ਸਰਗਰਮ ਫਿਲਮਸਾਜ਼ ਰਾਕੇਸ਼ ਮਹਿਤਾ

ਸਪਨ ਮਨਚੰਦਾ
ਕਿਸੇ ਵੇਲੇ ਆਪਣੀਆਂ ਲਘੂ ਫਿਲਮਾਂ ‘ਖੁਦਾਕਸ਼ੀ’ ਅਤੇ ‘ਡਰਪੋਕ’ ਨੂੰ ਲੈ ਕੇ ਕੌਮਾਂਤਰੀ ਪੱਧਰ ‘ਤੇ ਚਰਚਾ ‘ਚ ਰਿਹਾ ਨਿਰਦੇਸ਼ਕ ਰਾਕੇਸ਼ ਮਹਿਤਾ ਹੁਣ ਪੰਜਾਬੀ ਫਿਲਮ ਇੰਡਸਟਰੀ ‘ਚ ਸਰਗਰਮ ਹੈ। ਅਦਾਕਾਰ ਹਰੀਸ਼ ਵਰਮਾ ਤੇ ਗੁਲਸ਼ਨ ਗਰੋਵਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਵਾਪਸੀ’ ਨਾਲ ਪੰਜਾਬੀ ਸਿਨੇਮੇ ਦਾ ਹਿੱਸਾ ਬਣੇ ਰਾਕੇਸ਼ ਮਹਿਤਾ ਦੀ ਹਾਲ ਹੀ ‘ਚ ਪੰਜਾਬੀ ਫਿਲਮ ‘ਰੰਗ ਪੰਜਾਬ’ ਵੀ ਰਿਲੀਜ਼ ਹੋਈ ਹੈ। ਗੈਂਗਸਟਰ ਅਤੇ ਪੁਲਿਸ ਤੰਤਰ ਦੁਆਲੇ ਘੁੰਮਦੀ ਇਸ ਫਿਲਮ ਨੂੰ ਦਰਸ਼ਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ।

ਇਹ ਦੋਵੇਂ ਫਿਲਮਾਂ ਵਿਸ਼ੇ ਤੇ ਤਕਨੀਕ ਪੱਖੋਂ ਇਕ ਦੂਜੇ ਤੋਂ ਉਲਟ ਸਨ। ਹੁਣ ਉਸ ਦੀ ਤੀਜੀ ਫਿਲਮ ਇਨ੍ਹਾਂ ਦੋਹਾਂ ਫਿਲਮਾਂ ਤੋਂ ਹਰ ਪੱਖ ਤੋਂ ਵੱਖਰੀ ਹੈ। ਉਹ ਅੱਜ ਕੱਲ੍ਹ ਫਿਲਮ ‘ਯਾਰਾ ਵੇ’ ਦੇ ਆਖਰੀ ਪੜ੍ਹਾਅ ਯਾਨਿ ਪੋਸਟ ਪ੍ਰੋਡਕਸ਼ਨ ‘ਚ ਰੁੱਝਾ ਹੋਇਆ ਹੈ। ਉਹ ਪੂਰੇ ਆਤਮ ਵਿਸ਼ਵਾਸ ਨਾਲ ਕਹਿੰਦਾ ਹੈ ਕਿ ਉਸ ਦੀ ਇਹ ਫਿਲਮ ਹਰ ਪੰਜਾਬੀ ਦਰਸ਼ਕ ਦੇ ਦਿਲ ‘ਚ ਲਹਿ ਜਾਣ ਦੀ ਹਿੰਮਤ ਰੱਖਦੀ ਹੈ।
ਲੰਮਾ ਸਮਾਂ ਜਰਮਨੀ ‘ਚ ਰਿਹਾ ਰਾਕੇਸ਼ ਮਹਿਤਾ ਅੰਮ੍ਰਿਤਸਰ ਤੋਂ ਹੈ। ਉਸ ਦਾ ਪਰਿਵਾਰ ਚਾਰ ਕੁ ਦਹਾਕੇ ਪਹਿਲਾਂ ਦਿੱਲੀ ਜਾ ਵੱਸਿਆ ਸੀ। ਉਥੋਂ ਹੀ ਉਹ ਮੁੰਬਈ ਗਿਆ ਸੀ। ਉਸ ਮੁਤਾਬਕ ਪੰਜਾਬ ਅਤੇ ਪੰਜਾਬੀ ਭਾਸ਼ਾ ਨੇ ਹਮੇਸ਼ਾ ਹੀ ਉਸ ਨੂੰ ਪ੍ਰਭਾਵਿਤ ਕੀਤਾ ਹੈ। ਉਸ ਦਾ ਝੁਕਾਅ ਪੰਜਾਬੀ ਸਿਨੇਮੇ ਵੱਲ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਿੰਦੀ ਲਘੂ ਫਿਲਮ ‘ਡਰਪੋਕ’ ਦੀ ਕਹਾਣੀ ਅਤੇ ਪਿੱਠਭੂਮੀ ਪੰਜਾਬੀ ਸੀ। ਇਸ ‘ਚ ਜ਼ਿਆਦਾਤਰ ਕਲਾਕਾਰ ਵੀ ਪੰਜਾਬੀ ਹੀ ਸਨ। ਉਸ ਸਮੇਂ ਪੰਜਾਬੀ ਸਿਨੇਮਾ ਉਸ ਮੁਕਾਮ ‘ਤੇ ਨਹੀਂ ਸੀ, ਜਿਥੇ ਅੱਜ ਹੈ।
ਰਾਕੇਸ਼ ਮੁਤਾਬਕ ਪੰਜਾਬੀ ਸਿਨੇਮਾ ਦੇ ਬਦਲੇ ਚਿਹਰੇ-ਮੋਹਰੇ ਨੇ ਹੋਰ ਨਿਰਮਾਤਾ, ਨਿਰਦੇਸ਼ਕਾਂ ਵਾਂਗ ਉਸ ਨੂੰ ਵੀ ਪੰਜਾਬੀ ਫਿਲਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕਾਮੇਡੀ ਤੇ ਰੁਮਾਂਟਿਕ ਫਿਲਮਾਂ ਦੇ ਦੌਰ ‘ਚ ਉਸ ਦੀ ਪਹਿਲੀ ਫਿਲਮ ‘ਵਾਪਸੀ’ ਪੰਜਾਬ ਦੇ ਕਾਲੇ ਦੌਰ ‘ਤੇ ਆਧਾਰਤ ਸੀ, ਜਿਸ ਨੂੰ ਹਰ ਪੱਖੋਂ ਤਸੱਲੀਬਖਸ਼ ਹੁੰਗਾਰਾ ਮਿਲਿਆ। ਉਸ ਦੀ ਦੂਜੀ ਫਿਲਮ ‘ਰੰਗ ਪੰਜਾਬ’ ਵੀ ਆਮ ਫਿਲਮਾਂ ਤੋਂ ਹਟਵੀਂ ਸੀ। ਇਹ ਫਿਲਮ ਪੰਜਾਬ ‘ਚ ਸਿਆਸਤ ਅਤੇ ਪੁਲਿਸ ਤੰਤਰ ਦੀ ਮਿਲੀਭੁਗਤ ‘ਤੇ ਵਿਅੰਕ ਕਰਦੀ ਗੈਂਗਸਟਰ ਤੇ ਪੁਲਿਸ ਤੰਤਰ ‘ਤੇ ਕੇਂਦ੍ਰਿਤ ਸੀ। ਪੰਜਾਬੀ ਫਿਲਮਾਂ ‘ਚ ਭਾਵੇਂ ਅਜੇ ਵੀ ਕਾਮੇਡੀ, ਵਿਆਹਾਂ ਅਤੇ ਇਸ ਕਿਸਮ ਦੀਆਂ ਹੋਰ ਫਿਲਮਾਂ ਦਾ ਬੋਲਬਾਲਾ ਹੈ, ਪਰ ਉਸ ਨੇ ਇਸ ਰੁਝਾਨ ਦਾ ਹਿੱਸਾ ਬਣਨ ਦੀ ਥਾਂ ਮੁੜ ਤੋਂ ਆਪਣੀ ਫਿਲਮ ਲਈ ਇਕ ਵੱਖਰਾ ਤੇ ਯਥਾਰਥ ਨਾਲ ਜੁੜਿਆ ਵਿਸ਼ਾ ਚੁਣਿਆ ਹੈ। ਫਿਲਮ ‘ਯਾਰਾ ਵੇ’ ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ। ਦਰਅਸਲ ਇਹ ਫਿਲਮ ਰਿਸ਼ਤਿਆਂ, ਜਜ਼ਬਾਤ ਅਤੇ ਵੰਡ ਦੇ ਪ੍ਰਭਾਵ ਦੀ ਕਹਾਣੀ ਹੈ, ਜੋ ਤਿੰਨ ਦੋਸਤਾਂ-ਬੂਟਾ, ਕ੍ਰਿਸ਼ਨ ਅਤੇ ਨਿਜ਼ਾਮਤ ਦੇ ਕਿਰਦਾਰਾਂ ਜ਼ਰੀਏ ਬਿਆਨੀ ਗਈ ਹੈ।
ਰਾਕੇਸ਼ ਮਹਿਤਾ ਮੁਤਾਬਕ ਇਹ ਫਿਲਮ ਪੀਰੀਅਡ ਡਰਾਮਾ ਹੈ। ਫਿਲਮ ‘ਚ ਰਿਸ਼ਤਿਆਂ ਦੇ ਮਾਇਨੇ ਬੇਹੱਦ ਬਾਰੀਕੀ ਨਾਲ ਬਿਆਨ ਕੀਤੇ ਗਏ ਹਨ। ਫਿਲਮ ਜਜ਼ਬਾਤ ਅਤੇ ਮੋਹ ਦੀਆਂ ਤੰਦਾਂ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਝੰਜੋੜ ਦੇਵੇਗੀ।
ਰਾਕੇਸ਼ ਮਹਿਤਾ ਮੁਤਾਬਕ ਪੰਜਾਬੀ ਸਿਨੇਮਾ ਦਾ ਕੱਦ ਹੋਰ ਉਚਾ ਚੁੱਕਣ ਲਈ ਇਸ ਨੂੰ ਵਿਸ਼ੇ, ਤਕਨੀਕ ਤੇ ਕਲਾਕਾਰ ਪੱਖੋਂ ਨਵਾਂਪਣ ਦੇਣਾ ਪਵੇਗਾ। ਪੰਜਾਬੀ ਸੱਭਿਆਚਾਰ ਅਤੇ ਇਸ ਨਾਲ ਜੁੜੀਆਂ ਕਿੱਸੇ, ਕਹਾਣੀਆਂ ਦੀ ਅਮੀਰੀ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਸੰਵਾਰ ਸਕਦੀ ਹੈ। ਉਸ ਨੇ ਹਮੇਸ਼ਾ ਇਸ ਪਾਸੇ ਪਹਿਲਕਦਮੀ ਦਿਖਾਈ ਹੈ ਤੇ ਉਸ ਦੀਆਂ ਫਿਲਮਾਂ ਇਸ ਗੱਲ ਦੀ ਗਵਾਹ ਹਨ। ਕਾਮੇਡੀ ਦੇ ਨਾਲ ਨਾਲ ਸੰਜੀਦਾ ਅਤੇ ਸਮਾਜ ਨਾਲ ਜੁੜੀਆਂ ਕਹਾਣੀਆਂ ਸਿਨੇਮਾ ਦੀ ਅਹਿਮ ਲੋੜ ਹਨ। ਉਸ ਤਹੱਈਆ ਕੀਤਾ ਹੈ ਕਿ ਭਵਿੱਖ ‘ਚ ਵੀ ਉਹ ਅਜਿਹੇ ਵਿਸ਼ਿਆਂ ‘ਤੇ ਹੀ ਫਿਲਮਾਂ ਬਣਾਵੇਗਾ।