ਕਰਤਾਰਪੁਰ, ਕਿਰਤ ਅਤੇ ਕੁਦਰਤ

ਕਰਤਾਰਪੁਰ ਲਾਂਘੇ ਦਾ ਪ੍ਰਾਜੈਕਟ ਹੌਲੀ-ਹੌਲੀ ਅਗਾਂਹ ਵਧ ਰਿਹਾ ਹੈ। ਦੋਹਾਂ ਪਾਸਿਆਂ ਦੀਆਂ ਸਰਕਾਰਾਂ ਆਪੋ-ਆਪਣੇ ਪੱਧਰ ‘ਤੇ ਸਰਗਰਮ ਹਨ ਪਰ ਇਸ ਸਰਗਰਮੀ ਅੰਦਰ ਕਿਤੇ-ਕਿਤੇ ਸੌੜੀ ਸਿਆਸਤ ਦੇ ਪ੍ਰਛਾਵੇਂ ਵੀ ਝਾਤੀਆਂ ਮਾਰ ਰਹੇ ਹਨ। ਪਾਕਿਸਤਾਨ ਵੱਲੋਂ ਇਹ ਕਹਿਣਾ ਕਿ ਲਾਂਘਾ ਸਿਰਫ ਸਿੱਖ ਸ਼ਰਧਾਲੂਆਂ ਲਈ ਹੀ ਖੋਲ੍ਹਿਆ ਜਾਵੇਗਾ, ਨਾਨਕਧਾਰਾ ਨਾਲ ਵਰ ਨਹੀਂ ਮੇਚਦਾ। ਨਾਨਕਧਾਰਾ ਦਾ ਸਬੰਧ ਸਮੁੱਚੀ ਲੋਕਾਈ ਅਤੇ ਸਰਬੱਤ ਦੇ ਭਲੇ ਲਈ ਹੈ। ਉਘੇ ਲਿਖਾਰੀ ਸਵਰਾਜਬੀਰ ਨੇ ਆਪਣੇ ਇਸ ਲੇਖ ਵਿਚ ਨਾਨਕਧਾਰਾ ਦੇ ਇਸੇ ਨੁਕਤੇ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਸਵਰਾਜਬੀਰ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਨਾਲ ਸਬੰਧਤ ਥਾਵਾਂ ਦੀ ਪੁਰਾਤਨ ਅਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਪੱਤਰ ਲਿਖਿਆ। ਇਸ ਵਿਚ ਸਿੱਧੂ ਨੇ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੇ ਗੁਰਦੁਆਰਿਆਂ ਅਤੇ ਨੇੜਲੇ ਇਲਾਕਿਆਂ ਦੀ ਪੁਰਾਤਨ ਦਿੱਖ ਬਹਾਲ ਰੱਖੇ ਜਾਣ ਬਾਰੇ ਕੁਝ ਸੁਝਾਅ ਦਿੱਤੇ ਹਨ: ਇਨ੍ਹਾਂ ਸਥਾਨਾਂ ਨੂੰ ਵਿਰਾਸਤੀ ਪਿੰਡਾਂ ਦਾ ਦਰਜਾ ਦਿੱਤਾ ਜਾਏ; ਸਬੰਧਿਤ ਥਾਵਾਂ ਦਾ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਏ ਕਿ ਉਥੋਂ ਦੀ ਪਵਿਤਰਤਾ ਤੇ ਪੁਰਾਤਨਤਾ ਭੰਗ ਨਾ ਹੋਵੇ ਅਤੇ ਇਨ੍ਹਾਂ ਨੂੰ ਕੰਕਰੀਟ ਦੇ ਜੰਗਲ ਨਾ ਬਣਾਇਆ ਜਾਏ; ਉਹ ਜਮੀਨ, ਜਿਸ ਨੂੰ ਗੁਰੂ ਨਾਨਕ ਦੇਵ ਨੇ ਖੁਦ ਵਾਹਿਆ ਤੇ ਸਿੰਜਿਆ ਸੀ, ਉਤੇ ਕੋਈ ਉਸਾਰੀ ਨਾ ਕੀਤੀ ਜਾਏ, ਉਥੇ ਜੈਵਿਕ ਢੰਗ ਨਾਲ ਖੇਤੀ ਕੀਤੀ ਜਾਏ ਤੇ ਉਥੋਂ ਉਗਾਈ ਫਸਲ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਏ।
ਕਰਤਾਰਪੁਰ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣ ਦੀ ਮੁਹਿੰਮ ਵਿਚ ਹੋਰ ਪੰਜਾਬੀ ਵੀ ਸ਼ਾਮਿਲ ਹਨ। ਬਾਲ ਸਾਹਿਤਕਾਰ ਗੁਰਮੀਤ ਕੌਰ ਦੇ ਇਕ ਲੇਖ ਵਿਚ ਵੀ ਅਜਿਹੇ ਸੁਝਾਅ ਦਿੱਤੇ ਗਏ ਹਨ: ਕਰਤਾਰਪੁਰ ਵਿਚ ਪ੍ਰਕਿਰਤੀ ਦੇ ਵਾਸੇ ਵਾਸਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਨਾ ਛੇੜਿਆ ਜਾਏ ਤੇ ਉਥੇ ਅੱਧੀ ਜਮੀਨ ਵਿਚ ਵਣ ਲਾ ਦਿੱਤੇ ਜਾਣ ਅਤੇ ਬਾਕੀ ਵਿਚ ਪਹਿਲਾਂ ਵਾਂਗ ਦੇਸੀ ਖੇਤੀ ਹੁੰਦੀ ਰਹੇ; ਨਵੀਂ ਉਸਾਰੀ ਦੀ ਦਿੱਖ ਪੁਰਾਤਨ ਸਮਿਆਂ ਵਾਲੀ ਹੋਵੇ, 20-20 ਮੰਜ਼ਿਲਾਂ ਵਾਲੀ ਅੱਜ ਦੀ ਕੋਝੀ ਮਾਡਰਨ ਦਿੱਖ ਵਾਲੀ ਨਹੀਂ; ਰਿਹਾਇਸ਼ੀ ਇਮਾਰਤਾਂ ਗੁਰਦੁਆਰੇ ਤੋਂ ਚੋਖੀ ਦੂਰੀ ‘ਤੇ ਬਣਾਈਆਂ ਜਾਣ; ਆਵਾਜਾਈ ਵਧੇਰੇ ਪੈਦਲ ਰੱਖੀ ਜਾਏ ਅਤੇ ਬਜੁਰਗਾਂ ਤੇ ਹੋਰ ਲੋੜਵੰਦ ਸੰਗਤ ਵਾਸਤੇ ਬਿਜਲਈ ਗੱਡੀਆਂ ਹੋਣ; ਪਲਾਸਟਿਕ ਬੈਗਾਂ, ਬੋਤਲਾਂ ਤੇ ਜੰਕ ਫੂਡ ‘ਤੇ ਸਖਤ ਰੋਕ ਲੱਗੇ। ਗੁਰਮੀਤ ਕੌਰ ਨੇ ਇਹ ਵਾਸਤਾ ਵੀ ਪਾਇਆ ਹੈ: “ਰੱਬ ਦੇ ਵਾਸਤੇ ਕਰਤਾਰਪੁਰ ਨੂੰ ਕਰਤਾਰਪੁਰ ਹੀ ਰੱਖਣਾ, ਇਹਨੂੰ ਡਿਜ਼ਨੀਲੈਂਡ ਨਾ ਬਣਾ ਘੱਤਣਾ।”
ਇਨ੍ਹਾਂ ਦਿਨਾਂ ਵਿਚ ਇਹ ਚਰਚਾ ਵੀ ਸਾਹਮਣੇ ਆਈ ਕਿ ਲਾਂਘੇ ਲਈ ਪਹੁੰਚਣ ‘ਤੇ ਵੀਜ਼ਾ (ਵੀਜ਼ਾ ਆਨ ਅਰਾਈਵਲ) ਸ਼ਾਇਦ ਸਿਰਫ ਸਿੱਖ ਸ਼ਰਧਾਲੂਆਂ ਨੂੰ ਹੀ ਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦੇ ਕੇ ਇਸ ਦਾ ਵਿਰੋਧ ਕੀਤਾ। ਇਸ ਤਰ੍ਹਾਂ ਦੀ ਸੋਚ ਦਾ ਵਿਰੋਧ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇਵ ਮਨੁੱਖਤਾ ਦੇ ਸਾਂਝੇ ਰਹਿਬਰ ਸਨ। ਉਨ੍ਹਾਂ ਦਾ ਸੰਦੇਸ਼ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਵਾਸਤੇ ਹੈ। ਇਸ ਦੀ ਅਜ਼ੀਮ ਮਿਸਾਲ ਖੁਦ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਚ ਮਿਲਦੀ ਹੈ ਜਿਥੇ ਗੁਰੂ ਸਾਹਿਬ ਦਾ ਮਜ਼ਾਰ ਤੇ ਸਮਾਧੀ ਦੋਵੇਂ ਮੌਜੂਦ ਹਨ। ਗੁਰੂ ਸਾਹਿਬ ਦੀ ਕਰਮਭੂਮੀ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਸੀ ਸਗੋਂ ਉਨ੍ਹਾਂ ਨੇ ਦੂਰ-ਦਰਾਜ ਦੇ ਇਲਾਕਿਆਂ ਵਿਚ ਜਾ ਕੇ ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਸੰਦੇਸ਼ ਦਿੱਤਾ। ਸਮਾਜਿਕ ਏਕਤਾ ਤੇ ਸਮਤਾ ਕਾਇਮ ਕਰਨ ਦਾ ਸੰਦੇਸ਼ ਉਨ੍ਹਾਂ ਦੀ ਬਾਣੀ ਵਿਚ ਥਾਂ ਥਾਂ ‘ਤੇ ਮਿਲਦਾ ਹੈ। ਜਦ ਬਾਬਰ ਦਾ ਹਮਲਾ ਹੁੰਦਾ ਹੈ ਤਾਂ ਗੁਰੂ ਸਾਹਿਬ ਸਿਰਫ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਾਹਕ ਹੀ ਨਹੀਂ ਬਣਦੇ ਸਗੋਂ ਇਕ ਵੱਡੇ ਭੂਗੋਲਿਕ ਖਿੱਤੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਜ਼ੁਬਾਨ ਦਿੰਦੇ ਹਨ ਜਿਸ ਨੂੰ ਉਹ ਆਪਣੀ ਬਾਣੀ ਵਿਚ ‘ਹਿੰਦੁਸਤਾਨੁ’ ਕਹਿੰਦੇ ਹਨ: “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥” ਇਸ ਤਰ੍ਹਾਂ ਉਹ ਪੰਜਾਬ ਦੇ ਲੋਕਾਂ ਦੀ ਭਾਵੀ ਨੂੰ ਨਾਲ ਦੇ ਖੇਤਰਾਂ ਨਾਲ ਜੋੜਦੇ ਹਨ ਅਤੇ ਸਾਨੂੰ ਸੌੜੀਆਂ ਵਲਗਣਾਂ ‘ਚੋਂ ਕੱਢਦੇ ਹਨ। ਇਥੇ ਇਹ ਯਾਦ ਰੱਖਣਾ ਵੀ ਬਣਦਾ ਹੈ ਕਿ ਸੰਤਾਂ, ਗੁਰੂਆਂ, ਪੀਰਾਂ, ਫਕੀਰਾਂ ਵਿਚੋਂ ਗੁਰੂ ਨਾਨਕ ਦੇਵ ਪਹਿਲੇ ਹਨ ਜੋ ਇਸ ਭੂਗੋਲਿਕ ਖਿੱਤੇ ਵਾਸਤੇ ਹਿੰਦੁਸਤਾਨੁ ਸ਼ਬਦ ਵਰਤ ਕੇ ਇਥੋਂ ਦੇ ਲੋਕਾਂ ਲਈ ਬੋਲਦੇ ਹਨ।
ਇਸੇ ਤਰ੍ਹਾਂ ਦਾ ਵਿਸ਼ਾਲ ਦ੍ਰਿਸ਼ਟੀਕੋਣ ਸਾਨੂੰ ਆਦਿ-ਗ੍ਰੰਥ ਦੀ ਸੰਪਾਦਨਾ ਵੇਲੇ ਮਿਲਦਾ ਹੈ ਜਦ ਗੁਰੂ ਅਰਜਨ ਦੇਵ ਦੂਰ-ਦੁਰਾਡੇ ਦੇ ਭਗਤਾਂ ਦੀ ਬਾਣੀ ਆਦਿ-ਗ੍ਰੰਥ ਵਿਚ ਸ਼ਾਮਿਲ ਕਰਦੇ ਹਨ। ਗੁਰੂ ਸਾਹਿਬਾਨ ਦੇ ਵਚਨ ਤੇ ਕੰਮ ਸਾਨੂੰ ਦੱਸਦੇ ਹਨ ਕਿ ਸਾਨੂੰ ਪੰਜਾਬ, ਪੰਜਾਬੀ, ਧਰਮ, ਜਾਤ, ਜਮਾਤ ਆਦਿ ਦੀਆਂ ਸੀਮਾਵਾਂ ਤਕ ਹੀ ਸੀਮਤ ਨਹੀਂ ਹੋ ਜਾਣਾ ਚਾਹੀਦਾ ਅਤੇ ਨਾਲ ਰਹਿੰਦੇ ਤੇ ਦੂਰ-ਦੁਰੇਡੇ ਵਸਦੇ, ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਤੇ ਵੱਖ-ਵੱਖ ਬੋਲੀਆਂ ਬੋਲਦੇ ਲੋਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਨੇ ਉਤਰ, ਦੱਖਣ, ਪੂਰਬ, ਪੱਛਮ ਹਰ ਪਾਸੇ ਯਾਤਰਾ ਕੀਤੀ। ਮਿਸਾਲ ਵਜੋਂ ਉਹ ਉੜੀਸਾ ਵਿਚ ਪੁਰੀ ਗਏ। ਉਥੋਂ ਦੇ ਲੋਕਾਂ ਨਾਲ ਗੋਸਟਿ ਕੀਤੀ। ਪੁਰੀ ਵਿਚ ਜਗਨਨਾਥ ਦੀ ਬਹੁਤ ਵੱਡੀ ਯਾਤਰਾ ਨਿਕਲਦੀ ਹੈ। ਉਸ ਵਿਚ ਇਹ ਝਾਕੀ ਵੇਖਣ ਨੂੰ ਮਿਲਦੀ ਰਹੀ ਹੈ ਜਿਸ ਵਿਚ ਇਹ ਬੋਲਿਆ ਜਾਂਦਾ ਸੀ- “ਕਹਾਂ ਸੇ ਆਇਆ ਨਾਨਕ ਸਾਈਂ, ਕਹਾਂ ਤੁਮਾਰਾ ਡੇਰਾ। ਕਹਾਂ ਤੁਮਾਰਾ ਗੁਰੂ ਕਾ ਗੱਦੀ, ਕੌਣ ਦੇਵ ਕਾ ਪਹਿਰਾ।” 18ਵੀਂ ਸਦੀ ਵਿਚ ਆਗਰੇ ਦਾ ਲੋਕ ਸ਼ਾਇਰ ਨਜ਼ੀਰ ਅਕਬਰਾਬਾਦੀ ਉਨ੍ਹਾਂ ਨੂੰ ‘ਨਾਨਕਸ਼ਾਹ’ ਕਹਿ ਕੇ ਯਾਦ ਕਰਦਾ ਹੈ ਅਤੇ 20ਵੀਂ ਸਦੀ ਵਿਚ ਮੁਹੰਮਦ ਇਕਬਾਲ ‘ਮਰਦੇ ਕਾਮਲ’ ਕਹਿ ਕੇ। 19ਵੀਂ ਤੇ 20ਵੀਂ ਸਦੀ ਵਿਚ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦੇਬਿੰਦਰਾ ਨਾਥ, ਕੇਸ਼ਵ ਚੰਦਰ ਸੇਨ, ਰਾਬਿੰਦਰ ਨਾਥ ਟੈਗੋਰ ਅਤੇ ਹੋਰ ਬਹੁਤ ਸਾਰੇ ਚਿੰਤਕ ਗੁਰੂ ਨਾਨਕ ਦੇਵ ਦੇ ਚਿੰਤਨ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੀਆਂ ਹੋਰ ਵੀ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਪਰ ਮੂਲ ਦਲੀਲ ਇਹੋ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚਣਾ ਚਾਹੀਦਾ ਹੈ।
ਵੰਡ ਤੋਂ ਪਹਿਲਾਂ ਗੁਰਦੁਆਰੇ ਕੋਲ ਤਕਰੀਬਨ ਸੌ ਏਕੜ ਜਮੀਨ ਸੀ। ਇਹ ਉਹ ਜਮੀਨ ਹੈ ਜਿਥੇ ਗੁਰੂ ਸਾਹਿਬ ਨੇ ਖੇਤੀ ਕੀਤੀ। “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ”, “ਹੋਇ ਕਿਰਸਾਣੁ ਈਮਾਨੁ ਜੰਮਾਇ”, “ਇਹ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ” ਜਿਹੇ ਬੋਲ ਕਿਰਤ, ਖੇਤੀ ਤੇ ਕਿਸਾਨੀ ਨਾਲ ਜੁੜੇ ਕੰਮਾਂ-ਕਾਰਾਂ ਵਿਚੋਂ ਹੀ ਨਿਕਲੇ ਹਨ। ਇਹ ਜਮੀਨ ਸਾਡੇ ਲਈ ਅਨਮੋਲ ਹੈ। ਹੁਣ ਇਥੋਂ ਦਾ ਪ੍ਰਬੰਧਕੀ ਟਰਸਟ ਕੁਝ ਜਮੀਨ ਵਿਚ ਦੇਸੀ/ਜੈਵਿਕ ਖੇਤੀ ਕਰਦਾ ਹੈ ਅਤੇ ਲੰਗਰ ਇਸ ਤਰੀਕੇ ਨਾਲ ਉਪਜੇ ਅੰਨ ਵਿਚੋਂ ਹੀ ਬਣਾਇਆ ਜਾਂਦਾ ਹੈ। ਗੁਰਦੁਆਰੇ ਵਿਚ ਮੁਸਲਮਾਨ ਤੇ ਇਸਾਈ ਸ਼ਰਧਾਲੂ ਵੀ ਆਉਂਦੇ ਹਨ। ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਾਂਭ-ਸੰਭਾਲ ਦੀ ਜਿਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਦੂਸਰੇ ਗੁਰਧਾਮਾਂ ਤੇ ਇਤਿਹਾਸਕ ਸਥਾਨਾਂ ‘ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਸਥਾਨਾਂ ਦਾ ਮਹੱਤਵ ਇਤਿਹਾਸਕ ਹੈ ਅਤੇ ਇਨ੍ਹਾਂ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣਾ ਇਸ ਲਈ ਜ਼ਰੂਰੀ ਹੈ ਕਿ ਜਦ ਕੋਈ ਸ਼ਰਧਾਲੂ ਇਨ੍ਹਾਂ ਦਾ ਦੀਦਾਰ ਕਰੇ ਤਾਂ ਉਸ ਨੂੰ ਆਪਣੇ ਵਿਰਸੇ ਦੀ ਯਾਦ ਆਏ। ਜੋਸ਼ ਤੇ ਉਤਸ਼ਾਹ ਵਿਚ ਅਸੀਂ ਇਨ੍ਹਾਂ ਅਸਥਾਨਾਂ ਨੂੰ ਆਧੁਨਿਕ ਤੇ ਦਿਖਾਵਾਮਈ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ; ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਜਾਂਦੀਆਂ ਜੋ ਅੱਜ ਦੇ ਸੁਹਜ ਅਨੁਸਾਰ ਤਾਂ ਚੰਗੀਆਂ ਲੱਗਦੀਆਂ ਹਨ ਪਰ ਉਨ੍ਹਾਂ ਵਿਚੋਂ ਉਹ ਪੁਰਾਤਨਤਾ ਗਾਇਬ ਹੁੰਦੀ ਹੈ ਜਿਸ ਨੂੰ ਵੇਖ ਕੇ ਸ਼ਰਧਾਲੂ ਦੇ ਮਨ ਵਿਚ ਆਪਣੇ ਅਤੀਤ ਬਾਰੇ ਡੂੰਘੀਆਂ ਤਰਬਾਂ ਉਠਦੀਆਂ ਹਨ। ਵੈਭਵ ਤੇ ਬੇਲੋੜੀ ਸਜਾਵਟ ਬਹੁਤੀ ਵਾਰ ਸਥਾਨ ਦੀ ਇਤਿਹਾਸਕਤਾ ਤੇ ਉਸ ਦੇ ਆਂਤਰਿਕ ਸੁਹਜ ਦਾ ਮਲੀਆਮੇਟ ਕਰ ਦਿੰਦੇ ਹਨ।
ਇਸੇ ਤਰ੍ਹਾਂ ਕਈ ਗੁਰਦੁਆਰਿਆਂ ਵਿਚ ਪੁਰਾਣੇ ਚਿੱਤਰਕਾਰਾਂ ਤੇ ਨੱਕਾਸ਼ਾਂ ਦੁਆਰਾ ਗੁਰੂ ਸਾਹਿਬਾਨ ਦੇ ਚਿੱਤਰ ਬਣਾਏ ਗਏ ਅਤੇ ਨੱਕਾਸ਼ੀ ਕੀਤੀ ਗਈ ਹੈ। ਉਹ ਚਿੱਤਰ ਸਾਡੀ ਵਿਰਾਸਤ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਚਿੱਤਰ ਪੁਰਾਣੇ ਹੋ ਚੁੱਕੇ ਹਨ ਤੇ ਅਸੀਂ ਇਸ ਲੋਭ ਵਿਚ ਪੈ ਜਾਂਦੇ ਹਾਂ ਕਿ ਇਨ੍ਹਾਂ ਦੀ ਥਾਂ ‘ਤੇ ਸੰਗਮਰਮਰ ਲਾ ਦਿੱਤਾ ਜਾਏ। ਅਸਲ ਵਿਚ ਇਹੋ ਜਿਹੇ ਚਿੱਤਰ ਤੇ ਨੱਕਾਸ਼ੀ ਬੇਸ਼ਕੀਮਤੀ ਹਨ ਕਿਉਂਕਿ ਉਹ ਸਾਡੇ ਇਤਿਹਾਸ ਨਾਲ ਪ੍ਰਣਾਏ ਹੋਏ ਹਨ। ਵਧੀਆ ਸੰਗਮਰਮਰ ਜਾਂ ਸੋਨੇ ਦੀ ਜੜਤ ਪ੍ਰਵੀਨ ਤੇ ਸ਼ਰਧਾਲੂ ਚਿੱਤਰਕਾਰਾਂ ਤੇ ਨੱਕਾਸ਼ਾਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਦੀ ਥਾਂ ਨਹੀਂ ਲੈ ਸਕਦੀ। ਇਸ ਲਈ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦੀ ਵਿਰਾਸਤੀ ਦਿੱਖ ਬਣਾਏ ਰੱਖਣ ਲਈ ਦਿੱਤੇ ਗਏ ਸੁਝਾਵਾਂ ‘ਤੇ ਸੁਹਿਰਦਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਅਤੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਨਵਉਸਾਰੀ ਸਮੇਂ ਵੀ ਇਨ੍ਹਾਂ ਸੁਝਾਵਾਂ ਦਾ ਧਿਆਨ ਰੱਖਣ ਦੀ ਲੋੜ ਹੈ। ਵਿਰਾਸਤੀ ਸਰੋਤਾਂ ਤੇ ਸੋਮਿਆਂ ਦੀ ਸੰਭਾਲ ਲਈ ਮਾਹਿਰ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ। ਦੁਨੀਆਂ ਦੇ ਕੋਨੇ ਕੋਨੇ ਵਿਚ ਮਾਹਿਰ ਆਰਕੀਟੈਕਟ ਹਨ ਜੋ ਕਿਸੇ ਸਥਾਨ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰ ਸਕਦੇ ਹਨ, ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਬਾਕੀ ਦੇ ਹਿੰਦੋਸਤਾਨ ਵਿਚ ਵੀ ਬੜੀ ਉਚ-ਪੱਧਰ ਦੇ ਇਮਾਰਤਸਾਜ਼, ਕਾਰੀਗਰ, ਨੱਕਾਸ਼ ਤੇ ਚਿੱਤਰਕਾਰ ਹਨ ਅਤੇ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਕਰਦਿਆਂ ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ। ਇਹ ਕਾਰਜ ਇਸ ਸੰਵੇਦਨਸ਼ੀਲਤਾ ਤੇ ਸੁਹਜ ਨਾਲ ਕਰਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਸਥਾਨਾਂ ਦੀ ਧਾਰਮਿਕ ਅਤੇ ਇਤਿਹਾਸਕ ਦਿੱਖ ਉਸੇ ਰੂਪ ਵਿਚ ਸੰਭਾਲੀ ਜਾ ਸਕੇ ਜਿਹੋ ਜਿਹੀ ਪੁਰਾਣੇ ਵੇਲੇ ਦੇ ਇਮਾਰਤਸਾਜ਼ਾਂ, ਕਾਰੀਗਰਾਂ, ਕਲਾਕਾਰਾਂ ਅਤੇ ਨੱਕਾਸ਼ਾਂ ਨੇ ਚਿਤਵੀ ਸੀ।