ਗਧੇ ਦੀ ਚੋਣ ਰੈਲੀ

ਭਾਰਤ ਵਿਚ ਲੋਕ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਵੱਖ ਵੱਖ ਰੰਗਾਂ ਦੇ ਸਿਆਸਤਦਾਨਾਂ ਨੇ ਲੋਕਾਂ ਦੀਆਂ ਵੋਟਾਂ ਬਟੋਰਨ ਦਾ ਹਰ ਹੀਲਾ ਵਰਤਣਾ ਹੁਣੇ ਤੋਂ ਸ਼ੁਰੂ ਕਰ ਲਿਆ ਹੈ। ਇਸ ਲੇਖ ਵਿਚ ਸਤਿੰਦਰਪਾਲ ਬਾਵਾ ਨੇ ਸਿਆਸਤਦਾਨਾਂ ਦੇ ਇਸ ਵਤੀਰੇ ‘ਤੇ ‘ਗਧਿਆਂ ਦੀ ਚੋਣ ਰੈਲੀ’ ਰਾਹੀਂ ਤਿੱਖਾ ਵਿਅੰਗ ਕੀਤਾ ਹੈ।

-ਸੰਪਾਦਕ

ਸਤਿੰਦਰਪਾਲ ਬਾਵਾ
ਫੋਨ: 91-94676-54643

ਦੋਸਤੋ! ਤੁਹਾਡੇ ਪਿੰਡ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ, ਕਿਉਂਕਿ ਪ੍ਰਧਾਨ ਗਧਾ ਸਾਹਿਬ ਤੁਹਾਡੇ ਪਿੰਡ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਨ। ਇਸ ਚੋਣ ਰੈਲੀ ਵਿਚ ਹੁਮ ਹੁਮਾ ਕੇ ਪਹੁੰਚਣ ‘ਤੇ ਅਸੀਂ ‘ਨਾ ਤਿੰਨਾਂ ‘ਚੋਂ, ਨਾ ਤੇਰਾਂ ‘ਚੋਂ ਗਧਾ ਪਾਰਟੀ’ ਵੱਲੋਂ ਤੁਹਾਡਾ ਸਭ ਦਾ ਸੁਆਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੋਣਾਂ ਨੇੜੇ ਆ ਰਹੀਆਂ ਹਨ, ਅਸੀਂ ਗਧਿਆਂ ਨੇ ਵੀ ਇਕ ਸੈਕੂਲਰ ਸਿਆਸੀ ਪਾਰਟੀ ਦਾ ਨਿਰਮਾਣ ਕੀਤਾ ਹੈ। ਦੂਜਾ, ਤੁਹਾਨੂੰ ਸਾਡੀ ਪਾਰਟੀ ਦੇ ਨਾਂ ਤੋਂ ਸਾਡੀ ਨਿਰਪੱਖਤਾ ਅਤੇ ਸਾਡੀ ਪਾਰਟੀ ਦੇ ਸੈਕੂਲਰ ਹੋਣ ਦਾ ਪਤਾ ਤਾਂ ਲਗ ਹੀ ਗਿਆ ਹੋਣਾ ਐ! ਸਾਡੀ ਗਧਾ ਪਰਜਾਤੀ ਨੂੰ ਭਾਰ ਖਿੱਚਣ ਤੇ ਭਾਰ ਢੋਣ ਦਾ ਪੁਸ਼ਤ-ਦਰ-ਪੁਸ਼ਤ ਤਜ਼ਰਬਾ ਹੈ। ਸਾਡਾ ਵਿਸ਼ਵਾਸ ਹੈ, ਪ੍ਰਧਾਨ ਗਧਾ ਸਾਹਿਬ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਬੁਧੀਮਾਨ, ਸਿਆਣੇ ਅਤੇ ਚਲਾਕ ਮੁੱਖ ਮੰਤਰੀ ਸਾਬਤ ਹੋਣਗੇ। ਤੁਹਾਡਾ ਬਹੁਤਾ ਸਮਾਂ ਨਾ ਲੈਂਦਿਆਂ ਹੁਣ ਮੈਂ ਪ੍ਰਧਾਨ ਗਧਾ ਸਾਹਿਬ ਨੂੰ ਬੇਨਤੀ ਕਰਦਾਂ ਕਿ ਉਹ ਮੰਚ ‘ਤੇ ਆਉਣ ਤੇ ਚੰਦ ਸ਼ਬਦ ਆਪਣੇ ਮੂਰਖ ਬੰਦ ਤੋਂ ਕਹਿਣ। ਪ੍ਰਧਾਨ ਗਧਾ ਸਾਹਿਬ, ਆਉ ਜੀ…।
ਸਟੇਜ ਸੈਕਟਰੀ ਨੇ ਸਾਡੀ ਸ਼ਾਨ ਵਿਚ ਕੁਝ ਬਹੁਤੇ ਹੀ ਪੱਠੇ ਪਾ ਦਿੱਤੇ ਨੇ, ਭਾਵੇਂ ਅਸੀਂ ਐਨੇ ਜੋਗੇ ਨਹੀਂ ਹਾਂ, ਪਰ ਅਸੀਂ ਆਪਣੇ ਛੋਟੇ ਭਰਾ ਦੇ ਪਿਆਰ ਨੂੰ ਆਫਰੇ ਪੇਟ ਤੱਕ ਮਹਿਸੂਸ ਕਰਦੇ ਹਾਂ!
ਅਸੀਂ ਤਾਂ ਭਰਾਵੋ! ਤੁਹਾਡੇ ਵਿਚੋਂ ਹੀ ਹਾਂ, ਤੁਹਾਡੇ ਆਪਣੇ! ਅਸੀਂ ਸਿਆਸਤ ਵਿਚ ਨਹੀਂ ਸੀ ਆਉਣਾ, ਪਰ ਸਾਨੂੰ ਦੁੱਖ ਹੋਇਆ ਕਿ ਸਾਡੇ ਭਾਈਚਾਰੇ ਦੇ ਅੱਠ ਗਧਿਆਂ ਨੂੰ ਚਾਰ ਦਿਨ ਜੇਲ੍ਹ ਵਿਚ ਇਸ ਕਰਕੇ ਰੱਖਿਆ ਗਿਆ ਕਿ ਉਨ੍ਹਾਂ ਨੇ ਕਿਸੇ ਸਰਕਾਰੀ ਪਦਵੀਧਾਰੀ ਵਿਅਕਤੀ ਵਿਸ਼ੇਸ਼ ਦੇ ਕੀਮਤੀ ਬੂਟਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਘਟਨਾ ਨੇ ਸਾਨੂੰ ਅੰਦਰ ਤੱਕ ਲੂਹ ਸੁੱਟਿਆ! ਯਕੀਨ ਜਾਣੋ, ਸਾਡਾ ਭਰੋਸਾ ਮਨੁੱਖ ਜਾਤੀ ਤੋਂ ਟੁੱਟ ਗਿਆ ਹੈ! ਅਸੀਂ ਆਪਣੀ ਗਧਾ ਬਿਰਤੀ ਨਾਲ ਮਨੁੱਖ ਜਾਤੀ ਦਾ ਕਿੰਨਾ ਭਾਰ ਹਲਕਾ ਕਰਦੇ ਰਹੇ ਹਾਂ, ਪਰ ਇਹ ਅਹਿਸਾਨ ਫਰਾਮੋਸ਼ ਸਾਡੇ ਗਧਿਆਂ ਦੇ ਵੀ ਨਹੀਂ ਹੋਏ!
ਖੈਰ…ਅਸੀਂ ਅਜਿਹੇ ਮਸਲਿਆਂ ਨਾਲ ਨਜਿਠਣ ਲਈ ਸਿਆਸਤ ਦਾ ਰਾਹ ਚੁਣ ਲਿਆ ਹੈ ਤਾਂ ਜੋ ਸਾਡੇ ਦੇਸ਼ ਵਿਚ ਗਧਾ ਭਾਈਚਾਰਾ ਸੁਰੱਖਿਅਤ ਰਹਿ ਸਕੇ। ਸਾਨੂੰ ਇਹ ਦਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਦੀ ‘ਇੰਟਰਨੈਸ਼ਨਲ ਡੌਂਕੀ ਐਸੋਸੀਏਸ਼ਨ’ ਦੇ ਪ੍ਰਧਾਨ ਮਿਸਟਰ ਡੌਂਕੀ ਨੇ ਵੀ ਇਸ ਗੈਰ-ਗਧਾਨਵੀ ਘਟਨਾ ਦੀ ਘੋਰ ਨਿੰਦਿਆ ਕੀਤੀ ਹੈ। ਉਨ੍ਹਾਂ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਸਰਕਾਰਾਂ ਨੂੰ ਆਪਣੇ ਕਾਨੂੰਨ ਮਨੁੱਖਾਂ ‘ਤੇ ਹੀ ਲਾਗੂ ਕਰਨੇ ਚਾਹੀਦੇ ਹਨ, ਸਾਡੇ ਗਧਿਆਂ ‘ਤੇ ਨਹੀਂ। ਉਨ੍ਹਾਂ ਦੇ ਪਿਆਰ ਅਤੇ ਪ੍ਰੇਰਨਾ ਸਦਕਾ ਹੀ ਅਸੀਂ ਇਸ ਵਾਰ ਚੋਣ ਲੜਨ ਦਾ ਮਨ ਬਣਾਇਆ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਤੁਹਾਡੇ ਸਹਿਯੋਗ ਤੇ ਅਸ਼ੀਰਵਾਦ ਨਾਲ ਆਪਣੇ ਮਨਸੂਬੇ ਵਿਚ ਜ਼ਰੂਰ ਸਫਲ ਹੋਵਾਂਗੇ।
ਭਰਾਵੋ! ‘ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ-ਲਿਖੇ ਨੂੰ ਫਾਰਸੀ ਕੀ?’ ਤੁਸੀਂ ਆਪ ਸਿਆਣੇ ਹੋ ਅਤੇ ਦੇਸ਼ ਦੀ ਸਿਆਸਤ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ ਕਿ ਇਥੇ ਤਾਂ ਸਾਡੀ ਜੰਗਲੀ ਜੀਵਾਂ ਦੀਆਂ ਕੁਝ ਪ੍ਰਜਾਤੀ ਸਰਕਾਰਾਂ ਦਾ ਨਿਰਮਾਣ ਕਰਨ ਤੱਕ ਵੀ ਆਪਣਾ ਯੋਗਦਾਨ ਦੇ ਚੁਕੀਆਂ ਹਨ। ਉਨ੍ਹਾਂ ਦੀ ਇਸ ਇਤਿਹਾਸਕ ਦੇਣ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਖੈਰ! ਅਸੀਂ ਆਪਣੀਆਂ ਜਾਨਵਰ ਪ੍ਰਜਾਤੀਆਂ ‘ਤੇ ਮਾਣ ਕਰਦੇ ਹਾਂ ਕਿ ਚਲੋ ਕੋਈ ਤਾਂ ਹੈ, ਜਿਸ ਨੇ ਐਨੀ ਤਰੱਕੀ ਕੀਤੀ! ਪਰ ਹਾਂ! ਸਾਨੂੰ ਕਿਸੇ ਨਾਲ ਕੋਈ ਸਾੜਾ ਨਹੀਂ ਹੈ। ਅਸੀਂ ਤਾਂ ਆਪਣੇ ਕੰਮ ਵਿਚ ਯਕੀਨ ਰੱਖਦੇ ਹਾਂ, ਚੰਮ ਵਿਚ ਨਹੀਂ!
ਭਰਾਵੋ! ਇਹ ਵੀ ਸਾਡੇ ਅਨੁਭਵ ਵਿਚ ਸ਼ਾਮਲ ਹੋ ਚੁਕਾ ਗਿਆਨ ਹੈ ਕਿ ਵਰਤਮਾਨ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਸ ਵੇਲੇ ਉਹ ਕੋਈ ਕੰਮ ਨਹੀਂ ਕਰਦੀ, ਸਗੋਂ ਭਵਿੱਖਮੁਖੀ ਯੋਜਨਾਵਾਂ ਉਲੀਕਦੀ ਹੈ। ਵਰ੍ਹਿਆਂ ਦੇ ਵਰ੍ਹੇ ਉਹ ਖਿਆਲੀ ਪਲਾਓ ਬਣਾਉਂਦੀ ਹੈ ਅਤੇ ਜਦੋਂ ਉਹੀ ਪਾਰਟੀ ਵਿਰੋਧੀ ਦਲ ਵਿਚ ਹੋਵੇ ਤਾਂ ਵਰਤਮਾਨ ਸਰਕਾਰ ਨੂੰ ਨਿੰਦਣ ਭੰਡਣ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ। ਇਹ ਵੀ ਸਥਿਤੀ ਦੀ ਵਿਡੰਬਨਾ ਹੈ ਕਿ ਮਾਨਵ ਜਾਤੀ ਨੂੰ ਇਕ ਦੂਜੇ ਨੂੰ ਵਡਿਆਉਣ ਜਾਂ ਭੰਡਣ ਲਈ ਸਾਡੀਆਂ ਹੀ ਜੰਗਲੀ ਪ੍ਰਜਾਤੀਆਂ ਜਿਵੇਂ ਸ਼ੇਰ ਜਾਂ ਚੂਹਾ ਆਦਿ ਦੀ ਮਿਸਾਲ ਦੇਣੀ ਪੈਂਦੀ ਹੈ। ਪਰ ਭਰਾਵੋ! ਸਾਡੀ ਸਰਕਾਰ ਨਾ ਭਵਿੱਖ ਕਾਲੀ ਹੋਵੇਗੀ, ਨਾ ਵਰਤਮਾਨ ਕਾਲੀ, ਸਗੋਂ ਭੂਤ ਕਾਲੀ ਹੋਵੇਗੀ, ਜੋ ਚਾਰਲਸ ਡਾਰਵਿਨ ਦੇ ‘ਉਤਪਤੀ ਦੇ ਸਿਧਾਂਤ’ ਤੋਂ ਵੀ ਬਹੁਤ ਪਹਿਲਾਂ ਦੀ ਗਧਾ ਪ੍ਰਜਾਤੀ ਦੇ ਪੂਰਵਜਾਂ ਦੇ ਅਣਗੌਲੇ ਪਰ ਅਮੁੱਲੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਵੇਗੀ। ਅਸੀਂ ਯੂਨੀਵਰਸਿਟੀਆਂ ਵਿਚ ਗਧਾ ਖੋਜ ਕੇਂਦਰਾਂ ਦੀ ਸਥਾਪਨਾ ਕਰਾਂਗੇ। ਗਧਿਆਂ ਦੇ ਇਤਿਹਾਸਕ ਯੋਗਦਾਨ ‘ਤੇ ਵਿਸ਼ਵ ਕਾਨਫਰੰਸਾਂ ਕਰਾਂਗੇ, ਕਿਉਂਕਿ ਸਾਨੂੰ ਇਸ ਗੱਲ ‘ਤੇ ਵੀ ਫਖਰ ਹੈ ਕਿ ਅਸੀਂ ਨਿਰੋਲ ਦੇਸੀ ਨਸਲ ਦੇ ਹਾਂ, ਹੋਰਾਂ ਪ੍ਰਜਾਤੀਆਂ ਵਾਂਗ ਅਮਰੀਕਾ, ਸਾਹੀਵਾਲ ਜਾਂ ਕਿਸੇ ਹੋਰ ਨਸਲ ਦੇ ਹੋਣ ਦਾ ਸਾਡੇ ‘ਤੇ ਕੋਈ ਦੋਸ਼ ਨਹੀਂ ਹੈ। ਸਾਨੂੰ ਸ਼ੱਕ ਹੈ ਕਿ ਡਾਰਵਿਨ ਨੇ ਆਪਣੀ ਖੋਜ ਸਮੇਂ ਜਾਣ-ਬੁਝ ਕੇ ਸਾਡੀ ਪ੍ਰਜਾਤੀ ਦੇ ਇਤਿਹਾਸ ਨੂੰ ਅੱਖੋਂ ਓਹਲੇ ਰੱਖਿਆ ਹੈ।
ਅਸੀਂ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਅਸਲੋਂ ਨਵੀਂ ਸਿਆਸੀ ਪਾਰਟੀ ਹੈ, ਇਸ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਸਰਕਾਰ ਆਉਣ ‘ਤੇ ਤੁਹਾਡੇ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਆ ਜਾਣਗੇ, ਕਿਉਂਕਿ ਇਕ ਤਾਂ ਅਸੀਂ ਜੁਮਲਿਆਂ ਵਿਚ ਯਕੀਨ ਨਹੀਂ ਰੱਖਦੇ, ਦੂਜਾ ਅਸੀਂ ਲਾਲਚ ਰੂਪੀ ਰਿਸ਼ਵਤ ਦੇ ਕੇ ਤੁਹਾਡੀਆਂ ਕੀਮਤੀ ਵੋਟਾਂ ਨਹੀਂ ਖਰੀਦਣਾ ਚਾਹੁੰਦੇ, ਸਗੋਂ ਤਰਕ ਨਾਲ, ਦਲੀਲ ਨਾਲ ਤੁਹਾਡਾ ਭਰੋਸਾ ਜਿੱਤਣਾ ਚਾਹੁੰਦੇ ਹਾਂ।
ਇਕ ਗੱਲ ਹੋਰ ਭਰਾਵੋ! ਅਸੀਂ ਕੇਵਲ ਉਹੀ ਵਾਅਦੇ ਕਰਾਂਗੇ, ਜੋ ਸਾਡੀ ਸਮਰੱਥਾ ਵਿਚ ਹੋਣ ਮਸਲਨ ਅਸੀਂ ਲੋਕਾਂ ਨੂੰ ਆਪਣੇ ਦੁਲੱਤੇ ਮਾਰਨ ਦਾ ਕੰਮ ਡਬਲ ਕਰ ਦਿਆਂਗੇ। ਸਵੇਰੇ ਸ਼ਾਮ ਦੁਲੱਤਾ ਸਰਵਿਸ ਨਿਰਵਿਘਨ ਚਲਾਉਣ ਲਈ ਸਾਡੀ ਸਰਕਾਰ ਵਚਨਬਧ ਰਹੇਗੀ। ਦੂਜਾ, ਭਾਵੇਂ ਅਸੀਂ ਆਪ ਫੋਟੂਆਂ ਅਤੇ ਸੈਲਫੀਆਂ ਦੇ ਸ਼ੌਕੀਨ ਹਾਂ, ਪਰ ਅਸੀਂ ਸਾਡੀ ਸਰਕਾਰ ਆਉਣ ‘ਤੇ ਇਸ ‘ਤੇ ਮੁਕੰਮਲ ਰੋਕ ਲਾ ਦਿਆਂਗੇ, ‘ਡੀਸੈਲਫਾਈਜ਼ੇਸ਼ਨ’ ਕਰ ਦਿਆਂਗੇ ਕਿਉਂਕਿ ਸੈਲਫੀਆਂ ਲੈਣ ਨਾਲ ਜਿਥੇ ਦੇਸ਼ ਦੀ ਯੁਵਾ ਪੀੜ੍ਹੀ ਦਾ ਸਮਾਂ ਖਰਾਬ ਹੁੰਦਾ ਹੈ, ਉਥੇ ਸੈਲਫੀਆਂ ਦੀ ਆਡਿਟਿੰਗ ਕਾਰਨ ਦੇਸ਼ ਵਿਚ ਭ੍ਰਿਸ਼ਟਾਚਾਰ ਵੀ ਫੈਲਦਾ ਹੈ।
ਭਰਾਵੋ! ਹੁਣ ਅਸੀਂ ਕੁਝ ਦਲੀਲਾਂ ਨਾਲ ਆਪਣੀ ਪਾਰਟੀ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਕਿਉਂ ਆਉਣੀ ਚਾਹੀਦੀ ਹੈ। ਮਸਲਨ ‘ਵਕਤੋਂ ਖੁੰਝੀ ਡੂਮਣੀ ਤੇ ਗਾਹਵੇ ਆਲ-ਪਤਾਲ’ ਅਖਾਣ ਤੁਸੀਂ ਸੁਣਿਆ ਹੋਣੈ! ਇਸ ਦੇ ਅਰਥ ਕਰਨਾ ਤੁਹਾਡੀ ਬੁੱਧੀ ‘ਤੇ ਸ਼ੱਕ ਕਰਨਾ ਹੋਵੇਗਾ! ਇਸ ਅਖਾਣ ਦੇ ਹਵਾਲੇ ਰਾਹੀਂ ਅਸੀਂ ਸਿਰਫ ਐਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਸਾਡੀਆਂ ਜੰਗਲੀ ਪ੍ਰਜਾਤੀਆਂ ਕਿਥੇ ਕਿਥੇ ਮਾਨਵੀ ਜੀਵਾਂ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ। ਪਰ ਸਥਿਤੀ ਦਾ ਵਿਅੰਗ ਇਹ ਹੈ ਕਿ ਭੈਣ ਡੂਮਣੀ ਵੱਲ ਅੱਜ ਤੱਕ ਕਿਸੇ ਨੇ ਤਵੱਕੋ ਨਹੀਂ ਦਿੱਤੀ। ਸਾਡੀ ਸਰਕਾਰ ਆਉਣ ‘ਤੇ ਅਸੀਂ ਉਸ ਨੂੰ ਵੀ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਕਰਾਂਗੇ ਤਾਂ ਜੋ ਉਹ ਆਪਣੇ ਡੰਗ ਤੇ ਢੰਗ ਨਾਲ ਲੋਕਾਂ ਦੀ ਖੂਬ ਸੇਵਾ ਕਰ ਸਕੇ!
ਦੂਜਾ, ਤੁਸੀਂ ਇਕ ਹੋਰ ਅਖਾਣ ਸੁਣਿਆ ਹੋਣੈ ਕਿ ‘ਮੱਝ ਦੇ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ?’ ਭਰਾਵੋ ਸਾਡੀ ਸਰਕਾਰ ਆਉਣ ‘ਤੇ ਇਸ ਅਖਾਣ ਦੀ ਵਰਤੋਂ ‘ਤੇ ਸ਼ਰਾਬਬੰਦੀ ਵਾਂਗ ਪੂਰਨ ਤੌਰ ‘ਤੇ ਰੋਕ ਲਾ ਦੇਵਾਂਗੇ ਕਿਉਂਕਿ ਇਸ ਅਖਾਣ ਵਿਚ ਮਰਦ ਮਾਨਸਿਕਤਾ ਝਲਕਦੀ ਹੈ ਤੇ ਇਹ ਸਾਡੀ ਭੈਣ ਨਾਲ ਜ਼ਿਆਦਤੀ ਹੈ! ਸਾਡੀ ਸਰਕਾਰ ਆਉਣ ‘ਤੇ ਸਾਡੀ ਭੈਣ ਭਾਵੇਂ ਡੀ. ਜੇ. ਅੱਗੇ ਨਾਗਨ ਡਾਂਸ ਕਰੇ, ਉਸ ਨੂੰ ਕੋਈ ਨਹੀਂ ਰੋਕ ਸਕੇਗਾ। ਇਹ ਸਾਡਾ ਤੁਹਾਡੇ ਨਾਲ ਵਾਅਦਾ ਰਿਹਾ!
ਅਸੀਂ ਆਪਣੇ ਛੋਟੇ ਜਿਹੇ ਸਿਆਸੀ ਅਨੁਭਵ ਰਾਹੀਂ ਇਹ ਗਿਆਨ ਵੀ ਪ੍ਰਾਪਤ ਕਰ ਲਿਆ ਹੈ ਕਿ ਸਿਆਸਤ ਚਮਕਾਉਣ ਲਈ ਫਿਲਮਾਂ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਜਾਣਦੇ ਹੋ ਭਰਾਵੋ ਕਿ ਫਿਲਮਾਂ ਵਿਚ ਘੋੜਿਆਂ ਦਾ ਨਾਂ ਬਾਦਲ, ਚੇਤਨ ਅਤੇ ਘੋੜੀਆਂ ਦਾ ਨਾਮ ਧੰਨੋ, ਘੰਨੋ ਆਦਿ ਰੱਖਿਆ ਹੁੰਦੈ, ਪਰ ਸਾਨੂੰ ਗਧੇ ਦਾ ਗਧਾ ਹੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸੋ ਭਰਾਵੋ! ਸਾਡੀ ਪ੍ਰਜਾਤੀ ਨੂੰ ਫਿਲਮਾਂ ਵਿਚ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕਰਨ ਦਾ ਅਸੀਂ ਸਖਤ ਵਿਰੋਧ ਕਰਾਂਗੇ। ਸਾਡੇ ਜਿਹੇ ਇਕ ਕੋਮਲ ਚਿਤ ਜੀਵ ਦਾ ਜਿਸ ਵੀ ਫਿਲਮਕਾਰ ਨੇ ਮਜ਼ਾਕ ਉਡਾਇਆ ਹੈ, ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇਗਾ ਤਾਂ ਜੋ ਭਵਿਖ ਵਿਚ ਅਜਿਹੀ ਗਲਤੀ ਨੂੰ ਦੁਹਰਾਇਆ ਨਾ ਜਾ ਸਕੇ। ਭਰਾਵੋ ਇਹ ਨੀਤੀ ਦੋਹਰਾ ਕੰਮ ਕਰੇਗੀ, ਜਿਥੇ ਸਾਡੀ ਪ੍ਰਜਾਤੀ ਨੂੰ ਇਨਸਾਫ ਮਿਲੇਗਾ, ਉਥੇ ਮਾਨਵ ਜਾਤੀ ਆਪਣੀਆਂ ਮੂਲ ਸਮੱਸਿਆਵਾਂ ਨੂੰ ਸਮਝਣ ਤੋਂ ਵੀ ਵਾਂਝੀ ਰਹਿ ਜਾਵੇਗੀ! ਇਸ ਨਾਲ ਗਧਾ ਬਿਰਤੀ ਦਾ ਵਿਕਾਸ ਤੇ ਵਿਸਥਾਰ ਹੋਵੇਗਾ!
ਸਾਡੀਆਂ ਗੱਲਾਂ ਤੋਂ ਤੁਸੀਂ ਸਾਡੀ ਦੂਰ ਦ੍ਰਿਸ਼ਟੀ ਦਾ ਅੰਦਾਜ਼ਾ ਤਾਂ ਲਾ ਹੀ ਲਿਆ ਹੋਣੈ ਕਿ ਗਧਾ ਭਾਈਚਾਰੇ ਦੇ ਵਿਕਾਸ ਲਈ ਸਾਡੀ ਸਰਕਾਰ ਕਿੰਨੀ ਵਚਨਬੱਧ ਤੇ ਕਾਮਯਾਬ ਸਰਕਾਰ ਹੋਵੇਗੀ! ਅਸੀਂ ਤੁਹਾਨੂੰ ਸਾਫ ਤੇ ਸਪਸ਼ਟ ਦੱਸ ਦੇਈਏ ਕਿ ਸਾਡੀ ਸਰਕਾਰ ਲੋਕਾਂ ਲਈ ਕੰਮ ਨਹੀਂ ਕਰੇਗੀ, ਸਗੋਂ ਗਧਿਆਂ ਲਈ ਕੰਮ ਕਰੇਗੀ ਕਿਉਂਕਿ ਬਹੁਤ ਸਾਰੇ ਗਧਿਆਂ ਨੇ ਸਾਨੂੰ ਪਾਰਟੀ ਫੰਡ ਦਿੱਤਾ ਹੈ। ਸਰਕਾਰ ਆਉਣ ‘ਤੇ ਅਸੀਂ ਉਨ੍ਹਾਂ ਨੂੰ ਬਹੁਤ ਸਾਰੀਆਂ ਛੋਟਾਂ ਦੇ ਕੇ ਆਪਣੀ ਵਫਾਦਾਰੀ ਦਾ ਸਬੂਤ ਦੇਵਾਂਗੇ, ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣ ਦੀ ਵਿਧੀ ਨੂੰ ਸਰਲ ਤੇ ਆਸਾਨ ਬਣਾਇਆ ਜਾਵੇਗਾ। ਉਹ ਦੇਸ਼-ਵਿਦੇਸ਼ ਵਿਚੋਂ ਕਰਜਾ ਲੈਣ ਦੇ ਸਮਰੱਥ ਹੋ ਜਾਣਗੇ ਅਤੇ ਅਸੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭਰਾ ਘੋੜੇ ਦੀ ਤਰ੍ਹਾਂ ਅਸੀਂ ਵੀ ਵਫਾਦਾਰ ਜਾਨਵਰ ਹਾਂ, ਜਿਨ੍ਹਾਂ ਨੂੰ ਜਾਣ-ਬੁਝ ਕੇ ਹਾਸ਼ੀਆਕ੍ਰਿਤ ਕੀਤਾ ਗਿਆ ਹੈ!
ਭਰਾਵੋ! ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਾਂ ਕਿ ਲੋਕਤੰਤਰੀ ਰਾਜ ਵਿਚ ਸਰਕਾਰਾਂ ਇਹ ਨਿਰਧਾਰਤ ਕਰਨ ਵਾਲੀਆਂ ਕੌਣ ਹੁੰਦੀਆਂ ਹਨ ਕਿ ਅਸੀਂ ਗਧਿਆਂ ਨੇ ਕੀ ਖਾਣਾ ਹੈ, ਕੀ ਨਹੀਂ? ਅਜਿਹੀਆਂ ਸਿਆਸੀ ਗੱਲਾਂ ਨਾਲ ਮਨੁੱਖਾਂ ਨੂੰ ਤਾਂ ਉਲਝਾਇਆ ਜਾ ਸਕਦਾ ਹੈ ਪਰ ਸਾਨੂੰ ਗਧਿਆਂ ਨੂੰ ਨਹੀਂ! ਹੁਣ ਤੁਸੀਂ ਆਪ ਹੀ ਦੱਸੋ, ਸਾਨੂੰ ਗਧਿਆਂ ਨੂੰ ਕੀ ਪਤੈ ਕਿ ਹੁਣ ਸੱਤਾ ਵਿਚ ਕਿਹੜੀ ਸਰਕਾਰ ਹੈ, ਕਿਹੜੀ ਨਹੀਂ? ਕਿਹੜੀ ਚੀਜ਼ ਖਾਣ ‘ਤੇ ਪਾਬੰਦੀ ਐ ਤੇ ਕਿਸ ‘ਤੇ ਨਹੀਂ? ਓ ਭਾਈ! ਸਾਡੇ ਗਧੇ ਭਰਾਵਾਂ ਨੇ ਜੇ ਆਪਣੇ ਪਾਪੀ ਪੇਟ ਦੀ ਭੁੱਖ ਮਿਟਾਉਣ ਖਾਤਰ ਪੌਦੇ ਖਾ ਲਏ ਤਾਂ ਕੀ ਲੋਹੜਾ ਆ ਗਿਆ! ਇਥੇ ਮੰਤਰੀ-ਸੰਤਰੀ ਪਤਾ ਨਹੀਂ ਕੀਹਦਾ ਕੀਹਦਾ ਕੀ ਕੀ ਛਕ ਜਾਂਦੇ ਐ! ਨਾਲੇ ਹੁਣ ਸਾਡੇ ਭਰਾਵਾਂ ਨੂੰ ਕੀ ਪਤਾ ਇਹ ਮਹਿੰਗੇ ਭਾਅ ਦੇ ਪੌਦੇ ਤਾਂ ‘ਸਵੱਛਤਾ ਅਭਿਆਨ ਮਿਸ਼ਨ’ ਦੀ ਗ੍ਰਾਂਟ ਵਿਚੋਂ ਲਾਏ ਗਏ ਸਨ। ਓ ਅਸੀਂ ਕਿਹੜਾ ਮਨੁੱਖਾਂ ਵਾਂਗ ਡਾਈਟ ਚਾਰਟ ਬਣਾਏ ਹੁੰਦੇ ਨੇ, ਗਧੇ ਹਾਂ ਤੇ ਗਧਿਆਂ ਨੇ ਤਾਂ ਭਾਈ ਹੁਣ ਖਾਣਾ ਹੀ ਹੋਇਆ!
ਭਰਾਵੋ! ਅਸੀਂ ਆਪਣੇ ਦੇਸ਼ ਨੂੰ ਮੁੜ ਸੋਨੇ ਦੀ ਚਿੜੀ ਬਣਾਵਾਂਗੇ। ਸਾਡੀ ਭੈਣ ਚਿੜੀ, ਜੋ ਵਿਦੇਸ਼ ਵੱਲ ਉਡਾਰੀ ਮਾਰ ਗਈ ਹੈ, ਅਸੀਂ ਉਸ ਦੀ ਘਰ ਵਾਪਸੀ ਲਈ ਹਰ ਛੋਟੇ-ਵੱਡੇ ਦੇਸ਼ ਵਿਚ ਭ੍ਰਮਣ ਕਰਾਂਗੇ ਅਤੇ ਉਸ ਨੂੰ ਲੱਭ ਕੇ ਮੁੜ ਦੇਸ਼ ‘ਚ ਲਿਆਵਾਂਗੇ, ਉਸ ਨੂੰ ਆਪਣੀ ਸੰਸਕ੍ਰਿਤੀ ਤੇ ਸਭਿਅਤਾ ਦਾ ਪਾਠ ਮੁੜ ਤੋਂ ਯਾਦ ਕਰਵਾਵਾਂਗੇ! ਇਹ ਸਭ ਤੁਹਾਡੇ ਪਿਆਰ ਤੇ ਸਹਿਯੋਗ ਕਾਰਨ ਹੀ ਸੰਭਵ ਹੋ ਸਕਦਾ ਹੈ ਭਰਾਵੋ!
ਹਾਂ! ਅਖੀਰ ਵਿਚ ਮੈਂ ਇਕ ਬੇਨਤੀ ਹੋਰ ਕਰਨੀ ਹੈ ਕਿ ਸਾਡੇ ਜਿਤਣ ਪਿਛੋਂ ਤੁਸੀਂ ਸਾਨੂੰ ਗਧੇ ਹੀ ਸੱਦਣਾ। ਐਵੇਂ ‘ਸ਼ੇਰ ਆਇਆ, ਸ਼ੇਰ ਆਇਆ’ ਕਹਿ ਕਿ ਸਾਨੂੰ ਵਡਿਆਉਣਾ ਨਾ ਸ਼ੁਰੂ ਕਰ ਦਿਉ, ਕਿਉਂਕਿ ਤੁਹਾਨੂੰ ਤਾਂ ਪਤੈ ਕਿ ਸਾਨੂੰ ਅਸਲੀ ਸ਼ੇਰ ਤੋਂ ਕਿੰਨਾ ਡਰ ਲਗਦਾ ਹੈ!
ਭਰਾਵੋ! ਸਾਡੀ ਪਾਰਟੀ ਦਾ ਚੋਣ ਨਿਸ਼ਾਨ ਗਧਾ ਹੀ ਹੋਵੇਗਾ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ? ਕਹਿੰਦੇ ਨੇ, ਲੋੜ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿਣਾ ਪੈ ਜਾਂਦੈ! ਭਰਾਵੋ, ਹੁਣ ਸਮੇਂ ਦੀ ਲੋੜ ਹੈ, ਤੁਸੀਂ ਇਸ ਰੈਲੀ ਨੂੰ ਦੇਸ਼ ਦੀ ਬਦਲਦੀ ਤਕਦੀਰ ਸਮਝੋ ਅਤੇ ਸਾਨੂੰ ਵੋਟਾਂ ਦੇ ਕੇ ਸਾਡੀ ਪਾਰਟੀ ‘ਨਾ ਤਿੰਨਾਂ ‘ਚੋਂ, ਨਾ ਤੇਰਾਂ ‘ਚੋਂ ਗਧਾ ਪਾਰਟੀ’ ਨੂੰ ਜਿਤਾਓ ਅਤੇ ਸਾਨੂੰ ਮੁਖ ਮੰਤਰੀ ਦੀ ਕੁਰਸੀ ਤੱਕ ਢੋਣ ਦਾ ਇਤਿਹਾਸਕ ਕਾਰਜ ਕਰੋ।
ਅੰਤ ਵਿਚ ਅਸੀਂ ਉਨ੍ਹਾਂ ਅੱਠ ਗਧਿਆਂ ਦੀ ਬੇਮਿਸਾਲ ਕੁਰਬਾਨੀ ਨੂੰ ਸਜਦਾ ਕਰਦੇ ਹਾਂ, ਜਿਨ੍ਹਾਂ ਸਾਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਤ ਕੀਤਾ। ਹੁਣ ਅਸੀਂ ਅੱਗੇ ਵੀ ਇਕ ਦੋ ਹੋਰ ਪਿੰਡਾਂ ਵਿਚ ਰੈਲੀਆਂ ਨੂੰ ਸੰਬੋਧਨ ਕਰਨਾ ਹੈ, ਸੋ ਆਗਿਆ ਦਿਓ! ਧੰਨਵਾਦ!