ਲੋਹ-ਪੁਰਸ਼

ਸੁਰਜੀਤ, ਕੈਨੇਡਾ
ਫੋਨ: 416-605-3784
ਉਸ ਦਿਨ ਪਾਪਾ ਦੇ ਘਰ ਪਹੁੰਚੀ ਤਾਂ ਸ਼ਾਮ ਢਲਣ ਹੀ ਵਾਲੀ ਸੀ! ਬਰੂਹਾਂ ‘ਤੇ ਤੇਲ ਚੋਅ ਰਹੀ ਛੋਟੀ ਭੈਣ ਦੀਆਂ ਮੋਟੀਆਂ ਮੋਟੀਆਂ ਅੱਖਾਂ ਦੀਆਂ ਕਟੋਰੀਆਂ ਭਰ ਭਰ ਡੁੱਲ੍ਹਦੀਆਂ ਰਹੀਆਂ! ਪੂਰੇ ਚੌਦਾਂ ਸਾਲਾਂ ਬਾਅਦ ਜੁ ਮਿਲੀਆਂ ਸਾਂ…!
“ਸਦੀਆਂ ਹੀ ਬੀਤ ਗਈਆਂ…!” ਉਸ ਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਆਖਿਆ।

ਭਾਬੀ ਨੇ ਆ ਕੇ ਕਲਾਵੇ ‘ਚ ਲੈ ਲਿਆ। ਭਤੀਜੇ ਪੈਰੀਂ ਮੱਥਾ ਟੇਕਦੇ ਨਾ ਥੱਕਣ। ਖੂਬ ਚਹਿਲ-ਪਹਿਲ ਸੀ ਘਰ ਵਿਚ ਉਸ ਦਿਨ; ਮੇਰੀਆਂ ਨਜ਼ਰਾਂ ਪਾਪਾ ਨੂੰ ਟੋਹਲ ਰਹੀਆਂ ਸਨ। ਸਾਰੇ ਜਣੇ ਜਰਾ ਕੁ ਅੱਗੇ-ਪਿੱਛੇ ਨੂੰ ਹੋਏ ਤਾਂ ਸਾਹਮਣੇ ਵ੍ਹੀਲ ਚੇਅਰ ‘ਤੇ ਬੈਠੈ ਹੱਡੀਆਂ ਦੀ ਮੁੱਠ ਬਣੇ ਪਾਪਾ ਦਿਸ ਪਏ। ਹਾਏ! ਪਾਪਾ ਨੂੰ ਕੀ ਹੋ ਗਿਆ? ਮੈਂ ਹੈਰਾਨ ਹੋ ਗਈ ਅਤੇ ਦੌੜ ਕੇ ਪਾਪਾ ਦੀ ਕੁਰਸੀ ਦੀਆਂ ਬਾਹਾਂ ਫੜ੍ਹ ਕੇ ਹੇਠਾਂ ਹੀ ਬੈਠ ਗਈ, “ਇਹ ਕੀ ਹੋ ਗਿਐ ਤੁਹਾਨੂੰ ਪਾਪਾ!”
ਵਾਰ ਵਾਰ ਕੁੜਤੇ ਦੀਆਂ ਬਾਂਹਾਂ ਨਾਲ ਅੱਖਾਂ ਪੂੰਝੀ ਜਾਂਵਾਂ। ਪਾਪਾ ਸਿਰ ‘ਤੇ ਹੱਥ ਫੇਰਦੇ ਰਹੇ ਅਤੇ ਵਾਰ ਵਾਰ ਆਖਦੇ ਰਹੇ, “ਬੇਟਾ ਚੁੱਪ! ਰੋਣਾ ਕਿਉਂ? ਮੈਂ ਤਾਂ ਚੰਗਾ ਭਲਾਂ…!” ਬੜੇ ਹੌਸਲੇ ਵਾਲੇ ਨੇ ਪਾਪਾ। ਉਹ ਕਦੇ ਡੋਲਦੇ ਈ ਨਹੀਂ ਅਤੇ ਨਾ ਹੀ ਕਿਸੇ ਨੂੰ ਡੋਲਣ ਦਿੰਦੇ ਨੇ।
ਪਾਪਾ ਵੱਲ ਵੇਖਿਆ, ਉਨ੍ਹਾਂ ਦਾ ਚਿਹਰਾ ਅਜੇ ਵੀ ਦਗ ਦਗ ਕਰ ਰਿਹੈ। ਉਨ੍ਹਾਂ ਦੀ ਵ੍ਹੀਲ ਚੇਅਰ ਨੂੰ ਗਹਿਰੀ ਨਜ਼ਰ ਨਾਲ ਤੱਕਿਆ। ਉਨ੍ਹਾਂ ਦੇ ਹੱਥ ਫੜ ਲਏ; ਮਾਸ ਤਾਂ ਹੈ ਈ ਨਹੀਂ ਬਿਲਕੁਲ! ਪਾਪਾ ਤਾਂ ਨਿਰਾ ਨਾੜਾਂ ਦਾ ਰੁੱਗ ਅਤੇ ਹੱਡੀਆਂ ਦੀ ਮੁੱਠ ਈ ਬਣ ਗਏ ਸਨ!
ਮੇਰੇ ਅਵਚੇਤਨ ‘ਚ ਕਿੰਨਾ ਕੁਝ ਦੌੜਣ ਲੱਗਦੈ-ਜਵਾਨੀ ਵੇਲੇ ਕਿੰਨੇ ਸੋਹਣੇ ਹੁੰਦੇ ਸਨ ਪਾਪਾ; ਸਿਰ ‘ਤੇ ਪ੍ਰਿੰਟਿਡ ਪੱਗੜੀ, ਅੱਖਾਂ ‘ਤੇ ਕਾਲੇ ਚਸ਼ਮੇ। ‘ਰਾਇਲ ਐਨ ਫੀਲਡ’ ਮੋਟਰ ਸਾਈਕਲ ‘ਤੇ ਜਦੋਂ ਦਿੱਲੀ ਦੇ ਕਨਾਟ ਪਲੇਸ ‘ਚ ਸਥਿਤ ਆਪਣੇ ਆਫਿਸ ਜਾਂਦੇ ਤਾਂ ਉਨ੍ਹਾਂ ਦਾ ਰੋਹਬ ਦੇਖਣ ਵਾਲਾ ਹੁੰਦਾ। ਇਕ ਉਹ ਗਜ਼ਟਿਡ ਅਫਸਰ ਅਤੇ ਇਕ ਆਹ ਬੇਬੱਸ ਬਜੁਰਗ!
ਵਕਤ ਕਿੰਨਾ ਬਲਵਾਨ ਹੁੰਦੈ। ਕੀ ਇਹ ਮੇਰੇ ਉਹੀ ਪਾਪਾ ਨੇ, ਜੋ ਨੈਸ਼ਨਲ ਲੈਵਲ ‘ਤੇ ਹਾਕੀ ਦੇ ਖਿਡਾਰੀ ਹੁੰਦੇ ਸਨ? ਸੌ ਮੀਟਰ ਰੇਸ ਵਿਚ ਹਮੇਸ਼ਾ ਅੱਵਲ ਆਉਂਦੇ। ਉਂਜ ਵੀ ਪਾਪਾ ਇੰਨਾ ਤੇਜ਼ ਤੁਰਦੇ ਕਿ ਅਸੀਂ ਦੌੜ ਦੌੜ ਕੇ ਉਨ੍ਹਾਂ ਨਾਲ ਰਲਦੇ। ਚੌਦਾਂ ਵਰ੍ਹੇ ਪਹਿਲਾਂ ਜਦੋਂ ਅਮਰੀਕਾ ਗਈ ਸਾਂ ਤਾਂ ਉਦੋਂ ਉਨ੍ਹਾਂ ਦੀ ਉਮਰ ਛਿਆਸੀ ਵਰ੍ਹਿਆਂ ਦੀ ਸੀ। ਬੜੀ ਵਧੀਆ ਸਿਹਤ ਸੀ। ਉਦੋਂ ਵੀ ਵੈਸਪਾ ਸਕੂਟਰ ਭਜਾਈ ਫਿਰਦੇ ਸਨ ਪਰ ਹੁਣ ਤਾਂ ਤੁਰਨੋਂ ਈ ਰਹਿ ਗਏ, ਤੇ ਇਹ ਵੀਲ੍ਹ ਚੇਅਰ…?
“ਉਠ ਬੇਟਾ! ਉਠ ਕੇ ਕੁਰਸੀ ਤੇ ਬੈਠ, ਤ੍ਰਿਕਾਲਾਂ ਵੇਲੇ ਭੁੰਜੇ ਕਿਉਂ ਬੈਠਣਾ? ਹੋਰ ਸੁਣਾ ਸਫਰ ਕਿਵੇਂ ਰਿਹਾ!” ਪਾਪਾ ਦੀ ਆਵਾਜ਼ ਨਾਲ ਸੋਚਾਂ ਦੀ ਦੁਨੀਆਂ ‘ਚੋਂ ਵਾਪਿਸ ਆਈ ਤੇ ਵਿਹੜੇ ‘ਚ ਪਈ ਕੁਰਸੀ ‘ਤੇ ਬੈਠ ਗਈ। ਘਰ ਚਹਿਲ-ਪਹਿਲ ਨਾਲ ਭਰਿਆ ਪਿਆ ਸੀ; ਮੈਂ ਕਿੰਨੇ ਵਰ੍ਹਿਆਂ ਪਿਛੋਂ ਅਮਰੀਕਾ ਤੋਂ ਵਾਪਿਸ ਆਈ ਸਾਂ। ਸਭ ਦੇ ਮੂੰਹਾਂ ਵੱਲ ਵੇਖ ਕੇ ਚੰਗਾ ਚੰਗਾ ਲੱਗ ਰਿਹਾ ਸੀ; ਭਤੀਜੇ-ਭਤੀਜੀਆਂ ਜੁਆਨ ਹੋ ਗਏ ਨੇ! ਜਦੋਂ ਗਈ ਸਾਂ ਤਾਂ ਮਸਾਂ ਪੰਜਾਂ-ਛਿਆਂ ਕੁ ਸਾਲਾਂ ਦੇ ਹੀ ਸਨ। ਹੁਣ ਤਾਂ ਮੈਥੋਂ ਵੀ ਉਚੇ ਹੋ ਗਏ, ਪਛਾਣੇ ਈ ਨਾ ਜਾਣ। ਕਿੰਨਾ ਕੁਝ ਬਦਲ ਗਿਐ! ਭਾਬੀ ਦੇ ਵਾਲ ਵੀ ਲੂਣ-ਮਿਰਚਾਂ ਜਿਹੇ ਹੋ ਗਏ। ਐਧਰ-ਉਧਰ ਦੀਆਂ ਗੱਲਾਂ ਕਰਦਿਆਂ ਰਾਤ ਪੈ ਗਈ। ਇਸ ਸਾਰੇ ਸਿਲਸਿਲੇ ਦੌਰਾਨ ਪਾਪਾ ਬਾਰੇ ਹੀ ਸੋਚੀ ਗਈ। ਪਾਪਾ ਤਾਂ ਨਿੱਕੇ ਹੁੰਦਿਆਂ ਤੋਂ ਹੀ ਮੇਰੀ ਜਾਨ ਹਨ!
ਨਿੱਕੀ ਹੁੰਦੀ ਸਾਂ, ਮਸਾਂ ਚਹੁੰ-ਪੰਜਾਂ ਵਰ੍ਹਿਆਂ ਦੀ। ਪਾਪਾ ਪਿੰਡੋਂ ਛੁੱਟੀ ਕੱਟ ਕੇ ਦਿੱਲੀ ਨੂੰ ਜਾਣ ਲੱਗੇ ਤਾਂ ਮੈਂ ਜ਼ਿਦ ਕਰ ਬੈਠੀ ਕਿ ਮੈਂ ਤਾਂ ਪਾਪਾ ਦੇ ਨਾਲ ਹੀ ਜਾਣੈ। ਉਨ੍ਹਾਂ ਨਾਲ ਇਕੱਲੀ ਹੀ ਦਿੱਲੀ ਰਹੀ। ਮੋਟਰ ਸਾਈਕਲ ‘ਤੇ ਪਾਪਾ ਦੇ ਅੱਗੇ ਬੈਠ ਕੇ ਉਨ੍ਹਾਂ ਨਾਲ ਆਫਿਸ ਚਲੀ ਜਾਂਦੀ। ਦਫਤਰ ਦਾ ਸਾਰਾ ਸਟਾਫ ਮੈਨੂੰ ਚੁੱਕੀ ਫਿਰਦਾ। ਪਾਪਾ ਚੁੱਕ ਕੇ ਬਾਥਰੂਮ ਲਿਜਾਂਦੇ, ਨੁਹਾਉਂਦੇ-ਧੁਆਉਂਦੇ, ਮੇਰਾ ਸਿਰ ਵਾਹ ਕੇ ਦੋ ਗੁੱਤਾਂ ਕਰਕੇ ਤਿਆਰ ਕਰਦੇ। ਅਜੇ ਵੀ ਯਾਦ ਹੈ, ਉਹ ਨੀਲੇ ਫੁੱਲਾਂ ਵਾਲਾ ਗਰਾਰਾ ਤੇ ਫਰਾਕ, ਜੋ ਪਾਪਾ ਨੇ ਮੈਨੂੰ ਸਵਾ ਕੇ ਦਿੱਤੇ, ਜਿਸ ਨੂੰ ਪਾ ਕੇ ਮੈਂ ਫੁੱਲੀ ਨਾ ਸਮਾਉਂਦੀ।
ਇਕ ਦਿਨ ਪਾਪਾ ਨੇ ਗੁਆਂਢ ਦੀਆਂ ਕੁੜੀਆਂ ਨਾਲ ਮੈਨੂੰ ਸਕੂਲ ਭੇਜ ਦਿੱਤਾ। ਦੁਪਹਿਰ ਨੂੰ ਮੈਂ ਅੱਖ ਬਚਾ ਕੇ ਸਕੂਲੋਂ ਭੱਜ ਆਈ। ਆਪਣੇ ਚਿੱਤੋਂ ਘਰ ਵਾਪਿਸ ਜਾ ਰਹੀ ਸਾਂ ਪਰ ਰਾਸਤਾ ਭੁੱਲ ਗਈ ਤੇ ਕਰੋਲ ਬਾਗ ਦੇ ਬਾਜ਼ਾਰ ਵਿਚ ਖੜੀ ਹੋ ਕੇ ਰੋਣ ਲੱਗ ਪਈ। ਇਕ ਆਦਮੀ ਨੇ ਪੁੱਛਿਆ, “ਬੇਟਾ ਆਪ ਕਿਉਂ ਰੋ ਰਹੇ ਹੋ?”
ਮੈਂ ਕਿਹਾ, “ਮੈਂ ਘਰ ਕਾ ਰਾਸਤਾ ਭੂਲ ਗਈ ਹੂੰ।”
“ਤੁਮਹੇ ਅਪਨੇ ਘਰ ਕਾ ਪਤਾ ਮਾਲੂਮ ਹੈ?”
ਪਾਪਾ ਨੇ ਮੈਨੂੰ ਘਰ ਦਾ ਪਤਾ ਤੇ ਫੋਨ ਨੰਬਰ ਰਟਾਏ ਹੋਏ ਸਨ। ਮੈਂ ਘਰ ਦਾ ਪਤਾ ਦੱਸ ਦਿੱਤਾ ਤੇ ਉਹ ਮੈਨੂੰ ਆਪਣੀ ਘਨ੍ਹੇੜੀ ਬਿਠਾ ਕੇ ਸਾਡੇ ਘਰ ਛੱਡ ਗਿਆ। ਉਸ ਦਿਨ ਤੋਂ ਬਾਅਦ ਪਾਪਾ ਮੇਰਾ ਜਰਾ ਵਿਸਾਹ ਨਾ ਖਾਂਦੇ। ਉਨ੍ਹਾਂ ਨੇ ਟੀਚਰਾਂ ਨੂੰ ਤਾਗੀਦ ਕੀਤੀ ਕਿ ਮੇਰਾ ਖਾਸ ਖਿਆਲ ਰੱਖਿਆ ਜਾਵੇ ਤੇ ਮੇਰੇ ਬਾਕੀ ਪਰਿਵਾਰ ਨੂੰ ਵੀ ਆਪਣੇ ਕੋਲ ਦਿੱਲੀ ਹੀ ਬੁਲਾ ਲਿਆ। “ਮੇਰੇ ਉਹ ਪਾਪਾ ਅੱਜ ਵ੍ਹੀਲ ਚੇਅਰ ‘ਚ ਕਿਵੇਂ?”
ਥਕਾਵਟ ਨਾਲ ਮੰਦਾ ਹਾਲ ਸੀ। ਸਫਰ ਵੀ ਤਾਂ ਇੰਨਾ ਲੰਮਾ ਹੁੰਦੈ, ਕੈਲੀਫੋਰਨੀਆ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ। ਬੰਦੇ ਦੀ ਬੱਸ ਹੋ ਜਾਂਦੀ ਐ। ਖਾਣ-ਪੀਣ ਪਿਛੋਂ ਮੈਂ ਉਸ ਕਮਰੇ ਵਿਚ ਸੌਂ ਗਈ, ਜੋ ਮੈਨੂੰ ਦਿੱਤਾ ਗਿਆ ਸੀ। ਅੱਧੀ ਰਾਤ ਨੂੰ ਓਪਰੀ ਜਗ੍ਹਾ ਕਰਕੇ ਜਾਂ ਬੇਆਰਾਮੀ ਨਾਲ ਮੇਰੀ ਨੀਂਦ ਖੁੱਲ੍ਹ ਗਈ। ਇਕ ਮਿੰਟ ਲਈ ਤਾਂ ਪਤਾ ਹੀ ਨਾ ਲੱਗੇ ਕਿ ਮੈਂ ਕਿੱਥੇ ਸਾਂ। ਕਮਰੇ ‘ਚ ਨਜ਼ਰ ਮਾਰੀ, ਸਭ ਕੁਝ ਓਪਰਾ ਓਪਰਾ! ਹੌਲੀ ਹੌਲੀ ਸਮਝ ਆਈ ਕਿ ਮੈਂ ਇਸ ਟਾਈਮ ਇੰਡੀਆ ਵਿਚ ਹਾਂ। ਕਮਰੇ ਵਿਚੋਂ ਇਕ ਅਜੀਬ ਕਿਸਮ ਦੀ ਗੰਧ ਆ ਰਹੀ ਸੀ। ਕੋਲ ਪਿਆ ਟੇਬਲ ਲੈਂਪ ਬਾਲਦੀ ਹਾਂ। ਕਮਰਾ ਰੌਸ਼ਨੀ ਨਾਲ ਭਰ ਜਾਂਦੈ। ਘੜੀ ਵੱਲ ਵੇਖਿਆ, ਰਾਤ ਦਾ ਇਕ ਵੱਜਾ ਸੀ। ਕੁਝ ਚਿਰ ਲੰਮੀ ਪਈ ਰਹੀ ਪਰ ਨੀਂਦ ਨਾ ਆਵੇ।
‘ਇੱਥੋਂ ਦੇ ਘਰ ਕਿੰਨੇ ਬਦਲ ਗਏ ਨੇ ਹੁਣ’, ਸੋਚਣ ਲੱਗੀ। ਮੈਨੂੰ ਇਹ ਘਰ ਆਪਣੇ ਪਿੰਡ ਵਾਲੇ ਘਰ ਵਰਗਾ ਨਹੀਂ ਲੱਗਦਾ, ਜਿੱਥੇ ਮੇਰਾ ਦਸਵੀਂ ਤੋਂ ਬਾਅਦ ਦਾ ਸਮਾਂ ਬੀਤਿਆ। ਬਹੁਤ ਅਜਨਬੀਅਤ ਹੈ ਇਸ ਦੇ ਅੰਦਰ, ਭਾਵੇਂ ਪਾਪਾ ਨੇ ਘਰ ਤਾਂ ਬੜਾ ਸੁਹਣਾ ਬਣਾ ਲਿਆ ਹੋਇਐ। ਹੁਣ ਤਾਂ ਕਰੀਬ ਸਾਰਾ ਕੁਝ ਹੀ ‘ਬਾਹਰ’ ਵਾਂਗ ਲੱਗਦਾ ਹੈ, ਇੱਥੇ ਵੀ ਉਂਜ ਦੀਆਂ ਹੀ ਅਲਮਾਰੀਆਂ, ਪਰਦੇ ਤੇ ਫਰਸ਼। ਬਹੁਤ ਬਦਲ ਗਿਆ ਹੈ, ਇੰਡੀਆ ਹੁਣ!
ਪਿੰਡ ਸਾਡੀ ਇਕ ਰਸੋਈ ਘਰ ਦੇ ਅੰਦਰ ਹੁੰਦੀ ਸੀ, ਜਿਸ ਵਿਚ ਅਸੀਂ ਕੇਵਲ ਸਟੋਵ ਚਲਾਉਂਦੇ ਸਾਂ। ਇਕ ਚੌਂਕਾ ਹੁੰਦਾ ਸੀ ਵਿਹੜੇ ਵਿਚ, ਅਸੀਂ ਉਥੇ ਚੁੱਲ੍ਹਾ ਬਾਲਦੇ। ਅੱਧੀ ਅੱਧੀ ਰਾਤ ਚੁੱਲ੍ਹੇ ਮੂਹਰੇ ਬੈਠ ਕੇ ਗੱਲਾਂ ਕਰਦੇ। ਕੋਠਿਆਂ ‘ਤੇ ਸੌਂਦੇ, ਤਾਰੇ ਗਿਣਦੇ ਤੇ ਬਾਤਾਂ ਪਾਉਂਦੇ। ਕਦੇ ਕਦੇ ਭੂਤਾਂ ਦੀਆਂ ਕਹਾਣੀਆਂ ਸੁਣਾਉਂਦੇ; ਛਲੇਡਿਆਂ ਤੋਂ ਡਰਦੇ ਅੱਖਾਂ ਬੰਦ ਕਰਕੇ ਸੌਂ ਜਾਂਦੇ। ਅਚਾਨਕ ਕੋਈ ਅੱਭੜਵਾਹੇ ਉਠ ਕੇ ਆਖਦਾ, “ਤੁਸੀਂ ਢੋਲਕੀ-ਛੈਣਿਆਂ ਦੀ ਆਵਾਜ਼ ਸੁਣੀ…ਮੈਂ ਹੁਣੇ ਸੁਣਿਐ, ਐਧਰ ਨੂੰ ਢੋਲਕੀ ਛੈਣੇ ਵੱਜਦੇ ਜਾਂਦੇ…।” ਤੇ ਸਾਰੇ ਹੋਰ ਵੀ ਸੁੰਗੜ ਕੇ ਚੁੱਪ ਕਰ ਜਾਂਦੇ।
ਅੱਜ ਮੈਂ ਜਲੰਧਰ ਸ਼ਹਿਰ ਆਪਣੇ ਪਾਪਾ ਦੇ ਘਰ ਦੇ ਇਕ ਮਾਡਰਨ ਕਮਰੇ ਵਿਚ ਇਕੱਲੀ ਸੁੱਤੀ ਪਈ ਹਾਂ, ਕਦੇ ਸਾਰੇ ਇੱਕੋ ਕਮਰੇ ਵਿਚ ਸੌਂਦੇ ਹੁੰਦੇ ਸਾਂ ਤੇ ਢੇਰ ਰਾਤ ਤੱਕ ਸਾਡੀਆਂ ਗੱਲਾਂ ਨਾ ਮੁੱਕਦੀਆਂ!
ਪਾਪਾ ਨੇ ਇਹ ਘਰ ਆਪਣੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਬਣਾਇਆ ਸੀ। ਉਦੋਂ ਮੈਂ ਇੱਥੋਂ ਅਮਰੀਕਾ ਜਾ ਚੁਕੀ ਸਾਂ, ਜਦੋਂ ਮੈਥੋਂ ਛੋਟਾ ਮੇਰਾ ਵੀਰ ਪੰਜਾਬ ਦੇ ਕਾਲੇ ਦਿਨਾਂ ਦੀ ਅੱਥਰੀ ਵਾਅ ਦਾ ਸ਼ਿਕਾਰ ਹੋ ਗਿਆ ਸੀ। ਇੰਨੇ ਨੂੰ ਭਾਬੀ ਵੀ ਉਠ ਕੇ ਕਮਰੇ ਵਿਚ ਆ ਗਈ ਅਤੇ ਮੇਰੇ ਕੋਲ ਬੈਠ ਗਈ। ਮੇਰੇ ਤੋਂ ਤਾਂ ਕਿੰਨੀ ਛੋਟੀ ਹੈ ਪਰ ਜਿਸ ਉਮਰੇ ਇਸ ਵਿਚਾਰੀ ਨੇ ਆਪਣਾ ਪਤੀ ਗੁਆਇਆ, ਕਿੰਨਾ ਔਖਾ ਹੁੰਦੈ ਇਕੱਲੇ ਸਭ ਕੁਝ ਕਰਨਾ! ਮੈਂ ਉਸ ਦੇ ਬੁੱਢੇ ਹੁੰਦੇ ਜਾ ਰਹੇ ਮੂੰਹ ਵੱਲ ਤੱਕਦੀ ਹਾਂ, “ਕਿਵੇਂ ਹੋ ਗਿਆ ਸੀ ਇਹ ਸਭ ਕੁਝ? ਕੁਝ ਪਤਾ ਲੱਗਾ ਬਾਅਦ ਵਿਚ? ਕੌਣ ਸਨ ਉਹ ਜੋ…?”
“ਪਤਾ ਨਹੀਂ ਭੈਣ ਜੀ…ਬੱਸ ਕਿਸਮਤਾਂ ਦੇ ਗੇੜ ਨੇ! ਕਾਲੇ ਦਿਨਾਂ ਦੀ ਭੇਟ ਚੜ੍ਹ ਗਏ ਉਹ। ਉਦੋਂ ਇਵੇਂ ਹੀ ਹੁੰਦਾ ਸੀ। ਪਤਾ ਨਹੀਂ ਕੌਣ ਕਿਸ ਨਾਲ ਕਿਉਂ ਤੇ ਕਿਹੜੀ ਦੁਸ਼ਮਣੀ ਕੱਢਦਾ, ਉਹ ਹੀ ਜਾਣਦਾ! ਸਾਨੂੰ ਤਾਂ ਅੱਜ ਤੱਕ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਕੌਣ ਗੋਲੀ ਮਾਰ ਗਿਆ ਉਨ੍ਹਾਂ ਨੂੰ ਅਤੇ ਕਿਉਂ ਮਾਰ ਗਿਆ? ਸਾਰੀ ਜਿੰਮੇਵਾਰੀ ਪਾਪਾ ਜੀ ਸਿਰ ਆ ਗਈ। ਪਾਪਾ ਨੇ ਬੱਚਿਆਂ ਨੂੰ ਪਿੰਡੋਂ ਜਲੰਧਰ ਲਿਆ ਕੇ ਆਹ ਘਰ ਬਣਵਾ ਦਿੱਤਾ ਤਾਂ ਕਿ ਬੱਚੇ ਤਾਂ ਸੁਰੱਖਿਅਤ ਰਹਿ ਸਕਣ। ਨਾਲੇ ਪਾਪਾ ਜੀ ਕਹਿੰਦੇ, ਤੈਨੂੰ ਲੋਕਾਂ ਨੇ ਪਿੰਡ ‘ਚ ਜਿਉਣ ਨਹੀਂ ਦੇਣਾ। ਕਹਿੰਦੇ, ਉਹ ਤਾਂ ਚਲੇ ਗਿਆ ਪਰ ਤੂੰ ਤਾਂ ਆਪ ਵੀ ਜਿਉਣਾ ਹੈ ਅਤੇ ਬੱਚਿਆਂ ਦੀ ਮਾਂ ਤੇ ਪਿਉ-ਦੋਵੇਂ ਬਣਨੈਂ। ਭਾਪਾ ਜੀ ਨੇ ਸਾਨੂੰ ਜ਼ਰਾ ਵੀ ਦੁੱਖ ਨਹੀਂ ਦੇਖਣ ਦਿੱਤਾ। ਮੈਨੂੰ ਆਪਣੀ ਧੀ ਸਮਝ ਕੇ ਸਹਾਰਾ ਦਿੱਤਾ ਅਤੇ ਸਾਰੀ ਉਮਰ ਸਾਡੀ ਢਾਲ ਬਣੇ ਰਹੇ। ਆਹ ਹੁਣ ਦੋ ਕੁ ਸਾਲਾਂ ਤੋਂ ਹੀ ਬੱਸ ਕਮਜ਼ੋਰ ਹੋ ਗਏ ਨੇ, ਪਰ ਮਨ ਅਜੇ ਵੀ ਬਹੁਤ ਤਕੜੈ!”
“ਨਾਲੇ ਤੂੰ ਭਰ ਜੁਆਨ ਸੀ ਉਦੋਂ। ਸੱਚੀਂ ਤੈਨੂੰ ਕਿਹੜਾ ਚੱਜ ਨਾਲ ਜੀਣ ਦੇਣਾ ਸੀ ਲੋਕਾਂ ਨੇ, ਇਕੱਲੀ ਵੇਖ ਲੱਖ ਲੱਖ ਊਜਾਂ ਲਾਉਣੀਆਂ ਸਨ। ਹੋਈ ਸੀ ਮੇਰੀ ਗੱਲ ਪਾਪਾ ਨਾਲ ਉਦੋਂ! ਚਲੋ ਚੰਗਾ ਕੀਤਾ ਤੁਸੀਂ ਇੱਥੇ ਆ ਗਏ ਤੇ ਬੱਚੇ ਪੜ੍ਹ ਲਿਖ ਗਏ।”
“ਹੋਰ, ਪਾਪਾ ਜੀ ਨੇ ਆਪਣੀ ਵਾਹ ਲਾ ਦਿੱਤੀ ਬੱਚਿਆਂ ਨੂੰ ਪੜ੍ਹਾਉਣ ਲਈ। ਪਤਾ ਨਹੀਂ ਉਨ੍ਹਾਂ ਦੀ ਖਾਤਿਰ ਹੀ ਰੱਬ ਨੇ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੀ ਤਾਂ ਕਿ ਉਹ ਇਹ ਜਿੰਮੇਵਾਰੀ ਨਿਭਾ ਸਕਣ। ਚੰਗੀ ਪੈਨਸ਼ਨ ਮਿਲੀ ਜਾਂਦੀ ਐ, ਬੱਚਿਆਂ ਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਹੁਣ ਉਨ੍ਹਾਂ ਦੀ ਇਨ੍ਹਾਂ ਬੱਚਿਆਂ ਵਿਚ ਜਾਨ ਵਸਦੀ ਹੈ। ਇਨ੍ਹਾਂ ਨੂੰ ਸੈਟਲ ਕਰਨ ਦਾ ਫਿਕਰ ਲਾਈ ਰੱਖਦੇ ਨੇ…।”
ਮੈਂ ਮਨ ਹੀ ਮਨ ਸੋਚਦੀ ਹਾਂ, “ਮੇਰੇ ਪਾਪਾ ਸੱਚਮੁਚ ਹੀ ਬਹੁਤ ਗਰੇਟ ਹਨ। ਆਪ ਇੰਨੇ ਬਜੁਰਗ ਹੋ ਗਏ ਨੇ ਅਤੇ ਅਜੇ ਵੀ…!” ਭਾਬੀ ਹੌਲੀ ਜਿਹੀ ਉਠ ਕੇ ਚਲੀ ਗਈ ਅਤੇ ਮੈਂ ਡੂੰਘੀਆਂ ਸੋਚਾਂ ਵਿਚ ਗੁਆਚ ਗਈ!
ਘਰ ਵਿਚ ਅਜੀਬ ਚੁੱਪ ਸੀ; ਸਿਰਫ ਕਦੇ ਕਦੇ ਆਉਂਦੀ ਪਾਪਾ ਦੀ ਖੰਘ ਇਸ ਚੁੱਪ ਨੂੰ ਤੋੜਦੀ। ਪਾਪਾ ਜੀ ਦਾ ਚਿਹਰਾ ਸਾਹਮਣੇ ਆਉਂਦਿਆਂ ਹੀ ਮੇਰਾ ਮਨ ਇਕ ਵਾਰ ਫੇਰ ਤੜਫ ਉਠਿਆ, “ਹਾਏ ਮੇਰੇ ਪਾਪਾ ਕਿੰਨੇ ਲਾਚਾਰ ਹੋ ਗਏ ਅੱਜ! ਕੋਈ ਜ਼ਮਾਨਾ ਸੀ, ਪਾਪਾ ਕੰਮ ਤੋਂ ਘਰ ਆਉਂਦੇ ਤਾਂ ਅਸੀਂ ਉਨ੍ਹਾਂ ਨਾਲ ਖੂਬ ਖੇਡਦੇ। ਉਨ੍ਹਾਂ ਨੂੰ ਦੌੜ ਦੌੜ ਫੜਦੇ ਪਰ ਉਹ ਕਦੇ ਪਕੜ ‘ਚ ਨਾ ਆਉਂਦੇ। ਫੇਰ ਉਹ ਸਾਨੂੰ ਹੋਮ ਵਰਕ ਕਰਾਉਂਦੇ ਤਾਂ ਬੜੇ ਗੰਭੀਰ ਹੋ ਜਾਂਦੇ। ਉਨ੍ਹਾਂ ਨੇ ਮੇਰੇ ਤੋਂ ਹਿੰਦੀ ਦਾ ਕੈਦਾ ਸੁਣਨਾ; ਮੈਂ ਬੜਾ ਡਰ ਡਰ ਕੇ ਸੁਣਾਉਣਾ! ਹੁਣ ਉਹ ਜਦੋਂ ਦੱਸਦੇ ਨੇ ਕਿ ਉਨ੍ਹਾਂ ਨੂੰ ਤਾਂ ਹਿੰਦੀ ਆਉਂਦੀ ਹੀ ਨਹੀਂ ਸੀ; ਉਹ ਤਾਂ ਉਨ੍ਹਾਂ ਨੇ ਮੇਰੇ ਕੋਲੋਂ ਸੁਣ ਸੁਣ ਸਿੱਖੀ ਸੀ ਤਾਂ ਸੱਚਮੁਚ ਬੜਾ ਹਾਸਾ ਆਉਂਦੈ ਕਿ ਲੈ ਪਾਪਾ ਮੈਨੂੰ ਬੁੱਧੂ ਹੀ ਬਣਾਉਂਦੇ ਰਹੇ ਐਵੇਂ! ਉਨ੍ਹਾਂ ਜਦੋਂ ਮੈਨੂੰ ਪਹਾੜੇ ਯਾਦ ਕਰਵਾਉਣੇ ਤਾਂ ਮੈਨੂੰ ਭੁੱਲ ਜਾਣੇ। ਪਹਾੜੇ ਮੈਨੂੰ ਬਹੁਤ ਹੀ ਬੋਰਿੰਗ ਲੱਗਦੇ! ਪਾਪਾ ਨੇ ਜਰਾ ਕਰੜੀ ਆਵਾਜ਼ ‘ਚ ਪੁੱਛਣਾ, ‘ਚੌਦਾਂ ਬਾਰ੍ਹਿਆ?’ ਉਹ ਮਾਈ ਗੌਡ! ਮੈਨੂੰ ਕਦੀ ਯਾਦ ਨਾ ਆਉਣਾ! ਇੰਜੀਨੀਅਰ ਸਨ, ਮੈਥ ਆਉਂਦਾ ਸੀ ਉਨ੍ਹਾਂ ਨੂੰ। ਦਸਵੀਂ ਤੱਕ ਮੈਨੂੰ ਪੜ੍ਹਾਉਂਦੇ ਰਹੇ। ਫਿਰ ਆ ਗਈ ਵਾਰੀ ਪੰਜਾਬੀ ਦੀ!
ਪਾਪਾ ਦੀ ਰਿਟਾਇਰਮੈਂਟ ਅਤੇ ਮੇਰੇ ਦਸਵੀਂ ਕਰਨ ਪਿਛੋਂ ਅਸੀਂ ਦਿੱਲੀ ਤੋਂ ਪਿੰਡ (ਪੰਜਾਬ) ਆ ਗਏ। ਮੈਨੂੰ ਤਾਂ ਪੰਜਾਬੀ ਆਵੇ ਨਾ! ਪਾਪਾ ਨੇ ਕਿਹਾ, ‘ਐਧਰ ਲਿਆ ਆਪਣਾ ਪੈਂਤੀ ਦਾ ਕੈਦਾ!’ ਉਨ੍ਹਾਂ ਗੁਰਮੁਖੀ ਅੱਖਰਾਂ ਹੇਠਾ ਦੇਵਨਾਗਰੀ ਦੇ ਅੱਖਰ ਲਿਖ ਦਿੱਤੇ ਤੇ ਮੇਰਾ ਕੰਮ ਸੌਖਾ ਕਰ ਦਿੱਤਾ।”
ਅਚਾਨਕ ਬਾਹਰ ਖੜਾਕ ਹੋਇਆ, ਦਰਵਾਜਾ ਖੁਲ੍ਹਣ ਦੀ ਆਵਾਜ਼ ਆਈ, ‘ਠੱਕ ਠੱਕ ਠੱਕ।’ ਮੈਨੂੰ ਕੋਠੇ ‘ਤੇ ਸੁਣਾਈਆਂ ਛਲੇਡਿਆਂ ਦੀਆਂ ਕਹਾਣੀਆਂ ਯਾਦ ਆ ਗਈਆਂ। ਮੈਂ ਡਰਦਿਆਂ ਡਰਦਿਆਂ ਉਠ ਕੇ ਬਾਹਰ ਵੇਖਿਆ। ਵਿਸਾਖੀਆਂ ਸਹਾਰੇ ਪਾਪਾ ਜੀ ਹੌਲੀ ਹੌਲੀ ਤੁਰੇ ਆ ਰਹੇ ਸਨ। ਮੈਨੂੰ ਦੇਖ ਕੇ ਕਹਿੰਦੇ, “ਅਜੇ ਸੁੱਤੀ ਨਹੀਂ ਬੇਟਾ?”
“ਨਹੀਂ ਜੀ। ਪਾਪਾ, ਇਸ ਵੇਲੇ ਉਧਰ ਦਿਨ ਜੁ ਹੈ, ਨੀਂਦ ਨਹੀਂ ਆ ਰਹੀ।…ਤੁਸੀਂ?”
“ਇਸ਼ਨਾਨ ਕਰਨ ਚੱਲਾਂ…।”
“ਓਅ!” ਮੈਂ ਇੰਨਾ ਹੀ ਆਖ ਸਕੀ। ਕਹਿਣਾ ਤਾਂ ਚਾਹੁੰਦੀ ਸਾਂ ‘ਇੰਨੀ ਜਲਦੀ ਕਿਉਂ? ਜਰਾ ਲੇਟ ਨਹਾ ਲੈਂਦੇ, ਹੁਣ ਕੋਈ ਤੁਹਾਡੀ ਉਮਰ ਹੈ ਐਨੀ ਸਵੇਰੇ ਉਠਣ ਦੀ!’ ਪਰ ਕਹਿ ਨਾ ਸਕੀ। ਮੈਂ ਵਾਪਿਸ ਕਮਰੇ ਵਿਚ ਆ ਗਈ। ਘੜੀ ‘ਤੇ ਦੇਖਿਆ, ਦੋ ਵੱਜੇ ਸਨ। ਵਾਸ਼ਰੂਮ ਵਿਚੋਂ ਪਾਪਾ ਦੇ ਇਸ਼ਨਾਨ ਕਰਨ, ਖੰਘਣ ਤੇ ‘ਵਾਹਿਗੁਰੂ ਵਾਹਿਗੁਰੂ’ ਦੀ ਮਿਲੀ-ਜੁਲੀ ਆਵਾਜ਼ ਲਗਾਤਾਰ ਆਉਂਦੀ ਰਹੀ।
ਬਚਪਨ ਤੋਂ ਦੇਖਦੀ ਆਈ ਹਾਂ, ਪਾਪਾ ਜੀ ਹਮੇਸ਼ਾ ਚਾਰ ਵਜੇ ਉਠਦੇ, ਇਸ਼ਨਾਨ ਕਰਦੇ, ਪੰਜ ਬਾਣੀਆਂ ਦਾ ਪਾਠ ਕਰਦੇ ਤੇ ਗੁਰਦੁਆਰੇ ਮੱਥਾ ਟੇਕ ਕੇ ਦਫਤਰ ਜਾਂਦੇ। ਸ਼ਾਮ ਨੂੰ ਛੇ ਵਜੇ ਘਰ ਆਉਂਦੇ। ਮੂੰਹ ਹੱਥ ਧੋ ਰਹਿਰਾਸ ਸਾਹਿਬ ਦਾ ਪਾਠ ਕਰਕੇ ਰੋਟੀ ਖਾਂਦੇ। ਉਹ ਸਿਰਫ ਦੋ ਵਕਤ ਹੀ ਭੋਜਨ ਕਰਦੇ, ਸਵੇਰੇ ਦਫਤਰ ਜਾਣ ਵੇਲੇ ਤੇ ਸ਼ਾਮ ਨੂੰ ਸੂਰਜ ਖੜ੍ਹੇ। ਉਹ ਹਮੇਸ਼ਾ ਹੀ ਰੁਟੀਨ ਵਿਚ ਬੱਝੇ ਰਹੇ। ਸ਼ਾਇਦ ਇਸੇ ਕਰਕੇ ਉਨ੍ਹਾਂ ਦੇ ਚਿਹਰੇ ਤੇ ਅਜੇ ਤੱਕ ਅਜਿਹਾ ਨੂਰ ਹੈ। ਦੰਦ ਅਜੇ ਤੱਕ ਚਮਕਦੇ ਨੇ, ਬਿਨਾ ਐਨਕ ਪੜ੍ਹਦੇ ਨੇ। ਪਰ ਅੱਜ ਤਾਂ ਦੋ ਵਜੇ ਹੀ ਉਠ ਖੜੋਏ?
ਪਾਪਾ ਜੀ ਜਦੋਂ ਨਹਾ ਕੇ ਬਾਹਰ ਆਏ ਤਾਂ ਮੈਂ ਚਾਹ ਦੇ ਦੋ ਕੱਪ ਬਣਾ ਕੇ ਉਨ੍ਹਾਂ ਦੇ ਕਮਰੇ ਵਿਚ ਲੈ ਗਈ। ਪਾਪਾ ਜੀ ਦਾ ਕਮਰਾ ਗੇਟ ਦੇ ਬਿਲਕੁਲ ਸਾਹਮਣੇ ਘਰ ਦੇ ਬਾਕੀ ਕਮਰਿਆਂ ਤੋਂ ਅਲੱਗ ਹੈ। ਅੰਦਰ ਹੀ ਅੰਦਰ ਇਕ ਦੁੱਖ ਜਿਹਾ ਮਹਿਸੂਸ ਹੋਇਆ ਕਿ ਪਾਪਾ ਜੀ ਨੂੰ ਕੋਈ ਅੰਦਰ ਵਾਲਾ ਕਮਰਾ ਕਿਉਂ ਨਹੀਂ ਦਿੱਤਾ ਗਿਆ, ਬਾਹਰ ਵਾਲਾ ਹੀ ਕਿਉਂ? ਇਹ ਕਮਰਾ ਵਾਸ਼ਰੂਮ ਤੋਂ ਇੰਨਾ ਦੂਰ ਹੈ, ਪਾਪਾ ਨੂੰ ਵਾਰ ਵਾਰ ਵਾਸ਼ਰੂਮ ਜਾਣ ਵਿਚ ਕਿੰਨੀ ਤਕਲੀਫ ਹੁੰਦੀ ਹੋਵੇਗੀ। ਉਹ ਜਾਣੇ…ਇਨ੍ਹਾਂ ਦੇ ਘਰ ਦੀ ਗੱਲ ਹੈ! ਮੈਂ ਨ੍ਹੀਂ ਦਖਲ ਦੇਣਾ!
ਪਾਪਾ ਨੇ ਕੋਲ ਪਏ ਮੇਜ ਤੋਂ ਡੱਬਾ ਚੁੱਕ ਕੇ ਦੋ ਪਿੰਨੀਆਂ ਕੱਢੀਆਂ। ਇਕ ਮੈਨੂੰ ਦਿੱਤੀ ਤੇ ਇਕ ਆਪ ਖਾਣ ਲੱਗੇ। ਗੱਲਾਂ ਤੇ ਰੋਜ਼ ਟੈਲੀਫੋਨ ‘ਤੇ ਬਥੇਰੀਆਂ ਕਰ ਲਈਦੀਆਂ ਸਨ, ਆਵਾਜ਼ ਤੋਂ ਕਦੇ ਲੱਗਾ ਹੀ ਨਹੀਂ ਸੀ, ਉਹ ਸੱਚਮੁੱਚ ਇੰਨੇ ਬਿਰਧ ਹੋ ਗਏ ਸਨ! ਪਰ ਵੇਖ ਰਹੀ ਸਾਂ ਕਿ ਉਨ੍ਹਾਂ ਦਾ ਹੌਸਲਾ ਅਜੇ ਤੱਕ ਉਵੇਂ ਹੀ ਬੁਲੰਦ ਸੀ। ਪਿੰਨੀ ਖਾਣ ਪਿਛੋਂ ਚਾਹ ਖਤਮ ਕਰਕੇ ਉਨ੍ਹਾਂ ਆਪਣਾ ਨਿਤਨੇਮ ਸ਼ੁਰੂ ਕੀਤਾ। ਮੈਂ ਹੈਰਾਨ ਸਾਂ ਕਿ ਉਹ ਬਿਨਾ ਐਨਕਾਂ ਦੇ ਪਾਠ ਕਰ ਰਹੇ ਸਨ, ਸੌ ਸਾਲ ਦੀ ਉਮਰ ਵਿਚ! ਮੈਂ ਆਪਣੇ ਕਮਰੇ ਵਿਚ ਵਾਪਿਸ ਆ ਗਈ ਅਤੇ ਪਿਛਲੀਆਂ ਯਾਦਾਂ ਵਿਚ ਘਿਰ ਗਈ।
ਉਹ ਦਿਨ ਤਾਂ ਕਦੇ ਭੁੱਲਣੇ ਈ ਨਹੀਂ, ਜਦੋਂ ਮੈਂ ਕਾਲਜ ਦੇ ਹੋਸਟਲ ਤੋਂ ਘਰ ਆਈ ਹੋਈ ਸਾਂ। ਇਕ ਦਿਨ ਸਭ ਤੋਂ ਨਿੱਕਾ ਵੀਰ ਰਾਜੂ ਆਖਦੈ, “ਦੀਦੀ ਮੈਨੂੰ ਜਲੰਧਰ ਲੈ ਚੱਲ, ਤੇਰੇ ਕਾਲਜ ਦੇ ਨਾਲ ਜਿਹੜਾ ਮਿਹਰਚੰਦ ਟੈਕਨੀਕਲ ਕਾਲਜ ਹੈ, ਮੈਂ ਉਥੇ ਆਈ. ਟੀ. ਆਈ. ‘ਚ ਦਾਖਲਾ ਲੈਣੈ।”
“ਅੱਜ ਤਾਂ ਆਪਾਂ ਲੇਟ ਹੋ ਗਏ, ਕੱਲ ਸਵੇਰੇ ਸਵੇਰੇ ਚਲਾਂਗੇ ਨਿੱਕੇ!” ਕਹਿ ਮੈਂ ਤੇ ਬੀਜੀ ਲਾਗਲੇ ਪਿੰਡ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਚਲੀਆਂ ਗਈਆਂ। ਅਜੇ ਉਥੇ ਪਹੁੰਚੀਆਂ ਹੀ ਸਾਂ ਕਿ ਇਕ ਮੁੰਡਾ ਕਾਹਲੀ ਕਾਹਲੀ ਸਾਈਕਲ ‘ਤੇ ਆਇਆ ਤੇ ਕਹਿੰਦਾ, “ਤਾਈ ਜੀ! ਤੁਹਾਨੂੰ ਤਾਇਆ ਜੀ ਬੁਲਾਉਂਦੇ ਨੇ, ਛੇਤੀ ਚਲੋ।” ਤੇ ਉਹ ਬੀਜੀ ਨੂੰ ਨਾਲ ਲੈ ਕੇ ਉਡ ਗਿਆ। ਜਦੋਂ ਮੈਂ ਪਿੱਛੇ ਪਿੱਛੇ ਘਰ ਦੇ ਮੋੜ ਕੋਲ ਪਹੁੰਚੀ ਤਾਂ ਸਾਡੀ ਗਲੀ ਲੋਕਾਂ ਨਾਲ ਭਰੀ ਪਈ ਸੀ। ਮੈਨੂੰ ਵੇਖ ਉਹ ਧਾਹਾਂ ਮਾਰਨ ਲੱਗੇ, “ਨੀ ਧੀਏ ਤੁਸੀਂ ਲੁੱਟੇ ਗਏ, ਤੁਹਾਡਾ ਰਾਜੂ ਡੁੱਬ ਗਿਆ…!”
ਸੋਲ੍ਹਾਂ ਸਾਲਾਂ ਦੇ ਸਭ ਤੋਂ ਨਿੱਕੇ ਵੀਰ ਨੂੰ ਘਰ ਦੇ ਵਰਾਂਡੇ ਵਿਚ ਨਿਰਜਿੰਦ ਪਿਆ ਵੇਖ ਸਾਡੀ ਤਾਂ ਜਿਵੇਂ ਦੁਨੀਆਂ ਹੀ ਉਜੜ ਗਈ। ਪਾਪਾ ਨੇ ਇਕ ਵੀ ਹੰਝੂ ਨਾ ਕੇਰਿਆ, ਬੱਸ ਇਹੀ ਆਖਣ, “ਜਿਸ ਕੀ ਵਸਤ ਤਿਸੁ ਆਗੈ ਰਾਖੇ॥”
ਜੁਆਨ ਪੁੱਤਰ ਦਾ ਸਸਕਾਰ ਕਰਨ ਪਿਛੋਂ ਉਨ੍ਹਾਂ ਘਰ ਆ ਕੇ ਮੂੰਹ ਹੱਥ ਧੋਤਾ ਤੇ ਰਹਿਰਾਸ ਦਾ ਪਾਠ ਕੀਤਾ। ‘ਕਿਵੇਂ ਕੀਤਾ ਹੋਵੇਗਾ ਇਹ ਸਭ ਪਾਪਾ ਤੁਸੀ?’
ਪਾਪਾ ਨੇ ਕਿਸੇ ਨੂੰ ਰੋਣ ਨਾ ਦਿੱਤਾ ਸਗੋਂ ਸਮਝਾਉਂਦੇ ਕਿ ਮੌਤ ਤਾਂ ਅਟੱਲ ਸੱਚਾਈ ਹੈ, ਜੋ ਸਭ ਨੂੰ ਆਉਣੀ ਹੈ। ਗੁਰੂ ਗੋਬਿੰਦ ਸਿੰਘ ਦੀ ਮਿਸਾਲ ਦਿੰਦੇ ਕਿ ਕਿਵੇਂ ਉਨ੍ਹਾਂ ਨੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ, ਪਰ ਸੀਅ ਨਾ ਕੀਤੀ। ਉਹ ਇਤਿਹਾਸ-ਮਿਥਿਹਾਸ ਵਿਚੋਂ ਕਹਾਣੀਆਂ ਸੁਣਾਉਂਦੇ ਤੇ ਸਾਨੂੰ ਡੋਲਣ ਨਾ ਦਿੰਦੇ। ‘ਸੱਚਮੁੱਚ ਮੇਰੇ ਪਾਪਾ ਆਇਰਨ ਮੈਨ ਨੇ…ਆਈ ਐਮ ਸੋ ਪਰਾਊਡ ਆਫ ਯੂ ਪਾਪਾ!’
ਮੇਰੇ ਪਾਪਾ ਜਵਾਨੀ ਵਿਚ ਹਾਕੀ ਖੇਡਦੇ ਹੁੰਦੇ ਸਨ। ਉਨ੍ਹਾਂ ਨਾਲ ਕਈ ਵਾਰ ਅਸੀਂ ਵੀ ਸਟੇਡੀਅਮ ਚਲੇ ਜਾਂਦੇ ਅਤੇ ਉਨ੍ਹਾਂ ਦੀ ਖੇਡ ਦੇਖਦੇ। ਪਾਪਾ ਨੇ ਚਿੱਟੀ ਡਰੈਸ ਨਾਲ ਜੂੜੇ ‘ਤੇ ਚਿੱਟਾ ਰੁਮਾਲ ਬੰਨਿਆ ਹੋਣਾ ਤੇ ਹੱਥ ਵਿਚ ਹਾਕੀ ਫੜੀ ਹੋਣੀ। ਕਿੰਨੇ ਸੋਹਣੇ ਲੱਗਦੇ ਹੁੰਦੇ ਸਨ! ਕਿੰਨੀਆਂ ਤਸਵੀਰਾਂ ਤੇ ਮੈਡਲ ਸਾਡੇ ਘਰ ਪਏ ਹੁੰਦੇ। ਇਕ ਤਸਵੀਰ ਪਾਪਾ ਦੀ ਸਮੁੰਦਰ ਵਿਚ ਤੈਰਦਿਆਂ ਦੀ ਸੀ। ਉਹ ਬਹੁਤ ਤੇਜ਼ ਦੌੜਾਂ ਦੌੜਦੇ। ਜਦੋਂ ਪੰਜਾਹ ਸਾਲ ਦੇ ਹੋਏ ਤਾਂ ਉਹ ਇਕ ਦੌੜ ਵਿਚ ਅਵੱਲ ਰਹੇ ਤੇ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਇਨਾਮ ਵੀ ਮਿਲਿਆ। ਅੱਜ ਆਪਣੇ ਪਾਪਾ ਨੂੰ ਵਿਸਾਖੀਆਂ ਸਹਾਰੇ ਚੱਲਦੇ ਵੇਖ ਮਨ ਤਾਂ ਖਰਾਬ ਹੋਣਾ ਹੀ ਸੀ!
ਮੇਰੀ ਛੋਟੀ ਭੈਣ ਨੈਨਾ ਵੀ ਉਠ ਗਈ। “ਕੀ ਗੱਲ ਦੀਦੀ, ਨੀਂਦ ਨਹੀਂ ਆਈ?” ਉਹ ਪੁੱਛਦੀ ਹੈ।
“ਹਾਂ, ਅਜੇ ਨਹੀਂ ਆਈ, ਹੁਣ ਦਿਨੇ ਆਵੇਗੀ। ਜਾਹ ਕਿਚਨ ‘ਚੋਂ ਚਾਹ ਲੈ ਆ, ਮੈਥੋਂ ਵਾਧੂ ਬਣ ਗਈ ਸੀ।”
ਉਹ ਚਾਹ ਲਿਆ ਕੇ ਮੇਰੇ ਬੈਡ ‘ਤੇ ਬੈਠ ਗਈ। ਮੈਂ ਬਿਨਾ ਕੋਈ ਭੂਮਿਕਾ ਬੰਨਿਆਂ ਉਸ ਨੂੰ ਪੁੱਛਦੀ ਹਾਂ, “ਪਾਪਾ ਜੀ ਦੀਆਂ ਲੱਤਾਂ ਨੂੰ ਕੀ ਹੋਇਆ?”
ਉਹ ਦੱਸਦੀ ਹੈ, “ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ, ਪਾਪਾ ਇਕ ਦਿਨ ਸਕੂਟਰ ‘ਤੇ ਪਿੰਡ ਨੂੰ ਜਮੀਨ ਦਾ ਠੇਕਾ ਲੈਣ ਜਾ ਰਹੇ ਸਨ, ਬੜਾ ਸੁਹਣਾ ਸਕੂਟਰ ਆਪਣੀ ਸਾਈਡ ‘ਤੇ ਚਲਾ ਰਹੇ ਸਨ ਕਿ ਪਿੱਛੋਂ ਇਕ ਟਰਾਲੀ ਆ ਕੇ ਫੇਟ ਮਾਰ ਗਈ। ਪਾਪਾ ਸੜਕ ‘ਤੇ ਡਿਗ ਪਏ! ਪਾਪਾ ਦਾ ਚੂਲਾ ਉਤਰ ਗਿਆ। ਲੋਕਾਂ ਨੇ ਚੁੱਕ ਕੇ ਘਰ ਪਹੁੰਚਾਇਆ। ਬੱਸ ਉਦੋਂ ਤੋਂ ਹੀ…।”
“ਕਦੋਂ ਤੋਂ?”
“ਤੁਹਾਡੇ ਜਾਣ ਤੋਂ ਦੋ ਕੁ ਮਹੀਨਿਆਂ ਪਿੱਛੋਂ ਹੀ!”
“ਫਿਰ ਇਲਾਜ ਕਿਉਂ ਨਾ ਕਰਵਾਇਆ?”
“ਲੈ ਕਰਵਾਇਆ ਕਿਉਂ ਨਹੀਂ! ਹੱਡੀਆਂ ਚੜ੍ਹਾਉਣ ਵਾਲੇ ਕਿਸੇ ਸਿਆਣੇ ਕੋਲ ਲੈ ਕੇ ਗਏ, ਤੁਹਾਨੂੰ ਪਤਾ ਈ ਐ ਨੀਮ-ਹਕੀਮਾਂ ਦਾ! ਉਸ ਨੇ ਜ਼ੋਰ ਦੀ ਝਟਕਾ ਮਾਰਿਆ, ਚੂਲਾ ਚੜ੍ਹਨ ਦੀ ਥਾਂ ਸਗੋਂ ਟੁੱਟ ਗਿਆ! ਮੁੜ ਕੇ ਡਾਕਟਰਾਂ ਕੋਲ ਗਏ ਤੇ ਉਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਇਸ ਉਮਰੇ ਇਹ ਠੀਕ ਨਹੀਂ ਹੋਣਾ।”
“ਫਿਰ ਮੈਨੂੰ ਕਿਉਂ ਨਾ ਦੱਸਿਆ?” ਮੈਨੂੰ ਬਹੁਤ ਗੁੱਸਾ ਆ।
“ਪਾਪਾ ਨੇ ਹੀ ਸਖਤ ਤਾਗੀਦ ਕੀਤੀ ਸੀ ਕਿ ਕਿਸੇ ਨੇ ਨਹੀਂ ਦੱਸਣਾ, ਉਹ ਐਡੀ ਦੂਰ ਇਕੱਲੀ ਬੈਠੀ ਐਵੇਂ ਈ ਉਦਾਸ ਹੋਊ। ਕਿੱਦਾਂ ਦੱਸਦੇ ਅਸੀਂ?”
ਮੈਂ ਚੁੱਪ ਕਰ ਗਈ। ਇੰਨੇ ਵਰ੍ਹੇ ਪਾਪਾ ਇੰਨੀ ਤਕਲੀਫ ਜਰਦੇ ਰਹੇ ਤੇ ਮੈਨੂੰ ਇਸ ਲਈ ਨਹੀਂ ਦੱਸਿਆ ਕਿ ਮੈਂ ਦੁਖੀ ਹੋਵਾਂਗੀ। ‘ਜਰਨਾ ਤਾਂ ਕੋਈ ਤੁਹਾਥੋਂ ਸਿੱਖੇ ਪਾਪਾ!’ ਮੈਂ ਖਾਮੋਸ਼ੀ ਵਿਚ ਡੁੱਬ ਗਈ, ਨੈਨਾ ਮੈਨੂੰ ਪੁੱਛਦੀ ਹੈ, “ਦੀਦੀ ਤੁਸੀਂ ਚੌਦਾਂ ਸਾਲ ਆਏ ਹੀ ਨਹੀਂ, ਅਸੀਂ ਤਾਂ ਉਡੀਕ ਉਡੀਕ ਕੇ ਥੱਕ ਗਏ। ਤੁਹਾਡਾ ਦਿਲ ਨਹੀਂ ਸੀ ਕਰਦਾ ਆਉਣ ਨੂੰ?”
ਨੈਨਾ ਸ਼ੁਰੂ ਤੋਂ ਹੀ ਬਹੁਤ ਭੋਲੀ ਹੈ! ਇੰਡੀਆ ਦੇ ਲੋਕਾਂ ਨੂੰ ਤਾਂ ਬੱਸ ਇੰਨਾ ਪਤਾ ਹੁੰਦੈ ਕਿ ਕੋਈ ਅਮਰੀਕਾ-ਕੈਨੇਡਾ ਗਿਐ। ਉਥੇ ਉਸ ‘ਤੇ ਕੀ ਬੀਤਦੀ ਹੈ, ਇਸ ਬਾਰੇ ਨਾ ਕੋਈ ਉਨ੍ਹਾਂ ਨੂੰ ਪੁੱਛਦਾ-ਦੱਸਦੈ, ਨਾ ਹੀ ਉਨ੍ਹਾਂ ਨੂੰ ਇਸ ਦਾ ਗਿਆਨ ਹੁੰਦੈ। ਮੈਂ ਲੰਮਾ ਸਾਹ ਭਰ ਕੇ ਸਿਰ ਹੈਡਬੋਰਡ ਨਾਲ ਲਾ ਲਿਆ। ਇਸ ਨੂੰ ਕੀ ਦੱਸਾਂ? ਕਿੱਥੋਂ ਸ਼ੁਰੂ ਕਰਾਂ?
“ਪਰਦੇਸਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਭੈਣੇ! ਕਦੇ ਫੇਰ ਦੱਸਾਂਗੀ, ਪਹਿਲਾਂ ਤੂੰ ਦੱਸ ਕਿ ਬੱਚੇ ਕਿਵੇਂ ਨੇ?”
ਫੋਨ ‘ਤੇ ਗੱਲਾਂ ਕਰਦੇ ਰਹਿਣ ਕਰਕੇ ਬਹੁਤੀਆਂ ਗੱਲਾਂ ਰਹੀਆਂ ਹੀ ਨਹੀਂ ਕਰਨ ਵਾਲੀਆਂ। ਬੱਸ ‘ਹੋਰ ਹੋਰ’ ‘ਤੇ ਗੱਲ ਆ ਗਈ। ਬਾਹਰ ਫੇਰ ਖੜਾਕ ਹੋਇਆ ਤਾਂ ਮੈਂ ਨੈਨਾ ਵੱਲ ਸਵਾਲੀਆ ਨਜ਼ਰ ਨਾਲ ਵੇਖਿਆ। ਉਹ ਮੈਨੂੰ ਦੱਸਦੀ ਹੈ ਕਿ ਪਾਪਾ ਜੀ ਗੁਰਦੁਆਰੇ ਮੱਥਾ ਟੇਕਣ ਚੱਲੇ ਹਨ। ਮੈਂ ਹੈਰਾਨ ਹੁੰਦੀ ਹਾਂ ਕਿ ਸ਼ਰੀਰ ਸਿਰਫ ਹੱਡੀਆਂ ਦੀ ਮੁੱਠ ਰਹਿ ਗਿਐ, ਵਿਸਾਖੀਆਂ ਦੇ ਸਹਾਰੇ ਇਕ ਕਿਲੋਮੀਟਰ ਤੁਰ ਕੇ ਸਵੇਰ ਦੇ ਪੰਜ ਵਜੇ ਇਕੱਲੇ ਗੁਰਦੁਆਰੇ ਜਾਣਗੇ ਹੁਣ ਇਹ! ਪਰ ਸੋਚਦੀ ਹਾਂ ਕਿ ਇਹ ਕਿਹੜੀ ਅਚੰਭੇ ਵਾਲੀ ਗੱਲ ਹੈ, ਪਾਪਾ ਕਦੇ ਹਾਰਨ ਵਾਲੇ ਹੈ ਈ ਨਹੀਂ।
ਨੈਨਾ ਉਠ ਕੇ ਗੇਟ ਬੰਦ ਕਰਨ ਚਲੀ ਗਈ। ਮੈਨੂੰ ਨੀਂਦ ਨੇ ਦਬੋਚ ਲਿਆ। ਜਦੋਂ ਨੀਂਦ ਖੁੱਲੀ ਤਾਂ ਪਾਪਾ ਵਾਪਸ ਆ ਗਏ ਸਨ। ਉਨ੍ਹਾਂ ਦੇ ਹੱਥ ਵਿਚ ਪ੍ਰਸ਼ਾਦ ਸੀ, ਥੋੜਾ ਥੋੜਾ ਸਭ ਨੂੰ ਵੰਡਿਆ। ਹਸੂੰ ਹਸੂੰ ਕਰਦਾ ਚਿਹਰਾ! “ਲਿਆਉ ਬਈ ਬਰੇਕਫਾਸਟ!”
“ਆ ਜਾ ਜੀਤ ਤੂੰ ਵੀ ਮੇਰੇ ਕੋਲ, ਰੋਟੀ ਖਾਈਏ!”
“ਬੱਸ ਮੂੰਹ ਹੱਥ ਧੋ ਕੇ ਆਈ ਜੀ।”
ਮੈਂ ਤੇ ਪਾਪਾ ਨੇ ਦਹੀਂ ਤੇ ਮੱਖਣ ਨਾਲ ਆਲੂ ਵਾਲੀਆਂ ਪਰੌਂਠੀਆਂ ਖਾਧੀਆਂ। ਬਾਅਦ ਵਿਚ ਪਾਪਾ ਟੀ. ਵੀ. ਆਨ ਕਰਕੇ ਉਸ ਵਿਚ ਖੁੱਭ ਗਏ।
ਬੱਚੇ ਉਠ ਖੜੇ ਹੋਏ। ਮੈਂ ਬਾਹਰ ਆ ਕੇ ਭਾਬੀ ਨੂੰ ਕਿਹਾ, ਬੱਚਿਆਂ ਨੂੰ ਕਹੋ ਕਿ ਪਾਪਾ ਜੀ ਨੂੰ ਕਾਰ ‘ਤੇ ਗੁਰਦੁਆਰੇ ਲੈ ਜਾਇਆ ਕਰਨ। ਨੈਨਾ ਵਿਚੋਂ ਹੀ ਬੋਲ ਪਈ, “ਲੈ ਉਹ ਜਾਂਦੇ ਆ ਕਾਰ ‘ਤੇ! ਉਹ ਤਾਂ ਕਹਿੰਦੇ ਨੇ ਘਰੇ ਬੈਠਾ ਬੈਠਾ ਤਾਂ ਮੈਂ ਰਹਿ ਜਾਵਾਂਗਾ। ਤੁਰਾਂਗਾ ਤਾਂ ਤੁਰਦਾ ਰਹਾਂਗਾ!”
‘ਸੱਚ ਮੁਚ ਲੋਹ-ਪੁਰਸ਼ ਨੇ ਮੇਰੇ ਪਾਪਾ!’ ਉਨ੍ਹਾਂ ਨੂੰ ਜਿਉਣਾ ਆਉਂਦੈ! ਮੈਨੂੰ ਆਪਣੇ ਪਾਪਾ ‘ਤੇ ਰਸ਼ਕ ਆਉਂਦੈ! ਪਾਪਾ ਆਪਣੇ ਘਰ ਦੀ ਵਧਦੀ ਵੇਲ ਨੂੰ ਵੇਖ ਕੇ ਖੁਸ਼ ਹਨ!
ਅਸੀਂ ਵਿਹੜੇ ਵਿਚ ਬੈਠੇ ਗੱਲਾਂ ਕਰ ਰਹੇ ਸਾਂ ਕਿ ਪਾਪਾ ਦੇ ਕਮਰੇ ‘ਚੋਂ ਤਾੜੀਆਂ ਵੱਜਣ ਦੀ ਆਵਾਜ਼ ਆਈ। ਮੈਂ ਤ੍ਰਭਕ ਕੇ ਉਧਰ ਨੂੰ ਵੇਖਿਆ, ਮੇਰੇ ਭਤੀਜੇ ਕਰਨ ਨੇ ਮੈਨੂੰ ਦੱਸਿਆ, “ਭੂਆ ਜੀ ਦਾਦਾ ਜੀ ਕ੍ਰਿਕਟ ਦਾ ਮੈਚ ਵੇਖ ਰਹੇ ਨੇ। ਜਦੋਂ ਵੀ ਉਨ੍ਹਾਂ ਦੇ ਪਾਸੇ ਵਾਲੀ ਟੀਮ ਛੱਕਾ ਮਾਰਦੀ ਐ, ਉਦੋਂ ਦਾਦਾ ਜੀ ਉਨ੍ਹਾਂ ਨੂੰ ਇਵੇਂ ਹੀ ‘ਬਕ ਅੱਪ’ ਕਰਦੇ ਹੁੰਦੇ ਆ।”
ਅਸੀਂ ਸਾਰੇ ਹੱਸਣ ਲੱਗੇ। ਮੈਚ ਖਤਮ ਹੋਇਆ ਤੇ ਉਹ ਟੀ. ਵੀ. ਬੰਦ ਕਰਕੇ ਘੂਕ ਸੌਂ ਗਏ। ਮੈਂ ਵੇਖਿਆ ਕਿ ਰੌਸ਼ਨਦਾਨ ਵਿਚੋਂ ਛਣ ਕੇ ਆਉਂਦੀ ਧੁੱਪ ਪਾਪਾ ਦੇ ਬੈਡ ‘ਤੇ ਪੈ ਰਹੀ ਸੀ ਅਤੇ ਪਾਪਾ ਦਾ ਚਿਹਰਾ ਤਪੇ ਹੋਏ ਲੋਹੇ ਜਿਹੀ ਭਾਅ ਮਾਰ ਰਿਹਾ ਸੀ!