ਕਲਾਕਾਰਾਂ ਦਾ ਹਰ ਮੈਦਾਨ ਫਤਿਹ

ਫਿਲਮ ਕਲਾਕਾਰਾਂ ਕੋਲ ਬੀ ਪਲਾਨ ਹਮੇਸ਼ਾਂ ਤਿਆਰ ਰਹਿੰਦਾ ਹੈ। ਅਦਾਕਾਰੀ ਦੇ ਨਾਲ ਨਾਲ ਜਾਂ ਫਿਰ ਅਦਾਕਾਰੀ ਤੋਂ ਅਲੱਗ ਉਹ ਜਾਂ ਤਾਂ ਨਿਰਦੇਸ਼ਨ ਦੀ ਕਮਾਨ ਸੰਭਾਲ ਲੈਂਦੇ ਹਨ ਜਾਂ ਫਿਰ ਕਿਸੇ ਪਾਰਟ ਟਾਈਮ ਜਾਂ ਫੁੱਲ ਟਾਈਮ ਬਿਜ਼ਨਸ ਦਾ ਰੁਖ ਕਰ ਲੈਂਦੇ ਹਨ। ਗੱਲ ਚਾਹੇ ਸਫਲ ਅਦਾਕਾਰਾਂ ਦੀ ਹੋਵੇ ਜਾਂ ਫਲਾਪ ਕਲਾਕਾਰਾਂ ਦੀ, ਨਿਰਦੇਸ਼ਨ ਸਭ ਦੀ ਪਸੰਦ ਹੈ। ਅਦਾਕਾਰਾਂ ਲਈ ਨਿਰਦੇਸ਼ਨ ਦੀ ਵਾਗਡੋਰ ਸੰਭਾਲਣਾ ਕੋਈ ਨਵੀਂ ਗੱਲ ਨਹੀਂ ਹੈ। ਰਾਜ ਕਪੂਰ ਅਤੇ ਗੁਰੂਦੱਤ ਦੇ ਬਾਅਦ ਕਈ ਅਦਾਕਾਰ ਇਸ ਖੇਤਰ ਵਿਚ ਉਤਰੇ ਹਨ। ਤਿੰਨ ਸਾਲ ਪਹਿਲਾਂ ਅਭਿਨੇਤਾ ਅਜੇ ਦੇਵਗਨ ਨੇ ਫਿਲਮ ‘ਸ਼ਿਵਾਏ’ ਵਿਚ ਨਿਰਦੇਸ਼ਨ ਦੀ ਕਮਾਨ ਸੰਭਾਲੀ ਸੀ। ਅਦਾਕਾਰ ਵੱਡਾ ਹੋਵੇ ਜਾਂ ਛੋਟਾ, ਫਿਲਮ ਨਿਰਦੇਸ਼ਨ ਵਿਚ ਸਭ ਹੱਥ ਅਜ਼ਮਾਉਣਾ ਚਾਹੁੰਦੇ ਹਨ, ਬਸ ਇੰਤਜ਼ਾਰ ਰਹਿੰਦਾ ਹੈ ਸਹੀ ਮੌਕੇ ਦਾ, ਕਿਉਂਕਿ ਫਿਲਮਾਂ ਬਣਾਉਣਾ ਇੰਨਾ ਵੀ ਆਸਾਨ ਨਹੀਂ।

ਦੇਖਿਆ ਜਾਵੇ ਤਾਂ ਇਹ ਆਤਮਵਿਸ਼ਵਾਸ ਹਰ ਦੂਜੇ ਅਦਾਕਾਰ ਦੇ ਚਿਹਰੇ ‘ਤੇ ਨਜ਼ਰ ਆਉਂਦਾ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਦੱਸਦੇ ਹਨ, “ਅਸਲ ਵਿਚ ਪ੍ਰਤਿਭਾ ਘੱਟ ਅਤੇ ਜ਼ਿਆਦਾ ਸਾਰੇ ਅਦਾਕਾਰਾਂ ਵਿਚ ਹੁੰਦੀ ਹੈ ਅਤੇ ਇਸ ਵਿਚ ਜੋ ਵੀ ਜ਼ਿਆਦਾ ਸਫਲ ਹੋ ਜਾਂਦਾ ਹੈ, ਉਹ ਇਕ ਵਾਰ ਤਾਂ ਇਸ ‘ਤੇ ਹੱਥ ਜ਼ਰੂਰ ਅਜ਼ਮਾਉਂਦਾ ਹੈ। ਅਜੇ ਦੇਵਗਨ ਹੀ ਨਹੀਂ ਨਿਰਦੇਸ਼ਕ ਦੀ ਇਹ ਚਿੰਗਾਰੀ ਕੰਗਨਾ ਰਨੌਤ ਦੇ ਨਾਲ ਹੀ ਅਨੁਸ਼ਕਾ ਸ਼ਰਮਾ, ਲਾਰਾ ਦੱਤਾ, ਪ੍ਰਿਯੰਕਾ ਚੋਪੜਾ, ਮਨੋਜ ਬਾਜਪਈ, ਇਰਫਾਨ ਖਾਨ ਆਦਿ ਕਈ ਅਦਾਕਾਰਾਂ ਅੰਦਰ ਦੱਬੀ ਹੋਈ ਹੈ। ਇਹ ਸਭ ਵੱਡੇ ਅਦਾਕਾਰ ਸਿਰਫ ਸਮਾਂ ਅਤੇ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ।” ਗੱਲ ਸਹੀ ਹੈ। ਅਜੇ ਦੇਵਗਨ ਵਰਗੇ ਵੱਡੇ ਸਟਾਰ ਨੂੰ ਵੀ ‘ਯੂ ਮੀ ਔਰ ਹਮ’ ਦੇ ਬਾਅਦ ਦੁਬਾਰਾ ਨਿਰਦੇਸ਼ਨ ਦੀ ਵਾਗਡੋਰ ਸੰਭਾਲਣ ਲਈ ਕਈ ਸਾਲ ਦਾ ਸਮਾਂ ਲੱਗਾ। ਹੁਣ ਕੰਗਨਾ ਨੇ ਵੀ ਬਹੁਤ ਹਿੰਮਤ ਕਰਕੇ ਅਗਲਾ ਕਦਮ ਚੁੱਕਿਆ ਹੈ।
ਕੰਗਨਾ ਮੰਨਦੀ ਹੈ ਕਿ ‘ਮਣੀਕਰਣਿਕਾ’ ਦਾ ਵਿਸ਼ਾ ਜ਼ਿਆਦਾ ਉਸਦੇ ਮਨ ਮੁਤਾਬਿਕ ਨਹੀਂ ਸੀ। ਸ਼ਾਇਦ ਇਸ ਲਈ ਵੀ ਇਹ ਉਸ ਲਈ ਵੱਡੀ ਚੁਣੌਤੀ ਬਣ ਗਈ। ਉਹ ਦੱਸਦੀ ਹੈ: ‘ਮਣੀਕਰਣਿਕਾ’ ਤੋਂ ਮੈਨੂੰ ਬਹੁਤ ਉਮੀਦਾਂ ਹਨ। ਇਸ ਫਿਲਮ ਲਈ ਮੈਂ ਕੋਈ ਸਮਝੌਤਾ ਨਹੀਂ ਕੀਤਾ। ਇਸ ਫਿਲਮ ਲਈ ਸਾਨੂੰ ਇਕ ਖਾਸ ਦਿੱਖ, ਸਥਾਨ ਤੇ ਸਮੇਂ ਦੀ ਲੋੜ ਸੀ। ਇਸ ਲਈ ਇਸ ਦੌਰਾਨ ਮੈਂ ਕੋਈ ਫਿਲਮ ਨਹੀਂ ਕੀਤੀ। ਮੇਰਾ ਤਾਂ ਮੰਨਣਾ ਹੈ ਕਿ ਲਕਸ਼ਮੀ ਬਾਈ ਦੇ ਆਦਰਸ਼ ਹਰ ਔਰਤ ਅੰਦਰ ਹਨ। ਉਹ ਸਾਨੂੰ ਸਭ ਨੂੰ ਕੁਝ ਨਵਾਂ ਕਰਨ ਦੀ ਤਾਕਤ ਦਿੰਦੀ ਹੈ। ਇਹੀ ਕਾਰਨ ਸੀ ਕਿ ਇਕ ਵਾਰ ਜਦੋਂ ਮੈਂ ਇਸ ਫਿਲਮ ਨੂੰ ਬਣਾਉਣ ਦੀ ਠਾਣੀ ਤਾਂ ਫਿਰ ਮੈਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ।
ਫਿਲਹਾਲ ਤਾਂ ਕੰਗਨਾ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਹੋ ਰਹੀ ਹੈ ਅਤੇ ਹੁਣ ਤਕ ਦਾ ਇਤਿਹਾਸ ਇਹ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਖੂਬ ਰੰਗ ਵੀ ਲਿਆਈਆਂ ਹਨ। ਕੰਗਨਾ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨਿਰਦੇਸ਼ਕ ਬਣਨ ਦਾ ਸੁਪਨਾ ਬੁਣਿਆ ਸੀ। ਉਸ ਨੂੰ ਸਿਰਫ ਸਹੀ ਮੌਕੇ ਦੀ ਤਲਾਸ਼ ਸੀ। ਅਮਰੀਕਾ ਦੇ ਫਿਲਮ ਇੰਸਟੀਚਿਊਟ ਤੋਂ ਪਟਕਥਾ ਲੇਖਕ ਦਾ ਕੋਰਸ ਕਰ ਚੁੱਕੀ ਇਸ ਅਭਿਨੇਤਰੀ ਨੇ ਦੋ ਫਿਲਮਾਂ ਦੀ ਪਟਕਥਾ ਲਿਖੀ ਹੈ। ਕੰਗਨਾ ਦੱਸਦੀ ਹੈ, ‘ਮੇਰੀ ਭੈਣ ਨੂੰ ਜਿਸ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਿਸ ਤਰ੍ਹਾਂ ਉਸ ਘਟਨਾ ਤੋਂ ਬਾਹਰ ਨਿਕਲੀ, ਇਹ ਫਿਲਮ ਉਸ ਸੱਚੀ ਘਟਨਾ ਤੋਂ ਹੀ ਪ੍ਰੇਰਿਤ ਹੋਏਗੀ। ਸਹੀ ਸਮੇਂ ‘ਤੇ ਮੈਂ ਇਸ ‘ਤੇ ਅੱਗੇ ਵਧਾਂਗੀ।’
ਪ੍ਰਿਯੰਕਾ ਚੋਪੜਾ ਨੇ ਭੋਜਪੁਰੀ ਫਿਲਮਾਂ ਦਾ ਨਿਰਮਾਣ ਤਾਂ ਸ਼ੁਰੂ ਹੀ ਕਰ ਦਿੱਤਾ ਹੈ। ਹੁਣ ਉਹ ਜਲਦੀ ਹੀ ਹਿੰਦੀ ਫਿਲਮ ਦਾ ਨਿਰਮਾਣ ਵੀ ਸ਼ੁਰੂ ਕਰੇਗੀ। ਚਰਚਾ ਹੈ ਕਿ ਉਹ ਜਲਦੀ ਹੀ ਆਪਣੇ ਨਿਰਮਾਣ ਵਾਲੀ ਕਿਸੇ ਫਿਲਮ ਦਾ ਨਿਰਦੇਸ਼ਨ ਵੀ ਕਰੇ। ਦੂਜੀ ਤਰਫ ਪ੍ਰਿਯੰਕਾ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਨ ਕਰਨਾ ਚਾਹੁੰਦੀ ਹੈ, ਪਰ ਇਸ ਮਾਮਲੇ ਵਿਚ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਅਜੇ ਤਾਂ ਉਹ ਆਪਣੇ ਬੈਨਰ ਨੂੰ ਸਥਾਪਿਤ ਕਰ ਰਹੀ ਹੈ। ਕੁਝ ਅਜਿਹਾ ਹੀ ਅਨੁਸ਼ਕਾ ਦਾ ਕਹਿਣਾ ਹੈ। ਉਹ ਕਹਿੰਦੀ ਹੈ ਕਿ ਅਜੇ ਤਾਂ ਉਹ ਬਾਹਰ ਦੇ ਨਿਰਦੇਸ਼ਕਾਂ ਨੂੰ ਲੈ ਕੇ ਆਪਣੇ ਬੈਨਰ ਨੂੰ ਅੱਗੇ ਵਧਾ ਰਹੀ ਹੈ, ਪਰ ਜਿਸ ਦਿਨ ਕੋਈ ਵਿਸ਼ਾ ਉਸ ਨੂੰ ਬਹੁਤ ਪਸੰਦ ਆ ਗਿਆ ਤਾਂ ਉਹ ਨਿਰਦੇਸ਼ਨ ਵਿਚ ਅੱਗੇ ਵਧੇਗੀ।
ਜਿਥੋਂ ਤਕ ਨਿਰਦੇਸ਼ਕ ਤੋਂ ਅਦਾਕਾਰ ਬਣਨ ਦੀ ਗੱਲ ਹੈ ਤਾਂ ਸਿਰਫ ਫਰਹਾਨ ਅਖਤਰ ਨੇ ਹੀ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਂਜ ਤਿਗਮਾਂਸ਼ੂ ਧੂਲੀਆ ਵੀ ਚੰਗੇ ਅਦਾਕਾਰ ਦੇ ਤੌਰ ‘ਤੇ ਸਾਹਮਣੇ ਆਏ ਹਨ ਪਰ ਇਸ ਕਾਰਨ ਉਸ ਦਾ ਨਿਰਦੇਸ਼ਨ ਦਾ ਕੰਮ ਬਹੁਤ ਪ੍ਰਭਾਵਿਤ ਹੋਣ ਲੱਗਿਆ ਹੈ। ਜਿਥੋਂ ਤਕ ਅਨੁਰਾਗ ਕਸ਼ਿਅਪ, ਸੁਧੀਰ ਮਿਸ਼ਰਾ, ਕਰਨ ਜੌਹਰ ਵਰਗੇ ਨਿਰਦੇਸ਼ਕਾਂ ਦਾ ਸੁਆਲ ਹੈ, ਇਨ੍ਹਾਂ ਨੂੰ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਇਸ ਦ੍ਰਿਸ਼ਟੀ ਨਾਲ ਅਦਾਕਾਰ ਤੋਂ ਨਿਰਦੇਸ਼ਕ ਬਣੀਆਂ ਸ਼ਖਸੀਅਤਾਂ ਨੂੰ ਬਹੁਤ ਜ਼ਿਆਦਾ ਨੰਬਰ ਮਿਲਦੇ ਹਨ। ਹੁਣ ਉਮੀਦ ਤਾਂ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਪ੍ਰੀਖਿਆ ਵਿਚ ਕੰਗਨਾ ਵੀ ਪਾਸ ਹੋਏਗੀ।
ਅਦਾਕਾਰ ਤੋਂ ਨਿਰਦੇਸ਼ਕ ਬਣੀ ਸ਼ਖਸੀਅਤ ਦੀ ਕੋਈ ਵੀ ਚਰਚਾ ਰਾਜ ਕਪੂਰ ਅਤੇ ਗੁਰੂਦੱਤ ਬਿਨਾਂ ਅਧੂਰੀ ਹੈ। ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਕਹਿੰਦੇ ਹਨ, ‘ਗੁਰੂਦੱਤ ਅਤੇ ਰਾਜ ਕਪੂਰ ਫਿਲਮੀ ਖੇਤਰ ਦੇ ਦੋ ਨਾਯਾਬ ਨਿਰਦੇਸ਼ਕ ਹਨ। ਮੈਂ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਵੀ ਜੇਕਰ ਉਨ੍ਹਾਂ ਦੀ ਵਡਮੁੱਲੀ ਨਿਰਦੇਸ਼ਨ ਪ੍ਰਤਿਭਾ ਤੋਂ ਕੁਝ ਸਿੱਖਣਗੀਆਂ ਤਾਂ ਇਹ ਸਾਡੀਆਂ ਫਿਲਮਾਂ ਲਈ ਸ਼ੁਭ ਸੰਕੇਤ ਹੋਏਗਾ।’ ਸੱਚ ਤਾਂ ਇਹ ਹੈ ਕਿ ਇਹ ਅਦਾਕਾਰ ਤੋਂ ਬਣੇ ਦੋ ਅਜਿਹੇ ਨਿਰਦੇਸ਼ਕ ਸਨ ਜਿਨ੍ਹਾਂ ਨੂੰ ਆਪਣੀ ਅਦਾਕਾਰੀ ਤੋਂ ਜ਼ਿਆਦਾ ਨਿਰਦੇਸ਼ਨ ਲਈ ਸਰਾਹਿਆ ਗਿਆ। ਇਨ੍ਹਾਂ ਨੂੰ ਪਹਿਲਾਂ ਨਿਰਦੇਸ਼ਕ ਸਮਝਿਆ ਗਿਆ, ਫਿਰ ਐਕਟਰ। ਉਨ੍ਹਾਂ ਤੋਂ ਇਲਾਵਾ ਮਨੋਜ ਕੁਮਾਰ, ਸੁਭਾਸ਼ ਘਈ, ਫਿਰੋਜ਼ ਖਾਨ, ਸੁਨੀਲ ਦੱਤ, ਦੇਵ ਆਨੰਦ ਆਦਿ ਕਈ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿਚ ਵੀ ਆਪਣੀ ਇਕ ਖਾਸ ਪਛਾਣ ਬਣਾਈ। ਦੂਜੇ ਪਾਸੇ ਇਸ ਖੇਤਰ ਵਿਚ ਸ਼ਮੀ ਕਪੂਰ, ਸ਼ਸ਼ੀ ਕਪੂਰ, ਸੰਜੇ ਖਾਨ, ਅਸਰਾਨੀ, ਮਹਿਮੂਦ, ਸਨੀ ਦਿਓਲ ਆਦਿ ਕਈ ਅਦਾਕਾਰਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਇਸ ਵਰਗ ਵਿਚ ਮਹਿਲਾ ਨਿਰਦੇਸ਼ਕਾਂ ਦਾ ਨਾਂ ਆਉਣਾ ਵੀ ਜ਼ਰੂਰੀ ਹੈ। ਸਾਧਨਾ, ਹੇਮਾ ਮਾਲਿਨੀ, ਅਪਰਨਾ ਸੇਨ ਆਦਿ ਕਈ ਅਭਿਨੇਤਰੀਆਂ ਨੇ ਨਿਰਦੇਸ਼ਕ ਦੇ ਖੇਤਰ ਵਿਚ ਚੰਗੀ ਕੋਸ਼ਿਸ਼ ਕੀਤੀ, ਪਰ ਕੌਮਾਂਤਰੀ ਪੱਧਰ ‘ਤੇ ਸਿਰਫ ਅਪਰਨਾ ਸੇਨ ਨੇ ਹੀ ਭਾਰਤ ਦਾ ਨਾਮ ਰੌਸ਼ਨ ਕੀਤਾ।
ਜੇਕਰ ਤੁਲਨਾ ਕਰੀਏ ਤਾਂ ਦੇਵ ਆਨੰਦ, ਸੁਨੀਲ ਦੱਤ ਅਤੇ ਮਨੋਜ ਕੁਮਾਰ ਵਿਚ ਮਨੋਜ ਕੁਮਾਰ ਹੀ ਇਕਲੌਤਾ ਅਜਿਹਾ ਨਿਰਦੇਸ਼ਕ ਰਿਹਾ ਹੈ ਜਿਸ ਨੇ ਨਿਰਦੇਸ਼ਨ ਵਿਚ ਆਪਣਾ ਝੰਡਾ ਲਹਿਰਾਇਆ। ਬੇਹੱਦ ਜ਼ਹੀਨ ਮਨੋਜ ਕੁਮਾਰ ਨੂੰ ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ ਪਰ 1964 ਦੀ ਫਿਲਮ ‘ਸ਼ਹੀਦ’ ਵਿਚ ਉਸ ਦੀ ਯੋਗਤਾ ਖੁੱਲ੍ਹ ਕੇ ਸਾਹਮਣੇ ਆਈ। ਫਿਰ 1967 ਦੀ ਫਿਲਮ ‘ਉਪਕਾਰ’ ਤੋਂ ਉਹ ਪੂਰੇ ਸਮੇਂ ਵਾਲਾ ਨਿਰਦੇਸ਼ਕ ਬਣ ਗਿਆ। ਉਸ ਦੀਆਂ ‘ਪੂਰਬ ਪੱਛਮ’, ‘ਰੋਟੀ, ਕੱਪੜਾ ਔਰ ਮਕਾਨ’, ‘ਕ੍ਰਾਂਤੀ’ ਵਰਗੀਆਂ ਫਿਲਮਾਂ ਨੇ ਉਸ ਨੂੰ ਚੋਟੀ ਦੇ ਨਿਰਦੇਸ਼ਕਾਂ ਦੀ ਸੂਚੀ ਵਿਚ ਲਿਆਂਦਾ। -ਏ. ਚਕਰਵਰਤੀ