ਲੈਚੀਆਂ

ਕਹਾਣੀਕਾਰ ਮੁਖ਼ਤਿਆਰ ਸਿੰਘ ਦੀ ਕਹਾਣੀ ‘ਲੈਚੀਆਂ’ ਬਹੁਤ ਡੂੰਘੀਆਂ ਰਮਜ਼ਾਂ ਵਾਲੀ ਹੈ। ਕਹਾਣੀ ਵਿਚ ਇਕ ਘਟਨਾ ਵਾਪਰਦੀ ਹੈ ਅਤੇ ਹੌਲੀ-ਹੌਲੀ ਦਹਿਸ਼ਤ ਦਾ ਮਾਹੌਲ ਉਸਰਨ ਲੱਗਦਾ ਹੈ। ਕਹਾਣੀ ਵਿਚ ਜਿਸ ਪਾਤਰ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ, ਉਸ ਦੇ ਨੈਣ-ਨਕਸ਼ ਕਿਸੇ ਗੁਰਮੁਖ ਸੱਜਣ ਨਾਲ ਮਿਲਦੇ ਜੁਲਦੇ ਹਨ, ਪਰ ਸਿਤਮਜ਼ਰੀਫੀ ਇਹ ਹੈ ਕਿ ਉਸੇ ਨਾਲ ਹੀ ਵਧੀਕੀ ਹੁੰਦੀ ਹੈ। ਲੇਖਕ ਅੰਤ ਤੱਕ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦਾ ਹੈ। ਇਹੀ ਲੇਖਕ ਦੀ ਲਿਖਣ ਸ਼ੈਲੀ ਦੀ ਖੂਬਸੂਰਤੀ ਹੈ। ਮੁਖ਼ਤਿਆਰ ਸਿੰਘ ਦੀਆਂ ਹੋਰ ਕਹਾਣੀਆਂ ਵਿਚ ਵੀ ਅਜਿਹਾ ਹੀ ਰੰਗ ਦੇਖਣ ਨੂੰ ਮਿਲਦਾ ਹੈ। ਉਹ ਪਾਠਕ ਨੂੰ ਆਪਣੀ ਰਚਨਾ ਵਿਚ ਹੀ ਸ਼ਾਮਲ ਕਰ ਲੈਂਦਾ ਹੈ। -ਸੰਪਾਦਕ

ਮੁਖ਼ਤਿਆਰ ਸਿੰਘ
ਫੋਨ: 91-98728-23511
ਇਕæææਦੋæææਤਿੰਨæææਸੰਨਾਟਾ ਛਾ ਗਿਆ। ਹਫੜਾ-ਦਫੜੀ ਮਚ ਗਈ। ਜਿਥੇ ਕੋਈ ਖ਼ੜਾ, ਬੈਠਾ, ਕੰਮ ਕਰਦਾ, ਤੁਰਦਾ ਫਿਰਦਾ ਸੀ; ਥਾਏਂ ਹੀ ਸੁੰਨ ਹੋ ਗਿਆ। ਹਰ ਇਕ ਨੇ ਆਪਣੇ ਆਪ ਨੂੰ ਵੇਖਿਆ। ਕਿਤੇ ਉਨ੍ਹਾਂ ਨੂੰ ਤਾਂ ਨਹੀਂ ਲੱਗੀ? ਭਮੰਤਰੇ ਹੋਇਆਂ ਨੇ ਆਲੇ-ਦੁਆਲੇ ਨਿਗ੍ਹਾ ਘੁੰਮਾਈ। ਅੱਖਾਂ ਅੱਗੇ ਹਨੇਰਾ ਛਾ ਗਿਆ। ਕੰਨਾਂ ਉਤੇ ਹੱਥ ਧਰ ਲਏ। ਵੱਡੀਆਂ ਬਿਲਡਿੰਗਾਂ ਵਿਚ ਬੈਠਿਆਂ ਨੂੰ ਤਾਂ ਕੀ ਸਮਝ ਆਉਣੀ ਸੀ, ਬਾਹਰ ਸੁੰਦਰ ਫੁੱਲ-ਬੂਟਿਆਂ ਵਿਚਕਾਰ ਆਉਂਦੇ-ਜਾਂਦੇ ਵੀ ਪੱਥਰ ਹੋ ਕੇ ਰਹਿ ਗਏ।
ਦੂਜੇæææਤੀਜੇ ਪਲ ਉਹ ਤੁਰ ਪਏ। ਉਨ੍ਹਾਂ ਨੇ ਕਾਹਲੀ ‘ਚ ਪੈਰ ਨਹੀਂ ਪੁੱਟੇ। ਉਹ ਘਬਰਾਏ ਨਹੀਂ। ਉਹ ਆਮ ਵਾਂਗ ਹੀ ਆਉਂਦੇ-ਜਾਂਦਿਆਂ ਵਿਚ ਰਲ ਗਏ। ਕਈਆਂ ਨੇ ਉਨ੍ਹਾਂ ਨੂੰ ਚੋਰ ਅੱਖ ਨਾਲ ਵੇਖਿਆ ਵੀ, ਪਰ ਅਣਦੇਖਿਆ ਕਰ ਦਿੱਤਾ। ਉਹ ਨਿੱਗਰ ਜੁੱਸੇ ਵਾਲੇ ਦਰਮਿਆਨੇ ਕੱਦ ਦੇ ਗੱਭਰੂ, ਸਾਊ ਹੀ ਲੱਗਦੇ ਸਨ।
ਉਹ ਪੌਣਾ ਕੁ ਕਿਲੋਮੀਟਰ, ਇਸ ਵੱਡੇ ਅਦਾਰੇ ਦੀ ਹੱਦ ਲੰਘ ਕੇ ਰਵੀਦਾਸ ਰੋਡ ‘ਤੇ ਚੜ੍ਹ ਗਏ। ਇਸ ਰੋਡ ਤੋਂ ਅਗਲੇ ਪਾਸੇ ਛਾਉਣੀ, ਸ਼ਾਂਤ ਚਿਤ ਬੇਖ਼ਬਰ ਸੀ। ਇਸ ਸੜਕ ਉਤੇ ਹੋਰ ਵੀ ਕਈ ਲੰਘਦੇ ਜਾਂਦੇ ਸਨ। ਛਾਉਣੀ ਤਾਂ ਜਾਗਦੀ, ਜੇ ਉਨ੍ਹਾਂ ਨੂੰ ਕੋਈ ਹੁਕਮ ਚਾੜ੍ਹਿਆ ਹੁੰਦਾ ਤੇ ਲਾਲਾ-ਲਾਲਾ ਹੋਈ ਹੁੰਦੀ। ਉਨ੍ਹਾਂ ਦੇ ਮਗਰ ਕੋਈ ਆਇਆ ਹੀ ਨਹੀਂ ਸੀ। ਗੇਟ ਵਾਲੇ ਸੁਰੱਖਿਆ ਕਰਮੀਆਂ ਕੋਲੋਂ ਉਹ ਆਰਾਮ ਨਾਲ ਲੰਘ ਕੇ ਗਏ। ਉਨ੍ਹਾਂ ਨੂੰ ਵੀ ਕੀ ਪਤਾ ਸੀ ਕਿ ਇਹੋ ਉਹ ਗੱਭਰੂ ਨੇ ਅਤੇ ਇਥੇ ਵੀ ਅਜਿਹਾ ਕੁਝ ਹੋ ਸਕਦਾ ਹੈ? ਉਨ੍ਹਾਂ ਨੂੰ ਆਪਣੇ ਮੁਖੀ ਕੋਲੋਂ ਕੋਈ ਸੂਚਨਾ ਹੀ ਨਹੀਂ ਸੀ ਆਈ। ਜੇ ਸੂਚਨਾ ਆ ਵੀ ਜਾਂਦੀ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਸੀ? ਉਹ ਤਾਂ ਸੜਕ ‘ਤੇ ਜਾ ਕੇ ਗੁੰਮ ਹੋ ਗਏ ਸਨ।
ਉਨ੍ਹਾਂ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਹੂਟਰ ਵੱਜਦੇ ਉਸ ਥਾਂ ਵੱਲ ਤੇਜ਼ੀ ਨਾਲ ਜਾਣ ਲੱਗ ਪਏ। ਉਨ੍ਹਾਂ ਨੂੰ ਆਮ ਜਨਤਾ ਦੀ ਪ੍ਰਵਾਹ ਨਹੀਂ ਸੀ, ਚਾਹੇ ਕੋਈ ਥੱਲੇ ਆ ਕੇ ਕੁਚਲਿਆ ਜਾਵੇ। ਉਨ੍ਹਾਂ ਨੇ ਛੇਤੀ ਤੋਂ ਛੇਤੀ ਜਾ ਕੇ ਹਾਲਾਤ ਸੰਭਾਲਦਿਆਂ ਹੀ ਘੇਰਾਬੰਦੀ ਕਰ ਲੈਣੀ ਸੀ। ਭੈਅ-ਭੀਤ ਖੜ੍ਹੇ-ਬੈਠਿਆਂ ਤੋਂ ਪੁੱਛ-ਗਿੱਛ ਸ਼ੁਰੂ ਹੋ ਜਾਣੀ ਸੀ? ਕਿਵੇਂ ਉਹ ਆਏ? ਕਿਵੇਂ ਕਾਰਵਾਈ ਹੋਈ? ਕੌਣ ਕੌਣ ਮਾਰਿਆ ਗਿਆ? ਕਿੰਨੇ ਫੱਟੜ ਹੋਏ? ਕਿਧਰ ਨੂੰ ਉਹ ਚਲੇ ਗਏ? ਇਹ ਸਵਾਲ ਦਾਗੇ ਜਾਣੇ ਸਨæææਤੇ ਦਾਗੇ ਵੀ ਗਏ।
ਬਾਬਾ ਜੀ ਬਿਲਡਿੰਗਾਂ ਦੇ ਵਿਚਕਾਰ ਤੜਫ ਰਿਹਾ ਸੀ। ਉਸ ਨਾਲ ਉਹ ਹੱਥੋ-ਪਾਈ ਹੋ ਰਹੇ ਸੀ ਤੇ ਦੂਰ ਨੇੜੇ ਵਾਲੇ ਡਰੇ ਹੋਏ, ਆਪਣਾ ਆਪਣਾ ਬਚਾਅ ਕਰਨ ਲੱਗ ਪਏ।
ਉਲਟੇ ਬੋਹੜ ਵਰਗੀ ਉਚੀ ਤੇ ਚੌੜੀ ਬਿਲਡਿੰਗ ਦੀਆਂ ਜੜ੍ਹਾਂ ਵਿਚ ਸੁਰੱਖਿਆ ਦਫਤਰ ਸੀ। ਉਸ ਦੇ ਅੰਦਰ ਸੁਰੱਖਿਆ ਮੁਖੀ ਬੈਠਾ ਆਵਾਜ਼ ਸੁਣ ਕੇ ਡਰ ਗਿਆ। ਕੁਝ ਸੁਰੱਖਿਆ ਅਮਲਾ ਦਫਤਰ ਦੇ ਅੰਦਰ ਅਤੇ ਬਾਹਰ ਤਾਇਨਾਤ ਸੀ, ਇਕ ਦਮ ਕੰਬ ਗਿਆ। ਦਫਤਰ ਦੇ ਬਾਹਰਲੇ ਸੁਰੱਖਿਆ ਕਰਮੀ ਅੰਦਰ ਵੱਲ ਭੱਜੇ ਅਤੇ ਅੰਦਰ ਵਾਲੇ ਬਾਹਰ ਵੱਲ ਖਿੜਕੀ ਵਿਚੀਂ ਦੇਖਣ ਲੱਗੇ, ਜਿਵੇਂ ਮੋਰਚੇ ਵਿਚ ਆਪਣੇ ਆਪ ਦਾ ਬਚਾਅ ਕਰ ਰਹੇ ਹੋਣ। ਉਨ੍ਹਾਂ ਨੇ ਸਿਰਫ ਨਿਸ਼ਾਨਾ ਹੀ ਸੇਧਿਆ ਸੀ।
ਉਲਟੇ ਬੋਹੜ ਵਰਗੀ ਬਿਲਡਿੰਗ ਦੀਆਂ ਉਪਰਲੀਆਂ ਮੰਜ਼ਲਾਂ ਦੀਆਂ ਸ਼ੀਸ਼ੇ ਵਾਲੀਆਂ ਖਿੜਕੀਆਂ ਵਿਚੀਂ ਸਾਰੇ ਜਣੇ ਇਕ ਦਮ ਉਠ ਕੇ ਵੇਖਣ ਲੱਗੇ। ਉਨ੍ਹਾਂ ਦੇ ਮੂੰਹੋਂ ਇੰਨਾ ਕੁ ਹੀ ਨਿਕਲ ਸਕਿਆ, “ਹੈਂ? ਲੈਚੀ ਬਾæææ?” ਉਨ੍ਹਾਂ ਦੀਆਂ ਜੀਭਾਂ ਤਾਲੂਏ ਨਾਲ ਲੱਗ ਗਈਆਂ।
ਲੈਚੀ ਬਾਬਾ ਨੇ ਹੈਂਡ-ਬੈਗ ਹਿਕ ਨਾਲ ਘੁੱਟਿਆ ਹੋਇਆ ਸੀ। ਚਿਹਰਾ ਮੁਸਕਰਾ ਰਿਹਾ ਸੀ। ਉਨ੍ਹਾਂ ਤੋਂ ਉਸ ਦੀ ਚਿਚੜੀ ਪਕੜ ਤੋਂ ਖੋਹਿਆ ਨਹੀਂ ਸੀ ਜਾ ਰਿਹਾ। ਉਹ ਡਿਗ ਪਿਆ। ਫਿਰ ਵੀ ਛਾਤੀ ਨਾਲੋਂ ਹੈਂਡ-ਬੈਗ ਅਲੱਗ ਨਹੀਂ ਸੀ ਹੋਇਆ। ਇਸ ਹੱਥੋਪਾਈ ਨੂੰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਜੰਤੂ ਵਿਗਿਆਨ, ਸਰੀਰਕ ਸਿਖਿਆ ਵਿਗਿਆਨ ਤੇ ਵਿਦਵਾਨਾਂ ਦੇ ਵਿਦਵਾਨ ਲੰਮੀ ਪੂਛ ਵਾਲੀਆਂ ਬਿਲਡਿੰਗਾਂ ਵਿਚੋਂ ਮੂੰਹ ‘ਚ ਉਂਗਲਾਂ ਪਾਈ ਦੇਖ ਰਹੇ ਸਨ। ਸਾਰਿਆਂ ਦੇ ਮੂੰਹੋਂ ਇਹੋ ਨਿਕਲਦਾ, “ਹੈਂ? ਲੈਚੀ ਬਾæææ?”
ਕੋਈ ਵੀ ਅਜਿਹਾ ਆਮ ਤੇ ਖਾਸ ਬੰਦਾ ਨਹੀਂ ਸੀ ਜਿਸ ਨੂੰ ਉਸ ਨੇ ਲੈਚੀ ਨਾ ਦਿੱਤੀ ਹੋਵੇ। ਉਹ ਆਪਣੀ ਸੀਟ ‘ਤੇ ਬੈਠਾ ਹੁੰਦਾ ਜਾਂ ਕਿਸੇ ਕੰਮ ਲਈ ਤੁਰਿਆ ਜਾਂਦਾ। ਜਿਸ ਕਿਸੇ ਨੇ ਵੀ ਉਸ ਅਗੇ ਹੱਥ ਕਰ ਲੈਣਾ, “ਬਾæææ।” ਤਾਂ ਅਗਲੇ ਦੇ ਮੂੰਹ ਵਿਚੋਂ ਲੈਚੀ ਸ਼ਬਦ ਨਿਕਲਣ ਤੋਂ ਪਹਿਲਾਂ ਹੀ ਹੱਸ ਕੇ ਪੈਂਟ ਦੀ ਜੇਬ ਵਿਚੋਂ ਨਿੱਕੀ ਜਿਹੀ ਪੋਟਲੀ ਦੇ ਮੂੰਹ ‘ਤੇ ਲਪੇਟੀ ਡੋਰ ਖੋਲ੍ਹ ਕੇ ਲੈਚੀ ਅਗਲੇ ਦੇ ਹੱਥ ‘ਤੇ ਰੱਖ ਦਿੰਦਾ। ਜੇ ਕਿਸੇ ਨੇ ਹੋਰ ਮੰਗ ਲੈਣੀ ਤਾਂ ਹੱਸ ਕੇ ਹੋਰ ਵੀ ਦੇ ਦਿੰਦਾ। ਪੋਟਲੀ ਉਤੇ ਡੋਰ ਲਪੇਟ ਕੇ ਪੈਂਟ ਦੀ ਜੇਬ ਵਿਚ ਪਾ ਕੇ ਤੁਰ ਪੈਂਦਾ।
ਉਹ ਲੈਚੀਆਂ ਤਾਂ ਬਾਜ਼ਾਰ ਤੋਂ ਖਰੀਦ ਕੇ ਲਿਆਉਂਦਾ, ਪਰ ਹਰਿਮੰਦਿਰ ਸਾਹਿਬ ਦਾ ਹੀ ਪ੍ਰਸ਼ਾਦ ਮੰਨਦਾ ਸੀ। ਉਹ ਹਰ ਰੋਜ਼ ਹੀ ਸਵੇਰੇ-ਸਵੇਰੇ ਨਤਮਸਤਕ ਹੋ ਕੇ ਆਉਂਦਾ। ਨਵੇਂ ਚੜ੍ਹੇ ਮਹੀਨੇ ਵਾਲੇ ਦਿਨ ਪ੍ਰਸ਼ਾਦ ਲੈ ਕੇ ਆਉਂਦਾ ਤੇ ਕਿਣਕਾ-ਕਿਣਕਾ ਸਾਰਿਆਂ ਨੂੰ ਵੰਡਦਾ ਫਿਰਦਾ, “ਵੰਡ ਕੇ ਛਕੋ ਭਾਈ ਵੰਡ ਕੇæææਇਮਾਨਦਾਰੀ ਨਾਲ ਕਿਰਤ ਕਰੋ।” ਇਸ ਬਾਰੇ ਉਸ ਨੂੰ ਕਹਿਣ ਦੀ ਲੋੜ ਨਹੀਂ ਸੀ ਹੁੰਦੀ ਪਰ ਲੈਚੀ ਲੈਣ ਲਈ ਬਾਬਾ ਜੀ ਕਹਿ ਕੇ ਹੱਥ ਅੱਡਣਾ ਪੈਂਦਾ। ਜਿਹੜੇ ਨਹੀਂ ਸੀ ਕਹਿੰਦੇ, ਉਨ੍ਹਾਂ ਨੂੰ ਵੀ ਦੇ ਦਿੰਦਾ। ਆਪਣੇ ਆਪ ਨੂੰ ਤਾਂ ਉਹ ਬਾਬਾ ਜੀ ਸਮਝਦਾ ਹੀ ਨਹੀਂ ਸੀ। ਉਸ ਦੇ ਵਤੀਰੇ, ਸਲੀਕੇ, ਨਰਮਾਈ ਕਰ ਕੇ ਹੀ ਲੋਕ ਕਹਿਣ ਲੱਗ ਪਏ ਸੀ। ਉਹ ਇਲਾਹੀ ਬਾਣੀ ਦਾ ਨਿਮਾਣਾ ਜਿਹਾ ਸ਼ਰਧਾਲੂ ਬਣਿਆ ਰਹਿੰਦਾ, “ਹਮ ਚਾਕਰ ਤੇਰੇ ਦਰ ਕੇ।”
ਉਹ ਆਪਣੇ ਵਿਚਾਰ ਦੱਸਦਾ ਰਹਿੰਦਾ, “ਬ੍ਰਹਿਮੰਡ ‘ਚ ਫੈਲੀ ਹੋਈ ਇਸ ਬਾਣੀ ਨੂੰ ਪੜ੍ਹੋ, ਸਮਝੋ ਤੇ ਅਮਲ ਕਰ ਕੇ ਸੁਖੀ ਜੀਓ ਤੇ ਜੀਣ ਦਿਓæææ।”
ਉਹ ਆਪਣੇ ਕੰਮ ਵਿਚ ਐਨਾ ਪੱਕਾ ਸੀ ਕਿ ਸਮੇਂ ਸਿਰ ਕੰਮ ਨਿਬੇੜ ਕੇ ਮੁਸਕਰਾਹਟਾਂ ਵੰਡਦਾ ਰਹਿੰਦਾ। ਆਪਣੇ ਕੰਮ ਤੋਂ ਇਲਾਵਾ ਵਾਧੂ ਵੀ ਕਰਵਾ ਦਿੰਦਾ। ਉਹ ਸ਼ੁਰੂ ਤੋਂ ਹੀ ਇਕੋ ਸੀਟ ‘ਤੇ ਕੰਮ ਕਰਦਾ ਆ ਰਿਹਾ ਸੀ। ਉਸ ਦੇ ਜਿੰਨੇ ਵੀ ਮੁਖੀ ਆਏ, ਉਨ੍ਹਾਂ ਨੇ ਕਿਤੇ ਹੋਰ ਬਦਲੀ ਹੋਣ ਹੀ ਨਹੀਂ ਸੀ ਦਿੱਤੀ।
ਸੁਰੱਖਿਆ ਅਮਲਾ ਹੌਲੀ-ਹੌਲੀ ਸੁਚੇਤ ਹੋਇਆ। ਟੈਲੀਫੋਨ, ਵਾਇਰਲੈਸਾਂ ਹੇਠਾਂ ਤੋਂ ਉਪਰ ਤੱਕ ਖੜਕ ਗਏ। ਸਾਰੇ ਗੇਟ ਬੰਦ ਕਰ ਦਿੱਤੇ ਗਏ। ਸੁਰੱਖਿਆ ਅਮਲਾ ਕਿਸੇ ਨੂੰ ਅੰਦਰ ਨਹੀਂ ਸੀ ਆਉਣ ਦੇ ਰਿਹਾ, ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ। ਤਲਾਸ਼ੀਆਂ ਸ਼ੁਰੂ ਹੋ ਗਈਆਂ। ਪੂਰੇ ਹਥਿਆਰਾਂ ਨਾਲ ਲੈਸ ਹੋਏ ਦਸਤੇ, ਸ਼ੱਕ ਦੀ ਨਿਗ੍ਹਾ ਨਾਲ ਚਾਰੇ ਪਾਸੇ ਦਗੜ-ਦਗੜ ਕਰਦੇ ਫਿਰਨ ਲੱਗ ਪਏ। ਬਿਲਡਿੰਗਾਂ ਦੀਆਂ ਨੁਕਰਾਂ ਫਰੋਲਣ ਲੱਗੇ। ਉਨ੍ਹਾਂ ਦੀ ਪੂਰੀ ਘੇਰਾਬੰਦੀ ਕਰ ਕੇ ਪੁੱਛ-ਗਿੱਛ ਹੋਣ ਲੱਗ ਪਈ। ਬਹੁਤੇ ਜਣੇ ਹੁਣੇ ਵਾਪਰਿਆ ਸਭ ਕੁਝ ਭੁੱਲ ਕੇ ਆਪਣੇ ਆਪ ‘ਤੇ ਤਸ਼ੱਦਦ ਹੋਣ ਦੇ ਡਰ ਨਾਲ ਸਹਿਮ ਗਏ। ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਨਾ ਹੀ ਕੋਈ ਉਜ਼ਰ ਸੁਣਨ ਨੂੰ ਤਿਆਰ ਹੋਣਾ ਸੀ। ਸਭ ਗੁੰਗੇ ਬਣਾ ਦੇਣ ਦੀ ਵਾਰੀ ਉਡੀਕਣ ਲੱਗ ਪਏ। ਉਨ੍ਹਾਂ ਦੇ ਦਿਲਾਂ ਦੀ ਧੜਕਣ ਵਧ ਗਈ ਸੀ। ਉਹ ਸੱਚੇ ਹੋਣ ਦੀ ਕੋਸ਼ਿਸ਼ ਕਰਨ ਲਈ ਚਿਹਰੇ ਠੀਕ ਰੱਖਣ ਦਾ ਮਨ ਬਣਾ ਰਹੇ ਸਨ।
ਲੈਚੀ ਬਾਬਾ ਦੇ ਨਾਲ ਵਾਲੀਆਂ ਸੀਟਾਂ ਦੀਆਂ ਲੜਕੀਆਂ ਹੰਝੂ ਵਹਾ ਰਹੀਆਂ ਸਨ, “ਬਾਬਾ ਜੀ, ਹੁਣੇ ਲੈਚੀਆਂ ਦੇ ਕੇ ਗਏ ਨੇ।”
ਪੂਰੇ ਅਦਾਰੇ ਦੀਆਂ ਅੱਖਾਂ ਵਿਚ ਅੱਥਰੂ ਸਨ। ਖ਼ਜ਼ਾਨਚੀ ਕਹਿ ਰਿਹਾ ਸੀ, “ਮੇਰੇ ਸਟਾਫ ਨੂੰ ਬਾਬਾ ਜੀ ਇਕ-ਇਕ ਲੈਚੀ ਵੰਡ ਕੇ ਹੁਣੇ ਗਏ ਨੇ। ਬੈਂਕ ਵਿਚੋਂ ਕੈਸ਼ ਆਉਂਦੇ ਸਾਰ ਸਭ ਤੋਂ ਪਹਿਲਾਂ ਉਸ ਨੂੰ ਹੀ ਵੱਡੇ ਬਲਾਕ ਦੀ ਸਾਰੀ ਤਨਖਾਹ ਦਿੱਤੀ ਜੇ।” ਉਸ ਦੇ ਸਟਾਫ ਦੀਆਂ ਅੱਖਾਂ ‘ਚ ਪਾਣੀ ਆਉਂਦਾ। ਉਹ ਵਾਰ-ਵਾਰ ਸਾਫ ਕਰਦੇ।
ਕੈਸ਼ੀਅਰ ਨੇ ਡਰੇ ਹੋਇਆਂ ਹੀ ਬੈਂਕ ਮੁਖੀ ਨੂੰ ਸੂਚਨਾ ਦੇ ਦਿੱਤੀ। ਬੈਂਕ ਮੁਖੀ ਨੇ ਆਪਣੀ ਬੇਵਸੀ ਜ਼ਾਹਿਰ ਕਰ ਦਿੱਤੀ, “ਸਾਡੇ ਕੋਲੋਂ ਕੈਸ਼ ਜਾ ਚੁੱਕਾ ਸੀ।æææਉਹ ਹੋਰ ਬੈਂਕਾਂ ‘ਚ ਤਾਂ ਆ ਚੁੱਕੇ ਨੇæææਸਾਡੇ ਕੋਲ ਵੀ ਆ ਸਕਦੇ ਨੇæææਬੰਦੇ ਉਨ੍ਹਾਂ ਲਈ ਕੋਈ ਚੀਜ਼ ਨਹੀਂ।”
ਕੈਸ਼ੀਅਰ ਹੋਰ ਘਬਰਾ ਗਿਆ। ਉਸ ਨੇ ਅਦਾਰੇ ਦੇ ਮੁਖੀ ਨੂੰ ਫੋਨ ਖੜਕਾ ਦਿੱਤਾ, ” ਸਾਹਬ ਜੀ, ਮੇਰੇ ਕੋਲੋਂ ਤਾਂ ਕੈਸ਼ ਜਾ ਚੁੱਕੈ? ਕਿਸ ਖਾਤੇ ‘ਚæææ?”
ਅੱਗਿਓਂ ਤੁਰੰਤ ਉਤਰ ਆਇਆ, “ਇਹ ਤੇਰੀ ਸਿਰਦਰਦੀ ਹੈ। ਅਸੀਂ ਤਾਂ ਤੈਨੂੰ ਠੇਕਾ ਦਿੱਤਾ ਹੋਇਐæææਉਨ੍ਹਾਂ ਦੇ ਫੋਨ ਵੀ ਆ ਚੁੱਕੇ ਨੇ? ਜੋ ਅੜੇ ਸੋ ਝੜੇ। ਕੀ ਪਤਾ ਉਹ ਅਸਲੀ ਵੀ ਨੇ?”
ਅਦਾਰੇ ਦੇ ਸਾਰੇ ਮੁਖੀਆਂ ਨੇ ਇਕ-ਦੂਜੇ ਨੂੰ ਫੋਨ ਖੜਕਾਏ, “ਹੁਣ ਕੀ ਕਰੀਏ?” ਕਿਸੇ ਨੂੰ ਵੀ ਕੁਝ ਸੁੱਝ ਨਹੀਂ ਸੀ ਰਿਹਾ।
ਉਹ ਹਰ ਮਹੀਨੇ ਆਪਣੇ ਬਲਾਕ ਦੀ ਤਨਖਾਹ ਲਿਆਉਣਾ ਆਪਣੀ ਜ਼ਿੰਮੇਵਾਰੀ ਸਮਝਦਾ ਸੀ। ਸਾਰਿਆਂ ਨੂੰ ਆਪ ਹੀ ਵੰਡਦਾ। ਕਿਸੇ ਨੂੰ ਵੀ ਅਜਿਹਾ ਕੁਝ ਹੋਣ ਦਾ ਖ਼ਾਬੋ-ਖ਼ਿਆਲ ਨਹੀਂ ਸੀ। ਉਹ ਆਪਣੇ ਮਸਤ ਖ਼ਿਆਲਾਂ ‘ਚ ਹੈਂਡ-ਬੈਗ ਨੂੰ ਘੁੱਟ ਕੇ ਫੜੀ ਆ ਰਿਹਾ ਸੀ। ਅੱਧਾ ਕਿਲੋਮੀਟਰ ਤੱਕ ਦਾ ਫਾਸਲਾ ਤੈਅ ਕਰਨਾ ਸੀ, ਜਿਵੇਂ ਹਰ ਵਾਰ ਉਹ ਕਰਦਾ। ਕੁਝ ਜਣੇ ਖੁੱਲ੍ਹੀ ਥਾਂ ‘ਚ ਕੰਨਟੀਨ ਦੇ ਆਲੇ-ਦੁਆਲੇ ਚਾਹ ਦੀਆਂ ਚੁਸਕੀਆਂ ਲੈ ਰਹੇ ਸੀ। ਕੰਮ ਦੇ ਬੋਝ ਤੋਂ ਮੁਕਤ ਹੋਣ ਲਈ ਹਾਸੇ-ਠੱਠੇ ਨਾਲ ਉਨ੍ਹਾਂ ਨੇ ਤਣਾਅ ਤੋਂ ਛੁਟਕਾਰਾ ਪਾ ਲੈਣਾ ਸੀ।
ਕੁਝ ਚਿਰ ਉਸ ਦਾ ਜੱਫਾ ਲੱਗਾ ਰਿਹਾ। ਜਦੋਂ ਉਹ ਹੇਠਾਂ ਡਿਗ ਕੇ ਤੜਫਣ ਲੱਗਾ ਤਾਂ ਕਿਸੇ ਨੇ ਕੋਲ ਜਾਣ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਦੇ ਗਾਇਬ ਹੋ ਜਾਣ ਬਾਅਦ ਵੀ ਕੋਈ ਨੇੜੇ ਨਹੀਂ ਗਿਆ। ਹਰ ਇਕ ਨੂੰ ਆਪਣੀ ਜਾਨ ਪਿਆਰੀ ਸੀ। ਬਾਅਦ ‘ਚ ਅੱਡ-ਅੱਡ ਟੋਲੀਆਂ ‘ਚ ਹੌਲੀ-ਹੌਲੀ ਗੱਲਾਂ ਵੀ ਕਰਨ ਲੱਗ ਪਏ,
‘ਬਾਬਾ ਜੀ ਨੂੰ ਬੈਗ ਸੁਟ ਦੇਣਾ ਚਾਹੀਦਾ ਸੀ।’
‘ਲੈਚੀ ਦੇ ਦਿੰਦੇ ਇਕ-ਇਕ।’
‘ਬੈਗ ਘੁੱਟ ਕੇ ਨਹੀਂ ਸੀ ਫੜਨਾ ਚਾਹੀਦਾ।’
‘ਭਾਊ ਜੋ ਹੋ ਗਿਆ ਸੋ ਹੋ ਗਿਆ, ਹੁਣæææ?’
‘ਹੁਣ ਨਾ ਅਦਾਰੇ ਨੇ ਕੁਝ ਕਰਨੈ, ਨਾ ਸਰਕਾਰ ਨੇ?’
‘ਆਹੋ ਭਾਊ ਹੁਣ ਤੱਕ ਕੀ ਕੀਤੈæææਕਿੰਨਾ ਕੁਝ ਹੋ ਚੁੱਕਿਐ?’
‘ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਹੀ ਨਹੀਂ।’
‘ਅਦਾਰੇ ਵਿਚ ਭੋਗ ਪਾ ਕੇ ਲੰਮੇ-ਲੰਮੇ ਭਾਸ਼ਣਾਂ ਨਾਲ ਸ਼ਰਧਾਂਜਲੀ ਦੇ ਦੇਣਗੇ।’
‘ਹਾਂ ਭਾਊ ਲੈਚੀਆਂ ਦਾ ਪ੍ਰਸ਼ਾਦ ਵੀ ਦੇਣਗੇ।’
‘ਵਿਚਾਰਾ ਦਰਵੇਸ਼æææ।’
ਉਸ ਦੇ ਘਰ ਟੈਲੀਫੋਨ ਕਰ ਦਿੱਤਾ ਗਿਆ ਸੀ। ਉਸ ਦੀ ਪਤਨੀ ਨੂੰ ਸੱਚ ਨਹੀਂ ਸੀ ਆ ਰਿਹਾ। ਉਹ ਕਹਿ ਰਹੀ ਸੀ, “ਨਿਤਨੇਮੀ ਨਾਲ ਅਜਿਹਾ ਹੋ ਹੀ ਨਹੀਂ ਸਕਦਾ। ਉਸ ਦੀ ਸੱਚੀ ਲੱਗਨ ਬਚਾਅ ਲਵੇਗੀ। ਪ੍ਰਸ਼ਾਦ ਵੰਡਣ ਵਾਲੇ ਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ। ਕਦੇ ਕਿਸੇ ਨੂੰ ਉਚਾ ਨੀਵਾਂ ਬੋਲਿਆ ਹੀ ਨਹੀਂ ਸੀ।”
ਉਸ ਦੀ ਬੱਚੀ ਵਾਰ-ਵਾਰ ਕਹਿ ਰਹੀ ਸੀ, “ਪਾਪਾ ਨੇ ਘਰ ‘ਚ ਕਿਸੇ ਨੂੰ ਝਿੜਕਿਆ ਨਹੀਂ ਜੇ। ਉਹ ਹੋਰ ਵੀ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ? ਪਾਪਾ ਨੂੰ ਬਾਣੀ ਕੁਝ ਵੀ ਨਹੀਂ ਹੋਣ ਦੇਵੇਗੀ।”
ਉਨ੍ਹਾਂ ਗੱਭਰੂਆਂ ਨੇ ਬਾਬਾ ਜੀ ਦੇ ਕੋਲ ਆਉਣ ਤੱਕ ਕਿਸੇ ਨੂੰ ਸ਼ੱਕ ਨਹੀਂ ਸੀ ਹੋਣ ਦਿੱਤਾ ਕਿ ਉਹ ਕਿਸ ਇਰਾਦੇ ਨਾਲ ਆਏ ਨੇ। ਆਮ ਵਾਂਗ ਹੀ ਉਸ ਦੇ ਅੱਗੇ-ਪਿੱਛੇ ਰਹੇ। ਛੇ ਬਿਲਡਿੰਗਾਂ ਦੇ ਵਿਚਕਾਰ ਖੁੱਲ੍ਹੀ ਥਾਂ ਆ ਕੇ ਉਹ ਉਸ ਦੇ ਅੱਗੇ ਹੋ ਗਏ। ਉਨ੍ਹਾਂ ਨੇ ਹਲੀਮੀ ਨਾਲ ਹੈਂਡ-ਬੈਗ ਦੇਣ ਲਈ ਇਸ਼ਾਰਾ ਕੀਤਾ।
ਉਸ ਨੇ ਹੱਸਦਿਆਂ ਨਾਂਹ ਕਰ ਦਿੱਤੀ ਤੇ ਲੈਚੀ ਦੇਣ ਲਈ ਕੱਢਣ ਲੱਗਾ। ਉਨ੍ਹਾਂ ਨੇ ਫੁਰਤੀ ਨਾਲ ਸਿੱਧੀ ਉਂਗਲ ਦਾ ਇਸ਼ਾਰਾ ਹੈਂਡ-ਬੈਗ ਵੱਲ ਕਰ ਦਿੱਤਾ। ਉਸ ਨੇ ਫਿਰ ਹੱਸ ਕੇ ਸਿਰ ਫੇਰ ਦਿੱਤਾ ਤੇ ਹੈਂਡ-ਬੈਗ ਛਾਤੀ ਨਾਲ ਘੁੱਟ ਲਿਆ। ਉਨ੍ਹਾਂ ਨੇ ਹੈਂਡ-ਬੈਗ ਨੂੰ ਹੱਥ ਪਾਇਆ। ਉਸ ਨੇ ਹੋਰ ਘੁੱਟ ਲਿਆ।
ਉਨ੍ਹਾਂ ਨੇ ਦਬਕਾ ਮਾਰਿਆ। ਉਹ ਆਪਣੀ ਜ਼ਿਦ ‘ਤੇ ਅੜਿਆ ਰਿਹਾ। ਇਕ ਜਣੇ ਨੇ ਜ਼ਿਆਦਾ ਸਮਾਂ ਨਾ ਗੁਆਉਣ ਕਰ ਕੇ ਆਪਣਾ ਹਥਿਆਰ ਕੱਢ ਕੇ ਸਿੱਧਾ ਕਰ ਦਿੱਤਾ ਤੇ ਆਵਾਜ਼ ਆਸਮਾਨ ਚੀਰ ਗਈæææ।
ਉਹ ਡਿੱਗਿਆ ਪਿਆ ਤੜਫਿਆ ਤੇ ਮੁਸਕਰਾ ਕੇ ਪੈਂਟ ਦੀ ਜੇਬ ਵਿਚੋਂ ਲੈਚੀਆਂ ਦੀ ਪੋਟਲੀ ਕੱਢ ਕੇ ਉਸ ਦਾ ਮੂੰਹ ਖੋਲ੍ਹ ਦਿੱਤਾ। ਲੈਚੀਆਂ ਖਿੱਲਰ ਕੇ ਲਾਲੋ-ਲਾਲ ਹੋ ਗਈਆਂæææ। ਉਸ ਦੇ ਬੁੱਲ੍ਹ ਫਰਕੇ, “ਲੈਚੀਆਂ ਤਾਂæææਲੈæææਜੋæææਅæææ?”

Be the first to comment

Leave a Reply

Your email address will not be published.