‘ਮੇਰੇ ਅਗਲੇ ਵੀ ਨਹੀਂ ਲਿਖਣਗੇ’

ਗੁਰਚਰਨ ਸਿੰਘ ਸਹਿੰਸਰਾ ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ ਦਾ ਇਨਕਲਾਬੀ ਯੋਧਾ ਸੀ। ਉਨ੍ਹਾਂ ‘ਇਤਿਹਾਸ ਸਬ ਕਮੇਟੀ’ ਦੀ ਰਹਿਨੁਮਾਈ ਹੇਠ ਗਦਰ ਪਾਰਟੀ ਦਾ ਸ਼ਾਨਾਂਮੱਤਾ ਇਤਿਹਾਸ ਵੀ ਲਿਖਿਆ। ਉਨ੍ਹਾਂ ਦੀਆਂ ਦੋ ਜਾਣਕਾਰੀ ਭਰਪੂਰ ਇਤਿਹਾਸਕ ਕਿਤਾਬਾਂ ਹਨ- ‘ਕਦੇ ਉਹ ਵੀ ਦਿਨ ਸਨ’ ਅਤੇ ‘ਅੱਖੀਂ ਡਿੱਠੇ ਸੁਣੇ ਪਠਾਣ।’ ਇਥੇ ਛਾਪਿਆ ਜਾ ਰਿਹਾ ਉਨ੍ਹਾਂ ਦਾ ਲੇਖ ‘ਮੇਰੇ ਅਗਲੇ ਵੀ ਨਹੀਂ ਲਿਖਣਗੇ’ ਪਿਛਲੀ ਸਦੀ ਦੇ ਚੌਥੇ ਦਹਾਕੇ ਦੌਰਾਨ ਗਦਰੀਆਂ ਦੀਆਂ ਸਰਗਰਮੀਆਂ ਨਾਲ ਸਬੰਧਤ ਹੈ। ਲੇਖ ਵਿਚ ਅਸਲ ਸ਼ਬਦਾਵਲੀ ਉਸੇ ਤਰ੍ਹਾਂ ਰਹਿਣ ਦਿੱਤੀ ਗਈ ਹੈ। ਇਹ ਲੇਖ ਸਾਨੂੰ ਕਸ਼ਮੀਰ ਸਿੰਘ ਕਾਂਗਣਾ (ਬੇਕਰਜ਼ਫੀਲਡ, ਫੋਨ: 661-331-5651) ਰਾਹੀਂ ਹਾਸਲ ਹੋਇਆ ਹੈ।

-ਸੰਪਾਦਕ

ਗੁਰਚਰਨ ਸਿੰਘ ਸਹਿੰਸਰਾ
ਮਾਰਚ 1934 ਦੇ ਆਖਰੀ ਦਿਨਾਂ ਦਾ ਲਹੁਡਾ ਵੇਲਾ ਸੀ, ਅੰਮ੍ਰਿਤਸਰ ਮਲਵਈ ਬੁੰਗੇ ਦੀ ਗੱਲ ਹੈ। ਬੁੰਗੇ ਦੀਆਂ ਬਾਜ਼ਾਰਾਂ ਦੀਆਂ ਦੁਕਾਨਾਂ ਦੇ ਪਿਛੇ ਵਿਹੜੇ ਵਿਚ ਦੋਂਹ ਪੱਖਿਆਂ ਦੀ ਇਕ ਪੁਰਾਣੀ, ਢੱਠਣ ਕਿਨਾਰੇ ਕੋਠੜੀ ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਦਫਤਰ ਸੀ। ਮੀਂਹਾਂ ਨਾਲ ਛੱਤ ਤੋਂ ਖੁਰ ਖੁਰ ਬਾਹਰ ਕੰਧਾਂ ‘ਤੇ ਮਿੱਟੀ ਦੀ ਕਾਲਿਤਣ ਤੋਂ ਪਤਾ ਨਹੀਂ ਸੀ ਲੱਗਦਾ ਕਿ ਪੁਰਾਣੀਆਂ ਤੇ ਬੋਦੀਆਂ ਪੈ ਚੁਕੀਆਂ ਇੱਟਾਂ ਚੂਨੇ ਨਾਲ ਚਿਣੀਆਂ ਹੋਈਆਂ ਸਨ ਜਾਂ ਗਾਰੇ ਨਾਲ। ਨੀਂਹ ਲਾਗਿਉਂ ਤਿੰਨਾਂ ਚਹੁੰ ਵਾਰਾਂ ਦੀਆਂ ਇੱਟਾਂ ਦੇ ਪਿੰਡੇ ਕੱਲਰ ਨੇ ਖੋਰ ਛੱਡੇ ਸਨ। ਬੂਹੇ ਦੀ ਚੁਗਾਠ ਅਤੇ ਤਖਤੇ ਹਵਾ, ਪਾਣੀ ਤੇ ਧੁੱਪ ਦੀ ਮਾਰ ਨਾਲ ਮੈਲੇ ਤੇ ਖੱਖਰ ਖਾਧੇ ਹੋ ਕੇ ਕਾਲੇ ਪਏ ਹੋਏ ਸਨ।
ਅੰਦਰ ਕੱਚੇ ਫਰਸ਼ ਦੀ ਝਾੜੂ-ਬਹਾਰੀ ਤੋਂ ਬਿਨਾ ਹੋਰ ਕੋਈ ਸਫਾਈ ਨਹੀਂ ਸੀ। ਕੰਧਾਂ ਉਤੇ ਬਹੁਤ ਸਾਲਾਂ ਤੋਂ ਹੋਈ ਕਲੀ ਦੀਆਂ ਕਈ ਥਾਂਵਾਂ ‘ਤੇ ਟਾਕੀਆਂ ਪਈਆਂ ਹੋਈਆਂ ਸਨ ਤੇ ਗਾਰੇ ਦੀ ਲਿਪਾਈ ਦੀਆਂ ਟਾਕੀਆਂ ਦਿਸ ਰਹੀਆਂ ਸਨ। ਹੇਠਲੇ ਕੁਝ ਵਾਰ ਸਲਾਬ ਨਾਲ ਖੁਰ ਕੇ ਇੱਟਾਂ ਦੀ ਸੁਰਖੀ ਡੇਗ ਰਹੇ ਸਨ। ਇਕ ਬੋਦੀ ਜਿਹੀ ਸ਼ਤੀਰੀ ਉਤੇ ਅਨਘੜਤ ਕੜੀਆਂ ਤੇ ਸਿਰਕੀਆਂ ਦੀ ਧੁਆਂਖੀ ਹੋਈ ਛੱਤ ਇਸ ਤਰ੍ਹਾਂ ਜਾਪਦੀ ਸੀ ਜਿਵੇਂ ਕਾਲੋਂ ਦਾ ਲੇਪਣ ਫੇਰਿਆ ਹੋਵੇ।
ਧੁਆਂਖੀਆਂ ਕੜੀਆਂ ਦੀਆਂ ਸਿਰਕੀਆਂ ਨਾਲ ਲੱਗੀਆਂ ਵੱਖੀਆਂ ਤੇ ਕੰਧਾਂ ਦੀਆਂ ਨੁਕਰਾਂ ਵਿਚ ਥਾਂ-ਥਾਂ ਕਕਹਿਣੀਆਂ ਦੇ ਬਣਾਏ ਹੋਏ ਚਿੱਟੇ-ਚਿੱਟੇ ਘਰ ਕਾਲੀ ਪੈ ਚੁਕੀ ਛੱਤ ਤੇ ਕਮਰੇ ਦੇ ਹਨੇਰੇ ਵਿਚ ਰਾਤ ਦੇ ਤਾਰਿਆਂ ਵਾਂਗ ਚਮਕਦੇ ਨਜ਼ਰ ਆਉਂਦੇ ਸਨ।
ਪਿਛਲੀ ਕੰਧ ਨਾਲ ਖੜ੍ਹੀ ਕੀਤੀ ਲੱਕੜ ਦੀ ਪੰਜ ਫੁੱਟੀ ਪੁਰਾਣੀ ਅਲਮਾਰੀ ਵਿਚ ਦਫਤਰ ਦੇ ਰਜਿਸਟਰ ਤੇ ਕਾਗਜ਼ ਪੱਤਰ ਸਨ, ਜਿਸ ਦੇ ਅੱਗੇ ਇਕ ਟੁੱਟਣ ਲਾਗੇ ਆਈ ਕੁਰਸੀ ਤੇ ਇਕ ਪੁਰਾਣਾ ਮੇਜ਼ ਰੱਖੇ ਹੋਏ ਸਨ। ਮੇਜ਼ ਉਤੇ ਲਾਲ ਤੇ ਨੀਲੀ ਦਵਾਤ ਵਾਲੇ ਲੱਕੜ ਦੇ ਕਲਮਦਾਨ ਵਿਚ ਦੋ ਨੀਲੇ ਤੇ ਇਕ ਲਾਲ ਡੰਕ ਪਏ ਸਨ। ਇਸ ਤੋਂ ਇਲਾਵਾ ਮੇਜ਼ ਉਤੇ ਰੱਖ ਕੇ ਲਿਖਣ ਵਾਲਾ ਸਿਆਹੀ ਚੂਸ ਲੱਗਾ ਇਕ ਵੱਡਾ ਸਾਰਾ ਗੱਤਾ, ਪਿੰਨਾਂ ਵਾਲੀ ਪੈਡ ਤੇ ਲੱਕੜ ਦਾ ਫੁੱਟਾ ਸੀ। ਮੈਂ ਮੇਜ਼ ਉਤੇ ਲੱਤਾਂ ਰੱਖੀ ਇਸ ਕੁਰਸੀ ਉਤੇ ਬੈਠਾ ਅਖਬਾਰ ਪੜ੍ਹ ਰਿਹਾ ਸਾਂ। ਮੇਜ਼ ਦੇ ਪਰਲੇ ਪਾਸੇ ਬੂਹੇ ਤੋਂ ਥੋੜ੍ਹਾ ਹੀ ਅੱਗੇ ਇਕ ਹੋਰ ਟੁੱਟੀ ਜਿਹੀ ਕੁਰਸੀ ਪਈ ਸੀ, ਜੋ ਆਇਆਂ ਦੇ ਬੈਠਣ ਲਈ ਰੱਖੀ ਹੋਈ ਸੀ।
ਬਾਹਰ ਇਕ ਝੋਲਾ ਜਿਹਾ ਪਿਆ ਸੀ। ਵੇਖਿਆ ਤਾਂ ਇਕ ਸਮੱਧਰ ਜਿਹਾ ਬੰਦਾ ਬੂਹੇ ਅੱਗੇ ਖਲੋਤਾ ਸੀ।
“ਦੇਸ਼ ਭਗਤਾਂ ਦਾ ਦਫਤਰ ਇਹੀ ਹੈ?” ਉਸ ਨੇ ਓਪਰੇ ਜਿਹੇ ਉਚਾਰਨ ਵਿਚ ਬਾਹਰੋਂ ਹੀ ਪੁਛਿਆ। ‘ਹਾਂ’, ਮੈਂ ਉਸ ਵੱਲ ਵੇਖੇ ਬਿਨਾ ਹੀ ਜਵਾਬ ਦਿੱਤਾ। ਉਹ ਪਿਛਾਂਹ ਮੁੜਿਆ ਤੇ ਝਟ ਕੁ ਮਗਰੋਂ ਫੇਰ ਅੰਦਰ ਆ ਕੇ ਖਾਲੀ ਕੁਰਸੀ ਲਾਗੇ ਖਲੋ ਗਿਆ। ਉਹ ਬੜਾ ਸਹਿਮਿਆ ਤੇ ਡੌਰ-ਭੌਰ ਜਿਹਾ ਜਾਪਦਾ ਸੀ। ਉਸ ਨੇ ਚੰਗੀਆਂ ਪੜ੍ਹਾਕੂ ਨਜ਼ਰਾਂ ਨਾਲ ਕੋਠੜੀ ਦੀਆਂ ਚਾਰੇ ਪਾਸੇ ਨੁੱਕਰਾਂ ਵੇਖੀਆਂ। ਫੇਰ ਉਸ ਦੀ ਨਿਗਾਹ ਮੇਰੇ ਉਤੇ ਆ ਕੇ ਟਿਕ ਗਈ ਤੇ “ਹਰਨਾਮ ਸਿੰਘ ਟੁੰਡੀਲਾਟ ਇਥੇ ਹੈ?” ਪੁੱਛ ਕੇ ਉਸ ਨੇ ਆਪਣਾ ਆਉਣਾ ਦੱਸ ਦਿੱਤਾ।
“ਉਹ ਤਾਂ ਪਿੰਡ ਗਏ ਹੋਏ ਨੇ।” ਇਹ ਸੁਣਦਿਆਂ ਉਸ ਦੇ ਚਿਹਰੇ ‘ਤੇ ਨਿਰਾਸ਼ਾ ਦਾ ਲੇਪਣ ਫਿਰ ਗਿਆ। ਉਹ ਜ਼ਰਾ ਝਕਿਆ ਤੇ ਫੇਰ ਬੋਲਿਆ, “ਤੁਹਾਡਾ ਨਾਂ?”
“ਗੁਰਚਰਨ ਸਿੰਘ।” ਮੇਰਾ ਨਾਂ ਸੁਣ ਕੇ ਉਹ ਸੋਚੀਂ ਪੈ ਗਿਆ, ਜਿਵੇਂ ਕਿਵੇਂ ਕੋਈ ਗੰਭੀਰ ਫੈਸਲਾ ਕਰਨ ਵਿਚ ਲੱਗ ਪਿਆ ਹੋਵੇ।
ਏਨੇ ਵਿਚ ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖ ਲਿਆ। ਉਹ ਰੰਗੋਂ ਸੌਲਾ ਤੇ ਕੱਦੋਂ ਮਧਰਾ ਪਰ ਗਠਵੇਂ ਸਰੀਰ ਦਾ ਕਾਬਲੀ ਬੰਦਾ ਸੀ। ਕੁੜਤਾ ਤੇ ਸਲਵਾਰ ਚਿੱਟੇ, ਸਿਰ ‘ਤੇ ਨਸਵਾਰੀ ਮਸ਼ਹਦੀ ਲੁੰਗੀ ਜਾਕਟ ਦੇ ਪੇਸ਼ ਕਾਲੇ ਸੂਫ ਦੇ, ਤੇ ਅੰਦਰ, ਤੇ ਪਿੱਠ ਲੱਠੇ ਦੀ ਉਸ ਦੇ ਮੈਲੇ ਤੇ ਮਧੋਲੇ ਹੋਏ ਕੱਪੜੇ ਦਸਦੇ ਸਨ ਕਿ ਉਹ ਕਈ ਦਿਨਾਂ ਤੋਂ ਸਾਫ ਨਹੀਂ ਸਨ ਕੀਤੇ ਗਏ। ਅਣਸਾਂਭੀ ਸੁੱਕ-ਭਰੂਲੀ ਅੱਧੀ ਕੁ ਗਿੱਠ ਲੰਮੀ ਦਾਹੜੀ ਬੋਹੜ ਦੀਆਂ ਦਾਹੜਾਂ ਵਾਂਗ ਠੋਡੀ ਤੋਂ ਸਣ ਦੀਆਂ ਰੱਸੀਆਂ ਬਣ ਹੇਠਾਂ ਲਮਕੀ ਹੋਈ ਸੀ। ਵੱਟਾਂ ਵਾਲੀ ਬੱਧੀ ਲੁੰਗੀ ਵਿਚੋਂ ਧੋਣ ਉਤੇ ਕਾਲੇ ਵਾਲਾਂ ਦੀਆਂ ਮੈਲ ਜੰਮੀਆਂ ਲਟਾਂ ਨਿਕਲੀਆਂ ਹੋਈਆਂ ਸਨ। ਉਸ ਦੇ ਮੂੰਹ ਅਤੇ ਹੱਥਾਂ ਦੀ ਖੁਸ਼ਕੀ ਤੋਂ ਦਿਸਦਾ ਸੀ ਕਿ ਪਿਛਲੇ ਦਿਨਾਂ ਵਿਚ ਉਸ ਨੂੰ ਆਪਣੀ ਕਾਇਆ ਸੰਵਾਰਨ ਦਾ ਮੌਕਾ ਨਹੀਂ ਸੀ ਮਿਲਿਆ। ਉਸ ਦਾ ਜੁੱਸਾ ਥਕੇਵੇਂ ਤੇ ਉਨੀਂਦਰੇ ਦਾ ਭੰਨਿਆ ਹੋਇਆ ਮਾਲੂਮ ਹੁੰਦਾ ਸੀ।
ਉਹ ਸੋਚਦਾ-ਸੋਚਦਾ ਖੱਬੇ ਹੱਥ ਨਾਲ ਆਪਣੇ ਕੰਨ ਦੇ ਪਿਛਾੜੀ ਖੁਰਕਣ ਲੱਗ ਪਿਆ। ਫਿਰ ਇਕਦਮ ਪਿਛਾਂਹ ਹਟ ਕੇ ਉਸ ਨੇ ਅੰਦਰੋਂ ਬੂਹਾ ਬੰਦ ਕਰ ਲਿਆ ਤੇ ਮੁੜ ਆਪਣੀ ਥਾਂ ਆ ਖਲੋਤਾ। ਉਸ ਦਾ ਚਿਹਰਾ ਕੁਝ ਕਰ ਲੈਣ ਲਈ ਰੁਮਕਣ ਲੱਗ ਪਿਆ ਸੀ। ਮੈਂ ਡਰ ਗਿਆ- ਮਤਾ ਮੈਨੂੰ ਮਾਰੇ? ਮੈਂ ਵੀ ਅੱਗੋਂ ਸਾਵਧਾਨ ਹੋ ਗਿਆ। ਅਖਬਾਰ ਮੇਜ਼ ਉਤੇ ਰੱਖ ਕੇ ਲੱਤਾਂ ਹੇਠਾਂ ਕਰ ਲਈਆਂ ਤੇ ਹਰ ਆਈ ਦਾ ਮੁਕਾਬਲਾ ਕਰਨ ਲਈ ਬੰਦਿਆਂ ਵਾਂਗ ਹੋ ਬੈਠਾ।
ਉਸ ਨੇ ਨਿਉਂ ਕੇ ਆਪਣੇ ਸੱਜੇ ਪੈਰ ਦੇ ਬੂਟੇ ਨੂੰ ਹੱਥ ਲਾਇਆ। ਮੈਂ ਜਾਤਾ, ਲੱਗੀਆਂ ਪੈਣ। ਮੈਂ ਵੀ ਇਕਦਮ ਉਠ ਕੇ ਕੁਰਸੀ ਪਿਛੇ ਹੋ ਖਲੋਤਾ ਤੇ ਅੱਗੋਂ ਚੁਕ ਕੇ ਮਾਰਨ ਲਈ ਦੋਵੇਂ ਹੱਥ ਕੁਰਸੀ ਦੀਆਂ ਬਾਹੀਆਂ ਨੂੰ ਪਾ ਲਏ।
ਪਰ ਲੜਾਈ ਦੀ ਨੌਬਤ ਨਾ ਆਈ। ਉਸ ਨੇ ਬੂਟ ਲਾਹ ਕੇ ਮੇਜ਼ ‘ਤੇ ਰੱਖ ਲਿਆ। ਉਸ ਦਾ ਪਤਾਵਾ ਪੁੱਟਿਆ ਤੇ ਵਿਚੋਂ ਇਕ ਤਹਿ ਕੀਤਾ ਹੋਇਆ ਕਾਗਜ਼ ਖਿੱਚ ਕੇ ਮੈਨੂੰ ਫੜਾ ਦਿੱਤਾ। ਇਹ ਇਕ ਚਿੱਠੀ ਸੀ।
ਮੇਰਾ ਧੁੜਕੂ ਦੂਰ ਹੋਇਆ ਤੇ ਮੇਰੇ ਲੂੰ-ਲੂੰ ਵਿਚ ਖੁਸ਼ੀ ਦੀ ਲਹਿਰ ਫਿਰ ਗਈ ਤੇ ਲੜਾਈ ਵਾਸਤੇ ਤਿਆਰ ਵੱਟਿਆ ਹੋਇਆ ਚਿਹਰਾ ਖੁੱਲ੍ਹ ਗਿਆ।
ਫਿਰ ਉਸ ਨੇ ਦੂਸਰੇ ਬੂਟ ਵਿਚੋਂ ਵੀ ਇਸੇ ਤਰ੍ਹਾਂ ਇਕ ਹੋਰ ਚਿੱਠੀ ਕੱਢੀ। ਉਪਰੰਤ ਉਸ ਨੇ ਜਾਕਟ ਲਾਹੀ ਅਤੇ ਉਸ ਦੀ ਗਰਦਨ ਤੇ ਅੰਦਰਸ ਨੂੰ ਉਧੇੜ ਕੇ ਇਕ ਹੋਰ ਕਾਗਜ਼ ਖਿਚ ਲਿਆ। ਮੈਨੂੰ ਤਾਂ ਖੁਸ਼ੀਆਂ ਚੜ੍ਹ ਗਈਆਂ ਤੇ ਉਸ ਬੰਦੇ ਦੇ, ਜਿਸ ਤੋਂ ਪਹਿਲਾਂ ਬਹੁਤ ਡਰ ਗਿਆ ਸਾਂ, ਮੈਂ ਦਿਲ ਹੀ ਦਿਲ ਵਿਚ ਵਾਰੇ-ਵਾਰੇ ਜਾਣ ਲੱਗ ਪਿਆ।
“ਇਹ ਕਾਬਲੋਂ ਲਿਆਇਆਂ ਹਾਂ”, ਉਸ ਨੇ ਪਸ਼ਤੋ ਤਰਜ਼ ਦੀ ਪੰਜਾਬੀ ਬੋਲਦਿਆਂ ਇਨ੍ਹਾਂ ਨੂੰ ਲਿਆਉਣ ਦੀ ਸਾਰੀ ਵਿਥਿਆ ਦੱਸ ਦਿੱਤੀ। ਮੈਂ ਉਸ ਦਾ ਬਹੁਤ ਹੀ ਧੰਨਵਾਦ ਕੀਤਾ ਤੇ ਉਸ ਨੂੰ ਬੈਠਣ ਲਈ ਤੇ ਪਾਣੀ ਪੀਣ ਲਈ ਬੜਾ ਜ਼ੋਰ ਲਾਇਆ ਪਰ ਉਹ ਨਾ ਮੰਨਿਆ ਤੇ ਫੋਕਾ ਹੀ ਚਲਾ ਗਿਆ। ਮੇਰੀ ਧੰਨ-ਧੰਨ ਹੋ ਗਈ। ਬਲਹਾਰੇ ਜਾਈਏ ਉਸ ਸਾਧਾਰਨ ਜਿਹੇ ਅਫਗਾਨੀ ਦੇ, ਜੋ ਆਪਣੇ ਜਾਮੇ ਅੰਦਰ ਸਾਡੀ ਇਨਕਲਾਬੀ ਲਹਿਰ ਦਾ ਬਹੁਤ ਕੁਝ ਲੁਕਾ ਕੇ ਲਿਆਇਆ ਸੀ।
ਮੈਂ ਚਿੱਠੀਆਂ ਵੇਖੀਆਂ, ਇਕ ਉਰਦੂ ਵਿਚ ਸਾਡੇ ਨਾਂ ਸੀ। ਦੂਸਰੀਆਂ ਅੰਗਰੇਜ਼ੀ ਦੀਆਂ ਮਦਰਾਸ ਅਤੇ ਇੰਦੌਰ ਤੇ ਸਾਡੇ ਕਮਿਊਨਿਸਟ ਅੱਡਿਆਂ ਵੱਲ ਲਿਖੀਆਂ ਹੋਈਆਂ ਸਨ। ਦੂਸਰੀਆਂ ਚਿੱਠੀਆਂ ਨੂੰ ਡਾਕ ਰਾਹੀਂ ਭੇਜਣ ਵੇਲੇ ਸੀ. ਆਈ. ਡੀ. ਦੇ ਸੈਂਸਰ ਤੋਂ ਬਚਾਉਣ ਲਈ ਸਾਡੀ ਚਿੱਠੀ ਵਿਚ ਉਨ੍ਹਾਂ ਦੇ ਝੂਠੇ ਪਤੇ ਲਿਖੇ ਹੋਏ ਸਨ। ਮੈਂ ਤਿੰਨੋਂ ਚਿੱਠੀਆਂ ਪੜ੍ਹੀਆਂ। ਮਦਰਾਸ ਵਾਲੀ ਚਿੱਠੀ ਉਥੋਂ ਅਗਾਂਹ ਪੈਰਿਸ ਨੂੰ ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਲੁਕਵੇਂ ਪਤੇ ਉਤੇ ਸੀ, ਜਿਸ ਨੇ ਉਸ ਨੂੰ ਕਮਿਊਨਿਸਟ ਕੌਮਾਂਤਰੀ ਪਾਸ ਪਹੁੰਚਾਉਣਾ ਸੀ ਤੇ ਇੰਦੌਰ ਵਾਲੀ ਹਿੰਦੋਸਤਾਨ ਗਦਰ ਪਾਰਟੀ ਦੇ ਕੈਲੀਫੋਰਨੀਆ (ਅਮਰੀਕਾ) ਵਿਚਲੇ ਝੂਠੇ ਐਡਰੈਸ ਉਤੇ ਜਾਣੀ ਸੀ। ਜਿਥੋਂ ਫਿਰ ਉਹ ਗਦਰ ਪਾਰਟੀ ਦੇ ਸੈਨ ਫਰਾਂਸਿਸਕੋ ਵਿਚ ਹੈਡ ਕੁਆਰਟਰ ਪਹੁੰਚਣੀ ਸੀ। ਦੇਸ਼ ਤੋਂ ਪਰਦੇਸ ਦੇ ਇਨਕਲਾਬੀ ਅੱਡਿਆਂ ਤੇ ਬੰਦਿਆਂ ਨਾਲ ਚਿੱਠੀ ਪੱਤਰ ਨੂੰ ਅੰਗਰੇਜ਼ੀ ਸੈਂਸਰ ਤੋਂ ਬਚਾਉਣ ਲਈ ਸਾਨੂੰ ਇਸ ਤਰ੍ਹਾਂ ਦੀ ਖੱਚਰ-ਖੇਡ ਕਰਨੀ ਪੈਂਦੀ ਸੀ।
ਇਹ ਚਿੱਠੀਆਂ ਬਾਬਾ ਗੁਰਮੁੱਖ ਸਿੰਘ ਦੀਆਂ ਸਨ, ਜੋ ਉਸ ਨੇ ਕਾਬਲ ਜੇਲ੍ਹ ਵਿਚੋਂ ਲਿਖ ਕੇ ਭਿਜਵਾਈਆਂ ਸਨ। ਕਾਬਲ ਵਿਚ ਗਦਰ ਪਾਰਟੀ ਦਾ ਇਨਕਲਾਬੀ ਘੋਰਨਾ 1921-1922 ਤੋਂ ਚਲਿਆ ਆ ਰਿਹਾ ਸੀ, ਜਦੋਂ ਤੋਂ ਮਾਸਟਰ ਊਧਮ ਸਿੰਘ ਕਸੇਲ ਮਦਰਾਸ ਦੀਆਂ ਜੇਲ੍ਹਾਂ ਵਿਚੋਂ ਭੱਜ ਕੇ ਅਕਾਲੀ ਲਹਿਰ ਦੇ ਅਸਰ-ਰਸੂਖ ਨਾਲ ਉਥੇ ਪੁੱਜੇ ਸਨ ਤੇ ਤੇਜਾ ਸਿੰਘ ਸੁਤੰਤਰ ਦਾ ਪ੍ਰਚਾਰਕ ਜਥਾ ਅਫਗਾਨਿਸਤਾਨ ਦੇ ਸਿੱਖਾਂ ਵਿਚ ਪ੍ਰਚਾਰ ਕਰਨ ਗਿਆ ਹੋਇਆ ਸੀ। ਉਪਰੰਤ ਬਾਬਾ ਗੁਰਮੁੱਖ ਸਿੰਘ ਜਦੋਂ ਅਕੋਲਾ ਜੇਲ੍ਹ ਵਿਚ ਲਿਆਂਦੇ ਜਾ ਰਹੇ ਸਨ, ਉਹ ਗੱਡੀ ਵਿਚੋਂ ਹੀ ਭੱਜ ਕੇ ਕਾਬਲ ਪਹੁੰਚ ਗਏ ਤਾਂ ਇਹ ਘੋਰਨਾ ਬਹੁਤ ਸਰਗਰਮ ਹੋ ਗਿਆ ਸੀ। ਇਹ ਸਾਡੀ ਹਿੰਦ ਵਿਚ, ਖਾਸ ਕਰ ਪੰਜਾਬ ਅੰਦਰ, ਆਜ਼ਾਦੀ ਦੀ ਇਨਕਲਾਬੀ ਲਹਿਰ ਤੋਂ ਅਮਰੀਕਾ ਵਿਚ ਗਦਰ ਪਾਰਟੀ ਵਿਚਾਲੇ ਜੋੜ ਮੇਲ ਦਾ ਕੰਮ ਦੇਣ ਲੱਗਿਆ। ਅਮਰੀਕਾ ਤੋਂ ਗਦਰ ਪਾਰਟੀ ਦੀ ਸਹਾਇਤਾ ਤੇ ਅਗਵਾਈ ਪਹਿਲਾਂ-ਪਹਿਲਾਂ ਬਹੁਤੀ ਇਸ ਰਸਤੇ ਹੀ ਆਉਣੀ ਸੀ।
ਅਫਗਾਨਿਸਤਾਨ ਦਾ ਉਨ੍ਹਾਂ ਦਿਨਾਂ ਵਿਚ ਬਾਦਸ਼ਾਹ ਅਮਾਨਉਲਾ ਖਾਨ ਅੰਗਰੇਜ਼ੀ ਸਾਮਰਾਜ ਦਾ ਬੜਾ ਕੱਟੜ ਵਿਰੋਧੀ ਤੇ ਆਜ਼ਾਦੀ-ਪਸੰਦ ਬੰਦਾ ਸੀ। ਉਹ ਅੰਗਰੇਜ਼ਾਂ ਨਾਲ ਖਾਰ ਖਾਂਦਾ ਸੀ ਤੇ ਰੂਸ ਨਾਲ ਯਾਰੀ ਵਧਾ ਰਿਹਾ ਸੀ। ਇਸ ਲਈ ਉਹ ਗਦਰ ਪਾਰਟੀ ਦਾ ਹਮਾਇਤੀ ਤੇ ਸ਼ਰਨਦਾਤਾ ਸੀ। ਉਸ ਨੇ ਗਦਰ ਪਾਰਟੀ ਦੇ ਹਿੰਦੋਸਤਾਨ ਅੰਦਰ ਇਨਕਲਾਬੀ ਲਹਿਰ ਦੇ ਸੰਚਾਲਕਾਂ ਦੀ ਬੜੀ ਮਦਦ ਕੀਤੀ ਰੱਖੀ। ਇਥੋਂ ਤੱਕ ਕਿ ਤੇਜਾ ਸਿੰਘ ਸੁਤੰਤਰ ਨੂੰ ਆਪਣੀ ਸਰਕਾਰ ਵੱਲੋਂ ਤੁਰਕੀ ਦੀ ਫੌਜੀ ਅਕਾਦਮੀ ਵਿਚ ਭੇਜ ਕੇ ਫੌਜੀ ਅਫਸਰੀ ਦੀ ਸਿਖਿਆ ਅਤੇ ਜੰਗੀ ਵਿਦਿਆ ਦਿਵਾਈ। ਜਦ 1925-26 ਵਿਚ ਆ ਕੇ ਹਿੰਦੋਸਤਾਨ ਦੀ ਕੌਮੀ ਲਹਿਰ ਅੰਦਰ ਇਨਕਲਾਬੀ ਪੱਖ ਜ਼ੋਰ ਫੜ ਕੇ ਉਜਾਗਰ ਹੋਣ ਲੱਗ ਪਿਆ ਤਾਂ ਅੰਗਰੇਜ਼ਾਂ ਨੂੰ ਡਰ ਲੱਗਾ ਕਿ ਮਤਾ ਇਨਕਲਾਬੀ ਲਹਿਰ ਅਮਾਨਉਲਾ ਨਾਲ ਜੋੜ ਜੋੜ ਲਵੇ। ਅੰਗਰੇਜ਼ੀ ਸਾਮਰਾਜ ਸਾਡੀ ਕੌਮੀ ਆਜ਼ਾਦੀ ਦੀ ਇਨਕਲਾਬੀ ਲਹਿਰ ਤੇ ਸੋਵੀਅਤ ਦੇਸ਼ ਦੀ ਜਗਤ ਇਨਕਲਾਬੀ ਹਸਤੀ ਵਿਚਕਾਰ ਅਫਗਾਨਿਸਤਾਨ ਦੇ ਰੱਖੇ ਹੋਏ ਇਸ ਤਲਪਟ ਨੂੰ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਹ ਅੰਗਰੇਜ਼ ਦਾ ਵਿਰੋਧੀ ਤੇ ਉਸ ਦੀ ਦੁਸ਼ਮਣ ਇਨਕਲਾਬੀ ਲਹਿਰ ਦਾ ਸਹਾਇਕ ਤੇ ਹਮਾਇਤੀ ਹੋ ਜਾਵੇ।
ਇਸ ਲਈ ਉਸ ਨੇ ਅਮਾਨਉਲਾ ਖਾਂ ਵਿਰੁਧ ਕਰੋੜਾਂ ਰੁਪਏ ਖਰਚ ਕੇ ਮੁਲਾਣਿਆਂ ਤੋਂ ਫਤਵੇ ਦਿਵਾਏ ਤੇ ਬਗਾਵਤ ਕਰਵਾ ਦਿਤੀ ਅਤੇ ਆਪਣੇ ਲਾਈਲੱਗ ਜਨਰਲ ਨਾਦਰ ਖਾਂ ਨੂੰ ਫੌਜੀ ਸਹਾਇਤਾ ਦੇ ਕੇ ਕਾਬਲ ਦੇ ਤਖਤ ‘ਤੇ ਬਿਠਾ ਦਿੱਤਾ।
ਗਦਰ ਪਾਰਟੀ ਖੁਦ ਅੰਗਰੇਜ਼ ਵਿਰੋਧੀ ਹੋਣ ਕਰਕੇ ਅਮਾਨਉਲਾ ਖਾਂ ਦੀ ਹਮਾਇਤੀ, ਅਤੇ ਅੰਗਰੇਜ਼ ਦੇ ਪਿੱਠੂ ਜਨਰਲ ਨਾਦਰ ਖਾਂ ਦੀ ਵਿਰੋਧੀ ਸੀ। ਨਾਦਰ ਖਾਂ ਗਦਰ ਪਾਰਟੀ ਨੂੰ ਉਸੇ ਤਰ੍ਹਾਂ ਆਪਣਾ ਬਾਗੀ ਸਮਝਦਾ ਸੀ, ਜਿਸ ਤਰ੍ਹਾਂ ਅੰਗਰੇਜ਼ ਸਮਝਦੇ ਸਨ। ਇਸ ਲਈ ਉਸ ਨੇ ਸਾਡਾ ਕਾਬਲ ਦਾ ਗਦਰੀ ਅੱਡਾ ਬੰਦ ਕਰਵਾ ਦਿੱਤਾ ਜਿਥੋਂ ਦੇ ਗਦਰੀ ਲੀਡਰ ਜਾਂ ਤਾਂ ਮਾਸਕੋ ਨੂੰ ਨਿਕਲ ਗਏ ਜਾਂ ਹਿੰਦੋਸਤਾਨ ਨੂੰ ਆ ਗਏ ਤੇ ਦੋ-ਚਾਰ ਜੋ ਅਫਗਾਨਿਸਤਾਨ ਦੀ ਸਰਕਾਰ ਦੇ ਹੱਥ ਆਏ, ਉਹ ਜੇਲ੍ਹ ਵਿਚ ਬੰਦ ਕਰ ਦਿੱਤੇ। ਸਾਡਾ ਗਦਰੀਆਂ ਦਾ ਬਾਹਰਲੇ ਦੇਸ਼ਾਂ ਤੋਂ ਲੁਕ-ਛੁਪ ਕੇ ਘਰ ਆਉਣਾ ਤੇ ਘਰੋਂ ਬਾਹਰ ਜਾਣਾ ਬਹੁਤਾ ਅਫਗਾਨਿਸਤਾਨ ਤੇ ਰੂਸ ਵਿਚ ਦੀ ਹੋ ਕੇ ਸੀ। ਸਾਡਾ ਇਹ ਰਾਹ ਬੰਦ ਹੋ ਗਿਆ ਪਰ ਇਸ ਰਾਹ ਦੀਆਂ ਸਾਡੀਆਂ ਲੁਕਵੀਆਂ ਠਾਹਰਾਂ ਤੇ ਸਹਾਇਕ ਵਾਕਫੀਆਂ ਅਜੇ ਵੀ ਅਫਗਾਨਿਸਤਾਨ ਵਿਚ ਮੌਜੂਦ ਸਨ, ਜਿਨ੍ਹਾਂ ਨੂੰ ਹੋਰ ਕੋਈ ਰਾਹ ਨਾ ਲੱਭੇ ਤਾਂ ਵਰਤਣਾ ਪੈਣਾ ਸੀ।
ਉਨ੍ਹਾਂ ਦਿਨਾਂ ਵਿਚ ਇਰਾਨੀ ਤੇ ਅਫਗਾਨੀ ਹਕੂਮਤਾਂ, ਜੋ ਅੰਗਰੇਜ਼ੀ ਸਾਮਰਾਜ ਦੇ ਹੇਠਾਂ ਚਲਦੀਆਂ ਸਨ, ਪਾਸ ਰਾਜ ਕਾਜ ਦੀ ਐਨੀ ਤਕੜੀ, ਵਿਸ਼ਾਲ ਤੇ ਚਾਤਰ ਮਸ਼ੀਨਰੀ ਨਹੀਂ ਸੀ ਹੁੰਦੀ, ਜੋ ਰੂਸ ਨਾਲ ਤੇ ਹਿੰਦੋਸਤਾਨ ਨਾਲ ਲਗਦੀਆਂ ਸਰਹੱਦਾਂ ਦੀ ਨਿਗਰਾਨੀ ਵਾਸਤੇ ਖੁਦ ਆਪਣੇ ਸੂਹੇ (ਸੂਹੀਏ) ਰੱਖ ਸਕਦੀ। ਕਮਿਊਨਿਸਟ ਵਿਚਾਰਾਂ ਦੇ ਬੰਦਿਆਂ ਦੀ ਸਰਹੱਦਾਂ ਉਤੇ ਆਵਾਜਾਈ ਨੂੰ ਤਾੜਨ, ਲੱਭਣ ਤੇ ਰੋਕਣ ਵਾਸਤੇ ਅੰਗਰੇਜ਼ੀ ਸਾਮਰਾਜ ਦਾ ਇਨ੍ਹਾਂ ਦੇਸ਼ਾਂ ਦੀਆਂ ਹੱਦਾਂ ਉਤੇ ਆਪਣਾ ਖੁਫੀਆ ਅਮਲਾ ਕੰਮ ਕਰਦਾ ਸੀ। ਉਸ ਨੇ ਸਰਹੱਦਾਂ ਉਤੇ ਲੱਗੇ ਇਨ੍ਹਾਂ ਦੇਸ਼ਾਂ ਦੀਆਂ ਗਾਰਦਾਂ ਨੂੰ ਪੈਸੇ ਦੇਣੇ ਕਰਕੇ ਭਾੜੇ ਕੀਤਾ ਹੋਇਆ ਸੀ ਤੇ ਇਨ੍ਹਾਂ ਤੋਂ ਇਲਾਵਾ ਵੀ ਆਪਣੇ ਰਾਜਦੂਤ ਤੇ ਮਾਤਹਿਤ ਆਪਣੇ ਲੁਕਵੇਂ ਬੰਦੇ ਤਨਖਾਹਾਂ ਉਤੇ ਲਾਏ ਸਨ। ਸੋ ਐਨਾ ਅਫਗਾਨੀ ਜਾਂ ਇਰਾਨੀ ਹਿੱਤਾਂ ਲਈ ਨਹੀਂ, ਜਿੰਨਾ ਅੰਗਰੇਜ਼ ਦੇ ਸਾਮਰਾਜੀ ਹਿੱਤਾਂ ਲਈ, (ਉਹ) ਹਿੰਦ ਜਾਂ ਰੂਸ ਤੋਂ ਚੋਰੀ ਲੰਘਾਉਣ ਵਾਲੇ ਬੰਦਿਆਂ ਨੂੰ ਤਾੜਦੇ ਤੇ ਉਥੋਂ ਦੀ ਪੁਲਿਸ ਪਾਸੋਂ ਫੜਵਾ ਦਿੰਦੇ। ਸਾਨੂੰ ਅਫਗਾਨਿਸਤਾਨ ਵਿਚ ਨਿਰੋਲ ਅਫਗਾਨਿਸਤਾਨ ਦੀ ਪੁਲਿਸ ਪਾਸੋਂ ਕੋਈ ਡਰ ਜਾਂ ਖਤਰਾ ਨਹੀਂ ਸੀ ਹੁੰਦਾ। ਸਾਨੂੰ ਅੰਗਰੇਜ਼ੀ ਜਾਸੂਸਾਂ ਦਾ ਬੜਾ ਧਿਆਨ ਤੇ ਖਿਆਲ ਰੱਖਣਾ ਪੈਂਦਾ ਸੀ, ਜੋ ਨਾਦਰ ਖਾਂ ਦੀ ਹਕੂਮਤ ਵਿਚ ਸਾਡੇ ਬਹੁਤ ਸਿਰ ਹੋ ਗਏ ਸਨ।
ਇਨ੍ਹਾਂ ਚਿੱਠੀਆਂ ਵਿਚ ਲਿਖਿਆ ਸੀ ਕਿ ਬਾਬਾ ਗੁਰਮੁੱਖ ਸਿੰਘ ਤੇ ਬਾਬਾ ਪ੍ਰਿਥੀ ਸਿੰਘ ਨੂੰ ਪਹਿਲੀ ਜੂਨ 1933 ਨੂੰ ਰੂਸ ਦੀ ਸਰਹੱਦ ਤੋਂ ਅਫਗਾਨਿਸਤਾਨ ਵਿਚ ਵੜਦਿਆਂ ਹੀ ਬਦੱਖਸ਼ਾ ਦੇ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਕਈ ਦਿਨ ਬਾਅਦ ਸਰਹੱਦ ਦੀ ਚੌਕੀ ਵਿਚ ਬੰਦ ਕਰਕੇ ਉਨ੍ਹਾਂ ਨੂੰ ਪੈਦਲ ਤੋਰ ਕੇ ਕਾਬਲ ਲਿਜਾਇਆ ਜਾ ਰਿਹਾ ਸੀ ਤਾਂ ਇਕ ਰਾਤ ਉਹ ਗਾਰਦ ਨੂੰ ਸੁੱਤੀ ਛੱਡ ਕੇ ਭੱਜ ਗਏ। ਉਹ ਹਿੰਦੋਸਤਾਨ ਦੀ ਸਰਹੱਦ ਵੱਲ ਤੁਰ ਪਏ। ਇਸ ਤਰ੍ਹਾਂ ਲੁਕ-ਛੁਪ ਕੇ ਤੁਰੇ ਜਾਂਦਿਆਂ ਉਨ੍ਹਾਂ ਨੂੰ ਮਹੀਨਾ ਹੋ ਗਿਆ। ਅਖੀਰ ਜੁਲਾਈ ਵਿਚ ਜਦ ਉਹ ਅਫਗਾਨਿਸਤਾਨ ਤੋਂ ਹਿੰਦੋਸਤਾਨ ਦੇ ਪਠਾਣਾਂ ਦੇ ਆਜ਼ਾਦ ਇਲਾਕੇ ਵਿਚ ਦਾਖਲ ਹੋਣੋਂ ਕੇਵਲ ਦੋ ਮੀਲ ਰਹਿ ਗਏ ਤਾਂ ਫੇਰ ਫੜੇ ਗਏ। ਹੁਣ ਤਾਂ ਤਕੜੀ ਗਾਰਦ ਲਾ ਕੇ ਉਨ੍ਹਾਂ ਨੂੰ ਕਾਬਲ ਲਿਜਾਇਆ ਤੇ ਉਥੇ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ।
ਇਨ੍ਹਾਂ ਚਿੱਠੀਆਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਕਾਬਲ ਸਰਕਾਰ ਕੈਦੀਆਂ ਨੂੰ ਆਪਣੇ ਪਾਸੋਂ ਰੋਟੀ, ਕੱਪੜਾ ਨਹੀਂ ਦਿੰਦੀ। ਕੈਦੀ ਜਾਂ ਤਾਂ ਆਪਣੇ ਘਰਦਿਆਂ ਤੋਂ ਮੰਗਵਾ ਕੇ ਖਾਣ ਹੰਡਾਉਣ, ਨਹੀਂ ਤਾਂ ਉਨ੍ਹਾਂ ਨੂੰ ਬੇੜੀਆਂ ਲਾ ਕੇ ਸਵੇਰੇ ਸ਼ਾਮ ਸ਼ਹਿਰ ਦੇ ਗਲੀਆਂ, ਬਾਜ਼ਾਰਾਂ ਵਿਚ ਦਰ-ਦਰ ਫੇਰਿਆ ਤੇ ਰੋਟੀ-ਕੱਪੜਾ ਮੰਗਵਾਇਆ ਜਾਂਦਾ। ਉਨ੍ਹਾਂ ਨੇ ਇਸ ਮਨੁੱਖਹੀਣਤਾ ਵਿਰੁਧ ਸਿੱਡਾ ਬੰਨ੍ਹ ਲਿਆ ਤੇ ਸਰਕਾਰ ਪਾਸੋਂ ਰੋਟੀ, ਕੱਪੜਾ ਲੈਣ ਵਾਸਤੇ ਭੁੱਖ ਹੜਤਾਲ ਕਰ ਦਿੱਤੀ।
ਅੰਗਰੇਜ਼ੀ ਹਕੂਮਤ ਵਿਰੁਧ ਹਥਿਆਰਬੰਦ ਬਗਾਵਤ ਕਰਨ ਦੇ ਦੋਸ਼ ਵਿਚ 1915-16 ਵਿਚ ਉਮਰ ਕੈਦ ਕੀਤੇ ਤੇ 19-19 ਸਾਲ ਕੈਦ ਕੱਟ ਕੇ ਰਿਹਾ ਹੋਏ ਤੇ ਹੋ ਰਹੇ ਸੂਰਬੀਰ ਦੇਸ਼ ਭਗਤਾਂ ਨੂੰ ਪੰਜਾਬ ਵਿਚ ਸਤਿਕਾਰ ਨਾਲ ਬਾਬੇ ਆਖਿਆ ਜਾਣ ਲੱਗਾ। ਸੰਤ ਬਾਬਾ ਵਸਾਖਾ ਸਿੰਘ ਦਦੇਹਰ ਦੇ ਉਦਮ ਤੇ ਪ੍ਰਧਾਨਗੀ ਹੇਠ ਗਦਰ ਪਾਰਟੀ ਵਾਲਿਆਂ ਨੇ ਰਾਜਸੀ ਕੈਦੀਆਂ ਦੇ ਦੁਖੀ ਤੇ ਗਰੀਬ ਪਰਿਵਾਰਾਂ ਦੀ ਮਦਦ ਕਰਨ (ਲਈ) 1921 ਵਿਚ ਹੀ ਅੰਮ੍ਰਿਤਸਰ ਵਿਖੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾ ਲਈ ਸੀ। ਪਿਛੋਂ ਅਮਰੀਕਾ ਤੋਂ ਆਏ ਇਨ੍ਹਾਂ ਬਾਬਿਆਂ ਦੇ ਨਾਲ ਦੇ ਗਦਰੀਆਂ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਤੇ ਇਸ ਉਪਰੰਤ ਸੋਸ਼ਲਿਜ਼ਮ ਦੀ ਸਥਾਪਨਾ ਕਰਨ ਵੱਲ ਵਧਣ ਦਾ ਘੋਲ ਲੜਨ ਲਈ ਪੰਜਾਬ ਵਿਚ ‘ਕਿਰਤੀ’ ਨਾਂ ਦਾ ਮਾਹਵਾਰੀ ਪਰਚਾ 1926 ਵਿਚ ਜਾਰੀ ਕੀਤਾ ਤੇ ਕਿਰਤੀ ਕਿਸਾਨ ਪਾਰਟੀ ਬਣਾਈ। ਇਸ ਲਈ ਇਸ ਪਾਰਟੀ ਦੇ ਵਰਕਰਾਂ ਨੂੰ ‘ਕਿਰਤੀ’ ਆਖਿਆ ਜਾਂਦਾ ਤੇ ਪਰਿਵਾਰ ਸਹਾਇਕ ਕਮੇਟੀ ਦੇ ਪੁਰਾਣੇ ਗਦਰੀਆਂ ਨੂੰ ਬਾਬੇ। ਅਸੀਂ ਕਿਰਤੀ ਤੇ ਬਾਬੇ ਉਤੋਂ ਭਾਵੇਂ ਦੋ ਸਾਂ, ਪਰ ਵਿਚੋਂ ਇਕ ਸਾਂ।
ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਸਕੱਤਰ ਸੀ ਤੇ ਮੈਂ ਉਦੋਂ ਹਫਤਾਵਾਰ ‘ਕਿਰਤੀ’ ਦਾ ਐਡੀਟਰ ਤੇ ਕਿਰਤੀ ਕਿਸਾਨ ਪਾਰਟੀ ਦਾ ਸਹਾਇਕ ਸਕੱਤਰ। ਬਾਬੇ ਦੇ ਪਿੰਡ ਗਏ ਹੋਣ ਕਰਕੇ ਮੈਂ ਉਸ ਦਫਤਰ ਵਿਚ ਬੈਠਾ ਸਾਂ। ਉਸ ਦਿਨ ਬਾਬਾ ਜਵਾਲਾ ਸਿੰਘ ਠੱਠੀਆਂ ਇਥੇ ਗੁਰੂ ਰਾਮਦਾਸ ਸਰਾਂ ਵਿਚ ਸਨ। ਮੈਂ ਇਹ ਚਿੱਠੀਆ ਜਾ ਕੇ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ ਤੇ ਅਸਾਂ ਮੌਕੇ ‘ਤੇ ਮੌਜੂਦ ਹੋਰਨਾਂ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਅੰਗਰੇਜ਼ੀ ਦੀਆਂ ਚਿੱਠੀਆਂ ਸੀ. ਆਈ. ਡੀ. ਦੀਆਂ ਨਜ਼ਰਾਂ ਤੋਂ ਬਚਾ ਕੇ ਉਨ੍ਹਾਂ ਵਿਚ ਦਿਤੇ ਪਤਿਆਂ ਉਤੇ ਡਾਕ ਪਾ ਦਿੱਤੀਆਂ। ਅਖਬਾਰਾਂ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਤੇ ਭੁੱਖ ਹੜਤਾਲ ਦੀ ਖਬਰ ਦੇ ਦਿੱਤੀ। ਫਿਰ ਭੱਜ ਦੌੜ ਕਰਕੇ ਸਰਕਾਰ ਵੱਲੋਂ ਪਿੰਡਾਂ ਵਿਚ ਬੰਦ ਕੀਤੇ ਹੋਏ ਹੋਰਨਾਂ ਬਾਬਿਆਂ ਤੇ ਕਿਰਤੀ ਆਗੂਆਂ ਨਾਲ ਸਲਾਹ ਕੀਤੀ ਤੇ ਇਨ੍ਹਾਂ ਦੀ ਰਿਹਾਈ ਵਾਸਤੇ ਐਜੀਟੇਸ਼ਨ ਦੇ ਹੋਰ ਜਤਨ ਕਰਨ ਦਾ ਪ੍ਰੋਗਰਾਮ ਬਣਾਇਆ।
ਅਸਾਂ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਵਲੋਂ ਕਾਂਗਰਸ, ਅਕਾਲੀ, ਅਹਿਰਾਰੀ, ਨੌਜਵਾਨ ਭਾਰਤ ਸਭਾਈ ਤੇ ਕਿਰਤੀ ਲੀਡਰਾਂ ਤੋਂ ਇਨ੍ਹਾਂ ਗਦਰੀ ਬਾਬਿਆਂ ਦੀ ਰਿਹਾਈ ਦੀ ਮੰਗ ਤੇ ਇਨ੍ਹਾਂ ਨੂੰ ਅੰਗੇਰਜ਼ੀ ਹਕੂਮਤ ਦੇ ਹਵਾਲੇ ਨਾ ਕਰਨ ਦੇ ਮੁਤਾਲਬੇ ਕਰਨ ਦੇ ਬਿਆਨ ਦਿਵਾਉਣੇ ਅਰੰਭ ਕਰ ਦਿੱਤੇ। ਕਾਂਗਰਸੀ, ਅਕਾਲੀ, ਅਹਿਰਾਰੀ ਤੇ ਕਿਰਤੀ ਕਿਸਾਨ ਪਾਰਟੀ ਦੇ ਜਲਸਿਆਂ ਵਿਚ ਰਿਹਾਈ ਦੀਆਂ ਮੰਗਾਂ ਗੂੰਜਣ ਲੱਗ ਪਈਆਂ। ਅਫਗਾਨ ਸਰਕਾਰ ਨੂੰ ਬੁਰਾ ਭਲਾ ਆਖਿਆ ਜਾਣਾ ਸ਼ੁਰੂ ਹੋ ਗਿਆ ਤੇ ਉਸ ਨੂੰ ਅੰਗਰੇਜ਼ੀ ਸਾਮਰਾਜ ਦੀ ਕਠਪੁਤਲੀ ਨਾ ਬਣਨ ਲਈ ਮੱਤਾਂ ਦਿੱਤੀਆਂ ਜਾਣ ਲੱਗੀਆਂ। ਦੇਸੀ ਅਖਬਾਰਾਂ ਵਿਚ ਨੋਟ ਤੇ ਐਡੀਟੋਰੀਅਲ ਲਿਖਣੇ ਸ਼ੁਰੂ ਹੋ ਗਏ। ਗੱਲ ਕੀ, ਪੰਜਾਬ ਤੇ ਦਿੱਲੀ ਵਿਚ ਤਾਂ ਚੰਗੀ ਐਜੀਟੇਸ਼ਨ ਚੱਲ ਪਈ, ਉਪਰੰਤ ਬੰਗਾਲ, ਬੰਬਈ ਤੇ ਮਦਰਾਸ ਵਿਚੋਂ ਵੀ ਆਵਾਜ਼ ਉਠਣ ਲੱਗ ਪਈ। ਅਸੀਂ ਇਸ ਐਜੀਟੇਸ਼ਨ ਦੀਆਂ ਅਖਬਾਰਾਂ ਵਿਚ ਛਪੀਆਂ ਖਬਰਾਂ ਤੇ ਲੇਖਾਂ ਦੀਆਂ ਕਾਤਰਾਂ ਕੱਟ-ਕੱਟ ਕਾਬਲ ਵਲੋਂ ਸ਼ਿਮਲੇ ਵਿਚ ਬੈਠੇ ਰਾਜਦੂਤ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਮੁਹਿੰਮ ਵਿਚ ਅਹਿਰਾਰੀ ਲੀਡਰਾਂ ਨੇ ਸਾਨੂੰ ਬੜਾ ਕੰਮ ਦਿੱਤਾ। ਮੌਲਾਣਾ ਅਤਾਉਲਾ ਸ਼ਾਹ ਬੁਖਾਰੀ, ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਲੈ ਕੇ ਦੋ ਵਾਰੀ ਸ਼ਿਮਲੇ ਗਏ ਤੇ ਲੁਕਵੇਂ ਤੌਰ ‘ਤੇ ਕਾਬਲ ਦੇ ਰਾਜਦੂਤ ਨੂੰ ਮਿਲੇ। ਇਨ੍ਹਾਂ ਗਦਰੀਆਂ ਦੀ ਰਿਹਾਈ ਦੀ ਮੰਗ ਕੀਤੀ ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਬਲ ਸਰਕਾਰ ਕਿਸੇ ਕੀਮਤ ‘ਤੇ ਵੀ ਇਨ੍ਹਾਂ ਨੂੰ ਹਿੰਦੋਸਤਾਨ ਦੀ ਅੰਗਰੇਜ਼ੀ ਹਕੂਮਤ ਦੇ ਹਵਾਲੇ ਨਾ ਕਰੇ। ਰਾਜਦੂਤ ਨੇ ਆਪਣੀ ਸਰਕਾਰ ਨੂੰ ਇਨ੍ਹਾਂ ਦੀ ਰਿਹਾਈ ਦੀ ਸਿਫਾਰਸ਼ ਦਾ ਯਕੀਨ ਦਿਵਾਇਆ ਤੇ ਦੱਸਿਆ ਕਿ ਕਾਬਲ ਸਰਕਾਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਅਖਬਾਰਾਂ ਵਿਚ ਪੜ੍ਹਦਿਆਂ ਹੀ ਉਨ੍ਹਾਂ ਨੂੰ ਚੰਗੀ ਰੋਟੀ ਤੇ ਕੱਪੜਾ ਦੇਣਾ ਸ਼ੁਰੂ ਕਰ ਦਿੱਤਾ ਸੀ ਤੇ ਉਨ੍ਹਾਂ ਭੁੱਖ ਹੜਤਾਲ ਛੱਡ ਦਿੱਤੀ ਸੀ।
ਇਸ ਐਜੀਟੇਸ਼ਨ ਨੇ ਕਾਬਲ ਤੇ ਅੰਗਰੇਜ਼ ਦੀਆਂ ਸਰਕਾਰਾਂ ਨੂੰ ਲੋਕ ਰਾਏ ਅੱਗੇ ਜਵਾਬੀਆ ਕਰ ਦਿੱਤਾ। ਇਨ੍ਹਾਂ ਦੋਹਾਂ ਧਿਰਾਂ ਨੇ ਆਪਣੀ ਸਫਾਈ ਲਈ ਹਿੰਦੋਸਤਾਨ ਵਿਚ ਆਪਣੇ ਨੀਮ ਸਰਕਾਰੀ ਅਖਬਾਰਾਂ ਵਿਚ ਗਦਰ ਪਾਰਟੀ ਦੀਆਂ ਇਨਕਲਾਬੀ ਕਰਨੀਆਂ ਨੂੰ ਖੂਨ ਖਰਾਬੇ ਦਾ ਨਾਂ ਦੇ ਕੇ ਬੜੇ ਭਿਆਨਕ ਨਕਸ਼ੇ ਖਿਚਵਾਉਣੇ ਸ਼ੁਰੂ ਕੀਤੇ ਤੇ ਦੁਹਾਈ ਪਾ ਦਿੱਤੀ ਕਿ “ਇਹ ਗਦਰੀ ਬੜੇ ਖੂਨੀ ਤੇ ਡਾਕੂ ਹਨ ਤੇ ਹਿੰਦੋਸਤਾਨ ਵਿਚ ਬੀਜਣ ਲਈ ਰੂਸ ਅਤੇ ਕਮਿਊਨਿਜ਼ਮ ਦੇ ਬੀਆਂ ਦੀ ਪੰਡ ਚੁੱਕੀ ਆਉਂਦੇ ਕਾਬਲ ਸਰਕਾਰ ਨੇ ਗ੍ਰਿਫਤਾਰ ਕਰ ਲਏ ਸਨ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਸ ਨੇ ਹਿੰਦੋਸਤਾਨ ਨੂੰ ਖੂਨ ਖਰਾਬੇ ਤੋਂ ਬਚਾਅ ਲਿਆ।” ਕਲਕੱਤੇ ਦੇ (ਅਖਬਾਰ) ‘ਸਟੇਟਸਮੈਨ’ ਤੋਂ ਲਾਹੌਰ ਦੇ ‘ਸਿਵਲ ਐਡ ਮਿਲਟਰੀ ਗਜ਼ਟ’ ਨਾਂ ਦੇ ਗੋਰੇ ਅਖਬਾਰਾਂ ਨੇ ਅਜਿਹਾ ਬਹੁਤ ਬਕਵਾਸ ਛਾਪਿਆ। ਗੁਪਾਲ ਸਿੰਘ ਖਾਲਸਾ ਨੇ ‘ਸਟੇਟਸਮੈਨ’ ਵਿਚ ਗਦਰ ਪਾਰਟੀ ਵਿਰੁਧ ਅਮਰੀਕਾ ਵਿਚ ਕਤਲਾਂ ਦੀਆਂ ਊਜਾਂ ਦੇ ਲਗਾਤਾਰ ਲੇਖ ਛਪਵਾਏ।
ਲਾਹੌਰੋਂ ਬਖਸ਼ੀਸ਼ ਸਿੰਘ ਨੇ ਆਪਣੇ ‘ਖਾਲਸਾ’ ਨਾਮੀ ਅੰਗਰੇਜ਼ੀ ਹਫਤਾਵਾਰੀ ਪਰਚੇ ਅਤੇ ਕਰਮ ਚੰਦ ਨੇ ਆਪਣੇ ‘ਪਾਰਸ’ ਨਾਂ ਦੇ ਉਰਦੂ ਹਫਤਾਵਾਰੀ ਵਿਚ ਕਾਬਲ ਸਰਕਾਰ ਦੀ ਹਮਾਇਤ ਅਤੇ ਗਦਰ ਪਾਰਟੀ ਦੇ ਇਨ੍ਹਾਂ ਸੂਰਬੀਰਾਂ ‘ਤੇ ਅਮਾਨਉਲਾ ਖਾਂ ਦੇ ਹੱਕ ਵਿਚ ਕਾਬਲ ਵਿਚ ਬਾਗਵਤ ਕਰਾਉਣ ਦੇ ਦੋਸ਼ ਲਾਉਣੇ ਅਰੰਭ ਕਰ ਦਿੱਤੇ ਤੇ ਇਨ੍ਹਾਂ ਨੂੰ ਕਾਬਲ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਨਾਜਾਇਜ਼ ਤੌਰ ‘ਤੇ ਉਲਟਾਉਣ ਵਾਲੇ ਦੱਸਿਆ। ਸਾਨੂੰ ਕਾਬਲ ਦੇ ਰਾਜ ਨਿਵਾਸ ਤੋਂ ਪਤਾ ਲੱਗਾ ਕਿ ਬਖਸ਼ੀਸ਼ ਸਿੰਘ ‘ਖਾਲਸਾ’ ਅਤੇ ਕਰਮ ਚੰਦ ‘ਪਾਰਸ’ ਕਾਬਲ ਸਰਕਾਰ ਨੂੰ ਪੰਜਾਬ ਦੀ ਰਾਜਸੀ ਹਵਾ ਦਾ ਪਤਾ ਸੁਰ ਦੱਸੀ ਰੱਖਣ ਲਈ ਉਸ ਦੇ ਤਨਖਾਹਦਾਰ ਬੰਦੇ ਸਨ।
ਸਾਨੂੰ ਇਨ੍ਹਾਂ ਅਖਬਾਰਾਂ ਤੇ ਇਨ੍ਹਾਂ ਵਿਚ ਲਿਖਣ ਵਾਲਿਆਂ ਵਿਰੁਧ ਬਹੁਤ ਗੁੱਸਾ ਸੀ। ਗੋਰੇ ਅਖਬਾਰਾਂ ਅੱਗੇ ਤਾਂ ਅਸੀਂ ਤਰਲੇ ਕਰਦੇ ਰਹੇ ਪਰ ‘ਖਾਲਸਾ’ ਤੇ ‘ਪਾਰਸ’ ਨੂੰ ਰੋਕਣ ਲਈ ਅਸੀਂ ਪੱਕੀ ਸਲਾਹ ਕਰ ਲਈ ਤੇ ਮਤਾ ਪਕਾਇਆ ਕਿ ਉਨ੍ਹਾਂ ਦੀ ਜਾ ਕੇ ਮਿੰਨਤ-ਸਮਾਜਤ ਕੀਤੀ ਜਾਏ ਕਿ ਉਹ ਗਦਰੀਆਂ ਵਿਰੁਧ ਲਿਖਣੋਂ ਹਟ ਜਾਣ।
ਬਾਬਾ ਜਵਾਲਾ ਸਿੰਘ ਤੇ ਮੈਂ ਲਾਹੌਰੋਂ ਸਰਦੂਲ ਸਿੰਘ ਵਕੀਲ ਨੂੰ ਲੈ ਕੇ ਬਖਸ਼ੀਸ਼ ਸਿੰਘ ‘ਖਾਲਸਾ’ ਨੂੰ ਸ਼ਾਹੀ ਮੁਹੱਲੇ ਵਿਚ ਉਸ ਦੇ ਘਰ ਮਿਲੇ। ਉਹ ਬੜਾ ਬੀਬਾ ਨਿਕਲਿਆ ਤੇ ਨਾ ਲਿਖਣਾ ਮੰਨ ਗਿਆ। ਉਪਰੰਤ ਉਸ ਨੇ ਗਦਰੀਆਂ ਵਿਰੁਧ ਨਾ ਕੇਵਲ ਲਿਖਣਾ ਹੀ ਬੰਦ ਕਰ ਦਿੱਤਾ, ਸਗੋਂ ਆਪਣੇ ਪਰਚੇ ਵਿਚ ਲਿਖਿਆ ਕਿ ਇਨ੍ਹਾਂ ਗਦਰੀ ਬਾਬਿਆਂ ਦੀ ਅੰਗਰੇਜ਼ ਦੇ ਆਖੇ ਲੱਗ ਕੇ ਕੀਤੀ ਗ੍ਰਿਫਤਾਰੀ ਉਤੇ ਪੰਜਾਬ ਦੇ ਗੈਰ ਸਰਕਾਰੀ ਲੋਕ ਖੇਤਰ ਵਿਚ ਕਾਬਲ ਸਰਕਾਰ ਵਿਰੁਧ ਬੜੀ ਘ੍ਰਿਣਾ ਪੈਦਾ ਹੋ ਰਹੀ ਹੈ ਤੇ ਸਭ ਹਿੰਦੂ, ਮੁਸਲਮਾਨ ਉਸ ਨੂੰ ਲਾਹਨਤਾਂ ਪਾ ਰਹੇ ਹਨ।
ਉਸ ਨੇ ਕਾਬਲ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਕਿ ਉਸ ਨੂੰ ਸਤ ਬਿਗਾਨੀ ਹਕੂਮਤ ਦੇ ਲਾਭਾਂ ਲਈ ਗਵਾਂਢ ਦੇ ਰਾਜਸੀ ਖੇਤਰ ਨਾਲ ਨਹੀਂ ਵਿਗਾੜਨੀ ਚਾਹੀਦੀ ਤੇ ਇਨ੍ਹਾਂ ਗਦਰੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ।
ਫਿਰ ਇਕ ਦਿਨ ਬਾਬਾ ਜਵਾਲਾ ਸਿੰਘ, ਹਜ਼ਾਰਾ ਸਿੰਘ ਸਿੰਗਰ ਤੇ ਮੈਂ, ਕਰਮ ਚੰਦ ‘ਪਾਰਸ’ ਨੂੰ ਮਿਲਣ ਲਾਹੌਰ ਗਏ। ਇਸ ਦਾ ਦਫਤਰ ‘ਟਰਬਿਊਨ (ਟ੍ਰਿਬਿਊਨ) ਵਾਲੀ ਸੜਕ’ (ਫਲੈਮਿੰਗ ਰੋਡ) ‘ਤੇ ਇਕ ਚੁਬਾਰੇ ‘ਤੇ ਸੀ। ਉਹ ਮੋਟੇ ਸਾਰੇ ਰੋਡੇ ਸਿਰ ਵਾਲਾ ਭਾਰੀ ਸਰੀਰ ਦਾ ਆਰੀਆ ਸਮਾਜੀ ਮਹਾਸ਼ਾ ਸੀ। ਉਹ ਕੰਧ ਨਾਲ ਲਾ ਕੇ ਡਾਹੀ ਹੋਈ ਵੱਡੀ ਮੇਜ਼ ਮੂਹਰੇ ਕੁਰਸੀ ‘ਤੇ ਬੈਠਾ ਸੀ। ਅਸਾਂ ਜਾ ਨਮਸਤੇ ਕੀਤਾ। ਉਸ ਨੇ ਬੜਾ ਆਦਰ ਮਾਣ ਕੀਤਾ। ਸਾਨੂੰ ਚਾਹ-ਪਾਣੀ ਵੀ ਪੁਛਿਆ ਤੇ ਸਾਡੇ ਬੈਠਣ ਲਈ ਆਪਣੇ ਪਾਸੇ ਹੀ ਤਿੰਨ ਕੁਰਸੀਆਂ ਡਾਹ ਲਈਆਂ, ਅਸੀਂ ਬੈਠ ਗਏ। ਹਜ਼ਾਰਾ ਸਿੰਘ ਦੀ ਕੁਰਸੀ ਸਾਥੋਂ ਪਿੱਛੇ ਸੀ।
ਉਸ ਦੀ ‘ਆਉ ਬਹਿ ਜਾਓ’ ਤੋਂ ਅਸੀਂ ਆਪਣੇ ਕੰਮ ਨੂੰ ਬੜਾ ਸੌਖਾ ਜਾਤਾ ਪਰ ਜਦ ਅਸਾਂ ਗੱਲ ਚਲਾਈ ਤਾਂ ਉਸ ਦੀਆਂ ਹਵਾਵਾਂ ਹੀ ਹੋਰ ਸਨ। ਅਸਾਂ ਆਜ਼ਾਦੀ ਦੀ ਲਹਿਰ ਤੇ ਹਿੱਤਾਂ, ਗਦਰ ਪਾਰਟੀ ਦੀਆਂ ਕਰਨੀਆਂ ਤੇ ਕੁਰਬਾਨੀਆਂ, ਦੇਸ਼ ਭਗਤੀ ਤੇ ਮਨੁੱਖੀ ਪਿਆਰ ਦੇ ਬੜੇ ਵਾਸਤੇ ਪਾਏ, ਤਰਲੇ ਕੀਤੇ ਪਰ ਉਹ ਨਾ ਮੰਨਿਆ। ਅਖੀਰ ਬਾਬਾ ਜਵਾਲਾ ਸਿੰਘ ਨੇ ਅੱਖਾਂ ਵਿਚ ਅੱਥਰੂ ਲਿਆਉਂਦਿਆਂ ਆਪਣੀ ਪੱਗ ਲਾਹ ਕੇ ਉਹਦੇ ਪੈਰਾਂ ਉਤੇ ਰੱਖ ਦਿੱਤੀ ਪਰ ਉਹ ਔਂਤਰਾਂ ਫੇਰ ਵੀ ਨਾ ਪਿਘਲਿਆ। ਅੰਤ ਮੈਂ ਗਰਮ ਹੋ ਪਿਆ ਤੇ ਬਜੁਰਗ ਦੀ ਪੱਤ ਨਾ ਰੱਖਣ ਉਤੇ ਉਸ ਨੂੰ ਮੰਦਾ ਚੰਗਾ ਆਖਣ ਲੱਗਾ। ਇਸ ‘ਤੇ ਉਹ ਸਗੋਂ ਆਪੇ ਤੋਂ ਬਾਹਰ ਹੋ ਗਿਆ ਤੇ ਡਹਿ ਪਿਆ ਗਦਰ ਪਾਰਟੀ ਨੂੰ ਅਬਾ-ਤਬਾ ਬਕਣ।
ਮੈਂ ਤੇ ਬਾਬਾ ਹਾਰ ਹੰਭ ਕੇ ਉਠਣ ਹੀ ਵਾਲੇ ਸਾਂ ਕਿ ਪਿਛਲੀ ਕੁਰਸੀ ਤੋਂ ਹਜ਼ਾਰਾ ਸਿੰਗਰ ਦੀ ਸਾਡੇ ਮੋਢਿਆਂ ਉਤੋਂ ਦੀ ਆਈ ਕੜਕਵੀਂ ਧਮਕੀ ‘ਲਿਖੇਂਗਾ?’ ਨੇ ਸਾਰਾ ਚੁਬਾਰਾ ਗੂੰਜਾ ਦਿੱਤਾ।
ਮੈਂ ਤੇ ਬਾਬਾ ਤਬ੍ਹਕ (ਤ੍ਰਬਕ) ਪਏ। ਵੇਖਿਆ ਤਾਂ ਲਾਲੇ ਨੂੰ ਕੁਝ ਹੋ ਗਿਆ ਸੀ। ਉਸ ਦੇ ਸਰੀਰ ਨੂੰ ਚੜ੍ਹੀ ਹੋਈ ਕੁੜੱਤਣ ਦੀ ਸਾਰੀ ਭੁੱਖ ਪਤਾ ਨਹੀਂ ਕਿਧਰ ਉਡ ਗਈ ਤੇ ਇਕਦਮ ਪੀਲਾ ਪੈ ਗਿਆ ਸੀ। ਉਸ ਦਾ ਮੂੰਹ ਅੱਡਿਆ ਗਿਆ, ਅੱਖਾਂ ਟੱਡੀਆਂ ਗਈਆਂ ਤੇ ਸਰੀਰ ਇਸ ਤਰ੍ਹਾਂ ਸਿਥਲ ਹੋ ਗਿਆ, ਜਿਵੇਂ ਉਸ ਦੇ ਸਰੀਰ ਦੀ ਕੇਵਲ ਹਰਕਤ ਹੀ ਨਹੀਂ ਸਗੋਂ ਜੋਤ ਵੀ ਖਲੋ ਗਈ ਹੋਵੇ। ਉਹ ਮੋਮ ਦਾ ਨਿਰਜੀਵ ਬੁਤ ਦਿਸ ਰਿਹਾ ਸੀ।
ਜਦ ਇਹ ਜਾਣਨ ਲਈ ਅਸਾਂ ਪਿਛੇ ਹਜ਼ਾਰਾ ਸਿੰਘ ਵੱਲ ਵੇਖਿਆ ਕਿ ਉਸ ਨੇ ‘ਲਿਖੇਂਗਾ’ ਦੀ ਕੜਕ ਵਿਚ ਲਾਲੇ ਨੂੰ ਕੀ ਕੱਢ ਮਾਰਿਆ ਸੀ, ਤਾਂ ਉਹ ਕੁਰਸੀ ਤੋਂ ਉਠ ਕੇ ਲਾਲੇ ਵੱਲ ਪਿਸਤੌਲ ਸਿਧਾ ਕਰੀ ਖਲੋਤਾ ਸੀ।
“ਉਏ! ਇਹ ਕੀ” ਕਹਿੰਦਾ ਹੋਇਆ ਬਾਬਾ ਜਵਾਲਾ ਸਿੰਘ, ਹਜ਼ਾਰਾ ਸਿੰਘ ਨੂੰ ਹਟਕਣ ਲਈ ਉਠ ਖਲੋਤਾ ਪਰ ਇਧਰ ਲਾਲੇ ਦੇ ਦੋਵੇਂ ਹੱਥ ਹਿੱਲੇ ਤੇ ਹੌਲੀ-ਹੌਲੀ ਛਾਤੀ ਕੋਲ ਆ ਕੇ ਜੁੜ ਗਏ ਤੇ ਉਹ ਅਹਿਸਤਾ-ਅਹਿਸਤਾ ਢਿਗ ਵਾਂਗ ਬਾਬਾ ਜਵਾਲਾ ਸਿੰਘ ਦੇ ਪੈਰੀਂ ਡਿੱਗ ਪਿਆ।
“ਬਾਬਾ ਜੀ! ਬ-ਖ-ਸ਼, ਲ-ਓ। ਮੇ-ਰੇ ਅ-ਗ-ਲੇ- ਵੀ – ਨ-ਹੀਂ- ਲਿ-ਖ-ਣ-ਗੇ।” ਉਹ ਬੜੀ ਕੰਬਵੀਂ ਤੇ ਉਖੜਵੀਂ ਲੰਮੇਰੀ ਆਵਾਜ਼ ਵਿਚ ਇਕੱਲਾ-ਇਕੱਲਾ ਅੱਖਰ ਡਡਿਆ ਰਿਹਾ ਸੀ ਅਤੇ ਬਾਲਾਂ ਵਾਂਗ ਡਡੋਲਿਕਾ ਹੋ ਕੇ ਮਾਫੀਆਂ ਮੰਗਣ ਲੱਗ ਪਿਆ ਸੀ।
ਮੈਂ ਲਾਲੇ ਨੂੰ ਬਾਬੇ ਦੇ ਪੈਰਾਂ ਤੋਂ ਚੁੱਕ ਕੇ ਸਿੱਧਾ ਕੀਤਾ ਤੇ ਕੁਰਸੀ ‘ਤੇ ਬਿਠਾ ਦਿੱਤਾ। ਉਹ ਬੱਗਾ ਪੂਣੀ ਹੋਇਆ ਅਜੇ ਰੋਈ ਤੇ ਹੱਥ ਜੋੜੀ ਪਿਛਲੇ ਲਿਖੇ ਦੀਆਂ ਮਾਫੀਆਂ ਮੰਗੀ ਤੇ ਅਗਾਂਹ ਤੋਂ ਨਾ ਲਿਖਣ ਦੇ ਕਲਮੇ ਪੜ੍ਹੀ ਜਾ ਰਿਹਾ ਸੀ।
ਹਜ਼ਾਰਾ ਸਿੰਘ ਪਿਸਤੌਲ ਜੇਬ ਵਿਚ ਪਾ ਚੁਕਾ ਸੀ ਪਰ ਲਾਲੇ ਦੀਆਂ ਅੱਖਾਂ ਅੱਥਰੂ ਸੁੱਟੀ ਉਸ ਵਲ ਇਸ ਤਰ੍ਹਾ ਇਕ ਟੱਕ ਵੇਖੀ ਜਾ ਰਹੀਆਂ ਸਨ, ਜਿਸ ਤਰ੍ਹਾਂ ਪਿਉ ਤੋਂ ਮਾਰ ਖਾ ਕੇ ਬੱਚਾ ਮਾਫੀ ਮਿਲਣ ਦੀ ਤਾਂਘ ਤੇ ਹੋਰ ਕੁੱਟ ਨਾ ਪੈਣ ਦੀ ਲੋਚਣਾ ਵਿਚ ਰੋਂਦਾ-ਰੋਂਦਾ ਉਸ ਵੱਲ ਵੇਖਦਾ ਰਹਿੰਦਾ ਹੈ।
ਅਸੀਂ ਉਸ ਨੂੰ ਚੁੱਪ ਕਰਵਾਇਆ, ਦਿਲਾਸਾ ਦਿੱਤਾ ਤੇ ਉਠ ਕੇ ਤੁਰ ਪਏ। ਹਜ਼ਾਰਾ ਸਿੰਘ ਨੇ ਕਸਾਈਆਂ ਵਰਗੀਆਂ ਕਹਿਰਵਾਨ ਅੱਖਾਂ ਨਾਲ ਲਾਲੇ ਵੱਲ ਫੇਰ ਤਕਦਿਆਂ ਦਬਕਾ ਮਾਰਿਆ, “ਵੇਖੀਂ?”
“ਖਾਤਰ ਜਮਾਂ ਰੱਖੋ। ਮੈਂ ਮੁੜ ਕੇ ਕਦੀ ਨਹੀਂ ਲਿਖਾਂਗਾ।” ਸਾਨੂੰ ਪੌੜੀਆਂ ਉਤਰਦਿਆਂ ਨੂੰ ਲਾਲੇ ਦੀ ਤੌਬਾ ਸੁਣੀ ਗਈ।
ਬਾਹਰ ਆ ਕੇ ਅਸੀਂ ਹਜ਼ਾਰਾ ਸਿੰਘ ਨੂੰ ਬੜੇ ਗੁੱਸੇ ਹੋਏ ਕਿ ਉਸ ਨੇ ਪਿਸਤੌਲ ਲਿਆਂਦਾ ਤੇ ਇਹ ਤਮਾਸ਼ਾ ਕੀਤਾ ਹੀ ਕਿਉਂ? ਸਾਨੂੰ ਦੋਹਾਂ ਨੂੰ ਕੋਈ ਪਤਾ ਨਹੀਂ ਕਿ ਉਹ ਨਾਮਾਨੀਮ ਪਿਸਤੌਲ ਲਿਆਇਆ ਸੀ। ਅਸੀਂ ਹੁਣ ਸਮਝੇ ਕਿ ਉਹ ਭਰ ਗਰਮੀਆਂ ਵਿਚ ਓਵਰਕੋਟ ਪਾ ਕੇ ਕਿਉਂ ਆਇਆ ਸੀ।
“ਬਾਬਾ ਜੀ! ਤੁਹਾਨੂੰ ਨਹੀਂ ਪਤਾ, ਇਹੋ ਜਿਹੇ ਕਿਸ ਤਰ੍ਹਾਂ ਸਿੱਧੇ ਕਰੀਦੇ ਨੇ।” ਅਸੀਂ ਚੁੱਪ ਕਰ ਗਏ। ਕਿਸੇ ਪੁਆੜੇ ਵਿਚ ਨਾ ਪੈਣ ਤੇ ਆਪਣਾ ਕੰਮ ਹੋ ਜਾਣ ਦੀ ਖੁਸ਼ੀ ਵਿਚ ਗੱਲ ਆਈ ਗਈ ਕਰ ਛੱਡੀ।
ਸਾਡਾ ਇਹ ਦਾਅ ਫੁਰ ਗਿਆ। ‘ਪਾਰਸ’ ਦੇ ਅਗਲੇ ਪਰਚੇ ਵਿਚ ਇਨ੍ਹਾਂ ਗਦਰੀਆਂ ਦੇ ਹੱਕ ਵਿਚ ਲਿਖਿਆ ਤੇ ਰਿਹਾਈ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਅਸਾਂ ਲਾਲੇ ਨੂੰ ਵੱਡੇ-ਵੱਡੇ ਕਾਂਗਰਸੀ ਲੀਡਰਾਂ ਕੋਲੋਂ ਅਖਵਾਇਆ ਸੀ। ਨੌਜਵਾਨ ਭਾਰਤ ਸਭਾ ਵਾਲਿਆਂ ਨੇ ‘ਪਾਰਸ’ ਵਿਰੁਧ ਮੁਜਾਹਰਿਆਂ ਵਿਚ ਇਸ ਦੀ ਅਰਥੀ ਕੱਢੀ ਤੇ ‘ਪਾਰਸ’ ਦੇ ਪਰਚੇ ਬਾਜ਼ਾਰ ਵਿਚ ਸਾੜੇ ਸਨ, ਪਰ ਉਹ ਬੰਦੇ ਦਾ ਪੁੱਤਰ ਨਹੀਂ ਸੀ ਬਣਿਆ।
ਸਾਡੀ ਐਜੀਟੇਸ਼ਨ ਬਹੁਤ ਚੜ੍ਹ ਗਈ। ਕਾਬਲ ਦੇ ਹਿੰਦ ਵਿਚ ਆਪਣੇ ਹਮਾਇਤੀ ਅਖਬਾਰਾਂ ਨੇ ਇਸ ਦੀ ਹਮਾਇਤ ਕਰਨੀ ਅਰੰਭ ਕਰ ਦਿੱਤੀ। ਪੈਰਿਸ ਨੂੰ ਭੇਜੀ ਚਿੱਠੀ ਦੇ ਵੀ ਫੁੱਲ ਖਿੜਨ ਲੱਗ ਪਏ। ਯੂਰਪ ਅਤੇ ਅਮਰੀਕਾ ਦੀਆਂ ਨਾ ਕੇਵਲ ਕਮਿਊਨਿਸਟ ਸਗੋਂ ਸਾਮਰਾਜ ਵਿਰੋਧੀ ਜਮਹੂਰੀ ਅਖਬਾਰਾਂ ਨੇ ਵੀ ਕਾਬਲ ਸਰਕਾਰ ਦੀ ਨਿੰਦਾ ਕਰਕੇ ਇਨ੍ਹਾਂ ਗਦਰੀਆਂ ਦੀ ਰਿਹਾਈ ਦੀਆਂ ਮੰਗਾਂ ਅਰੰਭ ਕਰ ਦਿੱਤੀਆਂ। ਇਸ ਜਗਤ ਲੋਕ ਰੌਲੇ ਦਾ ਕਾਬਲ ਸਰਕਾਰ ਉਤੇ ਅਸਰ ਪੈਣ ਲੱਗ ਪਿਆ।
ਮੌਲਾਣਾ ਅਤਾਉਲਾ ਸ਼ਾਹ ਬੁਖਾਰੀ ਦੇ ਹੱਥੀਂ ਕਾਬਲ ਰਾਜਦੂਤ ਨੇ ਸਾਨੂੰ ਸੁਨੇਹਾ ਭੇਜਿਆ ਕਿ ਕਾਬਲ ਸਰਕਾਰ ਗੁਰਮੁੱਖ ਸਿੰਘ ਤੇ ਪ੍ਰਿਥੀ ਸਿੰਘ ਨੂੰ ਇਸ ਸ਼ਰਤ ‘ਤੇ ਰਿਹਾ ਕਰਨ ਲਈ ਤਿਆਰ ਹੈ ਕਿ ਉਹ ਅਫਗਾਨਿਸਤਾਨ ਦੀ ਧਰਤੀ ਛੱਡ ਜਾਣ ਤੇ ਮੁੜ ਕੇ ਕਦੇ ਇਥੇ ਨਾ ਆਉਣ।
ਅਸੀਂ ਮੰਨ ਗਏ ਪਰ ਮੁਹਲਤ ਮੰਗੀ ਕਿ ਸਾਨੂੰ ਉਨ੍ਹਾਂ ਦਾ ਅਫਗਾਨਿਸਤਾਨ ਵਿਚ ਕਿਧਰੇ ਲੈ ਜਾਣ ਦਾ ਬੰਦੋਬਸਤ ਕਰ ਲੈਣ ਦਿੱਤਾ ਜਾਏ।
ਉਸ ਵੇਲੇ ਉਨ੍ਹਾਂ ਦੇ ਸਿੱਧਾ ਨਿੱਤਰ ਕੇ ਹਿੰਦੋਸਤਾਨ ਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਥੇ ਅੰਗਰੇਜ਼ੀ ਹਕੂਮਤ ਉਨ੍ਹਾਂ ਨੂੰ ਡੈਣ ਵਾਂਗ ਕੱਫਣ ਲਈ ਮੂੰਹ ਖੋਲ੍ਹੀ ਤਿਆਰ ਖੜ੍ਹੀ ਸੀ, ਕਿਉਂਕਿ ਉਹ ਦੋਵੇਂ ਅੰਗਰੇਜ਼ੀ ਰਾਜ ਦੀਆਂ ਜੇਲ੍ਹਾਂ ਵਿਚੋਂ ਭੱਜੇ ਹੋਏ ਸਨ। ਇਰਾਨ ਜਾਣ ਤਾਂ ਉਥੇ ਫੇਰ ਗ੍ਰਿਫਤਾਰੀ ਪੱਕੀ ਸੀ। ਇਰਾਨ ਹਕੂਮਤ ਤਾਂ ਅਫਗਾਨਿਸਤਾਨ ਨਾਲੋਂ ਵੀ ਜ਼ਿਆਦਾ ਅੰਗਰੇਜ਼ਾਂ ਹੇਠ ਲੱਗੀ ਹੋਈ ਸੀ।
ਅਸਾਂ ਮੁੜ ਪੈਰਿਸ ਦੀ ਕਮਿਊਨਿਸਟ ਪਾਰਟੀ ਨੂੰ ਚਿੱਠੀ ਲਿਖੀ ਤੇ ਉਨ੍ਹਾਂ ਅਗਾਂਹ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੂੰ ਲਿਖਿਆ। ਇਸ ‘ਤੇ ਸੋਵੀਅਤ (ਰੂਸ) ਨੇ ਉਨ੍ਹਾਂ ਨੂੰ ਸੋਵੀਅਤ ਦੇਸ਼ ਦੇ ਵਸਨੀਕੀ ਹੱਕ ਦੇ ਕੇ ਕਾਬਲ ਤੋਂ ਰੂਸ ਵਿਚ ਲਿਆਂਦਾ। ਉਥੋਂ ਉਹ ਉਸੇ ਸਾਲ ਦੇ ਅਖੀਰ ‘ਤੇ ਮੁੜ ਚੋਰੀ-ਚੋਰੀ ਹਿੰਦੋਸਤਾਨ ਆ ਗਏ।
###