ਬਲੀ ਦੇ ਬੱਕਰੇ ਦੀ ਭਾਲ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਮਾਰਤਸਾਜ਼ੀ ਦੇ ਮਾਹਰਾਂ ਨੇ ਹਾਕਮ ਨੂੰ ਮਨ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸੇਮ ਹੋਣ ਕਾਰਨ ਉਹ ਇਥੇ ਕੰਧ ਨਾ ਬਣਾਵੇ ਪਰ ਹਾਕਮ ਨੂੰ ਕੰਧ ਬਣਵਾ ਕੇ ਤਕੜਾ ਸਿਆਸੀ ਲਾਭ ਹੋਣਾ ਸੀ। ਇਸ ਕਰਕੇ ਉਹ ਟਲਿਆ ਨਾ। ਰਾਜ-ਮਦੁ ਦੇ ਨਸ਼ੇ ‘ਚ ਚੂਰ ਹੋਏ ਨੇ ਫਟਾ-ਫਟ ਕੰਧ ਚਿਣਵਾ ਦਿੱਤੀ ਪਰ ਹੋਇਆ ਉਹੀ ਜਿਸ ਦਾ ਮਾਹਰਾਂ ਨੂੰ ਖਦਸ਼ਾ ਸੀ। ਕੁਝ ਦਿਨਾਂ ਬਾਅਦ ਹੀ ਸੁੱਕੇ ਅੰਬਰ ਕੰਧ ਡਿਗ ਪਈ। ਸਿਰਫ ਕੰਧ ਡਿਗਣ ਦਾ ਹੀ ਨੁਕਸਾਨ ਨਹੀਂ ਹੋਇਆ, ਸਗੋਂ ਲਾਗੇ ਰਸਤਾ ਹੋਣ ਕਾਰਨ ਮਲਬੇ ਥੱਲੇ ਆ ਕੇ ਨਗਰ ਦੇ ਦੋ ਬੰਦੇ ਵੀ ਮਾਰੇ ਗਏ।

ਦੋ ਨਿਰਦੋਸ਼ ਮਰਨ ਕਰਕੇ ਨਗਰ ਵਿਚ ਹਾਹਾਕਾਰ ਮੱਚ ਗਈ। ਲੋਕਾਂ ਨੇ ਇਕੱਠੇ ਹੋ ਕੇ ਰਾਜੇ ਦਾ ਪਿੱਟ-ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਨਿਤ ਵਧਦਾ ਰੋਹ ਵੇਖ ਕੇ ਰਾਜੇ ਨੇ ਐਲਾਨ ਕਰ ਦਿੱਤਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਜਦ ਤਕ ਗੁਨਾਹਗਾਰਾਂ ਨੂੰ ਲੱਭ ਕੇ ਸਜ਼ਾ ਨਹੀਂ ਦਿੱਤੀ ਜਾਂਦੀ, ਮੈਂ ਚੈਨ ਨਾਲ ਨਹੀਂ ਬੈਠਾਂਗਾ। ਉਸ ਨੇ ਆਪਣੇ ਮਾਤਹਿਤ ਰਹੇ ਇਕ ਅਫਸਰ ਨੂੰ ਅਮਲਾ-ਫੈਲਾ ਦੇ ਕੇ ‘ਇਨਕੁਆਰੀ ਕਮਿਸ਼ਨ’ ਕਾਇਮ ਕਰ ਦਿੱਤਾ।
ਮਾਮਲੇ ਦੀ ਜਾਂਚ-ਪੜਤਾਲ ਕਰਕੇ ਕਮਿਸ਼ਨ ਨੇ ਸਿੱਟਾ ਕੱਢਿਆ ਕਿ ਜਿਸ ਠੇਕੇਦਾਰ ਨੂੰ ਕੰਧ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ, ਕਸੂਰਵਾਰ ਉਹ ਹੈ, ਦੋ ਬੰਦਿਆਂ ਦੀ ਮੌਤ ਉਹਦੇ ਸਿਰ ਲਗਦੀ ਹੈ। ਠੇਕੇਦਾਰ ਹਾਜ਼ਰ ਹੋਇਆ। ਉਹ ਕਹਿੰਦਾ ਗੁਨਾਹ ਮੇਰਾ ਨਹੀਂ, ਜਿਨ੍ਹਾਂ ਰਾਜ ਮਿਸਤਰੀਆਂ ਨੇ ਕੰਧ ਬਣਾਈ ਹੈ, ਉਹ ਦੋਸ਼ੀ ਹਨ। ਠੇਕੇਦਾਰ ਛੱਡ ਦਿੱਤਾ ਗਿਆ ਤੇ ਰਾਜ ਮਿਸਤਰੀ ਬੰਨ ਲਿਆਂਦੇ ਗਏ।
ਰਾਜ ਮਿਸਤਰੀ ਕਹਿਣ ਲੱਗੇ ਕਿ ਮਹਾਰਾਜ! ਸਾਡਾ ਕੋਈ ਕਸੂਰ ਨਹੀਂ, ਜਿਹੋ ਜਿਹਾ ਮਸਾਲਾ ਸਾਨੂੰ ਮਜ਼ਦੂਰ ਲਿਆ ਕੇ ਫੜਾਈ ਗਏ, ਅਸੀਂ ਉਹਦੇ ਨਾਲ ਹੀ ਇੱਟਾਂ ਦੀ ਚਿਣਾਈ ਕਰੀ ਗਏ। ਸੋ, ਤੁਹਾਡੇ ਮੁਲਜ਼ਮ ਮਜ਼ਦੂਰ ਹਨ। ਝੱਟ ਹੀ ਮਜ਼ਦੂਰਾਂ ਦੀ ਵੀ ਸ਼ਨਾਖਤ ਹੋ ਗਈ। ਉਨ੍ਹਾਂ ਨੇ ਹੋਰ ਹੀ ‘ਕਹਾਣੀ’ ਪਾ ਦਿੱਤੀ। ਉਹ ਕਹਿੰਦੇ, ਜਦ ਅਸੀਂ ਮਸਾਲਾ ਵਗੈਰਾ ਰਲਾ ਰਹੇ ਸਾਂ, ਤਦ ਲਾਗੇ ਮੁਜਰਾ ਹੋ ਰਿਹਾ ਸੀ। ਸਾਡਾ ਸਭ ਦਾ ਧਿਆਨ ਤਾਂ ਨ੍ਰਿਤਕੀ ਦੀ ਸੁੰਦਰਤਾ ਅਤੇ ਉਸ ਦੀਆਂ ਸ਼ੋਖ ਅਦਾਵਾਂ ਵੱਲ ਹੀ ਲੱਗਾ ਰਿਹਾ।
ਹੁਣ ਪੜਤਾਲੀਆ ਕਮਿਸ਼ਨ ਨੇ ਬਾਕੀ ਸਾਰੇ ਜਣੇ ਬਰੀ ਕਰ ਦਿੱਤੇ ਅਤੇ ਨ੍ਰਿਤਕੀ ਦੇ ਸੰਮਨ ਕੱਢ ਦਿੱਤੇ। ਦੋ ਬੰਦਿਆਂ ਦਾ ਕਤਲ ਉਹਦੇ ਮੱਥੇ ਮੜ੍ਹਦਿਆਂ ਉਸ ਨੂੰ ਪੁਛਿਆ ਗਿਆ ਕਿ ਜੇ ਤੂੰ ਉਥੇ ਨਾ ਨੱਚ ਰਹੀ ਹੁੰਦੀ ਤਾਂ ਕੰਧ ਪੱਕੀ ਬਣਦੀ ਅਤੇ ਦੋ ਬੰਦੇ ਨਾ ਮਰਦੇ।
ਨ੍ਰਿਤਕੀ ਨੇ ਜਵਾਬ ਦੇ ਕੇ ਕਹਾਣੀ ਦਾ ਰੁਖ ਹੀ ਮੋੜ ਦਿੱਤਾ। ਉਹ ਆਜਜ਼ੀ ਨਾਲ ਬੋਲੀ, ਮੈਨੂੰ ਨੱਚਣ ਦਾ ਸ਼ੌਕ ਨਹੀਂ ਸੀ ਚੜ੍ਹਿਆ ਹੋਇਆ, ਮੈਂ ਤਾਂ ਹਾਕਮ ਦੇ ਹੁਕਮ ਦੀ ਬੱਧੀ ਉਸ ਦਿਨ ਨੱਚੀ ਸੀ।
ਬਚਪਨ ਵਿਚ ਜਿਸ ਕਥਾਕਾਰ ਮੂੰਹੋਂ ਮੈਂ ਇਹ ‘ਸਾਖੀ’ ਸੁਣੀ ਸੀ, ਉਸ ਨੇ ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲਾ ਅਖਾਣ ਬੋਲਦਿਆਂ ਗੱਲ ਇਥੇ ਮੁਕਾਈ ਸੀ ਕਿ ਜਦੋਂ ਨ੍ਰਿਤਕੀ ਦੇ ਬਿਆਨ ਅਨੁਸਾਰ ਕਤਲ ਦੀ ਸੂਈ ਹੁਕਮਰਾਨ ਵੱਲ ਘੁੰਮਣ ਲੱਗੀ ਤਾਂ ਉਸ ਨੇ ਫੌਰਨ ਹਰਕਤ ਵਿਚ ਆਉਂਦਿਆਂ ਸਭ ਤੋਂ ਪਹਿਲਾਂ ਧਰਮ ਮੰਦਿਰ ਵਿਚ ਜਾ ਕੇ ਖੂਬ ਪੂਜਾ-ਅਰਚਨਾ ਕੀਤੀ ਅਤੇ ਭਗਵਾਨ ਤੋਂ ਕਿਸੇ ਭੁੱਲ-ਚੁੱਕ ਦੀ ਖਿਮਾ ਜਾਚਨਾ ਕੀਤੀ। ਫਿਰ ਇਹ ਅਨੋਖਾ ‘ਨਿਆਂ’ ਕਰਦਿਆਂ ਧਾਗੇ ਨਾਲ ਆਪਣੇ ਗਲੇ ਦੀ ਗੋਲਾਈ/ਮੋਟਾਈ ਨਾਪੀ ਅਤੇ ਧਾਗਾ ਅਹਿਲਕਾਰਾਂ ਨੂੰ ਫੜਾਉਂਦਿਆਂ ਹੁਕਮ ਦਿੱਤਾ ਕਿ ਜਿਸ ਕਿਸੇ ਵੀ ਪਰਦੇਸੀ ਦਾ ਗਲਾ ਮੇਰੇ ਇਸ ਨਾਪ ਦੇ ਫਿੱਟ ਆ ਜਾਏ, ਉਸ ਨੂੰ ਜਲਦੀ ਤੋਂ ਜਲਦੀ ਫਾਂਸੀ ਲਾ ਦਿਉ।