ਬਾਂਦਰ ਕਿੱਲਾ

ਬੌਬ ਖਹਿਰਾ, ਮਿਸ਼ੀਗਨ
ਫੋਨ: 734-925-0177
ਬਾਂਦਰ ਕਿੱਲਾ ਇਕ ਖੇਡ ਹੁੰਦੀ ਸੀ ਜੋ ਹੋਰ ਕਈ ਖੇਡਾਂ ਵਾਂਗ ਹੁਣ ਅਲੋਪ ਹੋ ਗਈ ਹੈ। ਚਾਲੀ ਸਾਲ ਤੋਂ ਉਪਰ ਉਮਰ ਦੇ ਲੋਕ ਇਸ ਖੇਡ ਬਾਰੇ ਜਾਣਦੇ ਹਨ। ਉਸ ਵਕਤ ਨਾ ਟੈਲੀਵਿਜ਼ਨ ਸੀ ਤੇ ਨਾ ਹੀ ਟੈਲੀਫੋਨ। ਲੋਕ ਖਾਸ ਕਰ ਕੇ ਬੱਚੇ ਤੇ ਨੌਜਵਾਨ ਇਹੋ ਜਿਹੀਆਂ ਰਵਾਇਤੀ ਖੇਡਾਂ ਖੇਡਦੇ ਹੁੰਦੇ ਸਨ; ਮਸਲਨ: ਬੰਟੇ ਖੇਡਣੇ, ਲੁੱਕਣ ਮਚਾਈ, ਛੂਹਣ ਛੁਪਾਈ, ਖਿੱਦੋ ਖੂੰਡੀ, ਕੀੜੇ ਕੀੜੀਆਂ, ਦਰਖਤਾਂ ‘ਤੇ ਚੜ੍ਹ ਕੇ ਡੰਡਾ ਚੁੰਮਣ, ਪੜੁੱਲ ਗੱਡ ਕੇ ਛਾਲਾਂ ਮਾਰਨੀਆਂ ਤੇ ਬਾਂਦਰ ਕਿੱਲਾ। ਇਹ ਰਵਾਇਤੀ ਖੇਡਾਂ ਟੈਲੀਵਿਜ਼ਨ ਤੇ ਟੈਲੀਫੋਨ ਨੇ ਖਾ ਲਈਆਂ ਹਨ।
ਬਾਂਦਰ ਕਿੱਲਾ ਖੇਡ ਵਿਚ 7-8 ਫੁੱਟ ਰੱਸੀ ਲੈ ਕੇ ਇਸ ਦਾ ਇਕ ਸਿਰਾ ਕਿੱਲੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਦੂਜਾ ਕਿਸੇ ਮੁੰਡੇ ਦੇ ਹੱਥ ਫੜਾ ਦਿੱਤਾ ਜਾਂਦਾ ਜਿਸ ਦੇ ਸਿਰ ਵਾਰੀ ਹੁੰਦੀ। ਰੱਸੀ ਦੇ ਥੱਲੇ ਕਿੱਲੇ ਦੇ ਲਾਗੇ 8-10 ਟੁੱਟੇ ਛਿੱਤਰ ਰੱਖ ਦਿੱਤੇ ਜਾਂਦੇ। ਉਸ ਵਕਤ ਜੁੱਤੀ ਘੱਟ ਹੀ ਮਿਲਦੀ ਹੁੰਦੀ ਸੀ ਤੇ ਪੁਰਾਣੀ ਜੁੱਤੀ ਗੰਢਾ ਗੰਢਾ ਕੇ, ਮੇਖਾਂ ਲਵਾ ਲਵਾ ਕੇ ਵੱਧ ਤੋਂ ਵੱਧ ਹੰਢਾਈ ਜਾਂਦੀ। ਜਦੋਂ ਇਹ ਬਿਲਕੁਲ ਹੀ ਜਵਾਬ ਦੇ ਦਿੰਦੀ ਤਾਂ ਰੂੜੀਆਂ ‘ਤੇ ਸੁੱਟ ਦਿੱਤੀ ਜਾਂਦੀ। ਤੇ ਬਾਂਦਰ ਕਿੱਲਾ ਖੇਡਣ ਵਾਲੇ ਮੁੰਡੇ ਰੂੜੀਆਂ ਤੋਂ ਉਹੋ ਟੁੱਟੇ ਛਿੱਤਰ ਇਕੱਠੇ ਕਰ ਲਿਆਉਂਦੇ ਤੇ ਇਕ ਦੇ ਉਪਰ ਦੂਜਾ, ਫਿਰ ਤੀਜਾ, ਚੌਥਾæææਜਿੰਨੇ ਵੀ ਟਿਕਾ ਹੁੰਦੇ, ਟਿਕਾ ਦਿੱਤੇ ਜਾਂਦੇ। ਰੱਸੀ ਵਾਲਾ ਮੁੰਡਾ ਜਿੰਨੀ ਲੰਬੀ ਰੱਸੀ ਹੁੰਦੀ, ਉਨਾ ਪਿੱਛੇ ਰੱਸੀ ਫੜ ਕੇ ਖਲੋ ਜਾਂਦਾ ਤੇ ਬਾਕੀ ਜਿੰਨੇ ਵੀ ਮੁੰਡੇ ਹੁੰਦੇ, ਉਹ ਰੱਸੀ ਦੇ ਦੋਵੇਂ ਪਾਸੇ ਖੜ੍ਹੇ ਹੋ ਜਾਂਦੇ। ਇਕ ਮੁੰਡਾ ਥੋੜ੍ਹਾ ਪਿੱਛੇ ਹੋ ਕੇ ਇਕ ਪਾਸੇ ਤੋਂ ਇਕ ਛਿੱਤਰ ਚਿਣੇ ਹੋਏ ਛਿੱਤਰਾਂ ਉਪਰ ਮਾਰਦਾ ਤੇ ਖੇਡ ਸ਼ੁਰੂ ਹੋ ਜਾਂਦੀ।
ਇਸ ਖੇਡ ਦਾ ਅਗਲਾ ਹਿੱਸਾ ਇਹ ਹੁੰਦਾ ਸੀ ਕਿ ਸਾਰੇ ਮੁੰਡਿਆਂ ਨੇ ਉਹ ਸਾਰੇ ਛਿੱਤਰ ਉਥੋਂ ਚੁੱਕਣੇ ਹੁੰਦੇ ਤੇ ਰੱਸੀ ਵਾਲੇ ਮੁੰਡੇ ਨੇ ਬਿਨਾਂ ਰੱਸੀ ਨੂੰ ਹੱਥ ਵਿਚੋਂ ਛੱਡਿਆਂ, ਉਨ੍ਹਾਂ ਵਿਚੋਂ ਕਿਸੇ ਮੁੰਡੇ ਦੇ ਪੈਰ ਉਤੇ ਪੈਰ ਲਾਉਣਾ ਹੁੰਦਾ; ਉਹ ਵੀ ਸਾਰੇ ਛਿੱਤਰ ਉਥੋਂ ਕੱਢਣ ਤੋਂ ਪਹਿਲਾਂ। ਜੇ ਉਹ ਕਿਸੇ ਦੇ ਪੈਰ ‘ਤੇ ਪੈਰ ਨਾ ਲਾ ਸਕੇ ਅਤੇ ਸਾਰੇ ਛਿੱਤਰ ਮੁੰਡੇ ਚੁੱਕ ਲੈਣ, ਤਾਂ ਫਿਰ ਇਕ ਦਾਈਆ ਹੁੰਦਾ ਸੀ; ਅੱਧੇ ਕੁ ਕਿੱਲੇ ਜਾਂ ਕਿੱਲੇ ਕੁ ਦੀ ਵਿੱਥ ‘ਤੇ; ਜਾਂ ਕੋਈ ਰੁੱਖ, ਕੰਧ ਜਾਂ ਕੋਈ ਹੋਰ ਨਿਸ਼ਾਨੀ; ਉਥੋਂ ਤੱਕ ਉਸ ਮੁੰਡੇ ਨੇ ਭੱਜਣਾ ਤੇ ਉਥੇ ਤੱਕ ਜਾਂਦੇ-ਜਾਂਦੇ ਸਾਰੇ ਮੁੰਡਿਆਂ ਨੇ ਉਸ ਦੇ ਛਿੱਤਰ ਮਾਰਦੇ ਜਾਣਾ। ਇਹ ਸੀ ਬਾਂਦਰ ਕਿੱਲਾ ਖੇਡ।
ਬਾਕੀ ਖੇਡਾਂ ਵਾਂਗ ਇਸ ਖੇਡ ਦਾ ਵੱਖਰਾ ਅਨੰਦ ਸੀ। ਕਈ ਵਾਰ ਤਾਂ ਮੁੰਡੇ ਇਸ ਖੇਡ ਲਈ ਖੁਦ ਹੀ ਤਿਆਰ ਹੋ ਜਾਂਦੇ, ਪਰ ਬਹੁਤੀ ਵਾਰ ਥੋੜ੍ਹੀ ਵੱਡੀ ਉਮਰ ਦੇ ਜਾਂ ਚਲਾਕ ਬੰਦੇ ਤਮਾਸ਼ਾ ਦੇਖਣ ਲਈ ਖਿਡਾਉਂਦੇ। ਹੋਰ ਉਨ੍ਹਾਂ ਦਾ ਕੋਈ ਮਕਸਦ ਨਹੀਂ ਸੀ ਹੁੰਦਾ, ਸਿਰਫ ਕੁਝ ਕੁ ਪਲਾਂ ਦਾ ਹਾਸਾ-ਮਜ਼ਾਕ ਹੀ ਹੁੰਦਾ ਸੀ; ਪਰ ਅੱਜ ਇਹ ਖੇਡ ਤਾਂ ਜ਼ਰੂਰ ਹੈ ਪਰ ਇਸ ਦੇ ਤਰੀਕੇ ਅਤੇ ਨਾਂ ਬਦਲ ਗਏ ਹਨ। ਖਿਡਾਰੀ ਭਾਵੇਂ ਉਨ੍ਹਾਂ ਮੁੰਡਿਆਂ ਵਾਂਗ ਹੀ ਭੋਲੇ ਹਨ ਪਰ ਖਿਡਾਉਣ ਵਾਲਿਆਂ ਦੇ ਲਾਲਚ ਬਹੁਤ ਵਧ ਗਏ ਹਨ। ਹੁਣ ਉਹ ਟੁੱਟੇ ਛਿੱਤਰਾਂ ਨਾਲ ਵੀ ਨਹੀਂ ਖੇਡਦੇ, ਹੁਣ ਉਹ ਕਦੇ ਕਦੇ ਬਹੁਤ ਮਿੱਠੀ ਜ਼ੁਬਾਨ ਵੀ ਵਰਤਦੇ ਹਨ ਤੇ ਛਲ-ਕਪਟ ਵੀ। ਕਦੇ ਕਦੇ ਮੇਖਾਂ ਵਾਲੇ ਛਿੱਤਰਾਂ ਨਾਲੋਂ ਵੀ ਘਿਨਾਉਣੀਆਂ ਚੀਜ਼ਾਂ ਵਰਤਦੇ ਹਨ, ਪਰ ਖਿਡਾਰੀ ਸਭ ਕੁਝ ਸਮਝਦੇ ਹੋਏ ਵੀ ਚੁੱਪ-ਚਾਪ ਛਿੱਤਰ ਖਾ ਰਹੇ ਹਨ। ਆਪ ਹੀ ਆਪਣੇ ਹੱਥੀਂ ਸਭ ਕੁਝ ਤਿਆਰ ਕਰਦੇ ਹਨ ਤੇ ਫਿਰ ਆਪ ਹੀ ਉਨ੍ਹਾਂ ਅੱਗੇ ਖੇਡ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਏਅਰ ਕੰਡੀਸ਼ਨ ਕਮਰਿਆਂ, ਕਾਰਾਂ ਤੇ ਆਲੀਸ਼ਾਨ ਘਰਾਂ ਵਿਚ ਬਿਠਾ ਦਿੰਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਨੋਟ ਅਤੇ ਬੇਹਦ ਕੀਮਤੀ ਵੋਟ ਉਨ੍ਹਾਂ ਲੋਕਾਂ ਦੀ ਝੋਲੀ ਪਾ ਦਿੰਦੇ ਹਨ। ਫਿਰ ਬਾਂਦਰ ਕਿੱਲੇ ਦੀ ਖੇਡ ਵਾਂਗ ਚੁੱਪ-ਚਾਪ ਬਿਨਾਂ ਕੁਝ ਕਹੇ, ਬਿਨਾਂ ਗੁੱਸਾ ਕੀਤੇ ਸਭ ਕੁਝ ਸਹੀ ਜਾਂਦੇ ਹਨ। ਪੰਜ ਸਾਲ ਦੇ ਵਕਫੇ ਨਾਲ ਇਹ ਖੇਡ ਇਸੇ ਤਰ੍ਹਾਂ ਤੁਰੀ ਜਾਂਦੀ ਹੈ। ਧੀਆਂ ਭੈਣਾਂ ਨੂੰ ਸ਼ਰੇਆਮ ਸੜਕਾਂ ‘ਤੇ ਕੁੱਟਿਆ-ਮਾਰਿਆ ਜਾ ਰਿਹਾ ਹੈ ਤੇ ਔਰਤਾਂ ਨਾਲ ਸਮੂਹਕ ਬਲਾਤਕਾਰ ਹੋ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ਵਿਚ ਝੋਕਿਆ ਜਾ ਰਿਹਾ ਹੈ ਪਰ ਲੋਕ ਸਭ ਸਹੀ ਜਾ ਰਹੇ ਹਨ।
ਅੱਜ ਇਨ੍ਹਾਂ ਖੇਡਾਂ ਦੇ ਵਪਾਰੀ ਸਭ ਕੁਝ ਸ਼ਰੇਆਮ ਕਰ ਰਹੇ ਹਨ। ਸਭ ਨੂੰ ਸਭ ਪਤਾ ਹੈ ਪਰ ਕੋਈ ਨਹੀਂ ਬੋਲ ਰਿਹਾ। ਇਨ੍ਹਾਂ ਵਪਾਰੀਆਂ ਨੇ ਵੱਖ-ਵੱਖ ਭੇਸਾਂ ਵਿਚ ਆਪਣੇ ਏਜੰਟ ਛੱਡੇ ਹੋਏ ਹਨ ਤਾਂ ਕਿ ਕਿਸੇ ਪਾਸੇ ਤੋਂ ਕੋਈ ਵੀ ਖੇਡ ਖੇਡੀ ਜਾ ਸਕੇ। ਹੁਣ ਇਨ੍ਹਾਂ ਨੇ ਅਮਰੀਕਾ, ਕੈਨੇਡਾ ਤੇ ਹੋਰ ਥਾਂਈਂ ਏਜੰਟ ਭੇਜ ਦਿੱਤੇ ਹਨ ਤਾਂ ਕਿ ਉਥੇ ਵੀ ਬਾਂਦਰ ਕਿੱਲੇ ਦੀ ਖੇਡ ਨਵੇਂ ਤਰੀਕੇ ਨਾਲ ਜਾਰੀ ਰਹੇ। ਹੁਣ ਜ਼ਿਦੋ-ਜ਼ਿਦੀ ਧਾਰਮਿਕ ਸਥਾਨ ਬਣਾਏ ਜਾ ਰਹੇ ਹਨ। ਫਿਰ ਉਥੇ ਲੜਾਈਆਂ ਹੁੰਦੀਆਂ ਹਨ।
ਆਉ, ਅਸੀਂ ਸਭ ਇਸ ਖੇਡ ਨੂੰ ਪਛਾਣੀਏ। ਆਪਣੀਆਂ ਅੱਖਾਂ ਖੋਲ੍ਹੀਏ। ਅਸੀਂ ਸਭ ਹਿੰਦੋਸਤਾਨ ਤੋਂ ਅਮਰੀਕਾ-ਕੈਨੇਡਾ ਇਸ ਕੇ ਆਏ ਹਾਂ ਕਿ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਜੀਅ ਸਕੀਏ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਸਭ ਵਧੀਆ ਹੈ ਚੰਗੀ ਜ਼ਿੰਦਗੀ ਜਿਉਣ ਲਈ, ਪਰ ਸਾਰੇ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੇ ਆਪ ਤੋਂ ਸੱਚੇ ਮਨ ਨਾਲ ਇਕ ਵਾਰ ਜ਼ਰੂਰ ਪੁੱਛੀਏ ਕਿ ਕੀ ਅਸੀਂ ਉਹ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਾਂ? ਪਤਾ ਨਹੀਂ ਕਿਉਂ ਅਸੀਂ ਸੱਚ ਨੂੰ ਛੱਡ ਕੇ ਝੂਠ ਦੇ ਪਿੱਛੇ ਭੱਜੇ ਫਿਰਦੇ ਹਾਂ? ਕਿਉਂ ਵਹਿਮਾਂ-ਭਰਮਾਂ ਵਿਚ ਵੜੇ ਫਿਰਦੇ ਹਾਂ? ਬਹੁਤ ਲੋਕ ਹਨ ਜੋ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅੰਧਵਿਸ਼ਵਾਸ ਵਿਚ ਫਸੇ ਹੋਏ ਹਨ ਅਤੇ ਆਪਣੀਆਂ ਧੀਆਂ-ਭੈਣਾਂ ਨੂੰ ਆਪਣੇ ਹੱਥੀਂ ਪਖੰਡੀ ਤੇ ਲੁੱਚੇ ਸਾਧਾਂ ਤੇ ਅਖੌਤੀ ਬਾਬਿਆਂ ਦੇ ਡੇਰੇ ਛੱਡ ਕੇ ਆਉਂਦੇ ਹਨ। ਅਜਿਹੇ ਲੋਕ ਪੰਜਾਬ ਵਿਚ ਵੀ ਹਨ ਤੇ ਅਮਰੀਕਾ-ਕੈਨੇਡਾ ਵਿਚ ਵੀ। ਇਥੇ ਪੁੱਜ ਕੇ ਵੀ ਅਸੀਂ ਆਪਣੀ ਸੋਚ ਨੂੰ ਨਹੀਂ ਬਦਲ ਸਕੇ। ਅਸੀਂ ਇਨ੍ਹਾਂ ਚਲਾਕ ਵਪਾਰੀਆਂ ਦੀਆਂ ਚਾਲਾਂ ਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜੋ ਸਾਨੂੰ ਧਾਰਮਿਕ ਸਥਾਨਾਂ ਦਾ ਡਰ ਤੇ ਲਾਲਚ ਦੇ ਕੇ ਸਾਰੀ ਕਮਾਈ ਹੜੱਪ ਲੈਂਦੇ ਹਨ। ਧਾਰਮਿਕ ਸਥਾਨਾਂ ‘ਤੇ ਚੜ੍ਹੇ ਪੈਸੇ ਨਾਲ ਜਿੱਥੇ ਇਹ ਚਲਾਕ ਲੋਕ ਐਸ਼ ਕਰਦੇ ਹਨ, ਉਥੇ ਸਾਡੇ ਪਰਿਵਾਰਾਂ, ਸਾਡੇ ਬੱਚਿਆਂ ਅਤੇ ਸਾਡੀਆਂ ਧੀਆਂ-ਭੈਣਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਲੋੜ ਆਪਣੀ ਸੋਚ ਬਦਲਣ ਦੀ ਹੈ ਤਾਂ ਕਿ ਇਨ੍ਹਾਂ ਚਲਾਕ ਲੋਕਾਂ ਦੀਆਂ ਚਲਾਕੀਆਂ ਸਮਝ ਆ ਸਕਣ। ਸਮਾਜ ਵਿਚੋਂ ਬੁਰਾਈਆਂ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇ ਅਸੀਂ ਆਪਣੇ ਮਨਾਂ ਵਿਚਲੀਆਂ ਬੁਰਾਈਆਂ ਖ਼ਤਮ ਕਰੀਏ। ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਵਹਿਮਾਂ-ਭਰਮਾਂ ਵਿਚੋਂ ਬਾਹਰ ਨਿਕਲ ਕੇ ਸੋਚਾਂਗੇ।

Be the first to comment

Leave a Reply

Your email address will not be published.