਮਨ ਨੱਚਦਾ, ਲੁੱਡੀਆਂ ਪਾਉਂਦਾ, ਆਵੇਸ਼ ਅਤੇ ਆਲਮੀ ਲੋਰ ‘ਚ ਅੰਬਰ ਨੂੰ ਕਲਾਵੇ ‘ਚ ਲੈਣ, ਧਰਤੀਆਂ ਨੂੰ ਗਾਹੁਣ, ਹਵਾ ‘ਚ ਉਡਣ ਅਤੇ ਬੱਦਲਾਂ ਦੇ ਬਸਤਰ ਪਹਿਨਣ ਲਈ ਉਮਡਦਾ। ਅਜਿਹੀ ਮਾਨਸਿਕਤਾ ਨੂੰ ਕਵਿਤਾ ਦੇ ਹਵਾਲੇ ਕਰਦਿਆਂ, ਖੁਦ ਹੀ ਕਵਿਤਾ ਵਿਚ ਸਮਾ ਜਾਵਾਂਗਾ।
ਇਕ ਅਜਿਹੀ ਕਵਿਤਾ ਜਰੂਰ ਲਿਖਾਂਗਾ, ਜੋ ਲੋਹੇ ਵਰਗੀ ਮਜਬੂਤ ਪਰ ਫੁੱਲਾਂ ਵਰਗੀ ਕੋਮਲ ਹੋਵੇ। ਸਮਾਜਕ ਦੁਰਗੰਧ ਨਾਲ ਭਰੀ ਹੋਵੇ ਪਰ ਫਿਜ਼ਾ ਦੇ ਨਾਮ ਸੁਗੰਧੀਆਂ ਕਰੇ। ਪਿਲੱਤਣਾਂ ਦੀ ਬਾਤ ਪਾਉਂਦਿਆਂ ਵੀ ਰਾਂਗਲੇ ਵਕਤਾਂ ਦੀ ਆਮਦ ਦਾ ਸੁਨੇਹਾ ਹੋਵੇ। ਰੀੜ੍ਹ-ਹੀਣ ਮਨੁੱਖ ਦੀ ਲਾਚਾਰਗੀ ਨੂੰ ਤ੍ਰਿਸਕਾਰਦੀ, ਤੂਤ ਦਾ ਮੋਛਾ ਬਣਨ ਲਈ ਲਲਕਾਰੇ। ਡੁੱਬਦੇ ਸੂਰਜ ਦਾ ਮਰਸੀਆ ਪੜ੍ਹਦਿਆਂ ਵੀ ਸਰਘੀ ਲਈ ਅਰਦਾਸ ਕਰੇ। ਤਿੱਤਰ-ਖੰਭੀਆਂ ਨੂੰ ਚਿੱਤਰਦਿਆਂ ਮੇਘਲੀ ਰੁੱਤ ਦਾ ਵਰਣਨ ਕਰੇ। ਬੇਪਰੀ ਚਿੜੀ ਲਈ ਹੂਕ ਬਣ ਕੇ ਪਰਿੰਦਿਆਂ ਦੀ ਪਰਵਾਜ਼ ਦੀ ਹਾਮੀ ਭਰੇ ਅਤੇ ਧੁੰਆਂਖੀਆਂ ਮੰਜ਼ਿਲਾਂ ਦੇ ਹੁੰਦਿਆਂ ਵੀ ਪੈਰ-ਹੀਣਾਂ ਲਈ ਸਫਰ ਦਾ ਸਬੱਬ ਬਣੇ।
ਉਸ ਕਵਿਤਾ ਦੀ ਸਿਰਜਣਾ ਵੀ ਮਨ ਦੀ ਤਮੰਨਾ ਏ, ਜਿਸ ਦੇ ਸ਼ਬਦਾਂ ਵਿਚ ਮੂਰਤਾਂ ਦੀ ਸਿਰਜਣਾ ਹੋਵੇ। ਮੂਰਤ ਨੂੰ ਉਲਥਾਉਣ ਲਈ ਸ਼ਬਦ ਸਮਰੱਥ ਹੋਣ ਤਾਂ ਹੀ ਕਵਿਤਾ ਦੀ ਸਾਰਥਕਤਾ ਮਨੁੱਖ ਦੇ ਹਾਣ ਦੀ ਹੋ ਸਕਦੀ।
ਕਵਿਤਾ ਜਰੂਰ ਲਿਖਾਂਗਾ ਦਰ ‘ਤੇ ਜੰਮੀ ਉਡੀਕ ਦੇ ਨਾਮ। ਸ਼ਗਨਾਂ ਦੇ ਪਾਣੀ ਅਤੇ ਤੇਲ ਨੂੰ ਤਰਸਦੇ ਦਰਾਂ ਦੀ ਤਵਾਰੀਖ ਅਤੇ ਘਰ ਦੀਆਂ ਬੋੜੀਆਂ ਸਰਦਲਾਂ ਦੇ ਨਾਮ, ਜੋ ਆਪਣਿਆਂ ਦੀ ਛੋਹ ਲਈ ਤਰਸਦੀਆਂ ਹੀ ਯੁੱਗੋਂ ਵਿਹਾਜ ਚੱਲੀਆਂ ਨੇ।
ਇਕ ਕਵਿਤਾ ਨੂੰ ਉਸ ਤੱਕਣੀ ਦੀ ਤਸ਼ਬੀਹ ਬਣਾਵਾਂਗਾ, ਜਦ ਮਾਂ ਨੇ ਪਹਿਲੀ ਵਾਰ ਅਖਬਾਰ ਦੀ ਲਿਖਤ ‘ਚੋਂ ਬੇਟੇ ਨੂੰ ਨਿਹਾਰਿਆ ਸੀ ਤੇ ਨਹੋਰਾ ਵੀ ਮਾਰਿਆ ਸੀ ਕਿ ਅੱਖਰਾਂ ਦੀ ਪਨਾਹ ਵਿਚੋਂ ਮਾਂ ਦੀ ਬੁੱਕਲ ਵਰਗਾ ਨਿੱਘ ਅਤੇ ਅਸੀਸ ਨਹੀਂ ਮਿਲਣੀ। ਪਰ ਮਾਂ ਨੇ ਫਿਰ ਵੀ ਅਸੀਸਾਂ ਅਤੇ ਦੁਆਵਾਂ ਦੀ ਨਿਰੰਤਰਤਾ ਬਰਕਰਾਰ ਰੱਖੀ। ਉਸ ਤੱਕਣੀ ਨੂੰ ਬੀਤੇ ਦੀ ਅੱਖ ਵਿਚੋਂ ਦੇਖਦਿਆਂ ਕਵਿਤਾ ਨੇ ਵੀ ਤਰਲ-ਤਰਲ ਹੋ ਜਾਣਾ।
ਸਭ ਤੋਂ ਆਖਰੀ ਕਵਿਤਾ ਖੁਦ ਨੂੰ ਸੰਬੋਧਨ ਕਰਾਂਗਾ। ਖੁਦ ਦੀ ਜਾਮਾ-ਤਲਾਸ਼ੀ ਵਿਚੋਂ ਖੁਦੀ ਨੂੰ ਮਿਟਾਵਾਂਗਾ, ਤੇ ਫਿਰ ਹਰਫੀ-ਸੰਵੇਦਨਾ ਦੇ ਸੁੱਚੇ-ਸਫਰ ਦਾ ਸ਼ੁਭ-ਅਰੰਭ ਕਰਾਂਗਾ। ਇਹ ਕਵਿਤਾ ਤਾਂ ਜਰੂਰ ਲਿਖਾਂਗਾ।