ਮੰਟੋ ਤੇ ਅਹਿਮਦ ਨਸੀਮ ਕਾਸਮੀ ਦੀ ਦੋਸਤੀ

ਨਾਮੀ ਲਿਖਾਰੀ ਸਆਦਤ ਹਸਨ ਮੰਟੋ ਅਤੇ ਅਹਿਮਦ ਨਸੀਮ ਕਾਸਮੀ ਦੋਸਤ ਸਨ, ਪਰ ਜ਼ਿੰਦਗੀ ਦੇ ਇਕ ਮੋੜ ਉਤੇ ਆ ਕੇ ਦੋਹਾਂ ਵਿਚਾਲੇ ਦੂਰੀਆਂ ਪੈ ਗਈਆਂ। ਇਸ ਪਿਛੋਂ ਉਹ ਮਿਲਦੇ ਤਾਂ ਰਹੇ ਪਰ ਦੋਸਤੀ ਵਿਚ ਪਹਿਲਾਂ ਵਾਲਾ ਖਲੂਸ ਅਤੇ ਮੁਹੱਬਤ ਨਾ ਰਹੀ। ਇਨ੍ਹਾਂ ਦੀ ਦੋਸਤੀ ਬਾਰੇ ਨਰੇਂਦਰ ਮੋਹਨ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਹੈ।

-ਸੰਪਾਦਕ

ਨਰੇਂਦਰ ਮੋਹਨ
ਅਨੁਵਾਦ: ਡਾ. ਬਲਦੇਵ ਸਿੰਘ ਬੱਦਨ

15 ਸਤੰਬਰ 1948: ਕਿੰਨਾ ਵਿਸਫੋਟਕ ਤੇ ਭਾਰੀ ਰਿਹਾ ਹੋਵੇਗਾ ਸਆਦਤ ਹਸਨ ਮੰਟੋ ਲਈ ਉਹ ਪਲ, ਜਦੋਂ ਉਸ ਨੇ ਅਹਿਮਦ ਨਦੀਮ ਕਾਸਮੀ ਦੇ ਖਤਾਂ ਦੇ ਬੰਡਲ ਨੂੰ ਆਪਣੀਆਂ ਕਿਤਾਬਾਂ ਦੇ ਢੇਰ ਵਿਚੋਂ ਕੱਢ ਕੇ ਅੱਗ ਦੇ ਹਵਾਲੇ ਕਰ ਦਿੱਤਾ ਹੋਵੇਗਾ। ਦੇਖਦਿਆਂ ਹੀ ਦੇਖਦਿਆਂ ਖਤ ਧੂ-ਧੂ ਕਰਕੇ ਸੜਨ ਲੱਗੇ ਤੇ ਮੰਟੋ ਉਨ੍ਹਾਂ ਖਤਾਂ ਦੇ ਪਰਖਚੇ ਉਡਦੇ ਦੇਖਦਾ ਰਿਹਾ। ਇਹ ਉਹੀ ਬੰਡਲ ਸੀ, ਜਿਸ ਨੂੰ ਉਹ ਦੋਸਤ ਦੀ ਨਿਜੀ ਅਤੇ ਅਦਬੀ ਦੌਲਤ ਮੰਨ ਕੇ ਬੜੀ ਹਿਫਾਜ਼ਤ ਨਾਲ ਸੰਭਾਲ ਕੇ ਜਨਵਰੀ 1948 ਵਿਚ ਬੰਬਈ ਤੋਂ ਲਾਹੌਰ ਲਿਆਇਆ ਸੀ।
ਮੰਟੋ ਦੇ ਖਤਾਂ ਦੇ ਜਵਾਬ ਵਿਚ ਕਾਸਮੀ ਨੇ 11 ਵਰ੍ਹਿਆਂ ਦੇ ਲੰਮੇ ਸਮੇਂ ਵਿਚ ਕੀ-ਕੀ ਲਿਖਿਆ ਹੋਵੇਗਾ, ਕਿਵੇਂ ਆਪਣੇ ਜਜ਼ਬਾਤ ਨੂੰ, ਖਿਆਲਾਂ ਨੂੰ, ਕੋਮਲ ਤੇ ਤਿੱਖੀਆਂ ਪ੍ਰਤੀਕ੍ਰਿਆਵਾਂ ਨੂੰ ਆਪਣੇ ਖਾਸ ਲਹਿਜੇ ਵਿਚ ਬਿਆਨ ਕੀਤਾ ਹੋਵੇਗਾ, ਕਹਿਣਾ ਮੁਸ਼ਕਿਲ ਹੈ ਪਰ ਇਹ ਤਾਂ ਤੈਅ ਹੈ ਕਿ ਮੰਟੋ ਇਨ੍ਹਾਂ ਖਤਾਂ ਨੂੰ ਬੇਸ਼ਕੀਮਤੀ ਮੰਨ ਕੇ ਅਤੇ ਸਾਂਭ ਕੇ ਆਪਣੇ ਨਾਲ ਲੈ ਆਇਆ ਸੀ। ਸਫੀਆ ਦੇ ਮਨ੍ਹਾਂ ਕਰਦਿਆਂ ਵੀ ਉਸ ਨੇ ਇਹ ਖਤ ਅੱਗ ਦੇ ਹਵਾਲੇ ਕਰ ਦਿੱਤੇ। ਮੰਟੋ ਦੇ ਹੱਥ ਜ਼ਰਾ ਵੀ ਨਹੀਂ ਕੰਬੇ ਹੋਣਗੇ? ਕੀ ਉਹ ਤਿਲਮਿਲਾਇਆ ਨਹੀਂ ਹੋਵੇਗਾ? ਹੱਥ ਜ਼ਰੂਰ ਕੰਬੇ ਹੋਣਗੇ, ਤਿਲਮਿਲਾਇਆ ਵੀ ਹੋਵੇਗਾ, ਪਰ…।
ਉਹ ਉਨ੍ਹਾਂ ਨੂੰ ਅੱਗ ਵਿਚ ਸੜਦਾ ਦੇਖਦਾ ਰਿਹਾ। ਖਾਮੋਸ਼! ਸਫੀਆ ਨੇ ਸਖਤ ਨਜ਼ਰ ਨਾਲ ਉਸ ਵੱਲ ਦੇਖਿਆ ਤੇ ਉਸ ਦ੍ਰਿਸ਼ ਨੂੰ ਅੱਖਾਂ ਪਾੜੀ ਚੁੱਪ-ਚਾਪ ਦੇਖਦੀ ਰਹੀ। ਮੰਟੋ ਨਾ ਹੱਸਿਆ, ਨਾ ਰੋਇਆ, ਬੱਸ ਬੁੱਤ ਬਣਿਆ ਦੇਖਦਾ ਰਿਹਾ। ਉਨ੍ਹਾਂ ਪਲਾਂ ਵਿਚ ਉਸ ਦੇ ਅੰਦਰ ਜ਼ਰੂਰ ਕੁਝ ਮਰ ਗਿਆ ਹੋਵੇਗਾ, ਨਦੀਮ ਲਈ ਦੋਸਤੀ ਦਾ ਜਜ਼ਬਾ? ਕੁਝ ਤਾਂ ਹੋਇਆ ਹੀ ਹੋਵੇਗਾ। ਉਹ ਉਨ੍ਹਾਂ ਦੁਖਦਾਈ ਪਲਾਂ ਤੋਂ, ਜਿਨ੍ਹਾਂ ਦੇ ਘੇਰੇ ਵਿਚ ਉਹ ਆ ਗਿਆ ਸੀ, ਤੇਜ਼ੀ ਨਾਲ ਬਾਹਰ ਆਉਣਾ ਚਾਹੁੰਦਾ ਸੀ ਤੇ ਇਸ ਲਈ ਉਸ ਨੇ ਆਅ ਦੇਖਿਆ ਨਾ ਤਾਅ, ਖਤਾਂ ਦੇ ਬੰਡਲ ਨੂੰ ਅੱਗ ਲਾ ਦਿੱਤੀ।
ਨੱਬੇ ਦੇ ਕਰੀਬ ਸਨ ਉਹ ਖਤ, ਜੋ ਨਦੀਮ ਨੇ ਮੰਟੋ ਨੂੰ ਵੱਖ-ਵੱਖ ਥਾਂਵਾਂ ਤੋਂ ਲਿਖੇ ਸਨ। ਲਗਭਗ ਇੰਨੇ ਹੀ ਖਤ ਮੰਟੋ ਨੇ ਨਦੀਮ ਨੂੰ ਲਿਖੇ ਸਨ ਬੰਬਈ ਤੋਂ, ਦਿੱਲੀ, ਪੂਨਾ ਤੇ ਲਾਹੌਰ ਤੋਂ। ਸ਼ਾਇਦ ਇੰਨੇ ਖਤ ਉਸ ਨੇ ਕਿਸੇ ਹੋਰ ਦੋਸਤ ਲੇਖਕ ਨੂੰ ਨਹੀਂ ਲਿਖੇ ਹੋਣਗੇ। ਅੰਦਾਜ਼ਾ ਲਾ ਸਕਦੇ ਹਾਂ ਕਿ ਦੋਵੇਂ ਦੋਸਤੀ ਦੇ ਕਿੰਨੇ ਡੂੰਘੇ ਜਜ਼ਬੇ ਵਿਚ ਬੱਝੇ ਰਹੇ ਹੋਣਗੇ।
ਆਖਿਰ ਹੋਇਆ ਕੀ ਕਿ ਮੰਟੋ ਨੇ ਨਦੀਮ ਦੇ ਖਤ ਸਾੜ ਕੇ ਰਾਖ ਦੇ ਢੇਰ ਵਿਚ ਬਦਲ ਦਿੱਤੇ? ਕੀ ਨਦੀਮ ਨੇ ਉਸ ਨਾਲ ਧੋਖਾ ਕੀਤਾ? ਕੀ ਉਹ ਨਦੀਮ ਦੀ ਬਦਨੀਤੀ ਤੋਂ ਤੜਫ ਉਠਿਆ ਸੀ? ਮੰਟੋ ਅਜਿਹਾ ਬੰਦਾ ਸੀ ਕਿ ਕੋਈ ਗਲਾ ਵੀ ਵੱਢ ਦਿੰਦਾ ਤਾਂ ਉਸ ਨੂੰ ਅਫਸੋਸ ਨਾ ਹੁੰਦਾ। ਧਿਆਨ ਦੇਵੋ, ਇਹ ਉਹ ਦਿਨ ਸਨ ਜਦੋਂ ਕਾਸਮੀ ਪੇਸ਼ਾਵਰ ਤੋਂ ਲਾਹੌਰ ਆ ਚੁਕਾ ਸੀ। ਮੰਟੋ ਤਾਂ ਲਾਹੌਰ ਵਿਚ ਸੀ। ਮੰਟੋ ਨੂੰ ਅਫਸੋਸ ਸੀ ਕਿ ਨਦੀਮ ਨੇ ਉਸ ਨਾਲ ਸਿੱਧੇ, ਸਾਫ ਗੱਲ ਕਿਉਂ ਨਾ ਕੀਤੀ? ਹੋਇਆ ਇਹ ਕਿ ਕਾਸਮੀ ਨੇ ਮੰਟੋ ਖਿਲਾਫ ਲੰਮਾ ਖਤ ਲਿਖਿਆ, ਜੋ ਨਾ ਉਸ ਨੂੰ ਦਿੱਤਾ ਗਿਆ, ਨਾ ਪੋਸਟ ਕੀਤਾ ਗਿਆ ਸਗੋਂ ਖੁੱਲ੍ਹੇ ਖਤ ਵਜੋਂ ਪੇਸ਼ਾਵਰ ਦੇ ਪ੍ਰਗਤੀਸ਼ੀਲ ਪਰਚੇ ‘ਸੰਗੇਮੀਲ’ ਵਿਚ ਪ੍ਰਕਾਸ਼ਿਤ ਕਰਵਾ ਦਿੱਤਾ ਗਿਆ। ਮੰਟੋ ਨੂੰ ਇਸ ਨਾਲ ਡੂੰਘੀ ਸੱਟ ਵੱਜੀ।
‘ਜੈਬੇ ਕਫਨ’ ਵਿਚ ਉਸ ਨੇ ਕਈ ਸੰਕੇਤ ਦਿੱਤੇ ਹਨ, ਜਿਨ੍ਹਾਂ ਤੋਂ ਮੰਟੋ ਦੇ ਸਦਮੇ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ‘ਜੈਬੇ ਕਫਨ’ ਦੀਆਂ ਉਹ ਸਤਰਾਂ ਦੇਖੋ, “ਯਕੀਨ ਮੰਨੋ, ਮੈਨੂੰ ਉਸ ਵੇਲੇ ਦੁੱਖ ਹੋਇਆ, ਬੜਾ ਦੁੱਖ ਹੋਇਆ, ਜਦੋਂ ਮੇਰੇ ਕੁਝ ਮਿੱਤਰਾਂ ਨੇ ਮੇਰੀ ਇਸ ਕੋਸ਼ਿਸ਼ (‘ਸਿਆਹ ਹਾਸ਼ੀਏ’) ਦਾ ਮਜ਼ਾਕ ਉਡਾਇਆ। ਮੈਨੂੰ ਲਤੀਫਾਬਾਜ਼, ਸਨਕੀ, ਨਿਕੰਮਾ ਅਤੇ ਫਿਰਕੂ ਕਿਹਾ ਗਿਆ। ਮੇਰੇ ਇਕ ਅਜ਼ੀਜ਼ ਦੋਸਤ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ‘ਮੈਂ ਲਾਸ਼ਾਂ ਦੀਆਂ ਜੇਬਾਂ ਵਿਚੋਂ ਸਿਗਰਟ ਦੇ ਟੁਕੜੇ, ਮੁੰਦਰੀਆਂ ਅਤੇ ਇਸੇ ਕਿਸਮ ਦੀਆਂ ਹੋਰ ਚੀਜ਼ਾਂ ਕੱਢ-ਕੱਢ ਕੇ ਜਮ੍ਹਾਂ ਕੀਤੀਆਂ ਹਨ।’ ਇਕ ਅਜ਼ੀਜ਼ ਨੇ ਮੇਰੇ ਨਾਂ ਖੁੱਲ੍ਹਾ ਖਤ ਵੀ ਛਪਵਾਇਆ, ਜੋ ਉਹ ਬੜੀ ਆਸਾਨੀ ਨਾਲ ਮੈਨੂੰ ਖੁਦ ਦੇ ਸਕਦਾ ਸੀ। ਇਸ ਖੁੱਲ੍ਹੇ ਖਤ ਵਿਚ ਵੀ ਉਸ ਨੇ ‘ਸਿਆਹ ਹਾਸ਼ੀਏ’ ਦੀ ਤਜ਼ਹੀਕ (ਮਜ਼ਾਕ ਉਡਾਉਂਦਿਆਂ) ਵਿਚ ਖੁੱਲ੍ਹੇ ਤੌਰ ‘ਤੇ ਕਲਮਕਾਰੀ ਕੀਤੀ।”
ਇਨ੍ਹਾਂ ਸਤਰਾਂ ਵਿਚ ਅਹਿਮਦ ਨਦੀਮ ਕਾਸਮੀ ਵੱਲ ਇਸ਼ਾਰਾ ਬੜਾ ਸਾਫ ਹੈ ਅਤੇ ਦੋਸਤ ਵੱਲ ਮੰਟੋ ਦੀ ਸ਼ਿਕਾਇਤ ਤੇ ਗੁੱਸੇ ਦਾ ਇਜ਼ਹਾਰ ਵੀ, “ਮੈਨੂੰ ਗੁੱਸਾ ਸੀ, ਇਸ ਦਾ ਨਹੀਂ ਕਿ ਅਲੀਫ ਨੇ ਮੈਨੂੰ ਕਿਉਂ ਗਲਤ ਸਮਝਿਆ; ਗੁੱਸਾ ਸੀ ਕਿ ਅਲੀਫ ਨੇ ਮਹਿਜ਼ ਫੈਸ਼ਨ ਦੇ ਤੌਰ ‘ਤੇ ਬਿਮਾਰ ਬਨਾਵਟੀ ਗੁੱਸੇ ਅਕੀਮ ਦੀ ਉਂਗਲੀ ਫੜ ਕੇ, ਬਾਹਰੀ ਸਿਆਸਤ ਦੇ ਬਨਾਵਟੀ ਆਬਰੂ ਦੇ ਇਸ਼ਾਰੇ ‘ਤੇ ਮੇਰੀ ਨੀਅਤ ‘ਤੇ ਸ਼ੱਕ ਕੀਤਾ ਤੇ ਮੈਨੂੰ ਉਸ ਕਸੌਟੀ ‘ਤੇ ਪਰਖਿਆ ਜਿਸ ‘ਤੇ ਸਿਰਫ ‘ਸੁਰਖੀ’ ਹੀ ਸੋਨਾ ਸੀ।” (ਭਾਵ ਕਮਿਊਨਿਸਟ ਹੋਣਾ ਹੀ ਖਰੇਪਨ ਦੀ ਨਿਸ਼ਾਨੀ ਹੈ)
ਗੌਰ ਕਰੋ ਕਿ ਮੰਟੋ ਨੂੰ ਦੋਸਤ ਜਾਂ ਸਮੀਖਿਅਕ ਦੀ ਸੋਚ ਜਾਂ ਵਿਚਾਰਧਾਰਾ ਨੂੰ ਲੈ ਕੇ ਗੁੱਸਾ ਨਹੀਂ ਹੈ, ਗਲਤ ਸਮਝ ਲਏ ਜਾਣ ਦਾ ਵੀ ਗੁੱਸਾ ਨਹੀਂ ਹੈ (ਸਾਹਿਤ ਨੂੰ ਲੈ ਕੇ ਗਲਤ-ਸਹੀ ਵਿਆਖਿਆਵਾਂ ਹੁੰਦੀਆਂ ਹੀ ਰਹਿੰਦੀਆਂ ਹਨ), ਉਸ ਨੂੰ ਦੁੱਖ ਇਸ ਲਈ ਹੈ ਕਿ ਉਸ ਨੂੰ ਖਾਸ ਵਾੜੇ ਵਿਚ ਹੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਇਹ ਮੁਮਕਿਨ ਨਾ ਹੋਇਆ ਤਾਂ ਵਿਚਾਰਧਾਰਾ ਨੂੰ ਅਗਵਾ ਕਰਨ ਵਾਲੇ ਕਠਮੁੱਲਿਆਂ ਦੇ ਇਸ਼ਾਰੇ ‘ਤੇ ਉਸ ਦਾ ਮਜ਼ਾਕ ਉਡਾਇਆ ਗਿਆ ਤੇ ਉਸ ‘ਤੇ ਬੇਹੂਦਾ ਅਤੇ ਝੂਠੇ ਦੋਸ਼ ਲਾਏ ਗਏ ਤੇ ਉਹ ਵੀ ਦੋਸਤ ਰਾਹੀਂ। ਇਹ ਉਸ ਲਈ ਹੱਤਕ ਤੋਂ ਘੱਟ ਨਹੀਂ ਸੀ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਨਦੀਮ ਨੇ ਉਸ ਦੇ ਅਤੇ ਆਪਣੇ ਖਤਾਂ ਦੀ (ਜੋ ਦੋਵੇਂ ਇਕ-ਦੂਜੇ ਨੂੰ ਲਿਖਦੇ ਰਹੇ) ਤੌਹੀਨ ਕੀਤੀ ਹੋਵੇ। ਉਸ ਨੂੰ ਲੱਗਾ, ਜਿਵੇਂ ਖਤਾਂ ਦੇ ਬੰਡਲ ਵਿਚ ਹੁਣ ਜਾਨ ਨਾ ਰਹੀ ਹੋਵੇ ਤੇ ਬੇਜਾਨ ਪਏ ਖਤਾਂ ਦੇ ਬੰਡਲ ਨੂੰ ਸੰਭਾਲੀ ਰੱਖਣ ਦਾ ਉਹਦੇ ਲਈ ਕੋਈ ਮਤਲਬ ਨਾ ਰਹਿ ਗਿਆ ਹੋਵੇ।
ਮੰਟੋ ਨੇ ਅਹਿਮਦ ਨਦੀਮ ਕਾਸਮੀ ਦੇ ਖਤ ਅੱਗ ਦੇ ਹਵਾਲੇ ਜ਼ਰੂਰ ਕਰ ਦਿੱਤੇ ਪਰ ਮੰਟੋ ਦੇ ਨਦੀਮ ਦੇ ਨਾਂ ਲਿਖੇ ਕੋਈ ਨੱਬੇ ਖਤ, ਜੋ ਉਸ ਨੇ ਦੋਸਤੀ ਦੇ ਡੂੰਘੇ ਜਜ਼ਬੇ ਵਿਚ ਉਸ ਨੂੰ ਲਿਖੇ ਸਨ, ਬਚ ਗਏ ਅਤੇ ਇਹ ਚੰਗਾ ਹੀ ਹੋਇਆ, ਕਿਉਂਕਿ ਇਹ ਖਤ ਮੰਟੋ ਦੀ ਜ਼ਿੰਦਗੀ ਦੇ ਗ੍ਰਾਫ ਅਤੇ ਮੰਟੋ-ਨਦੀਮ ਦੇ ਰਿਸ਼ਤਿਆਂ ਨੂੰ ਸਮਝਣ ਵਿਚ ਸਹਾਇਕ ਹਨ। ਇਹ ਖਤ ਨਦੀਮ ਨੇ ਮੰਟੋ ਦੀ ਮੌਤ ਦੇ ਸੱਤ ਸਾਲ ਬਾਅਦ 1962 ਵਿਚ ‘ਮੰਟੋ ਕੇ ਖਤੂਤ, ਨਦੀਮ ਕੇ ਨਾਮ’ ਨਾਲ ਪ੍ਰਕਾਸ਼ਿਤ ਕੀਤੇ।
ਜਨਵਰੀ 1939 ਵਿਚ ਲਿਖੇ ਦੋ ਖਤਾਂ ਦੇ ਅੰਸ਼ ਦੇਖੋ:
“ਮੈਂ ਇਕ ਅਰਸੇ ਤੋਂ ਆਪਣੀ ਹੋਂਦ ਨੂੰ ਤੁਰਗਨੇਵ ਦੇ ਸ਼ਬਦਾਂ ਵਿਚ ਗੱਡੇ ਦੇ ਪੰਜਵੇਂ ਨਿਰਾਰਥਕ ਪਹੀਏ ਵਾਂਗੂ ਬੇਕਾਰ ਸਮਝਦਾ ਹਾਂ। ਇਸ ਲਈ ਮੈਂ ਚਾਹਿਆ ਕਿ ਕਿਸੇ ਦੇ ਕੰਮ ਆ ਸਕਾਂ। ਖਾਈ ਵਿਚ ਪਈ ਇੱਟ ਜੇ ਕਿਸੇ ਕੰਧ ਦੀ ਚਿਣਾਈ ਵਿਚ ਕੰਮ ਆ ਸਕੇ ਤਾਂ ਇਸ ਤੋਂ ਵਧ ਕੇ ਉਹ ਹੋਰ ਕੀ ਚਾਹ ਸਕਦੀ ਹੈ?
ਕੁਝ ਵੀ ਹੋਵੇ ਮੈਨੂੰ ਆਤਮ-ਚੈਨ ਨਹੀਂ ਹੈ। ਮੈਂ ਕਿਸੇ ਚੀਜ਼ ਤੋਂ ਸੰਤੁਸ਼ਟ ਨਹੀਂ ਹਾਂ। ਹਰ ਚੀਜ਼ ਵਿਚ ਮੈਨੂੰ ਕਮੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਖੁਦ ਆਪਣੇ ਆਪ ਨੂੰ ਅਧੂਰਾ ਸਮਝਦਾ ਹਾਂ। ਮੈਨੂੰ ਆਪਣੇ ਆਪ ਕਦੇ ਦਿਲਾਸਾ ਨਹੀਂ ਮਿਲਦਾ। ਅਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਜੋ ਕੁਝ ਹਾਂ, ਜੋ ਕੁਝ ਮੇਰੇ ਅੰਦਰ ਹੈ, ਉਹ ਨਹੀਂ ਹੋਣਾ ਚਾਹੀਦਾ। ਇਸ ਦੀ ਥਾਂ ਕੁਝ ਹੋਰ ਵੀ ਹੋਣਾ ਚਾਹੀਦਾ ਹੈ।”
ਸਪਸ਼ਟ ਹੈ ਕਿ ਮੰਟੋ ਸਾਰਥਕਤਾ ਦੀ ਭਾਲ ਵਿਚ ਭਟਕ ਰਿਹਾ ਸੀ। ਕਿਸੇ ਵੱਡੇ ਅਰਥ ਵਿਚ ਖੁਦ ਨੂੰ ਸਾਬਤ ਕਰਨਾ ਚਾਹੁੰਦਾ ਸੀ। ਉਹ ਵਿਵੇਕਪੂਰਣ ਸੰਵੇਦਨਾ ਦੇ ਬਲ ‘ਤੇ ਕਥਨੀ ਤੇ ਕਰਨੀ, ਵਿਚਾਰ ਤੇ ਅਮਲ ਦੇ ਫਾਸਲੇ ਮੇਟਣਾ ਚਾਹੁੰਦਾ ਸੀ। ਉਹ ਪ੍ਰਤੀਬੱਧਤਾ ਅਤੇ ਹੋਂਦ ਦੇ ਸਵਾਲਾਂ ਵਿਚਾਲੇ ਲਟਕ ਰਿਹਾ ਸੀ। ਜਿਸ ਦਿਮਾਗੀ ਬੇਚੈਨੀ ਦੇ ਆਲਮ ਵਿਚ ਉਹ ਪਿਆ ਸੀ, ਮੰਟੋ ਨੇ ਉਸ ਨੂੰ ਆਪਣੇ ਦੋਸਤ ਨਦੀਮ ਤੋਂ ਲੁਕਾਇਆ ਨਹੀਂ ਹੈ।
ਇਹ ਖਤ ਇਸ ਲਈ ਕਈ ਮਾਅਨਿਆਂ ਵਿਚ ਮੰਟੋ ਨੂੰ ਉਸ ਦੀਆਂ ਆਪਣੀਆਂ ਨਜ਼ਰਾਂ ਵਿਚ ਹੀ ਨਹੀਂ, ਹੋਰਾਂ ਦੀਆਂ ਨਜ਼ਰਾਂ ਵਿਚ ਵੀ ਖੋਲ੍ਹ ਕੇ ਰੱਖ ਦਿੰਦੇ ਹਨ। ਇਹ ਅਜਿਹਾ ਸ਼ੀਸ਼ਾ ਹੈ, ਜਿਸ ਵਿਚ ਮੰਟੋ ਦੀ ਅੰਦਰੂਨੀ ਸ਼ਖਸੀਅਤ ਕਈ ਪਾਸਿਓਂ, ਕਈ ਤਰ੍ਹਾਂ ਨਾਲ ਝਲਕਦੀ ਜਾਂਦੀ ਹੈ। ਜਾਹਰ ਹੈ ਕਿ ਮੰਟੋ ਨਦੀਮ ਨੂੰ ਆਪਣਾ ਕਰੀਬੀ, ਖਾਸ ਦੋਸਤ ਮੰਨਦਾ ਸੀ ਜਿਸ ਦੇ ਸਾਹਮਣੇ ਉਹ ਖੁਦ ਨੂੰ ਉਧੇੜਦਾ ਜਾਂਦਾ ਸੀ।
ਮੰਟੋ 7 ਜਾਂ 8 ਜਨਵਰੀ 1948 ਨੂੰ ਲਾਹੌਰ ਪੁੱਜਾ ਤੇ ਉਥੋਂ ਹੀ ਉਸ ਨੇ ਫਰਵਰੀ 1948 ਵਿਚ ਨਦੀਮ ਨੂੰ ਖਤ ਲਿਖਿਆ ਸੀ। ਮੰਟੋ ਵਲੋਂ ਨਦੀਮ ਦੇ ਨਾਂ ਉਹ ਆਖਰੀ ਖਤ ਸੀ। ਖਤ ਦਾ ਇਕ ਅੰਸ਼ ਇਸ ਤਰ੍ਹਾਂ ਹੈ, “ਮੈਨੂੰ ਅਫਸੋਸ ਹੈ, ਵਾਅਦਾ ਕਰਕੇ ਤੁਸੀਂ ਤਸ਼ਰੀਫ ਨਾ ਲਿਆਏ। ਬਹਿਰਹਾਲ, ਮੈਂ ਖੁਦ ਕਿਸੇ ਕੰਮ ਲਈ ਆਪਣੇ ਖਾਸ ਦੋਸਤ ਦੇ ਨਾਲ ਪੇਸ਼ਾਵਰ ਆ ਰਿਹਾ ਹਾਂ। ਇਨਸ਼ਾ ਅੱਲਾਹ, ਖੂਬ ਗੱਲਾਂ ਹੋਣਗੀਆਂ। ਜਾਹਰ ਹੈ ਕਿ ਤਿੰਨ-ਚਾਰ ਦਿਨ ਤੁਹਾਡੇ ਕੋਲ ਹੀ ਰਹਾਂਗੇ।”
ਇਸ ਖਤ ਤੋਂ ਸਪਸ਼ਟ ਹੈ ਕਿ ਮੰਟੋ ਦੇ ਬੰਬਈ ਤੋਂ ਲਾਹੌਰ ਪਹੁੰਚਣ ਮਗਰੋਂ ਨਦੀਮ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਮਿਲਣ ਆਏਗਾ ਪਰ ਉਹ ਵਾਅਦੇ ਪਿਛੋਂ ਵੀ ਨਾ ਆਇਆ, ਇਸ ‘ਤੇ ਮੰਟੋ ਨੂੰ ਅਫਸੋਸ ਹੋਇਆ ਸੀ। ਖਤ ਤੋਂ ਸਪਸ਼ਟ ਹੈ ਕਿ ਮੰਟੋ ਪੇਸ਼ਾਵਰ ਗਿਆ ਸੀ ਤੇ ਨਦੀਮ ਨਾਲ ਕੁਝ ਦਿਨ ਠਹਿਰਿਆ ਸੀ। ਸ਼ਾਇਦ ਇਨ੍ਹੀਂ ਦਿਨੀਂ ਤੇਜ਼ ਝੜਪ ਹੋਈ ਹੋਵੇ ਜਿਸ ਵੱਲ ‘ਮੰਟੋ ਕੇ ਖੁਤੂਤ’ ਦੀ ਭੂਮਿਕਾ ਵਿਚ ਨਦੀਮ ਨੇ ਇਸ ਤਰ੍ਹਾਂ ਲਿਖਿਆ ਹੈ, “ਮੈਂ ਦੋ-ਤਿੰਨ ਵਾਰ ਮੰਟੋ ਦੀ ਜਾਤ ‘ਤੇ ਤਨਕੀਦ (ਨੁਕਤਾਚੀਨੀ) ਕਰ ਦਿੱਤੀ। ਨਾਲ ਹੀ ਉਸ ਦੇ ਕੁਝ ਅਜਿਹੇ ਦੋਸਤਾਂ ਨੂੰ ਬੁਰਾ-ਭਲਾ ਕਹਿ ਦਿੱਤਾ, ਜੋ ਮਾਰੇ ਖਲੂਸ ਦੇ ਉਸ ਦੀ ਬਰਬਾਦੀ ਦੀ ਰਫਤਾਰ ਨੂੰ ਤਿੱਖਾ ਕਰਦੇ ਰਹਿੰਦੇ ਹਨ। ਇਸੇ ‘ਤੇ ਮੰਟੋ ਮੇਰੇ ਨਾਲ ਵਿਗੜ ਗਿਆ…ਮੈਨੂੰ ਉਸ ਦਾ ਇਹ ਫਿਕਰਾ ਕਦੇ ਨਹੀਂ ਭੁੱਲੇਗਾ, ‘ਮੈਂ ਤੈਨੂੰ ਆਪਣੇ ਜ਼ਮੀਰ ਦੀ ਮਸਜਿਦ ਦਾ ਇਮਾਮ ਮੁਕੱਰਰ ਨਹੀਂ ਕੀਤਾ, ਸਿਰਫ ਦੋਸਤ ਬਣਾਇਆ ਹੈ…।’ ਨਤੀਜਾ ਇਹ ਕਿ ਮੈਂ ਮੰਟੋ ਤੋਂ ਕਤਰਾ ਕੇ ਨਿਕਲ ਜਾਣ ਵਿਚ ਆਪਣੀ ਅਤੇ ਆਪਣੇ ਜਜ਼ਬਾਤ ਦੇ ਬਚਾਅ ਵਿਚ ਕੁਸ਼ਲਤਾ ਸਮਝੀ।”
ਲੱਗਦਾ ਹੈ, ਮੰਟੋ ਦੇ ਮਹਿਜ ਸ਼ਰਾਬ ਪੀਣ ਦੀ ਗੱਲ ਨਹੀਂ ਸੀ, ਕਈ ਅਹਿਮ ਅਦਬੀ ਮਸਲੇ ਵੀ ਇਸ ਵਿਚ ਉਲਝੇ ਹੋਏ ਸਨ, ਜਿਨ੍ਹਾਂ ਵਲੋਂ ਨਦੀਮ ਦਾ ਗੈਰ-ਜ਼ਰੂਰੀ ਢੰਗ ਨਾਲ ਉਸ ਨੂੰ ਟੋਕਣਾ ਮੰਟੋ ਨੂੰ ਨਾ-ਗਵਾਰ ਗੁਜ਼ਰਿਆ ਸੀ। ਭੂਮਿਕਾ ਦੀਆਂ ਇਹ ਸਤਰਾਂ, ਲੱਗਦਾ ਹੈ ਨਦੀਮ ਨੇ ਆਪਣੀ ਸਫਾਈ ਵਿਚ ਪੇਸ਼ ਕੀਤੀਆਂ ਹੋਣ। ਦੋਸਤ ਤੋਂ ਕਤਰਾ ਕੇ ਨਿਕਲ ਜਾਣ ਦੀ ਗੱਲ ਸਮਝੀ ਜਾ ਸਕਦੀ ਹੈ ਪਰ ਮੰਟੋ ਦੀ ਦੋ-ਟੁਕ ਟਿੱਪਣੀ ਤੋਂ ਨਦੀਮ ਦਾ ਦੋਸਤੀ ਤੋਂ ਪੱਲਾ ਝਾੜ ਲੈਣਾ ਅਤੇ ਹੜਬੜਾਹਟ ਵਿਚ ਮੰਟੋ ਖਿਲਾਫ ਲੰਮਾ ਖਤ ਛਪਵਾਉਣਾ, ਮੰਟੋ ਲਈ ਬਰਦਾਸ਼ਤ ਤੋਂ ਬਾਹਰ ਸੀ।
ਮੰਟੋ ਨੇ ਨਦੀਮ ਨੂੰ ਅਜਿਹਾ ਦੋਸਤ ਮੰਨਿਆ ਸੀ, ਜਿਸ ਨਾਲ ਦਿਲੋ-ਦਿਮਾਗ ਦੀ ਹਰ ਗੱਲ, ਦਿਲ ਦਾ ਹਰ ਕੋਨਾ ਸਾਂਝਾ ਕੀਤਾ ਜਾ ਸਕਦਾ ਹੈ। ਤਦ ਹੀ ਤਾਂ ਉਹ ਫਰਵਰੀ 1937 ਵਿਚ ਲਿਖੇ ਖਤ ਵਿਚ ਕਹਿੰਦਾ ਹੈ, “ਮੈਂ ਇਕ ਸ਼ਿਕਸਤਾ (ਗਿਰਦੀ ਹੋਈ, ਕਮਜ਼ੋਰ) ਦੀਵਾਰ ਹਾਂ, ਜਿਸ ਤੋਂ ਪਲਸਤਰ ਦੇ ਟੁਕੜੇ ਡਿਗ-ਡਿਗ ਕੇ ਜਮੀਨ ‘ਤੇ ਕਈ ਸ਼ਕਲਾਂ ਬਣਾਉਂਦੇ ਰਹਿੰਦੇ ਹਨ।”
ਇਥੋਂ ਮੰਟੋ ਆਪਣੀ ਜਿਸਮਾਨੀ ਅਤੇ ਰੂਹਾਨੀ ਹਾਲਤ ਨੂੰ ਕਲਾਕਾਰ ਦੀ ਜ਼ੁਬਾਨ ਵਿਚ ਬਿਆਨ ਕਰ ਰਿਹਾ ਹੈ, ਨਹੀਂ ਤਾਂ ਦੋਸਤ ਦੇ ਸਾਹਮਣੇ ਕੌਣ ਨਹੀਂ ਜਾਣਦਾ ਕਿ ਇਹ ਉਹ ਦੌਰ ਸੀ, ਜਦੋਂ ਉਹ ਉਚ-ਕੋਟੀ ਦੀਆਂ ਕਹਾਣੀਆਂ ਲਿਖ ਰਿਹਾ ਸੀ ਤੇ ਫਿਲਮੀ ਹਲਕਿਆਂ ਵਿਚ ਵੀ ਛਾਇਆ ਹੋਇਆ ਸੀ। ਇਸੇ ਖਤ ਵਿਚ ਉਹ ਖੁਦ ਨੂੰ ‘ਇੰਟਲੈਕਚੁਅਲ ਰੈੱਕ’ ਕਹਿੰਦਾ ਹੈ। ਇਸ ਕਥਨ ਨੂੰ ਵੀ ਸ਼ਬਦੀ ਰੂਪ ਵਿਚ ਨਹੀਂ ਲਿਆ ਜਾ ਸਕਦਾ। ਇਹ ਸਵੈ-ਕਥਨ ਨਹੀਂ, ਨਿਮਰਤਾ ਦੀਆਂ ਹੱਦਾਂ ਛੂੰਹਦੀ ਸਵੈ-ਆਲੋਚਨਾ ਹੈ, ਜੋ ਦੋਸਤ ਨੂੰ ਸੰਬੋਧਿਤ ਹੈ। ਉਦੋਂ ਦੇ ਅਤੇ ਅੱਜ ਦੇ ਮਾਹੌਲ ਵਿਚ ਜਿੱਥੇ ਦੋ ਕੌਡੀ ਦੀ ਕਾਬਲੀਅਤ ਵਾਲੇ ਖੁਦ ਨੂੰ ‘ਇੰਟਲੈਕੁਚਅਲ’ ਕਹਿੰਦੇ ਨਾ ਥੱਕਦੇ ਹੋਣ, ਉਥੇ ਖੁਦ ਨੂੰ ‘ਇੰਟਲੈਕਚੁਅਲ ਰੈਕ’ ਕਹਿਣ ਦਾ ਮੰਟੋ ਦਾ ਅੰਦਾਜ਼ ਅਤੇ ਜਿਗਰਾ ਤਾਂ ਦੇਖੋ। ‘ਰੈਕ’ ਦੀ ਗੱਲ ਤਾਂ ਛੱਡੋ, ਜ਼ਹਿਨੀ ਤੌਰ ‘ਤੇ ਮੰਦ ਪਿਆ ਦਿਮਾਗ ਕੀ ਅਜਿਹੇ ਅਫਸਾਨੇ ਅਤੇ ਯਾਦਾਂ ਲਿਖ ਸਕਦਾ ਸੀ, ਜੋ ਉਸ ਨੇ ਵੰਡ ਪਿੱਛੋਂ ਲਾਹੌਰ ਆ ਕੇ ਲਿਖੇ ਤੇ ਅਦਾਲਤੀ ਮੁਕੱਦਮੇ ਝੱਲਦਿਆਂ ਜਿਨ੍ਹਾਂ ਦੀ ਕੀਮਤ ਚੁਕਾਈ। ਕਾਸਮੀ ਨੂੰ ਉਸ ਨੇ ਜਿਗਰੀ ਯਾਰ ਸਮਝਿਆ ਸੀ, ਜਿਸ ਦੇ ਸਾਹਮਣੇ ਉਹ ਸੁਰੱਖਿਆ ਕਵਚ ਪਾਏ ਬਿਨਾ ਸਭ ਕੁਝ ਸਾਂਝਾ ਕਰ ਸਕਦਾ ਸੀ। ਮੰਟੋ ਨੇ ਕਾਸਮੀ ਨੂੰ ਅਜਿਹਾ ਦੋਸਤ ਮੰਨਿਆ ਸੀ, ਜਿਸ ਦਾ ਮਲਾਲ ਉਸ ਨੂੰ ਉਦੋਂ ਹੋਇਆ।
ਇਹ ਤਾਂ ਸਾਫ ਹੈ ਕਿ ਮੰਟੋ ਬਨਾਵਟ ਤੋਂ ਕੋਹਾਂ ਦੂਰ ਸੀ। ਉਸ ਵਿਚ ਕਦੇ ਕੋਈ ਲੁਕਾਅ ਨਾ ਰਿਹਾ। ਜਿਵੇਂ ਅੰਦਰ, ਤਿਵੇਂ ਬਾਹਰ। ਜੋ ਕਹਿੰਦਾ, ਉਹ ਕਰਦਾ। ਜਿਵੇਂ ਬੋਲਦਾ, ਤਿਵੇਂ ਲਿਖਦਾ। ਦੋਸਤੀ ਵਿਚ ਖਰੀਆਂ-ਖਰੀਆਂ ਕਹਿਣ ਵਿਚ ਉਹ ਕਦੇ ਝਿਜਕਦਾ ਨਹੀਂ ਸੀ। ਜਿਸ ਨੂੰ ਦੋਸਤ ਮੰਨਿਆ, ਉਸ ਨਾਲ ਲੜਦਿਆਂ-ਝਗੜਦਿਆਂ, ਪਿਆਰ ਅਤੇ ਘ੍ਰਿਣਾ ‘ਚੋਂ ਗੁਜ਼ਰਦਿਆਂ ਵੀ ਜਿਵੇਂ ਅਸ਼ਕ-ਮੰਟੋ, ਮੰਟੋ-ਅਸ਼ਕ ਦੇ ਰਿਸ਼ਤੇ ਵਿਚ, ਅਜਿਹੇ ਹੋਰ ਰਿਸ਼ਤਿਆਂ ਵਿਚ ਵੀ ਉਹ ਸੱਚਾ ਰਿਹਾ, ਪਰ ਹਾਂ! ਇਮਾਨ ਵਿਚ ਖੋਟ ਜਾਂ ਬਦਨੀਤੀ, ਖੁਦ ਵਿਚ ਜਾਂ ਦੂਜਿਆਂ ਵਿਚ, ਉਸ ਨੂੰ ਬਰਦਾਸ਼ਤ ਨਹੀਂ ਸੀ।
23 ਸਤੰਬਰ 1940 ਨੂੰ ਉਸ ਨੇ ਬੰਬਈ ਤੋਂ ਕਾਸਮੀ ਨੂੰ ਖਤ ਵਿਚ ਲਿਖਿਆ ਸੀ, “ਜਦੋਂ ਮੈਂ ਕਿਸੇ ਨਾਲ ਦੋਸਤੀ ਕਰਦਾ ਹਾਂ ਤਾਂ ਮੈਨੂੰ ਇਸ ਗੱਲ ਦੀ ਤਵੱਕੋ ਹੁੰਦੀ ਹੈ ਕਿ ਉਹ ਆਪਣਾ ਆਪ ਮੇਰੇ ਹਵਾਲੇ ਕਰ ਦੇਵੇਗਾ। ਦੋਸਤੀ ਦੇ ਮਾਮਲੇ ਵਿਚ ਮੇਰੇ ਅੰਦਰ ਇਹ ਜ਼ਬਰਦਸਤ ਕਮਜ਼ੋਰੀ ਹੈ, ਜਿਸ ਦਾ ਇਲਾਜ ਮੈਥੋਂ ਨਹੀਂ ਹੋ ਸਕਿਆ।”
ਬਾਅਦ ਵਿਚ ਮੰਟੋ ਨੂੰ ਮਹਿਸੂਸ ਹੋ ਗਿਆ ਕਿ ਅਜਿਹੀ ਦੋਸਤੀ ਜਿਸ ਵਿਚ ਦੋਸਤ ਖੁਦ ਨੂੰ ਦੂਜਿਆਂ ਦੇ ਹਵਾਲੇ ਕਰ ਦੇਵੇ, ਸੰਭਵ ਨਹੀਂ ਹੈ ਪਰ ਦੋਸਤੀ ਦੀ ਆੜ ਵਿਚ ਦੋਸਤ ਲੁਕ ਕੇ ਵਾਰ ਕਰੇ, ਇਹ ਉਸ ਤੋਂ ਸਹਿ ਨਾ ਹੋਇਆ; ਨਾ ਇਹ ਉਸ ਦੀ ਫਿਤਰਤ ਸੀ। ਉਹ ਖੁੱਲ੍ਹ ਕੇ ਲੜਨਾ ਜਾਣਦਾ ਸੀ ਪਰ ਦੋਸਤੀ ਦੇ ਨਾਂ ‘ਤੇ ਗੱਦਾਰੀ ਉਸ ਨੂੰ ਸਖਤ ਨਾ-ਪਸੰਦ ਸੀ। ਪਿਛੋਂ ਵਰ੍ਹਿਆਂ ਤਕ ਦੋਸਤੀ ਵਿਚ ਤਰੇੜ ਆ ਜਾਣ ਦੇ ਬਾਵਜੂਦ ਉਹ ਦੋਵੇਂ ਸਾਹਿਤਕ ਬਰਾਦਰੀ ਦੇ ਹਿੱਸੇ ਦੇ ਤੌਰ ‘ਤੇ ਪਰਸਪਰ ਟਕਰਾਉਂਦੇ ਰਹੇ, ਮਿਲਦੇ-ਜੁਲਦੇ ਰਹੇ। ਇਕ-ਦੂਜੇ ਦੇ ਘਰਾਂ ਵਿਚ ਵੀ ਆਉਂਦੇ-ਜਾਂਦੇ ਰਹੇ। ਇਕ ਵਾਰ ਤਾਂ ਨਦੀਮ ਨੇ ਮੰਟੋ ਨੂੰ ਸ਼ਰਾਬ ਛੱਡਣ ਬਾਰੇ ਲੰਮਾ ਲੈਕਚਰ ਹੀ ਦੇ ਦਿੱਤਾ। ਇਸ ਦੌਰਾਨ ਮੰਟੋ ਕਿਉਂਕਿ ਨਦੀਮ ਦੇ ਅਦਬੀ, ਗੈਰ-ਅਦਬੀ ਬਹੁਰੂਪੀਏਪਨ ਤੋਂ ਜਾਣੂ ਹੋ ਚੁਕਾ ਸੀ, ਉਸ ਨੇ ਨਦੀਮ ਨੂੰ ਨਸੀਹਤ ਦੇ ਜਵਾਬ ਵਿਚ ਇੰਨਾ ਹੀ ਕਿਹਾ, “ਇਸ ਫਰਾਡ ਦੀ ਕੋਈ ਖਾਸ ਲੋੜ ਤਾਂ ਨਹੀਂ।”
ਨਦੀਮ ਨੂੰ ਲੈ ਕੇ ਗਾਲਿਬ ਦਾ ਇਹ ਸ਼ੇਅਰ ‘ਯੇ ਕਹਾਂ ਕੀ ਦੋਸਤੀ ਹੈ ਕਿ ਬਨੇ ਹੈਂ ਦੋਸਤ ਨਾਸੇਹ (ਨਸੀਹਤ ਦੇਣ ਵਾਲੇ), ਕੋਈ ਚਾਰਸਾਜ਼ (ਇਲਾਜ ਕਰਨ ਵਾਲਾ) ਹੋਤਾ, ਕੋਈ ਗਮਗੁਸਾਰ (ਹਮਦਰਦੀ ਦਿਖਾਉਣ ਵਾਲਾ) ਹੋਤਾ’ ਉਸ ਦੇ ਦਿਲੋ-ਦਿਮਾਗ ਵਿਚ ਘੁੰਮਦਾ ਰਿਹਾ ਹੋਵੇਗਾ। ਇਹੋ ਕਾਰਨ ਹੈ ਕਿ ਨਦੀਮ ਦੀਆਂ ਹਰਕਤਾਂ ਤੋਂ ਉਸ ਨੇ ਤੌਬਾ ਕਰ ਲਈ। ਉਸ ਦੇ ਖਤਾਂ ਨੂੰ ਖਾਕ ਕੇ ਹਵਾਲੇ ਕਰਕੇ ਮੰਟੋ ਨੇ ਨਦੀਮ ਨਾਲ ਆਪਣੀ ਲੰਮੀ ਦੋਸਤੀ ਤੋਂ ਕਿਨਾਰਾ ਕਰ ਲਿਆ, ਪਰ ਕੀ ਸੱਚਮੁੱਚ ਉਹ ਕਿਨਾਰਾ ਕਰ ਸਕਿਆ?
ਪਹਿਲਾਂ ਕਿਹਾ ਜਾ ਚੁਕਾ ਹੈ ਕਿ ਮੰਟੋ ਅਕਸਰ ‘ਫਰਾਡ’ ਸ਼ਬਦ ਦਾ ਇਸਤੇਮਾਲ ਦੂਜੇ ਲਈ ਹੀ ਨਹੀਂ, ਆਪਣੇ ਲਈ ਵੀ ਕਰਦਾ ਸੀ। ਦੂਜਿਆਂ ਲਈ ਜਦੋਂ ਉਹ ‘ਫਰਾਡ’ ਕਹਿੰਦਾ ਤਾਂ ਵਿਅਕਤੀ ਵਿਸ਼ੇਸ਼ ਦੇ ਹਿਸਾਬ ਨਾਲ ਉਸ ਦੇ ਅਰਥ ਨਿਕਲਦੇ ਜਾਂਦੇ। ਬਹੁਤ ਕੁਝ ਕਹਿਣ ਦੇ ਅੰਦਾਜ਼ ਜਾਂ ‘ਟੋਨ’ ‘ਤੇ ਆ ਟਿਕਦਾ। ਕਈ ਵਾਰ ਅਜਿਹਾ ਕਹਿਣ ਪਿੱਛੇ ਉਸ ਸ਼ਖਸ ਪ੍ਰਤੀ ਉਦਾਸੀਨਤਾ ਹੁੰਦੀ, ਤੇ ਕਈ ਵਾਰ ਸ਼ੁੱਧ ਹਾਸ-ਵਿਅੰਗ ਜਾਂ ਬੇਇੰਤਹਾ ਪਿਆਰ। ਆਪਣੇ ਲਈ ਅਜਿਹਾ ਕਹਿੰਦਿਆਂ ਆਤਮ-ਵਿਅੰਗ ਨਾਲ ਪੀੜ ਝਲਕਦੀ ਰਹਿੰਦੀ, ਜਦੋਂ ਕਿ ਫਰਾਡ ਉਸ ਵਿਚ ਜ਼ਰਾ ਜਿੰਨਾ ਵੀ ਨਹੀਂ ਸੀ। ਉਹ ਆਪਣੇ ਆਪ ਨੂੰ ਸਭ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੰਦਾ ਸੀ। ਆਪਣੀ ਨਾਰਾਜ਼ਗੀ, ਗੁੱਸੇ, ਨਫਰਤ, ਪਿਆਰ ਨੂੰ ਨਾ ਉਸ ਨੂੰ ਲੁਕਾਉਣਾ, ਨਾ ਦਿਖਾਉਣਾ ਆਉਂਦਾ ਸੀ। ਉਹ ਆਪਣੀ ਮਨੋਦਸ਼ਾ ਨੂੰ ਕਈ ਵਾਰ ਵਿਰੋਧੀ ਭਾਵਨਾਵਾਂ ਨੂੰ ਸਿੱਧੇ-ਸਿੱਧੇ ਪੇਸ਼ ਕਰਦਾ ਸੀ। ਅਸ਼ਕ ਨੂੰ ਉਸ ਨੇ ਸਾਫ-ਸਾਫ ਸ਼ਬਦਾਂ ਵਿਚ ਕਿਹਾ, ਆਈ ਲਵ ਯੂ ਦਾਉ ਆਈ ਹੇਟ ਯੂ (ਮੈਨੂੰ ਤੇਰੇ ਨਾਲ ਮੁਹੱਬਤ ਹੈ, ਭਾਵੇਂ ਮੈਂ ਤੈਨੂੰ ਨਫਰਤ ਕਰਦਾਂ)। ਓੜੇ ਹੋਏ ਵਡੱਪਣ, ਪਖੰਡ ਅਤੇ ਅਡੰਬਰ ਨੂੰ ਤਾਰ-ਤਾਰ ਕਰਨ ਵਿਚ ਉਸ ਨੂੰ ਜ਼ਰਾ ਵੀ ਵਕਤ ਨਾ ਲੱਗਦਾ। ਉਸ ਦੀ ਇਸ ਢੰਗ ਦੀ ਖਰੀ-ਖਰੀ ਸੁਣਾਉਣ ਦੀ ਦਲੇਰੀ ਨੂੰ ਉਸ ਦੇ ਦੋਸਤਾਂ ਨੂੰ ਝੱਲਣਾ ਹੀ ਪੈਂਦਾ। ਅਸ਼ਕ ਹੋਵੇ ਜਾਂ ਸਤਿਆਰਥੀ, ਕ੍ਰਿਸ਼ਨ ਚੰਦਰ ਹੋਵੇ ਜਾਂ ਕਾਸਮੀ, ਕੋਈ ਵੀ ਇਸ ਸਾਫਗੋਈ ਦੀ ਲਪੇਟ ਵਿਚ ਆਉਣ ਤੋਂ ਨਾ ਬਚਿਆ। ਮਤਭੇਦਾਂ ਦੇ ਬਾਵਜੂਦ ਅਸ਼ਕ ਨਾਲ ਲਾਹੌਰ ਵਿਚ ਵੀ ਉਸ ਦਾ ਚਿੱਠੀ-ਪੱਤਰ ਹੁੰਦਾ ਰਿਹਾ। ਦੇਵਿੰਦਰ ਸਤਿਆਰਥੀ ਪ੍ਰਤੀ ਉਸ ਨੇ ਬੇਸ਼ੱਕ ਕਈ ਵਾਰ ਅਣਗਹਿਲੀ ਵਰਤੀ ਹੋਵੇ (ਮਈ 1943 ਦਾ ਖਤ ਕਾਸਮੀ ਦੇ ਨਾਂ) ਪਰ ਉਸ ਨਾਲ ਵੀ ਉਸ ਦੀ ਗੱਲਬਾਤ ਚੱਲਦੀ ਰਹੀ। ਗੁੱਸੇ ਵਿਚ ਮੰਟੋ ਬੇਸ਼ੱਕ ‘ਪਾਗਲ’ ਹੋ ਗਿਆ ਹੋਵੇ ਤੇ ਸੰਵਾਦ ਟੁੱਟਣ ਦੇ ਕਿਨਾਰੇ ਆ ਗਿਆ ਹੋਵੇ, ਦੋਸਤਾਂ ਨਾਲ ਉਸ ਦਾ ਸੰਵਾਦ ਕਦੇ ਨਾ ਟੁੱਟਿਆ, ਲਗਾਤਾਰ ਚਲਿਆ।
ਕਾਸਮੀ ਪ੍ਰਤੀ ਵਿਸਫੋਟਕ ਗੁੱਸੇ ਦਾ ਇਜ਼ਹਾਰ ਕਰਨ ਪਿੱਛੋਂ ਮੰਟੋ ਉਸ ਪ੍ਰਤੀ ਉਦਾਸੀਨ ਹੋ ਗਿਆ, ਕਾਸਮੀ ਵੀ ਆਪਣੀਆਂ ਰਾਹਾਂ ‘ਤੇ ਨਿਕਲ ਗਿਆ। ਦੋਹਾਂ ਵਿਚ ਗੰਢਾਂ ਪੈ ਗਈਆਂ। ਉਨ੍ਹਾਂ ਵਿਚ ਪਹਿਲਾਂ ਵਰਗਾ ਦੋਸਤਾਨਾ ਨਾ ਰਿਹਾ। ਇਹ ਸੱਚ ਹੈ ਕਿ ਉਹ ਦਿਲ ‘ਚ ਨਫਰਤ ਰੱਖਦਿਆਂ ਜ਼ਬਾਨ ‘ਤੇ ਪਿਆਰ-ਮੁਹੱਬਤ ਦੇ ਅਲਫਾਜ਼ ਨਹੀਂ ਲਿਆ ਜਾ ਸਕਦਾ ਸੀ (ਕਾਸਮੀ ਦੇ ਨਾਂ ਖਤ, ਮਈ 1943)। ਆਪਣਾ ਗੁੱਸਾ ਵੀ ਨਹੀਂ ਸੀ ਲੁਕਾ ਸਕਦਾ, ਖਾਸ ਤੌਰ ‘ਤੇ ਕਾਸਮੀ ਪ੍ਰਤੀ ਜਿਸ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ। ਜਿਸ ਨੂੰ ਉਹ ‘ਮੇਰੀ ਜਾਨ’ ਕਹਿੰਦਾ ਸੀ। ਕੀ ਮੰਟੋ ‘ਮੇਰੀ ਜਾਨ’ ਨੂੰ ਦਿਲ ਤੋਂ ਜੁਦਾ ਕਰ ਸਕਿਆ? ਨਹੀਂ, ਦੋਹਾਂ ਦੇ ਰਸਤੇ ਬੇਸ਼ੱਕ ਜੁਦਾ ਹੋ ਗਏ ਪਰ ਦਿਲ ‘ਚੋਂ ਉਹ ਇਕ-ਦੂਜੇ ਨੂੰ ਨਾ ਕੱਢ ਸਕੇ। ਉਹ ਪੁਰਾਣੀ ਯਾਰੀ ਦੀ ਯਾਦ ਵਿਚ ਮਿਲਦੇ-ਜੁਲਦੇ ਰਹੇ, ਹਲਕੇ-ਫੁਲਕੇ ਹਾਸੇ-ਠੱਠੇ ਵਿਚ ਇਕ-ਦੂਜੇ ‘ਤੇ ਵਿਅੰਗ ਵੀ ਕਰਦੇ ਰਹੇ।
1955 ਵਿਚ ਮੰਟੋ ਕਾਸਮੀ ਨੂੰ ਮਿਲਿਆ ਤੇ ਉਸ ਨੂੰ ਆਪਣੇ ਘਰ ਲੈ ਆਇਆ। ਕਾਸਮੀ ਦੇ ਸ਼ਬਦਾਂ ਵਿਚ, “ਮੰਟੋ ਇਕ ਦਿਨ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਘਰ ਲੈ ਗਿਆ ਤੇ ਅੰਨ੍ਹੇਵਾਹ ਪੀ ਕੇ 1937 ਤੋਂ 1954 ਤਕ ਦੀਆਂ ਸਾਰੀਆਂ ਗੱਲਾਂ ਨੂੰ ਇੰਨੇ ਵਿਸਥਾਰ ਨਾਲ ਦੁਹਰਾਉਂਦਾ ਰਿਹਾ ਕਿ ਮੈਂ ਉਸ ਦੀ ਬੇਪਨਾਹ ਯਾਦਦਾਸ਼ਤ ‘ਤੇ ਹੈਰਾਨ ਰਹਿ ਗਿਆ।” ਫਿਰ ਉਹ ਬੋਲਿਆ, “ਇਹ ਗੱਲਾਂ ਨੋਟ ਕਰ ਲੈ, ਮੇਰੀ ਜਾਨ, ਸ਼ਾਇਦ ਚੰਦ ਦਿਨਾਂ ਪਿੱਛੋਂ ਤੈਨੂੰ ਇਹ ਮਰਹੂਮ ਮੰਟੋ ਦੀ ਯਾਦ ਵਿਚ ਲਿਖਣਾ ਪਵੇ।” ਕਾਸਮੀ ‘ਤੇ ਸੱਚਮੁੱਚ ਕੀ ਬੀਤੀ ਹੋਵੇਗੀ ਜਦੋਂ ਕੁਝ ਦਿਨਾਂ ਪਿੱਛੋਂ ਮੰਟੋ ਨੂੰ ਆਖਰੀ ਵਿਦਾਈ ਲੈਣ ‘ਤੇ ਉਸ ਨੇ ਆਪਣੇ ਦੋਸਤ ਦੀਆਂ ਯਾਦਾਂ ਬਾਰੇ ‘ਨੁਕੂਸ਼’ ਵਿਚ ਲਿਖਿਆ ਹੋਵੇਗਾ।