ਕੈਪਟਨ ਸਰਕਾਰ ਵੱਲੋਂ ਡਿਫਾਲਟਰ ਠੇਕੇਦਾਰਾਂ ਨੂੰ ਘੇਰਾ

ਬਠਿੰਡਾ: ਪੰਜਾਬ ਸਰਕਾਰ ਨਵੇਂ ਮਹੀਨੇ ਵਿਚ ਸ਼ਰਾਬ ਦੇ ਜ਼ੋਰਾਵਰ ਠੇਕੇਦਾਰਾਂ ਦੀ ਜਾਇਦਾਦ ਨਿਲਾਮ ਕਰੇਗੀ। ਕਰੀਬ ਪੌਣੇ ਦੋ ਵਰ੍ਹਿਆਂ ਮਗਰੋਂ ਸਰਕਾਰ ਸਖਤੀ ਦੇ ਰੌਂਅ ਵਿਚ ਹੈ ਅਤੇ ਡਿਫਾਲਟਰ ਠੇਕੇਦਾਰਾਂ ਦੀ ਜਾਇਦਾਦ ਨਿਲਾਮੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਬਠਿੰਡਾ ਤੇ ਫਰੀਦਕੋਟ ਦੇ ਚਾਰ ਠੇਕੇਦਾਰਾਂ ਦੀ ਸ਼ਹਿਰੀ ਅਤੇ ਖੇਤੀ ਵਾਲੀ ਜ਼ਮੀਨ ਨਿਲਾਮ ਕਰਨ ਲਈ ਇਸ਼ਤਿਹਾਰ ਜਨਤਕ ਕੀਤਾ ਗਿਆ ਹੈ, ਜਿਸ ਤਹਿਤ ਜਾਇਦਾਦਾਂ ਦੀ ਨਿਲਾਮੀ 13 ਫਰਵਰੀ ਅਤੇ 15 ਫਰਵਰੀ ਨੂੰ ਬਠਿੰਡਾ ਤੇ ਫਰੀਦਕੋਟ ਵਿਚ ਕੀਤੀ ਜਾਣੀ ਹੈ। ਇਹ ਇਸ਼ਤਿਹਾਰ ਉਪ ਆਬਕਾਰੀ ਅਤੇ ਕਰ ਕਮਿਸ਼ਨਰ, ਫਰੀਦਕੋਟ ਨੇ ਜਾਰੀ ਕੀਤੇ ਹਨ।

ਪੰਜਾਬ ਭਰ ਵਿਚ ਕਰੀਬ 15 ਸ਼ਰਾਬ ਕੰਪਨੀਆਂ ਵੱਲ ਸਾਲ 2016-17 ਦੇ ਕਰੀਬ 200 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਖੜ੍ਹੀ ਹੈ, ਜਿਸ ‘ਚੋਂ ਬਠਿੰਡਾ ਪਹਿਲੇ ਨੰਬਰ ਉਤੇ ਹੈ, ਜਿਸ ਵਿਚ ਤਿੰਨ ਸ਼ਰਾਬ ਕੰਪਨੀਆਂ ਵੱਲ 68 ਕਰੋੜ ਦੀ ਰਾਸ਼ੀ ਫਸੀ ਹੋਈ ਹੈ। ਸਿਆਸੀ ਪਹੁੰਚ ਵਾਲੇ ਠੇਕੇਦਾਰਾਂ ਨੇ ਹੁਣ ਤੱਕ ਆਬਕਾਰੀ ਅਫਸਰਾਂ ਨੂੰ ਉਗਲਾਂ ‘ਤੇ ਹੀ ਨਚਾਇਆ। ਹੁਣ ਜਦੋਂ ਉੱਪਰੋਂ ਆਬਕਾਰੀ ਅਫਸਰਾਂ ਨੂੰ ਤਾੜਨਾ ਮਿਲਣੀ ਸ਼ੁਰੂ ਹੋਈ ਤਾਂ ਇਨ੍ਹਾਂ ਦੀ ਜਾਇਦਾਦ ਨਿਲਾਮੀ ਪ੍ਰਕਿਰਿਆ ਸ਼ੁਰੂ ਹੋਈ ਹੈ। ਉਪ ਕਰ ਅਤੇ ਆਬਕਾਰੀ ਅਫਸਰਾਂ ਵੱਲੋਂ ਬਤੌਰ ਕੁਲੈਕਟਰ ਪੰਜਾਬ ਲੈਂਡ ਰੈਵੀਨਿਊ ਐਕਟ 1887 ਤਹਿਤ ਜਾਇਦਾਦ ਨਿਲਾਮੀ ਲਈ ਪਹਿਲਾਂ ਮੁਨਿਆਦੀ ਕਰਾਈ ਗਈ ਤੇ ਹੁਣ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਬਠਿੰਡਾ ਦੀ ਐਡਵਾਂਸ ਵਾਈਨਜ਼ ਦੇ ਹਿੱਸੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਠੇਕੇਦਾਰ ਦੀ ਬਠਿੰਡਾ ਦੇ ਟਰਾਂਸਪੋਰਟ ਨਗਰ ਵਿਚਲੀ ਜਾਇਦਾਦ ਅਤੇ ਪਿੰਡ ਬਾਹੋ ਯਾਤਰੀ ਵਿਚਲੀ ਖੇਤੀਬਾੜੀ ਵਾਲੀ ਜ਼ਮੀਨ ਦੀ ਨਿਲਾਮੀ ਲਈ 13 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ। ਇਨ੍ਹਾਂ ਦੀ ਫਰਮ ਵੱਲ ਬਠਿੰਡਾ ਜ਼ਿਲ੍ਹੇ ਦੇ 20.38 ਕਰੋੜ ਰੁਪਏ ਅਤੇ ਜ਼ਿਲ੍ਹੇ ਫਰੀਦਕੋਟ ਵਿਚ 10.84 ਕਰੋੜ ਦੇ ਬਕਾਏ ਖੜ੍ਹੇ ਹਨ। ਜੁਗਨੂੰ ਠੇਕੇਦਾਰ ਦੇ ਪਿਤਾ ਪਹਿਲਾਂ ਪੀਪਲਜ਼ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਹੁਣ ਵੀ ਇਸ ਪਰਿਵਾਰ ਦੀ ਇਕ ਵਜ਼ੀਰ ਨਾਲ ਨੇੜਤਾ ਹੈ। ਐਡਵਾਂਸ ਵਾਈਨਜ਼ ਦੇ ਹੀ ਹਿੱਸੇਦਾਰ ਸੰਜੀਵ ਕੁਮਾਰ ਦੀ ਵੀ 13 ਫਰਵਰੀ ਨੂੰ ਬਠਿੰਡਾ ਦੇ ਮਾਡਲ ਟਾਊਨ ਫੇਜ਼ ਤਿੰਨ ਵਿਚਲੀ ਕੋਠੀ ਨੂੰ ਨਿਲਾਮ ਕੀਤਾ ਜਾਣਾ ਹੈ।
ਫਰੀਦਕੋਟ ਜ਼ਿਲ੍ਹੇ ਦੇ ਜੈਤੋ ਗਰੁੱਪ ਦੇ ਸਾਲ 2016-17 ਦੇ ਡਿਫਾਲਟਰ ਕ੍ਰਿਸ਼ਨ ਕੁਮਾਰ ਦੀ ਹਲਕਾ ਨੇਹੀਆਂ ਵਾਲੀ ਵਿਚਲੀ ਜ਼ਮੀਨ ਦੀ ਨਿਲਾਮੀ ਵੀ 13 ਫਰਵਰੀ ਨੂੰ ਫਰੀਦਕੋਟ ਵਿਚ ਰੱਖੀ ਗਈ ਹੈ ਅਤੇ ਇਸੇ ਤਰ੍ਹਾਂ ਚੈਨਾ ਗਰੁੱਪ ਦੇ ਡਿਫਾਲਟਰ ਠੇਕੇਦਾਰ ਜਸਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਮੇਆਣਾ ਦੀ ਜਾਇਦਾਦ ਵੀ 15 ਫਰਵਰੀ ਨੂੰ ਨਿਲਾਮ ਕੀਤੀ ਜਾਵੇਗੀ। ਠੇਕੇਦਾਰ ਕ੍ਰਿਸ਼ਨ ਕੁਮਾਰ ਵੱਲ 1.33 ਕਰੋੜ ਅਤੇ ਜਸਵਿੰਦਰ ਸਿੰਘ ਰਾਮੇਆਣਾ ਵੱਲ 1.45 ਕਰੋੜ ਦਾ ਬਕਾਇਆ ਖੜ੍ਹਾ ਹੈ। ਬਠਿੰਡਾ ਵਿਚ ਹੀ ਸ਼ਿਵ ਲਾਲ ਡੋਰਾ ਦੀ ਮੈਸਰਜ਼ ਗਗਨ ਵਾਈਨ ਵੀ ਕਰੀਬ 23.83 ਕਰੋੜ ਦੀ ਡਿਫਾਲਟਰ ਹੈ ਤੇ ਇਸੇ ਤਰ੍ਹਾਂ ਏਕਮ ਵਾਈਨ ਵੀ 24.33 ਕਰੋੜ ਦੀ ਡਿਫਾਲਟਰ ਹੈ। ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਰਮੇਸ਼ ਕੁਮਾਰ ਮਲਹੋਤਰਾ ਦਾ ਕਹਿਣਾ ਹੈ ਕਿ ਬਾਕੀ ਡਿਫਾਲਟਰ ਠੇਕੇਦਾਰਾਂ ਦੀ ਜਾਇਦਾਦ ਦੀ ਸ਼ਨਾਖ਼ਤ ਲਈ ਮਾਲ ਵਿਭਾਗ ਨੂੰ ਲਿਖਿਆ ਹੈ।
ਵੇਰਵਿਆਂ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ਰਾਬ ਦੇ ਕਰੀਬ 25 ਠੇਕੇਦਾਰਾਂ ਵੱਲ ਲਗਭਗ 31 ਕਰੋੜ ਦੇ ਬਕਾਏ ਖੜ੍ਹੇ ਹਨ। ਕਰ ਅਤੇ ਆਬਕਾਰੀ ਅਫਸਰ, ਫਾਜ਼ਿਲਕਾ ਜੀਵਨ ਕੁਮਾਰ ਨੇ ਦੱਸਿਆ ਕਿ ਮਾਰਚ ਤੋਂ ਪਹਿਲਾਂ ਡਿਫਾਲਟਰ ਠੇਕੇਦਾਰਾਂ ਦੀ ਜ਼ਮੀਨ ਨਿਲਾਮੀ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਰਿਕਾਰਡ ਵਿਚ ਰੈੱਡ ਐਂਟਰੀ ਪਵਾਈ ਜਾ ਚੁੱਕੀ ਹੈ। ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਠੇਕੇਦਾਰਾਂ ਵੱਲ ਵੀ ਕਰੀਬ 15 ਕਰੋੜ ਰੁਪਏ ਫਸੇ ਹੋਏ ਹਨ, ਜਦੋਂਕਿ ਫਰੀਦਕੋਟ ਜ਼ਿਲ੍ਹੇ ਵਿਚ ਇਹ ਰਾਸ਼ੀ ਕਰੀਬ 21 ਕਰੋੜ ਰੁਪਏ ਬਣਦੀ ਹੈ। ਸੰਗਰੂਰ ਜ਼ਿਲ੍ਹੇ ਵਿਚ ਕਰੀਬ 30 ਕਰੋੜ ਅਤੇ ਮੋਗਾ ਜ਼ਿਲ੍ਹੇ ਦੇ ਡਿਫਾਲਟਰ ਠੇਕੇਦਾਰਾਂ ਵੱਲ ਕਰੀਬ 24 ਕਰੋੜ ਬਕਾਇਆ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਡਿਫਾਲਟਰਾਂ ਖਿਲਾਫ ਵੀ ਪ੍ਰਕਿਰਿਆ ਸ਼ੁਰੂ ਹੋਈ ਹੈ।