ਪੰਜਾਬ ਦਾ ਅਦਬੀ ਦੂਤ ਅਤੇ ਧਿਆਨ ਦੀ ਪੂਰਨਮਾਸ਼ੀ ਦਾ ਚੰਨ: ਪਰਮਿੰਦਰ ਸੋਢੀ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਉਹ ਪਰਮ ਇੰਦਰ ਹੈ ਤੇ ਇੰਦਰ ਦੇਵ ਦੀਆਂ ਪਰਮ ਬਰਕਤਾਂ ਦਾ ਵਾਰਸ। ਮਿਲਾਪੜਾ ਏਨਾ ਕਿ ਮਿਲ ਕੇ ਨਿਹਾਲ ਕਰ ਦਿੰਦਾ ਹੈ। ਉਹ ਕੁਦਰਤਨ ਕਵਿਤਾ ਪ੍ਰੇਮੀ ਹੈ ਤੇ ਬਹੁਤ ਸਾਰੇ ਕਵੀਆਂ ਤੇ ਕਵਿੱਤਰੀਆਂ ਦਾ ਪ੍ਰੇਰਣਾਸ੍ਰੋਤ ਅਤੇ ਮਦਦਗਾਰ ਹੈ।

ਉਹ ਪਰਦੇਸ ਵਿਚ ਰਹਿ ਕੇ ਵੀ ਦੇਸ ਦੀ ਸਾਰ, ਸਾਹਿਤਕ ਸਮਾਚਾਰ ਤੇ ਮਿੱਤਰਾਂ ਦੀ ਖਬਰ-ਸਾਰ ਰੱਖਦਾ ਹੈ। ਉਸ ਨੇ ਵਾਧੂ ਤੇ ਬੇਲੋੜੀਆਂ ਚੀਜ਼ਾਂ ਨੂੰ ਖਾਰਜ ਕੀਤਾ ਹੋਇਆ ਹੈ। ਉਹ ਅਦਬ ਨੂੰ ਮੁਹੱਬਤ ਤੇ ਮੁਹੱਬਤ ਨੂੰ ਅਦਬ ਸਮਝਦਾ ਹੈ। ਉਸ ਦੀ ਸ਼ਖਸੀਅਤ ਵਿਚ ਅਦਬੀ ਮੁਹੱਬਤ ਦੇ ਸਿਵਾ ਕੁਝ ਵੀ ਨਹੀਂ ਰਿਹਾ; ਉਹ ਪਾਰਦਰਸ਼ੀ ਹੋ ਗਿਆ ਹੈ।
ਉਸ ਦਾ ਹਰ ਸੰਦੇਸ਼ ਮੁਹੱਬਤ ਦਾ ਮੇਘਦੂਤ ਹੁੰਦਾ ਹੈ। ਉਹ ਖਾਲਸ ਮੁਹੱਬਤ ਦਾ ਖਾਲਸਾ ਹੈ। ਉਸ ਦੀ ਹਸਤੀ ਸੰਜਮ ਅਤੇ ਸਾਦਗੀ ਦਾ ਸਬੂਤ ਹੈ; ਇਹ ਸਬੂਤ ਉਸ ਦੇ ਚਿਹਰੇ ਦੀ ਰੌਣਕ ਹੈ; ਜ਼ੀਨਤ ਹੈ।
ਉਸ ਦੀਆਂ ਨਿੱਜੀ ਦੁੱਖ ਤਕਲੀਫਾਂ ਜਾਂ ਮੁਸ਼ਕਿਲਾਂ ਵੀ ਹੋਣਗੀਆਂ, ਪਰ ਕੋਈ ਨਹੀਂ ਜਾਣਦਾ; ਕਿਉਂਕਿ ਉਹ ਕਿਸੇ ਨੂੰ ਦੱਸਦਾ ਹੀ ਨਹੀਂ। ਉਸ ਦੇ ਹਿੱਸੇ ਤਾਂ ਸਿਰਫ ਮੁਹੱਬਤ ਆਈ ਹੈ; ਇਹੀ ਉਸ ਦੀ ਜ਼ਿੰਦਗੀ ਦਾ ਆਧਾਰ ਹੈ। ਉਸ ਦੇ ਇਸ ਆਧਾਰ ਵਿਚ ਕਈਆਂ ਦਾ ਉਧਾਰ ਛਿਪਿਆ ਹੋਇਆ ਹੈ, ਜਿਸ ਲਈ ਉਹ ਬੇਹੱਦ ਉਦਾਰ ਹੈ।
ਉਸ ਨੇ ਆਪਣੇ ਦਿਲ ਦੇ ਖੀਸੇ ਵਿਚ ਕਈਆਂ ਦੇ ਦਿਲ ਸੰਭਾਲੇ ਹੋਏ ਹਨ। ਉਸ ਦਾ ਦਿਲ, ਦਿਲਾਂ ਦਾ ਬੈਂਕ ਹੈ, ਜਿਥੇ ਦਿਲਾਂ ਨੂੰ ਮੁਹੱਬਤ ਦਾ ਵਿਆਜ ਲੱਗਦਾ ਹੈ ਅਤੇ ਜਿੱਥੋਂ ਮੁਹੱਬਤ ਦੂਣੀ-ਚੌਣੀ ਹੋ ਕੇ ਵਾਪਸ ਮਿਲਦੀ ਹੈ।
ਉਸ ਦੀ ਖੁਸ਼ ਮਿਜ਼ਾਜੀ ਦਾ ਰਾਜ ਉਸ ਦੀ ਖੁਸ਼ਖਤੀ ਵਿਚ ਵੀ ਹੈ; ਜਾਂ ਇਸ ਦੇ ਉਲਟ ਵੀ ਹੋ ਸਕਦਾ ਹੈ। ਹਰ ਅੱਖਰ ਨੂੰ ਉਹ ਅਦਬ ਨਾਲ ਲਿਖਦਾ ਹੈ। ਉਸ ਦੇ ਅੰਦਰਲਾ ਅਦੀਬ, ਅਦਬ ਦਾ ਹੀ ਪਰਿਆਇ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਉਸ ਨੇ ਡਾ. ਅਤਰ ਸਿੰਘ ਜਿਹੇ ਵਿਵੇਕਸ਼ੀਲ ਅਧਿਆਪਕ ਦੇ ਦਿਲ ਵਿਚ ਖਾਸਮ ਖਾਸ ਥਾਂ ਬਣਾ ਲਈ ਹੋਈ ਸੀ ਅਤੇ ਹਰ ਅਧਿਆਪਕ ਉਸ ਦੀ ਤੀਖਣ ਬੁੱਧ ਦੀ ਤਾਰੀਫ ਕਰਦਾ ਸੀ।
ਉਹ ਸਿਆਣਾ ਹੈ ਤੇ ਪ੍ਰੇਮ ਦਾ ਪੁਜਾਰੀ ਵੀ ਹੈ। ਪ੍ਰੇਮ ਉਸ ਨੂੰ ਜਪਾਨ ਲੈ ਤੁਰਿਆ ਤਾਂ ਉਸ ਨੇ ਸੱਤਬਚਨ ਆਖ ਦਿੱਤਾ। ਅਜਿਹਾ ਨਾ ਕਰਦਾ ਤਾਂ ਉਸ ਨੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਸਭ ਤੋਂ ਸਿਆਣਾ ਅਧਿਆਪਕ ਹੋਣਾ ਸੀ; ਪੰਜਾਬੀ ਵਿਭਾਗ ਦੀ ਸ਼ਾਨ ਉਸੇ ਤਰ੍ਹਾਂ ਕਾਇਮ ਰਹਿਣੀ ਸੀ ਅਤੇ ਉਥੇ ਪੰਜਾਬੀ ਦੀ ਐਮ. ਏ., ਐਮ. ਫਿਲ਼ ਕਰਨ ਦਾ ਗੌਰਵ ਬਰਕਰਾਰ ਰਹਿਣਾ ਸੀ।
ਪ੍ਰੇਮ-ਖੇਡ ਦੇ ਅਵੱਲੜੇ ਸ਼ੌਂਕ ਨਾਲ ਉਹ ਦਾਣੇ-ਪਾਣੀ ਦੀ ਖੇਡ ਤੋਂ ਵੀ ਇਨਕਾਰੀ ਨਹੀਂ। ਅੱਖਾਂ ਬੰਦ ਕਰਕੇ, ਧਿਆਨ ਨਾਲ ਉਸ ਦੇ ਨੈਣ ਨਕਸ਼ ਚਿਤਵੀਏ ਤਾਂ ਉਸ ਦੇ ਅੰਦਰ ਪੰਜਾਬੀ ਪ੍ਰੇਮ ਦੇ ਵਗਦੇ ਦਰਿਆ ਦੇਖੇ ਜਾ ਸਕਦੇ ਹਨ। ਉਹ ਪ੍ਰੇਮ ਦਾ ਤਾਜ਼ਾ-ਤਰੀਨ ਸਬਕ ਹੈ।
ਉਸ ਨੇ ਮੁਢਲੀ ਸਿੱਖਿਆ ਨੰਗਲ ਟਾਉਨਸ਼ਿਪ ਤੋਂ ਹਾਸਲ ਕੀਤੀ, ਬੀ. ਏ. ਅਤੇ ਪੱਤਰਕਾਰੀ ਤੇ ਜਨ-ਸੰਚਾਰ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ, ਪਟਿਆਲੇ ਤੋਂ ਅਤੇ ਐਮ. ਏ. ਪੰਜਾਬੀ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਮਾਣ ਬਖਸ਼ਿਆ ਅਤੇ ਉਥੇ ਹੀ ‘ਸ਼ੇਖ ਬਾਬਾ ਫਰੀਦ ਚੇਅਰ’ ਵਿਖੇ ਦੋ ਸਾਲ ‘ਭਾਰਤੀ ਮੱਧਕਾਲੀ ਕਵਿਤਾ’ ‘ਤੇ ਖੋਜ ਕਾਰਜ ਕੀਤਾ। ਂਛਓ੍ਰਠ ਨੇ ‘ਰਾਸ਼ਟਰੀ ਬਾਲ ਸਾਹਿਤ ਪੁਰਸਕਾਰ’ ਨਾਲ ਅਤੇ ਪੰਜਾਬ ਸਰਕਾਰ ਨੇ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਨਾਲ ਨਿਵਾਜਿਆ।
ਉਹ ਕਵਿਤਾ ਦੀਆਂ ਦਸ; ਕਹਾਣੀ, ਵਾਰਤਕ ਤੇ ਫਲਸਫੇ ਦੀ ਇੱਕ ਇੱਕ ਅਤੇ ਕੋਸ਼, ਕਥਨ ਤੇ ‘ਮੇਰਾ ਸ਼ਬਦਕੋਸ਼’ ਲਿਖ ਚੁਕਾ ਹੈ। ਉਸ ਨੇ ਸੱਤ ਚੋਣਵੀਆਂ ਜਗਤ ਪ੍ਰਸਿੱਧ ਕਿਤਾਬਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ।
ਉਸ ਦੀਆਂ ਪ੍ਰਾਪਤੀਆਂ ਦਾ ਬਸਤਾ ਬੌਧਿਕ, ਵਿਵੇਕਸ਼ੀਲ, ਸੰਵੇਦਨਸ਼ੀਲ ਅਤੇ ਲਿਹਾਜ਼ੀ ਬਰਕਤਾਂ ਨਾਲ ਮਾਲੋਮਾਲ ਹੈ। ਉਹ ਕਿਸੇ ਚੰਨ ਦੀ ਨਿਆਈਂ ਜਪਾਨੀ ‘ਧਿਆਨ’ ਦਾ ਪ੍ਰਕਾਸ਼ ਪੰਜਾਬ ਵੱਲ ਪਰਤਾ ਰਿਹਾ ਹੈ। ਜਪਾਨ ਦੀ ਧਰਤੀ ‘ਤੇ ਪ੍ਰੋ. ਪੂਰਨ ਸਿੰਘ ਦੇ ਨਕਸ਼ੇ ਕਦਮ ਦਾ ਹਮਰਕਾਬ ਹੋਣਾ ਉਸ ਦੀ ਸੱਚੀ, ਸੁੱਚੀ ਅਤੇ ਦਿਲੀ ਖਾਹਿਸ਼ ਹੈ।
ਆਉ ਉਸ (ਪਰਮਿੰਦਰ ਸੋਢੀ) ਨੂੰ ਆਮੀਨ ਆਖੀਏ!