ਅਮਰੀਕਾ ਵਿਚ ਟਰੱਕਾਂ ਦਾ ਮੇਲਾ

ਗੁਲਜ਼ਾਰ ਸਿੰਘ ਸੰਧੂ
ਸਵਰਗੀ ਰਾਮ ਸਰੂਪ ਅਣਖੀ ਦਾ ਬੇਟਾ ਕ੍ਰਾਂਤੀਪਾਲ ਆਪਣੇ ਪਿਤਾ ਦੇ ਸ਼ੁਰੂ ਕੀਤੇ ‘ਕਹਾਣੀ ਪੰਜਾਬ’ ਰਸਾਲੇ ਨੂੰ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਸਫਲ ਹੈ। ਪਰਚੇ ਦਾ 100ਵਾਂ ਅੰਕ 400 ਪੰਨੇ ਦਾ ਯਾਦਗਾਰੀ ਅੰਕ ਹੈ। ਮੁਲ 400 ਰੁਪਏ। ਇਸ ਵਿਚ ਹੁਣ ਤੱਕ ਦੇ ਕੁੱਲ ਅੰਕਾਂ ਦੀ ਕਰੀਮ ਸ਼ਾਮਲ ਹੈ। ਜਾਣੇ-ਪਛਾਣੇ ਲੋਕਾਂ ਦੀ ਪਹਿਲੀ ਮੁਹੱਬਤ ਦੇ ਕਿੱਸੇ, ਵਿਸ਼ੇਸ਼ ਮੁਲਾਕਾਤਾਂ, ਕੁਝ ਯਾਦਾਂ, ਕੁਝ ਪ੍ਰਚਲਿਤ ਮਿਥਾਂ, ਪੰਜਾਬੀ ਤੇ ਹੋਰ ਭਾਸ਼ਾਵਾਂ ਦੀਆਂ ਚੋਣਵੀਆਂ ਕਹਾਣੀਆਂ ਤੇ ਹੋਰ ਬਿਰਤਾਂਤ-ਕਵਿਤਾਵਾਂ ਤੇ ਗੀਤ ਵੀ। ਇਸ ਵਿਚ ਛਪੀਆਂ ਅਮਰੀਕਾ/ਕੈਨੇਡਾ ਵਿਚ ਡਰਾਈਵਰੀ ਕਰ ਰਹੇ ਗੁਰਮੇਲ ਬੀਰੋਕੇ ਰਚਿਤ ‘ਬਾਤਾਂ ਸੜਕ ਦੀਆਂ’ ਪ੍ਰਸਿੱਧ ਪੰਜਾਬੀ ਲੇਖਕ ਬਲਦੇਵ ਸਿੰਘ ਸੜਕਨਾਮਾ ਦੀ ਰਚਨਾਕਾਰੀ ਨੂੰ ਮਾਤ ਪਾਉਂਦੀਆਂ ਹਨ। ਪੇਸ਼ ਹੈ, ਉਨ੍ਹਾਂ ਬਾਤਾਂ ਦਾ ਕੇਵਲ ਇੱਕ ਪੰਨਾ:

“ਮੇਰੀ ਤੇ ਪਾਲੇ ਦੀ ਰਿਹਾਇਸ਼ ਦੇ ਨੇੜੇ ਟਰੱਕਾਂ ਦਾ ਮੇਲਾ ਲੱਗਾ। ਅਸੀਂ ਵੇਖਣ ਗਏ। ਵਖ ਵਖ ਕੰਪਨੀਆਂ ਦੇ ਭਾਂਤ-ਸੁਭਾਂਤੇ ਟਰੱਕ। ਨਵੀਂ ਤਕਨਾਲੋਜੀ ਵਾਲੇ ਨਵੇਂ ਤੇ ਅਦਭੁੱਤ ਟਰੱਕਾਂ ਦੇ ਮਾਡਲ। ਅਜਿਹੇ ਟਰੱਕ ਵੀ ਜਿਹੜੇ ਕੁਛ ਦਹਾਕਿਆਂ ਤੱਕ ਸੜਕਾਂ ‘ਤੇ ਆਉਣੇ ਸਨ।
ਮੇਲੇ ‘ਚ ਟਰੱਕਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਸੀ। ਕਈ ਤਰ੍ਹਾਂ ਦੀਆਂ ਦੁਕਾਨਾਂ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਸਟਾਲ। ਸਭ ਤੋਂ ਵੱਧ ਜਿਸ ਸਟਾਲ ਨੇ ਸਾਡੇ ਮਨ ਦੇ ਮੀਟਰਾਂ ਦੀਆਂ ਸੂਈਆਂ ਲਾਲ ਨਿਸ਼ਾਨ ਤੱਕ ਪਹੁੰਚਾ ਦਿੱਤੀਆਂ, ਉਹ ਸਟਾਲ ਮਨੁੱਖੀ ਤਸਕਰੀ ਦੇ ਵਿਰੁਧ ਆਵਾਜ਼ ਉਠਾਉਣ ਵਾਲੀ ਸੰਸਥਾ ਦਾ ਸੀ। ਉਨ੍ਹਾਂ ਨੇ ਬੋਲਣ ਲਈ ਸਟੇਜ ਬਣਾਈ ਹੋਈ ਸੀ।
ਉਹ ਦੱਸਦੇ ਸਨ ਕਿ ਅਮਰੀਕਾ ‘ਚ ਹਰ ਸਾਲ ਇੱਕ ਲੱਖ ਤੋਂ ਤਿੰਨ ਲੱਖ ਮਨੁੱਖਾਂ ਦੀ ਤਸਕਰੀ ਹੁੰਦੀ ਹੈ। ਇੱਕ ਲੱਖ ਨਾਬਾਲਗ ਕੁੜੀਆਂ ਵੇਸਵਾਗਨੀ ‘ਚ ਜ਼ਬਰੀ ਧੱਕੀਆਂ ਜਾਂਦੀਆਂ ਹਨ। ਉਮਰ 12 ਤੋਂ 14 ਸਾਲ ਬਹੁਤ ਸਾਰੀਆਂ ‘ਆਨਲਾਈਨ’ ਵਿਕਦੀਆਂ ਹਨ। ਉਹ ਵੀ ਜਿਨ੍ਹਾਂ ਨੂੰ ਦੱਲੇ ਵੇਸਵਾਘਰਾਂ, ਕਲੱਬਾਂ ਜਾਂ ਜੂਆਘਰਾਂ ‘ਚ ਵੇਚਦੇ ਹਨ। ਹਰ ਸਾਲ 32 ਬਿਲੀਅਨ ਡਾਲਰਾਂ ਦਾ ਵਪਾਰ ਹੁੰਦਾ ਹੈ।
ਸੰਸਥਾ ਦੀ ਇੱਕ ਮੈਂਬਰ ਨੇ ਦੱਸਿਆ ਕਿ ਬਹੁਤ ਸਾਰੇ ਟਰੱਕ ਡਰਾਈਵਰ ਸਾਡੇ ਮੈਂਬਰ ਹਨ। ਅਸੀਂ ਟਰੱਕ-ਸਟਾਪ, ਟਰੱਕ ਕੰਪਨੀਆਂ, ਟਰੱਕ ਡਰਾਈਵਿੰਗ ਸਕੂਲਾਂ ਤੇ ਹੋਰ ਵੀ ਬਹੁਤ ਸਾਰੇ ਸੜਕਾਂ ‘ਤੇ ਚੱਲਣ ਵਾਲਿਆਂ ਨੂੰ ਆਪਣੇ ਮੈਂਬਰ ਬਣਾਉਂਦੇ ਹਾਂ ਤੇ ਉਨ੍ਹਾਂ ਨੂੰ ਦੱਸਦੇ ਹਾਂ ਕਿ ਜੇ ਕਿਤੇ ਕੋਈ ਸ਼ੱਕੀ ਦਿਸੇ ਤਾਂ ਪੁਲਿਸ ਦੀ ਮਦਦ ਲਵੋ, ਤਾਂ ਕਿ ਕਿਸੇ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚਾਈ ਜਾ ਸਕੇ।…ਬਹੁਤ ਸਾਰੇ ਟਰੱਕ ਡਰਾਈਵਰਾਂ ਨੇ ਬਹੁਤ ਸਾਰੀਆਂ ਕੁੜੀਆਂ ਨੂੰ ਬਚਾਇਆ ਹੈ।
ਇਨ੍ਹਾਂ ਨੂੰ ਉਨ੍ਹਾਂ ਦੇ ਨਜਦੀਕੀ ਹੀ ਮਾੜੇ ਰਾਹ ਤੋਰਦੇ ਹਨ। ਬਹੁਤ ਸਾਰੀਆਂ ਨੂੰ ਅਨਾਥਘਰਾਂ ਵਿਚੋਂ ਗਲਤ ਸਿੱਖਿਆ ਦੇ ਕੇ ਵਰਤਿਆ ਜਾਂਦਾ ਹੈ। ਕਈ ਉਹ ਵੀ ਹੁੰਦੀਆਂ ਹਨ, ਜਿਨ੍ਹਾਂ ਦੇ ਮਾਂ-ਬਾਪ ਦੀ ਆਪਸ ‘ਚ ਬਣਦੀ ਨਹੀਂ ਹੁੰਦੀ ਤੇ ਉਹ ਘਰ ਤੋਂ ਬਾਹਰ ਪਿਆਰ ਲੱਭਦੀਆਂ-ਲੱਭਦੀਆਂ ਸੈਕਸ ਦੇ ਦੱਲਿਆਂ ਦੇ ਵੱਸ ਪੈ ਜਾਂਦੀਆਂ ਹਨ ਤੇ ਅੱਗੇ ਤੋਂ ਅੱਗੇ ਵਿਕਦੀਆਂ ਰਹਿੰਦੀਆਂ ਹਨ। ਜੇ ਉਹ ਦੱਲਿਆਂ ਦਾ ਕਹਿਣਾ ਨਹੀਂ ਮੰਨਦੀਆਂ ਤਾਂ ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ। ਡਰਾਵੇ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਦਾ ਹੋਰ ਕਈ ਕੁਝ।
ਸੰਸਥਾ ਦੀ ਸਟੇਜ ਤੋਂ ਬਹੁਤ ਸਾਰੇ ਬੁਲਾਰੇ ਬੋਲੇ। ਉਨ੍ਹਾਂ ਵਿਚ ਟਰੱਕ-ਡਰਾਈਵਰ ਸਨ ਤੇ ਉਹ ਕੁੜੀਆਂ ਤੇ ਔਰਤਾਂ ਵੀ ਸਨ, ਜਿਨ੍ਹਾਂ ਨੇ ਵੇਸਵਾ-ਗਮਨੀ ਵਾਲਾ ਜੀਵਨ ਹੰਢਾਇਆ ਸੀ।
ਇੱਕ ਡਰਾਈਵਰ ਟਰੱਕ ਡਰਾਈਵਰਾਂ ਨੂੰ ਸੰਬੋਧਨ ਕਰ ਰਿਹਾ ਸੀ, ‘ਆਪਾਂ ਲੋਕ ਜਦ ਟਰੱਕ-ਸਟਾਪ ‘ਤੇ ਰੁਕਦੇ ਹਾਂ ਜਾਂ ਰੈਸਟ ਏਰੀਏ ‘ਚ ਰੁਕਦੇ ਹਾਂ ਤਾਂ ਆਪਾਂ ਨੂੰ ਉਥੇ ਵਾਪਰ ਰਿਹਾ ਸਭ ਕੁਛ ਦਿਖਦਾ ਹੁੰਦਾ ਹੈ ਪਰ ਅਸੀਂ ਚੁੱਪ ਰਹਿੰਦੇ ਹਾਂ ਕਿ ਆਪਾਂ ਨੇ ਕੀ ਲੈਣਾ ਹੈ?…ਪਰ ਨਹੀਂ, ਇਹ ਠੀਕ ਨਹੀਂ। ਸਾਨੂੰ ਬੋਲਣਾ ਚਾਹੀਦਾ ਹੈ। ਜਦ ਕੋਈ ਅੱਲ੍ਹੜ ਮੁਟਿਆਰ, ਨਾਬਾਲਗ ਕੁੜੀ ਆ ਕੇ ਟਰੱਕ ਦਾ ਦਰਵਾਜਾ ਖੜਕਾਉਂਦੀ ਹੈ, ਤਾਂ ਥੋਡੇ ਕੋਲ ਤਿੰਨ ਰਾਹ ਹੁੰਦੇ ਨੇ। ਪਹਿਲਾ, ਤੁਸੀਂ ਨਾਂਹ ਕਰ ਸਕਦੇ ਹੋ। ਦੂਜਾ, ਤੁਸੀਂ ਅੰਦਰ ਵਾੜੋ…। ਤੇ ਤੀਜਾ ਰਾਹ ਉਸ ਭਲੇ ਤੇ ਸੰਵੇਦਨਾਸ਼ੀਲ ਮਨੁੱਖ ਵਾਲਾ ਹੈ, ਜਿਸ ਦੀ ਜ਼ਮੀਰ ਜਾਗਦੀ ਹੁੰਦੀ ਹੈ। ਜੋ ਸੋਚ ਸਕਦਾ ਹੈ ਕਿ ਇਹ ਕੁੜੀ ਕਿਸੇ ਦੀ ਧੀ ਭੈਣ ਹੈ। ਉਹ ਭਲਾ ਡਰਾਈਵਰ ਫੋਨ ਕਰਦਾ ਹੈ, ਤੇ ਉਸ ਭਟਕੀ ਤੇ ਕੁਰਾਹੇ ਪਾਈ ਹੋਈ ਕੁੜੀ ਨੂੰ ਨਵਾਂ ਜੀਵਨ ਦਿਵਾਉਂਦਾ ਹੈ।’
ਇੱਕ ਕੁੜੀ ਦੀ ਮਾਂ ਨੇ ਦੱਸਿਆ, ‘ਮੇਰੀ ਧੀ ਤੇਰ੍ਹਾਂ ਸਾਲਾਂ ਦੀ ਸੀ। ਉਸ ਨੂੰ ਕੋਈ ਵਰਗਲਾ ਕੇ ਲੈ ਗਿਆ। ਮੈਂ ਕਿੰਨੇ ਹੀ ਸਾਲ ਉਸ ਨੂੰ ਲੱਭਦੀ ਰਹੀ। ਪਰ ਕੋਈ ਉਘ-ਸੁੱਘ ਨਾ ਮਿਲੀ। ਪੁਲਿਸ ਨੇ ਵੀ ਬਹੁਤ ਕੋਸ਼ਿਸ਼ ਕੀਤੀ। ਚਾਰ ਕੁ ਸਾਲਾਂ ਮਗਰੋਂ ਮੈਨੂੰ ਇੱਕ ਦਿਨ ਫੋਨ ਆਇਆ। ਮੇਰੀ ਧੀ, ਮੇਰੀ ਲਾਡੋ ਬੋਲ ਰਹੀ ਸੀ।…ਪਤਾ ਲੱਗਾ, ਉਸ ਨੂੰ ਕਿਸੇ ਟਰੱਕ ਡਰਾਈਵਰ ਨੇ ਬਚਾਇਆ ਸੀ। ਕੋਈ ਦੱਲਾ ਕੁੜੀ ਨੂੰ ਲੈ ਕੇ ਸੜਕ ‘ਤੇ ਖੜ੍ਹਾ ਸੀ ਤੇ ਕਿਸੇ ਗਾਹਕ ਨਾਲ ਭਾਅ ਬਣਾ ਰਿਹਾ ਸੀ। ਕਿਸੇ ਚੰਗੇ ਮਨੁੱਖ ਨੇ ਪੁਲਿਸ ਬੁਲਾ ਲਈ।…ਮੇਰੀ ਧੀ ਹੁਣ ਵਿਆਹੀ ਹੋਈ ਹੈ। ਦੋ ਬੱਚੇ ਹਨ। ਮੈਂ ਨਿੱਤ ਉਸ ਡਰਾਈਵਰ ਦਾ ਸ਼ੁਕਰੀਆ ਅਦਾ ਕਰਦੀ ਹਾਂ, ਜਿਸ ਨੇ ਇਹ ਭਲਾ ਕਾਰਜ ਕੀਤਾ ਸੀ।’
ਫਿਰ ਉਹ ਅੱਖਾਂ ਭਰ ਕੇ ਦੱਸਣ ਲੱਗੀ, ‘ਮੈਂ ਉਸ ਡਰਾਈਵਰ ਨੂੰ ਦੇਖਿਆ ਨਹੀਂ, ਮਿਲੀ ਨਹੀਂ ਤੇ ਨਾ ਹੀ ਕੋਈ ਸਾਡੀ ਗੱਲ ਹੋਈ ਹੈ। ਉਸ ਲਈ ਮੇਰੇ ਅੰਦਰੋਂ ਅਸੀਸਾਂ ਨਿਕਲਦੀਆਂ ਹਨ, ਜੋ ਸਾਡੇ ਲਈ ਰੱਬ ਬਣ ਕੇ ਬਹੁੜਿਆ…।’
ਇੱਕ ਸੋਹਣੀ ਜਿਹੀ ਔਰਤ ਆਪਣੀ ਹੱਡਬੀਤੀ ਦੱਸ ਰਹੀ ਸੀ, ‘ਮੇਰੇ ਮਾਂ-ਬਾਪ ਦਾ ਤਲਾਕ ਹੋ ਗਿਆ। ਉਦੋਂ ਮੈਂ ਹਾਲੇ ਮਾਂ ਦੇ ਪੇਟ ਵਿਚ ਹੀ ਸਾਂ। ਜਦ ਮੈਂ ਸੁਰਤ ਸੰਭਾਲੀ ਤਾਂ ਮੇਰੀ ਮਾਂ ਕਿਸੇ ਮਰਦ ਨਾਲ ਰਹਿੰਦੀ ਸੀ। ਉਸ ਦੇ ਪੰਜ ਬੱਚੇ ਪਹਿਲੀ ਔਰਤ ਤੋਂ ਸਨ ਤੇ ਛੇਵੀਂ ਮੈਂ ਸਾਂ। ਦੂਜੇ ਸਾਰੇ ਬੱਚੇ ਮੈਥੋਂ ਵੱਡੇ ਸਨ। ਮੇਰਾ ਮਤਰੇਆ ਬਾਪ ਨਸ਼ੇ ਕਰਦਾ ਸੀ। ਬੱਚੇ ਪੂਰੇ ਢੀਠ ਕਿਸਮ ਦੇ ਸਨ। ਮੈਂ ਛੇ ਸਾਲਾਂ ਦੀ ਹੋਣ ਤੱਕ ਸਾਰੀਆਂ ਗਾਲ੍ਹਾਂ ਸਿੱਖ ਗਈ ਸਾਂ।…ਫਿਰ ਮੇਰੀ ਮਾਂ ਤੇ ਮੇਰਾ ਮਤਰੇਆ ਪਿਉ ਲੜ ਪਏ। ਅੱਡੋ ਅੱਡ ਹੋ ਗਏ। ਮੇਰੀ ਮਾਂ ਮੈਨੂੰ ਅਨਾਥ ਘਰ ਛੱਡ ਕੇ, ਪਤਾ ਨਹੀਂ ਕਿਧਰ ਚਲੀ ਗਈ। ਪੂਰੇ ਪੰਜ ਸਾਲ ਤੱਕ ਮੇਰੀ ਮਾਂ ਨੇ ਮੇਰੇ ਨਾਲ ਕੋਈ ਸੰਪਰਕ ਨਾ ਕੀਤਾ। ਨਾ ਕੋਈ ਫੋਨ, ਨਾ ਕੋਈ ਚਿੱਠੀ। ਮਿਲਣ ਤਾਂ ਕੀ ਆਉਣਾ ਸੀ।…ਜਦ ਮੈਂ ਬਾਰ੍ਹਾਂ ਸਾਲਾਂ ਦੀ ਹੋਈ, ਇੱਕ ਦਿਨ ਮੇਰੀ ਮਾਂ ਅਚਾਨਕ ਮੈਨੂੰ ਮਿਲਣ ਆ ਗਈ। ਮੈਨੂੰ ਬੜਾ ਚਾਅ ਚੜ੍ਹਿਆ। ਉਹ ਕਹਿਣ ਲੱਗੀ, ਮੈਂ ਤੈਨੂੰ ਲੈਣ ਆਈ ਹਾਂ।…ਜਿਸ ਘਰ ‘ਚ ਮੇਰੀ ਮਾਂ ਰਹਿੰਦੀ ਸੀ, ਉਥੇ ਉਸ ਨਾਲ ਉਸ ਦਾ ਪ੍ਰੇਮੀ ਵੀ ਰਹਿੰਦਾ ਸੀ। ਦੋਨੋਂ ਨਸ਼ਾ ਕਰਦੇ ਸਨ। ਉਨ੍ਹਾਂ ਨੇ ਮੈਨੂੰ ਇਸ ਧੰਦੇ ਵਿਚ ਪਾ ਦਿੱਤਾ। ਮੈਂ ਉਨ੍ਹਾਂ ਵਲੋਂ ਪਹਿਨਾਏ ਚਮਕੀਲੇ ਦੇ ਭੜਕੀਲੇ ਕੱਪੜੇ ਪਾ ਕੇ ਰਸਤੇ ਵਿਚ ਜਾ ਖੜੀ ਹੁੰਦੀ। ਇੱਕ ਦਿਨ ਇੱਕ ਭਲੇ ਡਰਾਈਵਰ ਨੇ ਮੈਨੂੰ ਵੇਖਿਆ ਤੇ ਪੁਲਿਸ ਨੂੰ ਖਬਰ ਕਰ ਦਿੱਤੀ। ਮੈਨੂੰ ਸ਼ੁਰੂਆਤੀ ਦੌਰ ਵਿਚ ਹੀ ਉਸ ਭਲੇ ਪੁਰਸ਼ ਨੇ ਬਚਾ ਲਿਆ, ਜਿਸ ਨੂੰ ਮੈਂ ਉਕਾ ਹੀ ਨਹੀਂ ਸੀ ਜਾਣਦੀ।”
ਟਰੱਕਾਂ ਦੇ ਮੇਲੇ ਵਿਚਲੀਆਂ ਗੱਲਾਂ ਇਥੋਂ ਤੱਕ ਹੀ ਸੀਮਤ ਨਹੀਂ। ਤਤਸਾਰ ਇਹ ਕਿ ਕਈ ਟਰੱਕ ਡਰਾਈਵਰ ਰੱਬ ਦਾ ਰੂਪ ਹੁੰਦੇ ਹਨ। ਸਾਡੇ ਦੇਸ਼ ਵਿਚ ਵੀ ਹੋਣਗੇ। ਜ਼ਿੰਦਾਬਾਦ!
ਅੰਤਿਕਾ:
ਹੀਰੇ, ਜ਼ਮੁਰਦ, ਮੋਤੀ ਗੀਟੇ ਜਿਹੇ ਨੇ ਭਾਵੇਂ,
ਪੈਂਦਾ ਹੈ ਮੁੱਲ ਆਖਿਰ, ਅੰਦਰ ਦੀ ਰੌਸ਼ਨੀ ਦਾ।