ਵਲਾਇਤ ਦੀ ਰਾਜਧਾਨੀ ਲੰਡਨ ਵਿਚ ਜੰਮੀਆਂ ਜੌੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਬਿੰਦਰ ਕੌਰ ‘ਸਿੰਘ ਟਵਿਨਜ਼’ ਵਜੋਂ ਮਸ਼ਹੂਰ ਹਨ। ਉਨ੍ਹਾਂ ਚਿੱਤਰਕਲਾ ਦੇ ਖੇਤਰ ਵਿਚ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਿਆ। ਅਸਲ ਵਿਚ ਉਨ੍ਹਾਂ ਬ੍ਰਿਟਿਸ਼ ਕਲਾ ਨੂੰ ਆਪਣੀ ਵਿਸ਼ੇਸ਼ ਸ਼ੈਲੀ ਨਾਲ ਮਾਲਾ-ਮਾਲ ਕੀਤਾ। ਉਨ੍ਹਾਂ ਚਿੱਤਰਕਲਾ ਦੀ ਮਿਨੀਏਚਰ (ਲਘੂ-ਚਿੱਤਰ) ਰਵਾਇਤ ਨੂੰ ਇਕ ਤਰ੍ਹਾਂ ਨਾਲ ਇਕ ਵਾਰ ਫਿਰ ਉਡਣ ਲਈ ਖੰਭ ਦਿੱਤੇ। ਉਨ੍ਹਾਂ ‘ਨਾਇਨਟੀਨ ਏਟੀ ਫੋਰ’ ਨਾਂ ਦੀ ਆਪਣੀ ਚਰਚਿਤ ਪੇਂਟਿੰਗ ਵਿਚ ਸਿੱਖਾਂ ਦੇ ਦਰਦ ਨੂੰ ਜ਼ੁਬਾਨ ਹੀ ਨਹੀਂ ਦਿੱਤੀ, ਸਗੋਂ ਸਮੁੱਚੇ ਸਿੱਖ ਇਤਿਹਾਸ ਨੂੰ ਇਕੋ ਕੈਨਵਸ ਉਤੇ ਪੇਸ਼ ਕਰ ਦਿੱਤਾ ਹੈ। -ਸੰਪਾਦਕ
ਜੌੜੀਆਂ ਚਿੱਤਰਕਾਰ ਅੰਮ੍ਰਿਤ ਕੌਰ ਅਤੇ ਰਬਿੰਦਰ ਕੌਰ ਉਦੋਂ ਮਹਿਜ਼ ਸੱਤ ਵਰ੍ਹਿਆਂ ਦੀਆਂ ਸਨ ਜਦੋਂ ਉਨ੍ਹਾਂ ਦਾ ਪਰਿਵਾਰ ਲਿਵਰਪੂਲ ਜਾ ਵੱਸਿਆ। ਬਰਕਨਹੈੱਡ (ਚੇਸ਼ਾਇਰ) ਦੇ ਹੌਲਟ ਹਿਲ ਕਾਨਵੈਂਟ ਸਕੂਲ ਵਿਚ ਉਹ ਇਕੱਲੀਆਂ ਗੈਰ-ਈਸਾਈ ਵਿਦਿਆਰਥਣਾਂ ਸਨ। ਇਸ ਸਕੂਲ ਵਿਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਅੰਦਰਲੇ ਚਿੱਤਰਕਾਰ ਨੇ ਬਾਹਰ ਝਾਤੀਆਂ ਮਾਰਨੀਆਂ ਆਰੰਭ ਕਰ ਦਿੱਤੀਆਂ। ਜਦੋਂ ਉਹ ਪੋਸਟਰ ਬਣਾਉਂਦੀਆਂ ਤਾਂ ਬਹੁਤ ਬਾਰੀਕੀ ਵਿਚ ਚਲੀਆਂ ਜਾਂਦੀਆਂ ਅਤੇ ਆਪਣੇ ਅਧਿਆਪਕਾਂ ਨੂੰ ਹੈਰਾਨ ਕਰ ਦਿੰਦੀਆਂ। ਉਚੇਰੀ ਵਿਦਿਆ ਲਈ ਉਹ ਵਿਲਰਪੂਲ ਯੂਨੀਵਰਸਿਟੀ ਦੇ ਚੈਸਟਰ ਕਾਲਜ ਵਿਚ ਦਾਖਲ ਹੋ ਗਈਆਂ ਅਤੇ ਕੰਬਾਈਂਡ ਸਟੱਡੀਜ਼ ਦੀ ਡਿਗਰੀ ਕਰਦਿਆਂ ਉਨ੍ਹਾਂ ਇਤਿਹਾਸ, ਕਲਾ ਇਤਿਹਾਸ ਅਤੇ ਤੁਲਨਾਤਮਕ ਧਰਮ ਅਧਿਐਨ ਦੀ ਪੜ੍ਹਾਈ ਕੀਤੀ। ਕਲਾ ਇਤਿਹਾਸ ਪੜ੍ਹਦਿਆਂ-ਗੁੜਦਿਆਂ ਉਨ੍ਹਾਂ ਦਾ ਧਿਆਨ ਭਾਰਤੀ ਚਿੱਤਰਕਲਾ ਦੀ ਇਕ ਰਵਾਇਤ ਮਿਨੀਏਚਰ (ਲਘੂ ਕਲਾ) ਵੱਲ ਗਿਆ। ਇਸ ਰਵਾਇਤ ਨੇ ਉਨ੍ਹਾਂ ਦਾ ਮਨ ਮੋਹ ਲਿਆ। ਉਂਜ, ਉਥੇ ਭਾਰਤ ਵਿਰੋਧੀ ਰਵੱਈਏ ਕਰ ਕੇ ਉਨ੍ਹਾਂ ਨੂੰ ਬਹੁਤ ਔਕੜਾਂ ਪਾਰ ਕਰਨੀਆਂ ਪਈਆਂ, ਪਰ ਉਹ ਆਪਣੇ ਨਿਸ਼ਚੈ ਉਤੇ ਕਾਇਮ ਰਹੀਆਂ ਅਤੇ ਆਖਰਕਾਰ ਆਪਣੇ ਹਰ ਵਿਰੋਧੀ ਨੂੰ ਪਛਾੜ ਕੇ ਅੱਗੇ ਵਧ ਗਈਆਂ। ਹੁਣ ਉਹ ਸੰਸਾਰ ਭਰ ਵਿਚ ਆਪਣੀ ਕਲਾ ਦੀ ਧਾਂਕ ਜਮਾ ਚੁੱਕੀਆਂ ਹਨ ਅਤੇ ਕਈ ਦੇਸ਼ਾਂ ਵਿਚ ਉਨ੍ਹਾਂ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਲੱਗ ਚੁੱਕੀ ਹੈ।
‘ਨਾਇਨਟੀਨ ਏਟੀ ਫੋਰ’ (ਸਟੌਰਮਿੰਗ ਆਫ ਦੀ ਗੋਲਡਨ ਟੈਂਪਲ) ਚੋਖੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਪੇਂਟਿੰਗ ਹੈ। ਇਸ ਵਿਚ ਵਧੇਰੇ ਯੋਗਦਾਨ ਅੰਮ੍ਰਿਤ ਦਾ ਹੈ। ਇਹ ਪੇਂਟਿੰਗ 1998 ਵਿਚ ਬਣਾਈ ਗਈ ਸੀ। ਇਹ ਪੇਂਟਿੰਗ ਯੂਰਪ, ਅਮਰੀਕਾ ਅਤੇ ਹੋਰ ਅਮਰੀਕੀ ਦੇਸ਼ਾਂ ਵਿਚ ਇਸ ਦੀ ਬੜੀ ਚਰਚਾ ਹੋਈ। ਇਸ ਵਿਚ ਸਦੀਆਂ ਦਾ ਸਿੱਖ ਇਤਿਹਾਸ ਸਮੋਇਆ ਪਿਆ ਹੈ। ਹੋਰ ਪੇਂਟਿੰਗਜ਼ ਵਾਂਗ ਇਸ ਦਾ ਬਿਰਤਾਂਤ ਵੀ ਬਹੁਤ ਸੰਘਣਾ ਹੈ।
ਇਸ ਚਿੱਤਰ ਦਾ ਮੁੱਢ ਚਿੱਤਰਕਾਰ ਦੇ ਮਨ ਵਿਚ ਘਟਨਾ ਪ੍ਰਚਾਰ ਬਾਰੇ ਗੁੱਸਾ ਬਣਦਾ ਹੈ। ਸੰਸਾਰ ਭਰ ਵਿਚ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਇਸ ਕਾਰਵਾਈ ਵਿਚ ਇੰਦਰਾ ਗਾਂਧੀ ਦੀ ਜਿੱਤ ਹੋਈ ਹੈ, ਜਦਕਿ ਸੱਚ ਇਹ ਹੈ ਕਿ ਜਿਸ ਦਿਨ ਫੌਜ ਦੀ ਕਾਰਵਾਈ ਕੀਤੀ ਗਈ, ਉਸ ਪਵਿੱਤਰ ਦਿਹਾੜੇ Ḕਤੇ ਹਜ਼ਾਰਾਂ ਸ਼ਰਧਾਲੂਆਂ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਹੋਏ ਸਨ। ਪੇਂਟਿੰਗ ਵਿਚ ਅੰਮ੍ਰਿਤ ਨੇ ਬਾਬਾ ਦੀਪ ਸਿੰਘ ਆਪਣੇ ਉਸੇ ਰੂਪ ਵਿਚ ਸਿਰਜਿਆ ਹੈ ਜਿਹੜਾ ਆਮ ਸਿੱਖ ਮਨਾਂ ਵਿਚ ਘਰ ਕਰੀ ਬੈਠਾ ਹੈ। ਖੱਬੇ ਥੱਲੇ ਵਾਲੇ ਪਾਸੇ ਟੈਂਕ ‘ਤੇ ਸਵਾਰ ਹੋਈ ਇੰਦਰਾ ਗਾਂਧੀ ਦਿਸ ਰਹੀ ਹੈ। ਚਿੱਤਰਕਾਰ ਦੱਸਣਾ ਚਾਹੁੰਦੀ ਹੈ ਇਹ ਔਰਤ ਇਸ ਘਟਨਾ ਲਈ ਸਿੱਧੇ ਤੌਰ Ḕਤੇ ਜ਼ਿੰਮੇਵਾਰ ਹੈ। ਅੰਮ੍ਰਿਤ ਨੇ ਦੋ ਹੋਰ ਪ੍ਰਤੀਕਾਂ ਨੂੰ ਵੀ ਚਿੱਤਰ ਵਿਚ ਜਗ੍ਹਾ ਦਿੱਤੀ ਹੈ। ਇਕ ਅਕ੍ਰਿਤੀ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਦੀ ਹੈ ਜਿਨ੍ਹਾਂ ਹਿੰਦੂਆਂ ਅਤੇ ਹਿੰਦੋਸਤਾਨ ਦੀ ਰੱਖਿਆ ਹਿੱਤ ਦਿੱਲੀ ਵਿਖੇ ਕੁਰਬਾਨੀ ਦਿੱਤੀ ਸੀ। ਇਸ ਦੇ ਨਾਲ ਹੀ ਭਗਤ ਸਿੰਘ ਦੀ ਅਕ੍ਰਿਤੀ ਹੈ। ਅੰਗਰੇਜ਼ਾਂ ਖ਼ਿਲਾਫ਼ ਆਪਣੀ ਲੜਾਈ ਲੜਦਿਆਂ ਹੋਇਆਂ ਉਸ ਨੂੰ ਫਾਂਸੀ ਦਿੱਤੀ ਗਈ ਸੀ। ਉਸ ਦਾ ਦਿੱਤਾ ਨਾਹਰਾ Ḕਇਨਕਲਾਬ ਜਿੰਦਾਬਾਦ’ ਅੱਜ ਵੀ ਕ੍ਰਾਂਤੀ ਦੀ ਰਾਹ ਉਪਰ ਚਲਣ ਵਾਲਿਆਂ ਲਈ ਮੂਲ ਮੰਤਰ ਹੈ। ਇਹ ਪ੍ਰਤੀਕ ਸਿੱਖਾਂ ਨੂੰ ਭਾਰਤ ਨਾਲ ਜੋੜਦੇ ਹੀ ਨਹੀਂ, ਬਲਕਿ ਇਹਦੇ ਰਾਹੀਂ ਉਹ ਭਾਰਤ ਬਾਰੇ ਆਪਣੀ ਭਾਵੁਕ ਸਾਂਝ ਦਾ ਪ੍ਰਗਟਾਵਾ ਵੀ ਕਰ ਰਹੇ ਹਨ।
____________________________________
‘ਨਾਇਨਟੀਨ ਏਟੀ ਫੋਰ’ ਚਿੱਤਰ ਦਾ ਮਤਲਬ
ਸਾਡਾ ਮੁੱਖ ਉਦੇਸ਼ ਓਪਰੇਸ਼ਨ ਬਲੂ ਸਟਾਰ ਅਤੇ ਇਹਦੇ ਬਾਅਦ ਹੋਣ ਵਾਲੀਆਂ ਘਟਨਾਵਾਂ ਦੀ ਹਕੀਕਤ ਬਾਰੇ ਲੋਕਾਂ ਦੇ ਮਨ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਅਸੀਂ ਮਾਨਵੀ ਪੱਖ ਤੋਂ ਸਿੱਖਾਂ ਦੀ ਆਵਾਜ਼ ਸੁਣਾਉਣ ਦਾ ਯਤਨ ਕਰ ਰਹੀਆਂ ਹਾਂ। ਅਸੀਂ ਦੋਹਾਂ ਧਿਰਾਂ ਦੀਆਂ ਸਿਆਸੀ ਇੱਛਾਵਾਂ ਅਤੇ ਸਰਗਰਮੀ ਦੇ ਗੁੰਝਲਦਾਰ ਵਰਤਾਰੇ ਵਿਚ ਨਹੀਂ ਪੈਣਾ ਚਾਹੁੰਦੀਆਂ, ਪਰ ਜੋ ਕੁਝ ਵੀ ਹੋਇਆ, ਉਸ ਦੇ ਨਤੀਜਿਆਂ ਨੂੰ ਮਨੁੱਖੀ ਪੱਧਰ Ḕਤੇ ਜਾਣ/ਸਮਝ ਕੇ ਪੇਸ਼ ਕਰਨਾ ਚਾਹੁੰਦੀਆਂ ਹਾਂ। ਜਦ ਅਸੀਂ ਇਹ ਕਿਰਤ ਬਣਾਉਣੀ ਸ਼ੁਰੂ ਕੀਤੀ ਤਾਂ ਮਨ ਵਿਚ ਇਹੀ ਸੀ ਕਿ ਜੋ ਹੋਇਆ ਹੈ, ਉਸ ਦੀ ਬਿਨਾਂ ਕੋਈ ਲਾਹਾ ਲਿਆਂ ਸਿੱਧੀ ਆਲੋਚਨਾ ਕੀਤੀ ਜਾਵੇ। ਨਾਲ ਹੀ ਇਹ ਵੀ ਧਿਆਨ ਰੱਖਿਆ ਕਿ ਪੇਂਟਿੰਗ ਕਿਤੇ ਭਾਰਤ ਵਿਰੋਧੀ ਸਟੇਟਮੈਂਟ ਹੀ ਨਾ ਲੱਗਣ ਪਵੇ ਜਾਂ ਇਸ ਦੇ ਗਲਤ ਅਰਥ ਨਾ ਕੱਢ ਲਏ ਜਾਣ। ਇਸ ਵੀ ਵਿਚਾਰਿਆ ਗਿਆ ਕਿ ਕਿਧਰੇ ਗਰਮਖਿਆਲਾਂ ਦੇ ਲੋਕ ਇਸ ਨੂੰ ਆਪਣਾ ਏਜੰਡਾ ਸਿੱਧ ਕਰਨ ਹਿੱਤ ਹੀ ਨਾ ਵਰਤਣ ਲੱਗ ਪੈਣ। ਅਸੀਂ 84 ਦੀਆਂ ਘਟਨਾਵਾਂ ਨਾਲ ਭਾਵੇਂ ਸਿੱਧੇ ਨਹੀਂ ਜੁੜੇ ਹੋਏ, ਪਰ ਜਿਨ੍ਹਾਂ ਨੇ ਉਹ ਦੌਰ ਹੰਢਾਇਆ ਅਤੇ ਆਪਣਾ ਸਾਰਾ ਕੁਝ ਗੁਆਇਆ ਹੈ, ਉਨ੍ਹਾਂ ਲਈ ਆਪੋ-ਆਪਣੀ ਸੰਵੇਦਨਾ ਤਾਂ ਹਰ ਕੋਈ ਪ੍ਰਗਟ ਕਰ ਸਕਦੇ ਹੈ ਅਤੇ ਸਭ ਨੂੰ ਕਰਨੀ ਚਾਹੀਦੀ ਹੈ। ਬਾਕੀ ਇਸ ਘਟਨਾ ਨੂੰ ਭੁੱਲਣਾ ਬਹੁਤ ਔਖਾ ਹੀ ਨਹੀਂ, ਅਸੰਭਵ ਹੈ। ਖੈਰ! ਜੋ ਵੀ ਕੁਝ ਵਾਪਰਿਆ, ਉਸ ਦੇ ਬਾਵਜੂਦ ਦੂਜੇ ਸਿੱਖਾਂ ਵਾਂਗ ਅਸੀਂ ਵੀ ਜਾਣਦੀਆਂ ਹਾਂ ਕਿ ਸਾਡੀ ਭਾਰਤ ਲਈ ਅੰਦਰੂਨੀ ਖਿੱਚ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਹ ਪੇਂਟਿੰਗ ਭਾਵੇਂ ਚੁਰਾਸੀ ਨਾਲ ਸਬੰਧਤ ਹੈ ਪਰ ਇਹ ਦਰਸ਼ਕ ਨੂੰ ਉਸ ਘਟਨਾਕ੍ਰਮ ਵੱਲ ਵੀ ਲੈ ਜਾਂਦੀ ਹੈ ਜਿਸ ਦਾ ਸਬੰਧ ਆਜ਼ਾਦੀ ਦੀ ਲੜਾਈ ਨਾਲ ਜੁੜਿਆ ਹੋਇਆ ਹੈ। ਉਪਰ ਸੱਜੇ ਪਾਸੇ ਜੱਲਿਆਂ ਵਾਲੇ ਬਾਗ ਦਾ ਯਾਦ ਚਿੰਨ੍ਹ ਹੈ ਜੋ 1919 ਦੀ ਵਿਸਾਖੀ ਵਾਲੇ ਦਿਨ ਸ਼ਹੀਦ ਹੋਏ ਭਾਰਤੀਆਂ ਦੀ ਯਾਦ ਵਿਚ ਉਸਾਰਿਆ ਗਿਆ ਹੈ। ਇਸ ਘਟਨਾ ਨੇ ਅੰਗਰੇਜ਼ਾਂ ਖਿਲਾਫ ਚੱਲ ਰਹੀ ਆਜ਼ਾਦੀ ਦੀ ਲੜਾਈ ਦਾ ਰੁਖ ਹੀ ਬਦਲ ਦਿੱਤਾ ਸੀ।
-ਅੰਮ੍ਰਿਤ ਕੌਰ ਸਿੰਘ
-ਰਬਿੰਦਰ ਕੌਰ ਸਿੰਘ
Leave a Reply