ਜ਼ਮੀਰ ਦੀ ਜ਼ਿਆਰਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰਾਤ ਦੀਆਂ ਬਰਕਤਾਂ ਦਾ ਵਿਖਿਆਨ ਕੀਤਾ ਸੀ, “ਰਾਤ ਦਾ ਸਮਾਂ ਤਾਂ ਥੱਕੇ-ਹਾਰਿਆਂ ਲਈ ਅਰਾਮਗਾਹ। ਥਕਾਵਟ ਨਾਲ ਚੂਰ ਕਦਮਾਂ ਨੂੰ ਰਾਹਤ।…ਰਾਤ ਨੂੰ ਬਹੁਤਾ ਫਕੀਰ ਜਾਗਦੇ ਹਨ ਜਾਂ ਆਸ਼ਕ।”

ਹਥਲੇ ਲੇਖ ਵਿਚ ਉਨ੍ਹਾਂ ਜ਼ਮੀਰ ਦੀ ਬਾਤ ਪਾਈ ਹੈ, “ਜ਼ਮੀਰ ਵਾਲੇ ਲੋਕਾਂ ਦੇ ਪਿਆਰ, ਪਾਕੀਜ਼ਗੀ ਤੇ ਪੁਖਤਗੀ ਦੇ ਪੱਲੇ ਸੱਚਾਈ, ਸਿਆਣਪ, ਸੁੰਦਰਤਾ, ਸਾਦਗੀ, ਸੁਹਜ ਤੇ ਸਹਿਜ ਹੁੰਦਾ, ਜੋ ਚਹਿਕ-ਚੇਤਨਾ, ਚਾਨਣ-ਚਿੰਗਾਰੀ ਤੇ ਚਾਅ-ਚੰਦੋਏ ਨਾਲ ਆਭਾ-ਮੰਡਲ ਸਿਰਜਦਾ, ਜਿਸ ਦੀਆਂ ਬਰਕਤਾਂ ਕਾਰਨ ਮਨੁੱਖ ਨੂੰ ਮਾਨਵੀ ਹੋਣ ਦਾ ਫਖਰ ਹੁੰਦਾ।” ਉਨ੍ਹਾਂ ਦੀ ਇਸ ਗੱਲ ਵਿਚ ਕਿੰਨਾ ਸੱਚ ਹੈ ਕਿ ਜ਼ਮੀਰ ਸਿਰਫ ਜ਼ਮੀਰ ਹੁੰਦੀ। ਇਸ ਦਾ ਕੋਈ ਧਰਮ, ਜਾਤ, ਰੰਗ, ਨਸਲ ਜਾਂ ਲਿੰਗ ਨਹੀਂ ਹੁੰਦਾ। ਤੁਸੀਂ ਖੁਦ ਹੀ ਜ਼ਮੀਰ ਅਤੇ ਇਸ ਦੇ ਖੈਰਖਾਹ। ਉਨ੍ਹਾਂ ਦੀ ਨਸੀਹਤ ਹੈ, “ਜ਼ਮੀਰ ਨੂੰ ਕਦੇ ਦਾਗੀ ਨਾ ਕਰੋ ਕਿਉਂਕਿ ਜ਼ਮੀਰ ‘ਤੇ ਲੱਗਾ ਦਾਗ ਸਦੀਵ ਹੁੰਦਾ।” ਕਿਉਂਕਿ ਜ਼ਮੀਰ ਸੁੱਤੀ ਹੁੰਦੀ ਤਾਂ ਮਨੁੱਖ ਦੀ ਪਸੂ-ਬਿਰਤੀ ਜਾਗਦੀ। ਜ਼ਬਰ-ਜਨਾਹ, ਕਤਲ, ਕੁਕਰਮ ਤੇ ਕੁਲਹਿਣੇ ਵਿਚਾਰ, ਕਰਮ-ਧਰਾਤਲ ਬਣਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਜ਼ਮੀਰ, ਸੱਚੇ-ਸੁੱਚੇ ਜਜ਼ਬਾਤ ਦੀ ਤਸ਼ਬੀਹ, ਭਾਵਨਾਵਾਂ ਦੀ ਸੁੱਚਮ ਦਾ ਅੰਬਾਰ, ਹਿਰਦੇ ਦੀ ਹਰਫਨ-ਮੌਲਤਾ, ਮਨ ਦੀਆਂ ਤਹਿਆਂ ਦੀ ਰਹਿਮਤੀ-ਖੁਦਾਈ ਅਤੇ ਸੱਚਾਈ ਦੀ ਭਰ ਵਗਦੀ ਨੈਂਅ।
ਜ਼ਮੀਰ, ਆਪਣੇ ਦੀਦਿਆਂ ‘ਚੋਂ ਆਪਣੇ ਅਕਸ ਨੂੰ ਨਿਹਾਰਨ ਦੀ ਆਦਤ, ਆਪਣੇ ਤੋਂ ਆਪਣੇ ਤੀਕ ਦਾ ਸ਼ਾਨਾਂਮੱਤਾ ਸਫਰ ਅਤੇ ਆਪੇ ਦੀਆਂ ਪੈੜਾਂ ਨੂੰ ਨਿਹਾਰਨ ‘ਚੋਂ ਸੰਤੁਸ਼ਟੀ ਦੀ ਜ਼ਰਖੇਜ਼ਤਾ।
ਜ਼ਮੀਰ, ਲਹੂ ਨਾਲ ਲਿਖੇ ਅੱਖਰਾਂ ਦੀ ਲੋਅ, ਮਿੱਝ ਨਾਲ ਬਣਾਈ ਕੈਨਵਸ ‘ਤੇ ਪ੍ਰਗਟ ਹੋ ਰਹੇ ਇਲਾਹੀ ਅਕਾਰ ਅਤੇ ਮਨੋ-ਕਾਮਨਾਵਾਂ ਦੀਆਂ ਤਿਤਲੀਆਂ ਦੀ ਰੰਗ-ਬਰੰਗਤਾ ਵਿਚੋਂ ਭਾਵੀ ਰੰਗਤਾ ਨੂੰ ਮਹਿਸੂਸ ਕਰਨ ਦੀ ਅਦਾ।
ਜ਼ਮੀਰ, ਬੇਗੈਰਤ ਹੋ ਕੇ ਜਿਉਣ ਨਾਲੋਂ ਮਰਨ ਨੂੰ ਤਰਜੀਹ, ਸੁੱਤਿਆਂ ਵੀ ਜਾਗਣ ਦੀ ਰੁੱਤ ਮਾਣਦਾ ਜੀਅ, ਸੂਲੀ ‘ਤੇ ਤੁਰਦਿਆਂ ਵੀ ਬੁੱਲਾਂ ‘ਤੇ ਆਉਣ ਤੋਂ ਮੁਨਕਰ ਹੋਈ ਸੀਅ ਅਤੇ ਆਪਣੀ ਪੀੜਾ ਵਿਚੋਂ ਕਿਸੇ ਨੂੰ ਖੁਸ਼ੀ ਮਨਸਣ ਦੀ ਮਰਜ਼ੀ।
ਜ਼ਮੀਰ ਵਾਲੇ ਲੋਕਾਂ ਦੇ ਪਿਆਰ, ਪਾਕੀਜ਼ਗੀ ਤੇ ਪੁਖਤਗੀ ਦੇ ਪੱਲੇ ਸੱਚਾਈ, ਸਿਆਣਪ, ਸੁੰਦਰਤਾ, ਸਾਦਗੀ, ਸੁਹਜ ਤੇ ਸਹਿਜ ਹੁੰਦਾ, ਜੋ ਚਹਿਕ-ਚੇਤਨਾ, ਚਾਨਣ-ਚਿੰਗਾਰੀ ਤੇ ਚਾਅ-ਚੰਦੋਏ ਨਾਲ ਆਭਾ-ਮੰਡਲ ਸਿਰਜਦਾ, ਜਿਸ ਦੀਆਂ ਬਰਕਤਾਂ ਕਾਰਨ ਮਨੁੱਖ ਨੂੰ ਮਾਨਵੀ ਹੋਣ ਦਾ ਫਖਰ ਹੁੰਦਾ।
ਜ਼ਮੀਰ ਸਿਰਫ ਜ਼ਮੀਰ ਹੁੰਦੀ। ਇਸ ਦਾ ਕੋਈ ਧਰਮ, ਜਾਤ, ਰੰਗ, ਨਸਲ ਜਾਂ ਲਿੰਗ ਨਹੀਂ ਹੁੰਦਾ। ਤੁਸੀਂ ਖੁਦ ਹੀ ਜ਼ਮੀਰ ਅਤੇ ਇਸ ਦੇ ਖੈਰਖਾਹ।
ਧਾਰਮਕ ਸਮਾਗਮ ‘ਤੇ ਬੈਠੀਆਂ ਧਾਰਮਕ ਸ਼ਖਸੀਅਤਾਂ, ਸਿਰਫ ਅਹੁਦੇਦਾਰ ਅਤੇ ਅਡੰਬਰੀ ਮਾਣ। ਗੱਲਬਾਤ ਵਿਚੋਂ ਸੰਵਾਦ ਅਤੇ ਤਰਕਸ਼ੀਲਤਾ ਦਾ ਗੁੰਮ ਜਾਣਾ ਧਾਰਮਕ ਮੁਖੌਟੇ ਨੂੰ ਜੱਗ-ਜਾਹਰ ਕਰ ਰਿਹਾ। ਸੰਵੇਦਨਸ਼ੀਲ ਔਰਤ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਣ ਲਈ ਬੀਬੀ ਦਾਹੜੀ ਵਾਲਿਆਂ ਵਲੋਂ ਮਾਈਕ ਖੋਹਣਾ। ਗੱਦੀ-ਨਸ਼ੀਨਾਂ ਦੀ ਚਾਪਲੂਸੀ ਚੁੱਪ ਬਹੁਤ ਕੁਝ ਤਵਾਰੀਖ ‘ਚ ਉਕਰ ਗਈ ਕਿ ਜਦ ਜ਼ਮੀਰ ਮਰ ਜਾਂਦੀ ਏ ਤਾਂ ਕੌਮੀ ਵਿਰਾਸਤ ਵਿਨਾਸ਼ ਦੇ ਰਾਹ ਤੁਰਦੀ। ਫਿਰ ਗਰਕ ਜਾਂਦੀਆਂ ਨੇ ਕੌਮਾਂ। ਜ਼ਮੀਰ ਦੀ ਆਵਾਜ਼ ਨੂੰ ਦਬਾਉਣ ਅਤੇ ਇਸ ਨੂੰ ਸੁਣਨ ਤੋਂ ਆਕੀ ਲੋਕ, ਸਿਰਫ ਬੌਣੇ ਲੋਕ।
ਜ਼ਮੀਰ, ਸੱਚ ਦੀ ਆਵਾਜ਼ ਦਾ ਪ੍ਰਤੱਖ ਪ੍ਰਮਾਣ, ਇਨਸਾਨੀਅਤ ਦਾ ਮਾਣ ਅਤੇ ਮਨੁੱਖੀ ਸ਼ਖਸੀਅਤ ‘ਚ ਗੁੰਨ੍ਹਿਆ ਸਨਮਾਨ। ਸਾਖਸ਼ੀ ਬਿੰਬ ਵਿਚੋਂ ਆ ਰਿਹਾ ਨਿੰਮਾ-ਨਿੰਮਾ ਰੌਸ਼ਨ-ਪੈਗਾਮ।
ਜ਼ਮੀਰ, ਅੰਤਰੀਵ ਦੀ ਜ਼ੁਬਾਨ, ਹਰਫਾਂ ਦੇ ਪਿੰਡੇ ਭਾਵਾਂ ਦਾ ਲਿਬਾਸ ਅਤੇ ਸੁੱਚੀਆਂ ਸੋਚਾਂ ਨੂੰ ਸਮਿਆਂ ਦਾ ਸਾਕਸ਼ੀ ਬਣਾਉਣਾ।
ਜ਼ਮੀਰ, ਖੁਦੀ ਦੀ ਬੁਲੰਦਗੀ ਦਾ ਨਾਂ, ਖੁਦਦਾਰੀ ਦਾ ਸਿਰਲੇਖ ਅਤੇ ਮਸਤਕ ‘ਤੇ ਲੇਖ-ਵਰਣਮਾਲਾ। ਖੁਦੀ ਕੋ ਕਰ ਬੁਲੰਦ ਇਤਨਾ, ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੂਛੇ, ਬਤਾ ਤੇਰੀ ਰਜ਼ਾ ਕਿਆ ਹੈ। (ਇਕਬਾਲ)
ਬੁਲੰਦ ਸ਼ਖਸੀਅਤ ਸਿਰਫ ਜ਼ਮੀਰ ਵਾਲੇ ਲੋਕਾਂ ਦੀ ਹੁੰਦੀ। ਉਹ ਰਾਹ ਦਸੇਰੇ। ਉਨ੍ਹਾਂ ਦੀਆਂ ਪੈੜਾਂ ਨੂੰ ਰਾਹ ਨਤਮਸਤਕ ਹੁੰਦੇ ਅਤੇ ਉਨ੍ਹਾਂ ਦੀਆਂ ਕੀਰਤੀਆਂ ਇਤਿਹਾਸ ਦਾ ਸ਼ਰਫ।
ਜ਼ਮੀਰ ਮਰ ਜਾਂਦੀ ਤਾਂ ਮਨੁੱਖ ਗੰਗੂ ਬਾਹਮਣ ਬਣਦਾ। ਦਫਨ ਹੋ ਜਾਂਦਾ ਮਾਣਮੱਤਾ ਇਤਿਹਾਸ। ਗੱਦਾਰ ਹੀ ਸਿੱਖ ਰਾਜ ਨੂੰ ਖਤਮ ਕਰਨ, ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਅਤੇ ਅੰਗਰੇਜ਼ਾਂ ਦਾ ਗੁਲਾਮ ਬਣਾਉਣ ਵਿਚ ਪ੍ਰਮੁੱਖ, ਪਰ ਸਿੱਖਾਂ ਵਿਚ ਜਿਉਂਦੀ ਗੈਰਤ ਸਦਕਾ ਉਨ੍ਹਾਂ ਨੇ ਹਰ ਹਮਲਾਵਰ ਦਾ ਮੁਕਾਬਲਾ ਕਰਦਿਆਂ, ਆਪਣੀ ਹੋਂਦ ਅਤੇ ਹਸਤੀ ਨੂੰ ਬਰਕਰਾਰ ਰੱਖਿਆ।
ਜਾਗਦੀ ਜ਼ਮੀਰ ਨੂੰ ਮਾਰਨ ਲਈ ਸਮੇਂ ਦੇ ਹਾਕਮ ਵਲੋਂ ਹਰ ਵਕਤ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ। ਜਦ ਕਿਸੇ ਕੌਮ ਵਿਚੋਂ ਕਰਮ-ਕੀਰਤੀ ਨੂੰ ਤਹਿਸ-ਨਹਿਸ ਕਰਕੇ ਉਸ ਨੂੰ ਮੰਗਤੇ ਬਣਾ ਦਿਤਾ ਜਾਵੇ ਤਾਂ ਜ਼ਮੀਰ ਮਰ ਜਾਂਦੀ ਅਤੇ ਕੌਮ ਦਾ ਪਤਨ ਲਾਜ਼ਮੀ ਹੁੰਦਾ। ਬੀਤੇ ਸਮੇਂ ਵਿਚ ਸਿੱਖ ਮੰਗਤਾ ਨਹੀਂ ਸੀ ਮਿਲਦਾ। ਹਰ ਸਿੱਖ ਕਿਰਤ-ਕਰਮ ਵਿਚੋਂ ਹੀ ਆਪਣੀ ਜੀਵਨ-ਜੁਗਤ ਕਮਾਉਂਦਾ ਸੀ। ਕੇਹਾ ਵਕਤ ਆ ਗਿਆ ਕਿ ਸਮੇਂ ਦੇ ਹਾਕਮ ਨੇ ਪੰਜਾਬੀਆਂ ਨੂੰ ਮੰਗਤੇ ਬਣਾ ਦਿਤਾ ਏ। ਉਹ ਖੈਰਾਤ ਦੀ ਆਸ ‘ਚ ਨਸ਼ਿਆਂ ਦੀ ਦਲਦਲ ‘ਚ ਗਰਕ ਗਏ ਨੇ। ਅਜਿਹਾ ਹੀ ਯੂਰਪੀਅਨ ਧਾੜਵੀਆਂ ਨੇ ਕੈਨੇਡਾ-ਅਮਰੀਕਾ ਦੇ ਮੂਲ ਬਾਸ਼ਿੰਦਿਆਂ ਨੂੰ ਮੰਗਤੇ ਬਣਾ, ਖੈਰਾਤ ‘ਤੇ ਅਜਿਹਾ ਜਿਉਣਾ ਸਿਖਾਇਆ ਕਿ ਮੂਲ ਨਿਵਾਸੀਆਂ ਦੀ ਨਸਲ ਹੁਣ ਖਤਮ ਹੋਣ ਕਿਨਾਰੇ ਹੈ।
ਜ਼ਮੀਰ ਨੂੰ ਤੋੜਿਆ, ਮਰੋੜਿਆ, ਲਿਫਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ‘ਚ ਚਿੱਬ ਪਾਏ ਜਾ ਸਕਦੇ। ਇਸ ਨੂੰ ਬਦਰੰਗ ਨਹੀਂ ਕੀਤਾ ਜਾ ਸਕਦਾ। ਇਸ ਦੀ ਲਿਸ਼ਕਦੀ ਹੋਂਦ ਸਾਹਵੇਂ ਹਰ ਰੰਗ ਤੇ ਹਰ ਗੁਣ ਫਿੱਕਾ।
ਜ਼ਮੀਰ ਵਾਲਾ ਬੰਦਾ ਕਦੇ ਅੱਧਾ-ਅਧੂਰਾ ਨਹੀਂ ਹੁੰਦਾ। ਉਹ ਬੌਣਾ, ਬੌਂਦਲਿਆ ਜਾਂ ਬਦ-ਸ਼ਕਲ ਨਹੀਂ। ਉਸ ਲਈ ਨੀਚਤਾ ਜਾਂ ਹੀਣਤਾ ਦੇ ਕੋਈ ਅਰਥ ਨਹੀਂ। ਜਾਗਦੀ ਜ਼ਮੀਰ ਹੈ ਤਾਂ ਉਹ ਸਿਰ ਉਚਾ ਕਰਕੇ ਜਿਉਂਦਾ। ਆਪਣੀਆਂ ਸ਼ਰਤਾਂ, ਸੁਪਨਿਆਂ ਅਤੇ ਸਫਲਤਾਵਾਂ ਦੀ ਪੂਰਤੀ ਦਾ ਅਹਿਸਾਸ ਹੈ ਜ਼ਮੀਰ।
ਜ਼ਮੀਰ, ਜਾਗਦੀ ਤਾਂ ਸੁਪਨੇ ਦੀ ਅੱਖ ਖੁੱਲ੍ਹਦੀ। ਸੁਪਨਿਆਂ ਨੂੰ ਮਾਣ, ਮੁਹਾਂਦਰਾ ਤੇ ਮੁਖਾਰਬਿੰਦ ਮਿਲਦਾ, ਜਿਸ ‘ਚੋਂ ਜੀਵਨੀ ਸਾਰਥਕਤਾ ਨੂੰ ਨਵੀਨ ਬੁਲੰਦੀਆਂ ਦਾ ਸਿਖਰ ਨਸੀਬ ਹੁੰਦਾ।
ਜ਼ਮੀਰ, ਜੀਵਨ ਦੇ ਹਰ ਖੇਤਰ ਵਿਚ ਅਹਿਮ। ਇਸ ਦੀ ਮਹੱਤਤਾ ਨੂੰ ਆਪਣੀ ਕਰਮ-ਸ਼ੈਲੀ ਵਿਚ ਜਜ਼ਬ ਕਰਨ ਵਾਲੀਆਂ ਕੌਮਾਂ ‘ਤੇ ਮਾਣ ਹੁੰਦਾ, ਜਦਕਿ ਮਰੀ ਜ਼ਮੀਰ ਵਾਲੇ ਲੋਕ ਤਾਂ ਕੌਮੀ ਸ਼ਹੀਦਾਂ ਨੂੰ ਹੀ ਵੇਚ ਜਾਂਦੇ। ਉਹ ਦੇਸ਼ ਦੀ ਅਜ਼ਮਤ, ਦੌਲਤ ਅਤੇ ਦਾਅਵਿਆਂ ਨੂੰ ਦਾਅ ‘ਤੇ ਲਾਉਂਦੇ। ਉਨ੍ਹਾਂ ਲਈ ਕੌਮੀ ਵਿਰਾਸਤ ਜਾਂ ਦੇਸ਼ ਦੇ ਗੌਰਵ ਦੇ ਕੋਈ ਨਹੀਂ ਅਰਥ। ਖੁਦ ਦੀ ਬੋਲੀ ਲਾਉਣ ਵਾਲੇ ਬੇਜ਼ਮੀਰੇ ਹੁੰਦੇ।
ਜ਼ਮੀਰ ਕਿਸੇ ਕੌਮ ਦੀ ਪਛਾਣ। ਉਹ ਜਿੰਦ ਵੇਚ ਕੇ ਵੀ ਜ਼ਮੀਰ ‘ਤੇ ਦਾਗ ਨਹੀਂ ਲੱਗਣ ਦਿੰਦੇ। ‘ਕੇਰਾਂ ਕਿਸੇ ਕੰਪਨੀ ਦਾ ਗੋਰਾ ਮਕੈਨਿਕ ਵਿਦੇਸ਼ ਵਿਚ ਕਿਸੇ ਪੰਜਾਬੀ ਦੇ ਘਰ ਏ. ਸੀ. ਠੀਕ ਕਰਨ ਆਇਆ। ਜਾਣ ਲੱਗਿਆਂ ਉਸ ਨੇ ਕੰਪਨੀ ਦਾ ਕਾਰਡ ਦਿਤਾ ਤਾਂ ਕਿ ਲੋੜ ਪੈਣ ‘ਤੇ ਫਿਰ ਸੱਦਿਆ ਜਾ ਸਕੇ। ਪੰਜਾਬੀ ਕਹਿਣ ਲੱਗਾ, ਤੂੰ ਸਾਨੂੰ ਆਪਣਾ ਨਿੱਜੀ ਨੰਬਰ ਦੇ। ਕੰਪਨੀ ਦੀ ਥਾਂ ਤੂੰ ਹੀ ਆ ਜਾਵੀਂ ਤੇ ਖੁਦ ਪੈਸੇ ਬਣਾਈਂ। ਗੋਰਾ ਮਕੈਨਿਕ ਕਹਿਣ ਲੱਗਾ, ਮੈਂ ਕੰਪਨੀ ਲਈ ਕੰਮ ਕਰਦਾ ਹਾਂ ਤੇ ਕੰਪਨੀ ਵਲੋਂ ਹੀ ਆਵਾਂਗਾ। ਮੈਂ ਨਿੱਜੀ ਸੁਆਰਥ ਲਈ ਕੰਪਨੀ ਦੀ ਸਾਖ ਨੂੰ ਦਾਗੀ ਨਹੀਂ ਕਰ ਸਕਦਾ। ਮੇਰੇ ਲਈ ਮੇਰੀ ਜ਼ਮੀਰ ਤੇ ਕੰਪਨੀ ਅਹਿਮ ਹੈ। ਦਰਅਸਲ ਅਜੋਕਾ ਮਨੁੱਖ ਅਜਿਹਾ ਹੀ ਕਰ ਰਿਹਾ ਹੈ। ਉਹ ਅਦਾਰੇ ਦੇ ਨਾਂ ‘ਤੇ ਖੁਦ ਦਾ ਫਾਇਦਾ ਕਰਦਾ, ਕਈ ਵਾਰ ਸਮੁੱਚੇ ਅਦਾਰੇ ਨੂੰ ਵੇਚ ਜਾਂਦਾ। ਮਰੀਆਂ ਜ਼ਮੀਰਾਂ ਵਾਲੇ ਲੋਕ ਅਜਿਹੀ ਕਮੀਨਗੀ ‘ਤੇ ਫਖਰ ਕਰਨ ਲੱਗ ਪੈਣ ਤਾਂ ਮਨੁੱਖਤਾ ਕਿੰਜ ਜਿਉਂਦੀ ਰਹੇਗੀ?
ਜ਼ਮੀਰ ਵਾਲੇ ਲੋਕਾਂ ਲਈ ਕੱਖਾਂ ਦੀ ਕੁੱਲੀ ਵੀ ਮਹੱਲ ਦਾ ਅਹਿਸਾਸ। ਰੁੱਖੀ ਮਿੱਸੀ ਰੋਟੀ ਵਿਚੋਂ ਵੀ ਲੱਜਤ ਅਤੇ ਲਬਰੇਜ਼ਤਾ, ਮਨ-ਬੀਹੀ ਦੀ ਦਸਤਕ। ਉਨ੍ਹਾਂ ਲਈ ਜੀਵਨੀ ਲੋੜਾਂ ਦੀ ਸੀਮਤਾ ਅਤੇ ਸੁਖਨਤਾ ਸਭ ਤੋਂ ਅਹਿਮ।
ਜ਼ਮੀਰ ਵਾਲੇ ਕਦੇ ਕੰਗਾਲ ਨਹੀਂ ਹੁੰਦੇ। ਭੋਖੜੇ ਦੇ ਅਲਫਾਜ਼ ਤੋਂ ਸੱਖਣੇ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਅਤੇ ਥੋੜ੍ਹੇ ‘ਚੋਂ ਬਹੁਤੇ ਦਾ ਅਹਿਸਾਸ ਪੈਦਾ ਕਰਨ ਵਾਲੀ ਸਿੱਖੀ-ਰਹਿਤਲ ਨੂੰ ਨਿੱਜ ਦੇ ਘੁਣ ਨੇ ਖਾ ਲਿਆ। ਸਮੁੱਚੀ ਲੋਕਾਈ ਹੀ ਜ਼ਮੀਰ-ਹੀਣਤਾ ਵਿਚੋਂ ਖੁਦ ਨੂੰ ਪਰਿਭਾਸ਼ਤ ਅਤੇ ਵਿਸਥਾਰਨ ਲੱਗ ਪਈ ਏ, ਜੋ ਸਾਡੇ ਸਮਿਆਂ ਦਾ ਸਿਤਮ ਬਣ ਗਿਆ ਏ।
ਜ਼ਮੀਰ ਜਾਇਦਾਦ ਦੀ ਮੁਥਾਜ ਨਹੀਂ, ਸਗੋਂ ਜਜ਼ਬਿਆਂ ਦੀ ਬਾਂਦੀ। ਰੁਤਬਿਆਂ ਦੇ ਪੈਰ ਨਹੀਂ ਚੁੰਮਦੀ ਸਗੋਂ ਖੁਦ ਰੁਤਬਿਆਂ ਦਾ ਰੁਤਬਾ। ਹੀਣਤਾ ਦਾ ਉਗ ਰਿਹਾ ਭਰਮ ਨਹੀਂ ਸਗੋਂ ਹਾਸਲ ਦੀ ਹਾਜ਼ਰੀ। ਸੱਖਣੇਪਨ ਦੀ ਥਾਂ ਮਨੁੱਖ ਦਾ ਹਾਸਲ।
ਜ਼ਮੀਰਾਂ ਵਾਲੇ ਕਦੇ ਟੁੱਕੜਬੋਚ ਨਹੀਂ ਹੁੰਦੇ। ਨਹੀਂ ਲੱਗਦੀ ਉਨ੍ਹਾਂ ਦੀ ਬੋਲੀ ਅਤੇ ਨਾ ਹੀ ਉਹ ਭਾਵਾਂ ਦੀ ਮੰਡੀ ਜਾਂਦੇ। ਉਹ ਆਪਣੀ ਹੋਂਦ ਦੇ ਝੰਡਾਬਰਦਾਰ ਅਤੇ ਸਮਿਆਂ ਦਾ ਵਿਲੱਖਣ ਨਗ ਬਣਦੇ। ਸ਼ਹਿਨਸ਼ਾਹ ਵੀ ਹਮੇਸ਼ਾ ਜ਼ਮੀਰ ਵਾਲਿਆਂ ਨੂੰ ਸਲਾਮਾਂ ਕਰਦੇ।
ਜ਼ਮੀਰ ਨੂੰ ਕਦੇ ਦਾਗੀ ਨਾ ਕਰੋ ਕਿਉਂਕਿ ਜ਼ਮੀਰ ‘ਤੇ ਲੱਗਾ ਦਾਗ ਸਦੀਵ ਹੁੰਦਾ। ਤੁਹਾਡੀਆਂ ਕੀਰਤੀਆਂ ਨੂੰ ਸਦਾ ਲਈ ਮਿਟਾ ਦਿੰਦਾ। ਫਿਰ ਕੋਈ ਵੀ ਚਾਰਾ ਇਸ ਦਾਗ ਨੂੰ ਮਿਟਾਉਣ, ਲਾਹੁਣ ਜਾਂ ਧੋਣ ਵਿਚ ਕਾਰਗਾਰ ਨਹੀਂ।
ਕਲਮ ਦੀ ਜ਼ਮੀਰ ਜਾਗਦੀ ਤਾਂ ਹਰਫ ਜੁਗਨੂੰ ਬਣਦੇ। ਅਰਥਾਂ ‘ਚ ਸੂਰਜਾਂ ਦੀ ਅੱਖ ਖੁੱਲ੍ਹਦੀ। ਵਾਕਾਂ ਵਿਚ ਧੂਣੀਆਂ ਮੱਚਦੀਆਂ। ਇਬਾਰਤ ਵਿਚ ਸੁਰਖ-ਬੋਲਾਂ, ਹੌਂਸਲਿਆਂ ਤੇ ਹੰਭਲਿਆਂ ਦਾ ਅਜੂਬਾ ਸਿਰਜਿਆ ਜਾਂਦਾ।
ਧਰਮ ਦੀ ਜ਼ਮੀਰ ਜਾਗਦੀ ਤਾਂ ਅਧਰਮ ਦੀ ਬਹੁੜੀ ਨਿਕਲਦੀ। ਮਰਿਆਦਾਵਾਂ, ਪਾਖੰਡਾਂ ਅਤੇ ਕਰਮ-ਕਾਂਡ ਵਿਚ ਗੁਆਚੇ ਮਨੁੱਖ ਦੀ ਅੱਖ ਖੁੱਲ੍ਹਦੀ। ਫਿਰ ਨਾਨਕੀ ਹੋਕਰਾ ਸਮਾਜ ਵਿਚ ਨਵੀਆਂ ਤਰਜ਼ੀਹਾਂ, ਤਕਦੀਰਾਂ ਤੇ ਤਦਬੀਰਾਂ ਨਾਲ ਦਸਤਕ ਦਿੰਦਾ, ਜਿਸ ਦੀ ਹਾਕ ਹਾਕਮ ਦੀ ਨੀਂਦ ਹਰਾਮ ਕਰਦੀ।
ਮਰ ਗਈ ਜ਼ਮੀਰ ਵਾਲੇ ਆਪਣੀ ਖੁਦੀ ਦਾ ਭਾਰ ਢੋਂਦੇ। ਉਹ ਸਨਕੀ ਸੱਜਣਤਾਈ ਨੂੰ ਚੌਰਾਹੇ ਵਿਚ ਨੰਗਾ ਕਰਦੇ, ਜਦ ਉਹ ਸੱਜਣਾਂ ਨੂੰ ਫੁੱਲ ਮਾਰਦੇ। ਫਿਰ ਸੁਕਰਾਤ ਦੀ ਰੂਹ ਕੁਰਲਾਉਂਦੀ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’
ਜ਼ਮੀਰ ਮਰਦੀ ਤਾਂ ਸਮਾਜ ਸੰਤਾਪਿਆ ਜਾਂਦਾ। ਪਰਿਵਾਰਕ ਸਾਂਝਾਂ ਗਰਕ ਜਾਂਦੀਆਂ। ਅਜਿਹੇ ਵਕਤ ਕੌਮ ਤੇ ਦੇਸ਼ ਦੇ ਸਿਰ ‘ਤੇ ਮੰਡਰਾ ਰਹੀ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ।
ਜ਼ਮੀਰ ਜਾਗ ਪਵੇ ਤਾਂ ਪੈਰਾਂ ਵਿਚ ਸਫਰ ਮਚਲਦਾ। ਹਾਦਸੇ, ਹਿੰਮਤ ‘ਚ ਬਦਲਦੇ। ਮਰਨ-ਰੁੱਤ ਦੇ ਨਾਮ ਬਹਾਰਾਂ ਹੁੰਦੀਆਂ। ਫੁੱਲਾਂ ਦੀ ਮਹਿਕ ਤੇ ਰੰਗਤਾ ਅਰੋਕ ਹੋ ਜਾਂਦੀ।
ਜ਼ਮੀਰ ਦਾ ਹੁੰਗਾਰਾ ਸੁਣਨ ਵਾਲਾ ਵਿਅਕਤੀ, ਸਮਿਆਂ ਦਾ ਸ਼ਾਹ-ਅਸਵਾਰ। ਉਹ ਆਵੇਸ਼ ਨੂੰ ਅਗਵਾਈ ਵਿਚ ਤਬਦੀਲ ਕਰਦਾ। ਉਸ ਦੀ ਕਿਰਤ ਤੇ ਕਰਮਯੋਗਤਾ ਨੂੰ ਸਲਾਮਾਂ ਹੁੰਦੀਆਂ। ਨਵੀਂ ਤਹਿਜ਼ੀਬ ਉਸ ਦੀਆਂ ਬਲਾਵਾਂ ਉਤਾਰਦੀ।
ਜ਼ਮੀਰ ਜਾਗਦੀ ਰੱਖਣ ਵਾਲੇ ਲੋਕ ਬਹੁਤ ਕੀਮਤੀ ਤੇ ਅਹਿਮ। ਉਹ ਯੁਗ ਪਲਟਾਊ ਹੁੰਦੇ। ਉਨ੍ਹਾਂ ਦੀ ਤਮੰਨਾ ਤੇ ਤਰਜ਼ੀਹ ਨਿੱਜ ਤੋਂ ਪਾਰ ਦਾ ਸਫਰ ਕਰਦੀ। ਉਹ ਸਰਬੱਤ ਦੇ ਭਲੇ ਦੇ ਸੱਚੇ-ਸੁੱਚੇ ਵਾਰਸ।
ਜਾਗਦੀ ਜ਼ਮੀਰ ਵਾਲੇ ਲੋਕਾਂ ਲਈ ਰਿਸ਼ਤਿਆਂ ਦੀ ਪਾਕੀਜ਼ਗੀ, ਪਾਕ-ਬੰਧਨ ਅਤੇ ਸੁੱਚੇ-ਸਬੰਧਾਂ ਵਿਚਲੀ ਸਾਦਗੀ ਤੇ ਸਪੱਸ਼ਟਤਾ, ਸ਼੍ਰੇਸ਼ਟ ਧਰਮ। ਉਨ੍ਹਾਂ ਦੇ ਦੀਦਿਆਂ ਵਿਚ ਸ਼ਰਮ ਅਤੇ ਸਮਾਜ ਦਾ ਨਿਰਮਲ ਭੈਅ ਤਰਦਾ। ਉਹ ਸਮਾਜ ਦੀਆਂ ਮਾਣਮੱਤੀਆਂ ਰਹੁ-ਰੀਤਾਂ ਅਤੇ ਮਰਿਆਦਾਵਾਂ ਨੂੰ ਤਨਦੇਹੀ ਨਾਲ ਨਿਭਾਉਂਦੇ।
ਜਿਉਂਦੀ ਜ਼ਮੀਰ ਤਾਂ ਆਤਮਾ ਜਾਗੇ, ਸੱਚ ਭਰੇ ਅੰਗੜਾਈ। ਸਾਹਾਂ ਦੀ ਨਗਰੀ ਵਿਚ ਵਸੇਂਦੀ, ਮਹਿਕਾਂ ਦੀ ਹਰਜ਼ਾਈ। ਸਮਿਆਂ ਦੀ ਤੰਦੀ ‘ਤੇ ਪੈਂਦੇ, ਸੁੱਚੇ ਤੰਦ ਲੰਮੇਰੇ। ਉਨ੍ਹਾਂ ਦੇ ਮਸਤਕ ਬਨੇਰਿਓਂ, ਉਤਰਨ ਸੁਰਖ-ਸਵੇਰੇ। ਘਰ ਦੀਆਂ ਕੰਧਾਂ ਲਈ ਬਣਨ, ਉਹ ਸੱਚੀਆਂ ਅਰਦਾਸਾਂ। ਹਰ ਕਮਰੇ ਤੇ ਹਰ ਨੁੱਕਰ ਵਿਚ, ਨਿੱਤ ਉਗਾਵਣ ਆਸਾਂ। ਵਿਹੜੇ ਦੀ ਵਡਿਆਈ ਬਣਦੇ, ਦਰਾਂ ‘ਤੇ ਬੰਨੇ ਪੱਤੇ। ਸਿਰੀਂ ਉਨ੍ਹਾਂ ਦੇ ਸੋਹਣ ਦਸਤਾਰਾਂ, ਤੇ ਸਾਲੂ ਸੰਗਾਂ ਰੱਤੇ। ਮਾਂਵਾਂ ਦੀਆਂ ਮੰਨਤਾਂ ਦੀ ਹੁੰਦੇ, ਉਹ ਅਜ਼ਲੀ ਦੁਆ। ਘਰ-ਚਿਰਾਗ ਦੀ ਰੌਸ਼ਨ-ਆਭੇ, ਮੌਲੇ ਮਲੂਕੜਾ ਚਾਅ। ਅੰਬਰ-ਛੱਤ ‘ਚੋਂ ਚਾਨਣ ਚੋਵੇ, ਤੇ ਬੱਦਲਾਂ ਪੱਲਿਓਂ ਨੀਰ। ਫਿਜ਼ਾ ਇੱਤਰਾਂ ਸੰਗ ਨਹਾਉਂਦੀ, ਬਣ ਬਿਰਖਾਂ ਦੀ ਤਕਦੀਰ। ਉਨ੍ਹਾਂ ਦੀ ਮਸਤਕ ਬੀਹੀ ਵਿਚ ਤੁਰਦਾ, ਤਾਰਾ ਅਨਹਦੀ ਤੋਰ। ਨੈਣੋਂ ਡੋਲੇ ਬੁੱਕਾਂ ਭਰ ਕੇ, ਸਭ ਦਰਾਂ ਲਈ ਲੋਰ। ਜ਼ਮੀਰ ਨਹੀਂ ਜਨਮ ਤੋਂ ਮਿਲਦੀ, ਇਹ ਕਮਾਉਣੀ ਪੈਂਦੀ। ਕਈ ਵਾਰ ਤਾਂ ਇਸ ਦੇ ਬਦਲੇ, ਜਿੰਦ ਵਟਾਉਣੀ ਪੈਂਦੀ। ਜ਼ਮੀਰ, ਜਿਉਣ ਦਾ ਮੂਲ-ਮੰਤਰ, ਤੇ ਜੀਵਨ ਦੀ ਜਾਚ। ਕਦੇ ਨਾ ਇਸ ‘ਤੇ ਪੈਣ ਝਰੀਟਾਂ, ਕਦੇ ਨਾ ਆਵੇ ਆਚ। ਇਸ ਦੀਆਂ ਸੁੱਖਾਂ ਜੇ ਲੋਕਾਈ ਹਿਰਦੇ ਵਿਚ ਮਨਾਵੇ, ਤਾਂ ਜ਼ਮੀਰ ਦਾ ਰੰਗਲਾ ਬਿਰਖ ਵਿਹੜੇ ਦੀ ਸ਼ਾਨ ਵਧਾਵੇ।
ਜ਼ਮੀਰ ਜਦ ਮਨੁੱਖੀ ਚੇਤਨਾ ਦਾ ਹਿੱਸਾ ਬਣ ਜਾਵੇ ਤਾਂ ਮਨੁੱਖ ਸੁਚੇਤ ਹੋ, ਆਲੇ-ਦੁਆਲੇ ਵਿਚ ਵਾਪਰਦੀ ਹਰ ਕ੍ਰਿਆ/ਘਟਨਾ ਨੂੰ ਵਾਚਦਾ ਅਤੇ ਇਸ ਦੀ ਸੂਖਮਤਾ ਵਿਚੋਂ ਜੀਵਨ-ਨਾਦ ਨੂੰ ਨਿਰਦੇਸ਼ ਦਿੰਦਾ। ਪਾਕ ਜ਼ਮੀਰ ਹੀ ਔਕੜਾਂ ਅਤੇ ਕਠਿਨਾਈਆਂ ਵਿਚ ਉਸ ਦੀ ਸ਼ਕਤੀ ਬਣਦੀ।
ਕਈ ਵਾਰ ਜ਼ਮੀਰ ਨੂੰ ਜ਼ਿੰਦਾ ਰੱਖਣ ਲਈ ਪੀੜ ਦੀ ਕੁਠਾਲੀ ‘ਚੋਂ ਗੁਜ਼ਰਨਾ ਜ਼ਰੂਰੀ। ਇਹ ਜ਼ਮੀਰ ਦਾ ਕ੍ਰਿਸ਼ਮਾ ਹੀ ਸੀ ਕਿ ਨਿੱਕੇ ਨਿੱਕੇ ਸਾਹਿਬਜਾਦੇ ਨੀਂਹਾਂ ਵਿਚ ਚਿਣੇ ਜਾਣ ‘ਤੇ ਮਾਣ ਮਹਿਸੂਸ ਕਰਦੇ, ਖੋਪਰੀ ਲੁਹਾ ਕੇ ਮੁਸਕਰਾਉਂਦਾ ਸੀ ਭਾਈ ਤਾਰੂ ਸਿੰਘ ਅਤੇ ਸਰਬੰਸਦਾਨੀ ਨੇ ਪਰਿਵਾਰ ਨੂੰ ਵਾਰ ਕੇ ਸ਼ੁਕਰਗੁਜ਼ਾਰੀ ਵਿਚੋਂ ਜੀਵਨ ਨੂੰ ਨਵੇਂ ਸਿਰੇ ਤੋਂ ਵਿਉਂਤਿਆ।
ਜ਼ਮੀਰ ਤਾਂ ਜਾਗਦੀ ਜੇ ਸਾਡਾ ਅੰਤਰੀਵ ਜਾਗਦਾ। ਇਹ ਅੰਦਰੂਨੀ ਤਾਕਤ ਦਾ ਪ੍ਰਚੰਡ ਰੂਪ। ਸਰੀਰਕ ਮਜ਼ਬੂਤੀ ਜਾਂ ਕਮਜੋ.ਰੀ ਦਾ ਪ੍ਰਗਟਾਵਾ ਨਹੀਂ। ਅੰਦਰੋਂ ਮਜ਼ਬੂਤ ਹੋਣ ਵਾਲੇ ਲੋਕਾਂ ਦੀ ਜਾਗਦੀ ਜ਼ਮੀਰ ਹਾਥੀਆਂ ਨਾਲ ਵੀ ਮੁਕਾਬਲਾ ਕਰਦੀ। ਕੁਝ ਕੁ ਯੋਧੇ ਹਜ਼ਾਰਾਂ ਦੁਸ਼ਮਣਾਂ ਸਾਹਮਣੇ ਢਾਲ ਬਣ ਖੜੋਂਦੇ। ਅੰਦਰ ਨੂੰ ਮਜ਼ਬੂਤ ਕਰੋ, ਬਾਹਰੀ ਮਜ਼ਬੂਤੀ ਇਸ ਦੀ ਮੁਥਾਜ ਆ।
ਮਰੀ ਹੋਈ ਜ਼ਮੀਰ ਨੂੰ ਜਾਗਦੀ ਜ਼ਮੀਰ ਵਿਚ ਬਦਲਣ ਦਾ ਕ੍ਰਿਸ਼ਮਾ ਜਦ ਖਾਲਸਾ ਸਿਰਜਣਾ ਰਾਹੀਂ ਪ੍ਰਗਟ ਹੁੰਦਾ ਤਾਂ ਕੋਈ ਕਿਆਸ ਵੀ ਨਹੀਂ ਸਕਦਾ ਕਿ ਇਹ ਕੌਮ ਜ਼ਾਬਰਾਂ ਦੀਆਂ ਜ਼ਰਬਾਂ ਨੂੰ ਮਸਲਣ ਅਤੇ ਆਪਣੀ ਖੁਦੀ ਨੂੰ ਪ੍ਰਚੰਡ ਕਰਨ ਵਿਚ ਨਵੀਂ ਬੁਲੰਦਗੀ ਦਾ ਸਿਰਨਾਵਾਂ ਬਣੇਗੀ।
ਕੌਮ ਦੀ ਤਕਦੀਰ ਉਦੋਂ ਹੀ ਬਦਲਦੀ ਜਦ ਕੌਮ ਦੇ ਵਾਰਸਾਂ ਦੀ ਜ਼ਮੀਰ ਨੂੰ ਹੋਂਦ ਦਾ ਅਹਿਸਾਸ ਹੁੰਦਾ। ਉਹ ਆਪਣੀ ਹੋਣੀ ਤੇ ਹੋਂਦ ਨੂੰ ਨਵੀਂ ਪਰਿਭਾਸ਼ਾ ਦਿੰਦੇ।
ਜ਼ਮੀਰ ਦੀ ਜ਼ਿਆਰਤ ਕਰਨ ਵਾਲੇ, ਆਪਣੇ ਜੀਵਨ ਦੇ ਖੁਦ ਸਿਰਜਣਹਾਰੇ। ਜ਼ਮੀਰ ਹੀ ਨਿਰਧਾਰਤ ਕਰਦੀ ਏ ਕਿ ਮਨੁੱਖ ਕਿਹੋ ਜਿਹਾ ਏ? ਉਸ ਦੀ ਔਕਾਤ ਤੇ ਅਹਿਲੇਪਣ ਦੇ ਕੀ ਅਰਥ ਨੇ?
ਜ਼ਮੀਰ ਸੁੱਤੀ ਹੁੰਦੀ ਤਾਂ ਮਨੁੱਖ ਦੀ ਪਸੂ-ਬਿਰਤੀ ਜਾਗਦੀ। ਜ਼ਬਰ-ਜਨਾਹ, ਕਤਲ, ਕੁਕਰਮ ਤੇ ਕੁਲਹਿਣੇ ਵਿਚਾਰ, ਕਰਮ-ਧਰਾਤਲ ਬਣਦੇ। ਜਦ ਜ਼ਮੀਰ ਨੂੰ ਕੋਈ ਹਲੂਣਦਾ ਤਾਂ ਉਹ ਇਨਸਾਨੀਅਤ ਦਾ ਪੈਰੋਕਾਰ ਬਣ, ਇਨਸਾਨ ਬਣਨ ਦੇ ਰਾਹ ਤੁਰਦਾ।
ਕੁਝ ਲੋਕ ਅੱਖਾਂ ਖੁੱਲ੍ਹੀਆਂ ਰੱਖ ਕੇ ਵੀ ਅੰਨ੍ਹੇ ਹੁੰਦੇ, ਜਦਕਿ ਕੁਝ ਜੋਤ-ਹੀਣ ਹੋ ਕੇ ਚਾਰ-ਚੁਫੇਰੇ ਦੀ ਨਜ਼ਰ ਰੱਖਦੇ। ਜਿੰਦਾ ਜ਼ਮੀਰਾਂ ਦੇ ਫੈਸਲੇ, ਕੌਮਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ।
ਜ਼ਮੀਰ ਦੀ ਅਵੱਗਿਆ ਨਾਲੋਂ ਮੌਤ ਦੀ ਤੰਦੀ ‘ਤੇ ਲਟਕਣਾ ਜਦ ਕਿਸੇ ਵਿਅਕਤੀ ਦੀ ਤਰਜ਼ੀਹ ਬਣ ਜਾਵੇ ਤਾਂ ਹਾਕਮ ਦੇ ਪੈਰਾਂ ਹੇਠੋਂ ਮਿੱਟੀ ਖਿਸਕਣੀ ਸ਼ੁਰੂ ਹੋ ਜਾਂਦੀ। ਜ਼ਮੀਰ, ਇਨਕਲਾਬ ਦੀ ਨੀਂਹ ਹੁੰਦੀ।
ਜ਼ਮੀਰ, ਧਿਆਨ ਅਤੇ ਸ਼ਕਤੀ ਨੂੰ ਸਾਕਾਰਾਤਮਕ ਰੂਪ ਵਿਚ ਸੁਚਾਰੂ ਉਦਮ ਲਈ ਵਰਤਦਿਆਂ ਨਵੀਂਆਂ ਪ੍ਰਾਪਤੀਆਂ ਸਿਰਜੀਆਂ ਜਾਂਦੀਆਂ। ਇਤਿਹਾਸ ਸਿਰਫ ਜਾਗਦੀ ਜ਼ਮੀਰ ਵਾਲੇ ਲੋਕ ਹੀ ਸਿਰਜਦੇ। ਮਰੀ ਜ਼ਮੀਰ ਵਾਲੇ ਤਾਂ ਕਬਰਾਂ ਹੁੰਦੇ ਜਿਸ ‘ਤੇ ਕੋਈ ਦੀਵਾ ਵੀ ਨਹੀਂ ਜਗਾਉਂਦਾ।
ਜ਼ਮੀਰ ਨੂੰ ਜਿਉਂਦੀ ਰੱਖਣਾ, ਤੁਸੀਂ ਹਮੇਸ਼ਾ ਜਿਉਂਦੇ ਰਹੋਗੇ।