ਲਿਖਣ-ਲਿਖਾਉਣ ਦਾ ਲੇਖਾ

ਬਲਜੀਤ ਬਾਸੀ
ਕੁਝ ਲਿਖ ਕੇ ਪ੍ਰਗਟ ਕਰਨ ਦੀ ਪਰਿਪਾਟੀ ਵਿਕਾਸ ਦੇ ਕਈ ਦੌਰਾਂ ਵਿਚੋਂ ਗੁਜ਼ਰੀ ਹੈ। ਹੁਣ ਤਾਂ ਹਾਲਤ ਇਥੋਂ ਤੱਕ ਪਹੁੰਚ ਚੁਕੀ ਹੈ ਕਿ ਬਹੁਤ ਸਾਰੇ ਲੋਕ ਕਲਮ, ਪੈਨ ਆਦਿ ਨਾਲ ਲਿਖਣਾ ਵੀ ਭੁੱਲ ਗਏ ਜਾਂ ਛੱਡ ਗਏ ਹਨ। ਅੱਜ ਬਹੁਤੇ ਲੋਕ ਸਿੱਧਾ ਕੰਪਿਊਟਰ ਦੇ ਕੀ-ਬੋਰਡ ‘ਤੇ ਟਿਕ-ਟਿਕ ਕਰਕੇ ਹੀ ਮਨ ਦੀ ਗੱਲ ਸਕਰੀਨ ‘ਤੇ ਉਤਾਰਨ ਲੱਗ ਪਏ ਹਨ, ਹਾਲਾਂ ਕਿ ਇਸ ਵਰਤਾਰੇ ਨੂੰ ਵੀ ਅਸੀਂ ਲਿਖਣਾ ਹੀ ਆਖਦੇ ਹਾਂ। ਇਸ ਤਰ੍ਹਾਂ ਕੰਪਿਊਟਰ ‘ਤੇ ਹੀ ਉਂਗਲਾਂ ਚਲਾ ਕੇ ਢੇਰ ਕਿਤਾਬਾਂ ਰਚਣ ਵਾਲੇ ਲੋਕ ਵੀ ਲੇਖਕ ਹੀ ਅਖਵਾਉਂਦੇ ਹਨ। ਕੁਝ ਹੋਰ ਸਮਾਂ ਲੰਘ ਲੈਣ ਦਿਓ, ਸ਼ਾਇਦ ਬਾਕੀ ਸਾਰੇ ਵੀ ਕਾਗਜ਼ ‘ਤੇ ਲਿਖਣਾ ਛੱਡ ਜਾਣਗੇ। ਕੰਪਿਊਟਰ ਦੀ ਟਿਕ-ਟਿਕ ‘ਤੇ ਹੀ ਟਿਕੇ ਕਈ ਭੱਦਰ ਪੁਰਸ਼ਾਂ ਦੀ ਲਿਖਾਈ ਵੀ ਵਿਗੜਦੀ ਜਾ ਰਹੀ ਹੈ। ਸਾਡੇ ਵੇਲਿਆਂ ਵਿਚ ਖੁਸ਼ਖਤ ਲਿਖਣਾ ਪੜ੍ਹਾਈ ਵਿਚ ਇੱਕ ਲਿਆਕਤ ਮੰਨੀ ਜਾਂਦੀ ਸੀ। ਕਈ ਵਾਰੀ ਤਾਂ ਵਧੀਆ ਲਿਖਾਈ ਦੇ ਅਲੱਗ ਨੰਬਰ ਮਿਲਦੇ ਸਨ।

ਪ੍ਰਾਚੀਨ ਵਿਚ ਜਦ ਲਿਖਣ ਦੀ ਕਾਢ ਨਹੀਂ ਸੀ ਨਿਕਲੀ ਤਾਂ ਦੂਜਿਆਂ ਨੂੰ ਸੰਚਾਰਤ ਕਰਨ ਅਤੇ ਭਵਿੱਖ ਲਈ ਸਾਂਭਣ ਵਾਲੀਆਂ ਸਾਰੀਆਂ ਕੰਮ ਦੀਆਂ ਗੱਲਾਂ ਕਵਿਤਾ ਵਿਚ ਰਚੀਆਂ ਜਾਂਦੀਆਂ ਸਨ। ਇਸੇ ਲਈ ਕਿਹਾ ਜਾਂਦਾ ਹੈ ਕਿ ਸਾਹਿਤ ਦੀ ਵਿਧਾ ਵਜੋਂ ਕਵਿਤਾ ਨੇ ਵਾਰਤਕ ਤੋਂ ਪਹਿਲਾਂ ਜਨਮ ਲਿਆ। ਤਾਲ, ਲੈਅ, ਤੁਕਾਂਤ ਵਿਚ ਰਚੀ ਕਵਿਤਾ ਨੂੰ ਯਾਦ ਰੱਖਣਾ ਆਸਾਨ ਹੁੰਦਾ ਹੈ। ਬ੍ਰਾਹਮਣ ਲੋਕ ਪੁਰਾਣੇ ਰਿਸ਼ੀਆਂ ਵਲੋਂ ਰਚੇ ਮਣਾਂ-ਮੂੰਹੀਂ ਵੇਦ ਤੇ ਹੋਰ ਗ੍ਰੰਥ ਮੂੰਹ ਜ਼ੁਬਾਨੀ ਰਟ ਲੈਂਦੇ ਸਨ। ਅਸੀਂ ਜਾਣਦੇ ਹਾਂ ਕਿ ਪਹਿਲਾਂ ਪੰਖਾਂ, ਖਾਸ ਤੌਰ ‘ਤੇ ਮੋਰ-ਪੰਖਾਂ ਦੀਆਂ ਡੰਡੀਆਂ ਨਾਲ ਲਿਖਿਆ ਜਾਂਦਾ ਸੀ। ਅੰਗਰੇਜ਼ੀ ਪੈਨ ਸ਼ਬਦ ਪ੍ਰਾਚੀਨ ਲਾਤੀਨੀ ਦੇ ਉਸ ਸ਼ਬਦ ਤੋਂ ਵਿਕਸਿਤ ਹੋਇਆ ਹੈ, ਜੋ ਖੰਭ ਦਾ ਸੂਚਕ ਸੀ। ਪੈਨ ਤੇ ਪੰਖ ਸਜਾਤੀ ਸ਼ਬਦ ਹਨ।
ਲਿਖਣ ਦਾ ਕੰਮ ਪਹਿਲਾਂ ਭੋਜ-ਪੱਤਰਾਂ ਤੇ ਖੱਲਾਂ ਆਦਿ ਉਤੇ ਹੁੰਦਾ ਸੀ। ਮੱਧ ਯੁੱਗ ਵਿਚ ਕਾਗਜ਼ ਦੇ ਪ੍ਰਚਲਿਤ ਹੋ ਜਾਣ ਨਾਲ ਇਹ ਕਾਗਜ਼ ‘ਤੇ ਹੋਣ ਲੱਗ ਪਿਆ, ਪਰ ਲਿਖਣ ਜਿਹਾ ਕਾਰਜ ਇਸ ਤੋਂ ਵੀ ਬਹੁਤ ਪਹਿਲਾਂ ਦਾ ਹੈ, ਜੋ ਪੱਥਰ, ਲੱਕੜ, ਧਾਤ ਆਦਿ ‘ਤੇ ਕੀਤਾ ਜਾਂਦਾ ਸੀ। ਸਪੱਸ਼ਟ ਹੈ ਕਿ ਅਜਿਹੇ ਸਖਤ ਧਰਾਤਲ ‘ਤੇ ਖੰਭ ਜਾਂ ਕਲਮ ਆਦਿ ਨਾਲ ਨਹੀਂ ਸੀ ਲਿਖਿਆ ਜਾ ਸਕਦਾ। ਇਹ ਦੌਰ ਉਕਰਨ, ਖੁਣਨ ਜਾਂ ਖੁਰਚਣ ਦਾ ਸੀ।
ਲਿਖਣਾ ਸ਼ਬਦ ਸੰਸਕ੍ਰਿਤ ਧਾਤੂ ‘ਲਿਖ’ ਨਾਲ ਸਬੰਧਿਤ ਹੈ, ਜਿਸ ਵਿਚ ਲਕੀਰ ਖਿੱਚਣਾ, ਵਾਹੁਣਾ, ਘਸੀਟਣਾ, ਝਰੀਟਣਾ, ਉਕਰਨਾ, ਕੁਰੇਦਣਾ, ਖੁਰਚਣਾ, ਰਾਹੁਣਾ ਆਦਿ ਦੇ ਭਾਵ ਹਨ। ਇਸ ਦਾ ਮਤਲਬ ਹੈ ਕਿ ਪਹਿਲਾਂ ਪੱਥਰ ਆਦਿ ਨੂੰ ਝਰੀਟਣ ਜਾਂ ਉਕਰਨ ਲਈ ‘ਲਿਖਣ’ ਸ਼ਬਦ ਦੀ ਵਰਤੋਂ ਹੁੰਦੀ ਸੀ। ਸੰਸਕ੍ਰਿਤ ਵਿਚ ਲਿਖ ਦਾ ਇੱਕ ਅਰਥ ਚਿੱਤਰਨਾ ਵੀ ਹੈ, ਕਿਉਂਕਿ ਚਿੱਤਰਕਾਰੀ ਵੀ ਲਕੀਰਾਂ ਵਾਹੁਣ ਵਾਲਾ ਹੀ ਕੰਮ ਹੈ। ਇਸ ਦਾ ਇੱਕ ਹੋਰ ਅਰਥ ਹੈ, ਇਸਤਰੀ ਨੂੰ ਭੋਗਣਾ, ਪੰਜਾਬੀ ਵਿਚ ਵਾਹੁਣਾ ਕਹਿੰਦੇ ਹਨ। ਅੱਜ ਲਿਖਣ ਦਾ ਭਾਵ ਕੁਰੇਦਣਾ, ਖੁਰਚਣਾ ਨਾ ਹੋ ਕੇ ਕਾਗਜ਼ ਆਦਿ ‘ਤੇ ਕਲਮ ਆਦਿ ਨਾਲ ਝਰੀਟਣ ਦਾ ਹੀ ਰਹਿ ਗਿਆ ਹੈ, ‘ਲਿਖੁ ਲੇਖਣਿ ਕਾਗਦਿ ਮਸਵਾਣੀ॥’ (ਗੁਰੂ ਅਰਜਨ ਦੇਵ)। ਹਾਂ, ਕਿਸੇ ਵੀ ਵਿਸ਼ੇ ‘ਤੇ ਲਿਖਤ ਰਚਣ ਨੂੰ ਵੀ ਲਿਖਣਾ ਕਿਹਾ ਜਾਂਦਾ ਹੈ, ਜਿਵੇਂ ‘ਜਸਵੰਤ ਸਿੰਘ ਕੰਵਲ ਨਾਵਲ ਲਿਖਦਾ ਹੈ।’
ਲਿਖਣਾ ਸ਼ਬਦ ਦੇ ਅਰਥਾਂ ਵਿਚ ਵਿਸਥਾਰ ਹੋਇਆ ਹੈ। ਵਿਧਾਤਾ ਵਲੋਂ ਬੰਦੇ ਨੂੰ ਬਖਸ਼ੀ ਕਿਸਮਤ ਨੂੰ ਵੀ ਉਸ ਵਲੋਂ ‘ਲਿਖਿਆ’ ਕਿਹਾ ਜਾਂਦਾ ਹੈ, ‘ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ॥’ (ਗੁਰੂ ਨਾਨਕ ਦੇਵ)। ਅੱਜ ਦੇ ਯੁੱਗ ਵਿਚ ਕਿਸੇ ਮਨੁੱਖ ਦੀ ਸ਼ਖਸੀਅਤ ਦੀ ਵਿਸ਼ੇਸ਼ਤਾ ਦਰਸਾਉਂਦੇ ਡੀ. ਐਨ. ਏ. ਨੂੰ ਵੀ ਧੁਰੋਂ ਲਿਖਿਆ ਕਿਹਾ ਜਾ ਸਕਦਾ ਹੈ। ਜੋਤਿਸ਼ ਵਿਚ ਲਿਖਣਾ ਸ਼ਬਦ ਦੇ ਇਹ ਅਰਥ ਹੋਰ ਨਿਖਰੇ ਕਿਉਂਕਿ ਹੱਥ ਦੀਆਂ ਲਕੀਰਾਂ ਨੂੰ ਬੰਦੇ ਦੇ ਭਾਗ ਸਮਝਿਆ ਗਿਆ। ਇਸ ਤਰ੍ਹਾਂ ਜੋਤਿਸ਼ ਵਿਚ ਹਸਤ-ਰੇਖਾ ਨਾਂ ਦੀ ਇਕ ਵੱਖਰੀ ਪ੍ਰਣਾਲੀ ਉਭਰ ਆਈ। ਲਿਖ ਤੋਂ ਬਣੇ ਸ਼ਬਦ ਲੇਖ ਦਾ ਅਰਥ ਹੀ ਕਿਸਮਤ, ਭਾਗ, ਨਸੀਬ ਹੋ ਗਿਆ ਹੈ। ਸ਼ਾਹ ਹੁਸੈਨ ਦੇ ਸ਼ਬਦਾਂ ਵਿਚ,
ਲਿਖੇ ਲੇਖ ਦੀ ਡੋਰ ਨੂੰ ਜ਼ੋਰ ਡਾਢਾ
ਕਿਸੇ ਪਾਸੁ ਨਾ ਟੁੱਟਦੀ ਮੂਲ ਤੋੜੀ।
ਹਾਸ਼ਮ ਸ਼ਾਹ ਮੀਆਂ ਹੀਰ ਰਾਂਝਣੇ ਦੀ
ਵੇਖ ਲੇਖ ਬਣਾਉਂਦਾ ਆਣ ਜੋੜੀ।

ਬੁੱਲੇ ਸ਼ਾਹ ਦੇ ਲੇਖ ਵੀ ਪੜ੍ਹੋ,
ਇਸ ਬੰਸੀ ਦਾ ਲੰਮਾ ਲੇਖਾ
ਜਿਸ ਨੇ ਢੂੰਡਾ ਤਿਸ ਨੇ ਦੇਖਾ।
ਸ਼ਾਦੀ ਇਸ ਬੰਸੀ ਦੀ ਰੇਖਾ
ਏਸ ਵਜੂਦੋਂ ਸਿਫਤ ਉਠਾਈ।
ਬੰਸੀ ਕਾਹਨ ਅਚਰਜ ਬਜਾਈ।
ਅੱਜ ਕਿਸੇ ਲਿਖੀ ਹੋਈ ਵਾਰਤਕ ਜਾਂ ਨਿਬੰਧ ਨੂੰ ਲੇਖ ਕਿਹਾ ਜਾਂਦਾ ਹੈ। ਲਿਖ ਤੋਂ ਬਣੇ ਲੇਖਾ ਜਾਂ ਲੇਖਾ-ਜੋਖਾ ਸ਼ਬਦ ਵਿਚ ਹਿਸਾਬ-ਕਿਤਾਬ ਦਾ ਭਾਵ ਹੈ। ਸ਼ਾਹੂਕਾਰਾਂ ਦੇ ਵਹੀ-ਖਾਤਿਆਂ ਵਿਚ ਵਿਆਜੀ ਪੈਸੇ ਲਿਖੇ ਜਾਂਦੇ ਸਨ। ਉਂਜ ਵੀ ਕੋਈ ਹਿਸਾਬ-ਕਿਤਾਬ ਜਾਂ ਗਿਣਤੀ-ਮਿਣਤੀ ਲਿਖ ਕੇ ਕੀਤੀ ਜਾਂਦੀ ਹੈ। ਗਣਿਤ ਦੇ ਹਿੰਦਸੇ ਵੀ ਆਖਰ ਲਿਖਤ ਹੀ ਹੈ। ਇਸ ਭਾਵ ਨੂੰ ਦਰਸਾਉਂਦੀ ਕਹਾਵਤ ਹੈ, ‘ਲੇਖਾ ਮਾਂਵਾਂ-ਧੀਆਂ ਦਾ।’ ਲੇਖਾ ਦਾ ਭਾਵ ਦੇਣਦਾਰੀ ਜਿਹਾ ਵੀ ਹੈ, ਜੋ ‘ਕੋਈ ਲੇਖਾ ਦੇਣਾ’ ਮੁਹਾਵਰੇ ਤੋਂ ਪ੍ਰਗਟ ਹੁੰਦਾ ਹੈ। ਲਿਖ ਤੋਂ ਹੀ ਲਿਖਣ ਵਾਲੀ ਕਲਮ ਦੇ ਅਰਥਾਂ ਵਾਲਾ ਲੇਖਣੀ ਸ਼ਬਦ ਬਣਿਆ। ਲਿਖ ਤੋਂ ਬਣੇ ਲਿਖਾਰੀ ਸ਼ਬਦ ਦਾ ਮੁਢਲਾ ਅਰਥ ਗ੍ਰੰਥ ਸਿਰਜਣ ਵਾਲਾ ਨਹੀਂ ਬਲਕਿ ਇਸ ਨੂੰ ਕਾਗਜ਼ ‘ਤੇ ਉਤਾਰਨ ਵਾਲਾ ਹੈ, ਜੋ ਰਚੈਤਾ ਤੋਂ ਅੱਡ ਹੋ ਸਕਦਾ ਹੈ। ਗੁਰੂ ਨਾਨਕ ਦੇਵ ਨੇ ਚਿਤ ਨੂੰ ਲੇਖਾਰੀ ਕਿਹਾ ਹੈ, ਜੋ ਪਰਮਾਤਮਾ ਦਾ ਨਾਮ ਲਿਖਦਾ ਹੈ। ਅੱਜ ਆਮ ਤੌਰ ‘ਤੇ ਰਚੈਤਾ ਨੂੰ ਲੇਖਕ ਕਿਹਾ ਜਾਂਦਾ ਹੈ। ਲੇਖ ਦਾ ਵਿਪਰੀਤ ਅਲੇਖ ਹੈ, ਜਿਸ ਦਾ ਭਾਵ ਹੈ-ਜੋ ਬੇਅੰਤ ਹੈ, ਜੋ ਲੇਖੇ ਵਿਚ ਨਹੀਂ ਆ ਸਕਦਾ, ‘ਤਾਂ ਤੇ ਜਨਮ ਅਲੇਖੈ॥’ (ਭਗਤ ਕਬੀਰ)
ਲਿਖ ਦਾ ਅਪਭ੍ਰੰਸ਼ ਹੋਇਆ ਲੀਕ ਜਾਂ ਲਕੀਰ। ਪੰਜਾਬੀ ਵਿਚ ਦੋਵੇਂ ਸ਼ਬਦ ਖੂਬ ਚਲਦੇ ਹਨ। ਦੋਹਾਂ ਵਿਚ ਮੁੱਖ ਭਾਵ ਰੇਖਾ ਜਾਂ ਲਾਈਨ ਦਾ ਹੈ। ਪਹਿਲਾਂ ਦੱਸਿਆ ਜਾ ਚੁਕਾ ਹੈ ਕਿ ਲਿਖ ਵਿਚ ਘਸੀਟਣ, ਝਰੀਟਣ ਦੇ ਭਾਵ ਹਨ। ਲੀਕ ਕੁਝ ਘਸੀਟਣ ਨਾਲ ਹੀ ਖਿੱਚੀ ਜਾਂਦੀ ਹੈ। ਉਂਜ ਲਕੀਰ ਵਿਚ ਲਿਖਣ ਦੇ ਅਰਥ ਵੀ ਸਮਾਏ ਹੋਏ ਹਨ। ਮੈਨੂੰ ਯਾਦ ਹੈ, ਇਕ ਬੁੱਢੀ ਮੈਥੋਂ ਚਿੱਠੀ ਲਿਖਵਾਉਣ ਆਉਂਦੀ ਸੀ। ਚਿੱਠੀ ਵਿਚ ਕਿਤੇ ਖਾਲੀ ਜਗ੍ਹਾ ਦੇਖ ਕੇ ਕਿਹਾ ਕਰਦੀ ਸੀ, ‘ਐਥੇ ਕੁ ਹੋਰ ਲਖੀਰ ਖਿੱਚ ਦੇਹ।’ ਮਤਲਬ ਹੁੰਦਾ ਸੀ, ਹੋਰ ਲਿਖ ਦੇਹ। ਉਦੋਂ ਮੈਂ ਸੋਚਦਾ ਸਾਂ, ਉਸ ਅਨਪੜ੍ਹ ਬੁਢੜੀ ਭਾਣੇ ਲਿਖਣਾ ਉਘੜ-ਦੁਘੜੀਆਂ ਲਕੀਰਾਂ ਖਿੱਚਣਾ ਹੀ ਹੈ। ਇਥੇ ਇਹ ਗੱਲ ਵੀ ਥਾਂ ਸਿਰ ਹੈ ਕਿ ਹੱਥ ਦੀਆਂ ਲਕੀਰਾਂ ਵੀ ਲਿਖੀ ਹੋਈ ਕਿਸਮਤ ਹੀ ਸਮਝੀਆਂ ਜਾਂਦੀਆਂ ਹਨ। ਇਹ ਲਕੀਰਾਂ ਮੱਥੇ ‘ਤੇ ਵੀ ਹੁੰਦੀਆਂ ਹਨ ਤੇ ਹੱਥ ‘ਤੇ ਵੀ, ‘ਕੀ ਲਿਖਿਆ ਕਿਸੇ ਮੁਕੱਦਰ ਸੀ, ਹੱਥਾਂ ਦੀਆਂ ਚਾਰ ਲਕੀਰਾਂ ਦਾ।’ (ਸ਼ਿਵ ਕੁਮਾਰ ਬਟਾਲਵੀ)
ਲੀਕ ਤੋਂ ਲੀਹ ਸ਼ਬਦ ਵੀ ਬਣਿਆ ਹੈ। ਲੀਹ ਆਮ ਤੌਰ ‘ਤੇ ਘਿਸਟ ਰਹੇ ਰਾਹ ‘ਤੇ ਪਏ ਪਹੀਏ ਦੇ ਨਿਸ਼ਾਨ ਨੂੰ ਕਿਹਾ ਜਾਂਦਾ ਹੈ। ਇਸ ਤੋਂ ਲੀਕ/ਲੀਹ ਦਾ ਅਰਥ ਪਰੰਪਰਾ, ਰੀਤੀ ਵੀ ਹੋ ਜਾਂਦਾ ਹੈ। ਜੋ ਬਹੁਤਾ ਹੀ ਰੀਤੀਬੱਧ ਹੁੰਦਾ ਹੈ, ਉਸ ਨੂੰ ਲਕੀਰ ਦਾ ਫਕੀਰ ਕਹਿ ਦਿੱਤਾ ਜਾਂਦਾ ਹੈ। ਪਿਤਾ ਪੁਰਖੀ ਬਿਰਤੀ ਵਾਲੇ ਲੋਕ ਲੀਕੇ ਲੀਕੇ ਚਲਦੇ ਹਨ। ਇਸ ਤੋਂ ਉਲਟ ਲੋਕ ਲੀਹੋਂ ਹਟ ਕੇ ਚਲਦੇ ਹਨ। ‘ਲੀਕ ਲਾਉਣਾ’ ਵਿਚ ਕਲੰਕ ਜਾਂ ਧੱਬਾ ਲਾਉਣ ਦਾ ਭਾਵ ਹੈ। ਪੱਥਰ ‘ਤੇ ਲੀਕ ਮੇਟੀ ਨਹੀਂ ਜਾ ਸਕਦੀ, ਜਦ ਕਿ ਪਾਣੀ ਅੰਦਰ ਲੀਕ ਮਿਟ ਜਾਂਦੀ ਹੈ। ‘ਲੀਕ ਫੇਰਨੀ’ ਦਾ ਮਤਲਬ ਹੈ, ਰੱਦ ਕਰਨਾ। ਲੀਕ ਤੋਂ ਬਣੀ ਕ੍ਰਿਆ ਉਲੀਕਣਾ ਦਾ ਅਰਥ ਹੈ, ਖਾਕਾ ਬਣਾਉਣਾ।
ਲੀਕ/ਲਕੀਰ ਸ਼ਬਦ ਦਾ ਅਰਥ ਹੀ ਰੇਖਾ ਨਹੀਂ, ਸਗੋਂ ਰੇਖਾ ਸ਼ਬਦ ਇਸੇ ਦਾ ਸਕਾ ਸਬੰਧੀ ਹੈ। ਮੋਨੀਅਰ-ਵਿਲੀਅਮਜ਼ ਅਨੁਸਾਰ ਲਿਖ ਧਾਤੂ ਦਾ ਮੁਢਲਾ ਰੂਪ ਰਿਖ ਹੈ। ਇਸ ਤਰ੍ਹਾਂ ਰੇਖਾ ਤੇ ਫਿਰ ਇਸ ਦਾ ਸੰਕੁਚਿਤ ਰੁਪਾਂਤਰ ਰੇਖਾ ਸ਼ਬਦ ਇਸ ਰਿਖ ਤੋਂ ਹੀ ਵਿਉਤਪਤ ਹੋਏ ਹਨ, ‘ਕੱਜਲ ਰੇਖ ਨਾ ਸਹਿੰਦੀਆਂ॥’ (ਗੁਰੂ ਨਾਨਕ ਦੇਵ)। ਲਕੀਰ ਜਾਂ ਲੇਖਾ ਦੀ ਤਰ੍ਹਾਂ ਰੇਖ ਜਾਂ ਰੇਖਾ ਦਾ ਅਰਥ ਵੀ ਕਿਸਮਤ ਹੋ ਗਿਆ ਹੈ, ‘ਕਿਰਤ ਰੇਖ ਕਰਿ ਕਰਮਿਆ’, ਹੱਥਾਂ ਦੀ ਰੇਖਾ। ਰੇਖ ਵਿਚ ਮੇਖ ਮਾਰਨਾ ਮੁਹਾਵਰੇ ਦਾ ਅਰਥ ਹੈ, ਕਿਸਮਤ ਪਲਟ ਦੇਣਾ। ਅੱਜ ਕਲ੍ਹ ਰੇਖਾ ਸ਼ਬਦ ਦੀ ਅਗੇਤਰ ਪਿਛੇਤਰ ਵਜੋਂ ਕਰਕੇ ਕਈ ਤਕਨੀਕੀ ਪਦ ਬਣਾਏ ਗਏ ਹਨ ਜਿਵੇਂ ਰੇਖਾ ਗਣਿਤ, ਰੇਖਾ ਚਿੱਤਰ, ਕਰਕ ਰੇਖਾ, ਮਕਰ ਰੇਖਾ, ਭੂਮਧ ਰੇਖਾ, ਸਰਲ ਰੇਖਾ, ਰੂਪ-ਰੇਖਾ, ਲਛਮਣ ਰੇਖਾ, ਹਸਤ ਰੇਖਾ ਆਦਿ। ਰੇਖਾ ਤੋਂ ਰੇਖਾਂਕਣ (ਰੇਖਾ+ਅੰਕਣ) ਸ਼ਬਦ ਵੀ ਬਣਿਆ ਹੈ, ਜਿਸ ਦਾ ਅਰਥ ਹੈ-ਉਲੀਕਣਾ, ਰੇਖਾਵਾਂ ਵਾਹ ਕੇ ਕੋਈ ਸ਼ਕਲ ਬਣਾਉਣਾ; ਸ਼ਬਦ-ਚਿੱਤਰ ਬਣਾਉਣਾ।
ਅਸੀਂ ਉਪਰ ਰਿੱਖ ਧਾਤੂ ‘ਤੇ ਗੱਲ ਲੈ ਆਏ ਹਾਂ। ਅਸਲ ਵਿਚ ਰਿਖ ਦਾ ਵੀ ਇਕ ਪੂਰਵਗਾਮੀ ਰੂਪ ਹੈ, ਰਿਸ਼। ਅਸੀਂ ਪਿਛੇ ਰੁੱਤ ਅਤੇ ਰਸਦ ਵਾਲੇ ਲੇਖਾਂ ਵਿਚ ਰਿਸ਼ ਧਾਤੂ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਇਹ ਦੋਵੇਂ ਸ਼ਬਦ ਰਿਸ਼ ਨਾਲ ਜਾ ਜੁੜਦੇ ਹਨ। ‘ਰਿਸ਼’ ਧਾਤੂ ਵਿਚ ਆਉਣ ਜਾਣ, ਪਹੁੰਚਾਉਣ, ਰਸਾਈ ਕਰਨ ਦੇ ਭਾਵ ਹਨ। ਰਿਸ਼ੀ ਸ਼ਬਦ ਵੀ ਇਸੇ ਤੋਂ ਬਣਿਆ ਹੈ। ਕਹਾਣੀ ਅਜੇ ਹੋਰ ਪਿਛੇ ਤੁਰਦੀ ਹੈ। ਰਿਸ਼ ਧਾਤੂ ‘ਰਿ’ ਤੋਂ ਉਗਮਿਆ ਹੈ। ਇਨ੍ਹਾਂ ਧਾਤੂਆਂ ਵਿਚ ਨਹਿਤ ਆਉਣ-ਜਾਣ, ਪਹੁੰਚਾਉਣ ਤੋਂ ਹੀ ਉਦਮਕਾਰੀ ਕਰਮ ਖਰੋਚਣ, ਲਕੀਰ ਖਿੱਚਣ ਆਦਿ ਦੇ ਭਾਵ ਪੈਦਾ ਹੁੰਦੇ ਹਨ। ‘ਰਿ’ ਦੀ ਕਥਾ ਅਜੇ ਚਲਦੀ ਰਹੇਗੀ।