ਕਰਤਾਰਪੁਰ ਲਾਂਘਾ: ਭਾਰਤ ਵੱਲ ਕੰਮ ਦੀ ਰਫਤਾਰ ਮੱਠੀ, ਲਾਲ ਝੰਡੀਆਂ ਲਾ ਕੇ ਹੀ ਬੁੱਤਾ ਸਾਰਿਆ

ਬਟਾਲਾ: ਕਰਤਾਰਪੁਰ ਲਾਂਘੇ ਦੇ ਉਦਘਾਟਨ ਨੂੰ 26 ਜਨਵਰੀ ਨੂੰ ਪੂਰੇ ਦੋ ਮਹੀਨੇ ਹੋ ਗਏ, ਪਰ ਕੇਂਦਰ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਚ ਹੁਣ ਤੱਕ ਸਿਰਫ ਜ਼ਮੀਨਾਂ ਦੀ ਨਿਸ਼ਾਨਦੇਹੀ ਲਈ ਲਾਲ ਝੰਡੀ ਲਾਈ ਹੈ, ਜਦੋਂਕਿ ਪਾਕਿਸਤਾਨ ਦੇ ਅਧਿਕਾਰੀ ਡੇਰਾ ਬਾਬਾ ਨਾਨਕ ਕੋਲ ਲੱਗੀ ਕੰਡਿਆਲੀ ਤਾਰ ‘ਜ਼ੀਰੋ ਲਾਈਨ’ ਤੱਕ ਲਾਂਘੇ ਲਈ ਆਪਣੇ ਪਾਸਿਉਂ ਜ਼ਮੀਨ ਦੀ ਨਿਸ਼ਾਨਦੇਹੀ ਕਰਦੇ ਦੇਖੇ ਗਏ। 3 ਹਫਤੇ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਜਾਰੀ ਕੰਮ ਦੀਆਂ ਤਸਵੀਰਾਂ ਤੋਂ ਬਾਅਦ ਵੀ ਭਾਰਤ ਨੇ ਰਫਤਾਰ ਨਹੀਂ ਫੜੀ ਹੈ। ਹਾਲੇ ਤੱਕ ਸੜਕਾਂ ਵਿਛਾਉਣ ਲਈ ਵੀ ਪ੍ਰਵਾਨਗੀ ਨਹੀਂ ਮਿਲੀ ਹੈ, ਪਰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਥਾਪਤ ਦੂਰਬੀਨਾਂ ਨੂੰ ਨਵੀਂ ਤੇ ਵਿਕਸਤ ਦੂਰਬੀਨਾਂ ਨਾਲ ਬਦਲ ਜ਼ਰੂਰ ਦਿੱਤਾ ਗਿਆ ਹੈ।

ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦਾ ਦੌਰਾ ਕੀਤਾ ਅਤੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਰਹੀ ਸੰਗਤ ਦੀ ਵੱਧ ਰਹੀ ਆਮਦ ਨੂੰ ਵੇਖਦੇ ਹੋਏ ਕਰਤਾਰਪੁਰ ਦਰਸ਼ਨ ਸਥਲ ਉਤੇ ਨਵੀਂ ਤਕਨੀਕ ਦੀਆਂ ਦੂਰਬੀਨਾਂ ਸਥਾਪਤ ਕੀਤੀਆਂ ਗਈਆਂ। ਭਾਰਤ ਦੇ ਉਪ ਰਾਸ਼ਟਰਪਤੀ ਵੱਲੋਂ 26 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ। ਦੋ ਮਹੀਨੇ ਲੰਘਣ ‘ਤੇ ਕੇਂਦਰ ਸਰਕਾਰ ਨੇ ਕੌਮਾਂਤਰੀ ਸੀਮਾ ਉਤੇ ਸਿਰਫ ‘ਲਾਲ ਝੰਡੀ’ ਹੀ ਲਾਈ ਹੈ, ਜਦੋਂਕਿ ਨੈਸ਼ਨਲ ਹਾਈਵੇਅ ਅਥਾਰਟੀ ਨੇ ਦੋ ਵਾਰ ਡੇਰਾ ਬਾਬਾ ਨਾਨਕ ਦਾ ਦੌਰਾ ਕਰ ਕੇ ਕੰਮ ਦਾ ਮੁਆਇਨਾ ਕੀਤਾ ਹੈ। ਇਸੇ ਤਰ੍ਹਾਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੌਮਾਂਤਰੀ ਸੀਮਾ ‘ਤੇ ਲੱਗੇ ਬੀ.ਐਸ਼ਐਫ਼ ਦੇ ਟਾਵਰ ‘ਤੇ ਚੜ੍ਹ ਕੇ ਪਾਕਿਸਤਾਨ ਵੱਲ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ।
ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਿਸ ਢੰਗ ਨਾਲ ਲਾਂਘੇ ਦਾ ਕੰਮ ਕਰ ਰਹੀ ਹੈ, ਕੀ ਚਾਰ ਮਹੀਨਿਆਂ ਵਿਚ ਕੰਮ ਪੂਰਾ ਹੋਣ ਦਾ ਵਾਅਦਾ ਪੂਰਾ ਹੋਵੇਗਾ? ਇਹ ਵੀ ਜਾਣਕਾਰੀ ਮਿਲੀ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਲਾਂਘੇ ‘ਚ ਆਉਂਦੀ ਹੈ, ਉਨ੍ਹਾਂ ਕਿਸਾਨਾਂ ਨਾਲ ਡਿਪਟੀ ਕਮਿਸ਼ਨਰ ਦੀ ਮੀਟਿੰਗ ਹੋਣੀ ਸੀ, ਪਰ ਡੀਸੀ ਵੱਲੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਡੀ.ਸੀ ਵਿਪੁਲ ਉਜਵਲ ਅਨੁਸਾਰ ਜਿਹੜੇ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕੀਤੀ ਜਾਣੀ ਹੈ, ਉਨ੍ਹਾਂ ਦੀ ਸੂਚੀ ਤਿਆਰ ਹੋ ਰਹੀ ਹੈ। ਜਿਹੜੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ, ਉਹ ਜ਼ਮੀਨ ਦਾ ਮੁੱਲ ਚਾਰ ਗੁਣਾ ਵੱਧ ਮੰਗ ਰਹੇ ਹਨ।
____________________________
ਪਾਕਿ ਨੇ 40 ਫੀਸਦੀ ਮੁਕੰਮਲ ਕੀਤੀ ਲਾਂਘੇ ਦੀ ਉਸਾਰੀ
ਇਸਲਾਮਾਬਾਦ: ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਲਈ ਲਾਂਘਾ ਮੁਹੱਈਆ ਕਰਾਉਣ ਹਿੱਤ ਸ਼ੁਰੂ ਕੀਤੀ ਗਈ ਉਸਾਰੀ ਦਾ 40 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੌਮਾਂਤਰੀ ਸਰਹੱਦ ਤੱਕ ਸੜਕ, ਇਮੀਗ੍ਰੇਸ਼ਨ ਟਰਮੀਨਲ ਅਤੇ ਗੁਰਦੁਆਰਾ ਸਾਹਿਬ ਦੀ ਐਕਸਟੈਂਸ਼ਨ ਦੀ ਉਸਾਰੀ ਲਗਭਗ 40 ਫੀਸਦੀ ਮੁਕੰਮਲ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਤੋਂ ਦਰਿਆ ਰਾਵੀ ਤੱਕ ਆਉਂਦੀ 1.10 ਕਿੱਲੋਮੀਟਰ ਲੰਬੀ ਸੜਕ ਅਤੇ ਰਸਤੇ ‘ਚ ਆਉਂਦੀ ਵੇਈਂ ਨਦੀ ‘ਤੇ ਪੁਲ ਬਣਾਉਣ ਦੀ ਉਸਾਰੀ ਮੁਕੰਮਲ ਕਰ ਲਈ ਗਈ ਹੈ। ਇਸ ਦੇ ਨਾਲ ਹੀ 300 ਮਜ਼ਦੂਰਾਂ ਵੱਲੋਂ ਦਿਨ ਰਾਤ ਉਸਾਰੀ ਦਾ ਕੰਮ ਜਾਰੀ ਰੱਖਦਿਆਂ ਹੁਣ 0.77 ਕਿੱਲੋਮੀਟਰ ਲੰਬੇ ਦਰਿਆ ਰਾਵੀ ‘ਤੇ ਪੁਲ ਬਣਾਉਣ ਦਾ ਕੰਮ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਗਿਆ ਹੈ, ਜਦਕਿ ਦਰਿਆ ਤੋਂ ਭਾਰਤੀ ਸਰਹੱਦ ਤੱਕ ਬਣਨ ਵਾਲੀ 2.25 ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ ਅਜੇ ਸ਼ੁਰੂ ਕੀਤਾ ਜਾਣਾ ਹੈ।
____________________________
ਲਾਂਘੇ ਲਈ ਪਾਸਪੋਰਟ ਦੀ ਸ਼ਰਤ ਦਾ ਮਾਮਲਾ ਕੇਂਦਰ ਕੋਲ ਉਠਾਵਾਂਗੇ: ਲੌਂਗੋਵਾਲ
ਸੰਗਰੂਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਤੇ ਉਹ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਗੇ। ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਲੌਂਗੋਵਾਲ ਨੇ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
____________________________
ਡੇਰਾ ਬਾਬਾ ਨਾਨਕ ਨੂੰ ਦਿੱਤੀ ਜਾਵੇਗੀ ਵਿਰਾਸਤੀ ਦਿੱਖ
ਬਟਾਲਾ: ਇਤਿਹਾਸਕ ਨਗਰ ਤੇ ਕੌਮਾਂਤਰੀ ਸੀਮਾ ਉਤੇ ਵੱਸੇ ਡੇਰਾ ਬਾਬਾ ਨਾਨਕ ਨੂੰ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਦਿੱਖ ਦੇਣ ਅਤੇ ਇਸ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਆਰਕੀਟੈਕਟ ਵਿਭਾਗ ਦੀ ਟੀਮ ਨੇ ਕਸਬੇ ਦਾ ਦੌਰਾ ਕੀਤਾ। ਇਸ ਟੀਮ ਨੇ ਕਸਬੇ ਦੀਆਂ ਗਲੀਆਂ, ਬਾਜ਼ਾਰਾਂ ਤੇ ਆਲੇ ਦੁਆਲੇ ਦੇ ਖੇਤਰ ਦਾ ਦੌਰਾ ਕਰ ਕੇ ਪੁਰਾਣੀਆਂ ਇਮਾਰਤਾਂ ਦੇਖੀਆਂ ਅਤੇ ਲੋਕਾਂ ਦੇ ਵਿਚਾਰ ਜਾਣੇ।
ਇਹ ਟੀਮ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਦਫਤਰ ਪੁੱਜੀ, ਜਿੱਥੇ ਪ੍ਰਧਾਨ ਐਡਵੋਕੇਟ ਪਰਮੀਤ ਸਿੰਘ ਬੇਦੀ ਅਤੇ ਈਓ ਭੁਪਿੰਦਰ ਸਿੰਘ ਟੀਮ ਨੂੰ ਮਿਲੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨੇ ਟੀਮ ਨੂੰ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਸਤੇ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਪ੍ਰਧਾਨ ਪਰਮੀਤ ਸਿੰਘ ਬੇਦੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਅੰਮ੍ਰਿਤਸਰ ਸ਼ਹਿਰ ਵਾਂਗ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਸਬੇ ਵਿਚ 100-150 ਸਾਲ ਪੁਰਾਣੀਆਂ ਇਮਾਰਤਾਂ ਹਨ, ਜਿਨ੍ਹਾਂ ਵਿਚ ਅਜਿਹਾ ਕੁਝ ਵੀ ਹੈ, ਜੋ ਸਿਰਫ ਡੇਰਾ ਬਾਬਾ ਨਾਨਕ ਵਿਚ ਹੀ ਹੈ। ਉਨ੍ਹਾਂ ਕਿਹਾ ਕਿ ਨਗਰ ਦੇ ਬਾਜ਼ਾਰ ਅਤੇ ਚੌਕ ਨੂੰ ਖ਼ੂਬਸੂਰਤ ਬਣਾਇਆ ਜਾਵੇਗਾ। ਪ੍ਰਧਾਨ ਨੇ ਕਿਹਾ ਕਿ ਕਸਬੇ ਦੀ ਪੁਰਾਤਨਤਾ ਕਾਇਮ ਰੱਖਦੇ ਹੋਏ ਇਸ ਨੂੰ ਸੁੰਦਰ ਬਣਾਇਆ ਜਾਵੇਗਾ।
____________________________
ਬਾਬੇ ਨਾਨਕ ਦੇ ਖੇਤ ਬਚਾਉਣ ਲਈ ਡਟੀ ਇਮਰਾਨ ਖਾਨ ਦੀ ਅਸੈਂਬਲੀ ਮੈਂਬਰ
ਲਾਹੌਰ: ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨੂੰ ਉਸੇ ਤਰ੍ਹਾਂ ਰੱਖਣ ਲਈ ਪੰਜਾਬ ਵਿਧਾਨ ਸਭਾ ਦੀ ਮੈਂਬਰ ਨੇ ਆਵਾਜ਼ ਬੁਲੰਦ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕੇ-ਏ-ਇਨਸਾਫ ਪਾਰਟੀ ਨਾਲ ਸਬੰਧਤ ਲਹਿੰਦੇ ਪੰਜਾਬ ਦੇ ਸਿਆਲਕੋਟ ਤੋਂ ਅਸੈਂਬਲੀ ਮੈਂਬਰ ਮੋਮਨਾ ਵਾਹਿਦ ਨੇ ਆਪਣਾ ਮਤਾ ਜਮ੍ਹਾ ਕਰਵਾ ਦਿੱਤਾ ਹੈ, ਜਿਸ ‘ਤੇ ਅਗਲੇ ਇਜਲਾਸ ਦੌਰਾਨ ਬਹਿਸ ਹੋਣ ਦੀ ਸੰਭਾਵਨਾ ਹੈ।
ਮੋਮਨਾ ਵਾਹਿਦ ਨੇ ਆਪਣੇ ਮਤੇ ਵਿਚ ਦੋ ਸੁਝਾਅ ਪੇਸ਼ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਵੱਡੀ ਪੱਧਰ ‘ਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਵਾਹਿਦ ਨੇ ਤਰਕ ਦਿੱਤਾ ਕਿ ਇਸ ਕਾਰਨ ਗੁਰੂ ਨਾਨਕ ਦੇਵ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਬਾਬਾ ਜੀ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ। ਐਮ.ਪੀ.ਏ. ਮੋਮਨਾ ਵਾਹਿਦ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਥੇ 18 ਸਾਲਾਂ ਤੱਕ ਆਪ ਹਲ਼ ਵਾਹ ਕੇ ਅਨਾਜ ਪੈਦਾ ਕੀਤਾ ਸੀ, ਉਥੇ ਅੱਜ ਵੀ ਅਨਾਜ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉਥੇ ਉਗਾਈਆਂ ਫਸਲਾਂ ਤੇ ਅਨਾਜ ਦਾ ਲੰਗਰ ਛਕਾਇਆ ਜਾਵੇ।
ਮੋਮਨਾ ਨੇ ਬੀਤੇ ਦਿਨੀਂ ਆਪਣੇ ਮਤੇ ਪੰਜਾਬ ਅਸੈਂਬਲੀ ਨੂੰ ਭੇਜੇ ਹਨ ਅਤੇ ਹੁਣ ਅਗਲੇ ਇਜਲਾਸ ਦੌਰਾਨ ਉਨ੍ਹਾਂ ਨੂੰ ਵਿਚਾਰਿਆ ਜਾ ਸਕਦਾ ਹੈ। ਇਤਿਹਾਸ ਅਨੁਸਾਰ ਤਤਕਾਲੀ ਗਵਰਨਰ ਦੁਨੀ ਚੰਦ ਨੇ ਗੁਰੂ ਨਾਨਕ ਦੇਵ ਜੀ ਨੂੰ 100 ਏਕੜ ਜ਼ਮੀਨ ਭੇਟ ਕੀਤੀ ਸੀ, ਜਿਥੇ ਉਨ੍ਹਾਂ ਕਰਤਾਰਪੁਰ ਸਾਹਿਬ ਨਗਰ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ 1515 ਈਸਵੀ ਵਿਚ ਰੱਖਿਆ। ਬਾਬਾ ਜੀ ਨੇ ਇਥੇ ਆਪਣੀ ਕੁਟੀਆ ਬਣਾਈ ਅਤੇ ਇਥੇ ਹੱਥੀਂ ਖੇਤੀ ਕਰਨੀ ਸ਼ੁਰੂ ਕੀਤੀ।