ਲੋਕਾਂ ਦੀ ਚਿੰਤਾ: ਚੋਣਾਂ ਪਿਛੋਂ ਭਾਰਤ ਕਿਹੋ ਜਿਹਾ ਹੋਵੇਗਾ!

-ਜਤਿੰਦਰ ਪਨੂੰ
ਭਾਰਤ ਵਿਚ ਅਗਲੀ ਲੋਕ ਸਭਾ ਚੋਣ ਲਈ ਐਲਾਨ 28 ਫਰਵਰੀ ਨੂੰ ਕੀਤਾ ਜਾ ਸਕਦਾ ਹੈ। ਕਾਰਨ ਬਹੁਤ ਸਪੱਸ਼ਟ ਹੈ। ਚੋਣ ਕਮਿਸ਼ਨ ਨੇ ਰਾਜ ਸਰਕਾਰਾਂ ਨੂੰ ਕਹਿ ਦਿੱਤਾ ਹੈ ਕਿ ਜਿਸ ਕਿਸੇ ਅਫਸਰ ਦੀ ਬਦਲੀ ਕਰਨ ਲਈ ਮਨ ਕਰਦਾ ਹੈ, ਉਹ 28 ਫਰਵਰੀ ਤੱਕ ਕਰ ਲਈ ਜਾਵੇ, ਉਸ ਪਿਛੋਂ ਨਹੀਂ ਕਰਨ ਦਿੱਤੀ ਜਾਵੇਗੀ। ਕਿਸੇ ਰਾਜ ਦੀ ਸਰਕਾਰ ਕਿਸੇ ਦੀ ਬਦਲੀ ਕਰਨੀ ਚਾਹੇ ਤਾਂ ਚੋਣ ਕਮਿਸ਼ਨ ਕੋਲ ਕੋਈ ਹੱਕ ਨਹੀਂ ਹੁੰਦਾ ਕਿ ਉਹ ਉਸ ਨੂੰ ਰੋਕਣ ਦਾ ਹੁਕਮ ਭੇਜ ਦੇਵੇ। ਅਜਿਹਾ ਹੱਕ ਚੋਣ ਕਮਿਸ਼ਨ ਨੂੰ ਸਿਰਫ ਇੱਕੋ ਹਾਲਤ ਵਿਚ ਮਿਲਦਾ ਹੈ ਕਿ ਚੋਣਾਂ ਲਈ ਤਰੀਕਾਂ ਮਿਥਣ ਦਾ ਐਲਾਨ ਹੋ ਜਾਵੇ ਤੇ ਚੋਣ ਜ਼ਾਬਤਾ ਲਾਗੂ ਕਰਨ ਦੇ ਨਾਲ ਬਦਲੀਆਂ ਕਰਨ ਦੇ ਹੁਕਮ ਦਾਗਣ ਜਾਂ ਰੋਕਣ ਦੀ ਤਾਕਤ ਉਸ ਕੋਲ ਆ ਜਾਵੇ। ਜਦੋਂ ਇਹ ਕਿਹਾ ਗਿਆ ਹੈ ਕਿ 28 ਫਰਵਰੀ ਪਿਛੋਂ ਕਿਸੇ ਰਾਜ ਸਰਕਾਰ ਵੱਲੋਂ ਕਿਸੇ ਅਫਸਰ ਦੀ ਬਦਲੀ ਨਹੀਂ ਕੀਤੀ ਜਾ ਸਕਣੀ ਤਾਂ ਇਹ ਸੰਕੇਤ ਹੈ ਕਿ ਉਸ ਦਿਨ ਚੋਣਾਂ ਲਈ ਐਲਾਨ ਹੋ ਸਕਦਾ ਹੈ।

ਅੱਗੇ ਕਦੇ ਇਸ ਤਰ੍ਹਾਂ ਦਾ ਸਿੱਧਾ ਸੰਕੇਤ ਚੋਣ ਕਮਿਸ਼ਨ ਨੇ ਨਹੀਂ ਸੀ ਦਿੱਤਾ, ਜਿਵੇਂ ਇਸ ਵਾਰ ਦਿੱਤਾ ਗਿਆ ਹੈ ਤੇ ਜਾਣਨ ਵਾਲੇ ਇਥੋਂ ਤੱਕ ਕਹਿ ਰਹੇ ਹਨ ਕਿ ਚੋਣ ਤਰੀਕਾਂ ਤੇ ਬਜਟ ਦਾ ਖਿਲਾਰਾ ਸਮੇਟਣ ਲਈ ਕੇਂਦਰ ਸਰਕਾਰ ਦੇ ਨਾਲ ਚੋਣ ਕਮਿਸ਼ਨ ਦੀ ਸਹਿਮਤੀ ਵੀ ਹੋਈ ਲੱਗਦੀ ਹੈ। ਸੱਚਾਈ ਸਿਰਫ ਚੋਣ ਕਮਿਸ਼ਨਰ ਜਾਣਦੇ ਹਨ। ਕੇਂਦਰ ਦੇ ਰੰਗ ਦੱਸਦੇ ਹਨ ਕਿ ਉਸ ਦੇ ਮੁਖੀ ਨੂੰ ਬਹੁਤ ਕੁਝ ਪਤਾ ਹੈ, ਪਰ ਜਾਹਰ ਕੀਤੇ ਬਿਨਾ ਅਧੂਰੇ ਕੰਮ ਸਿਰੇ ਚਾੜ੍ਹਨ ਦਾ ਇਰਾਦਾ ਹੈ।
ਇਸ ਵਕਤ ਇੱਕ ਵੀਡੀਓ ਵਾਇਰਲ ਹੋਈ ਪਈ ਹੈ, ਜਿਸ ਵਿਚ ਪੰਜ ਸਾਲ ਪਹਿਲਾਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਸਰਕਾਰਾਂ ਨੇ ਇਹ ਗਲਤ ਰਿਵਾਜ ਪਾ ਲਿਆ ਹੈ ਕਿ ਪਹਿਲਾਂ ਕੁਝ ਕਰਨਾ ਨਹੀਂ ਤੇ ਆਖਰੀ ਸਾਲ ਵਿਚ ਕੰਮ ਕਰ ਕੇ ਵੋਟਰਾਂ ਨੂੰ ਖੁਸ਼ ਕਰਨਾ ਹੈ, ਪਰ ਮੈਂ ਏਦਾਂ ਨਹੀਂ ਕਰਾਂਗਾ। ਮੋਦੀ ਸਾਹਿਬ ਇਸ ਵਿਚ ਕਹਿੰਦੇ ਸੁਣਦੇ ਹਨ ਕਿ ਮੈਂ ਹਰ ਕੰਮ ਮਿਥੇ ਸਮੇਂ ਅਤੇ ਲੋਕਾਂ ਦੀ ਲੋੜ ਮੁਤਾਬਕ ਨਾਲ ਦੀ ਨਾਲ ਕਰਦਾ ਰਹਾਂਗਾ ਤੇ ਤੁਹਾਨੂੰ ਮੇਰੇ ਬਾਰੇ ਕੋਈ ਰਾਏ ਬਣਾਉਣ ਦਾ ਖੁੱਲ੍ਹਾ ਮੌਕਾ ਦੇਵਾਂਗਾ।
ਬਹੁਤ ਸਾਰੇ ਲਾਰੇ ਲਾਉਣ ਤੇ ਫਿਰ ਭੁਲਾ ਦੇਣ ਲਈ ਜਾਣੇ ਜਾਂਦੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਆਪਣਾ ਇਹ ਵਾਅਦਾ ਵੀ ਭੁੱਲਣ ਵਿਚ ਝਿਜਕ ਨਹੀਂ ਸੀ ਵਿਖਾਈ। ਇਸ ਵਕਤ ਜਦੋਂ ਪੰਜਵਾਂ ਸਾਲ ਵੀ ਮੁੱਕਣ ਵਾਲਾ ਹੈ, ਉਹ ਲੋਕਾਂ ਨੂੰ ਭਰਮਾਉਣ ਵਾਸਤੇ ਛੋਟਾਂ ਦੀ ਲੜੀ ਵੀ ਲਾਉਣ ਤੁਰੇ ਹਨ ਤੇ ਅਣ-ਐਲਾਨੇ ਅਜਿਹੇ ਕਦਮ ਵੀ ਚੁੱਕਣ ਦੇ ਰਾਹ ਪੈ ਗਏ ਹਨ, ਜੋ ਕਦੀ ਕਿਸੇ ਨੇ ਸੋਚੇ ਤੱਕ ਨਹੀਂ ਸਨ। ਪਿਛਲੇ ਹਫਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀ ਬੱਧੀ ਹੋਈ ਸਾਲਾਨਾ ਆਮਦਨ ਦਾ ਜੁਗਾੜ ਪੈਦਾ ਕੀਤਾ ਜਾਵੇਗਾ। ਮੋਦੀ ਨੇ ਹਫਤਾ ਨਾ ਲੰਘਣ ਦਿੱਤਾ ਤੇ ਬਜਟ ਵਿਚ ਇਹ ਪ੍ਰਬੰਧ ਰਾਹੁਲ ਦੀ ਸਰਕਾਰ ਬਣਨ ਜਾਂ ਨਾ ਬਣਨ ਦੀ ਘੜੀ ਆਉਣ ਤੋਂ ਪਹਿਲਾਂ ਕਰ ਕੇ ਕਹਿ ਦਿੱਤਾ ਕਿ ਇਹ ਕੰਮ ਅਸੀਂ ਕਰ ਵੀ ਦਿੱਤਾ ਹੈ, ਰਾਹੁਲ ਦੇ ਕਰਨ ਲਈ ਕੁਝ ਬਚਿਆ ਹੀ ਨਹੀਂ।
ਕਿਸਾਨਾਂ ਲਈ ਛੇ ਹਜ਼ਾਰ ਰੁਪਏ ਸਾਲਾਨਾ ਦੀ ਆਮਦਨ ਦੀ ਸਰਕਾਰੀ ਤੌਰ ਉਤੇ ਗਾਰੰਟੀ ਕੀਤੀ ਤਾਂ ਭਾਜਪਾ ਆਗੂਆਂ ਨੇ ਅਸਮਾਨ ਸਿਰ ਉਤੇ ਚੁੱਕ ਲਿਆ ਕਿ ਸਾਡੀ ਸਰਕਾਰ ਨੇ ਉਹ ਕੰਮ ਕਰ ਦਿੱਤਾ ਹੈ, ਜੋ ਕਦੇ ਕਿਸੇ ਨੇ ਕੀਤਾ ਹੀ ਨਹੀਂ। ਇਸ ਐਲਾਨ ਪਿੱਛੋਂ ਕਿਸਾਨਾਂ ਦੇ ਇੱਕ ਕੌਮੀ ਪੱਧਰ ਦੇ ਆਗੂ ਨੂੰ ਜਦੋਂ ਇਸ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਛੇ ਹਜ਼ਾਰ ਸਾਲਾਨਾ ਦੇ ਹਰ ਮਹੀਨੇ ਪੰਜ ਸੌ ਰੁਪਏ ਬਣਦੇ ਹਨ ਤੇ ਇਹ ਰੋਜ਼ ਦੇ ਸੋਲਾਂ ਰੁਪਏ ਸੱਠ ਪੈਸੇ ਬਣਨਗੇ, ਜੇ ਕਿਸਾਨ ਪਰਿਵਾਰ ਦੇ ਪੰਜ ਮੈਂਬਰ ਵੀ ਹੋਏ ਤਾਂ ਹਰ ਜੀਅ ਵਾਸਤੇ ਸਿਰਫ ਤਿੰਨ ਰੁਪਏ ਬੱਤੀ ਪੈਸੇ ਰੋਜ਼ਾਨਾ ਬਣਦੇ ਹਨ, ਏਨੇ ਪੈਸੇ ਉਹ ਕਿੱਥੇ ਸੰਭਾਲਣਗੇ!
ਕੁੰਭ ਦਾ ਮੇਲਾ ਛੇ ਸਾਲਾਂ ਪਿੱਛੋਂ ਆਉਂਦਾ ਹੈ। ਪਿਛਲੀ ਵਾਰ ਕੁੰਭ ਦੇ ਮੇਲੇ ਮੌਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਪਦਵੀ ਦਿਵਾਉਣ ਲਈ ਜਿਨ੍ਹਾਂ ਸਾਧਾਂ-ਸੰਤਾਂ ਨੇ ਉਸ ਦੇ ਮੂੰਹੋਂ ਰਾਮ ਮੰਦਿਰ ਬਣਾਏ ਜਾਣ ਦੀ ਗੱਲ ਸੁਣ ਕੇ ਸਾਰੇ ਦੇਸ਼ ਦੀ ਜਨਤਾ ਨੂੰ ਇਹ ਉਪਦੇਸ਼ ਦਿੱਤੇ ਸਨ ਕਿ ਰਾਮ ਮੰਦਿਰ ਚਾਹੀਦਾ ਹੈ ਤਾਂ ਮੋਦੀ ਦੇ ਮਗਰ ਵੋਟਾਂ ਪਾ ਦਿਓ, ਉਨ੍ਹਾਂ ਦੀਆਂ ਅੱਖਾਂ ਅੱਗੋਂ ਜਾਲਾ ਵੀ ਲੱਥ ਗਿਆ ਹੈ। ਇਸ ਵਾਰ ਕੁੰਭ ਨਹੀਂ, ਅਰਧ ਕੁੰਭ ਚੱਲਦਾ ਪਿਆ ਹੈ ਅਤੇ ਇਸ ਵਿਚ ਮੁੜ ਕੇ ਮੋਦੀ ਦੀ ਜਿੱਤ ਲਈ ਹਮਾਇਤ ਮੰਗਣ ਵਾਸਤੇ ਹੋਰਨਾਂ ਦੇ ਨਾਲ ਆਰ. ਐਸ਼ ਐਸ਼ ਦਾ ਮੁਖੀ ਮੋਹਣ ਭਾਗਵਤ ਓਥੇ ਖੁਦ ਵੀ ਡੇਰਾ ਲਾ ਕੇ ਬੈਠਾ ਹੈ।
ਸਾਧੂ ਕਹਿੰਦੇ ਹਨ ਕਿ ਪਹਿਲਾਂ ਮੰਦਿਰ ਦੇ ਮਾਮਲੇ ਵਿਚ ਅੱਜ ਤੱਕ ਕੀਤੀ ਕਾਰਵਾਈ ਬਾਰੇ ਦੱਸੋ ਤਾਂ ਅਗਲੀ ਗੱਲ ਕਰਾਂਗੇ। ਸੰਘ ਦੇ ਮੁਖੀ ਨੇ ਆਪਣੇ ਚਾਟੜਿਆਂ ਰਾਹੀਂ ਸਾਧਾਂ ਨੂੰ ਖੂੰਜੇ ਲਵਾ ਕੇ ਮੋਦੀ ਲਈ ਮਦਦ ਦਾ ਮਤਾ ਪਾਸ ਕਰਵਾ ਲਿਆ ਹੈ। ਇਹ ਹਾਲਤ ਪੈਦਾ ਹੋਣਾ ਦੱਸਦਾ ਹੈ ਕਿ ਮੋਦੀ ਦੇਸ਼ ਦੇ ਆਮ ਲੋਕਾਂ ਦੇ ਨਾਲ ਹੀ ਉਸ ਭਗਵਾਨ ਰਾਮ ਨਾਲ ਵੀ ਚੁਸਤੀ ਖੇਡ ਗਿਆ ਹੈ, ਜਿਸ ਨੂੰ ਸਮਰਪਿਤ ਹੋਣ ਦੇ ਦਾਅਵੇ ਨਾਲ ਪਹਿਲਾਂ ਮੁੱਖ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਸੀ। ਸੰਘ ਪਰਿਵਾਰ ਫਿਰ ਵੀ ਉਸ ਦੇ ਨਾਲ ਹੈ।
ਸਮਝਣ ਦੀ ਗੱਲ ਸਿਰਫ ਇਹ ਨਹੀਂ ਕਿ ਮੋਦੀ ਨੇ ਲੋਕਾਂ ਨੂੰ ਵੱਧ ਬੁੱਧੂ ਬਣਾਇਆ ਜਾਂ ਭਗਵਾਨ ਰਾਮ ਨਾਲ ਚੁਸਤੀ ਖੇਡੀ, ਸਗੋਂ ਮੋਦੀ ਦਾ ਉਹ ਬੀਤਿਆ ਪਿਛੋਕੜ ਹੈ, ਜੋ ਦੱਸਦਾ ਹੈ ਕਿ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਹ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਦੰਗੇ ਤੇ ਉਨ੍ਹਾਂ ਦੰਗਿਆਂ ਦੌਰਾਨ ਮੋਦੀ ਦੀ ਸ਼ੱਕੀ ਭੂਮਿਕਾ ਅਜੇ ਤੱਕ ਵੀ ਸ਼ੱਕ ਤੋਂ ਪਰੇ ਨਹੀਂ ਹੋ ਸਕੀ। ਉਹ ਇਸ ਦੇਸ਼ ਵਿਚ ਪਹਿਲਾ ਮੁੱਖ ਮੰਤਰੀ ਸੀ, ਜਿਸ ਨੇ ਆਪਣੀ ਹਿੰਡ ਪੁਗਾਉਣ ਲਈ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਪ੍ਰੈਸ ਕਾਨਫਰੰਸ ਵਿਚ ਏਦਾਂ ਟੋਕਿਆ ਸੀ ਕਿ ਸਿਰਫ ਪੱਤਰਕਾਰ ਹੀ ਹੈਰਾਨ ਨਹੀਂ ਸੀ ਹੋਏ, ਪ੍ਰਧਾਨ ਮੰਤਰੀ ਵਾਜਪਾਈ ਦੇ ਦੰਦ ਵੀ ਜੁੜੇ ਦੇ ਜੁੜੇ ਰਹਿ ਗਏ ਸਨ। ਫਿਰ ਉਹ ਪ੍ਰਧਾਨ ਮੰਤਰੀ ਵੀ ਬੇਗਾਨੀ ਧਿਰ ਦਾ ਨਹੀਂ, ਮੋਦੀ ਦੀ ਆਪਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਰਬ ਪ੍ਰਵਾਨਤ ਆਗੂ ਸੀ ਤੇ ਸਾਰੀ ਪਾਰਟੀ ਮੋਦੀ ਦੇ ਸਾਹਮਣੇ ਨੀਂਵੀਂ ਪਾ ਕੇ ਰਹਿ ਗਈ ਸੀ।
ਸਾਰੇ ਜਾਣਦੇ ਹਨ ਕਿ ਆਰ. ਐਸ਼ ਐਸ਼ ਇੱਕ ਤਰ੍ਹਾਂ ਮੋਦੀ ਦੀ ਪਾਰਟੀ ਭਾਜਪਾ ਦੀ ਮਾਂ ਹੈ ਤੇ ਕੋਈ ਵੱਡੇ ਤੋਂ ਵੱਡਾ ਆਗੂ ਵੀ ਅੱਜ ਤੱਕ ਉਸ ਅੱਗੇ ਸਿਰ ਨਹੀਂ ਸੀ ਚੁੱਕ ਸਕਿਆ। ਜਦੋਂ ਮੋਦੀ ਦੇ ਜਵਾਨੀ ਵੇਲੇ ਦੇ ਸ਼ਰੀਕ ਸੰਜੇ ਜੋਸ਼ੀ ਵਾਲਾ ਮੁੱਦਾ ਆਇਆ ਤੇ ਮੋਦੀ ਨੇ ਇਹ ਮੰਗ ਰੱਖ ਦਿੱਤੀ ਕਿ ਜੋਸ਼ੀ ਨੂੰ ਪਾਰਟੀ ਵਿਚੋਂ ਕੱਢੋ, ਵਰਨਾ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਤਾਂ ਨਾਗਪੁਰ ਬੈਠੀ ਆਰ. ਐਸ਼ ਐਸ਼ ਲੀਡਰਸ਼ਿਪ ਵੀ ਝੁਕ ਗਈ ਸੀ। ਮੋਦੀ ਨੇ ਮੁੰਬਈ ਵਾਲੇ ਜਲਸੇ ਵਿਚ ਜਾਣ ਤੋਂ ਨਾਂਹ ਕੀਤੀ ਤੇ ਜਦੋਂ ਤੱਕ ਸੰਜੇ ਜੋਸ਼ੀ ਦੇ ਪਾਰਟੀ ਛੱਡਣ ਦਾ ਐਲਾਨ ਨਹੀਂ ਸੀ ਹੋਇਆ, ਫੋਨ ਵੀ ਨਹੀਂ ਸੀ ਚੁੱਕ ਰਿਹਾ। ਜਦੋਂ ਇਹ ਐਲਾਨ ਹੋ ਗਿਆ, ਮੋਦੀ ਨੇ ਹੈਲੀਕਾਪਟਰ ਫੜਿਆ ਤੇ ਦੋ ਘੰਟਿਆਂ ਵਿਚ ਮੁੰਬਈ ਪਹੁੰਚ ਕੇ ਸਿੱਧਾ ਹੀ ਸਟੇਜ ‘ਤੇ ਜਾ ਚੜ੍ਹਿਆ ਸੀ। ਉਹ ਸਥਿਤੀ ਅੱਜ ਵੀ ਕਾਇਮ ਹੈ।
ਕੋਈ ਨਿਤਿਨ ਗਡਕਰੀ ਬੋਲਦਾ ਹੈ ਤਾਂ ਲੋਕ ਆਖੀ ਜਾ ਰਹੇ ਹਨ ਕਿ ਨਾਗਪੁਰ ਵਾਲਿਆਂ ਦਾ ਬੁਲਾਇਆ ਬੋਲਦਾ ਹੈ। ਜਿਸ ਦਿਨ ਉਸ ਬਾਰੇ ਮੋਦੀ ਨੇ ਜ਼ਿਦ ਫੜੀ, ਗਡਕਰੀ ਨੂੰ ਵੀ ਆਰ. ਐਸ਼ ਐਸ਼ ਅਤੇ ਭਾਜਪਾ ਨੂੰ ਕੱਢਣਾ ਪੈ ਜਾਣਾ ਹੈ ਤੇ ਉਸ ਨੂੰ ਕੱਢਣ ਦਾ ਐਲਾਨ ਕਰਨ ਦੀ ਥਾਂ ਉਸ ਨੂੰ ਖੁਦ ਛੱਡਣ ਦਾ ਐਲਾਨ ਕਰਨ ਲਈ ਮਜਬੂਰ ਕੀਤਾ ਜਾਣਾ ਹੈ। ਮੋਦੀ ਵੱਡਾ ਅਤੇ ਆਰ. ਐਸ਼ ਐਸ਼ ਵੀ ਬੌਣਾ ਹੋ ਗਿਆ ਹੈ।
ਇਸ ਵਕਤ ਜਦੋਂ ਲੋਕ ਸਭਾ ਚੋਣਾਂ ਦੀ ਧਮਕ ਪੈਣੀ ਸ਼ੁਰੂ ਹੋ ਗਈ ਹੈ, ਭਾਰਤ ਦੇ ਲੋਕ ਆਪਣੇ ਦੇਸ਼ ਦੇ ਭਵਿੱਖ ਦਾ ਨਕਸ਼ਾ ਸਮਝਣ ਦੇ ਯਤਨ ਕਰਦੇ ਪਏ ਹਨ। ਕਿਹੜੀ ਪਾਰਟੀ ਜਿੱਤ ਸਕਦੀ ਤੇ ਕੌਣ ਹਾਰ ਸਕਦੀ ਹੈ, ਇਸ ਸਬੰਧੀ ਸੂਝਵਾਨ ਨਾਗਰਿਕ ਸੋਚ ਰਹੇ ਹਨ। ਸੋਚ ਦਾ ਵੱਡਾ ਵਿਸ਼ਾ ਨਰਿੰਦਰ ਮੋਦੀ ਹੈ। ਕਾਰਨ ਇਸ ਦਾ ਇਹ ਨਹੀਂ ਕਿ ਮੋਦੀ ਫਿਰ ਪ੍ਰਧਾਨ ਮੰਤਰੀ ਬਣੇ ਜਾਂ ਨਹੀਂ, ਸਗੋਂ ਇਹ ਹੋ ਗਿਆ ਹੈ ਕਿ ਜੇ ਉਹ ਐਤਕੀਂ ਜਿੱਤੇਗਾ ਤਾਂ ਭਾਰਤ ਦਾ ਤੇ ਇਸ ਦੀ ਧਰਮ ਨਿਰਪੱਖ ਦਿੱਖ ਦਾ ਕੀ ਬਣੇਗਾ?
ਪਿਛਲੇ ਪੰਜ ਸਾਲਾਂ ਵਿਚ ਗਊ ਦਾ ਨਾਂ ਵਰਤ ਕੇ ਕਿੰਨੇ ਹੀ ਲੋਕਾਂ ਨੂੰ ਇਹ ਦੋਸ਼ ਲਾ ਕੇ ਮਾਰਿਆ ਗਿਆ ਹੈ ਕਿ ਉਹ ਗਾਂ ਦਾ ਮਾਸ ਖਾਣ ਵਾਲੇ ਹਨ ਤੇ ਇਹ ਕਦੀ ਵੇਖਿਆ ਨਹੀਂ ਗਿਆ ਕਿ ਮੰਡੀ ਤੋਂ ਉਹ ਲੋਕ ਦੁਧਾਰੂ ਗਾਂ ਪਰਿਵਾਰ ਦੀ ਦੁੱਧ ਦੀ ਲੋੜ ਪੂਰੀ ਕਰਨ ਲਈ ਲਿਆ ਰਹੇ ਹਨ। ਜਦੋਂ ਇਹ ਸਾਰਾ ਕੁਝ ਵਾਪਰਦਾ ਹੈ ਤਾਂ ਮੋਦੀ ਬੋਲਦੇ ਨਹੀਂ, ਪਰ ਜਦੋਂ ਸਭ ਕੁਝ ਹੋ ਚੁਕਾ ਹੁੰਦਾ ਹੈ, ਫਿਰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਇਹ ਕਹਿ ਦਿੰਦੇ ਹਨ ਕਿ ਏਦਾਂ ਦਾ ਕੰਮ ਕਰਨ ਵਾਲੇ ਸਾਡੇ ਬੰਦੇ ਨਹੀਂ, ਇਹ ਸਮਾਜ ਵਿਰੋਧੀ ਅਨਸਰ ਹਨ। ਨਾਲ ਆਰ. ਐਸ਼ ਐਸ਼ ਦੇ ਬੁਲਾਰੇ ਮੀਡੀਆਂ ਸਾਹਮਣੇ ਉਨ੍ਹਾਂ ਬੰਦਿਆਂ ਦਾ ਬਚਾਅ ਕਰਦੇ ਸੁਣ ਰਹੇ ਹੁੰਦੇ ਹਨ ਅਤੇ ਹੇਠਾਂ ਇਹ ਸਿਗਨਲ ਚਲਾ ਜਾਂਦਾ ਹੈ ਕਿ ਇਸ਼ਾਰਾ ਕਰ ਕੇ ਕੰਮ ਕਰਵਾਇਆ ਵੀ ਜਾਂਦਾ ਹੈ, ਗੁਜਰਾਤ ਦੇ ਦੰਗਿਆਂ ਵਾਂਗ ਆਪਣੇ ਸਿਰ ਗੱਲ ਵੀ ਕਦੇ ਨਹੀਂ ਪੈਣ ਦਿੱਤੀ ਜਾਂਦੀ ਤੇ ਦੋਸ਼ੀਆਂ ਦਾ ਬਚਾਅ ਵੀ ਕੀਤਾ ਜਾਂਦਾ ਹੈ।
ਜਿਸ ਸਰਕਾਰ ਨੇ ਪੰਜ ਸਾਲ ਇਸ ਤਰ੍ਹਾਂ ਦੇ ਕਈ ਰੰਗ ਵਿਖਾਏ ਹੋਣ, ਅਗਲੀ ਪਾਰਲੀਮੈਂਟ ਚੋਣ ਮੁੜ ਜਿੱਤ ਗਈ ਤਾਂ ਕੀ ਬਣੇਗਾ? ਜੋ ਲੋਕ ਇਹ ਚਿੰਤਾ ਕਰ ਰਹੇ ਹਨ, ਐਵੇਂ ਤਾਂ ਨਹੀਂ ਕਰਦੇ ਪਏ!