ਗੁਰੂ ਨਾਨਕ ਪਾਤਸ਼ਾਹ ਦੀ ਬਰਕਤ: ੴ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ੴ : ਇਹ ਗੁਰਬਾਣੀ ਵਿਚ ਆਇਆ ਗੁਰਮਤਿ ਦਾ ਪ੍ਰਥਮ ਚਿੰਨ ਹੈ। ਇਹ ਘੱਗਾ ਰਾਰਾ ਘਰ ਦੀ ਤਰ੍ਹਾਂ ਅੱਖਰਾਂ ਦੇ ਜੋੜ ਨਾਲ ਬਣਾਇਆ ਭਾਸ਼ਾਈ ਸ਼ਬਦ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅੰਕ-ਗਣਿਤ ਦਾ ‘੧’, ਧੁਨੀਆਤਮਕ ਭਾਸ਼ਾਈ ਚਿਨ੍ਹ ‘ਓਮ’ ਅਤੇ ਰੇਖਾ-ਗਣਿਤ ਦੀ ਅਰਧ-ਚਾਪ, ਅਰਥਾਤ ‘ਆਕਾਰ’ ਲੈ ਕੇ ‘ੴ ‘ ਦਾ ਨਿਰਮਾਣ ਕੀਤਾ, ਜਿਸ ਦਾ ਉਚਾਰਨ ‘ਇੱਕ ਓਅੰਕਾਰ’ ਹੈ।

ਮਾਨਵੀ ਚੇਤਨਾ ਸੱਚ ਸਰੂਪ ਪਾਰਬ੍ਰਹਮ ਨਿਰੰਕਾਰ ਨੂੰ ਤਿੰਨ ਪੱਖਾਂ ਵਿਚ ਸੋਚਦੀ ਅਤੇ ਸਮਝਦੀ ਹੈ; ਜਿਵੇਂ ਕਾਲ ਦੇ ਤਿੰਨ ਪਹਿਲੂ ਭੂਤ, ਵਰਤਮਾਨ ਤੇ ਭਵਿੱਖਤ ਹਨ; ਜਿਵੇਂ ਚੇਤਨਾ ਦੇ ਤਿੰਨ ਧਰਾਤਲ-ਚੇਤਨ, ਅਰਧ ਚੇਤਨ ਤੇ ਅਵਚੇਤਨ ਹਨ; ਜਿਵੇਂ ਸਨਾਤਨ ਮੱਤ ਅਨੁਸਾਰ ਬ੍ਰਹਮ, ਈਸ਼ਵਰ ਅਤੇ ਅਵਤਾਰ ਹਨ; ਜਿਵੇਂ ਸਾਮੀ ਪਰੰਪਰਾ ਵਿਚ ਅੱਲਾਹ, ਫਰਿਸ਼ਤਾ ਅਤੇ ਰਸੂਲ ਹਨ।
ਇਵੇਂ ‘ਇੱਕ ਓਅੰਕਾਰ’ ਵਿਚ ਵੀ ਸੱਚ ਦੇ ਤਿੰਨ ਪੱਖ-ਇੱਕ, ਓਂ ਅਤੇ ਆਕਾਰ ਵਿਅਕਤ ਹੋਏ ਹਨ।
‘੧’ ਸੰਖਿਆ ਦਾ ਪ੍ਰਥਮ ਗੁਰਮੁਖੀ ਅੰਕ ਹੈ। ਜੇ ਇਸ ਨੂੰ ਅੱਖਰਾਂ ਵਿਚ ‘ਇੱਕ’ ਲਿਖਿਆ ਜਾਵੇ ਤਾਂ ਇਸ ਦਾ ਅਰਥ ਸੰਖਿਆਵਾਚਕ ਵਿਸ਼ੇਸ਼ਣ ਹੋ ਜਾਂਦਾ ਹੈ, ਪਰ ਇੱਥੇ ਇਹ ਵਿਸ਼ੇਸ਼ਣ ਨਹੀਂ ਬਲਕਿ ਨਿਰੰਕਾਰ ਦਾ ਸੰਕੇਤਕ ਭਾਵ ਹੈ, ਜਿਸ ਨੂੰ ਸੁਣਿਆ ਜਾਂ ਦੇਖਿਆ ਨਹੀਂ ਜਾ ਸਕਦਾ। ਸ੍ਰਿਸ਼ਟੀ ਦੀ ਅਨੇਕਤਾ ਦਾ ਆਧਾਰ ‘੧’ ਹੈ, ਜੋ ਸਗਲੀ ਸੰਖਿਆ ਵਿਚ ਰਮਿਆ ਹੋਇਆ ਹੈ। ਹਰ ਸੰਖਿਆ ‘੧’ ਦਾ ਹੀ ਜਮ੍ਹਾਂ, ਗੁਣਾ ਅਤੇ ਵਿਸਥਾਰ ਹੈ। ਅੰਕ ‘੧’ ਨਿਰੰਕਾਰ ਦੀ ਅਦੁੱਤੀ, ਲਾਸਾਨੀ, ਵਾਹਿਦਾਨਾ ਅਤੇ ਸਰਬ ਵਿਆਪਕ ਹਸਤੀ ਦਾ ਸੂਚਕ ਹੈ।
‘ਓ’ ਹਰੇਕ ਧੁਨੀ ਵਿਚ ਸਮਾਈ ਹੋਈ ਸਹਿਜ, ਸਰਲ ਅਤੇ ਅਨਾਦੀ ਭਾਸ਼ਾਈ ਧੁਨੀ ਹੈ, ਜੋ ਨਿਰੰਕਾਰ ਦੀ ਸਰਬ ਵਿਆਪਕਤਾ ਵੱਲ ਇਸ਼ਾਰਾ ਕਰਦੀ ਹੈ ਅਤੇ ਇਸ ਆਦਿ ਧੁਨੀ ਵਿਚ ਨਿਰੰਕਾਰ ਦਾ ਮਾਨਵੀ ਚੇਤਨਾ ਵਿਚ ਆਉਣ ਅਤੇ ਸਮਾਉਣ ਵਾਲਾ ਪ੍ਰਥਮ ਸਰਵਣੀ ਸੰਕੇਤ ਹੈ। ਮੰਡੂਕ ਉਪਨਿਸ਼ਦ ਵਿਚ ਆਇਆ ਹੈ ਕਿ ਸ੍ਰਿਸ਼ਟੀ ਦਾ ਸਗਲ ਪਸਾਰਾ ‘ਓਮ’ ਹੈ; ਇੱਥੋਂ ਤੱਕ ਕਿ ਜੋ ਸੀ, ਜੋ ਹੈ ਅਤੇ ਜੋ ਹੋਵੇਗਾ, ਉਹ ‘ਓਮ’ ਹੈ।
ਇਸ ‘ਓ’ ਦੇ ਨਾਲ ਹੀ ਰੇਖਾ-ਗਣਿਤ ਦੀ ਅਰਧ-ਚਾਪ ਜੋੜੀ ਗਈ ਹੈ, ਜਿਸ ਨੂੰ ‘ਆਕਾਰ’ ਕਹੀਦਾ ਹੈ। ਇਹ ਨਿਰੰਕਾਰ ਦਾ ਤੀਸਰਾ ਚੇਤਨਾ ਸਰੂਪ ਹੈ। ਅਰਧ-ਚਾਪ ਦਾ ਤਾਤਪਰਜ ਇਹ ਹੈ ਕਿ ਇਹ ਨਿਰੰਕਾਰ ਦਾ ਆਕਾਰ ਰੂਪ ਹਾਲੇ ਪ੍ਰਗਤੀ ਵਿਚ ਹੈ। ਆਕਾਰ ਦੇ ਗੋਲਾਈਦਾਰ ਚਾਪ-ਸਰੂਪ ਤੋਂ ਇਸ ਦੀ ਦਿਸ਼ਾ ਦਾ ਵੀ ਬੋਧ ਹੁੰਦਾ ਹੈ ਕਿ ਇਸ ਦਾ ਅੰਤਿਮ ਚਰਣ ਇਸ ਦਾ ਆਦਿ ਬਿੰਦੂ ਹੀ ਹੈ; ਇਸ ਦਾ ਆਦ-ਅੰਤ, ਜਨਮ-ਮਰਨ ਅਤੇ ਆਵਾ-ਗਵਣ ਇੱਕ-ਸਾਰ, ਇੱਕੋ ਵੇਲੇ, ਇਕੱਠਾ ਅਤੇ ਇੱਕੋ ਹੈ। ਇਹ ਸ੍ਰਿਸ਼ਟੀ ਦੀ ਫੈਲਾਓ ਅਤੇ ਸਿਮਟਣ, ਉਦਕਰਖ ਅਤੇ ਆਕਰਖ, ਉਤਸਰਪਨ ਅਤੇ ਅਵਸਰਪਨ, ਉਦੈ ਅਤੇ ਅਸਤ ਹੋਣ ਦੀ ਇਕੱਠੀ ਅਤੇ ਇੱਕਸਾਰ ਪ੍ਰਕ੍ਰਿਆ ਹੈ। ‘ਓਮ’ ਅਤੇ ‘ਆਕਾਰ’ ਦਾ ਜੁੜਿਆ ਹੋਣਾ ਦੱਸਦਾ ਹੈ ਕਿ ‘ਆਕਾਰ’ ਵਿਚ ‘ਓਮ’ ਦੀ ਪ੍ਰਕਿਰਤੀ ਜਾਂ ਸੁਭਾਅ ਦੀ ਹੀ ਸੂਚਨਾ ਹੈ।
ਨਿਰੰਕਾਰ ਧੁਨੀ, ਬੋਲ ਜਾਂ ਸ਼ਬਦ ਰਾਹੀਂ ਉਜਾਗਰ ਹੋਇਆ ਹੈ ਅਤੇ ਸ਼੍ਰਿਸ਼ਟੀ ਰਾਹੀਂ ਸਾਕਾਰ ਅਤੇ ਸਕ੍ਰਿਆ ਹੋ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸ੍ਰਿਸ਼ਟੀ ਦੇ ਯਥਾਰਥ, ਅਧਿਆਤਮ ਅਤੇ ਮਹਾਤਮ ਦਾ ਸਾਰੰਸ਼ ਸੁੰਦਰ ਅਤੇ ਸੰਖੇਪ ਚਿੰਨ ‘ੴ ‘ ਵਿਚ ਉਜਾਗਰ ਕੀਤਾ ਹੈ।
ਹਰਮਨ ਹੈਸ ਨੇ ‘ਸਿਧਾਰਥ’ ਵਿਚ ਦੱਸਿਆ ਹੈ, “ਓਮ ਕਮਾਨ, ਆਤਮਾ ਤੀਰ ਅਤੇ ਨਿਰੰਕਾਰ ਨਿਸ਼ਾਨਾ ਹੈ, ਜਿਸ ਨੂੰ ਬੇਰੋਕ ਵਿੰਨ੍ਹਦੇ ਰਹਿਣਾ ਹੈ।” ‘ੴ ‘ ਵਿਚ ਵੀ ਅਜਿਹੇ ਹੀ ਕਿਸੇ ਤ੍ਰੈਸੂਤਰੀ ਸੱਚ ਅਤੇ ਅਭਿਆਸ ਦਾ ਸੰਕੇਤ ਹੈ।
ਤੀਹ ਭਾਸ਼ਾਵਾਂ ਦੇ ਮਾਹਿਰ, ਜਪਾਨੀ ਪ੍ਰੋਫੈਸਰ ਤੁਜ਼ਾਈਕੋ ਈਜ਼ੁਤਸ ਨੇ ਆਪਣੀ ਪੁਸਤਕ ‘ਦਾ ਕਾਨਸੈਪਟ ਐਂਡ ਰੀਐਲਟੀ ਆਫ ਐਗਜਿਸਟੈਂਸ’ ਵਿਚ ਸੂਫੀ ਅਨੁਭਵ ਨੂੰ ਬੇਹੱਦ ਸੰਖੇਪ ਅਤੇ ਸਪਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਹੈ ਕਿ ਸੂਫੀਆਨਾ ‘ਫਰਕ’ ਦੀ ਅਵਸਥਾ ਦੌਰਾਨ ਅਨੇਕਤਾ ਵਿਚ ਏਕਤਾ ਨਹੀਂ ਭਾਸਦੀ। ‘ਫਨਾਹ’ ਦੀ ਅਵਸਥਾ ਵਿਚ ਏਕਤਾ ਵਿਚੋਂ ਅਨੇਕਤਾ ਭਸਮ ਹੋ ਜਾਂਦੀ ਹੈ। ਇਸ ਤੋਂ ਅੱਗੇ ‘ਬਕਾਹ’ ਦੀ ਅਵਸਥਾ ਸਮੇਂ ਅਨੇਕਤਾ ਵਿਚ ਏਕਤਾ ਦਿਸ ਆਉਂਦੀ ਹੈ; ਇਹੀ ਅਵਸਥਾ ਸਦੀਵੀ ਖੇੜੇ ਵਾਲੀ ਹੁੰਦੀ ਹੈ।
‘ੴ ‘ ‘ਫਰਕ’ ਤੋਂ ‘ਫਨਾਹ’ ਅਤੇ ‘ਫਨਾਹ’ ਤੋਂ ‘ਬਕਾਹ’ ਤੱਕ ਦੇ ਸਫਰ ਦਾ ਲਖਾਇਕ ਹੈ, ਜਿਸ ਵਿਚ ਨਿਰਾਕਾਰ ਅਤੇ ਆਕਾਰ ਦਾ ਸਾਕਾਰਾਤਮਕ ਸੰਜੋਗ ਹੈ। ਸੱਚ ਸਰੂਪ ਨਿਰਾਕਾਰ ਵਿਚ ਜੇ ਪ੍ਰੇਮ-ਭਾਵ ਸ਼ਾਮਲ ਹੋ ਜਾਵੇ ਤਾਂ ਉਹ ਨਿਰੰਕਾਰ ਹੋ ਜਾਂਦਾ ਹੈ। ਪ੍ਰੇਮ ਦੀ ਹੱਦ ਹੋ ਜਾਵੇ ਤਾਂ ਧੰਨ ਨਿਰੰਕਾਰ ਹੋ ਜਾਂਦਾ ਹੈ।
ਨਿਰੰਕਾਰ ਵਿਚ ਨਿਰਾਕਾਰ ਦਾ ਕੰਨਾ ਟਿੱਪੀ ਵਿਚ ਤਬਦੀਲ ਹੋ ਜਾਂਦਾ ਹੈ। ਨਾਸਕ ਧੁਨੀਆਂ ਪ੍ਰੇਮਵਾਹਕ ਹਨ। ਮਾਂਵਾਂ ਆਪਣੇ ਬੱਚਿਆਂ ਦੇ ਨਾਂਵਾਂ ਨੂੰ ਲਾਡ ਵਿਚ ਨਾਸਕ ਕਰ ਲੈਂਦੀਆਂ ਹਨ। ਨਿਰਾਕਾਰ ਤੇ ਆਕਾਰ ਪ੍ਰੇਮ ਦੇ ਸੰਜੋਗ ਵਿਚ ਬੱਝ ਕੇ ‘ਓਮ’ ਬਣਦੇ ਹਨ। ਇਸੇ ਕਰਕੇ ‘ਓਮ’ ਧੁਨੀ ਭਗਤੀ-ਭਾਵ ਨਾਲ ਓਤ-ਪੋਤ ਹੋਈ ਹੋਈ ਹੈ। ‘ੴ ‘ ਪ੍ਰੇਮ ਦੇ ਮਹਾਂ ਸੰਜੋਗ ਦਾ ਪਵਿੱਤਰ ਬਿੰਬ ਹੈ।
ਜਿਵੇਂ ਸੂਰਜ, ਸੂਰਜ ਤੋਂ ਆ ਰਹੀ ਲੋਅ ਅਤੇ ਧਰਤੀ ‘ਤੇ ਨਜ਼ਰ ਆ ਰਹੀ ਧੁੱਪ ਕਿਸੇ ਇੱਕੋ ਸ਼ੈ ਦੇ ਤਿੰਨ ਪ੍ਰਤੌ ਹਨ। ਜਿਵੇਂ ਧਰਤੀ ਹੇਠਲੇ ਪਾਣੀ, ਖੂਹ ‘ਚ ਖੜ੍ਹੇ ਪਾਣੀ ਤੇ ਘੜੇ ‘ਚ ਭਰੇ ਹੋਏ ਪਾਣੀ ‘ਚ ਕੋਈ ਅੰਤਰ ਨਹੀਂ ਹੈ।
ਇਨਸਾਨੀ ਜਹਾਲਤ ਅਤੇ ਘੋਰ-ਗਰਦੀ ਦੇਖੋ ਕਿ ਅੰਗਰੇਜ਼ੀ ਰਾਜ ਸਮੇਂ ਰੇਲਵੇ ਸਟੇਸ਼ਨਾਂ ‘ਤੇ ਯਾਤਰੂਆਂ ਲਈ ਰੱਖੇ ਪਾਣੀ ਦੇ ਘੜਿਆਂ ‘ਤੇ ‘ਹਿੰਦੂ ਪਾਣੀ’ ਅਤੇ ‘ਮੁਸਲਿਮ ਪਾਣੀ’ ਲਿਖਿਆ ਹੁੰਦਾ ਸੀ।
ਭਗਤ ਕਬੀਰ ਨੇ ਇਸ ਭਿੰਨ-ਭੇਦ ਅਤੇ ਭੇਦ-ਭਾਵ ਨੂੰ ਮੇਟਦਿਆਂ ਲਿਖਿਆ, “ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥”
ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿੰਨੀ ਹਲੀਮੀ ਨਾਲ ਆਖਿਆ, “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥” ਅਰਥਾਤ, ਹੇ ਵਾਹਿਗੁਰੂ! ਅਸੀਂ ਉਚੇ, ਮੱਧਮ ਜਾਂ ਨੀਚ ਨਹੀਂ ਹਾਂ, ਅਸੀਂ ਤਾਂ ਵਾਹਿਗੁਰੂ ਦੀ ਸ਼ਰਣ ਵਿਚ ਰਹਿਣ ਵਾਲੇ ਲੋਕ ਹਾਂ।
‘ੴ ‘ ਦਾ ਭਾਵ ਅਤੇ ਰਹੱਸ ਵੀ ਕੁਝ ਇਸੇ ਤਰ੍ਹਾਂ ਦਾ ਹੀ ਸਮਝਣਾ ਚਾਹੀਦਾ ਹੈ।