ਸਥਾਪਤ-ਸੰਸਥਾਗਤ ਧਰਮ ਬਨਾਮ ਧਰਮ ਅਤੇ ਇਨਸਾਨੀਅਤ

ਦੁਨੀਆਂ ਵਿਚ ਸ਼ਾਇਦ ਹੀ ਕਿਸੇ ਧਰਮ ਦੇ ਬਾਨੀ ਮਹਾਂਪੁਰਖ ਨੇ ਧਰਮ ਨੂੰ ਵਲਗਣਾਂ ਵਿਚ ਕੈਦ ਕਰਨ ਜਾਂ ਦੂਜੇ ਧਰਮਾਂ ਦੇ ਲੋਕਾਂ ਨਾਲ ਨਫਰਤ ਕਰਨ ਦੀ ਗੱਲ ਕੀਤੀ ਹੋਵੇ। ਸ਼ੁਰੂ ਵਿਚ ਹਰ ਧਰਮ ਬੰਧਨਾਂ ਦੀ ਕੈਦ ਤੋਂ ਮੁਕਤ ਹੁੰਦਾ ਹੈ, ਪਰ ਹੌਲੀ ਹੌਲੀ ਸਵਾਰਥੀ ਹਿੱਤ ਉਸ ਨੂੰ ਵਲਗਣਾਂ ਵਿਚ ਕੈਦ ਕਰ ਲੈਂਦੇ ਹਨ। ਇਹੋ ਕੈਦ ਹੀ ਧਰਮ ਨੂੰ ਸਥਾਪਤੀ ਦਾ ਧਰਮ ਬਣਾ ਦਿੰਦੀ ਹੈ। ਇਸ ਲੇਖ ਵਿਚ ਨੰਦ ਸਿੰਘ ਬਰਾੜ ਨੇ ਵਿਸ਼ਵ ਧਰਮਾਂ ਦੇ ਸੰਦਰਭ ਵਿਚ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਪੁਣ-ਛਾਣ ਕੀਤੀ ਹੈ ਕਿ ਕਿਵੇਂ ਸਮੁੱਚੇ ਸੰਸਾਰ ਨੂੰ ਬੇਗਮਪੁਰਾ ਬਣਿਆ ਲੋਚਣ ਵਾਲਾ ਸੱਚਾ-ਸੁੱਚਾ ਸਿੱਖ ਧਰਮ ਵੀ ਹੁਣ ਸਥਾਪਤ ਧਰਮ ਬਣ ਕੇ ਰਹਿ ਗਿਆ ਹੈ,

ਜਿਸ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹੋਈ ਹੈ। ਇਹ ਲੰਮਾ ਲੇਖ ਅਸੀਂ ਦੋ ਕਿਸ਼ਤਾਂ ਵਿਚ ਛਾਪ ਰਹੇ ਹਾਂ। ਪੇਸ਼ ਹੈ, ਪਹਿਲੀ ਕਿਸ਼ਤ। -ਸੰਪਾਦਕ

ਨੰਦ ਸਿੰਘ ਬਰਾੜ
ਵਟਸਐਪ: 916-501-3974

ਪਹਿਲੀ ਨਜ਼ਰੇ ਦੇਖਿਆਂ ਸਥਾਪਤ ਧਰਮ ਅਤੇ ਨਿਰੋਲ ਧਰਮ ਵਿਚ ਭਾਵੇਂ ਫਰਕ ਨਹੀਂ ਲਗਦਾ, ਪਰ ਗੌਰ ਨਾਲ ਦੇਖਿਆਂ ਇਨ੍ਹਾਂ ਵਿਚ ਬਹੁਤ ਅੰਤਰ ਹੁੰਦਾ ਹੈ ਤੇ ਬਹੁਤੀ ਵਾਰ ਤਾਂ ਇਹ ਇਕ ਦੂਜੇ ਦੇ ਵਿਰੁਧ ਖੜੇ ਨਜ਼ਰ ਆਉਂਦੇ ਹਨ। ਇਹ ਠੀਕ ਹੈ ਕਿ ਧਰਮ ਦਾ ਨਾਂ ਸੁਣ ਕੇ ਹਰੇਕ ਦੇ ਮਨ ਵਿਚ ਸਕੂਨ ਮਹਿਸੂਸ ਹੁੰਦਾ ਹੈ ਅਤੇ ਲਗਦਾ ਹੈ ਜਿਵੇਂ ਉਸ ਦਾ ਆਪਣਾ ਧਰਮ ਭਾਵ ਆਪਣਾ ਸਥਾਪਤ ਧਰਮ ਹੀ ਅਸਲ ਧਰਮ ਹੈ।
ਸਥਾਪਤ ਧਰਮ ਕਿਸੇ ਇਕ ਜਾਂ ਦੂਜੇ ਵਰਗ ਜਾਂ ਸੱਭਿਆਚਾਰ ਲਈ ਹੁੰਦਾ ਹੈ ਅਤੇ ਇਹ ਉਸ ਵਰਗ ਦੀ ਅੰਦਰੂਨੀ ਤੇ ਬਾਹਰੀ ਸ਼ੈਲੀ ਨੂੰ ਦਰਸਾਉਂਦਾ ਹੈ, ਜਿਵੇਂ ਉਸ ਸਥਾਪਤ ਧਰਮ ਦੇ ਪ੍ਰਾਣੀਆਂ ਨੇ ਕਿਵੇਂ ਰਹਿਣਾ ਹੈ, ਕੀ ਖਾਣਾ ਹੈ, ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ, ਕਿਸ ਤਰ੍ਹਾਂ ਜੀਵਨ ਦੇ ਬਾਕੀ ਕਾਰ ਵਿਹਾਰ ਅਤੇ ਸੰਸਕਾਰ ਕਰਨੇ ਹਨ, ਕਿਸ ਤਰ੍ਹਾਂ ਆਪਣੇ ਇਸ਼ਟ ਦੀ ਪੂਜਾ ਅਰਚਨਾ ਕਰਨੀ ਹੈ। ਸਭ ਤੋਂ ਅਹਿਮ ਕਿ ਕਿਸ ਤਰ੍ਹਾਂ ਬਾਕੀ ਸੰਸਾਰ ਨਾਲੋਂ ਆਪਣੀ ਵੱਖਰੀ ਹੋਂਦ ਬਣਾ ਕੇ ਰੱਖਣੀ ਹੈ।
ਜਿਥੇ ਨਿਰੋਲ ਧਰਮ ਸਮੁੱਚੀ ਮਾਨਵਤਾ ਵਿਚ ਪ੍ਰੇਮ ਪਿਆਰ ਅਤੇ ਇਕਸੁਰਤਾ ਬਣਾ ਕੇ ਸਮੁੱਚੇ ਸੰਸਾਰ ਨੂੰ ਬੇਗਮਪੁਰਾ ਬਣਿਆ ਲੋਚਦਾ ਹੈ, ਉਥੇ ਸਥਾਪਤ ਧਰਮ ਮਾਨਵਤਾ ਨੂੰ ਧੜਿਆਂ ਵਿਚ ਵੰਡਦਾ ਹੈ। ਸਮੁੱਚੀ ਦੁਨੀਆਂ ਦੇ ਸਾਰੇ ਸਥਾਪਤ ਧਰਮਾਂ ਦੇ ਸਿਧਾਂਤ ਭਾਵੇਂ ਦੇਖਣ ਨੂੰ ਸੱਚੇ ਸੁੱਚੇ ਧਰਮ ਵਾਲੇ ਹੀ ਲਗਦੇ ਹਨ, ਪਰ ਹਕੀਕਤ ਵਿਚ ਉਹ ਓਦਾਂ ਦੇ ਬਣ ਜਾਂਦੇ ਹਨ ਜਿਵੇਂ ਪੁਜਾਰੀ ਕਹਿੰਦਾ ਹੈ ਅਤੇ ਹੌਲੀ ਹੌਲੀ ਪੁਜਾਰੀ ਹੀ ਧਰਮ ਦਾ ਸਭ ਕੁਝ ਬਣ ਜਾਂਦਾ ਹੈ (ਪੁਜਾਰੀ ਦਾ ਨਾਂ ਕੋਈ ਵੀ ਹੋ ਸਕਦਾ ਹੈ, ਜੋ ਸਥਾਪਤ ਧਰਮ ਅਨੁਸਾਰ ਬਦਲਦਾ ਰਹਿੰਦਾ ਹੈ)। ਧਰਮ ਜਦੋਂ ਪੂਰੀ ਤਰ੍ਹਾਂ ਸਥਾਪਤ ਹੋ ਜਾਂਦਾ ਹੈ ਤਾਂ ਪੈਰੋਕਾਰ ਤੇ ਆਮ ਲੋਕ, ਜਿਨ੍ਹਾਂ ਲਈ ਮਹਾਂਪੁਰਖਾਂ ਨੇ ਕੁਰਬਾਨੀਆਂ ਕੀਤੀਆਂ, ਅਣਗੌਲੇ ਹੋ ਜਾਂਦੇ ਹਨ। ਇਸ ਤੋਂ ਵੀ ਅੱਗੇ ਜਦੋਂ ਮੌਕੇ ਦੀ ਹਕੂਮਤ ਦੀ ਮਿਲੀਭੁਗਤ ਨਾਲ ਸਥਾਪਤ ਧਰਮ ਇਕ ਸੰਸਥਾਗਤ ਧਰਮ ਬਣ ਜਾਂਦਾ ਹੈ ਤਾਂ ਆਮ ਲੋਕ ਉਸ ਵਿਚੋਂ ਲਗਪਗ ਮਨਫੀ ਹੋ ਜਾਂਦੇ ਹਨ ਅਤੇ ਸੰਸਥਾਗਤ ਧਰਮ ਦੀ ਸਾਰੀ ਤਾਕਤ ਸਿਰਫ ਕੁਝ ਇਕ ਲੋਕਾਂ ਦੇ ਹੱਥਾਂ ਵਿਚ ਆ ਜਾਂਦੀ ਹੈ।
ਸਥਾਪਤ ਧਰਮ ਦੇ ਉਲਟ ਸੱਚਾ ਧਰਮ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਹੁੰਦਾ ਹੈ। ਅਸਲ ਵਿਚ ਇਹ ਇਕ ਸੱਚੇ ਸੁੱਚੇ ਜਜ਼ਬੇ ਦਾ ਅਹਿਸਾਸ ਹੈ, ਜੋ ਸਮੁੱਚੀ ਦੁਨੀਆਂ ਦੇ ਹਰ ਮਨੁੱਖ ਵਿਚ ਜਮਾਂਦਰੂ ਹੁੰਦਾ ਹੈ। ਇਹ ਜਜ਼ਬਾ ਸਾਡੀ ਜਮੀਰ ਦੀ ਆਵਾਜ਼ ਹੁੰਦਾ ਹੈ। ਇਸ ਅਨੁਸਾਰ ਧਰਮ ਇਕ ਅਜਿਹੀ ਜੀਵਨ ਜਾਚ ਦਾ ਸੰਕਲਪ ਹੈ, ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਹੁੰਦਾ ਹੈ, ਭਾਵ ਸੱਚ ਬੋਲਣਾ ਅਤੇ ਹਮੇਸ਼ਾ ਸੱਚੇ ਰਹਿਣਾ, ਕਿਸੇ ਦਾ ਹੱਕ ਨਾ ਮਾਰਨਾ, ਸਰਬਤ ਦਾ ਭਲਾ ਚਾਹੁਣਾ, ਨੇਕ ਕਮਾਈ ਕਰਨੀ, ਕਿਸੇ ਨਾਲ ਧੋਖਾ ਫਰੇਬ ਨਾ ਕਰਨਾ, ਸਭ ਨੂੰ ਬਰਾਬਰ ਸਮਝਦਿਆਂ ਕਿਸੇ ਤਰ੍ਹਾਂ ਦਾ ਭਿੰਨ ਭੇਦ ਨਾ ਕਰਨਾ ਆਦਿ।
ਇਸ ਤਰ੍ਹਾਂ ਦੇ ਜਜ਼ਬੇ ਨਾਲ ਮਨੁੱਖ ਦੀ ਨਸਲ, ਕੌਮ, ਦੇਸ਼, ਧਰਮ, ਮਜਹਬ, ਰੰਗ, ਲਿੰਗ ਆਦਿ ਦਾ ਕੋਈ ਸਬੰਧ ਨਹੀਂ ਹੁੰਦਾ। ਇਥੋਂ ਤੱਕ ਕਿ ਰੱਬ ਦੀ ਹੋਂਦ ਵਿਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਨਾਲ ਵੀ ਇਸ ਜਜ਼ਬੇ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਹਰ ਮਨੁੱਖ ਦੀ ਅੰਤਰ ਆਤਮਾ ਦੀ ਆਵਾਜ਼ ਵਾਲਾ ਇਹ ਸੱਚਾ ਧਰਮ ਉਦੋਂ ਤੱਕ ਸਹੀ ਅਰਥਾਂ ਵਿਚ ਧਰਮ ਰਹਿੰਦਾ ਹੈ, ਜਦੋਂ ਤੱਕ ਉਹ ਕਿਸੇ ਇਕ ਵਰਗ ਨਾਲ ਸਬੰਧਤ ਇਕ ਖਾਸ ਨਾਂ ਵਾਲੇ ਧਰਮ ਜਿਵੇਂ ਈਸਾਈ, ਮੁਸਲਮਾਨ, ਹਿੰਦੂ, ਸਿੱਖ ਆਦਿ ਧਰਮ ਦਾ ਹਿੱਸਾ ਨਹੀਂ ਬਣ ਜਾਂਦਾ।
ਇਹ ਸੱਚ ਹੈ ਕਿ ਸਮੁੱਚੇ ਸੰਸਾਰ ਦੇ ਮਹਾਂਪੁਰਖਾਂ ਨੇ ਕਦੇ ਵੀ ਕੋਈ ਸਥਾਪਤ ਧਰਮ ਸ਼ੁਰੂ ਨਹੀਂ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦਾ ਨਾਂ ਜੁੜਦਾ ਹੈ, ਸਗੋਂ ਇਹ ਸਥਾਪਤ ਧਰਮ ਤਾਂ ਉਨ੍ਹਾਂ ਤੋਂ ਸੈਂਕੜੇ ਸਾਲ ਮਗਰੋਂ ਹੋਂਦ ਵਿਚ ਆਏ। ਇਸ ਸੱਚਾਈ ਨੂੰ ਘੋਖਣ ਵਾਸਤੇ ਸਭ ਤੋਂ ਨਵੇਂ ਧਰਮ, ਸਿੱਖ ਧਰਮ ਨੂੰ ਲੈ ਸਕਦੇ ਹਾਂ ਜਿਸ ਕੋਲ ਪੈਂਤੀ ਮਹਾਂਪੁਰਖਾਂ ਦੀ ਆਪਣੀ ਬਾਣੀ ਮੌਜੂਦ ਹੈ।
ਗੁਰਬਾਣੀ ਦੇ ਆਧਾਰ ‘ਤੇ ਇਕ ਉਘੇ ਲੇਖਕ ਅਤੇ ਬੁੱਧੀਜੀਵੀ ਸ਼ ਹਾਕਮ ਸਿੰਘ ਨੇ ‘ਪੰਜਾਬ ਟਾਈਮਜ਼’ ਵਿਚ ਲਿਖੇ ਇਕ ਲੇਖ ‘ਖਾਲਿਸਤਾਨ ਬਾਰੇ ਕੁਝ ਵਿਚਾਰ’ ਵਿਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੈ। ਉਨ੍ਹਾਂ ਅਨੁਸਾਰ “ਖਾਲਿਸਤਾਨ ਦੀ ਸਥਾਪਨਾ ਤਾਂ ਦੂਰ ਦੀ ਗੱਲ ਹੈ, ਗੁਰਬਾਣੀ ਵਿਚ ਤਾਂ ਸਿੱਖ ਧਰਮ ਦੀ ਕੋਈ ਸੰਸਥਾ ਸੰਗਠਨ ਕਰਨ ਦਾ ਉਪਦੇਸ਼ ਵੀ ਨਹੀਂ ਹੈ। ਗੁਰੂ ਸਾਹਿਬਾਨ ਨੇ ਵੀ ਕੋਈ ਸੰਸਥਾਗਤ ਜਾਂ ਸਮਾਜਕ ਸਿੱਖ ਧਰਮ ਸਥਾਪਤ ਨਹੀਂ ਸੀ ਕੀਤਾ|” ਉਨ੍ਹਾਂ ਦੀ ਲਿਖਤ ਦੀ ਸੱਚਾਈ ਇਸ ਗੱਲ ਤੋਂ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੁੱਚੇ ਗੁਰੂ ਕਾਲ ਦੌਰਾਨ ਅਤੇ ਲਗਪਗ ਡੇਢ ਸਦੀ ਪਿੱਛੋਂ ਤਕ ਵੀ ਸਥਾਪਤ ਸਿੱਖ ਧਰਮ ਦਾ ਹਵਾਲਾ ਨਹੀਂ ਮਿਲਦਾ। ਇਸ ਸਬੰਧੀ ਕੁਝ ਹਵਾਲੇ ਗੁਰਬਾਣੀ ਵਿਚੋਂ ਅਤੇ ਕੁਝ ਪ੍ਰਚਲਿਤ ਸਿੱਖ ਇਤਿਹਾਸਕ ਕਥਾਵਾਂ ਵਿਚੋਂ ਲੈ ਸਕਦੇ ਹਾਂ।
ਅਸੀਂ ਆਮ ਹੀ ਕੁਝ ਪ੍ਰਚਾਰਕਾਂ ਤੋਂ ਕੁਪ੍ਰਚਾਰ ਸੁਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਆਪਣੇ ਧਾਰਮਕ ਪ੍ਰਚਾਰ ਦੌਰਾਨ ਸੁਨੇਹਾ ਦਿੰਦੇ ਸਨ ਕਿ ਹਰ ਮੁਸਲਮਾਨ ਨੂੰ ਪੱਕਾ ਮੁਸਲਮਾਨ ਅਤੇ ਹਰ ਹਿੰਦੂ ਨੂੰ ਪੂਰਾ ਹਿੰਦੂ ਬਣਨਾ ਚਾਹੀਦਾ ਹੈ, ਪ੍ਰੰਤੂ ਗੁਰੂ ਜੀ ਨੇ ਬਾਣੀ ਰਾਹੀਂ ਹਰ ਮਨੁੱਖ ਨੂੰ ਕਿਸੇ ਸਥਾਪਤ ਧਰਮ ਦੀਆਂ ਪਰੰਪਰਾਵਾਂ ਅਤੇ ਕਰਮ-ਕਾਂਡਾਂ ਅਨੁਸਾਰ ਪੱਕੇ ਰਹਿਣ ਦੀ ਥਾਂ ਸ਼ੁਭ ਕਰਮਾਂ ਤੇ ਉਚੇ ਆਚਰਣ ਉਤੇ ਚਲਣ ‘ਤੇ ਜ਼ੋਰ ਦਿੱਤਾ। ਜਿਵੇਂ ਇਸਲਾਮ ਵਿਚ ਹਰ ਮੁਸਲਮਾਨ ਲਈ ਪੰਜ ਵਕਤ ਦੀ ਨਮਾਜ ਅਦਾ ਕਰਨੀ ਜਰੂਰੀ ਧਾਰਮਕ ਕਰਮ ਗਿਣਿਆ ਜਾਂਦਾ ਹੈ, ਪਰ ਗੁਰੂ ਜੀ ਨੇ ਇਸ ਪਰੰਪਰਾ ਨੂੰ ਝੂਠਾ ਅਡੰਬਰ ਦੱਸਦਿਆਂ ਹੇਠ ਲਿਖੇ ਅਨੁਸਾਰ ਵਿਹਾਰ ਕਰਨ ਦੀ ਸਿਖਿਆ ਦਿੱਤੀ:
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਓ॥
ਪਹਿਲਾ ਸਚ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਮੀ ਕਲਮਾ ਆਖਿ ਕੈ ਤਾਂ ਮੁਸਲਮਾਨ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥
ਇਸੇ ਤਰ੍ਹਾਂ ਹਿੰਦੂਆਂ ਦੀ ਬਹੁਤ ਹੀ ਪਵਿੱਤਰ ਰਸਮ, ਜੋ ਹਰ ਹਿੰਦੂ ਲਈ ਲਾਜ਼ਮੀ ਸੀ ਤੇ ਹੈ, ਜਨੇਊ ਧਾਰਨ ਕਰਨ ਨੂੰ ਵੀ ਗੁਰੂ ਸਾਹਿਬ ਨੇ ਇਕ ਫੋਕੀ ਰਸਮ ਗਰਦਾਨਿਆ:
ਚਾਉਕੜ ਮੁਲ ਅਣਾਇਆ ਬਹਿ ਚਾਉਕੇ ਪਾਇਆ॥
ਸਿਖਾ ਕੰਨਿ ਚੜਾਇਆ ਗੁਰੂ ਬ੍ਰਾਹਮਣ ਥੀਆ॥
ਓਹ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥
ਇਹੀ ਨਹੀਂ, ਉਨ੍ਹਾਂ ਇਸ ਦੀ ਥਾਂ ਅਸਲੀ ਜਨੇਊ ਭਾਵ ਹਰ ਮਨੁੱਖ ਨੂੰ ਉਚੇ ਸੁੱਚੇ ਇਖਲਾਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਵਲ ਪ੍ਰੇਰਿਆ:
ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਿ ਵਟ॥
ਇਹ ਜਨੇਉ ਜੀਅ ਕਾ ਹਈ ਤਾਂ ਪਾਂਡੇ ਘਤ॥
ਨਾ ਇਹੁ ਤੁਟੈ ਨ ਮਲੁ ਲਗੈ ਨਾ ਇਹ ਜਲੈ ਨ ਜਾਇ॥
ਧੰਨ ਸੁ ਮਾਨਸ ਨਾਨਕਾ ਜੋ ਗਲਿ ਚਲੇ ਪਾਇ॥
ਗੁਰੂ ਜੀ ਨੇ ਇਨ੍ਹਾਂ ਦੋਹਾਂ ਸਥਾਪਤ ਧਰਮਾਂ ਦੇ ਹੀ ਥੋਥਲੇਪਨ ਨੂੰ ਉਜਾਗਰ ਨਹੀਂ ਕੀਤਾ, ਸਗੋਂ ਉਸ ਸਮੇਂ ਦੇ ਸਾਰੇ ਸਥਾਪਤ ਧਰਮਾਂ ਨੂੰ ਮਾਨਵਤਾ ਲਈ ਉਜਾੜੇ ਦਾ ਰਾਹ ਦੱਸਿਆ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
ਗੁਰਬਾਣੀ ਦੇ ਇਨ੍ਹਾਂ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਜੀ ਨੇ ਉਸ ਸਮੇਂ ਦੇ ਸਥਾਪਤ ਧਰਮਾਂ ਦੇ ਝੂਠੇ ਵਿਖਾਵੇ ਅਤੇ ਕਰਮ-ਕਾਂਡ ਦਾ ਸਿਰਫ ਪੋਲ ਹੀ ਨਹੀਂ ਖੋਲ੍ਹਿਆ, ਸਗੋਂ ਉਨ੍ਹਾਂ ਨੂੰ ਮਾਨਵਤਾ ਲਈ ਉਜਾੜੇ ਦੇ ਜਿੰਮੇਵਾਰ ਵੀ ਗਰਦਾਨਿਆ। ਐਸੇ ਵਿਚ ਉਨ੍ਹਾਂ ਵਲੋਂ ਕਿਸੇ ਹੋਰ ਸਥਾਪਤ ਧਰਮ ਨੂੰ ਸ਼ੁਰੂ ਕਰਨ ਬਾਰੇ ਸੋਚਣਾ ਵੀ ਸਿਆਣਪ ਨਹੀਂ ਲੱਗਦੀ|
ਗੁਰਬਾਣੀ ਤੋਂ ਬਿਨਾ ਹੇਠ ਲਿੱਖੀਆਂ ਕੁਝ ਪ੍ਰਚਲਿਤ ਸਿੱਖ ਇਤਿਹਾਸਕ ਕਥਾਵਾਂ ਵੀ ਇਹੀ ਦੱਸਦੀਆਂ ਹਨ ਕਿ ਸਥਾਪਤ ਸਿੱਖ ਧਰਮ ਦੀ ਸਥਾਪਨਾ ਗੁਰੂ ਕਾਲ ਦੌਰਾਨ ਨਹੀਂ, ਸਗੋਂ ਪਿੱਛੋਂ ਜਾ ਕੇ ਹੋਈ ਹੈ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਬੰਧੀ ਜਹਾਂਗੀਰ ਬਾਦਸ਼ਾਹ ਦੀ ਡਾਇਰੀ (ਤੁਜ਼ਕ-ਏ-ਜਹਾਂਗੀਰੀ) ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਹਿੰਦੂਆਂ ਦਾ ਇਕ ਪੀਰ ਬਹੁਤ ਸਾਰੇ ਹਿੰਦੂਆਂ ਨੂੰ ਆਪਣੇ ਮਗਰ ਲਾਈ ਫਿਰਦਾ ਹੈ। ਇਥੋਂ ਤੱਕ ਕਿ ਕੁਝ ਅਨਭੋਲ ਮੁਸਲਮਾਨ ਵੀ ਉਸ ਦੇ ਛਲਾਵੇ ਵਿਚ ਆਏ ਹੋਏ ਹਨ। ਇਸ ਲਈ ਉਸ ਦੀ ਇਹ ਝੂਠ ਦੀ ਦੁਕਾਨ ਬੰਦ ਕਰਾਉਣੀ ਚਾਹੀਦੀ ਹੈ। (ਡਾਇਰੀ ਵਿਚ ਸਿੱਖ ਧਰਮ ਦਾ ਵੇਰਵਾ ਨਹੀਂ ਮਿਲਦਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਨੀਆਂ ਪ੍ਰਮੰਨੀਆਂ ਸਿੱਖ ਸੰਪਰਦਾਵਾਂ ਅਤੇ ਸੰਤ ਸਮਾਜ ਵਲੋਂ ਸ਼ ਸੰਤੋਖ ਸਿੰਘ ਰਚਿਤ ‘ਸੂਰਜ ਪ੍ਰਕਾਸ਼ ਗ੍ਰੰਥ’ ਇਕ ਪ੍ਰਮਾਣਿਕ ਇਤਿਹਾਸਕ ਗ੍ਰੰਥ ਮੰਨਿਆ ਜਾਂਦਾ ਹੈ, ਜਿਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦਾ ਵਾਕਿਆ ਬਿਆਨ ਕਰਦਿਆਂ ਸ਼ ਸੰਤੋਖ ਸਿੰਘ ਔਰੰਗਜ਼ੇਬ ਦੀਆਂ ਤਿੰਨ ਸ਼ਰਤਾਂ ਦੀ ਗੱਲ ਕਰਦੇ ਹਨ। ਪਹਿਲੀ, ਇਸਲਾਮ ਧਰਮ ਕਬੂਲਣਾ; ਦੂਜੀ, ਕੋਈ ਕਰਾਮਾਤ ਕਰਕੇ ਵਖਾਉਣੀ ਅਤੇ ਤੀਜੀ, ਮੌਤ ਕਬੂਲ ਕਰਨੀ। ਪਹਿਲੀ ਸ਼ਰਤ ਸਬੰਧੀ ਸੰਤੋਖ ਸਿੰਘ ਗੁਰੂ ਜੀ ਦੇ ਮੂੰਹੋਂ ਅਖਵਾਉਂਦੇ ਹਨ ਕਿ ਮੈਂ ਆਪਣਾ ਹਿੰਦੂ ਧਰਮ ਨਹੀਂ ਛੱਡਣਾ, ਜੋ ਸਮੁੱਚੀ ਸ੍ਰਿਸ਼ਟੀ ਦਾ ਸ੍ਰੇਸ਼ਟ ਧਰਮ ਹੈ।
ਸਾਡੇ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਬਹੁਤ ਵਿਚਿੱਤਰ ਅਤੇ ਅਹਿਮ ਜੰਗ ਹੈ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਸਿਰਫ 40 ਸਿੰਘਾਂ ਨਾਲ ਦੁਸ਼ਮਣ ਦੀ ਲੱਖਾਂ ਦੀ ਫੌਜ ਦਾ ਮੁਕਾਬਲਾ ਸਵੇਰੇ ਤੋਂ ਸ਼ਾਮ ਤੱਕ ਕਰਦੇ ਰਹੇ, ਪਰ ਦੁਸ਼ਮਣ ਨੂੰ ਗੜ੍ਹੀ ਦੇ ਨੇੜੇ ਨਾ ਢੁਕਣ ਦਿੱਤਾ। ਇਸ ਘਮਸਾਣ ਦੀ ਜੰਗ ਵਿਚ ਬਹੁਤ ਸਾਰੇ ਸਿੰਘ ਅਤੇ ਗੁਰੂ ਜੀ ਦੇ ਦੋਵੇਂ ਵੱਡੇ ਪੁੱਤਰ ਵੀ ਸ਼ਹੀਦ ਹੋ ਗਏ| ਐਸੇ ਹਾਲਾਤ ਵਿਚ ਸਿੰਘਾਂ ਨੇ ਸੋਚਿਆ ਕਿ ਗੁਰੂ ਜੀ ਨੂੰ ਉਥੋਂ ਸੁਰੱਖਿਅਤ ਕੱਢ ਦਿੱਤਾ ਜਾਵੇ ਤਾਂ ਜੋ ਉਹ ਫਿਰ ਤੋਂ ਤਿਆਰੀ ਕਰ ਸਕਣ। ਇਸ ਲਈ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਪੰਜ ਪਿਆਰਿਆਂ ਦੇ ਰੂਪ ਵਿਚ ਗੁਰੂ ਜੀ ਨੂੰ ਗੜ੍ਹੀ ਛੱਡਣ ਦੀ ਹਦਾਇਤ ਕਰ ਦਿੱਤੀ, ਜੋ ਗੁਰੂ ਜੀ ਨੂੰ ਮੰਨਣੀ ਪਈ। ਇਸ ਤਰ੍ਹਾਂ ਹਨੇਰੇ ਹੋਏ ਤੋਂ ਗੁਰੂ ਜੀ ਦੋ ਸਿੰਘਾਂ ਨਾਲ ਗੜ੍ਹੀ ਤੋਂ ਬਾਹਰ ਪਹੁੰਚ ਗਏ ਅਤੇ ਕੁਝ ਦੂਰ ਜਾ ਕੇ ਇਕ ਟਿੱਲੇ ਤੋਂ ਲਲਕਾਰਿਆ, “ਪੀਰ-ਏ-ਹਿੰਦ ਚਲਿਆ ਜੇ, ਜੇ ਕਿਸੇ ਦੀ ਹਿੰਮਤ ਹੈ ਤਾਂ ਫੜ ਲਓ।” ਇਥੇ ਵੀ ਗੁਰੂ ਜੀ ਨੇ ਕਿਸੇ ਇਕ ਧਰਮ ਦੀ ਗੱਲ ਨਹੀਂ ਕੀਤੀ ਸਗੋਂ ਆਪਣੇ ਆਪ ਨੂੰ ਸਮੁੱਚੇ ਹਿੰਦ ਦਾ ਪੀਰ ਕਿਹਾ।
ਵਿਦਵਾਨ ਪ੍ਰਚਾਰਕ ਸੁਖਪ੍ਰੀਤ ਸਿੰਘ ਉਦੋਕੇ ਸਿੱਖ ਇਤਿਹਾਸ ਦੀ ਇਕ ਮੰਨੀ ਪ੍ਰਮੰਨੀ ਸ਼ਖਸੀਅਤ ਹਨ। ਉਹ ਯੂਟਿਊਬ ‘ਤੇ ਬੰਦਾ ਸਿੰਘ ਬਹਾਦਰ ਬਾਰੇ ਆਪਣੇ ਇਕ ਵਿਖਿਆਨ ਵਿਚ ਇਕ ਹਵਾਲਾ ਦਿੰਦੇ ਹਨ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਕੁਝ ਸਿੰਘਾਂ ਨੂੰ ਨਮਾਜ਼ੀ ਸਿੰਘ ਕਿਹਾ ਜਾਂਦਾ ਸੀ। ਇਹ ਸਿੰਘ ਸਜੇ ਹੋਏ ਮੁਸਲਮਾਨ ਸਨ, ਜੋ ਆਪਣੀ ਨਮਾਜ ਅਦਾ ਕਰ ਸਕਦੇ ਸਨ ਭਾਵ ਫੌਜ ਦੇ ਸਿੰਘ ਸਜਣ ਦੇ ਬਾਵਜੂਦ ਹਰੇਕ ਨੂੰ ਆਪਣਾ ਧਰਮ ਮੰਨਣ ਦੀ ਪੂਰੀ ਆਜ਼ਾਦੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸਿੰਘਾਂ ਲਈ ਸਮਾਂ ਬਹੁਤ ਭਿਆਨਕ ਸੀ। ਉਨ੍ਹਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਵਿਚ ਲੁਕਣਾ ਪਿਆ, ਜਿਥੇ ਉਹ ਜਥਿਆਂ ਦੇ ਰੂਪ ਵਿਚ ਵਿਚਰਦੇ ਸਨ। ਸਿੰਘਾਂ ਵਾਸਤੇ ਤਾਂ ਇਹ ਸਮਾਂ ਭਿਆਨਕ ਸੀ ਹੀ, ਆਮ ਲੋਕਾਂ ‘ਤੇ ਵੀ ਹਾਕਮਾਂ ਅਤੇ ਜਰਵਾਣਿਆਂ ਦਾ ਜਬਰ ਜ਼ੁਲਮ ਸਿਖਰ ‘ਤੇ ਸੀ। ਜਦੋਂ ਜੰਗਲਾਂ ਵਿਚ ਵਿਚਰਦੇ ਸਿੰਘਾਂ ਨੂੰ ਕਿਸੇ ਜਾਬਰ ਦੇ ਅੱਤ ਦੇ ਜ਼ੁਲਮਾਂ ਬਾਰੇ ਪਤਾ ਲਗਦਾ ਤਾਂ ਉਹ ਆਪਣੀ ਜਾਨ ਤਲੀ ‘ਤੇ ਰੱਖ ਕੇ ਜਾਬਰਾਂ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਦਿੰਦੇ ਅਤੇ ਲੋਕਾਂ ਨੂੰ ਜ਼ੁਲਮਾਂ ਤੋਂ ਛੁਟਕਾਰਾ ਦਿਵਾਉਂਦੇ। ਉਨ੍ਹਾਂ ਦੇ ਇਨ੍ਹਾਂ ਬਹਾਦਰੀ ਅਤੇ ਨਿਰਸਵਾਰਥ ਕਾਰਨਾਮਿਆਂ ਕਰਕੇ ਆਮ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਪ੍ਰਤੀ ਆਦਰ ਸਤਿਕਾਰ ਦਿਨੋਂ ਦਿਨ ਵਧਣ ਕਰਕੇ ਅਨੇਕਾਂ ਉਤਸ਼ਾਹੀ ਨੌਜਵਾਨ ਵੀ ਉਨ੍ਹਾਂ ਵਾਂਗ ਆਪਾ ਵਾਰਨ ਲਈ ਸਿੰਘ ਸਜ ਕੇ ਉਨ੍ਹਾਂ ਵਿਚ ਸ਼ਾਮਲ ਹੋ ਜਾਂਦੇ ਸਨ। ਇਨ੍ਹਾਂ ਵਿਚ ਬਹੁਤੇ ਹਿੰਦੂ ਅਤੇ ਕੁਝ ਮੁਸਲਮਾਨ ਵੀ ਸਨ, ਪਰ ਅਜਿਹਾ ਕਰਨ ਨਾਲ ਉਨ੍ਹਾਂ ਦੇ ਪਰਿਵਾਰਕ ਧਰਮ ਵਿਚ ਕੋਈ ਪਰਿਵਰਤਨ ਨਹੀਂ ਸੀ ਹੁੰਦਾ।
ਉਕਤ ਕੁਝ ਇਕ ਹਵਾਲੇ ਹਾਕਮ ਸਿੰਘ ਦੇ ਕਥਨ ਦੇ ਪਹਿਲੇ ਹਿੱਸੇ ਨੂੰ ਸਹੀ ਸਿੱਧ ਕਰਦੇ ਹਨ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਗੁਰੂ ਸਾਹਿਬਾਨ ਨੇ ਕੋਈ ਵੱਖਰਾ ਧਰਮ ਸਥਾਪਤ ਨਹੀਂ ਸੀ ਕੀਤਾ, ਪਰ ਮੈਂ ਉਨ੍ਹਾਂ ਦੇ ਕਥਨ ਦੇ ਦੂਸਰੇ ਭਾਗ ਨਾਲ ਸਹਿਮਤ ਨਹੀਂ ਹੋ ਸਕਿਆ ਜਿਸ ਬਾਰੇ ਉਨ੍ਹਾਂ ਲਿਖਿਆ ਹੈ, “ਸੰਸਥਾਗਤ ਸਿੱਖ ਧਰਮ ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀਆਂ ਨੇ ਗੁਰਗੱਦੀ, ਗੁਰਬਾਣੀ, ਪੋਥੀ ਅਤੇ ਸੰਪਤੀ ਦੀ ਮਲਕੀਅਤ ਨੂੰ ਲੈ ਕੇ ਨਿੱਜੀ ਲਾਭ ਲਈ ਸਥਾਪਤ ਕੀਤਾ ਸੀ, ਜੋ ਰਹਿਤ ਮਰਿਆਦਾ ਦੀ ਪਰੰਪਰਾ ਦੇ ਰੂਪ ਵਿਚ ਅੱਜ ਵੀ ਪ੍ਰਚਲਿਤ ਹੈ|”
ਮੈਂ ਹਾਕਮ ਸਿੰਘ ਨੂੰ ਜਾਤੀ ਤੌਰ ‘ਤੇ ਤਾਂ ਨਹੀਂ ਜਾਣਦਾ, ਪ੍ਰੰਤੂ ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਅਤੇ ਦੂਜੇ ਵਿਦਵਾਨਾਂ ਵਲੋਂ ਉਨ੍ਹਾਂ ਬਾਰੇ ਲਿਖਿਆ ਪੜ੍ਹ ਕੇ ਪਤਾ ਲਗਦਾ ਹੈ ਕਿ ਉਹ ਅਨੁਭਵੀ ਅਤੇ ਡੂੰਘੇ ਅਧਿਐਨ ਵਾਲੇ ਬੁੱਧੀਜੀਵੀ ਹਨ। ਇਸ ਕਰਕੇ ਮੈਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਨਾ ਹੋ ਸਕਣ ਦੀ ਗੁਸਤਾਖੀ ਲਈ ਮੁਆਫੀ ਚਾਹੁੰਦਾ ਹਾਂ।
ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਹਾਕਮ ਸਿੰਘ ਨੇ ਧਰਮ ਸਥਾਪਤ ਕਰਨ ਦੇ ਜਿੰਮੇਵਾਰ ਦੱਸਿਆ ਹੈ, ਉਨ੍ਹਾਂ ਵਲੋਂ ਵੱਖ ਵੱਖ ਕੇਂਦਰਾਂ ‘ਤੇ ਕਬਜੇ ਕਰਕੇ ਪੂਜਾ ਇਕੱਠੀ ਕਰਨ ਵਾਸਤੇ ਧਾਰਮਕ ਕੇਂਦਰ (ਦੁਕਾਨਾਂ) ਤਾਂ ਬਣਾਏ ਹੋ ਸਕਦੇ ਹਨ, ਪਰ ਉਨ੍ਹਾਂ ਦੀ ਹੈਸੀਅਤ ਕਿਸੇ ਧਰਮ ਦੀ ਸਥਾਪਨਾ ਕਰਨ ਦੀ ਨਹੀਂ ਹੋ ਸਕਦੀ, ਕਿਉਂਕਿ ਕਿਸੇ ਧਰਮ ਨੂੰ ਸਥਾਪਤ ਕਰਨ ਵਾਸਤੇ ਰਾਜ ਦਾ ਹੋਣਾ ਜਰੂਰੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਬਿਨਾ ਬਹੁਤ ਸਾਰੇ ਹੋਰ ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਇਨ੍ਹਾਂ ਵਿਚੋਂ ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਕਬੀਰ ਦੀ ਬਾਣੀ ਗੁਰੂ ਸਾਹਿਬਾਨ ਵਾਂਗ ਹੀ ਪੂਰੀ ਇਨਕਲਾਬੀ ਬਾਣੀ ਹੈ ਅਤੇ ਉਨ੍ਹਾਂ ਦੇ ਪੈਰੋਕਾਰ ਵੀ ਮੌਜੂਦ ਹਨ, ਪਰ ਇਨ੍ਹਾਂ ਮਹਾਂਪੁਰਖਾਂ ਦੇ ਨਾਂ ‘ਤੇ ਕੋਈ ਧਰਮ ਸਥਾਪਤ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੇ ਪੈਰੋਕਾਰਾਂ ਦਾ ਕਦੇ ਕੋਈ ਰਾਜ ਸਥਾਪਤ ਨਹੀਂ ਹੋਇਆ।
ਇਕ ਨਾਮੀ ਲੇਖਕ ‘ਯੂਵਾਲ ਹਰਾਰੀ’ ਨੇ ਆਪਣੀ ਪੁਸਤਕ ‘ਸੇਪੀਐਂਜ’ ਵਿਚ ਇਸੇ ਤਰ੍ਹਾਂ ਦਾ ਇੰਕਸ਼ਾਫ ਕੀਤਾ ਹੈ (ਸੇਪੀਐਂਜ ਮਨੁੱਖ ਦਾ ਵਿਗਿਆਨਕ ਨਾਂ ਹੈ)। ਉਸ ਦੀ ਇਹ ਪੁਸਤਕ ਮਨੁੱਖ ਦੇ ਸਮੁੱਚੇ ਵਿਕਾਸ ਦੀ ਕਹਾਣੀ ਹੈ, ਭਾਵ ਮਨੁੱਖ ਜੰਗਲੀ ਜੀਵਨ ਤੋਂ ਕਿਹੜੇ ਕਿਹੜੇ ਪੜਾਵਾਂ ਰਾਹੀਂ ਅੱਜ ਦਾ ਵਿਕਸਿਤ ਮਨੁੱਖ ਬਣਿਆ। ਪਹਿਲਾਂ ਮਨੁੱਖ ਕਬੀਲਿਆਂ ਵਿਚ ਰਹਿੰਦਾ ਸੀ, ਫਿਰ ਸ਼ਹਿਰ ਹੋਂਦ ਵਿਚ ਆਏ ਅਤੇ ਫਿਰ ਸਟੇਟ। ਹਰਾਰੀ ਮੁਤਾਬਕ ਸਟੇਟ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਅਤੇ ਲੋਕਾਂ ਨੂੰ ਅਨੁਸ਼ਾਸਨ ਤੇ ਕੰਟਰੋਲ ਵਿਚ ਰੱਖਣ ਲਈ ਆਪਣੀ ਲੋੜ ਅਨੁਸਾਰ ਸਥਾਪਤ ਧਰਮ ਸ਼ੁਰੂ ਕੀਤਾ। ਇਹ ਉਸ ਵੇਲੇ ਦੀ ਲੋੜ ਹੋ ਸਕਦੀ ਹੈ, ਕਿਉਂਕਿ ਉਸ ਵੇਲੇ ਕੋਈ ਵਿਸਤ੍ਰਿਤ ਕਾਨੂੰਨ ਨਹੀਂ ਸੀ ਅਤੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਤੇ ਅਨੁਸ਼ਾਸਨ ਵਿਚ ਰੱਖਣ ਲਈ ਧਰਮ ਹੀ ਇਕ ਕਾਰਗਰ ਸੰਸਥਾ ਸਾਬਤ ਹੋਈ ਹੋਵੇਗੀ। ਇਹ ਵੀ ਠੀਕ ਹੈ ਕਿ ਪਿੱਛੋਂ ਜਾ ਕੇ ਇਸ ਦੀ ਬਹੁਤ ਦੁਰਵਰਤੋਂ ਹੁੰਦੀ ਰਹੀ। ਜਿਵੇਂ ਕਿ ਹਾਕਮ ਸਿੰਘ ਨੇ ਵੀ ਆਪਣੇ ਇੱਕ ਲੇਖ ਵਿਚ ਪੁਰਾਣੀ ਸਟੇਟ ਅਤੇ ਧਰਮ ਦੇ ਆਪਸੀ ਸਬੰਧਾਂ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ, “ਮਨੁੱਖੀ ਸਮਾਜ ਵਿਚ ਬੇਚੈਨੀ ਅਤੇ ਵਿਦਰੋਹ ਦੀ ਭਾਵਨਾ ਪੈਦਾ ਹੋਣੀ ਸੁਭਾਵਿਕ ਹੈ। ਇਸ ਲਈ ਸ਼ਾਸਕ ਜਨਤਾ ਨੂੰ ਸੰਤੁਸ਼ਟ ਅਤੇ ਅਧੀਨ ਰੱਖਣ ਲਈ ਪੁਜਾਰੀਆਂ ਦੀ ਮਦਦ ਲੈਂਦੇ ਸਨ। ਪੁਜਾਰੀ ਵੀ ਆਪਣੇ ਸ਼ਰਧਾਲੂ ਵਧਾਉਣ, ਤਾਕਤਵਰ ਅਤੇ ਧਨਾਢ ਬਣਨ ਲਈ ਰਾਜ/ਸਰਕਾਰ ਦੀ ਮਦਦ ਦੇ ਅਭਿਲਾਸ਼ੀ ਰਹਿੰਦੇ ਸਨ|” ਇਹ ਵਰਤਾਰਾ, ਜੋ ਪੁਰਾਣੇ ਜ਼ਮਾਨੇ ਦੀ ਸੱਚਾਈ ਸੀ, ਅੱਜ ਵੀ ਓਨਾ ਹੀ ਸਹੀ ਹੈ।
ਇਹ ਤਾਂ ਸਪਸ਼ਟ ਹੈ ਕਿ ਧਰਮ ਨੂੰ ਸਥਾਪਤ ਕਰਨ ਲਈ ਰਾਜ ਦਾ ਹੋਣਾ ਜਰੂਰੀ ਹੈ। ਨਾਲ ਹੀ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸੱਚਾ ਸੁੱਚਾ ਧਰਮ ਜਦੋਂ ਸਥਾਪਤ ਧਰਮ ਵਿਚ ਤਬਦੀਲ ਹੋ ਜਾਂਦਾ ਹੈ ਤਾਂ ਇਸ ਵਿਚ ਧਰਮ ਦੇ ਮਾਨਵ ਭਲਾਈ ਵਾਲੇ ਅਸਲੀ ਸਿਧਾਂਤ ਖਤਮ ਹੋ ਜਾਂਦੇ ਹਨ। ਫਿਰ ਇਹ ਹਾਕਮਾਂ ਤੇ ਪੁਜਾਰੀਆਂ ਦੇ ਹੱਕ ਵਿਚ ਭੁਗਤਦਾ ਹੈ ਅਤੇ ਉਨ੍ਹਾਂ ਦੇ ਹੱਥੋਂ ਆਮ ਲੋਕਾਂ ਦੀ ਲੁੱਟ ਤੇ ਕੁੱਟ ਦਾ ਹਥਿਆਰ ਬਣ ਜਾਂਦਾ ਹੈ। ਇਹ ਦੋਹਿਰਾ ਵੀ ਇਸੇ ਸੱਚਾਈ ਨੂੰ ਸਪਸ਼ਟ ਕਰਦਾ ਲਗਦਾ ਹੈ, “ਰਾਜ ਬਿਨਾ ਨਹੀਂ ਧਰਮ ਚਲੇਂ ਹੈਂ, ਧਰਮ ਬਿਨਾ ਸਭ ਦਲੇਂ ਮਲੇਂ ਹੈਂ।”
ਪਹਿਲੇ ਸਿੱਖ ਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਸਨ। ਉਹ ਬੜੇ ਨਿੱਡਰ, ਦਲੇਰ, ਸਿਆਣੇ, ਮਕਬੂਲ ਤੇ ਹਰਮਨ ਪਿਆਰੇ ਰਾਜੇ ਵਜੋਂ ਮਸ਼ਹੂਰ ਹਨ। ਅੱਜ ਵੀ ਲੋਕ ਉਨ੍ਹਾਂ ਨੂੰ ਇਕ ਨਮੂਨੇ ਦੇ ਰਾਜੇ ਵਜੋਂ ਸਤਿਕਾਰ ਦਿੰਦੇ ਹਨ। ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੋਂ ਬਿਨਾ ਸਿੰਘ ਸਾਹਿਬ, ਸਰਕਾਰ-ਏ-ਖਾਲਸਾ, ਸ਼ੇਰ-ਏ-ਪੰਜਾਬ ਆਦਿ ਨਾਂਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ| ਇਸ ਕਰਕੇ ਇਹ ਸਮਝਣਾ ਮੁਸ਼ਕਿਲ ਲਗਦਾ ਹੈ ਕਿ ਅਜਿਹੇ ਹਰਮਨ ਪਿਆਰੇ ਅਤੇ ਮਹਾਨ ਰਾਜੇ ਨੂੰ, ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਸਮੁੱਚੀ ਮਾਨਵਤਾ ਨੂੰ ਉਤਮ ਜੀਵਨ ਜਾਚ ਸਿਖਾਉਣ ਵਾਲੇ ਸਿਧਾਂਤ ਦਰਜ ਹਨ, ਪੁਜਾਰੀਆਂ ਹਵਾਲੇ ਕਰਨ ਦੀ ਲੋੜ ਕਿਉਂ ਪਈ? ਜਿਨ੍ਹਾਂ ਇਸ ਦੇ ਸਿਧਾਂਤ ਪ੍ਰਚਾਰਨ ਦੀ ਥਾਂ ਇਸ ਨੂੰ ਸਿਰਫ ਪੂਜਣ ਯੋਗ ਬਣਾ ਕੇ ਕਮਾਈ ਦਾ ਸਾਧਨ ਬਣਾ ਦੇਣਾ ਸੀ। ਪਰ ਹੈ ਇਹ ਸੱਚਾਈ, ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੁੱਚੇ ਜੀਵਨ ਵਿਚ ਸਮੇਂ ਦੇ ਨਾਲ ਨਾਲ ਆਏ ਵੱਡੇ ਬਦਲਾਓ ਦੇਖਦੇ ਹਾਂ ਤਾਂ ਇਸ ਤੱਥ ਦੀ ਪੁਸ਼ਟੀ ਹੁੰਦੀ ਐ ਕਿ ਪੈਸਾ ਅਤੇ ਸ਼ਕਤੀ ਮਨੁੱਖ ਨੂੰ ਕਿਸ ਤਰ੍ਹਾਂ ਆਪਣੇ ਅਕੀਦੇ ਤੋਂ ਥਿੜਕਾ ਦਿੰਦੇ ਹਨ। ਇਸ ਨੂੰ ਸਮਝਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿਚੋਂ ਕੁਝ ਚੋਣਵੇਂ ਹਵਾਲੇ ਪੇਸ਼ ਹਨ:
ਬਚਪਨ ਵਿਚ ਰਣਜੀਤ ਸਿੰਘ ਚੇਚਕ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਇਕ ਅੱਖ ਚਲੀ ਗਈ ਅਤੇ ਚਿਹਰੇ ‘ਤੇ ਮਾਤਾ ਦੇ ਦਾਗ ਪੈ ਗਏ। ਇਸ ਨਾਲ ਉਨ੍ਹਾਂ ਦੀ ਦਿੱਖ ਭਾਵੇਂ ਸੋਹਣੀ ਨਾ ਰਹੀ ਪਰ ਸਲੀਕੇ ਅਤੇ ਵਿਹਾਰ ਕਰਕੇ ਉਹ ਆਪਣੇ ਹਾਣੀਆਂ ਤੇ ਵੱਡਿਆਂ ਵਿਚ ਹਮੇਸ਼ਾ ਖਿੱਚ ਦਾ ਕੇਂਦਰ ਬਣੇ ਰਹੇ। ਮਿੱਠਬੋਲੜੇ ਸੁਭਾਅ ਦੇ ਨਾਲ ਨਾਲ ਸੰਸਕਾਰੀ ਗੁਣ ਉਨ੍ਹਾਂ ਆਪਣੀ ਦਾਦੀ ਦੇਸਾਂ ਤੋਂ ਪ੍ਰਾਪਤ ਕੀਤੇ। ਬਚਪਨ ਤੋਂ ਉਨ੍ਹਾਂ ਦਾ ਧਿਆਨ ਪੜ੍ਹਾਈ ਦੀ ਥਾਂ ਯੁੱਧ ਕਲਾ ਸਿੱਖਣ ਵੱਲ ਸੀ। ਛੋਟੀ ਉਮਰੇ ਹੀ ਉਹ ਤਲਵਾਰਬਾਜ਼ੀ, ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਕਾਫੀ ਮਾਹਰ ਹੋ ਗਏ। ਇਸ ਸਿਖਲਾਈ ਵਿਚ ਉਨ੍ਹਾਂ ਦੀ ਹੋਣ ਵਾਲੀ ਸੱਸ ਸਦਾ ਕੌਰ ਦਾ ਬਹੁਤ ਯੋਗਦਾਨ ਸੀ, ਜੋ ਆਪ ਇੱਕ ਬਹਾਦੁਰ ਯੋਧਾ ਸਨ।
ਸਿਰਫ ਦਸ ਸਾਲ ਦੀ ਉਮਰੇ ਉਨ੍ਹਾਂ ਆਪਣੇ ਪਿਤਾ ਨਾਲ ਪਹਿਲੀ ਲੜਾਈ ਵਿਚ ਭਾਗ ਲਿਆ। ਤੇਰਾਂ ਸਾਲ ਦੀ ਉਮਰੇ ਇੱਕ ਲੜਾਈ ਵਿਚ ਉਨ੍ਹਾਂ ਇੱਕ ਬਹਾਦਰ ਮੁਗਲ ਜਰਨੈਲ ਹਸ਼ਮਤ ਖਾਨ ਦਾ ਸਿਰ ਕਲਮ ਕਰਕੇ ਬਹਾਦਰੀ ਦਾ ਸਬੂਤ ਦਿੱਤਾ। ਇਸੇ ਸਾਲ ਪਿਤਾ ਦੀ ਮੌਤ ਹੋਣ ਕਾਰਨ ਰਣਜੀਤ ਸਿੰਘ ਨੂੰ ਸ਼ੁੱਕਰਚੱਕੀਆ ਮਿਸਲ ਦਾ ਮੁਖੀ ਥਾਪਿਆ ਗਿਆ| ਉਸ ਤੋਂ ਦੋ ਸਾਲ ਮਗਰੋਂ ਉਨ੍ਹਾਂ ਦੀ ਸ਼ਾਦੀ ਸਦਾ ਕੌਰ ਦੀ ਧੀ ਨਾਲ ਹੋ ਗਈ, ਜੋ ਦੋਹਾਂ ਮਿਸਲਾਂ ਦੀ ਨੇੜਤਾ ਬਣਾਉਣ ਲਈ ਉਨ੍ਹਾਂ ਦੇ ਬਚਪਨ ਵਿਚ ਹੀ ਤੈਅ ਹੋ ਗਈ ਸੀ। ਸ਼ਾਦੀ ਨੂੰ ਅਜੇ ਦੋ ਸਾਲ ਹੀ ਹੋਏ ਸਨ, ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਯਮਨ ਨੇ ਇੱਕ ਵੱਡੇ ਹਮਲੇ ਦੀ ਯੋਜਨਾ ਤਹਿਤ ਲਾਹੌਰ ਦੇ ਕਿਲ੍ਹੇ ਵਿਚ ਆ ਡੇਰਾ ਲਾਇਆ।
ਇਸ ਦੀ ਖਬਰ ਰਣਜੀਤ ਸਿੰਘ ਨੂੰ ਲੱਗੀ ਤਾਂ ਉਹ ਆਪਣੀ ਫੌਜ ਲੈ ਕੇ ਲਾਹੌਰ ਪਹੁੰਚ ਗਿਆ। ਰਣਜੀਤ ਸਿੰਘ ਦੀ ਮਦਦ ਵਾਸਤੇ ਉਸ ਦੀ ਸੱਸ ਵੀ ਪੂਰੀ ਤਿਆਰੀ ਨਾਲ ਉਸ ਦੇ ਨਾਲ ਸੀ। ਰਣਜੀਤ ਸਿੰਘ ਨੇ ਕਿਲ੍ਹੇ ਦੇ ਬਾਹਰੋਂ ਸ਼ਾਹ ਯਮਨ ਨੂੰ ਲਲਕਾਰਿਆ। ਉਸ ਦੀ ਦਲੇਰੀ ਤੋਂ ਸ਼ਾਹ ਐਨਾ ਖੌਫਜ਼ਦਾ ਹੋ ਗਿਆ ਕਿ ਉਸ ਦੀ ਮੁਕਾਬਲਾ ਕਰਨ ਦੀ ਹਿੰਮਤ ਹੀ ਨਾ ਪਈ ਅਤੇ ਕਾਬਲ ਵਾਪਸ ਜਾਣ ਲਈ ਮਜ਼ਬੂਰ ਹੋ ਗਿਆ। ਇਸ ਜਿੱਤ ਨੇ ਰਣਜੀਤ ਦੀ ਹਰ ਪਾਸੇ ਵਾਹ ਵਾਹ ਕਰਵਾ ਦਿੱਤੀ, ਕਿਉਂਕਿ ਉਹ ਪਹਿਲਾ ਭਾਰਤੀ ਸ਼ਾਸਕ ਸੀ, ਜਿਸ ਨੇ ਅਬਦਾਲੀਆਂ ਨੂੰ ਸਾਹਮਣਿਓਂ ਲਲਕਾਰਿਆ ਸੀ।
ਅਗਲੇ ਸਾਲ ਤਾਕਤ ਵਧਾਉਣ ਲਈ ਉਨ੍ਹਾਂ ਨਕਈ ਮਿਸਲ ਦੀ ਦਾਤਾਰ ਕੌਰ ਨਾਲ ਸ਼ਾਦੀ ਕਰ ਲਈ ਅਤੇ ਇਸ ਤਰ੍ਹਾਂ ਰਣਜੀਤ ਸਿੰਘ ਦੀ ਹਕੂਮਤ ਤਿੰਨ ਮਿਸਲਾਂ ‘ਤੇ ਹੋ ਗਈ। ਇਥੋਂ ਤੱਕ ਸਭ ਠੀਕ ਠਾਕ ਚੱਲ ਰਿਹਾ ਸੀ। ਰਾਜ ਕਾਜ ਦਾ ਸਾਰਾ ਕੰਮ ਖਾਲਸਾਈ ਰਵਾਇਤਾਂ ਅਨੁਸਾਰ ਚਲਦਾ ਸੀ। ਸਾਰੇ ਅਹਿਮ ਫੈਸਲੇ, ਨਿਯੁਕਤੀਆਂ ਆਦਿ ਮੰਤਰੀ ਮੰਡਲ ਦੀ ਸਹਿਮਤੀ ਨਾਲ ਹੁੰਦੇ ਸਨ। ਰਣਜੀਤ ਸਿੰਘ ਆਪਣੇ ਆਪ ਨੂੰ ਰਾਜਾ ਜਾਂ ਮਹਾਰਾਜਾ ਅਖਵਾਉਣ ਨਾਲੋਂ ਸਿੰਘ ਸਾਹਿਬ ਅਖਵਾ ਕੇ ਖੁਸ਼ ਹੁੰਦਾ ਅਤੇ ਸਰਕਾਰ ਦਾ ਨਾਂ ਵੀ ਖਾਲਸਾ ਸਰਕਾਰ ਸੀ। ਜਨਤਾ ਵੀ ਪਿਛਲੇ ਲੰਮੇ ਸਮੇਂ ਦੇ ਜ਼ੁਲਮ ਤੇ ਤਸ਼ੱਦਦ ਦੇ ਦੌਰ ਤੋਂ ਪਿੱਛੋਂ ਅਮਨ ਅਮਾਨ ਦੇ ਰਾਜ ਵਿਚ ਪੂਰੀ ਤਰ੍ਹਾਂ ਸੰਤੁਸ਼ਟ ਸੀ। ਆਲੇ-ਦੁਆਲੇ ਦੀਆਂ ਬਹੁਤੀਆਂ ਮਿਸਲਾਂ ਦੇ ਹਾਕਮ ਪੂਰੀ ਤਰ੍ਹਾਂ ਲੋਕ ਪੱਖੀ ਨਹੀਂ ਸਨ ਰਹੇ, ਸਗੋਂ ਕਈ ਤਾਂ ਪਹਿਲਾਂ ਨਾਲੋਂ ਵੀ ਵੱਧ ਜ਼ੁਲਮੀ ਬਣੇ ਹੋਏ ਸਨ। ਇਸ ਕਰਕੇ ਉਥੋਂ ਦੇ ਲੋਕ ਵੀ ਚਾਹੁੰਦੇ ਸਨ ਕਿ ਕਿਤੇ ਉਨ੍ਹਾਂ ਦਾ ਹਾਕਮ ਵੀ ਰਣਜੀਤ ਸਿੰਘ ਹੀ ਹੋਵੇ। ਇਨ੍ਹਾਂ ਹਾਲਤਾਂ ਵਿਚ ਹੀ ਲਾਹੌਰ ਦੇ ਪਤਵੰਤੇ ਰਣਜੀਤ ਸਿੰਘ ਕੋਲ ਆਏ ਅਤੇ ਫਰਿਆਦ ਕੀਤੀ ਕਿ ਜੇ ਰਣਜੀਤ ਸਿੰਘ ਲਾਹੌਰ ‘ਤੇ ਕਬਜ਼ਾ ਕਰੇ ਤਾਂ ਉਹ ਪੂਰਾ ਸਾਥ ਦੇਣਗੇ।
ਰਣਜੀਤ ਸਿੰਘ ਨੇ ਆਪਣੇ ਰਾਜ ਦਰਬਾਰੀਆਂ ਨਾਲ ਸਲਾਹ ਪਿਛੋਂ ਆਪਣੀ ਤੇ ਆਪਣੀ ਸੱਸ ਦੀ ਸਾਂਝੀ ਫੌਜ ਨਾਲ ਲਾਹੌਰ ‘ਤੇ ਕਬਜਾ ਕਰ ਲਿਆ। ਅਗਲੇ ਸਾਲ ਕਸ਼ਮੀਰ ਦਾ ਹਾਕਮ ਆਪ ਹੀ ਉਨ੍ਹਾਂ ਦੀ ਸ਼ਰਨ ਵਿਚ ਆ ਗਿਆ। ਛੇਤੀ ਹੀ ਉਨ੍ਹਾਂ ਅੰਮ੍ਰਿਤਸਰ ‘ਤੇ ਵੀ ਕਬਜਾ ਕਰ ਲਿਆ, ਜਿਸ ਵਿਚ ਅਕਾਲੀ ਫੂਲਾ ਸਿੰਘ ਨੇ ਵੀ ਉਨ੍ਹਾਂ ਦਾ ਰਾਹ ਨਾ ਰੋਕਿਆ।
ਐਡੀ ਛੋਟੀ ਉਮਰ ਵਿਚ ਲਗਾਤਾਰ ਜਿੱਤਾਂ ਨੇ ਰਣਜੀਤ ਸਿੰਘ ਅੰਦਰ ਹਉਮੈ ਭਰ ਦਿੱਤੀ ਅਤੇ ਉਹ ਆਪਣੇ ਆਪ ਨੂੰ ਅਜਿੱਤ ਸਮਝਣ ਲੱਗਾ। ਹੁਣ ਉਹ ਆਪਣੇ ਦਰਬਾਰੀਆਂ ਦੀ ਪ੍ਰਵਾਹ ਕੀਤੇ ਬਿਨਾ ਅਹਿਮ ਫੈਸਲਿਆਂ ਦਾ ਸਿੱਧਾ ਐਲਾਨ ਹੀ ਕਰਨ ਲੱਗਾ। ਕੁਝ ਇੱਕ ਵਾਰ ਸਿਆਣੇ, ਅਨੁਭਵੀ ਅਤੇ ਖਾਲਸਾ ਸਰਕਾਰ ਦੇ ਖੈਰ-ਖੁਆਹ ਦਰਬਾਰੀਆਂ ਨੇ ਕਿਸੇ ਕਿਸੇ ਗਲਤ ਫੈਸਲੇ ਬਾਰੇ ਰਣਜੀਤ ਸਿੰਘ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਦੇ ਪੱਲੇ ਨਮੋਸ਼ੀ ਹੀ ਪਈ। ਅਜਿਹੇ ਹਾਲਾਤ ਵਿਚ ਸੱਚੇ-ਸੁੱਚੇ ਅਤੇ ਖੈਰ-ਖੁਆਹ ਲੋਕ ਆਪ ਹੀ ਪਿੱਛੇ ਹਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਾਕਮ ਚਮਚਿਆਂ ਵਿਚ ਘਿਰ ਜਾਂਦਾ ਹੈ, ਜੋ ਹਾਕਮ ਦੇ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਕਹੇ ਨੂੰ ਪੂਰੀ ਤਰ੍ਹਾਂ ਸਾਬਤ ਕਰਨ ਦੀ ਹਰ ਵਾਹ ਲਾ ਦਿੰਦੇ ਹਨ।
ਇਹੋ ਕੁਝ ਰਣਜੀਤ ਸਿੰਘ ਨਾਲ ਹੋਇਆ ਜਾਪਦਾ ਹੈ। ਚਮਚਿਆਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਹਾਕਮ ਦੀ ਚਮਚਾਗਿਰੀ ਪਿੱਛੇ ਉਨ੍ਹਾਂ ਦੇ ਆਪਣੇ ਮੁਫਾਦ ਹੁੰਦੇ ਹਨ। ਉਹ ਹਾਕਮ ਦੀਆਂ ਕਮਜ਼ੋਰੀ ਵਾਲੀਆਂ ਇੱਛਾਵਾਂ ਜਾਣ ਲੈਂਦੇ ਹਨ, ਪਰ ਹਾਕਮ ਨੂੰ ਉਨ੍ਹਾਂ ਤੋਂ ਰੋਕਣ ਦੀ ਥਾਂ ਅਜਿਹੀਆਂ ਹਰਕਤਾਂ ਕਰਨ ਲਈ ਉਕਸਾਉਂਦੇ ਰਹਿੰਦੇ ਹਨ। ਜਿਵੇਂ ਸ਼ਰਾਬ ਦੀ ਲੱਤ ਤਾਂ ਰਣਜੀਤ ਸਿੰਘ ਨੂੰ ਛੋਟੀ ਉਮਰੇ ਹੀ ਲੱਗ ਗਈ ਸੀ, ਪਰ ਹੁਣ ਇਨ੍ਹਾਂ ਵਲੋਂ ਉਸ ਨੂੰ ਨਾਚ ਗਾਣਿਆਂ ਅਤੇ ਮੁਜਰਿਆਂ ਵੱਲ ਉਕਸਾਇਆ ਗਿਆ ਲਗਦਾ ਹੈ। ਇਸ ਦੌਰਾਨ ਰਣਜੀਤ ਸਿੰਘ ਇੱਕ ਨਾਚੀ ਮੋਰਾਂ ‘ਤੇ ਮੋਹਿਤ ਹੋ ਗਿਆ ਅਤੇ ਉਸ ਦਾ ਬਹੁਤ ਸਮਾਂ ਮੋਰਾਂ ਨਾਲ ਬੀਤਣ ਲੱਗਾ। ਇਸ ਦਾ ਪਤਵੰਤੇ ਦਰਬਾਰੀਆਂ ਨੇ ਬੁਰਾ ਮਨਾਇਆ ਅਤੇ ਵਿਰੋਧ ਵੀ ਕੀਤਾ। ਜਨਤਾ ਵਿਚ ਵੀ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਦਾ ਬਹੁਤ ਬੁਰਾ ਅਸਰ ਹੋਇਆ, ਕਿਉਂਕਿ ਉਹ ਰਣਜੀਤ ਸਿੰਘ ਵਰਗੇ ਨੇਕ ਅਤੇ ਉਚਪਾਏ ਦੇ ਰਾਜੇ ਤੋਂ ਅਜਿਹੀ ਉਮੀਦ ਨਹੀਂ ਸੀ ਕਰਦੇ, ਨਿਹੰਗ ਮੁਖੀ ਅਕਾਲੀ ਫੂਲਾ ਸਿੰਘ ਨੇ ਵੀ ਉਨ੍ਹਾਂ ਨੂੰ ਖਾਲਸਾਈ ਕਦਰਾਂ-ਕੀਮਤਾਂ ਦੇ ਉਲਟ ਹਰਕਤਾਂ ਤੋਂ ਬਾਜ਼ ਆਉਣ ਲਈ ਸਖਤ ਸੁਨੇਹਾ ਘੱਲਿਆ, ਪਰ ਉਨ੍ਹਾਂ ਕਿਸੇ ਦੀ ਵੀ ਪ੍ਰਵਾਹ ਨਾ ਕਰਦਿਆਂ ਮੋਰਾਂ ਨਾਲ ਸ਼ਾਦੀ ਕਰ ਲਈ।
ਸਭ ਪਾਸਿਓਂ ਵਿਰੋਧ ਦੀ ਆਵਾਜ਼ ਨੇ ਰਣਜੀਤ ਸਿੰਘ ਨੂੰ ਬੇਚੈਨ ਕਰ ਦਿੱਤਾ। ਦਰਬਾਰੀਆਂ ਦੇ ਵਿਰੋਧ ਦਾ ਉਸ ਨੂੰ ਬਹੁਤਾ ਫਿਕਰ ਨਹੀਂ ਸੀ ਕਿਉਂਕਿ ਉਹ ਤਾਂ ਇੱਕ ਤਰ੍ਹਾਂ ਨਾਲ ਉਸ ਦੇ ਮੁਲਾਜ਼ਮ ਹੋਣ ਕਰਕੇ ਉਸ ਦੇ ਕੰਟਰੋਲ ਵਿਚ ਹੀ ਸਨ, ਪਰ ਦੂਜੀਆਂ ਦੋ ਧਿਰਾਂ ਉਸ ਦੇ ਸਿੱਧੇ ਕੰਟਰੋਲ ਵਿਚ ਨਹੀਂ ਸਨ, ਇੱਕ ਅਕਾਲੀ ਫੂਲਾ ਸਿੰਘ, ਜੋ ਇੱਕ ਆਜ਼ਾਦ ਅਤੇ ਲੋਕਾਂ ਵਿਚ ਸਤਿਕਾਰਤ ਤੇ ਮੰਨੀ ਪ੍ਰਮੰਨੀ ਹਸਤੀ ਸਨ, ਅਤੇ ਦੂਜੇ ਆਮ ਲੋਕ। ਇਸ ਵਾਸਤੇ ਉਨ੍ਹਾਂ ਅਕਾਲੀ ਫੂਲਾ ਸਿੰਘ ਦਾ ਅਸਰ ਘਟਾਉਣ ਅਤੇ ਆਮ ਜਨਤਾ ਨੂੰ ਸੰਤੁਸ਼ਟ ਤੇ ਕੰਟਰੋਲ ਵਿਚ ਰੱਖਣ ਲਈ ਆਪਣੇ ਚਮਚਿਆਂ ਦੀ ਮਦਦ ਨਾਲ ਪੁਰਾਣੇ ਇੱਕ ਪੁਰਖੀ ਰਾਜਿਆਂ ਵਾਂਗ ਪੁਜਾਰੀਆਂ ਨੂੰ ਵਿਚਕਾਰ ਲਿਆਉਣ ਵਾਲਾ ਤਰੀਕਾ ਅਪਨਾਇਆ। ਇਸ ਵਾਸਤੇ ਉਨ੍ਹਾਂ ਪੁਜਾਰੀਆਂ ਦੀ ਮਹੱਤਤਾ ਫਿਰ ਤੋਂ ਸੁਰਜੀਤ ਕਰਨ ਵਾਸਤੇ ਇੱਕ ਪ੍ਰਮੁੱਖ ਪੁਜਾਰੀ ਸਾਹਿਬ ਸਿੰਘ ਬੇਦੀ, ਜੋ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿਚੋਂ ਸਨ, ਤੋਂ ਮੱਥੇ ‘ਤੇ ਸੰਧੂਰ ਦਾ ਟਿੱਕਾ ਲਗਵਾ ਕੇ ਮਹਾਰਾਜਾ ਦਾ ਖਿਤਾਬ ਹਾਸਲ ਕੀਤਾ ਅਤੇ ਖਾਲਸਾ ਸਰਕਾਰ ਦਾ ਨਾਂ ਬਦਲ ਕੇ ਲਾਹੌਰ ਦਰਬਾਰ ਕਰ ਦਿੱਤਾ। ਨਾਲ ਹੀ ਉਸ ਨੇ ਹਰੀ ਮੰਦਿਰ ਵਿਚ ਕਾਸ਼ੀ (ਬਨਾਰਸ) ਤੋਂ ਬਾਕਾਇਦਾ ਅਨੁਭਵੀ ਪੁਜਾਰੀ ਲਿਆ ਕੇ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ।
ਹਰੀ ਮੰਦਿਰ ਵਿਚ ਹਰ ਸਾਲ ਵਿਸਾਖੀ ਅਤੇ ਦੀਵਾਲੀ ਮੌਕੇ ਸਰਬੱਤ ਖਾਲਸਾ ਸੰਮੇਲਨ ਹੁੰਦਾ ਸੀ, ਜਿਸ ਵਿਚ ਸਮਾਜ ਨੂੰ ਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਵਿਚਾਰਾਂ ਹੁੰਦੀਆਂ ਅਤੇ ਖਾਲਸਾਈ ਸਿਧਾਂਤਾਂ ‘ਤੇ ਆਧਾਰਤ ਅਗਲੀ ਰਣਨੀਤੀ ਬਾਰੇ ਫੈਸਲੇ ਲਏ ਜਾਂਦੇ ਸਨ। ਇਹ ਸਰਬੱਤ ਖਾਲਸਾ ਮਹਾਰਾਜੇ ਦੇ ਇੱਕ ਪੁਰਖੀ ਰਾਜ ਨੂੰ ਠੀਕ ਨਹੀਂ ਸੀ ਬੈਠ ਸਕਦਾ। ਇਸ ਲਈ ਉਨ੍ਹਾਂ 1805 ਵਿਚ ਪੁਜਾਰੀਆਂ ਤੋਂ ਪ੍ਰਚਾਰ ਕਰਵਾ ਕੇ ਕਿ ਖਾਲਸਾ ਰਾਜ ਸਥਾਪਤ ਹੋਣ ਕਰਕੇ ਹੁਣ ਇਸ ਦੀ ਲੋੜ ਨਹੀਂ ਰਹੀ, ਆਪਣੇ ਇਕੋ ਹੁਕਮ ਨਾਲ ਸਰਬੱਤ ਖਾਲਸਾ ਸੰਮੇਲਨ ਬੰਦ ਕਰਵਾ ਦਿੱਤਾ, ਜਿਸ ਨੂੰ ਪਹਿਲੀਆਂ ਮੁਗਲ ਹਕੂਮਤਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਬੰਦ ਨਹੀਂ ਸਨ ਕਰਵਾ ਸਕੀਆਂ। ਇੰਨਾ ਹੀ ਨਹੀਂ, ਉਨ੍ਹਾਂ ਪੁਜਾਰੀਆਂ ਵਾਸਤੇ ਮੱਸਿਆ, ਸੰਗਰਾਂਦ ਤੇ ਹੋਰ ਅਨੇਕਾਂ ਵਿਪਰੀ ਦਿਹਾੜੇ ਸ਼ੁਰੂ ਕਰਵਾ ਕੇ ਉਨ੍ਹਾਂ ਦੀ ਪੂਜਾ ਵਧਾਉਣ ਦੀ ਖਾਤਰ ਇਸ ਰੂਹਾਨੀ ਕੇਂਦਰ ਹਰੀ ਮੰਦਿਰ, ਜਿਥੋਂ ਲੋਕ ਸਿੱਖਿਆ, ਸੇਧ ਅਤੇ ਅਗਵਾਈ ਲੈਂਦੇ ਸਨ, ਨੂੰ ਇੱਕ ਪੂਜਾ ਦਾ ਕੇਂਦਰ ਬਣਾ ਦਿੱਤਾ।
ਹਰੀ ਮੰਦਿਰ ਨੂੰ ਪੂਰੀ ਤਰ੍ਹਾਂ ਪੁਜਾਰੀਵਾਦ ਦਾ ਕੇਂਦਰ ਬਣਾਉਣ ਵਿਚ ਸਭ ਤੋਂ ਵੱਡਾ ਅੜਿੱਕਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸੀ। ਇਸ ਵਾਸਤੇ ਪੁਜਾਰੀਆਂ ਨੇ ਮਹਾਰਾਜੇ ਦੀ ਮਿਲੀਭੁਗਤ ਨਾਲ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਹੁੰਚ ਤੋਂ ਦੂਰ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਹਿਮ, ਜਿਵੇਂ ਉਚਾਰਨ ਬਿਲਕੁਲ ਸ਼ੁੱਧ ਹੋਣਾ ਜਰੂਰੀ ਹੈ, ਤਾਬਿਆ ਵਿਚ ਬੈਠਣ ਵਾਲੇ ਦਾ ਪਾਕ ਪਵਿੱਤਰ ਹੋਣਾ ਲਾਜ਼ਮੀ ਹੈ ਅਤੇ ਹੋਰ ਕਈ ਵਹਿਮਾਂ-ਭਰਮਾਂ ਦਾ ਮਰਿਆਦਾਵਾਂ ਦੇ ਨਾਂ ‘ਤੇ ਪ੍ਰਚਾਰ ਕਰਕੇ ਲੋਕਾਂ ਵਿਚ ਇੱਕ ਸਾਜਿਸ਼ੀ ਡਰ ਬੈਠਾ ਦਿੱਤਾ ਕਿ ਅਜਿਹਾ ਨਾ ਕਰਨ ਨਾਲ ਮਨੁੱਖ ਘੋਰ ਪਾਪਾਂ ਦਾ ਭਾਗੀ ਬਣਦਾ ਹੈ, ਜਿਨ੍ਹਾਂ ਦਾ ਕੋਈ ਤੋੜ ਨਹੀਂ। ਉਨ੍ਹਾਂ ਦੀ ਇਹ ਤਰਕੀਬ ਬਹੁਤ ਕਾਰਗਰ ਸਾਬਤ ਹੋਈ, ਕਿਉਂਕਿ ਇਸ ਨਾਲ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਕੇ ਵਿਚਾਰਨਾ ਤਾਂ ਦੂਰ ਦੀ ਗੱਲ, ਇਸ ਦੀ ਤਾਬਿਆ ਬੈਠ ਕੇ ਚੌਰ ਕਰਨ ਤੋਂ ਵੀ ਮਾਨਸਿਕ ਤੌਰ ਤੇ ਖੌਫਜ਼ਦਾ ਹੁੰਦੇ ਗਏ ਅਤੇ ਉਹ ਸਿਰਫ ਸ਼ਰਧਾ ਨਾਲ ਮੱਥਾ ਟੇਕਣ ਤੱਕ ਸੀਮਤ ਹੋ ਗਏ। ਐਨਾ ਹੀ ਨਹੀਂ, ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਸਿਧਾਂਤ ਨੂੰ ਪਿੱਛੇ ਕਰਨ ਲਈ ਸਰਕਾਰ ਦੀ ਸਰਪ੍ਰਸਤੀ, ਮਿਲੀਭੁਗਤ ਅਤੇ ਮਦਦ ਨਾਲ ਗੁਰੂ ਸਾਹਿਬਾਨ ਅਤੇ ਗੁਰ ਇਤਿਹਾਸ ਨਾਲ ਜੋੜ ਕੇ ਤਰ੍ਹਾਂ ਤਰ੍ਹਾਂ ਦੀਆਂ ਮਨੋਕਲਪਿਤ, ਮਿਥਿਹਾਸਕ, ਵਹਿਮਾਂ-ਭਰਮਾਂ ਅਤੇ ਕਰਾਮਾਤਾਂ ਨਾਲ ਭਰਪੂਰ ਕਥਾਵਾਂ ਵਾਲੀਆਂ ਲਿਖਤਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਨ੍ਹਾਂ ਦਾ ਨਾਂ ਤਾਂ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨਾਲ ਅਤੇ ਨਾ ਹੀ ਗੁਰੂ ਇਤਿਹਾਸ ਨਾਲ ਸਬੰਧ ਸੀ।
ਕਈ ਪੁਸਤਕਾਂ ਅਤੇ ਗ੍ਰੰਥਾਂ ਵਿਚ ਤਾਂ ਗੁਰੂ ਸਾਹਿਬਾਨ ਨੂੰ ਰਾਜਿਆਂ ਤੇ ਰਾਜਕੁਮਾਰਾਂ ਵਰਗੇ ਸ਼ੌਕ ਪਾਲਦੇ ਵਿਖਾਇਆ ਗਿਆ ਤਾਂ ਜੋ ਮੌਜੂਦਾ ਰਾਜਿਆਂ ਤੇ ਰਾਜਕੁਮਾਰਾਂ ਤੋਂ ਗੁਰੂ ਸਾਹਿਬਾਨ ਵਾਲਾ ਹੀ ਪ੍ਰਭਾਵ ਪਵੇ। ਇਸ ਤਰ੍ਹਾਂ ਅਨੇਕਾਂ ਅਜਿਹੀਆਂ ਕਥਾਵਾਂ ਵਾਲੀਆਂ ਪੁਸਤਕਾਂ ਅਤੇ ਗ੍ਰੰਥ ਹੋਂਦ ਵਿਚ ਲਿਆਂਦੇ ਤੇ ਪ੍ਰਚਾਰੇ ਗਏ, ਜੋ ਲੋਕਾਂ ਨੂੰ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਤੇ ਸਿਖਿਆਵਾਂ ਦੇ ਉਲਟ ਫਿਰ ਤੋਂ ਵਹਿਮਾਂ-ਭਰਮਾਂ, ਕਰਾਮਾਤਾਂ ਅਤੇ ਕਰਮ-ਕਾਂਡ ਦੇ ਜਾਲ ਵਿਚ ਫਸਾਉਣ ਲਈ ਸਹਾਈ ਹੋਏ।
ਇੱਕ ਘਟਨਾ ਜੋ ਰਣਜੀਤ ਸਿੰਘ ਅਤੇ ਮੋਰਾਂ ਨਾਲ ਸਬੰਧਤ ਆਮ ਹੀ ਪ੍ਰਚਾਰੀ ਜਾਂਦੀ ਹੈ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਮੋਰਾਂ ਨਾਲ ਸਬੰਧਾਂ ਤੋਂ ਵਰਜਿਆ ਸੀ, ਪਰ ਰਣਜੀਤ ਸਿੰਘ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਮੋਰਾਂ ਨਾਲ ਸ਼ਾਦੀ ਕਰ ਲਈ। ਕਿਹਾ ਜਾਂਦਾ ਹੈ ਕਿ ਇੱਕ ਦਿਨ ਮਹਾਰਾਜਾ ਦਰਬਾਰ ਸਾਹਿਬ ਆਇਆ ਤਾਂ ਅਕਾਲੀ ਫੂਲਾ ਸਿੰਘ ਦੇ ਕਾਬੂ ਆ ਗਿਆ| ਉਨ੍ਹਾਂ ਉਸ ਨੂੰ ਮੋਰਾਂ ਨਾਲ ਸਬੰਧਾਂ ਦੀ ਸਜ਼ਾ ਦੇਣ ਵਾਸਤੇ ਦਰਖਤ ਨਾਲ ਬੰਨ ਕੇ ਕੋੜਿਆਂ ਦੀ ਸਜ਼ਾ ਸੁਣਾ ਦਿੱਤੀ। ਮਹਾਰਾਜੇ ਨੇ ਪੂਰੀ ਹਲੀਮੀ ਨਾਲ ਸਜ਼ਾ ਪ੍ਰਵਾਨ ਕਰ ਲਈ| ਮਹਾਰਾਜੇ ਦੀ ਹਲੀਮੀ ਦੇਖ ਕੇ ਸੰਗਤ ਨੇ ਅਕਾਲੀ ਫੂਲਾ ਸਿੰਘ ਨੂੰ ਮਹਾਰਾਜੇ ਨੂੰ ਇੱਕ ਵਾਰ ਮੁਆਫ ਕਰਨ ਦੀ ਬੇਨਤੀ ਕੀਤੀ, ਜੋ ਉਨ੍ਹਾਂ ਪ੍ਰਵਾਨ ਕਰ ਲਈ ਅਤੇ ਮਹਾਰਾਜੇ ਨੂੰ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ।
ਕੁਝ ਇੱਕ ਕਥਾਕਾਰ ਅਕਾਲ ਤਖਤ ਦੀ ਮਹਾਨਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਇਹ ਵੀ ਕਹਿੰਦੇ ਹਨ ਕਿ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਅਕਾਲ ਤਖਤ ‘ਤੇ ਤਲਬ ਕੀਤਾ ਸੀ| ਮਹਾਰਾਜਾ ਆਪਣੀ ਗਲਤੀ ਦੀ ਸਜ਼ਾ ਭੁਗਤਣ ਅਤੇ ਭੁੱਲ ਬਖਸ਼ਾਉਣ ਲਈ ਆਪ ਹਾਜਰ ਹੋਇਆ ਸੀ, ਪਰ ਡਾ. ਹਰਜਿੰਦਰ ਸਿੰਘ ਦਿਲਗੀਰ, ਜੋ ਇੱਕ ਉਘੇ ਸਿੱਖ ਇਤਿਹਾਕਾਰ ਤੇ ਫਿਲਾਸਫਰ ਹਨ, ਅਨੁਸਾਰ ਅਜਿਹੀ ਕਿਸੇ ਘਟਨਾ ਦਾ ਸਬੂਤ ਨਹੀਂ ਮਿਲਦਾ ਅਤੇ ਉਹ ਇਹ ਵੀ ਦਸਦੇ ਹਨ ਕਿ ਉਸ ਸਮੇਂ ਤੱਕ ਅਕਾਲ ਤਖਤ ਦੇ ਜਥੇਦਾਰ ਦੀ ਕੋਈ ਪਦਵੀ ਵੀ ਹੋਂਦ ਵਿਚ ਨਹੀਂ ਸੀ ਆਈ। ਡਾ. ਦਿਲਗੀਰ ਤੱਥਾਂ ‘ਤੇ ਆਧਾਰਤ ਹੀ ਗੱਲ ਕਰਦੇ ਹਨ, ਸੋ ਉਨ੍ਹਾਂ ਦੀ ਗੱਲ ਪੂਰਾ ਪੂਰਾ ਵਜਨ ਰਖਦੀ ਹੈ ਕਿ ਅਜਿਹੀ ਘਟਨਾ ਅਸਲ ਵਿਚ ਹੋਈ ਹੀ ਨਹੀਂ। ਉਂਜ ਵੀ ਇਹ ਇੱਕ ਆਮ ਧਾਰਨਾ ਹੈ ਕਿ ਜਦੋਂ ਕੋਈ ਗਲਤੀ ਮੰਨ ਕੇ ਅਤੇ ਅੱਗੇ ਤੋਂ ਗਲਤੀ ਨਾ ਕਰਨ ਦਾ ਵਾਅਦਾ ਕਰਦਾ ਹੈ ਤਾਂ ਆਮ ਤੌਰ ‘ਤੇ ਉਹ ਮੁੜ ਗਲਤੀ ਨਹੀਂ ਕਰਦਾ, ਪਰ ਇਥੇ ਤਾਂ ਇਉਂ ਲੱਗਦਾ ਹੈ ਜਿਵੇਂ ਰਣਜੀਤ ਸਿੰਘ ਦਾ ਤਾਂ ਇਸ ਤੋਂ ਪਿੱਛੋਂ ਅਜਿਹੀਆਂ ਗੈਰ ਇਖਲਾਕੀ ਹਰਕਤਾਂ ਕਰਨ ਦਾ ਝਾਕਾ ਹੀ ਖੁੱਲ੍ਹ ਗਿਆ ਹੁੰਦਾ ਹੈ। ਇਸ ਲਈ ਇਹ ਕਹਾਣੀ ਵੀ ਹਾਕਮਾਂ ਤੇ ਪੁਜਾਰੀਆਂ ਦੀ ਮਿਲੀਭੁਗਤ ਅਤੇ ਡਰਾਮੇਬਾਜੀ ਅਨੁਸਾਰ ਘੜੀ ਗਈ ਲਗਦੀ ਹੈ, ਕਿਉਂਕਿ ਇਸ ਪ੍ਰਚਾਰ ਨਾਲ ਜਿਥੇ ਮਹਾਰਾਜਾ ਰਣਜੀਤ ਸਿੰਘ ਵਿਰੁਧ ਚਲ ਰਿਹਾ ਰੋਹ ਸ਼ਾਂਤ ਹੋ ਗਿਆ, ਉਥੇ ਪੁਜਾਰੀਆਂ ਦੀ ਵੀ ਭੱਲ ਬਣ ਗਈ ਕਿ ਉਨ੍ਹਾਂ ਮੂਹਰੇ ਤਾਂ ਰਣਜੀਤ ਸਿੰਘ ਵੀ ਪਾਣੀ ਭਰਦਾ ਹੈ।
(ਬਾਕੀ ਅਗਲੇ ਅੰਕ ‘ਚ)