ਗੁਲਜ਼ਾਰ ਸਿੰਘ ਸੰਧੂ
ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ਮਨਾਏ ਗਏ ਰੰਧਾਵਾ ਉਤਸਵ ਨੇ ਮੈਨੂੰ ਸ਼ ਐਮ. ਐਸ਼ ਰੰਧਾਵਾ ਨਾਲ ਨਿੱਜੀ ਸਾਂਝ ਦੀਆਂ ਗੱਲਾਂ ਚੇਤੇ ਕਰਾ ਦਿੱਤੀਆਂ ਹਨ। 1956 ਵਿਚ ਉਨ੍ਹਾਂ ਨਾਲ ਪਈ ਮੇਰੀ ਸਾਂਝ ਇੱਕ ਸਬੱਬ ਦੀ ਗੱਲ ਸੀ, ਜੋ ਤਿੰਨ ਮਾਰਚ 1986 ਨੂੰ ਉਨ੍ਹਾਂ ਦੇ ਅਕਾਲ ਚਲਾਣੇ ਤੱਕ ਚਲਦੀ ਰਹੀ। ਮੈਂ ਉਨ੍ਹਾਂ ਨਾਲ ਕੇਂਦਰੀ ਸਰਕਾਰ ਦੇ ਖੇਤੀ ਮੰਤਰਾਲੇ ਵਿਚ ਹੀ ਕੰਮ ਨਹੀਂ ਕੀਤਾ, ਟ੍ਰਿਬਿਊਨ ਟਰਸਟ ਦਾ ਮੈਂਬਰ ਹੁੰਦਿਆਂ ਮੈਨੂੰ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਸੌਂਪਣ ਵਾਲੇ ਵੀ ਉਹੀਓ ਸਨ। ਮੈਨੂੰ ਵੱਡੀਆਂ ਆਸਾਮੀਆਂ ਲਈ ਚੁਣਨ ਵਾਲੇ ਇਸ ਗੱਲ ਦਾ ਉਚੇਚਾ ਧਿਆਨ ਰੱਖਦੇ ਸਨ ਕਿ ਮੈਂ ਸ਼ ਰੰਧਾਵਾ ਦਾ ਨਜ਼ਦੀਕੀ ਸਾਂ। ਸੱਚ ਜਾਣੋ, ਮੈਨੂੰ ਇਹ ਦੱਸਣ ਦੀ ਲੋੜ ਵੀ ਨਹੀਂ ਪਈ ਕਿ ਸ਼ ਰੰਧਾਵਾ ਮੈਨੂੰ ਜਾਣਦੇ ਹਨ। ਪੰਜਾਬੀ ਸਾਹਿਤ ਜਗਤ ਦੇ ਦੋ-ਚਾਰ ਮਹਾਰਥੀ ਮੇਰੇ ਨਾਲ ਇਸ ਲਈ ਬਣਾ ਕੇ ਰੱਖਦੇ ਸਨ ਕਿ ਮੈਂ ਐਮ. ਐਸ਼ ਰੰਧਾਵਾ ਦਾ ਜਾਣੂ ਸਾਂ।
ਜਿਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਉਹ ਇਹ ਹੈ ਕਿ ਮਹਿੰਦਰ ਸਿੰਘ ਰੰਧਾਵਾ ਮੇਰਾ ਸ਼ਾਗਿਰਦ ਵੀ ਸੀ। 1956 ਤੱਕ ਉਹ ਗੁਰਮੁਖੀ ਦੇ ਅੱਖਰ ਪਛਾਣਦੇ ਸਨ ਤੇ ਲੋੜ ਪੈਣ ‘ਤੇ ਪੜ੍ਹ ਵੀ ਲੈਂਦੇ ਸਨ, ਪਰ ਲਿਖਣੇ ਨਹੀਂ ਸਨ ਜਾਣਦੇ। ਮੇਰਾ ਉਨ੍ਹਾਂ ਦੀ ਤੀਨ ਮੂਰਤੀ ਵਾਲੀ ਕੋਠੀ ਆਉਣਾ-ਜਾਣਾ ਆਮ ਸੀ। ਇੱਕ ਐਤਵਾਰ ਮਿਲਣ ਗਿਆ ਤਾਂ ਉਨ੍ਹਾਂ ਨੇ ਇੱਕ ਨਵੀਂ ਕਾਪੀ ਉਤੇ ਰੂਪਮਤੀ ਤੇ ਬਾਜ਼ ਬਹਾਦਰ ਦੀ ਪ੍ਰੇਮ ਕਥਾ ਦੇ ਦੋ ਪੈਰੇ ਲਿਖੇ ਹੋਏ ਸਨ। ਮੈਂ ਗਲਤੀਆਂ ਦੱਸਣੀਆਂ ਸਨ। ਉਨ੍ਹਾਂ ਦੀ ਲਿਖਤ ਪੜ੍ਹਨੀ ਬੜੀ ਔਖੀ ਸੀ। ਮੈਂ ਸਾਰੀਆਂ ਗਲਤੀਆਂ ਹਾਸ਼ੀਏ ਵਿਚ ਲਿਖ ਦਿੱਤੀਆਂ ਤਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਰਾਰੀ ਜਿਹੀ ਚਾਹ ਬਣਵਾਉਣ ਲਈ ਕਿਹਾ। “ਮੇਰਾ ਮਾਸਟਰ ਅਮਲੀ ਹੈ, ਪੱਤੀ ਘੱਟ ਨਾ ਪਾਉਣਾ।” ਉਨ੍ਹਾਂ ਦਾ ਵਾਕ ਸੀ। ਮੈਂ ਕਿੰਨਾ ਕੁ ਅਮਲੀ ਸਾਂ, ਮੈਂ ਨਹੀਂ ਜਾਣਦਾ, ਪਰ ਉਨ੍ਹਾਂ ਨੇ ਆਪਣੇ ਉਸਤਾਦ ਨੂੰ ਅਮਲੀਆਂ ਵਾਲੀ ਚਾਹ ਪਿਲਾ ਕੇ ਤੋਰ ਦਿੱਤਾ।
ਮੈਂ ਅਗਲੇ ਐਤਵਾਰ ਗਿਆ ਤਾਂ ਉਨ੍ਹਾਂ ਨੇ ਸਾਰੀਆਂ ਗਲਤੀਆਂ ਪੰਜ ਪੰਜ ਵਾਰੀ ਲਿਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਦੋ ਤਿੰਨ ਫੇਰ ਵੀ ਗਲਤ ਸਨ। ਮੈਂ ਗਲਤੀਆਂ ਦੱਸ ਕੇ ਬੇਫਿਕਰ ਹੋ ਗਿਆ। ਉਹ ਪੜ੍ਹਨ ਵਾਲੀ ਮੇਜ਼ ਉਤੇ ਬਹਿ ਕੇ ਇਹੀਓ ਸ਼ਬਦ ਪੰਜ ਪੰਜ ਵਾਰ ਲਿਖ ਕੇ ਫੇਰ ਦਿਖਾਉਣ ਆ ਗਏ ਤੇ ਇਕ ਵਾਕ ਫੇਰ ਬੀਜੀ ਨੂੰ ਅਮਲੀਆਂ ਵਾਲੀ ਚਾਹ ਬਣਵਾਉਣ ਦੀ ਤਾਕੀਦ ਕੀਤੀ। ‘ਰੂਪਮਤੀ ਤੇ ਬਾਜ਼ ਬਹਾਦਰ’ ਇਕ ਦਰਜਨ ਮੁਲਾਕਾਤਾਂ ਵਿਚ ਸਿਰੇ ਲੱਗੀ।
ਉਨ੍ਹਾਂ ਦੇ ਅਕਾਲ ਚਲਾਣੇ ਤੱਕ ਬਣੀ ਨਿੱਜੀ ਸਾਂਝ ਦਾ ਮੁੱਢ ਸਾਡੀ ਉਸਤਾਦੀ ਸ਼ਾਗਿਰਦੀ ਸਮੇਂ ਬੱਝਾ ਸੀ। ਇਥੋਂ ਤੱਕ ਕਿ ਦਫਤਰੀ ਸਾਂਝ ਦੇ ਖਤਮ ਹੋ ਜਾਣ ਤੋਂ ਪਿਛੋਂ ਵੀ ਉਨ੍ਹਾਂ ਨੇ ਮੇਰੇ ਨਾਲ ਰਾਬਤਾ ਬਣਾਈ ਰੱਖਿਆ। ਉਹ ਮੇਰੇ ਨਾਲ ਆਪਣੇ ਦੁਖ-ਸੁਖ ਵੀ ਸਾਂਝੇ ਕਰਦੇ। ਗੱਲਾਂ ਤਾਂ ਬਹੁਤ ਹਨ, ਪਰ ਮੈਂ 5 ਫਰਵਰੀ 1965 ਵਾਲੀ ਮਿਲਣੀ ਦੱਸਣਾ ਚਾਹਾਂਗਾ। ਉਨ੍ਹਾਂ ਵਲੋਂ ਸੱਦਾ ਆਇਆ ਤਾਂ ਮੈਂ ਨੋਟ ਬੁੱਕ ਤੇ ਪੈਨਸਿਲ ਲੈ ਕੇ ਉਨ੍ਹਾਂ ਦੇ ਦਫਤਰ ਚਲਾ ਗਿਆ। ਕੀ ਵੇਖਦਾ ਹਾਂ, ਉਹ ਚੁੱਪ ਚਾਪ ਖਿੜਕੀ ਵੱਲ ਤੱਕੀ ਜਾ ਰਹੇ ਹਨ। ਮੈਨੂੰ ਬੈਠਣ ਦਾ ਇਸ਼ਾਰਾ ਕਰਕੇ ਵੀ ਖਿੜਕੀ ਵੱਲ ਹੀ ਵੇਖੀ ਜਾਣ। ਮੇਰੇ ਲਈ ਉਨ੍ਹਾਂ ਦਾ ਇਹ ਵਤੀਰਾ ਬਿਲਕੁਲ ਓਪਰਾ ਸੀ।
“ਬੜਾ ਮਾੜਾ ਕੀਤਾ ਹੈ ਗਧਿਆਂ ਨੇ।” ਮੇਰੇ ਵੱਲ ਮੂੰਹ ਭੰਵਾ ਕੇ ਉਨ੍ਹਾਂ ਨੇ ਏਨਾ ਹੀ ਕਿਹਾ। ਮੈਨੂੰ ਕੋਈ ਸਮਝ ਨਾ ਪਈ। “ਪਛਤਾਉਣਗੇ ਮੂਰਖ।” ਕਹਿ ਕੇ ਉਨ੍ਹਾਂ ਨੇ ਮਨ ਦੀ ਗੱਲ ਮੇਰੇ ਨਾਲ ਸਾਂਝੀ ਕੀਤੀ। ਪ੍ਰਤਾਪ ਸਿੰਘ ਕੈਰੋਂ ਦਿੱਲੀ ਤੋਂ ਪੰਜਾਬ ਜਾ ਰਹੇ ਸਨ ਤਾਂ ਦਿੱਲੀ ਦਾ ਬਾਰਡਰ ਪਾਰ ਕਰਦੇ ਸਾਰ ਉਨ੍ਹਾਂ ਦਾ ਕਤਲ ਹੋ ਚੁਕਾ ਸੀ, ਜਿਸ ਦਾ ਪੂਰਾ ਵੇਰਵਾ ਸ਼ ਰੰਧਾਵਾ ਕੋਲ ਪਹੁੰਚ ਚੁਕਾ ਸੀ। ਮੇਰੇ ਵਰਗੇ ਆਮ ਬੰਦਿਆਂ ਨੂੰ ਇਸ ਦੀ ਉਕਾ ਕੋਈ ਖਬਰ ਨਹੀਂ ਸੀ। ਸ਼ ਰੰਧਾਵਾ ਨੂੰ ਇਕੱਲਿਆਂ ਇਹ ਖਬਰ ਹਜ਼ਮ ਨਹੀਂ ਸੀ ਹੋ ਰਹੀ। ਉਨ੍ਹਾਂ ਨੇ ਸਾਰੀ ਵਾਰਦਾਤ ਦੁਹਰਾਈ ਤੇ ਮੁੜ ਖਿੜਕੀ ਵਿਚੋਂ ਬਾਹਰ ਨੂੰ ਵੇਖਣ ਲੱਗ ਪਏ। ਸ਼ ਰੰਧਾਵਾ ਸ਼ ਕੈਰੋਂ ਦੇ ਬੜੇ ਮੱਦਾਹ ਸਨ। ਸ਼ ਕੈਰੋਂ ਦੇ ਵਿਕਾਸ ਮੰਤਰੀ ਹੁੰਦੇ ਸਮੇਂ ਉਹ ਪੰਜਾਬ ਸਰਕਾਰ ਦਾ ਵਿਕਾਸ ਕਮਿਸ਼ਨਰ ਰਹਿ ਚੁਕੇ ਸਨ। ਉਨ੍ਹਾਂ ਨੇ ਆਪਣਾ ਦੁੱਖ ਸਾਂਝਾ ਕਰਨ ਲਈ ਕੇਵਲ ਤੇ ਕੇਵਲ ਮੈਨੂੰ ਚੁਣਿਆ ਸੀ।
“ਚਲੋ ਘਰ ਚਲਦੇ ਹਾਂ। ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ।” ਕਹਿ ਕੇ ਉਨ੍ਹਾਂ ਨੇ ਘੰਟੀ ਦੇ ਕੇ ਚਪੜਾਸੀ ਨੂੰ ਹੁਕਮ ਦਿੱਤਾ ਕਿ ਡਰਾਈਵਰ ਨੂੰ ਖਬਰਦਾਰ ਕਰ ਦੇਵੇ। ਅਸੀਂ ਦੋਵੇਂ ਉਨ੍ਹਾਂ ਦੀ ਗੱਡੀ ਵਿਚ ਤੀਨ ਮੂਰਤੀ ਲੇਨ ਪਹੁੰਚ ਗਏ।
ਮੈਨੂੰ ਬਰਾਮਦੇ ਵਿਚ ਬਿਠਾ ਕੇ ਖੁਦ ਅੰਦਰ ਆਪਣੀ ਪਤਨੀ ਕੋਲ ਚਲੇ ਗਏ। ਖਬਰ ਸੁਣ ਕੇ ਬੀਜੀ ਵੀ ਚੁੱਪ ਹੋ ਗਏ। ਅਸੀਂ ਤਿੰਨਾਂ ਨੇ ਚੁੱਪ ਚਾਪ ਖਾਣਾ ਖਾਧਾ ਤੇ ਡਰਾਈਵਰ ਨੂੰ ਹੁਕਮ ਹੋਇਆ ਕਿ ਮੈਨੂੰ ਦਫਤਰ ਛੱਡ ਕੇ ਗੱਡੀ ਵਾਪਸ ਲੈ ਆਵੇ। “ਟਾਈਪ ਬਾਬੂ (ਭਾਵ ਪੀ. ਏ.) ਨੂੰ ਦੱਸ ਆਵੀਂ ਕਿ ਮੈਂ ਅੱਜ ਦਫਤਰ ਦਾ ਕੋਈ ਕੰਮ ਨਹੀਂ ਕਰਨਾ। ਮੈਨੂੰ ਨਾ ਉਡੀਕੇ।”
ਅੰਤਿਕਾ: ਮਿਰਜ਼ਾ ਗ਼ਾਲਿਬ
ਨਗਮਾ ਹਾਏ ਗਮ ਕੋ ਭੀ ਐ ਦਿਲ ਗਨੀਮਤ ਜਾਨੀਏ
ਬੇਸਦਾ ਹੋ ਜਾਏਗਾ ਯੇਹ ਸਾਜ਼ ਏ ਹਸਤੀ ਏਕ ਦਿਨ।