ਸਰਦਾਰ, ਦਸਤਾਰ ਤੇ ਕਿਰਦਾਰ!

ਤਰਲੋਚਨ ਸਿੰਘ ਦੁਪਾਲਪੁਰ
ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਜੇ ਨਿਰਮਲ ਪੰਥ ਦੇ ਪਾਂਧੀਆਂ ਸਿਰੀਂ ਸੋਂਹਦੀ ਦਸਤਾਰ ਦੇ ਮਹੱਤਵ ਦੀ ਕੋਈ ਹੋਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਦੀ ਇਕ ਸਾਖੀ ਸੁਣ ਲਈਏ ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਆਪਣੀ 32ਵੀਂ ਵਾਰ ਦੀ 19ਵੀਂ ਪਉੜੀ ਵਿਚ ਕੀਤਾ ਹੈ। ਇਹ ਬਿਰਤਾਂਤ ਪੜ੍ਹਿਆਂ ਸਪਸ਼ਟ ਹੋ ਜਾਵੇਗਾ ਕਿ ਪੁਰਾਤਨ ਸਮਿਆਂ ਵਿਚ ਦਸਤਾਰ ਵਿਹੂਣਾ ਹੋਣ ਦਾ ਕੀ ਅਰਥ ਲਿਆ ਜਾਂਦਾ ਸੀ!
‘ਠੰਢੇ ਖੂਹੁ ਨ੍ਹਾਇਕੈ ਪੱਗ ਵਿਸਾਰ ਆਇਆ ਸਿਰ ਨੰਗੇ’ ਵਾਲੀ ਤੁਕ ਨਾਲ ਸ਼ੁਰੂ ਹੁੰਦੀ ਪਉੜੀ ਮੁਤਾਬਿਕ ਕਿਸੇ ਘਰ ਦਾ ਮੁਖੀਆ ਬੰਦਾ ਅੰਮ੍ਰਿਤ ਵੇਲੇ ਖੇਤਾਂ ਵੱਲ ਗਿਆ ਹੋਇਆ ਖੂਹ ‘ਤੇ ਇਸ਼ਨਾਨ ਕਰ ਕੇ ਘਰੇ ਆਇਆ। ਰੱਬ ਜਾਣੇ ਕਾਹਲੀ ਵਿਚ ਜਾਂ ਕਿਸੇ ਹੋਰ ਕਾਰਨ ਉਹ ਆਪਣੀ ਪੱਗ ਉਥੇ ਹੀ ਭੁੱਲ ਆਇਆ। ਉਸ ਨੂੰ ਨੰਗੇ ਸਿਰ ਘਰ ਵੜਦਾ ਦੇਖ ਕੇ ਸਾਰੀਆਂ ਸੁਆਣੀਆਂ ਰੋਣ-ਪਿੱਟਣ ਲੱਗ ਪਈਆਂ। ਆਂਢ-ਗੁਆਂਢ ਦੀਆਂ ਤ੍ਰੀਮਤਾਂ ਅਤੇ ਮਰਦ ਵੀ ਵਿਹੜੇ ‘ਚ ਆਣ ਇਕੱਠੇ ਹੋ ਗਏ। ਪਿੰਡਾਂ ਵਿਚ ਮਰਨੇ-ਪਰਨੇ ‘ਤੇ ਕਿਰਿਆ-ਕਰਮ ਨਿਭਾਉਣ ਵਾਲੀ ਨੈਣ ਆ ਕੇ ਘਰ ਦੀਆਂ ਬੀਬੀਆਂ ਨੂੰ ਪੁੱਛਣ ਲੱਗੀ ਕਿ ਮ੍ਰਿਤਕ ਪ੍ਰਾਣੀ ਦਾ ਨਾਂ ਦੱਸੋ ਤਾਂ ਕਿ ਉਹਦਾ ਨਾਮ ਲੈ ਕੇ ਮੈਂ ਅਲਾਹੁਣੀ ਪਾਵਾਂ। ਦੁਹੱਥੜਾਂ ਮਾਰਦੀਆਂ ਨੂੰਹਾਂ ਕਹਿੰਦੀਆਂ ਕਿ ਬਾਪੂ ਜੀ ਨੂੰ ਪੁੱਛੋ, ਉਹੀ ‘ਸੁਣਾਉਣੀ’ ਲੈ ਕੇ ਬਾਹਰੋਂ ਆਏ ਨੇ। ਬਜ਼ੁਰਗ ਨੂੰ ਪੁੱਛਿਆ ਗਿਆ ਤਾਂ ਉਹ ਬੋਲਿਆ ਕਿ ਭਾਈ ਬੀਬਾ ਇਸ ਗੱਲ ਦਾ ਤਾਂ ਬੁੜ੍ਹੀਆਂ ਨੂੰ ਹੀ ਪਤਾ ਹੋਣੈ! ਮਚੀ ਹੋਈ ‘ਕਾਵਾਂ-ਰੌਲੀ’ ਵਿਚ ਬਾਪੂ ਨੂੰ ਯਾਦ ਕਰਾਇਆ ਗਿਆ ਕਿ ਨੰਗੇ ਸਿਰ ਤਾਂ ਉਹੀ ਘਰ ਵੜੇ ਸਨ।
ਉਨ੍ਹਾਂ ਸਮਿਆਂ ਵਿਚ ਨੰਗੇ ਸਿਰ ਘਰ ਆਏ ਕਿਸੇ ਵਿਅਕਤੀ ਤੋਂ ਇਹੀ ਭਾਵ ਲਿਆ ਜਾਂਦਾ ਸੀ ਕਿ ਉਹ ਕਿਸੇ ਮਰੇ ਪ੍ਰਾਣੀ ਦੀ ਮੰਦਭਾਗੀ ਸੂਚਨਾ ਲੈ ਕੇ ਆਇਆ ਹੈ। ਭਾਈ ਸਾਹਿਬ ਦੀ ਇਹ ਲਿਖਤ ਕੋਈ ਕਪੋਲ-ਕਲਪਨਾ ਨਹੀਂ ਹੋ ਸਕਦੀ। ਇਸੇ ਵਿਦਵਾਨ ਨੇ 30ਵੀਂ ਵਾਰ ਦੀ 7ਵੀਂ ਪਉੜੀ ਵਿਚ ਪੱਗ ਦੀ ਤੁਲਨਾ ‘ਸੱਚ’ ਨਾਲ ਕੀਤੀ ਹੋਈ ਹੈ:
‘ਸੱਚ ਸੋ ਹੈ ਸਿਰ ਪੱਗ ਜਿਉਂæææ!’
ਭਾਰਤੀ ਮਿਥਿਹਾਸ ਵਿਚ ‘ਕ੍ਰਿਸ਼ਨ-ਸੁਦਾਮੇ’ ਵਾਲੀ ਗਾਥਾ ਦਾ ਬਿਆਨ ਕਰਦਿਆਂ ਹਿੰਦੀ ਕਵੀ ਰਹੀਮ ਨੇ ਲਿਖਿਆ ਹੈ ਕਿ ਰਾਜ ਮਹਿਲਾਂ ਵਿਚ ਸਿੰਘਾਸਨ ‘ਤੇ ਸਜੇ ਬੈਠੇ ਭਗਵਾਨ ਕ੍ਰਿਸ਼ਨ ਨੂੰ ਦਵਾਰ ਪਾਲ ਅੰਦਰ ਜਾ ਕੇ ਬਾਹਰ ਖੜ੍ਹੇ ਸੁਦਾਮੇ ਦਾ ਹੁਲੀਆ ਦੱਸਦਾ ਹੈ। ਤਨ ‘ਤੇ ਝੱਗਾ ਨਾ ਹੋਣ, ਪੈਰੀਂ ਜੁੱਤੀ ਨਾ ਹੋਣ ਜਾਂ ਫਟੀ ਹੋਈ ਧੋਤੀ ਦੀ ਗੱਲ ਕਰਨ ਤੋਂ ਪਹਿਲਾਂ ਉਹ ਅਤਿ ਹੈਰਾਨ ਹੋ ਕੇ ਦੱਸਦਾ ਹੈ ਕਿ ਬਾਹਰ ਖੜ੍ਹਾ ਗਰੀਬੜਾ ਬ੍ਰਾਹਮਣ ਸਿਰ ਤੋਂ ਵੀ ਨੰਗਾ ਹੈ!
‘ਸੀਸਪਗਾ, ਨਾ ਝੱਗਾ ਤਨ ਪੇ ਪ੍ਰਭ,
ਜਾਨੇ ਕਿਹ ਆਏ ਬਸੈ ਕਿਹ ਗਾਮਾ।
ਪੂਛਤ ਦੀਨ ਦਯਾਲ ਕੋ ਧਾਮ,
ਬਤਾਵਤ ਅਪਨੋ ਨਾਮ ਸੁਧਾਮਾ।’
ਕਹਿੰਦੇ, ਸੁਦਾਮਾ ਨਾਂ ਕੰਨੀਂ ਪੈਂਦਿਆਂ ਹੀ ਭਗਵਾਨ ਜੀ ਨੰਗੇ ਪੈਰੀਂ ਮੁੱਖ-ਦੁਆਰ ਵੱਲ ਭੱਜੇ ਆਏ। ਆਉਂਦਿਆਂ ਸਾਰ ਉਨ੍ਹਾਂ ਸੁਦਾਮੇ ਨੂੰ ਝੱਗਾ, ਜੁੱਤੀ ਜਾਂ ਧੋਤੀ ਪਹਿਨਣ ਲਈ ਨਹੀਂ ਦਿੱਤੇ, ਸਗੋਂ ਸਭ ਤੋਂ ਪਹਿਲੋਂ ਉਸ ਦਾ ਨੰਗਾ ਸਿਰ ਢਕਿਆ। ਪੈਰ ਨੰਗੇ, ਬਦਨ ਨੰਗਾ ਤੇ ਪਾਟੀ ਹੋਈ ਧੋਤੀ ਬਰਦਾਸ਼ਤ ਹੋ ਸਕਦੀ ਹੈ, ਪਰ ਨੰਗਾ ਸਿਰ ਸਹਿਨ ਨਹੀਂ ਕੀਤਾ ਜਾ ਸਕਦਾ!
ਇਸਲਾਮੀ ਦੇਸ਼ ਈਰਾਨ ਦੀ ਪ੍ਰਸਿੱਧ ਕਹਾਵਤ ਮੂਜਬ ਕਿਸੇ ਬੰਦੇ ਦੀ ਫਿਤਰਤ ਦਾ ਅੰਦਾਜ਼ਾ ਉਸ ਦੀਆਂ ਤਿੰਨ ਨਿਸ਼ਾਨੀਆਂ-ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ, ਤੋਂ ਲਗਾਇਆ ਜਾ ਸਕਦਾ ਹੈ। ਕਹਿਣ ਦਾ ਭਾਵ ਕਿ ਇਸਲਾਮਿਕ ਤਹਿਜ਼ੀਬ ਵਿਚ ਵੀ ਦਸਤਾਰ ਨੂੰ ਅਦਬ ਭਰਿਆ ਰੁਤਬਾ ਹਾਸਿਲ ਹੈ।
ਇਸ ਗੱਲ ਵਿਚ ਕੋਈ ਸ਼ੁਬ੍ਹਾ ਨਹੀਂ ਕਿ ਸਿੱਖ ਫਲਸਫ਼ੇ ਦੇ ਆਗਮਨ ਤੋਂ ਪਹਿਲਾਂ ਵੀ ਭਾਰਤੀ ਪਰੰਪਰਾ ਵਿਚ ਦਸਤਾਰ ਦਾ ਵਿਸ਼ੇਸ਼ ਮਹੱਤਵ ਰਿਹਾ ਹੈ, ਪਰ ਸਿੱਖ ਗੁਰੂ ਸਾਹਿਬਾਨ ਨੇ ਦਸਤਾਰ ਨੂੰ ਮਰਦ ਪਹਿਰਾਵੇ ਵਿਚ ਪੱਕਾ ਕਰ ਦਿੱਤਾ। ਜਿਵੇਂ ਤਿਹੌਲੇ ਦਾ ਬਣਿਆ ਹੋਇਆ ‘ਕੜਾਹ’ ਗੁਰੂ ਦਰਬਾਰ ਵਿਚ ਪ੍ਰਵਾਨ ਹੋਣ ਉਪਰੰਤ ‘ਪ੍ਰਸ਼ਾਦਿ’ ਬਣ ਜਾਂਦਾ ਹੈ। ਇਵੇਂ ਹੀ ਸਿੱਖ ਪੰਥ ਵਿਚ ਪੱਗ ਸਿਰ ਢਕਣ ਦਾ ਮਹਿਜ਼ ਪੰਜ-ਸੱਤ ਗਜ਼ ਕੱਪੜਾ ਹੀ ਨਹੀਂ, ਸਗੋਂ ਅਣਖ ਅਤੇ ਸਵੈਮਾਣ ਦੀ ਪ੍ਰਤੀਕ ਬਣ ਜਾਂਦੀ ਹੈ। ਇਸ ਕਥਨ ਦੀ ਪੁਸ਼ਟੀ ਵਾਸਤੇ ਸਾਡੀ ਪੰਜਾਬੀ ਬੋਲੀ ਵਿਚ ਪੱਗ ਦੇ ਨਾਂ ‘ਤੇ ਬਣੇ ਅਨੇਕਾਂ ਮੁਹਾਵਰੇ ਜਾਂ ਅਖਾਣ ਦੇਖੇ ਜਾ ਸਕਦੇ ਹਨ। ਪੱਗ ਵਟਾਉਣੀ, ਪੈਰਾਂ ‘ਤੇ ਪੱਗ ਰੱਖਣੀ, ਪੱਗ ਦੀ ਲਾਜ ਪਾਲਣੀ, ਪੱਗ ਨੂੰ ਦਾਗ ਲੱਗਣਾ ਅਤੇ ਪੱਗ ਲੱਥ ਜਾਣੀ ਆਦਿ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਵਿਰਸੇ ਵਿਚ ਪੱਗ ਨੂੰ ਬਹੁਤ ਡੂੰਘੇ ਅਰਥਾਂ ਵਿਚ ਲਿਆ ਜਾਂਦਾ ਹੈ।
ਇਥੇ ਰਾਜਸਥਾਨ ਦੇ ਅਣਖੀ ਸੂਰਮੇ ਮਹਾਰਾਣਾ ਪ੍ਰਤਾਪ ਦੀ ਪੱਗ ਬਾਰੇ ਪ੍ਰਚਲਿਤ ਘਟਨਾ ਦਾ ਵਰਣਨ ਕਰਨਾ ਕੁਥਾਂ ਨਹੀਂ ਹੋਵੇਗਾ। ਦੱਸਿਆ ਜਾਂਦਾ ਹੈ ਕਿ ਅਕਬਰ ਦਾ ਸਤਾਇਆ ਮਹਾਰਾਣਾ ਪ੍ਰਤਾਪ ਜੰਗਲਾਂ ਵਿਚ ਘੁੰਮ ਰਿਹਾ ਸੀ। ਹੋਰ ਬਹੁਤ ਸਾਰੇ ਰਾਜਪੂਤ ਸਰਦਾਰਾਂ ਨੇ ਅਕਬਰ ਦੀ ਈਨ ਮੰਨ ਲਈ, ਪਰ ਪ੍ਰਤਾਪ ਆਪਣੀ ਇੱਜ਼ਤ ਅਣਖ ਨੂੰ ਸੀਨੇ ਨਾਲ ਲਾਈ ਬਾਗੀ ਹੋਇਆ ਜੰਗਲਾਂ ਵਿਚ ਦਿਨ-ਕਟੀ ਕਰ ਰਿਹਾ ਸੀ। ਇਸ ਤਰ੍ਹਾਂ ਨੰਗ-ਮਲੰਗ ਘੁੰਮਦੇ ਨੂੰ ਕੋਈ ਮਰਾਸੀ ਮੀਰਜ਼ਾਦਾ ਮਿਲ ਗਿਆ। ਉਸ ਨੇ ਪ੍ਰਤਾਪ ਨੂੰ ਮੇਵਾੜ ਦੇ ਕਿਸੇ ਅਣਖੀਲੇ ਸੂਰਮੇ ਦੀ ਵਾਰ ਗਾ ਕੇ ਸੁਣਾਈ। ਮਹਾਰਾਣੇ ਦੀਆਂ ਜੇਬਾਂ ਤਾਂ ਖਾਲ-ਮਖਾਲੀ ਸਨ। ਸੋ ਉਸ ਨੇ ਖੁਸ਼ ਹੁੰਦਿਆਂ ਮਰਾਸੀ ਨੂੰ ਆਪਣੀ ਪੱਗ ਹੀ ਇਨਾਮ ਵਜੋਂ ਦੇ ਦਿੱਤੀ। ਨਾਲ ਹੀ ਉਸ ਤੋਂ ਵਚਨ ਲਿਆ ਕਿ ਜਦ ਤੂੰ ਇਹ ਪੱਗ ਆਪਣੇ ਸਿਰ ‘ਤੇ ਬੰਨ੍ਹੀ ਹੋਈ ਹੋਵੇ, ਉਸ ਹਾਲਤ ਵਿਚ ਕਿਤੇ ਅਕਬਰ ਮੋਹਰੇ ਸਿਰ ਨਾ ਝੁਕਾਈਂ। ਕਹਿੰਦੇ ਨੇ, ਮੀਰਜ਼ਾਦੇ ਨੇ ਕੀਤਾ ਹੋਇਆ ਕੌਲ ਪੂਰਾ ਨਿਭਾਇਆ। ਅਕਬਰ ਦੇ ਦਰਬਾਰ ਵਿਚ ਜਾ ਕੇ ਉਸ ਨੇ ਬਾਦਸ਼ਾਹ ਨੂੰ ਸਿਰ ਤਾਂ ਝੁਕਾਇਆ ਪਰ ਮਹਾਰਾਣੇ ਵਾਲੀ ਪੱਗ ਸਿਰ ਤੋਂ ਲਾਹ ਕੇ ਕੱਛ ਵਿਚ ਲੈ ਲਈ!
ਇਸ ਇਤਿਹਾਸਕ ਮਿਸਾਲ ਨੂੰ ਜੇ ਸਿੱਖ ਸਭਿਆਚਾਰ ਦੇ ਨਜ਼ਰੀਏ ਨਾਲ ਪੜਚੋਲੀਏ ਤਾਂ ਫਰਕ ਇਹ ਹੈ ਕਿ ਇਸ ਵਿਚ ਕੇਵਲ ਪੱਗ ਹੀ ਰਾਣੇ ਪ੍ਰਤਾਪ ਦੀ ਹੈ; ਜਦਕਿ ਸਿੱਖ ਪੰਥ ਵਿਚ ਦਸਤਾਰ ਵੀ ਅਤੇ ਸਿਰ ਵੀ-ਦੋਵੇਂ ਗੁਰੂ ਦੀ ਅਮਾਨਤ ਹਨ। ਇਸੇ ਲਈ ਸਿੱਖ ਜੀਵਨ-ਜੁਗਤਿ ਵਿਚ ਸਿਵਾਏ ਗੁਰੂ ਜਾਂ ਅਕਾਲ ਪੁਰਖ ਤੋਂ ਹੋਰ ਕਿਸੇ ਵੀ ਦੁਨਿਆਵੀ ਤਾਕਤ ਅੱਗੇ ਸਿਰ ਝੁਕਾਉਣ ਦੀ ਸਖਤ ਮਨਾਹੀ ਹੈ।
ਇਕ ਸਮੇਂ ਵਿਦਵਾਨਾਂ ਦੀ ਮਹਿਫਲ ਵਿਚ ਸਵਾਲ ਕੀਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਰੀਰਕ ਜਾਮੇ ਵਿਚ ਵਿਦਮਾਨ ਹੋਣ ਸਮੇਂ ਉਨ੍ਹਾਂ ਦੇ ਗੁਆਂਢੀ ਬਾਈ ਧਾਰ ਦੇ ਪਹਾੜੀ ਰਾਜੇ ਜਾਂ ਹੋਰ ਰਿਆਸਤਾਂ ਦੇ ਮੁਖੀਏ, ਸਿਰਾਂ ‘ਤੇ ਕਲਗੀਆਂ ਲਗਾਉਂਦੇ ਸਨ, ਪਰ ਕਿਸ ਕਾਰਨ ਇਤਿਹਾਸ ਵਿਚ ‘ਕਲਗੀਆਂ ਵਾਲਾ’ ਪਵਿੱਤਰ ਅਤੇ ਮਾਣ-ਮੱਤਾ ਵਿਸ਼ੇਸ਼ਣ, ਸਿਰਫ਼ ਦਸਮੇਸ਼ ਪਿਤਾ ਵਾਸਤੇ ਮਖਸੂਸ ਹੋ ਗਿਆ? ਸੋਚ ਵਿਚਾਰ ਉਪਰੰਤ ਜਵਾਬ ਇਹ ਆਇਆ ਕਿ ਹੋਰ ਤਮਾਮ ਕਲਗੀਆਂ ਦਿੱਲੀ ਦਰਬਾਰ ਮੋਹਰੇ ਝੁਕ ਜਾਂਦੀਆਂ ਸਨ, ਲੇਕਿਨ ਸਾਹਿਬ ਦਸਵੇਂ ਪਾਤਸ਼ਾਹ ਦੀ ਮੁਬਾਰਕ ਕਲਗੀ ਬਾਰੇ ਅਜਿਹਾ ਸੋਚਣਾ ਤਾਂ ਦੂਰ ਦੀ ਗੱਲ, ਗੁਰੂ ਕੇ ਸਿੱਖਾਂ ਨੇ ਆਪਣੀ ਦਸਤਾਰ ਨੂੰ ਵੀ ਕਿਸੇ ਅੱਗੇ ਹੀਣੀ ਨਹੀਂ ਹੋਣ ਦਿੱਤਾ। ਦਸਮੇਸ਼ ਪਿਤਾ ਦਾ ਦਸਤਾਰ-ਪਿਆਰ ਪਾਉਂਟਾ ਸਾਹਿਬ ਵਿਖੇ ਵੇਖਿਆ ਜਾ ਸਕਦਾ ਹੈ, ਜਿਥੇ ਉਹ ਸਥਾਨ ਹਾਲੇ ਤੱਕ ਕਾਇਮ ਹੈ ਜਿਸ ਜਗ੍ਹਾ ਗੁਰੂ ਮਹਾਰਾਜ ਜੀ ਖੂਬਸੂਰਤ ਦਸਤਾਰਾਂ ਸਜਾਉਣ ਵਾਲੇ ਸਿੰਘਾਂ ਨੂੰ ਇਨਾਮ-ਸਨਮਾਨ ਬਖਸ਼ਦੇ ਹੁੰਦੇ ਸਨ।
ਭਾਈ ਨੰਦ ਲਾਲ ‘ਗੋਇਆ’ ਨੇ ਵੀ ਆਪਣੇ ਰਹਿਤਨਾਮਿਆਂ ਵਿਚ ਸਿੱਖ ਦੀ ਨਿਤਾ-ਪ੍ਰਤੀ ਜੀਵਨ ਕਿਰਿਆ ਵਿਚ ਪੱਗ ਸਬੰਧੀ ਲਿਖਿਆ ਹੈ,
‘ਕੰਘਾ ਦੋਨੋਂ ਵਕਤਿ ਕਰ ਪਾਗ ਚੁਨੈ ਕਰ ਬਾਂਧਈ,
ਦਾਤਨ ਨੀਤ ਕਰੇ ਨਹਿ ਦੁਖ ਪਾਵੈ ਲਾਲ ਜੀ।’
ਗੁਰੂ ਸਾਹਿਬਾਨ ਦੀ ਅਪਾਰ ਕ੍ਰਿਪਾ ਸਦਕਾ ਦਸਤਾਰ ਸਿੱਖ ਪੰਥ ਦੀ ਸ਼ਾਨ ਬਣੀ ਚਲੀ ਆ ਰਹੀ ਹੈ। ਇਹ ਅਦੁੱਤੀ ਬਖਸ਼ਿਸ਼ ਹੀ ਹੈ ਕਿ ਲੱਖਾਂ ਵਿਚ ਕੋਈ ਇਕ ਦਸਤਾਰਧਾਰੀ ਖੜ੍ਹਾ ਦਿਖਾਈ ਦੇਵੇ ਤਾਂ ਉਹਨੂੰ ‘ਸਰਦਾਰ ਜੀ’ ਕਿਹਾ ਜਾਂਦਾ ਹੈ। ਅਜਿਹੇ ਕਿਸੇ ਸਿੱਖ ਨਾਲ ਇਹ ਵਿਸ਼ੇਸ਼ਣ ਲਾਉਣ ਲੱਗਿਆਂ ਕੋਈ ਇਹ ਨਹੀਂ ਦੇਖਦਾ ਕਿ ਉਹ ਧਨਾਢ ਹੈ ਜਾਂ ਗਰੀਬ। ਬੱਸ ਉਸ ਦੇ ਪਹਿਰਾਵੇ ਦੀ ਦਸਤਾਰ ਉਸ ਨੂੰ ਸਰਦਾਰ ਬਣਾ ਦਿੰਦੀ ਹੈ।
ਦਸਤਾਰ ਦੇ ਮਸਲੇ ‘ਤੇ ਸਿੱਖ ਪੰਥ ਦਾ ਇਹ ਦੁਖਦਾਈ ਪਹਿਲੂ ਹੈ ਕਿ ਜਿੰਨੀ ਦ੍ਰਿੜਤਾ ਅਤੇ ਪਰਪੱਕਤਾ ਨਾਲ ਇਸ ਨੂੰ ਧਾਰਨ ਕਰਨ ਦਾ ਹੁਕਮ ਹੈ, ਉਸ ਤੋਂ ਕਿਤੇ ਜ਼ਿਆਦਾ ਅਵੇਸਲੇਪਨ ਨਾਲ ਅਸੀਂ ਇਸ ਤੋਂ ਬੇਮੁੱਖ ਹੋ ਰਹੇ ਹਾਂ। ਸਾਡੇ ਲਈ ਇਹ ਲਾਹਣਤ ਹੀ ਹੈ ਕਿ ਸ਼ਰਾਬ ਸੇਵਨ ਕਰਨ ਦਾ ਸਾਡਾ ਗ੍ਰਾਫ ਉਤਾਂਹ ਨੂੰ ਛਾਲਾਂ ਮਾਰਦਾ ਵਧ ਰਿਹਾ ਹੈ, ਪਰ ਦਸਤਾਰ ਸਜਾਉਣ ਦਾ ਗ੍ਰਾਫ ਹੇਠਾਂ ਵੱਲ ਡਿਗਦਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਪਹੁੰਚ ਕੇ ਅਸੀਂ ਪੱਗ ਅਤੇ ਕੇਸਾਂ ਤੋਂ ‘ਛੁਟਕਾਰਾ’ ਪਾਉਣ ਲਈ ਅਨੇਕਾਂ ਢੁੱਚਰਾਂ ਘੜਨ ਦੇ ਮਾਹਰ ਹਾਂ। ਹੋਰ ਤਾਂ ਹੋਰ ਹੁਣ ਪੰਜਾਬ ਵਿਚ ਵੀ ਦਸਤਾਰਾਂ ਦਿਨ-ਬ-ਦਿਨ ਅਲੋਪ ਹੁੰਦੀਆਂ ਜਾ ਰਹੀਆਂ ਹਨ ਜੋ ਕੌਮੀ ਚਿੰਤਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਕਈ ਕਾਰਨਾਂ ਕਰ ਕੇ ਸਿੱਖ ਵਿਰਸੇ ਲਈ ਭੀਹਾਵਲਾ ਬਣੇ ਹੋਏ ਇਸ ਯੁੱਗ ਵਿਚ ਕੌਮ ਦੇ ਦਰਦੀ ਗੁਰਸਿੱਖ ਵੀਰ ਅਤੇ ਕਈ ਧਾਰਮਿਕ ਸਭਾ-ਸੁਸਾਇਟੀਆਂ ਇਸ ਨਿਘਾਰ ਤੋਂ ਚਿੰਤਤ ਹੋ ਕੇ ਦਸਤਾਰ ਦੀ ਮਹਾਨਤਾ ਲਈ ਸਰਗਰਮ ਹੋਈਆਂ ਹਨ। ਖਾਲਸੇ ਦੇ ਪ੍ਰਗਟ ਦਿਵਸ ਵਿਸਾਖੀ ਨੂੰ ਦਸਤਾਰ ਦਿਵਸ (ਠੁਰਬਅਨ ਧਅੇ) ਵਜੋਂ ਮਨਾਉਣ ਦੀ ਰਵਾਇਤ ਵੀ ਇਸੇ ਸਰਗਰਮੀ ਦਾ ਹਿੱਸਾ ਹੈ। ਥਾਂ-ਥਾਂ ‘ਸੁੰਦਰ ਦਸਤਾਰ ਮੁਕਾਬਲੇ’ ਕਰ ਕੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਸਭ ਤੋਂ ਵੱਡੀ ਗੱਲ ਸਾਨੂੰ ਇਹ ਜ਼ਿੰਮੇਵਾਰੀ ਨਿਰੀ-ਪੁਰੀ ਸੰਸਥਾਵਾਂ ‘ਤੇ ਹੀ ਨਹੀਂ ਸੁੱਟ ਦੇਣੀ ਚਾਹੀਦੀ, ਸਗੋਂ ਖੁਦ ਦਿਲਚਸਪੀ ਲੈ ਕੇ ਦਸਤਾਰ ਤੋਂ ਇਨਕਾਰੀ ਵੀਰਾਂ ਨੂੰ ਪਗੜੀ ਸਜਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਿੰਨਾ ਚੰਗਾ ਹੋਵੇ ਜੇ ਗੁਰਦੁਆਰਾ ਕਮੇਟੀਆਂ ਵਿਸਾਖੀ ਦੇ ਦਿਨ ਰੰਗ-ਬਰੰਗੀਆ ਦਸਤਾਰਾਂ ਵੰਡਣ ਦੇ ਉਪਰਾਲੇ ਕਰਨ। ਦਸਤਾਰ ਦੇ ਪ੍ਰਚਾਰ-ਪ੍ਰਸਾਰ ਲਈ ਉਚੇਚੇ ਤੌਰ ‘ਤੇ ਫੰਡ ਰੱਖੇ ਜਾਣ। ਬਦਲੇ ਹੋਏ ਹਾਲਾਤ ਵਿਚ ਬਹੁਤੀ ਕੱਟੜਤਾ ਵੀ ਨਹੀਂ ਦਿਖਾਉਣੀ ਚਾਹੀਦੀ। ਦਸਤਾਰ ਦਿਵਸ ਵਾਲੇ ਦਿਨ ਜੇ ਕੋਈ ਕਲੀਨਸ਼ੇਵ ਵੀਰ ਪਗੜੀ ਬੰਨ੍ਹਣ ਲਈ ਇੱਛਾ ਜਤਾਵੇ ਤਾਂ ਉਸ ਨੂੰ ਕੌੜੇ-ਕੁਸੈਲੇ ਬੋਲ, ਬੋਲ ਕੇ ਦੁਰਕਾਰਨਾ ਨਹੀਂ ਚਾਹੀਦਾ, ਸਗੋਂ ਉਸ ਦਾ ਦੂਣਾ ਧੰਨਵਾਦ ਕਰ ਕੇ ਉਸ ਦੀ ਦਸਤਾਰ ਸਜਾਉਣ ‘ਚ ਪੂਰੀ ਮਦਦ ਕਰਨੀ ਚਾਹੀਦੀ ਹੈ।
ਸਰਦਾਰ, ਦਸਤਾਰ ਅਤੇ ਕਿਰਦਾਰ ਦੇ ਸੁੰਦਰ ਸੁਮੇਲ ਨੂੰ ਪ੍ਰਗਟਾਉਂਦੀ ਉਘੇ ਸ਼ਾਇਰ ਚਮਨ ਹਰਗੋਬਿੰਦਪੁਰੀ ਦੀ ਕਵਿਤਾ ਦੀਆਂ ਕੁਝ ਸਤਰਾਂ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ,
ਦਸਮ ਪਾਤਸ਼ਾਹ ਅੰਮ੍ਰਿਤ ਦੀ ਦਾਤ ਦਿੱਤੀ,
ਸਾਨੂੰ ਗੁਰਸਿੱਖੀ ਕਲਗੀਧਰ ਬਖਸ਼ੀ।
ਗੁਰਸਿੱਖਾਂ ਦੇ ਸੀਸ ‘ਤੇ ਕੇਸ ਬਖਸ਼ੇ,
ਅਤੇ ਕੇਸਾਂ ‘ਤੇ ਸੋਹਣੀ ਦਸਤਾਰ ਬਖਸ਼ੀ।
ਚਾਰੇ ਕੱਕੇ ਤਾਂ ਬੇਸ਼ੱਕ ਹੋਣ ਪੂਰੇ,
ਕੇਸਾਂ ਬਾਝ ਨਹੀਂ ਸਿੱਖੀ ਕਿਰਦਾਰ ਬਣਦਾ।
ਕੇਸ ਰੱਖ ਕੇ ‘ਸਿੱਖ’ ਤਾਂ ਬਣ ਜਾਂਦਾ,
ਬੱਝੇ ਪੱਗ ਤਾਂ ਫੇਰ ‘ਸਰਦਾਰ’ ਬਣਦਾ।
ਪੱਗ, ਵੇਖਣ ਨੂੰ ਟੋਟਾ ਈ ਐ ਕੱਪੜੇ ਦਾ,
ਰੰਗ ਦੇਈਏ ਤਾਂ ਹੋਰ ਵੀ ਸੱਜਦਾ ਏ।
ਏਹਦਾ ਮੁੱਲ ਪੈਂਦਾ ਐਪਰ ਉਸ ਵੇਲੇ,
ਜਦੋਂ ਪੱਗ ਬਣ ਕੇ ਸਿਰ ‘ਤੇ ਬੱਝਦਾ ਏ।
ਬਿਨਾਂ ਪੱਗ ਤੋਂ ਕਾਹਦੀ ਪਛਾਣ ਹੁੰਦੀ?
ਹੋਵੇ ਆਦਮੀ ਲੱਖ ਹਜ਼ਾਰ ਜਾਂਦਾ।
ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ,
ਲੋਕੀਂ ਆਖਦੇ ਅਹੁ ‘ਸਰਦਾਰ’ ਜਾਂਦਾ।
ਜਿਹੜਾ ਮਾਣ ਹੈ ਏਸ ਨੂੰ ਜੱਗ ਅੰਦਰ,
ਕੱਪੜਾ ਹੋਰ ਨਾ ਟੌਹਰ ਰਖਾਏ ਕੋਈ।
ਲੋਕੀ ਗਾਉਂਦੇ ਆ ‘ਪਗੜੀ ਸੰਭਾਲ ਜੱਟਾ’,
ਜੱਟਾ ‘ਧੋਤੀ ਸੰਭਾਲ’ ਨਾ ਗਾਏ ਕੋਈ।
ਪਰਿਆ ਵਿਚ ਜਿਸ ਬੰਦੇ ਦੀ ਪੱਗ ਲਹਿ ਜਾਏ,
ਉਹਦਾ ਮਾਣ ਹੈ ਨਹੀਂ ਰਹਿੰਦਾ ਜੱਗ ਉਤੇ।
ਸਿਹਰਾ ਕਦੇ ਨਹੀਂ ਬੱਝਦਾ ਟਿੰਡ ਉਤੇ,
ਸਿਹਰਾ ਜਦੋਂ ਬੱਝੂ, ਬੱਝੂ ਪੱਗ ਉਤੇ।
ਸਿੱਖੀ ਸਿਦਕ ਨੂੰ ਕਿੱਦਾਂ ਨਿਭਾਈਦਾ ਏ,
ਨਹੀਂ ਸ਼ੱਕ ਸ਼ਹੀਦਾਂ ਨੇ ਰਹਿਣ ਦਿੱਤੇ।
ਤਾਰੂ ਸਿੰਘ ਸ਼ਹੀਦ ਗਵਾਹ ਇਸ ਦਾ,
ਲਹਿ ਗਈ ਖੋਪੜੀ ਕੇਸ ਨਾ ਲਹਿਣ ਦਿੱਤੇ।

1 Comment

Leave a Reply

Your email address will not be published.