ਪੰਜਾਬੀ ਫਿਲਮਾਂ ਦੀ ਸੁਪਰਹਿੱਟ ਤੇ ਖੂਬਸੂਰਤ ਅਦਾਕਾਰਾ ਦਲਜੀਤ ਕੌਰ

ਸ਼ਮਸ਼ੇਰ ਸਿੰਘ ਸੋਹੀ
ਕੋਈ ਸਮਾਂ ਸੀ ਜਦੋਂ ਪੰਜਾਬੀ ਫਿਲਮਾਂ ਵਿਚ ਦਲਜੀਤ ਕੌਰ ਦੀ ਅਦਾਕਾਰੀ ਦੇ ਲੋਕ ਦੀਵਾਨੇ ਸਨ| ਉਚੀ-ਲੰਮੀ ਤੇ ਰੱਜ ਕੇ ਸੋਹਣੀ ਦਲਜੀਤ ਕੌਰ ਉਸ ਦੌਰ ਦੀਆਂ ਪੰਜਾਬੀ ਫਿਲਮਾਂ ‘ਚ ਪੂਰੀ ਤਰ੍ਹਾਂ ਛਾਈ ਹੋਈ ਸੀ| ਉਸ ਦੀ ਫਿਲਮ ਦੇਖਣ ਲੋਕ ਸਿਨਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ|

ਦਲਜੀਤ ਕੌਰ ਦਾ ਜਨਮ ਪੱਛਮੀ ਬੰਗਾਲ ਦੇ ਸਿਲੀਗੁੜੀ ਇਲਾਕੇ ਵਿਚ ਉਸ ਪਰਿਵਾਰ ‘ਚ ਹੋਇਆ, ਜੋ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ| ਦਲਜੀਤ ਕੌਰ ਨੇ ਦਾਰਜੀਲਿੰਗ ਦੇ ਕਾਨਵੈਂਟ ਸਕੂਲ ਸੇਂਟ ਹੇਲੇਨਸ ਤੋਂ ਪੜ੍ਹਾਈ ਕੀਤੀ| ਸਕੂਲ ਸਮੇਂ ਤੋਂ ਹੀ ਐਕਟਿੰਗ ਦਾ ਸ਼ੌਕ ਹੋਣ ਕਰਕੇ ਉਹ ਪੜ੍ਹਾਈ ਤੇ ਖੇਡਾਂ ਦੇ ਨਾਲ ਨਾਲ ਸਕੂਲ ‘ਚ ਹੁੰਦੇ ਡਾਂਸ ਤੇ ਡਰਾਮਿਆਂ ਦੇ ਫੰਕਸ਼ਨਾਂ ‘ਚ ਹਿੱਸਾ ਲੈਂਦੀ ਰਹੀ| ਉਹ ਪੜ੍ਹਾਈ ਪੂਰੀ ਕਰਕੇ ਸਿਵਿਲ ਸਰਵਿਸ ‘ਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਪ੍ਰਸਿੱਧ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈਣ ਪਿਛੋਂ ਉਸ ਦਾ ਮੇਲ ਉਨ੍ਹਾਂ ਵਿਦਿਆਰਥਣਾਂ ਨਾਲ ਹੋਇਆ, ਜੋ ਕਲਾ ਦੇ ਖੇਤਰ ਵਿਚ ਅੱਗੇ ਆਈਆਂ ਸਨ|
ਇਸ ਕਾਲਜ ਵਿਚ ਬੀ. ਏ. ਆਨਰਜ਼ ਦੀ ਪੜ੍ਹਾਈ ਕਰਨ ਸਮੇਂ ਦਲਜੀਤ ਕੌਰ ਨੂੰ ਅਦਾਕਾਰੀ ‘ਚ ਜਾਣ ਲਈ ਕਾਫੀ ਪ੍ਰੇਰਨਾ ਮਿਲੀ ਤੇ ਉਸ ਨੇ ਕਾਲਜ ਦੀ ਪੜ੍ਹਾਈ ਵਿਚੇ ਛੱਡ ਕੇ ਪੂਨੇ ਫਿਲਮ ਇੰਸਟੀਚਿਊਟ ਵਿਚ ਦਾਖਲੇ ਲਈ ਫਾਰਮ ਭਰ ਦਿੱਤਾ| ਦਲਜੀਤ ਕੌਰ ਦੇ ਪਿਤਾ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਤੇ ਉਸ ਦੇ ਫਿਲਮਾਂ ਵਿਚ ਜਾਣ ਦੇ ਸਖਤ ਵਿਰੋਧੀ ਸਨ, ਪਰ ਜਦੋਂ ਉਸ ਨੂੰ ਪੂਨੇ ਦਾਖਲਾ ਮਿਲ ਗਿਆ ਤਾਂ ਉਸ ਦੇ ਘਰ ਵਾਲਿਆਂ ਨੂੰ ਵੀ ਉਸ ਦੀ ਗੱਲ ਮੰਨਣੀ ਪਈ|
ਦਲਜੀਤ ਕੌਰ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਨਾਲ ਇਕ ਚੰਗੀ ਗਾਇਕਾ ਵੀ ਸੀ| ਪਹਿਲੇ ਸਾਲ ਹੀ ਉਸ ਨੇ ਫਿਲਮ ਇੰਸਟੀਚਿਊਟ ਵਿਚ ਬਣ ਰਹੀ ਕੁੰਦਨ ਸ਼ਾਹ ਅਤੇ ਵਿਨੋਦ ਚੋਪੜਾ ਦੀ ਲਘੂ ਫਿਲਮ ‘ਬੌਂਗਾ’ ਵਿਚ ਕੰਮ ਕੀਤਾ| ਦਲਜੀਤ ਕੌਰ ਦੇ ਸਾਥੀ ਵਿਦਿਆਰਥੀ ਉਸ ਦੀ ਅਦਾਕਾਰੀ ਤੇ ਖੂਬਸੂਰਤੀ ਦੇ ਕਾਇਲ ਸਨ| ਇਕ ਵਾਰ ਸਤੀਸ਼ ਸ਼ਾਹ ਤੇ ਸ਼ਕਤੀ ਕਪੂਰ ਦਲਜੀਤ ਕੌਰ ਪਿੱਛੇ ਬੁਰੀ ਤਰ੍ਹਾਂ ਲੜ ਪਏ| ਉਨ੍ਹੀਂ ਦਿਨੀਂ ਹਿੰਦੀ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਪੂਨੇ ਇੰਸਟੀਚਿਊਟ ਵਿਚ ਨਵੇਂ ਕਲਾਕਾਰਾਂ ਨੂੰ ਚੁਣਨ ਆਉਂਦੇ ਸਨ| ਸ਼ੁਰੂਆਤੀ ਦਿਨਾਂ ‘ਚ ਉਸ ਨੂੰ ਕਈ ਹਿੰਦੀ ਫਿਲਮਾਂ ਲਈ ਚੁਣਿਆ ਗਿਆ, ਪਰ ਫਿਲਮ ਪੂਰੀ ਹੋਣ ‘ਚ ਦੇਰੀ ਹੋਣ ਕਰਕੇ ਉਹ ਪੰਜਾਬੀ ਫਿਲਮਾਂ ਵੱਲ ਆ ਗਈ| ਇਹ ਦਲਜੀਤ ਕੌਰ ਦੀ ਮਾੜੀ ਕਿਸਮਤ ਕਹਿ ਲਵੋ ਜਾਂ ਪੰਜਾਬੀ ਸਿਨੇਮਾ ਦੇ ਚੰਗੇ ਭਾਗ ਕਿ ਉਸ ਨੂੰ ਜੋ ਵੀ ਹਿੰਦੀ ਫਿਲਮਾਂ ਮਿਲੀਆਂ, ਉਨ੍ਹਾਂ ‘ਚੋਂ ਬਹੁਤੀਆਂ ਮੁਕੰਮਲ ਨਾ ਹੋ ਸਕੀਆਂ।
ਦਲਜੀਤ ਕੌਰ ਦੇ ਪਰਿਵਾਰ ਦੀ ਜਿਲਾ ਲੁਧਿਆਣਾ ਦੇ ਪਿੰਡ ਐਤੀਆਣਾ ‘ਚ ਪੁਰਾਣੀ ਹਵੇਲੀ ਅਤੇ ਜਮੀਨ ਹੋਣ ਕਰਕੇ ਦਲਜੀਤ ਕੌਰ ਅਕਸਰ ਪੰਜਾਬ ਆਉਂਦੀ ਰਹਿੰਦੀ| ਖੰਘੂੜਾ ਗੋਤ ਦੀ ਦਲਜੀਤ ਕੌਰ ਦੇ ਨਾਨਕੇ ਜਿਲਾ ਬਠਿੰਡਾ ਦੇ ਪਿੰਡ ਗੁੰਮਟੀ ਖੁਰਦ ਹਨ| ਉਹ ਪੰਜਾਬੀ ਫਿਲਮਾਂ ਕਰਨਾ ਨਹੀਂ ਸੀ ਚਾਹੁੰਦੀ, ਪਰ ਜਦੋਂ ਉਸ ਨੂੰ ਹਿੰਦੀ ਫਿਲਮਾਂ ‘ਚ ਮਨਪਸੰਦ ਰੋਲ ਨਾ ਮਿਲੇ ਤਾਂ ਉਸ ਨੇ ਆਪਣਾ ਧਿਆਨ ਪੰਜਾਬੀ ਫਿਲਮਾਂ ਵੱਲ ਕੇਂਦ੍ਰਿਤ ਕਰ ਲਿਆ, ਜਿਸ ਕਰਕੇ ਮੁੰਬਈ ਦੇ ਕਈ ਨਿਰਮਾਤਾਵਾਂ ਨੇ ਬੁਰਾ ਵੀ ਮਨਾਇਆ|
ਉਸ ਦੀ ਪਹਿਲੀ ਪੰਜਾਬੀ ਫਿਲਮ ‘ਦਾਜ’ ਹੀਰੋ ਧੀਰਜ ਕੁਮਾਰ ਨਾਲ ਆਈ, ਜੋ ਸੁਪਰ ਹਿੱਟ ਸਾਬਿਤ ਹੋਈ| ਫਿਲਮ ‘ਸੈਦਾਂ ਜੋਗਣ’ ਵਿਚ ਉਸ ਨੇ ਇਕ ਵਣਜਾਰਨ ਤੇ ਸ਼ਹਿਰੀ ਕੁੜੀ ਦੇ ਕਿਰਦਾਰ ਨਿਭਾਏ, ਜੋ ਡਬਲ ਰੋਲ ਵਾਲੀਆਂ ਪੰਜਾਬੀ ਫਿਲਮਾਂ ‘ਚੋਂ ਸਭ ਤੋਂ ਵੱਧ ਹਿੱਟ ਸਾਬਿਤ ਹੋਈ| ਪੰਜਾਬੀ ਫਿਲਮਾਂ ਤੋਂ ਮਿਲੇ ਸਨਮਾਨ ਕਰਕੇ ਦਲਜੀਤ ਕੌਰ ਨੌਜਵਾਨ ਮੁੰਡਿਆਂ ‘ਚ ਹੀ ਨਹੀਂ, ਸਗੋਂ ਪੂਰੇ ਪਰਿਵਾਰ ਦੇ ਲੋਕਾਂ ਤੇ ਫੈਸ਼ਨ ਆਈਕੋਨ ਵਜੋਂ ਲੜਕੀਆਂ ਦੀ ਵੀ ਪਹਿਲੀ ਪਸੰਦ ਬਣ ਗਈ|
ਦਲਜੀਤ ਕੌਰ ਵਹੀਦਾ ਰਹਿਮਾਨ, ਰਾਖੀ ਤੇ ਹੇਮਾ ਮਾਲਿਨੀ ਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਸੀ| ਪੰਜਾਬੀ ਤੋਂ ਇਲਾਵਾ ਉਸ ਨੇ ਹਿੰਦੀ ਤੇ ਦੂਜੀਆਂ ਭਾਰਤੀ ਭਾਸ਼ਾਵਾਂ ‘ਚ ਵੀ ਫਿਲਮਾਂ ਕੀਤੀਆਂ ਜਿਵੇਂ ਯਾਰੀ ਦੁਸ਼ਮਨੀ, ਅੰਮ੍ਰਿਤ, ਕਬਰਿਸਤਾਨ, ਖਰੀਦਦਾਰ, ਡਕੈਤ, ਧਨ ਦੌਲਤ, ਏਕ ਔਰ ਏਕ ਗਿਆਰਾਂ, ਈਂਟ ਕਾ ਜਵਾਬ ਪੱਥਰ, ਵਿਦੇਸ਼, ਪਾਂਚ ਕੈਦੀ, ਜੀਨੇ ਨਹੀਂ ਦੂੰਗਾ, ਧਰਤੀ ਕੀ ਕਸਮ, ਫਾਸਲੇ ਆਦਿ| ਇਸ ਤੋਂ ਇਲਾਵਾ ਉਸ ਨੇ ਕੁਝ ਤੈਲਗੂ ਅਤੇ ਹਰਿਆਣਵੀ ਫਿਲਮਾਂ ਵੀ ਕੀਤੀਆਂ, ਜਿਨ੍ਹਾਂ ‘ਚ ਅਗਨੀ ਫੂਲੋਂ (ਤੈਲਗੂ) ਤੇ ਮਾਹਰਾ ਪੀਹਰ ਸਾਸਰਾ (ਹਰਿਆਣਵੀ) ਕਾਫੀ ਕਾਮਯਾਬ ਹੋਈਆਂ|
ਚੂਹੜ ਚੱਕ ਵਾਲੇ ਜਗਜੀਤ ਸਿੰਘ ਦੀ ਸੁਪਰ ਡੁਪਰ ਹਿੱਟ ਪੰਜਾਬੀ ਫਿਲਮ ‘ਪੁੱਤ ਜੱਟਾਂ ਦੇ’ ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਕੇ ਦਲਜੀਤ ਕੌਰ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਈ ਸੀ| ਬੰਗਾਲ ਦੀ ਜੰਮੀ ਪਲੀ ਹੋਣ ਕਰਕੇ ਉਸ ਲਈ ਪੰਜਾਬ ਦਾ ਪੇਂਡੂ ਕਲਚਰ ਨਵਾਂ ਸੀ| ਉਹ ਬੜਬੋਲੀ ਬਹੁਤ ਸੀ। ‘ਪੁੱਤ ਜੱਟਾਂ ਦੇ’ ਸੈਟ ‘ਤੇ ਕਹਿੰਦੀ ਸੀ ਕਿ ਮੈਂ ਲੰਮੀ ਹਾਂ ਤੇ ਹੀਰੋ ਵੀ ਨਾਲ ਲੰਮਾ ਚਾਹੀਦਾ ਹੈ| ਉਨ੍ਹੀਂ ਦਿਨੀਂ ਲੋਕ ਆਪਣੀ ਨਵੀਂ ਆਈ ਬਹੂ ਤੇ ਕੁੜੀ ਦੀ ਖੂਬਸੂਰਤੀ ਦਰਸਾਉਣ ਲਈ ਉਸ ਨੂੰ ਦਲਜੀਤ ਕੌਰ ਵਰਗੀ ਦੱਸਦੇ|
ਜਦੋਂ ਫਿਲਮ ‘ਬਟਵਾਰਾ’ ਸਿਨਮਾ ਘਰਾਂ ‘ਚ ਲੱਗੀ ਤਾਂ ਵਰਿੰਦਰ ਦੇ ਮੋਟਰ ਸਾਈਕਲ ਨਾਲ ਦਲਜੀਤ ਕੌਰ ਦਾ ਸਾਈਕਲ ਟਕਰਾਉਣ ਵਾਲਾ ਸੀਨ ਆਉਣ ‘ਤੇ ਮੁੰਡੇ ਸੀਟੀਆਂ ਬਹੁਤ ਮਾਰਦੇ| ਦਲਜੀਤ ਕੌਰ ਨੂੰ ਸਫਲ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਕਰਕੇ ਪੰਜਾਬੀ ਫਿਲਮਾਂ ਦੀ ਹੇਮਾ ਮਾਲਿਨੀ ਦਾ ਦਰਜਾ ਦਿੱਤਾ ਗਿਆ| ਦਲਜੀਤ ਕੌਰ ਦੀਆਂ ਸਫਲ ਪੰਜਾਬੀ ਫਿਲਮਾਂ ‘ਚ ਦਾਜ, ਪੁੱਤ ਜੱਟਾਂ ਦੇ, ਗਿੱਧਾ, ਮਾਮਲਾ ਗੜਬੜ ਹੈ, ਸੈਦਾਂ ਜੋਗਣ, ਸਰਪੰਚ, ਸ਼ੇਰਾਂ ਦੇ ਪੁੱਤ ਸ਼ੇਰ, ਇਸ਼ਕ ਨਿਮਾਣਾ, ਸੁਹਾਗ ਚੂੜਾ, ਨਿੰਮੋ, ਜੱਟ ਦਾ ਗੰਡਾਸਾ, ਜੱਟ ਪੰਜਾਬ ਦਾ, ਜੱਗਾ ਡਾਕੂ, ਜੋਰਾ ਜੱਟ, ਸਾਲੀ ਅੱਧੀ ਘਰ ਵਾਲੀ, ਉਡੀਕਾਂ ਸਾਉਣ ਦੀਆਂ, ਦੂਜਾ ਵਿਆਹ, ਅਣਖ ਜੱਟਾਂ ਦੀ, ਟਾਕਰੇ ਜੱਟਾਂ ਦੇ, ਰੂਪ ਸ਼ੌਕੀਨਣ ਦਾ, ਲਾਜੋ, ਬਟਵਾਰਾ, ਵੈਰੀ ਜੱਟ, ਪਟੋਲਾ, ਪੰਚਾਇਤ, ਸੋਹਣੀ ਮਹੀਂਵਾਲ, ਕੀ ਬਣੂੰ ਦੁਨੀਆਂ ਦਾ, ਮਾਹੌਲ ਠੀਕ ਹੈ, ਜੀ ਆਇਆਂ ਨੂੰ, ਸੱਜਣਾ ਵੇ ਸੱਜਣਾ, ਜਮੀਨ ਜੱਟ ਦੀ ਜਾਨ, ਪੰਜਾਬ ਬੋਲਦਾ, ਧੀਆਂ ਧੰਨ ਬੇਗਾਨਾ (ਕੈਨੇਡੀਅਨ ਫਿਲਮ) ਆਦਿ ਪ੍ਰਮੁੱਖ ਹਨ|
ਪੰਜਾਬ ‘ਚ ਛਾਏ ਕਾਲੇ ਦਿਨਾਂ ਦੌਰਾਨ ਜਦੋਂ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨੇਮਾ ਦਾ ਮਾੜਾ ਦੌਰ ਸ਼ੁਰੂ ਹੋਇਆ ਅਤੇ ਪੰਜਾਬੀ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੇ ਮੁੰਬਈ ਵੱਲ ਰੁਖ ਕਰ ਲਿਆ ਤੇ ਉਹ ਬੀ ਗ੍ਰੇਡ ਹਿੰਦੀ ਫਿਲਮਾਂ ਬਣਾਉਣ ਲੱਗ ਪਏ ਤਾਂ ਦਲਜੀਤ ਕੌਰ ਨੇ ਆਪਣੇ ਨਾਲ ਕੰਮ ਕਰਨ ਵਾਲੇ ਨਿਰਮਾਤਾਵਾਂ ਨੂੰ ਹੌਂਸਲਾ ਦੇ ਕੇ ਮੁੜ ਪੰਜਾਬੀ ਫਿਲਮਾਂ ਦਾ ਨਿਰਮਾਣ ਸ਼ੁਰੂ ਕਰਵਾਇਆ| ਗੁੱਗੂ ਗਿੱਲ ਤੇ ਯੋਗਰਾਜ, ਜੋ ਵਿਲੇਨ ਦਾ ਰੋਲ ਕਰਦੇ ਸਨ, ਉਨ੍ਹਾਂ ਨਾਲ ਦਲਜੀਤ ਕੌਰ ਇਕ ਨਾਇਕਾ ਵਜੋਂ ਆਈ| ਫਿਲਮ ‘ਅਣਖ ਜੱਟਾਂ ਦੀ’ ਅਤੇ ‘ਜੱਗਾ ਡਾਕੂ’ ਨਾਲ ਦਲਜੀਤ ਕੌਰ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੋ ਕਾਮਯਾਬ ਹੀਰੋ ਦਿੱਤੇ|
ਦਲਜੀਤ ਕੌਰ ਦਾ ਵਿਆਹ ਪੰਜਾਬ ਦੇ ਹੀ ਇੱਕ ਜਿਮੀਂਦਾਰ ਹਰਮਿੰਦਰ ਸਿੰਘ ਦਿਓਲ ਨਾਲ ਹੋਇਆ| ਫਿਲਮਾਂ ‘ਚ ਆਪਣੀ ਉਮਰ ਮੁਤਾਬਕ ਰੋਲ ਨਾ ਮਿਲਣ ਕਰਕੇ ਉਸ ਨੇ ਕੰਮ ਘਟਾ ਦਿੱਤਾ, ਪਰ ਹਰ ਸਾਲ ਇੱਕ ਅੱਧੀ ਫਿਲਮ ਤਾਂ ਉਸ ਦੀ ਆਉਂਦੀ ਹੀ ਰਹਿੰਦੀ ਸੀ| ਸਿਨੇਮਾ ਮੁੜ ਪੱਛੜ ਰਿਹਾ ਸੀ ਤਾਂ ਪਤੀ ਨਾਲ ਮਿਲ ਕੇ ਗੰਭੀਰ ਵਿਸ਼ੇ ਵਾਲੀ ਫਿਲਮ ‘ਬਾਗੀ’ ਬਣਾਈ, ਜੋ ਕਾਫੀ ਦੇਰ ਲਟਕਦੀ ਰਹੀ ਤੇ ਸੈਂਸਰ ਦੇ ਵਿਵਾਦਾਂ ‘ਚ ਘਿਰੀ ਰਹੀ| ਦੋ ਫਿਲਮਾਂ- ‘ਮਾਹੌਲ ਠੀਕ ਹੈ’ ਅਤੇ ‘ਜੀ ਆਇਆਂ ਨੂੰ’ ਨਾਲ ਪੰਜਾਬੀ ਸਿਨੇਮਾ ਮੁੜ ਲੀਹ ‘ਤੇ ਪੈ ਗਿਆ ਤੇ ਦਲਜੀਤ ਇਨ੍ਹਾਂ ਦੋਹਾਂ ਫਿਲਮਾਂ ਦਾ ਹਿੱਸਾ ਸੀ| ‘ਬਾਗੀ’ ਨੂੰ ਕੌਮਾਂਤਰੀ ਐਵਾਰਡ ਮਿਲਿਆ, ਪਰ ਪਤੀ ਦੀ ਇਕ ਸੜਕ ਹਾਦਸੇ ‘ਚ ਮੌਤ ਪਿਛੋਂ ਦਲਜੀਤ ਕੌਰ ਵਾਪਸ ਮੁੰਬਈ ਚਲੀ ਗਈ|
ਕੈਨੇਡੀਅਨ ਪ੍ਰਾਜੈਕਟ ਟੀ. ਵੀ. ਸੀਰੀਅਲ ਤਾਂ ਉਹ ਕਰ ਰਹੀ ਸੀ, ਪਰ ਉਹ ਜਦੋਂ ਵੀ ਕਿਸੇ ਪਬਲਿਕ ਫੰਕਸ਼ਨ ‘ਚ ਹੁੰਦੀ ਤਾਂ ਲੋਕ ਅਕਸਰ ਉਸ ਨੂੰ ਫਿਲਮਾਂ ਬਾਰੇ ਪੁੱਛਦੇ। ਇਸ ਕਰਕੇ ਉਹ ਮੁੜ ਪੰਜਾਬੀ ਫਿਲਮਾਂ ‘ਚ ਸਰਗਰਮ ਹੋ ਗਈ ਤੇ ਕੁਝ ਨਵੀਆਂ ਪੰਜਾਬੀ ਫਿਲਮਾਂ ‘ਚ ਮਾਂ ਦੇ ਰੋਲ ਵੀ ਕੀਤੇ| ਮੋਗਾ ਟੂ ਮੈਲਬੋਰਨ ਵਾਇਆ ਚੰਡੀਗੜ੍ਹ, ਹੀਰ ਰਾਂਝਾ, ਜੱਟ ਬੁਆਏਜ਼, ਸਿੰਘ ਵਰਸਿਜ਼ ਕੌਰ, ਐਸ਼ ਕਰ ਲੈ ਅਤੇ ਦੇਸੀ ਮੁੰਡੇ-ਦਲਜੀਤ ਦੀਆਂ ਪਿਛਲੇ ਕੁਝ ਸਾਲਾਂ ‘ਚ ਆਈਆਂ ਅਹਿਮ ਫਿਲਮਾਂ ਹਨ| 1976 ਤੋਂ ਲੈ ਕੇ 2016 ਤੱਕ ਪੂਰੇ 40 ਸਾਲ ਉਹ ਪੰਜਾਬੀ ਸਿਨੇਮਾ ਨਾਲ ਨਿਰੰਤਰ ਜੁੜੀ ਰਹੀ ਹੈ|
ਦਲਜੀਤ ਕੌਰ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਤੇ ਸਿਹਤ ਪੱਖੋਂ ਵੀ ਠੀਕ ਹੈ ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਉਹ ਹੌਲੀ ਹੌਲੀ ਯਾਦ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀ ਬਿਮਾਰੀ ਡਾਇਮੇਂਸ਼ੀਆ ਨਾਲ ਜੂਝ ਰਹੀ ਹੈ| ਹੁਣ ਉਸ ਨੂੰ ਚਾਰ ਦਹਾਕੇ ਪੁਰਾਣੀਆਂ ਪੰਜਾਬੀ ਫਿਲਮਾਂ ਨਾਲ ਜੁੜੀਆਂ ਗੱਲਾਂ ਵੀ ਯਾਦ ਨਹੀਂ ਰਹੀਆਂ| ਫਿਲਮਾਂ ਤਾਂ ਉਹ ਹੁਣ ਵੀ ਕਰ ਲੈਂਦੀ, ਪਰ ਨਿਰਮਾਤਾਵਾਂ ਦੇ ਨੁਕਸਾਨ ਨੂੰ ਲੈ ਕੇ ਉਸ ਨੇ ਸਿਨੇਮਾ ਤੋਂ ਦੂਰੀ ਬਣਾ ਲਈ ਹੈ| ਪਤੀ ਦੀ ਮੌਤ ਤੇ ਗੋਦ ਸੁੰਨੀ ਹੀ ਰਹਿਣ ਦਾ ਉਸ ਨੂੰ ਬਹੁਤ ਦੁੱਖ ਹੈ| ਉਹ ਇਸ ਸਮੇਂ ਮੁੰਬਈ ਆਪਣੇ ਫਲੈਟ ‘ਚ ਰਹਿ ਰਹੀ ਹੈ ਤੇ ਹਰਜਿੰਦਰ ਸਿੰਘ ਉਸ ਦੀ ਦੇਖਭਾਲ ਕਰ ਰਹੇ ਹਨ| ਉਸ ਦੀਆਂ ਭੈਣਾਂ ਇਸ ਸਮੇਂ ਦਿੱਲੀ, ਕੈਨੇਡਾ ਤੇ ਅਮਰੀਕਾ ਵਿਚ ਰਹਿੰਦੀਆਂ ਹਨ|
ਦਲਜੀਤ ਕੌਰ ਨੂੰ ਆਪਣੇ ਸਮੇਂ ‘ਚ ਤਾਂ ਕਈ ਸਟੇਟ ਐਵਾਰਡ ਮਿਲੇ ਸਨ ਪਰ ਚੰਗਾ ਹੋਵੇ ਜੇ ਮਾਣਯੋਗ ਐਵਾਰਡ ਸੰਸਥਾਵਾਂ ਉਸ ਨੂੰ ਪੰਜਾਬੀ ਸਿਨੇਮਾ ‘ਚ ਪਾਏ ਅਣਮੁੱਲੇ ਯੋਗਦਾਨ ਲਈ ਯਾਦ ਕਰ ਲੈਣ|