ਸਿੱਖ ਕੌਮ ਦਾ ਸੂਰਬੀਰ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ

ਅੰਗਰੇਜ ਸਿੰਘ ਹੁੰਦਲ
ਫੋਨ: 91-98767-85672
ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਅਤੇ ਮਹਾਨ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਤੇ ਚੁਣੌਤੀਆਂ ਦੇ ਪਰਛਾਵੇਂ ਹੇਠ ਬਤੀਤ ਹੋਇਆ।

ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਵਿਆਹ ਬੀਬੀ ਜਿੰਦਾਂ ਨਾਲ ਸੰਨ 1835 ਈਸਵੀ ਵਿਚ ਹੋਇਆ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਡੋਰ ਵਿਚ ਪਰੋਈ ਰੱਖਿਆ, ਜਿਸ ਕਰਕੇ ਖਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।
ਸੰਨ 1839 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਨਿੱਜੀ ਮਨੋਰਥਵਾਦੀਆਂ ਨੇ ਰਾਜ ਹਥਿਆਉਣ ਲਈ ਚਾਰ ਸਾਲਾਂ ‘ਚ ਹੀ ਖਾਲਸਾ ਰਾਜ ਦੇ ਤਿੰਨ ਵਾਰਸਾਂ ਨੂੰ ਕਤਲ ਕਰ ਦਿੱਤਾ ਅਤੇ 10 ਸਾਲ ਦੇ ਅੰਦਰ-ਅੰਦਰ ਹੀ ਗੱਦਾਰ ਤੇ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ।
ਵਰਣਨਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ। ਸਮਾਂ ਮਿਲਣ ‘ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਸਿੱਖ ਰਾਜ ਦੀਆਂ ਸ਼ਾਮਾਂ ਦਾ ਸਮਾਂ ਬਹੁਤ ਨੇੜੇ ਆਉਣ ਲੱਗਾ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਦਿੱਤਾ ਸੀ।
ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਸੰਕਟ ‘ਚੋਂ ਬਾਹਰ ਕੱਢ ਸਕਦੇ ਹਨ। ਦਰਦ ਭਰੀ ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨਿਆ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗੀ ਤੇ ਪਰਿਵਾਰ ਨੂੰ ਫਤਿਹ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਖਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਸਰਦੀ ਦਾ ਮੌਸਮ ਸੀ। 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿਚ ਅੰਗਰੇਜ਼ ਤੇ ਖਾਲਸਾ ਫੌਜਾਂ ਦਰਮਿਆਨ ਆਰ-ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ, ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਵਿਚਾਲੇ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦਿਆਂ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।
ਡੋਗਰਿਆਂ ਤੇ ਫਿਰੰਗੀਆਂ ਵਿਚਾਲੇ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖਾਲਸਾ ਫੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਸਤਲੁਜ ਦਰਿਆ ਉਪਰ ਬਣੇ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ, ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉਥੇ ਪਾਣੀ ਦੇ ਵਹਿਣ ਵਿਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨਾ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਵੀ ਕੁਦਰਤੀ ਸੀ। ਇਸ ਸੰਕਟ ਦੇ ਸਮੇਂ ਖਾਲਸਈ ਫੌਜਾਂ ਨੂੰ ਡਰ ਦੇ ਮਾਰੇ ਬਹੁਤੇ ਜਨ ਸਾਧਾਰਨ ਸਿੱਖਾਂ ਦੀ ਹਮਾਇਤ ਵੀ ਨਾ ਹਾਸਲ ਹੋਈ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਆਪਣਾ ਪ੍ਰਣ ਨਿਭਾਉਂਦਿਆਂ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਵਿਰਵੀਂ ਹੋਈ ਸਿੱਖ ਫੌਜ, ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ,
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ
ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ।…
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਉਧਰ ਪਤੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ 1846 ਨੂੰ ਉਨ੍ਹਾਂ ਦੀ ਸੁਪਤਨੀ ਦੀ ਚਿਖਾ ਨੇੜੇ ਹੀ ਕਰ ਦਿੱਤਾ ਗਿਆ।
ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਨੇ, ਅਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧ੍ਰੋਹ ਕਰਨ ਵਿਚ ਕੋਈ ਵੀ ਕਸਰ ਨਾ ਛੱਡੀ। ਉਹ ਇੰਨਾ ਜ਼ੋਰ ਖਾਲਸਾਈ ਫੌਜ ਦੀ ਤਾਕਤ ਵਧਾਉਣ ਵਿਚ ਨਹੀਂ ਸਨ ਲਾਉਂਦੇ, ਜਿੰਨਾ ਇਕ-ਦੂਜੇ ਦਾ ਵਿਰੋਧ ਕਰਨ ਵਿਚ ਲਾਉਂਦੇ ਸਨ। ਜੇ ਡੋਗਰੇ ਆਗੂਆਂ-ਮਿਸਰ ਲਾਲ ਸਿੰਘ ਤੇ ਮਿਸਰ ਤੇਜ ਸਿੰਘ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮ ਨਾ ਹੁੰਦੇ ਤਾਂ ਲੜਾਈ ਦੇ ਸਿੱਟੇ ਕੁਝ ਹੋਰ ਹੀ ਹੋਣੇ ਸਨ ਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੁੰਦਾ।
ਸਭਰਾਵਾਂ ਦੀ ਜੰਗ ‘ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਦਲੀਪ ਸਿੰਘ ਤੋਂ ਬਾਦਸ਼ਾਹੀ ਖੋਹ ਲਈ ਗਈ ਤੇ ਖਾਲਸਾ ਰਾਜ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ‘ਤੇ ਦਸਤਖਤ ਕਰਵਾ ਲਏ ਗਏ ਅਤੇ ਇਸ ਪੰਜਾਬ ‘ਤੇ ਪੂਰਨ ਬ੍ਰਿਟਿਸ਼ ਰਾਜ ਕਾਇਮ ਹੋ ਗਿਆ।
ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫਤਿਹਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਉਸ ਲਈ ਫਾਰਸੀ, ਪੰਜਾਬੀ ਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ, ਜਿਥੇ ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਧਰਮ ਵਿਚ ਸ਼ਾਮਲ ਕਰ ਲਿਆ ਗਿਆ। ਥੋੜ੍ਹੇ ਸਮੇਂ ਵਿਚ ਹੀ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਦਾ ਮਨਪਸੰਦ ਸ਼ਹਿਜ਼ਾਦਾ ਬਣ ਗਿਆ ਅਤੇ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ।
ਕਹਿੰਦੇ ਨੇ, ਮੁਸੀਬਤਾਂ ਕਦੇ ਵੀ ਇਕੱਲੀਆਂ ਨਹੀਂ ਆਇਆ ਕਰਦੀਆਂ। ਇੱਧਰ ਪੰਜਾਬ ਵਿਚ ਫਿਰੰਗੀਆਂ ਨੇ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਤੇ ਫਿਰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ, ਜਿੱਥੇ ਉਹ ਜੇਲ੍ਹ ਵਿਚੋਂ ਕਿਸੇ ਢੰਗ-ਤਰੀਕੇ ਨਾਲ ਬਚ ਨਿਕਲੀ ਅਤੇ ਨੇਪਾਲ ਵਿਚ ਦਰ-ਬ-ਦਰ ਧੱਕੇ ਖਾਂਦੀ ਤਕਰੀਬਨ ਅੰਨ੍ਹੀ ਹੀ ਹੋ ਗਈ ਤੇ ਮੰਗਤਿਆਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਈ। ਆਪਣਿਆਂ ਤੇ ਪਰਾਇਆਂ ਦੀਆਂ ਸਾਜ਼ਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ। ਆਖਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿਚ ਇੰਗਲੈਂਡ ਚਲੇ ਗਈ, ਜਿੱਥੇ ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲ ਦੀ ਉਮਰ ਭੋਗ ਕੇ (1817 ਤੋਂ 1 ਅਗਸਤ 1863) ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿਚ ਆਪਣੇ ਪਿਤਾ ਦੀ ਸਮਾਧ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ, ਪਰ ਗੋਰੀ ਸਰਕਾਰ ਨੇ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਨੇੜੇ ਨਾਸਿਕ ਸ਼ਹਿਰ ਵਿਚ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪ੍ਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਥੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਵਿਖੇ ਭੇਟ ਕਰ ਦਿੱਤੀਆਂ।
ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਮਕੜੀ ਜਾਲ ਵਿਚ ਖੂਬ ਫਸਾ ਲਿਆ ਸੀ ਪਰ ਤਵਾਰੀਖ ਨੇ ਆਖਰ ਐਸਾ ਪਲਟਾ ਮਾਰਿਆ ਕਿ 25 ਮਈ 1886 ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿਚ ਕੋਸ਼ਿਸ਼ਾਂ ਕਰਦਾ ਆਖਰ 22 ਅਕਤੂਬਰ 1893 ਨੂੰ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜਦਾ ਇਕ ਛੋਟੇ ਜਿਹੇ ਹੋਟਲ ਵਿਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿਚ ਸਸਕਾਰ ਵਾਸਤੇ ਕੋਈ ਥਾਂ ਵੀ ਨਸੀਬ ਨਾ ਹੋ ਸਕੀ।
ਸਾਨੂੰ ਆਪਣੇ ਇਨ੍ਹਾਂ ਪੁਰਖਿਆਂ, ਜੋ ਖਾਲਸਾਈ ਆਨ-ਸ਼ਾਨ ਅਤੇ ਪ੍ਰਭੂਸੱਤਾ ਲਈ ਜੂਝੇ, ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਸਦਾ ਲਈ ਆਪਣੇ ਚੇਤਿਆਂ ‘ਚ ਵਸਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਾ ਸੁਨਹਿਰੀ ਤੇ ਲਾਸਾਨੀ ਇਤਿਹਾਸ ਸਾਡਾ ਮਾਰਗ-ਦਰਸ਼ਨ ਕਰਦਾ ਅਤੇ ਆਪਣੇ ਵਤਨ ਤੇ ਕੌਮੀ ਆਭਾ ਖਾਤਰ ਜੂਝਣ ਦੀ ਪ੍ਰੇਰਨਾ ਦਿੰਦਾ ਰਹੇ।
ਜਥੇਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਸਥਾਨ ‘ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ। ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਸਮਾਗਮ ਦੌਰਾਨ ਗਤਕਾ, ਕਬੱਡੀ ਤੋਂ ਇਲਾਵਾ ਹੋਰ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ ਹੈ। ਜਥੇਦਾਰ ਅਟਾਰੀਵਾਲਾ ਦੇ ਨਾਂ ‘ਤੇ ਪਿੰਡ ਸਭਰਾਂ ਵਿਖੇ ਸਕੂਲ ਬਣਾਇਆ ਗਿਆ ਹੈ, ਜਿਸ ਵਿਚ ਅਨੇਕਾਂ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ। ਬਹੁਤ ਸਾਰੇ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾ ਰਹੀ ਹੈ। ਵਿਦਿਆ ਦੇ ਨਾਲ-ਨਾਲ ਉਨ੍ਹਾਂ ਨੂੰ ਗੁਰਮਤਿ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।