ਨਿਰੰਜਨ ਸਿੰਘ ਢੇਸੀ
ਸੁਖਦੇਵ ਸਿੰਘ ਸ਼ਾਂਤ ਦੀ ਪੁਸਤਕ ‘ਪੰਦਰਾਂ ਭਗਤ ਸਾਹਿਬਾਨ’ ਪ੍ਰਾਪਤ ਹੋਈ। ਪਹਿਲੀ ਨਜ਼ਰੇ ਜਾਪਿਆ, ਪ੍ਰਚਲਤ ਸਾਖੀਆਂ ਹੀ ਸੁਣਾਈਆਂ ਹੋਣਗੀਆਂ। ਪੜ੍ਹਨੀ ਅਰੰਭ ਕੀਤੀ ਤਾਂ ਪੁਸਤਕ ਨੇ ਉਂਗਲ ਫੜ ਕੇ ਨਾਲ ਤੋਰ ਲਿਆ। ਜਿੰਨਾ ਚਿਰ ਪੂਰੀ ਪੁਸਤਕ ਪੜ੍ਹੀ ਨਹੀਂ, ਇਹ ਮੇਰੇ ਅੰਗ-ਸੰਗ ਰਹੀ। ਇੰਨੀ ਗੰਭੀਰ ਚਰਚਾ, ਇੰਨੀ ਭਾਸ਼ਾਈ ਵੰਨ-ਸੁਵੰਨਤਾ ਨੂੰ ਇੰਨੇ ਸਹਿਜ ਰੂਪ ਵਿਚ ਪ੍ਰਗਟ ਹੁੰਦਿਆਂ ਵੇਖ ਕੇ ਮਨ ਗਦ-ਗਦ ਹੋ ਗਿਆ।
ਪੁਸਤਕ ਸੰਪੂਰਨ ਕਰਦਿਆਂ ਮਹਿਸੂਸ ਹੋਇਆ ਕਿ ਗੁਰੂ ਨਾਨਕ ਨੇ ਆਪਣੇ ਤੋਂ ਤਿੰਨ ਸਦੀਆਂ ਪਹਿਲਾਂ ਦੇ ਚਿੰਤਕਾਂ ਸਮੇਤ ਢਾਈ ਸਦੀਆਂ ਪਹਿਲਾਂ, ਦੋ ਸਦੀਆਂ ਪਹਿਲਾਂ, ਇਕ ਸਦੀ ਪਹਿਲਾਂ ਅਤੇ ਅੱਧੀ ਸਦੀ ਪਹਿਲਾਂ ਦੇ ਭਗਤਾਂ ਦੀ ਬਾਣੀ ਇਕੱਤਰ ਕਰਦਿਆਂ ਕਿੰਨਾ ਮਹਾਨ ਕਾਰਜ ਕੀਤਾ। ਸੁਖਦੇਵ ਸਿੰਘ ਸ਼ਾਂਤ ਨੇ ਭਗਤਾਂ ਬਾਰੇ ਪ੍ਰਾਪਤ ਹੋਰ ਸੋਮਿਆਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਦੀ ਬਾਣੀ ਨੂੰ ਆਪਣੀ ਖੋਜ ਦਾ ਆਧਾਰ ਬਣਾਇਆ ਹੈ। ਭਗਤ ਬਾਣੀਕਾਰਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੇ ਮਿਥਿਹਾਸਕ ਦੰਤ ਕਥਾਵਾਂ ਅਤੇ ਮਨ ਆਈਆਂ ਸਾਖੀਆਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਹੈ। ਭਗਤਾਂ ਦੀ ਜੀਵਨ ਸਾਧਨਾ ਬਾਰੇ ਉਨ੍ਹਾਂ ਹਰ ਭੁਲਾਂਦਰਾ ਰੱਦ ਕੀਤਾ ਹੈ।
ਭਗਤ ਬਾਣੀਕਾਰਾਂ ਦੇ ਅਮਲੀ ਜੀਵਨ ਅਤੇ ਚਿੰਤਨ ਵਿਚ ਇਕਸੁਰਤਾ ਨੂੰ ਪ੍ਰਤੱਖ ਕਰਦਿਆਂ ਸ਼ ਸ਼ਾਂਤ ਨੇ ਸਾਰਥਕ ਪਹੁੰਚ ਅਪਨਾਈ ਹੈ। ਇਕ ਅਕਾਲ ਪੁਰਖ ਵਿਚ ਵਿਸ਼ਵਾਸ ਕਰਨ ਦੇ ਨਾਲ-ਨਾਲ ਆਜ਼ਾਦੀ, ਬਰਾਬਰੀ ਅਤੇ ਸਵੈ-ਸਤਿਕਾਰ ਵਾਲੇ ਭਾਈਚਾਰੇ ਵਿਚ ਭਗਤਾਂ ਦੇ ਵਿਸ਼ਵਾਸ ਨੂੰ ਉਜਾਗਰ ਕੀਤਾ ਹੈ। ਇਤਿਹਾਸ ਅਤੇ ਚਿੰਤਨ ਇਸ ਪੁਸਤਕ ਵਿਚ ਅੰਗ-ਸੰਗ ਨਜ਼ਰ ਆਉਂਦੇ ਹਨ। ਕਿਸੇ ਵੀ ਭਗਤ ਦੀ ਜੀਵਨ ਗਤੀ ਅਤੇ ਬਾਣੀ ਵਿਚ ਕੋਈ ਵਿਰੋਧ ਲੱਭਿਆਂ ਵੀ ਨਹੀਂ ਲੱਭਦਾ। ਪੁਸਤਕ ਵਿਚ ਲੇਖਕ ਨੇ ਸਿੱਧ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਸ਼ਬਦ-ਗੁਰੂ ਦਾ ਸੰਕਲਪ ਠੋਸ ਧਰਾਤਲ ਉਤੇ ਆਧਾਰਤ ਹੈ। ਵਿਅਕਤੀ ਪੂਜਾ ਨੂੰ ਸਾਰੇ ਭਗਤ ਆਪ ਰੱਦ ਕਰਦੇ ਹਨ ਅਤੇ ਸ਼ ਸ਼ਾਂਤ ਇਸ ਵਿਚਾਰ ਨੂੰ ਪਾਠਕਾਂ ਤੱਕ ਲਿਜਾਣ ਵਿਚ ਸਫਲ ਹੋਏ ਹਨ।
ਸੁਖਦੇਵ ਸਿੰਘ ਸ਼ਾਂਤ ਦੀ ਇਹ ਪੁਸਤਕ ਧਾਰਮਕ ਕੱਟੜਤਾ ਨੂੰ ਰੱਦ ਕਰਦੀ ਹੈ। ‘ਸ਼ਬਦ ਗੁਰੂ’ ਦਾ ਸੰਕਲਪ ਮਨੁੱਖ ਨੂੰ ਮਨੁੱਖ ਦਾ ਵੈਰੀ ਨਹੀਂ, ਮਿੱਤਰ ਬਣਾਉਂਦਾ ਹੈ। ਜਾਤ-ਪਾਤ, ਔਰਤ-ਮਰਦ ਦੇ ਅੰਤਰ ਨੂੰ ਭਗਤ ਬਾਣੀਕਾਰ ਰੱਦ ਕਰਦੇ ਹਨ ਅਤੇ ਸ਼ ਸ਼ਾਂਤ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਪਾਠਕਾਂ ਤਕ ਪੂਰੀ ਸਫਲਤਾ ਨਾਲ ਲੈ ਕੇ ਗਏ ਹਨ।
ਸ਼ ਸ਼ਾਂਤ ਨੇ ਗੁਰਮਤਿ ਦੀ ਉਚ ਵਿਦਿਆ ਪ੍ਰਾਪਤ ਕਰਦਿਆਂ ਆਪਣੇ ਆਪ ਨੂੰ ਗੁਰਮਤਿ ਚਿੰਤਨ ਨਾਲ ਇਕਸੁਰ ਕਰ ਲਿਆ ਹੋਇਆ ਹੈ। ਉਹ ਭਗਤਾਂ ਦੇ ਸਹਿਜ, ਸੇਵਾ, ਸਿਮਰਨ, ਸੰਜਮ, ਸੱਚ ਅਤੇ ਸੁਹਿਰਦਤਾ ਦੇ ਸੰਕਲਪਾਂ ਦੀ ਪੁਸ਼ਟੀ ਕਰਦੇ ਹਨ। ਭਗਤ ਬਾਣੀਕਾਰਾਂ ਦੀਆਂ ਆਪਸੀ ਟਿਪਣੀਆਂ ਅਤੇ ਉਨ੍ਹਾਂ ਬਾਰੇ ਗੁਰੂ ਸਾਹਿਬਾਨ ਦੀਆਂ ਟਿਪਣੀਆਂ ਦਿਲਚਸਪ ਤੇ ਅਰਥਪੂਰਨ ਹਨ। ਇਸ ਦੇ ਨਾਲ-ਨਾਲ ਸੰਵਾਦ ਦੀ ਉਸਾਰੂ ਬਿਰਤੀ ਦੀਆਂ ਸੂਚਕ ਹਨ।
ਜਿਥੇ ਇਹ ਖੋਜ ਪੁਸਤਕ ਹੈ, ਉਥੇ ਹਵਾਲਾ ਪੁਸਤਕ ਵੀ ਹੈ। ਇਹ ਇਤਿਹਾਸਕ ਤੇ ਵਿਚਾਰਧਾਰਕ ਦਸਤਾਵੇਜ਼ ਹੈ। ਲੇਖਕ ਨੇ ਭਗਤ ਸਾਹਿਬਾਨ ਬਾਰੇ ਲਿਖਦਿਆਂ ਉਨ੍ਹਾਂ ਦੀ ਸਮੁੱਚੀ ਹਸਤੀ ਨਾਲ ਇਕਸੁਰ ਹੋਣ ਦਾ ਜਤਨ ਕੀਤਾ ਹੈ। ਲੇਖਕ ਦੀ ਸ਼ੈਲੀ ਵਿਚ ਸਹਿਜ, ਸੁਭਾਵਿਕਤਾ ਅਤੇ ਸਰਲਤਾ ਦੇ ਗੁਣ ਮੌਜੂਦ ਹਨ। ਉਨ੍ਹਾਂ ਨੇ ਭਗਤਾਂ ਦੀ ਬਾਣੀ ਦੀ ਭਾਸ਼ਾਈ ਮਹਾਨਤਾ ਦੱਸਦਿਆਂ ਪੰਜਾਬੀ ਭਾਸ਼ਾ ਦੇ ਖੇਤਰੀ ਤੇ ਇਤਿਹਾਸਕ ਵਿਕਾਸ ਪੜਾਵਾਂ ਦਾ ਵੀ ਜ਼ਿਕਰ ਕੀਤਾ ਹੈ। ਪੁਸਤਕ ਦੇ ਅਰੰਭ ਵਿਚ ਭਗਤ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਮੁੱਲਵਾਨ ਗੁਰਬਾਣੀ ਕਥਨ ਦਰਜ ਕੀਤੇ ਹਨ। ਅਸਲ ਵਿਚ ਇਹ ਕਥਨ ਸੁਖਦੇਵ ਸਿੰਘ ਸ਼ਾਂਤ ਦੇ ਖੋਜ ਕਾਰਜ ਨੂੰ ਚਿੰਤਨ ਅਤੇ ਸਾਧਨਾ ਦੇ ਚੌਖਟੇ ਨਾਲ ਜੋੜਦੇ ਹਨ। ਇਸ ਪੁਸਤਕ ਦੇ ਪ੍ਰਕਾਸ਼ਕ ਸਿੰਘ ਬ੍ਰਦਰਜ਼, ਅੰਮ੍ਰਿਤਸਰ ਹਨ ਅਤੇ ਪੰਨੇ 351 ਤੇ ਕੀਮਤ 480 ਰੁਪਏ ਹੈ।
ਪੁਸਤਕ ਪੜ੍ਹਿਆਂ ਹੀ ਬਣਦੀ ਹੈ। ਪੁਸਤਕ ਇੰਨੇ ਵੱਡੇ ਪੈਗਾਮ ਲੈ ਕੇ ਆਈ ਹੈ, ਜਿਨ੍ਹਾਂ ਦਾ ਜ਼ਿਕਰ ਥੋੜ੍ਹੇ ਸ਼ਬਦਾਂ ਵਿਚ ਨਹੀਂ ਹੋ ਸਕਦਾ। ਗੁਰਮਤਿ ਨਾਲ ਜੁੜੇ ਹਰ ਸੱਜਣ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ। ਪੜ੍ਹੀਏ ਤਾਂ ਹਕੀਕਤ ਵਿਚ ਸਿੱਖ ਹੋਣ ਦਾ ਸੰਕਲਪ ਪ੍ਰਤੱਖ ਹੋ ਸਕਦਾ ਹੈ ਅਤੇ ਸ਼ਬਦ-ਗੁਰੂ ਦੇ ਅੰਗ-ਸੰਗ ਭਗਤ ਸਾਹਿਬਾਨ ਨਾਲ ਸਾਰਥਕ ਰਿਸ਼ਤਾ ਬਣ ਸਕਦਾ ਹੈ।