ਘਰਾਂ ਵਿਚ ਮੇਲ੍ਹਦੀਆਂ ਕਹਾਣੀਆਂ

ਫਿਲਮਾਂ ਵਿਚ ਪਰਿਵਾਰ ਦਾ ਮਹੱਤਵ ਫਿਰ ਵਧ ਰਿਹਾ ਹੈ। ‘ਬਧਾਈ ਹੋ’ ਤੋਂ ਬਾਅਦ ‘ਸਿੰਬਾ’ ਦੂਜੀ ਵੱਡੀ ਹਿੱਟ ਫਿਲਮ ਹੈ ਜਿਸ ਵਿਚ ਪਰਿਵਾਰ ਦੇ ਮਹੱਤਵ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਇਸ ਫਿਲਮ ਦਾ ਨਾਇਕ ਸਿੰਬਾ ਅਨਾਥ ਨੌਜਵਾਨ ਹੈ ਪਰ ਉਸ ਨੇ ਬਹੁਤ ਨਾਟਕੀ ਢੰਗ ਨਾਲ ਗ਼ੈਰਾਂ ਵਿਚਕਾਰ ਆਪਣਾ ਪਰਿਵਾਰ ਬਣਾ ਲਿਆ। ਦਰਸ਼ਕਾਂ ਨੇ ਉਸ ਦੇ ਇਸ ਪਰਿਵਾਰ ਨੂੰ ਆਪਣਾ ਸਮਝਿਆ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਨਿਰਮਾਤਾ ਹਮੇਸ਼ਾਂ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀਆਂ ਫਿਲਮਾਂ ਪਰਿਵਾਰਕ ਹੁੰਦੀਆਂ ਹਨ।

ਮੁਸ਼ਕਿਲ ਇਹ ਹੈ ਕਿ ਉਹ ਅਕਸਰ ਅਜਿਹੀਆਂ ਫਿਲਮਾਂ ਦੇ ਨਾਂ ‘ਤੇ ਸਿਰਫ ਸਸਤਾ ਰੁਮਾਂਸ ਅਤੇ ਬੇਵਜ੍ਹਾ ਦਾ ਐਕਸ਼ਨ ਪਰੋਸ ਦਿੰਦੇ ਹਨ ਪਰ ‘ਬਧਾਈ ਹੋ’ ਦੀ ਗੱਲ ਜਾਣ ਦਈਏ ਤਾਂ ‘ਸਿੰਬਾ’ ਅਜਿਹਾ ਨਹੀਂ ਕਰਦੀ, ਕਿਉਂਕਿ ‘ਸਿੰਬਾ’ ਦਾ ਹੀਰੋ ਸਭ ਕੁਝ ਭੁਲਾ ਕੇ ਆਪਣੇ ਪਰਿਵਾਰ ਲਈ ਸਭ ਕੁਝ ਦਾਅ ‘ਤੇ ਲਗਾ ਦਿੰਦਾ ਹੈ। ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਫਿਲਮ ‘ਬਧਾਈ ਹੋ’ ਤੋਂ ਤੁਸੀਂ ਇਸ ਗੱਲ ਨੂੰ ਪੂਰੀ ਸ਼ਿੱਦਤ ਨਾਲ ਸਮਝ ਸਕਦੇ ਹੋ। ਇਸ ਫਿਲਮ ਵਿਚ ਦਾਦੀ, ਮਾਤਾ-ਪਿਤਾ ਸਭ ਮੌਜੂਦ ਹਨ ਅਤੇ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਣ ਅਤੇ ਉਸਨੂੰ ਦਿਲਚਸਪ ਰੰਗ ਦੇਣ ਵਿਚ ਉਸਦਾ ਅਹਿਮ ਯੋਗਦਾਨ ਹੈ। ਦੇਖਿਆ ਜਾਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜਿਸ ਵੀ ਫਿਲਮ ਵਿਚ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਹਨ, ਉਸ ਨੂੰ ਪੂਰਾ ਪਰਿਵਾਰ ਦੇਖਣਾ ਪਸੰਦ ਕਰਦਾ ਹੈ।
ਇਸ ਲਈ ਵੀਹ ਕਰੋੜ ਰੁਪਏ ਵਿਚ ਬਣੀ ਅਤੇ 100 ਕਰੋੜ ਤੋਂ ਜ਼ਿਆਦਾ ਕੀ ਕਮਾਈ ਕਰ ਚੁੱਕੀ ਫਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਦਾ ਉਦਾਹਰਨ ਦੇਣਾ ਵੀ ਜ਼ਰੂਰੀ ਹੈ। ਇਸ ਰੁਮਾਂਟਿਕ ਡਰਾਮੇ ਦੇ ਹਰ ਫਰੇਮ ਵਿਚ ਪਰਿਵਾਰ ਮੌਜੂਦ ਹੈ। ਸਪਸ਼ਟ ਹੈ ਕਿ ਇਸ ਦੇ ਨਿਰਦੇਸ਼ਕ ਲਵ ਰੰਜਨ ਨੇ ਇਨ੍ਹਾਂ ਰਿਸ਼ਤਿਆਂ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ। ਸੋਨੂ, ਟੀਟੂ ਦੇ ਪਿਤਾ ਦੇ ਦੋਸਤ ਦਾ ਬੇਟਾ ਹੈ ਪਰ ਉਹ ਟੀਟੂ ਦੇ ਪਰਿਵਾਰ ਦਾ ਅਹਿਮ ਮੈਂਬਰ ਹੈ। ਟੀਟੂ ਦੀ ਦਾਦੀ, ਦਾਦਾ ਅਤੇ ਮਾਂ ਉਸ ਦੇ ਆਪਣੇ ਹਨ।
ਫਿਲਮ ‘ਹੇਟ ਸਟੋਰੀ-4’ ਦੀ ਆਮ ਜਿਹੀ ਕਹਾਣੀ ਵਾਲੀ ਫਿਲਮ ਵਿਚ ਵੀ ਪਰਿਵਾਰਕ ਜਦੋਜਹਿਦ ਸਾਫ ਦਿਖਾਈ ਦਿੰਦੀ ਹੈ ਪਰ ਇਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਗੰਭੀਰ ਜਾਮਾ ਨਹੀਂ ਪਹਿਨਾਇਆ ਗਿਆ। ਬਲਕਿ ਇਸ ਦੀ ਕਹਾਣੀ ਵਿਚ ਬੋਲਡਨੈੱਸ ਬਹੁਤ ਜ਼ਿਆਦਾ ਭਾਰੂ ਹੈ। ਇਹੀ ਕਾਰਨ ਹੈ ਕਿ ਪਰਿਵਾਰ ਦੀ ਮੌਜੂਦਗੀ ਦੇ ਬਾਵਜੂਦ ਇਹ ਫਿਲਮ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰ ਸਕੀ।
ਪਿਛਲੇ ਸਾਲ ਦੀ ਇਕ ਛੋਟੀ ਜਿਹੀ ਫਿਲਮ ‘ਤੁਮਹਾਰੀ ਸੁਲੂ’ ਦੀ ਛੋਟੀ ਜਿਹੀ ਸਫਲਤਾ ਨੂੰ ਬੇਸ਼ੱਕ ਤੁਸੀਂ ਨਜ਼ਰਅੰਦਾਜ਼ ਕਰ ਦਿਓ, ਪਰ ਇਸ ਫਿਲਮ ਵਿਚ ਵੀ ਤੁਹਾਨੂੰ ਕਿਧਰੇ ਨਾ ਕਿਧਰੇ ਪਰਿਵਾਰ ਪੂਰੀ ਗਹਿਰਾਈ ਨਾਲ ਮੌਜੂਦ ਦਿੱਸੇਗਾ। ਸੁਲੂ ਇਕ ਘਰੇਲੂ ਔਰਤ ਹੈ। ਫਿਰ ਉਹ ਕੰਮਕਾਜੀ ਔਰਤ ਦੀ ਸ਼੍ਰੇਣੀ ਵਿਚ ਆ ਜਾਂਦੀ ਹੈ ਪਰ ਫਿਰ ਵੀ ਉਹ ਪਰਿਵਾਰ ਨਾਲ ਜੁੜੀ ਰਹਿੰਦੀ ਹੈ।
ਇਕ ਅਹਿਮ ਵਿਸ਼ੇ ‘ਤੇ ਬਣੀ ਫਿਲਮ ‘ਪੈਡਮੈਨ’ ਦੇ ਪਿਛੋਕੜ ਵਿਚ ਪਰਿਵਾਰ ਦੀ ਮੌਜੂਦਗੀ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਇਕ ਪਾਸੇ ਜਿਥੇ ਪੈਡਮੈਨ ਆਪਣੇ ਸੰਕਲਪ ਵਿਚ ਨਵਾਂ ਰੰਗ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਪਰਿਵਾਰ ਨਾਲ ਉਸ ਦੀ ਇਕਸੁਰਤਾ ਜ਼ਬਰਦਸਤ ਹੈ। ਉਸ ਨੂੰ ਹਮੇਸ਼ਾਂ ਪਰਿਵਾਰ ਨਾਲ ਉਠਦੇ ਬੈਠਦੇ ਦਿਖਾਇਆ ਗਿਆ ਹੈ। ਇਹ ਫਿਲਮ ਬੇਸ਼ੱਕ ਜ਼ਿਆਦਾ ਕਾਰੋਬਾਰ ਨਹੀਂ ਕਰ ਸਕੀ, ਫਿਰ ਵੀ ਇਹ ਉਨ੍ਹਾਂ ਫਿਲਮਾਂ ਦੇ ਵਰਗ ਵਿਚ ਆਉਂਦੀ ਹੈ ਜਿਨ੍ਹਾਂ ਵਿਚ ਪਰਿਵਾਰ ਦੇਖਣ ਨੂੰ ਮਿਲਦਾ ਹੈ।
ਅਕਸ਼ੈ ਕੁਮਾਰ ਅਜਿਹੀਆਂ ਫਿਲਮਾਂ ਜ਼ਿਆਦਾ ਕਰ ਰਿਹਾ ਹੈ ਜਿਨ੍ਹਾਂ ਵਿਚ ਉਸ ਨੂੰ ਪਰਿਵਾਰਕ ਵਿਅਕਤੀ ਦਿਖਾਇਆ ਜਾਂਦਾ ਹੈ। ਇਸ ਵਿਚ ਉਸ ਦੀ ਪਿਛਲੀ ਫਿਲਮ ‘ਟੌਇਲਟ ਏਕ ਪ੍ਰੇਮ ਕਥਾ’ ਦਾ ਉਦਾਹਰਨ ਦੇਣਾ ਹੀ ਕਾਫੀ ਹੈ। ਇਹ ਸੰਦੇਸ਼ ਪ੍ਰਧਾਨ ਫਿਲਮ ਹੈ ਪਰ ਪਿਛੋਕੜ ਵਿਚ ਪਰਿਵਾਰ ਅਤੇ ਪਰਿਵਾਰ ਦੀਆਂ ਗੱਲਾਂ ਹਨ।
ਆਮਿਰ ਖਾਨ ਵੀ ਉਨ੍ਹਾਂ ਕੁਝ ਅਭਿਨੇਤਾਵਾਂ ਵਿਚੋਂ ਇਕ ਹੈ ਜਿਨ੍ਹਾਂ ਦੀਆਂ ਫਿਲਮਾਂ ਵਿਚ ਪਰਿਵਾਰ ਜ਼ਰੂਰ ਰਹਿੰਦਾ ਹੈ। ਉਸ ਦੀ ਹੁਣ ਤਕ ਦੀ ਸਭ ਤੋਂ ਵੱਡੀ ਹਿੱਟ ਫਿਲਮ ‘ਦੰਗਲ’ ਦਾ ਪਿਛੋਕੜ ਬੇਸ਼ੱਕ ਕੁਸ਼ਤੀ ਹੋਵੇ ਪਰ ਪਰਿਵਾਰ ਫਿਲਮ ਦੇ ਫਰੇਮ ਵਿਚ ਹੈ। ਜੇਕਰ ਮਹਾਵੀਰ ਸਿੰਘ ਫੋਗਾਟ ਆਪਣੀਆਂ ਬੇਟੀਆਂ ਨੂੰ ਕੁਸ਼ਤੀ ਵਿਚ ਚੈਂਪੀਅਨ ਬਣਾਉਣ ਲਈ ਦ੍ਰਿੜ ਹੈ ਤਾਂ ਉਸ ਦਾ ਪਰਿਵਾਰ ਉਸ ਦੀ ਇਸ ਦ੍ਰਿੜਤਾ ਦਾ ਪੂਰਾ ਸਮਰਥਨ ਕਰਦਾ ਹੈ। ਇਸ ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦਾ ਕਹਿਣਾ ਹੈ, “ਮੇਰਾ ਖਿਆਲ ਹੈ, ਫਿਲਮ ਵਿਚ ਪਰਿਵਾਰ ਦਾ ਹੋਣਾ ਜ਼ਰੂਰੀ ਹੈ। ਇਸ ਦੇ ਕਈ ਫਾਇਦੇ ਹਨ। ਪਹਿਲਾ ਤਾਂ ਇਹ ਕਿ ਫਿਲਮ ਦੇ ਵਿਸ਼ੇ ਨੂੰ ਸਹਿਜ ਵਿਸਥਾਰ ਮਿਲਦਾ ਹੈ, ਦੂਜਾ ਪਰਿਵਾਰਕ ਦਰਸ਼ਕ ਵਰਗ ਦੀ ਮਦਦ ਇਸ ਨੂੰ ਜ਼ਿਆਦਾ ਮਿਲਦੀ ਹੈ।”
ਇਕ ਦੌਰ ਸੀ ਜਦੋਂ ਦੱਖਣ ਦੀਆਂ ਜ਼ਿਆਦਾਤਰ ਫਿਲਮਾਂ ਪਰਿਵਾਰਕ ਡਰਾਮਾ ਹੁੰਦੀਆਂ ਸਨ। ਬਾਅਦ ਵਿਚ ਮੁੰਬਈ ਫਿਲਮ ਇੰਡਸਟਰੀ ਵਿਚ ਇਹ ਬੀੜਾ ਰਾਜਸ੍ਰੀ ਦੇ ਤਾਰਾਚੰਦ ਬੜਜਾਤੀਆ ਨੇ ਚੁੱਕਿਆ। ਉਨ੍ਹਾਂ ਨੇ ਪਰਿਵਾਰ ਨੂੰ ਮੂਲ ਮੰਤਰ ਦੀ ਤਰ੍ਹਾਂ ਵਰਤਿਆ। ਘੱਟ ਬਜਟ ਦੀਆਂ ਛੋਟੀਆਂ ਪਰਿਵਾਰਕ ਫਿਲਮਾਂ ਵਿਚ ਕਦੇ ਪਰਿਵਾਰ ਹਾਸ਼ੀਏ ਅਤੇ ਕਦੇ ਮਿਡਲ ਅਤੇ ਕਦੇ ਕੇਂਦਰ ਵਿਚ ਰਹਿੰਦਾ ਸੀ। ਫਿਲਮ ਦਾ ਵਿਸ਼ਾ ਕਦੇ ਪਿੰਡ ਤੇ ਕਦੇ ਸ਼ਹਿਰ ਘੁੰਮਦਾ ਸੀ। ਇਸ ਲਈ ਉਸ ਦੀ ਫਿਲਮ ‘ਨਦੀਆ ਕੇ ਪਾਰ’ ਦੀ ਉਦਾਹਰਨ ਕਾਫੀ ਹੈ। ਇਹ ਫਿਲਮ ਸੁਪਰਹਿਟ ਰਹੀ। ਬਾਅਦ ਵਿਚ ਕਈ ਸਾਲ ਬਾਅਦ ਰਾਜਸ੍ਰੀ ਦੇ ਨਵੀਂ ਪੀੜ੍ਹੀ ਦੇ ਨਿਰਦੇਸ਼ਕ ਸੂਰਜ ਬੜਜਾਤੀਆ ਨੇ ਇਸ ਕਹਾਣੀ ਦਾ ਸ਼ਹਿਰੀਕਰਨ ਕਰ ਦਿੱਤਾ। ‘ਹਮ ਆਪਕੇ ਹੈਂ ਕੌਨ’ ਦੇ ਰੂਪ ਵਿਚ ਇਸ ਨੇ ‘ਨਦੀਆ ਕੇ ਪਾਰ’ ਦੀ ਸਫਲਤਾ ਨੂੰ ਵੀ ਪਛਾੜ ਦਿੱਤਾ। ਇਹ ਵੀ ਦਿਲਚਸਪ ਹੈ ਕਿ ਨਿੱਜੀ ਜ਼ਿੰਦਗੀ ਵਿਚ ਬੜਜਾਤੀਆ ਪਰਿਵਾਰ ਅੱਜ ਵੀ ਸਮੂਹਿਕ ਪਰਿਵਾਰ ਦੀ ਸਰਵੋਤਮ ਉਦਾਹਰਨ ਹੈ। ਅੱਜ ਵੀ ਉਨ੍ਹਾਂ ਦੇ ਬੈਨਰ ਦੀਆਂ ਫਿਲਮਾਂ ਦਾ ਆਧਾਰ ਪਰਿਵਾਰ ਹੁੰਦਾ ਹੈ।