ਬਰਗਾੜੀ ਮੋਰਚੇ ਦੇ ਆਗੂਆਂ ਨੇ ਪੰਜਾਬ ਡੈਮੋਕਰੈਟਿਕ ਅਲਾਇੰਸ ਨਾਲ ਮਿਲਾਇਆ ਹੱਥ

ਬਠਿੰਡਾ: ਬਰਗਾੜੀ ਮੋਰਚੇ ਦੇ ਪੰਥਕ ਆਗੂਆਂ ਨੇ ਵੀ ਹੁਣ ਪੰਜਾਬ ਡੈਮੋਕਰੈਟਿਕ ਅਲਾਇੰਸ (ਪੀ.ਡੀ.ਏ). ਨਾਲ ਹੱਥ ਮਿਲਾ ਲਏ ਹਨ, ਜਿਨ੍ਹਾਂ ਨੇ ਸਾਂਝੇ ਤੌਰ ‘ਤੇ ਆਗਾਮੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਪੀ.ਡੀ.ਏ ‘ਚ ਸ਼ਾਮਲ ਧਿਰਾਂ ਦੇ ਆਗੂਆਂ ਨਾਲ ਮੀਟਿੰਗਾਂ ਦਾ ਗੇੜ ਮੁਕਾ ਲਿਆ ਗਿਆ ਹੈ। ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਤੇ ਗੁਰਸੇਵਕ ਸਿੰਘ ਜਵਾਹਰਕੇ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਤੇ ਸ਼ਹਿਰੀ ਪ੍ਰਧਾਨ ਗਮਦੂਰ ਸਿੰਘ ਖ਼ਾਲਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਗਲੀਆਂ ਚੋਣਾਂ ਲੜਨ ਦਾ ਐਲਾਨ ਕੀਤਾ।

ਪੰਥਕ ਆਗੂਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪੰਜਾਬ ਡੈਮੋਕਰੈਟਿਕ ਅਲਾਇੰਸ ਵਿਚ ਸ਼ਾਮਲ ਵੱਖ ਵੱਖ ਧਿਰਾਂ ਦੇ ਆਗੂਆਂ ਨਾਲ ਮੀਟਿੰਗਾਂ ਕਰ ਲਈਆਂ ਹਨ ਅਤੇ ਅਗਲੀਆਂ ਚੋਣਾਂ ਇਕੱਠੇ ਤੌਰ ‘ਤੇ ਲੜਨ ਦਾ ਫੈਸਲਾ ਕੀਤਾ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨਾਲ ਤਾਂ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ ਅਤੇ ਉਹ ਬਸਪਾ ਪ੍ਰਧਾਨ ਮਾਇਆਵਤੀ ਨਾਲ ਪਿਛਲੇ ਦਿਨੀਂ ਦਿੱਲੀ ਵਿਖੇ ਮੀਟਿੰਗ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਸਭਨਾਂ ਧਿਰਾਂ ਨੂੰ ਇਕ ਸਿਆਸੀ ਮੰਚ ‘ਤੇ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਸਿਆਸਤ ਦਾ ਮੁਹਾਣ ਬਦਲਿਆ ਜਾ ਸਕੇ। ਇਸ ਬਾਰੇ ਸਭ ਆਗੂਆਂ ਨੇ ਤਾਲਮੇਲ ਬਿਠਾ ਲਿਆ ਹੈ। ਪੰਥਕ ਆਗੂਆਂ ਨੇ ਆਖਿਆ ਕਿ ਤਾਲਮੇਲ ਦੀ ਪੂਰੀ ਜ਼ਿੰਮੇਵਾਰੀ ਜਥੇਦਾਰ ਧਿਆਨ ਸਿੰਘ ਮੰਡ ਵੀ ਨਿਭਾ ਰਹੇ ਹਨ।
ਆਗੂਆਂ ਨੇ ਇਸ ਗੱਲੋਂ ਹਾਲੇ ਪਾਸਾ ਵੱਟਿਆ ਕਿ ਇਸ ਨਵੇਂ ਅਲਾਇੰਸ ਤਰਫੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ ਵਿਚ ਉੱਤਰਿਆ ਜਾਵੇਗਾ। ਇਨ੍ਹਾਂ ਆਗੂਆਂ ਨੇ ਬਰਗਾੜੀ ਮੋਰਚਾ ਦੀਆਂ ਮੰਗਾਂ ਦੀ ਪੂਰਤੀ ‘ਤੇ ਤਸੱਲੀ ਜ਼ਾਹਿਰ ਕੀਤੀ ਅਤੇ ਇਹ ਮੰਗ ਕੀਤੀ ਕਿ ਪੰਜਾਬ ਸਰਕਾਰ ਹੁਣ ਫੌਰੀ ਬਹਿਬਲ ਗੋਲੀ ਕਾਂਡ ਦੇ ਮਾਮਲੇ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਬਾਦਲ ਪਰਿਵਾਰ ਨੂੰ ਗ੍ਰਿਫਤਾਰ ਕਰੇ। ਉਨ੍ਹਾਂ ਤਸੱਲੀ ਜ਼ਾਹਿਰ ਕੀਤੀ ਕਿ ਅਣਪਛਾਤੀ ਪੁਲਿਸ ਦੀ ਪਛਾਣ ਹੋ ਗਈ ਹੈ ਅਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾਵੇ ਅਤੇ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਦੇ ਯਤਨ ਵੀ ਤੇਜ਼ ਕੀਤੇ ਜਾਣ। ਆਗੂਆਂ ਨੇ ਆਖਿਆ ਕਿ ਬਰਗਾੜੀ ਮੋਰਚਾ ਸਦਕਾ ਹੀ ਇਨਸਾਫ ਲਈ ਰਾਹ ਪੱਧਰਾ ਹੋਇਆ ਹੈ। ਆਗੂਆਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਮੋਰਚੇ ਵਿਚ ਕਿਸੇ ਤਰ੍ਹਾਂ ਦੇ ਕੋਈ ਮਤਭੇਦ ਨਹੀਂ ਹਨ।
___________________________________
ਬਸਪਾ ਤੇ ਟਕਸਾਲੀਆਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ: ਭਗਵੰਤ ਮਾਨ
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਸਪਾ ਨਾਲ ਗੱਠਜੋੜ ਦੀ ਸੰਭਾਵਨਾ ਬਰਕਰਾਰ ਦੱਸਦਿਆਂ ਆਖਿਆ ਕਿ ਇਸ ਸਬੰਧੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ ਵਿਚ ਹੋਰ ਪਾਰਟੀਆਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਆਖਿਆ ਕਿ ਇਸ ਸਬੰਧੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਤੇ ਸੰਭਾਵਨਾਵਾਂ ਬਰਕਰਾਰ ਹਨ। ਗੱਠਜੋੜ ਲਈ ‘ਆਪ’ ਨੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਸਪਾ ਨਾਲ ਗੱਲਬਾਤ ਚੱਲ ਰਹੀ ਹੈ।