ਗੁਰਮਤਿ ਸੰਗੀਤ ਦਾ ਸਿਰਨਾਵਾਂ: ਡਾ. ਗੁਰਨਾਮ ਸਿੰਘ

ਸਮੂਹ ਪੰਜਾਬੀਆਂ ਅਤੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਡਾ. ਗੁਰਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਕੋਵਿੰਦ ਵਲੋਂ ਗੁਰਮਤਿ ਸੰਗੀਤ ਵਿਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ 2019 ਨੂੰ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿਚ ਕਾਰਜਸ਼ੀਲ ਪ੍ਰਮੁੱਖ ਸ਼ਖਸੀਅਤਾਂ ਦਾ ਇਸ ਐਵਾਰਡ ਨਾਲ ਸਨਮਾਨ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਦਾ ਹੋਰ ਵੀ ਸੁਭਾਗ ਹੈ ਕਿ ਭਾਰਤ ਦੀਆਂ ਸੰਗੀਤ, ਨਾਟ ਤੇ ਹੋਰ ਕਲਾ ਪਰੰਪਰਾਵਾਂ ਵਿਚ ਗੁਰਮਿਤ ਸੰਗੀਤ ਦੀ ਸੁਤੰਤਰ ਹਸਤੀ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਡਾ. ਗੁਰਨਾਮ ਸਿੰਘ ਵਰਗੇ ਗੁਰਮਤਿ ਸੰਗੀਤ ਸੇਵੀ ਨੂੰ ਦਿੱਤਾ ਗਿਆ ਹੈ।

ਡਾ. ਗੁਰਨਾਮ ਸਿੰਘ ਨੇ ਗੁਰੂ ਗੰ੍ਰਥ ਸਾਹਿਬ ਦੇ ਸਾਰੇ ਰਾਗਾਂ ਉਤੇ ਕਈ ਵਰ੍ਹਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿਚ ਪਹਿਲੀ ਵਾਰ ਲਿਖਤ ਤੇ ਸੁਰ ਲਿਪੀਬੱਧ ਰੂਪ ਵਿਚ ਕਈ ਵਾਰ ਇਨ੍ਹਾਂ ਦੀ ਰਿਕਾਰਡਿੰਗ ਕਰਵਾਈ। ਉਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਅਕਾਦਮਿਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ, ਅਧਿਆਪਨ ਨਾਲ ਵਿਕਸਿਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਵਿਚ ਲਾਗੂ ਕਰਵਾਇਆ। ਸ੍ਰੀ ਦਰਬਾਰ ਸਾਹਿਬ ਤੋਂ ਰਾਗ ਤੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਵਿਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਹੈ।
ਡਾ. ਗੁਰਨਾਮ ਸਿੰਘ ਆਪਣੇ ਪਿਤਾ ਸ਼੍ਰੋਮਣੀ ਰਾਗੀ ਸਵਰਗੀ ਭਾਈ ਉਤਮ ਸਿੰਘ, ਸ਼੍ਰੋਮਣੀ ਰਾਗੀ ਡਾ. ਜਾਗੀਰ ਸਿੰਘ, ਡਾ. ਬਚਿੱਤਰ ਸਿੰਘ ਤੋਂ ਇਲਾਵਾ ਗੁਰਮਤਿ ਸੰਗੀਤ ਆਚਾਰੀਆ ਪ੍ਰੋ. ਤਾਰਾ ਸਿੰਘ, ਆਗਰਾ ਘਰਾਣਾ ਦੇ ਪਦਮਸ਼੍ਰੀ ਉਸਤਾਦ ਸੋਹਣ ਸਿੰਘ, ਪਟਿਆਲਾ ਘਰਾਣਾ ਦੇ ਉਸਤਾਦ ਬਿਕਰ ਹੁਸੈਨਖਾਨ, ਪ੍ਰਿੰ. ਐਸ਼ ਐਸ਼ ਕਰੀਰ ਦੇ ਸਮਰਪਿਤ ਸ਼ਾਗਿਰਦ ਰਹੇ ਹਨ। ਉਹ ਗੁਰਮਤਿ ਸੰਗੀਤ, ਸੁਗਮ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿਚ ਪਾਸਾਰ ਭਾਰਤੀ ਦੇ ਮਾਨਤਾ ਪ੍ਰਾਪਤ ਕਲਾਕਾਰ ਹਨ।
ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਭਿੰਨ ਸ਼ਬਦ-ਕੋਸ਼ਾਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਅਤੇ 200 ਤੋਂ ਵੱਧ ਖੋਜ ਲੇਖ ਲਿਖੇ ਹਨ, ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਸਿਟੀਆਂ ਅਤੇ ਪ੍ਰਕਾਸ਼ ਸੰਸਥਾਵਾਂ ਨੇ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ ਵਿਚ ਯੂ. ਜੀ. ਸੀ. ਪ੍ਰਾਜੈਕਟ ਲਈ 9 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗ, 4 ਵੀਡੀਓ ਰਿਕਾਰਡਿੰਗ, 5 ਡਾਕੂਮੈਂਟਰੀ ਫਿਲਮਾਂ, 6
ਸਿਗਨਲ ਟਿਊਨ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ, ਵਿਸ਼ੇਸ਼ ਕਰਕੇ ਗੁਰੂ ਗੰ੍ਰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ, ਉਨ੍ਹਾਂ ਦੀ ਖੋਜ ਵਿਸ਼ਵ ਪੱਧਰ ‘ਤੇ ਅਕਾਦਮਿਕ ਅਤੇ ਖੋਜ ਖੇਤਰ ਵਿਚ ਉਨ੍ਹਾਂ ਦਾ ਨਿਵੇਕਲਾ ਯੋਗਦਾਨ ਰਿਹਾ ਹੈ।
ਡਾ. ਗੁਰਨਾਮ ਸਿੰਘ ਨੇ ਕਈ ਵਿਭਾਗਾਂ ਤੇ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਿਸਟੀ, ਪਟਿਆਲਾ ਦੇ ਸੰਗੀਤ ਵਿਭਾਗ ਦੇ ਮੁਖੀ ਰਹੇ। ਪੰਜਾਬੀ ਯੂਨੀਵਰਿਸਟੀ ਵਿਖੇ ਬਤੌਰ ਬਾਨੀ ਪ੍ਰੋਫੈਸਰ ਤੇ ਮੁਖੀ ਉਨ੍ਹਾਂ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ।
ਗੁਰਮਤਿ ਸੰਗੀਤ ਤੋਂ ਇਲਾਵਾ ਡਾ. ਗੁਰਨਾਮ ਸਿੰਘ ਨੇ ਪੰਜਾਬ ਦੀ ਸੰਗੀਤ ਪਰੰਪਰਾ ਨੂੰ ਪ੍ਰਫੁਲਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀ ਲੋਕ ਸੰਗੀਤ ਦੇ ਖੇਤਰ ਵਿਚ ਬਤੌਰ ਡਾਇਰੈਕਟਰ ਉਨ੍ਹਾਂ 1997 ਤੋਂ ਪੰਜਾਬ ਦੇ ਲੋਕ ਸੰਗੀਤ ਦੀਆਂ ਦੁਰਲਭ ਵੰਨਗੀਆਂ, ਸਾਜ਼ਾਂ, ਕਲਾਕਾਰਾਂ ਦੀ ਭਾਲ ਲਈ ਪੰਜਾਬੀ ਲੋਕ ਸੰਗੀਤ ਮੇਲੇ ਸ਼ੁਰੂ
ਕਰਵਾਏ, ਜੋ ਨਿਰੰਤਰ ਜਾਰੀ ਹਨ। ਪੰਜਾਬੀ ਲੋਕ ਸੰਗੀਤ ਵਿਰਾਸਤ ਤੇ ਵਡ ਆਕਾਰੀ ਸੁਰ ਲਿਪੀਬੱਧ ਖੋਜ ਕਾਰਜ ਪ੍ਰਕਾਸ਼ਿਤ ਕਰਵਾਉਣ ਤੋਂ ਇਲਾਵਾ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ।
ਤੰਤੀ ਸਾਜ਼ਾਂ ਦੇ ਖੇਤਰ ਵਿਚ ਉਨ੍ਹਾਂ ਗੁਰੂ ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਵਾਈ। ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਾਜ਼ ਰਬਾਬ ਉਤੇ ਖੋਜ ਕਰਕੇ ਘਾੜਤ ਘੜਵਾਈ, ਸਿਖਲਾਈ ਵਰਕਸ਼ਾਪਾਂ ਲਵਾਈਆਂ ਅਤੇ ਰਬਾਬ ਉਸਤਾਦਾਂ ਦੀ ਭਾਲ ਕੀਤੀ। ਇਸ ਵੇਲੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਵਿਦਿਆਰਥੀ ਰਬਾਬ ਨਾਲ ਕੀਰਤਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤਾਊਸ ਵਜਾਉਣਾ ਸ਼ੁਰੂ ਕੀਤਾ ਅਤੇ ਹੋਰ ਅਧਿਆਪਕਾਂ ਦੀ ਮਦਦ ਨਾਲ ਇਸ ਖੇਤਰ ਵਿਚ ਵਿਦਿਆਰਥੀਆਂ ਨੂੰ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਦੀ ਪਰੰਪਰਾ ਪੁਨਰ ਸੁਰਜੀਤ ਕਰਵਾਈ। ਹੁਣ ਕਈ ਵਿਦਿਆਰਥੀ ਵਿਸ਼ਵ ਭਰ ਵਿਚ ਇਨ੍ਹਾਂ ਸਾਜ਼ਾਂ ਨਾਲ
ਕੀਰਤਨ ਕਰ ਰਹੇ ਹਨ।
ਡਾ. ਗੁਰਨਾਮ ਸਿੰਘ ਦੇ ਸ਼ਾਗਿਰਦ-ਮੰਡਲ ਦਾ ਯੋਗ ਵਿਸ਼ਵ ਵਿਆਪੀ ਹੈ, ਜੋ ਦਰਬਾਰ ਸਾਹਿਬ ਤੋਂ ਲੈ ਕੇ ਵ੍ਹਾਈਟ ਹਾਊਸ ਤੀਕ ਪੇਸ਼ਕਾਰੀਆਂ ਕਰ ਰਹੇ ਹਨ। ਉਹ ਬਤੌਰ ਡੀਨ, ਪ੍ਰੋਫੈਸਰ, ਅਧਿਆਪਕ, ਗਾਇਕ, ਕੀਰਤਨੀਏ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਵਜੋਂ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ, ਭਾਸ਼ਾ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼-ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ।
-ਡਾ. ਗੁਰਬਖਸ਼ ਸਿੰਘ ਭੰਡਾਲ