ਅਕਾਲੀ-ਭਾਜਪਾ ਗੱਠਜੋੜ ਵਿਚਕਾਰ ‘ਸਭ ਅੱਛਾ’ ਨਹੀਂ

ਅਕਾਲੀ ਦਲ ਸਿੱਖ ਮਾਮਲਿਆਂ ਵਿਚ ਦਖਲ ਤੋਂ ਹੋਇਆ ਔਖਾ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਉਤੇ ਸੰਕਟ ਦੇ ਬੱਦਲ ਦਿਸਣ ਲੱਗੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਅਕਾਲੀ ਦਲ ਨੇ ਭਾਜਪਾ ਨੂੰ ਸਿੱਖਾਂ ਦੇ ਮਸਲਿਆਂ ਵਿਚ ਦਖਲ ਦੇਣ ਤੋਂ ਬਾਜ਼ ਨਾ ਆਉਣ ਉਤੇ ਗੱਠਜੋੜ ਤੋੜਨ ਦੀ ਧਮਕੀ ਦਿੱਤੀ ਹੈ। ਅਕਾਲੀਆਂ ਦੀ ਇਸ ਧਮਕੀ ਤੋਂ ਬਾਅਦ ਭਾਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਬੁਲਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂਆਂ ਨੂੰ ਭਾਜਪਾ ਖਿਲਾਫ ਬਿਆਨਬਾਜ਼ੀ ਲਈ ਅੱਗੇ ਕੀਤਾ ਹੋਇਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਾਫ ਕਰ ਦਿੱਤਾ ਕਿ ਅਕਾਲੀ ਦਲ ਗੁਰਦੁਆਰਿਆਂ ਵਿਚ ਬੇਲੋੜੇ ਦਖਲ ਨੂੰ ਰੋਕਣ ਲਈ ‘ਗੱਠਜੋੜ ਦੀ ਕੁਰਬਾਨੀ’ ਦੇਣ ਲਈ ਵੀ ਤਿਆਰ ਹੈ। ਅਕਾਲੀਆਂ ਦਾ ਦੋਸ਼ ਹੈ ਕਿ ਤਖਤ ਹਜ਼ੂਰ ਸਾਹਿਬ ਨਾਂਦੇੜ ਦੇ ਐਕਟ ‘ਚ ਤਬਦੀਲੀ ਕਰ ਕੇ ਭਾਜਪਾ ਦੀ ਅਗਵਾਈ ਵਾਲੀ ਮਹਾਂਰਾਸ਼ਟਰ ਸਰਕਾਰ ਨੇ ਪਹਿਲਾਂ ਬੇਲੋੜੀ ਦਖਲਅੰਦਾਜ਼ੀ ਕੀਤੀ ਤੇ ਹੁਣ ਆਪਣਾ ਪ੍ਰਧਾਨ ਲਾਉਣਾ ਚਾਹੁੰਦੀ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਰੱਖੇ ਭੋਜ ਉਤੇ ਭਾਵੇਂ ਭਾਜਪਾ ਨਾਲ ਸਬੰਧਤ ਕਈ ਕੇਂਦਰੀ ਮੰਤਰੀ ਸ਼ਾਮਲ ਹੋਏ ਪਰ ਅਕਾਲੀ ਦਲ ਨੇ ਉਸੇ ਦਿਨ ਕੌਮੀ ਜਮਹੂਰੀ ਗੱਠਜੋੜ (ਐਨæਡੀæਏæ) ਦੀ ਅੰਤ੍ਰਿਮ ਬਜਟ ਤੋਂ ਪਹਿਲਾਂ ਹੋਈ ਮੀਟਿੰਗ ਦਾ ਬਾਈਕਾਟ ਕਰ ਕੇ ਨਾਰਾਜ਼ਗੀ ਦਰਸਾਉਣ ਦਾ ਮੌਕਾ ਹੱਥੋਂ ਨਹੀਂ ਗੁਆਇਆ। ਅਕਾਲੀ ਦਲ ਨੇ ਪਹਿਲੀ ਵਾਰ ਭਾਈਵਾਲ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਉਤੇ ਵੀ ਸਵਾਲ ਚੁੱਕੇ ਤੇ ਕਿਸਾਨਾਂ ਨੂੰ ਦਿੱਤੀ ਮਾਮੂਲੀ ਰਾਹਤ ਉਤੇ ਇਤਰਾਜ਼ ਜਤਾਇਆ।
ਦਰਅਸਲ, ਬੀæਜੇæਪੀæ ਦੀ ਸਿੱਖ ਵੋਟਰਾਂ ‘ਤੇ ਅੱਖ ਸ਼੍ਰੋਮਣੀ ਅਕਾਲੀ ਦਲ ਨੂੰ ਚੁਭ ਰਹੀ ਹੈ। ਭਾਜਪਾ ਭਾਵੇਂ ਗੱਠਜੋੜ ਧਰਮ ਨਿਭਾਉਣ ਦੀਆਂ ਗੱਲਾਂ ਕਰ ਰਹੀ ਹੈ ਪਰ ਭਾਈਵਾਲਾਂ ਨੂੰ ਘੇਰਨ ਲਈ ਇਸ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਦੁਆਰਾ ਬਣਾਈ ਰਾਸ਼ਟਰੀ ਸਿੱਖ ਸੰਗਤ ਨੂੰ ਅੱਗੇ ਕੀਤਾ ਹੋਇਆ ਹੈ। ਅਕਾਲੀ ਆਗੂਆਂ ਵੱਲੋਂ ਗੱਠਜੋੜ ਤੋਂ ਅਲੱਗ ਹੋਣ ਦੀ ਚਿਤਾਵਨੀ ਤੋਂ ਬਾਅਦ ਰਾਸ਼ਟਰੀ ਸਿੱਖ ਸੰਗਤ ਨੇ ਅਕਾਲੀ ਦਲ ਉਤੇ ਸਿਆਸੀ ਮਕਸਦ ਲਈ ਧਰਮ ਦੀ ਵਰਤੋਂ ਦੇ ਦੋਸ਼ ਲਗਾ ਕੇ ਇਹ ਸੰਕੇਤ ਦੇ ਦਿੱਤੇ ਕਿ ਇਸ ਚਿਤਾਵਨੀ ਦਾ ਉਨ੍ਹਾਂ ਉਤੇ ਕੋਈ ਅਸਰ ਨਹੀਂ।
ਅਸਲ ਵਿਚ, ਬੀæਜੇæਪੀæ ਸਿੱਖ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਸ ਮਕਸਦ ਲਈ ਬੀæਜੇæਪੀæ ਦੀ ਸਰਪ੍ਰਸਤ ਆਰæਐਸ਼ਐਸ਼ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ। ਆਰæਐਸ਼ਐਸ਼ ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਇਸ ਲਈ ਸਰਗਰਮ ਹੈ। ਇਹੋ ਕਾਰਨ ਹੈ ਕਿ ਰਾਸ਼ਟਰੀ ਸਿੱਖ ਸੰਗਤ ਨੇ ਸ਼੍ਰੋਮਣੀ ਕਮੇਟੀ ਉਪਰ ਅਕਾਲੀ ਦਲ ਦੇ ਕਬਜ਼ੇ ਖਿਲਾਫ ਮੋਰਚਾ ਖੋਲ੍ਹਿਆ ਹੈ। ਪਿਛਲੇ ਕੁਝ ਸਮੇਂ ਵਿਚ ਮੋਦੀ ਸਰਕਾਰ ਨੇ ਸਿੱਧਾ ਸਿੱਖ ਮਸਲਿਆਂ ਵਿਚ ਦਖਲ ਦੇਣਾ ਸ਼ੁਰੂ ਕੀਤੀ ਹੈ। ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਕਈ ਐਲਾਨ ਵੀ ਕੀਤੇ ਹਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਤੇ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਸਮਾਗਮ ਮਨਾਉਣ ਬਾਰੇ ਵੀ ਮੋਦੀ ਸਰਕਾਰ ਨੇ ਖੁਦ ਦੇ ਸਿਰ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ। ਬੀæਜੇæਪੀæ ਦੇ ਲੀਡਰ ਹਮੇਸ਼ਾ ਇਸ ਸਭ ਕਾਸੇ ਲਈ ਕੇਂਦਰ ਸਰਕਾਰ ਨੂੰ ਹੀ ਕ੍ਰੈਡਿਟ ਦਿੰਦੇ ਹਨ। ਇਸ ਗੱਲ ਤੋਂ ਅਕਾਲੀ ਦਲ ਦੇ ਲੀਡਰ ਔਖੇ ਹਨ। ਅਕਾਲੀ ਚਾਹੁੰਦੇ ਹਨ ਕਿ ਬੀæਜੇæਪੀæ ਸਿੱਖਾਂ ਦੇ ਮਸਲਿਆਂ ਬਾਰੇ ਵਾਇਆ ਅਕਾਲੀ ਦਲ ਹੀ ਕੰਮ ਕਰੇ। ਇਸ ਬਾਰੇ ਸੁਖਬੀਰ ਬਾਦਲ ਨੇ ਲੰਘੇ ਦਿਨੀਂ ਅਮਿਤ ਸ਼ਾਹ ਨੂੰ ਸਪਸ਼ਟ ਵੀ ਕਰ ਦਿੱਤਾ ਹੈ। ਉਧਰ, ਬੀæਜੇæਪੀæ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਹਾਲ ਦੀ ਘੜੀ ਉਨ੍ਹਾਂ ਦਾ ਅਕਾਲੀ ਦਲ ਬਿਨਾ ਗੁਜ਼ਾਰਾ ਨਹੀਂ। ਇਸ ਲਈ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਸੁਖਬੀਰ ਬਾਦਲ ਦੇ ਬੋਲ ਬਦਲ ਗਏ।
ਉਂਜ, ਅਕਾਲੀ ਨੇਤਾਵਾਂ ਨੂੰ ਜਾਪਦਾ ਹੈ ਕਿ ਅਕਾਲੀ ਦਲ ਵਿਚਲੀ ਫੁੱਟ ਨੂੰ ਭਾਜਪਾ ਹਵਾ ਦੇ ਰਹੀ ਹੈ ਅਤੇ ਪੰਜਾਬ ਵਿਚ ਭਾਜਪਾ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਇਸ ਮੌਕੇ ਨੂੰ ਗਨੀਮਤ ਸਮਝ ਰਹੀ ਹੈ। ਅਕਾਲੀਆਂ ਦੇ ਬਾਗੀਆਂ ਨੂੰ ਭਾਜਪਾ ਦਾ ਚੋਗੇ ਤੋਂ ਵੀ ਦੋਵਾਂ ਧਿਰਾਂ ਵਿਚ ਤਲਖੀ ਵਧੀ ਹੈ। ਬਾਗ਼ੀ ਰੁਖ ਅਖਤਿਆਰ ਕਰੀ ਬੈਠੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਤੋਂ ਅਸਤੀਫਾ ਦੇ ਚੁੱਕੇ ਵਕੀਲ ਵਿਧਾਇਕ ਐਚæਐਸ਼ ਫੂਲਕਾ ਨੂੰ ਪਦਮ ਭੂਸ਼ਣ ਤੇ ਪਦਮਸ੍ਰੀ ਐਵਾਰਡਾਂ ਨਾਲ ਨਿਵਾਜ ਦਿੱਤਾ ਗਿਆ, ਪਰ ਇਸ ਬਾਰੇ ਕਿਸੇ ਵੱਡੇ ਤੋਂ ਵੱਡੇ ਅਕਾਲੀ ਨੇਤਾ ਤਾਂ ਕੀ ਸਗੋਂ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹਰਸਿਮਰਤ ਕੌਰ ਬਾਦਲ ਤੱਕ ਨੂੰ ਵੀ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਅਕਾਲੀ ਦਲ ਦੇ ਹਲਕਿਆਂ ਵਿਚ ਇਕ ਨਵੀਂ ਤਰ੍ਹਾਂ ਦਾ ਡਰ ਵੀ ਪੈਦਾ ਹੁੰਦਾ ਸੁਣਾਈ ਦੇ ਰਿਹਾ ਹੈ ਕਿ ਕਿਤੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਨੂੰ ਛੱਡ ਕੇ ਕੁਝ ਪ੍ਰਮੁੱਖ ਸਿੱਖ ਚਿਹਰਿਆਂ ਨੂੰ ਅੱਗੇ ਲਾ ਕੇ ਆਪਣੇ ਤੌਰ ‘ਤੇ ਹੀ ਲੜਨ ਦਾ ਫੈਸਲਾ ਨਾ ਕਰ ਲਵੇ। ਕਿਉਂਕਿ ਇਹ ਚਰਚੇ ਪਹਿਲਾਂ ਹੀ ਜਾਰੀ ਹਨ ਕਿ ਭਾਜਪਾ ‘ਆਪ’ ਦੇ ਬਾਗੀ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਟਿਕਟ ਦੇਣਾ ਚਾਹੁੰਦੀ ਹੈ।
ਐਡਵੋਕੇਟ ਫੂਲਕਾ ਨੇ ਭਾਵੇਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ, ਪਰ ਭਾਜਪਾ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਚੁੱਕੀ ਹੈ। ਸਮਝਿਆ ਜਾਂਦਾ ਹੈ ਕਿ ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਹੀ ਅਕਾਲੀ ਦਲ ਨੇ ਸੋਚੀ-ਸਮਝੀ ਰਣਨੀਤੀ ਅਧੀਨ ਸਿਰਸਾ ਤੋਂ ਇਹ ਸਖਤ ਬਿਆਨ ਦਿਵਾਇਆ ਹੈ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰੇ ਨਹੀਂ ਤਾਂ ਭਾਜਪਾ ਨਾਲੋਂ ਗੱਠਜੋੜ ਟੁੱਟ ਜਾਏਗਾ। ਦੂਜੇ ਪਾਸੇ ਰਾਸ਼ਟਰੀ ਸਿੱਖ ਸੰਗਤ ਨਾਲ ਸਬੰਧਤ ਭਾਜਪਾ ਨੇਤਾ ਆਰæਪੀæ ਸਿੰਘ ਨੇ ਵੀ ਜਵਾਬੀ ਹਮਲਾ ਕਰ ਕੇ ਅਕਾਲੀ ਦਲ ਵੱਲੋਂ ਕੇਂਦਰੀ ਸਰਕਾਰ ਵਿਚ ਸ਼ਾਮਲ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਕਿਹਾ ਹੈ ਕਿ ਅਕਾਲੀ ਦਲ ਗੱਠਜੋੜ ਤੋੜਨ ਦੀ ਗੱਲ ਤੋਂ ਪਹਿਲਾਂ ਕੇਂਦਰੀ ਸਰਕਾਰ ਤੋਂ ਬਾਹਰ ਹੋਵੇ। ਦੱਸ ਦਈਏ ਕਿ ਜਦ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਵੱਡੀ ਪਾਰਟੀ ਵਜੋਂ ਉਭਰੀ ਤਾਂ ਸਰਕਾਰ ਬਣਾਉਣ ਲਈ ਕੋਈ ਹੋਰ ਧਿਰ ਭਾਜਪਾ ਦੇ ਨੇੜੇ ਜਾਣ ਲਈ ਤਿਆਰ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਸੀ ਜਿਸ ਨੇ ਭਾਜਪਾ ਨੂੰ ਉਸ ਵਕਤ ਬਿਨਾਂ ਸ਼ਰਤ ਹਮਾਇਤ ਦਿੱਤੀ। ਸ਼ਿਵ ਸੈਨਾ ਅਤੇ ਸਮਾਜਵਾਦੀਆਂ ਦੇ ਕਈ ਗਰੁੱਪ ਬਾਅਦ ਵਿਚ ਭਾਜਪਾ ਨਾਲ ਗਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਦੇ ਕਾਰਨ ਅਕਾਲੀ ਦਲ ਦੇ ਪੰਥਕ ਵੋਟ ਬੈਂਕ ਨੂੰ ਲੱਗੇ ਖੋਰੇ ਨੇ ਪਾਰਟੀ ਦੇ ਦਹਾਕਿਆਂ ਤੋਂ ਬਣੇ ਪ੍ਰਭਾਵ ਮੱਧਮ ਪਾ ਦਿੱਤਾ ਹੈ। ਇਸ ਮਾਮਲੇ ਨੂੰ ਪੂਰੀ ਤਰ੍ਹਾਂ ਹੱਲ ਨਾ ਕਰ ਸਕਣ ਕਰਕੇ ਪਾਰਟੀ ਦੇ ਸੀਨੀਅਰ ਆਗੂ ਅਕਾਲੀ ਦਲ ਛੱਡ ਗਏ ਹਨ।
—————————-
ਅਕਾਲੀਆਂ ਨੂੰ ਹੁਣ ਹੀ ਆਈ ਸਿਆਸੀ ਦਖਲ ਦੀ ਯਾਦ
ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ 1956 ਦੇ ਗੁਰਦੁਆਰਾ ਬੋਰਡ ਐਕਟ ਦੇ ਅਧੀਨ ਚਲਦਾ ਆ ਰਿਹਾ ਸੀ, ਜਿਸ ਦੇ 17 ਮੈਂਬਰ ਆਪਣਾ ਪ੍ਰਧਾਨ ਚੁਣਦੇ ਸਨ, ਪਰ 18 ਫਰਵਰੀ, 2015 ਨੂੰ ਮਹਾਰਾਸ਼ਟਰ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਕੇ ਇਹ ਤਾਕਤ ਆਪਣੇ ਹੱਥਾਂ ਵਿਚ ਲੈ ਲਈ ਸੀ ਤੇ ਭਾਜਪਾ ਵਿਧਾਇਕ ਤਾਰਾ ਸਿੰਘ ਨੂੰ ਬੋਰਡ ਦਾ ਮੁਖੀ ਥਾਪ ਦਿੱਤਾ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਵਿਰੋਧ ਕੀਤਾ। ਹਜ਼ੂਰ ਸਾਹਿਬ ਦੀ ਸਿੱਖ ਸੰਗਤ ਵੱਲੋਂ ਇਸ ਦੇ ਖਿਲਾਫ਼ ਅਦਾਲਤ ਵਿਚ ਕੇਸ ਵੀ ਕੀਤਾ ਗਿਆ ਜੋ ਅਜੇ ਵੀ ਅਦਾਲਤ ਵਿਚ ਹੈ ਪਰ ਬਾਅਦ ਵਿਚ ਅਕਾਲੀ ਦਲ ਭਾਣਾ ਮੰਨ ਕੇ ਹੀ ਨਹੀਂ ਬੈਠ ਗਿਆ, ਸਗੋਂ ਬੋਰਡ ਦੇ ਸਾਬਕਾ ਪ੍ਰਧਾਨ ਡੱਡੂ ਸਿੰਘ ਮਹਾਜਨ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ, ਸਰਕਾਰ ਵੱਲੋਂ ਨਿਯੁਕਤ ਤਾਰਾ ਸਿੰਘ ਦੀ ਮਦਦ ਵੀ ਕਰਦੀ ਰਹੀ। ਫਿਰ ਹੁਣ 4 ਸਾਲਾਂ ਬਾਅਦ ਅਜਿਹਾ ਕੀ ਹੋ ਗਿਆ ਕਿ ਅਕਾਲੀ ਦਲ ਨੂੰ ਇੰਨਾ ਸਖਤ ਸਟੈਂਡ ਲੈਣਾ ਪਿਆ?