ਮੌੜ ਬੰਬ ਕਾਂਡ: ਜਾਂਚ ਵਿਚ ਢਿੱਲ ਉਤੇ ਉਠੇ ਸਵਾਲ

ਮੌੜ ਮੰਡੀ: ਮੌੜ ਬੰਬ ਧਮਾਕੇ ਦੀ ਜਾਂਚ ਵਿਚ ਵਰਤੀ ਜਾ ਰਹੀ ਢਿੱਲ ਉਤੇ ਸਵਾਲ ਉਠ ਰਹੇ ਹਨ। 2 ਸਾਲ ਤੋਂ ਬਾਅਦ ਵੀ ਦੋਸ਼ੀਆਂ ਨੂੰ ਕਾਬੂ ਕਰਨ ਦੀ ਥਾਂ ਸਿਰਫ ਤਸਵੀਰਾਂ ਜਾਰੀ ਕਰਕੇ ਡੰਗ ਸਾਰਿਆ ਗਿਆ ਹੈ। 31 ਜਨਵਰੀ 2016 ਦੀ ਸ਼ਾਮ ਨੂੰ ਟਰੱਕ ਯੂਨੀਅਨ ਨੇੜਲੀ ਗਲੀ ਵਿਚ ਰਹਿਣ ਵਾਲੇ ਡਾਕਟਰ ਬਲਵੀਰ ਸਿੰਘ, ਕੀਰਤਨ ਸਿੰਘ, ਗਿਆਨ ਚੰਦ ਤੇ ਰਾਕੇਸ਼ ਕੁਮਾਰ ਦੇ ਘਰ ਹਨੇਰ ਛਾ ਗਿਆ। ਬਲਵੀਰ ਸਿੰਘ ਦਾ ਨੌਵੀਂ ਜਮਾਤ ਵਿਚ ਪੜ੍ਹਦਾ ਪੋਤਾ ਬੰਬ ਕਾਂਡ ਦੀ ਲਪੇਟ ਵਿਚ ਆ ਗਿਆ।

ਉਨ੍ਹਾਂ ਦੇ ਗੁਆਂਢ ਰਹਿੰਦੀ ਮਾਤਾ ਸੁਰਜੀਤ ਕੌਰ ਨੂੰ ਆਪਣੇ ਇਕਲੌਤੇ ਪੋਤੇ ਦੇ ਵਿਛੋੜੇ ਨੇ ਅੰਨ੍ਹਾ ਕਰ ਦਿੱਤਾ। ਮਾਤਾ ਸੁਰਜੀਤ ਕੌਰ ਨੇ ਕਿਹਾ ਕਿ ਵੋਟਾਂ ਦੇ ਰੌਲੇ ਨੇ ਉਨ੍ਹਾਂ ਦੇ ਘਰ ਦਾ ਚਿਰਾਗ ਬੁਝਾ ਦਿੱਤਾ। ਉਹ ਦੋਸ਼ੀਆਂ ਨੂੰ ਫਾਂਸੀ ਚੜ੍ਹਿਆ ਦੇਖਣਾ ਚਾਹੁੰਦੇ ਹਨ। ਉਸ ਨੇ ਆਪਣੇ ਸ਼ਹੀਦ ਹੋਏ ਫੌਜੀ ਪੁੱਤਰ ਕਾਲਾ ਸਿੰਘ ਦੇ ਦੁੱਖ ਨੂੰ ਆਪਣੇ ਪੋਤਰੇ ਰਿਪਨਦੀਪ ਦਾ ਮੂੰਹ ਦੇਖ ਕੇ ਜਰ ਲਿਆ ਸੀ, ਪਰ ਮਗਰੋਂ ਪੋਤਾ ਵੀ ਨਾ ਬਚਿਆ।
ਇਸੇ ਤਰ੍ਹਾਂ ਮੌੜ ਬੰਬ ਧਮਾਕੇ ਦੀ ਭੇਟ ਚੜ੍ਹੇ ਅੱਠਵੀਂ ਜਮਾਤ ਵਿਚ ਪੜ੍ਹਦੇ ਇਕਲੌਤੇ ਪੁੱਤ ਅੰਕੁਸ਼ ਸਿੰਗਲਾ ਨੂੰ ਦੋ ਮਹੀਨਿਆਂ ਤੱਕ ਲੁਧਿਆਣਾ ਹਸਪਤਾਲ ਲੈ ਕੇ ਬੈਠੇ ਰਹੇ ਗਿਆਨ ਚੰਦ ਨੂੰ ਆਪਣੇ ਪੁੱਤ ਦੇ ਉਹ ਸ਼ਬਦ ਕਦੇ ਨਹੀਂ ਭੁੱਲਦੇ, ”ਪਾਪਾ ਮੈਨੂੰ ਬਚਾ ਲਓ, ਮੈਂ ਹੁਣ ਕਦੇ ਬਾਹਰ ਖੇਡਣ ਨਹੀਂ ਜਾਵਾਂਗਾ।” ਅਜਿਹਾ ਹੀ ਹਾਲ ਆਪਣੇ ਪੁੱਤ ਸੌਰਭ ਨੂੰ ਬੰਬ ਕਾਂਡ ਵਿਚ ਗੁਆ ਦੇਣ ਵਾਲੇ ਰਾਕੇਸ਼ ਕੁਮਾਰ ਦੇ ਪਰਿਵਾਰ ਦਾ ਹੈ। ਦੋ ਮਹੀਨੇ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਮਾਰਚ 2016 ਨੂੰ ਅੰਕੁਸ਼ ਚੱਲ ਵਸਿਆ ਤਾਂ ਮੰਡੀ ਵਾਸੀਆਂ ਨੇ ਇਨਸਾਫ ਲੈਣ ਖਾਤਰ ਸੰਘਰਸ਼ ਦਾ ਰਾਹ ਫੜ ਲਿਆ। ਡਿਪਟੀ ਕਮਿਸ਼ਨਰ ਨੇ ਛੇਤੀ ਇਨਸਾਫ ਦੇਣ ਦਾ ਭਰੋਸਾ ਦਿੱਤਾ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਅੱਜ ਦੋ ਸਾਲਾਂ ਬਾਅਦ ਮੌੜ ਬੰਬ ਕਾਂਡ ਦੇ ਪੀੜਤਾਂ ਨੇ ਫਿਰ ਇਨਸਾਫ ਲਈ ਦੁਹਾਈ ਪਾਈ ਹੈ।
ਪਿੰਡ ਮੌੜ ਕਲਾਂ ਦੇ ਜਸਕਰਨ ਲਈ ਬੀਤੇ ਦੋ ਸਾਲਾਂ ‘ਚ ਕੋਈ ਸਮਾਂ ਮੁਬਾਰਕ ਨਹੀਂ ਰਿਹਾ। ਉਸ ਨੂੰ ਇਸ ਗੱਲ ਦਾ ਚੇਤਾ ਵੀ ਨਹੀਂ ਸੀ ਕਿ ਦੋ ਸਾਲ ਪਹਿਲਾਂ ਸਿਆਸੀ ਦਿਲਚਪਸੀ ਰੱਖਦਾ ਹੋਣ ਕਾਰਨ ਕਾਂਗਰਸ ਦੀ ਰੈਲੀ ਵਿਚ ਇਕ ਵਰਕਰ ਵਜੋਂ ਸ਼ਾਮਲ ਹੋਣਾ ਉਸ ਨੂੰ ਅਪਾਹਜ ਬਣਾ ਦੇਵੇਗਾ। ਮੌੜ ਬੰਬ ਕਾਂਡ ਵਿਚ ਜ਼ਖ਼ਮੀ ਹੋਇਆ ਜਸਕਰਨ ਸਿੰਘ ਪਿਛਲੇ ਦੋ ਸਾਲਾਂ ਤੋਂ ਮੰਜੇ ‘ਤੇ ਹੈ। ਜਸਕਰਨ ਦੱਸਦਾ ਹੈ ਕਿ ਧਮਾਕਾ ਇੰਨਾ ਖ਼ਤਰਨਾਕ ਸੀ ਕਿ ਹੁਣ ਉਹ ਸਰਦੀ ਵਿਚ ਵੀ ਧੁੱਪ ਨਹੀਂ ਝੱਲ ਸਕਦਾ ਤੇ ਉਸ ਦਾ ਸਰੀਰ ਮੱਚਣ ਲੱਗ ਜਾਂਦਾ ਹੈ। ਜਸਕਰਨ ਨੇ ਦੱਸਿਆ ਕਿ ‘ਆਪ’ ਵੱਲੋਂ ਲਾਈ 2500 ਰੁਪਏ ਦੀ ਪੈਨਸ਼ਨ ਵੀ ਉਸ ਨੂੰ ਸਿਰਫ ਦੋ ਵਾਰ ਹੀ ਮਿਲੀ। ਉਸ ਨੇ ਕੈਨੇਡਾ ਵਾਸੀ ਇਕ ਐਨ.ਆਰ.ਆਈ. ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਮਾਲੀ ਮਦਦ ਕੀਤੀ।
____________________________
ਮੌੜ ਬੰਬ ਕਾਂਡ ‘ਚ ਡੇਰਾ ਮੁਖੀ ਤੇ ਬਾਦਲਾਂ ਤੋਂ ਪੁੱਛਗਿੱਛ ਹੋਵੇ: ਦਲ ਖ਼ਾਲਸਾ
ਬਠਿੰਡਾ: ਮੌੜ ਬੰਬ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੀਆਂ ਪੁਲਿਸ ਵੱਲੋਂ ਜਾਰੀ ਤਸਵੀਰਾਂ ‘ਤੇ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਬਠਿੰਡਾ ਨੇ ਮੰਗ ਕੀਤੀ ਕਿ ਇਸ ਕਾਂਡ ਲਈ ਜ਼ਿੰਮੇਵਾਰ ਮੁੱਖ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ, ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਜੱਸੀ ਅਤੇ ਡੇਰਾ ਮੁਖੀ ਦੇ ਜੁਆਈ ਤੇ ਪੁੱਤਰ ਨੂੰ ਸ਼ਾਮਲ ਕਰਕੇ ਦੋਸ਼ੀਆਂ ਨੂੰ ਫਾਂਸੀ ਵਰਗੀਆਂ ਸਜ਼ਾਵਾਂ ਵੀ ਦਿੱਤੀਆਂ ਜਾਣ।