ਸਾਗਰ ਵਿਚ ਤਰਦੇ ਸ਼ਹਿਰ ਅਤੇ ਅੰਬਰੀਂ ਉਡਦੀਆਂ ਇਮਾਰਤਾਂ

ਵਿਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
ਫੋਨ: +0048-516732105
ਇਨਸਾਨ ਆਪਣੇ ਜੀਵਨ ਨੂੰ ਵਿਗਿਆਨ ਅਤੇ ਤਕਨੀਕ ਰਾਹੀਂ ਜਿੱਥੇ ਬੇਹੱਦ ਸੁਖਾਲਾ ਤੇ ਮਾਣਨਯੋਗ ਬਣਾ ਰਿਹਾ ਹੈ, ਉਥੇ ਦਿਮਾਗ ਦੀਆਂ ਡੂੰਘੀਆਂ ਤਹਿਆਂ ਵਿਚ ਵੱਸਦੀ ਸਨਕ ਅਤੇ ਉਸ ਤੋਂ ਪੈਦਾ ਹੋਏ ਸ਼ੌਕਾਂ ਦੀ ਪੂਰਤੀ ਲਈ ਅਜੀਬ ਤੇ ਹੈਰਾਨਕੁਨ ਤਜ਼ਰਬੇ ਕਰਨ ਵਿਚ ਵੀ ਰੁੱਝਾ ਹੋਇਆ ਹੈ। ਐਸੇ ਤਜ਼ਰਬਿਆਂ ਦੇ ਚੱਲਦਿਆਂ ਇਸ ਯੁੱਗ ਵਿਚ ਵੱਸ ਰਹੀ ਦੁਨੀਆਂ ਨੇੜ ਭਵਿੱਖ ਵਿਚ ਹੀ ਸ਼ਹਿਰੀਕਰਨ ਅਤੇ ਇਮਾਰਤਸਾਜ਼ੀ ਦੇ ਦਿਲਚਸਪ ਤੇ ਆਧੁਨਿਕ ਰੂਪ ਦੇ ਰੂਬਰੂ ਹੋਣ ਜਾ ਰਹੀ ਹੈ। ਦੁਨੀਆਂ ਦੇ ਤਰੱਕੀਸ਼ੁਦਾ ਮੁਲਕ ਖਾਸ ਕਰ ਪੱਛਮੀ ਦੇਸ਼ ਜ਼ਮੀਨਦੋਜ਼ ਸ਼ਹਿਰਾਂ, ਬਾਜ਼ਾਰਾਂ, ਹੋਟਲਾਂ, ਸੜਕਾਂ ਅਤੇ ਟਰਾਂਸਪੋਰਟ ਪ੍ਰਬੰਧ ਦਾ ਨਿਰਮਾਣ ਤਾਂ ਪਹਿਲਾਂ ਹੀ ਕਰ ਚੁਕੇ ਹਨ। ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੇ ਸਮੁੰਦਰ ਵਿਚ ਬਨਾਉਟੀ ਟਾਪੂ ਬਣਾਉਣ ਦੇ ਤਜ਼ਰਬੇ ਵੀ ਸਫਲਤਾ ਨਾਲ ਨਿਭਾ ਲਏ ਹਨ।

ਇਸ ਤੋਂ ਅਗਲਾ ਕਦਮ ਸਾਗਰ ਵਿਚ ਨਿਰੰਤਰ ਤਰਦੇ ਤੇ ਸਮੇਂ ਸਮੇਂ ਆਪਣੀ ਸਥਿਤੀ ਬਦਲ ਸਕਣ ਵਾਲੇ ਸ਼ਹਿਰਾਂ ਅਤੇ ਅੰਬਰ ਵਿਚ ਨਿਰੰਤਰ ਉਡਦੀਆਂ ਇਮਾਰਤਾਂ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਿਹਾ ਹੈ।
‘ਬਿਜਨਸ ਇਨਸਾਈਡਰ’ ਪਰਚੇ ਵਿਚ ਛਪੀ ਇਕ ਰਿਪੋਰਟ ਮੁਤਾਬਕ ਨਿਊ ਯਾਰਕ ਸਥਿਤ ਆਧੁਨਿਕ ਇਮਾਰਤਸਾਜ਼ੀ ਲਈ ਜਾਣੀ ਜਾਂਦੀ ਮਸ਼ਹੂਰ ਡਿਜ਼ਾਈਨ ਕੰਪਨੀ ‘ਕਲਾਊਡਜ਼ ਆਰਕੀਟੈਕਚਰ’ ਵੱਲੋਂ ਇਕ ਐਸੀ ਟਾਵਰਨੁਮਾ ਇਮਾਰਤ ਤਿਆਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਦੀਆਂ ਨੀਂਹਾਂ ਧਰਤੀ ਵਿਚ ਨਹੀਂ ਹੋਣਗੀਆਂ ਸਗੋਂ ਇਹ ਨਿਰੰਤਰ ਹਵਾ ਵਿਚ ਉਡਦੀ ਰਹੇਗੀ। ਇਹ ਸੋਚ ਕੇ ਦਿਮਾਗ ਦਾ ਚਕਰਾ ਜਾਣਾ ਸੁਭਾਵਿਕ ਹੈ, ਏਨੇ ਵੱਡੇ ਟਾਵਰ ਦਾ ਲਗਾਤਾਰ ਹਵਾ ਵਿਚ ਉਡਣਾ ਸੰਭਵ ਕਿਵੇਂ ਹੋਵੇਗਾ?
ਦਰਅਸਲ ਇਹ ਇਮਾਰਤ ਧਰਤੀ ਤੋਂ ਕਰੀਬ ਤੀਹ ਹਜ਼ਾਰ ਮੀਲ ਉਚੇ ਖਲਾਅ ਵਿਚ ਤਰ ਰਹੇ ਇਕ ਉਪਗ੍ਰਹਿ ਨਾਲ ਇਕ ਬਹੁਤ ਮਜ਼ਬੂਤ ਅਤੇ ਹਜ਼ਾਰਾਂ ਮੀਲਾਂ ਲੰਬੀ ਕੇਬਲ ਤਾਰ ਨਾਲ ਟੰਗੀ ਹੋਵੇਗੀ। ਧਰਤੀ ਤੋਂ ਕੁਝ ਮੀਲ ਉਚੀ ਉਡਦੀ ਇਹ ਇਮਾਰਤ ਹੁਣ ਤੱਕ ਦਾ ਤਾਮੀਰ ਹੋਇਆ ਸਭ ਤੋਂ ਲੰਮਾ ਟਾਵਰ ਹੋਵੇਗਾ। ਕਿਉਂਕਿ ਇਹ ਇਮਾਰਤ ਧਰਤੀ ਤੋਂ ਉਪਰ ਉਡੇਗੀ। ਸੋ ਇਸ ਨੂੰ ਧਰਤੀ ਦੇ ਉਤਰੀ ਅਤੇ ਦੱਖਣੀ ਗੋਲਾਅਰਧ ਹਵਾਈ ਰਸਤੇ ‘ਤੇ ਨਿਰੰਤਰ ਗਤੀਸ਼ੀਲ ਰੱਖਿਆ ਜਾਵੇਗਾ। ਅਸਮਾਨ ਵਿਚ ਤਰਦੀ ਇਹ ਇਮਾਰਤ ਰੋਜ਼ ਹਜ਼ਾਰਾਂ ਮੀਲਾਂ ਦਾ ਸਫਰ ਕਰੇਗੀ, ਇਸ ਦੇ ਅੰਦਰ ਵੱਸਦੇ ਲੋਕ ਹਰ ਪਲ ਨਵੇਂ ਅਤੇ ਬਦਲਦੇ ਜਾ ਰਹੇ ਭੂ-ਦ੍ਰਿਸ਼ਾਂ ਨੂੰ ਮਾਣਨਗੇ। ਇਹ ਸੌਰ-ਊਰਜਾ ਨਾਲ ਹੀ ਚਲਾਈ ਜਾਵੇਗੀ, ਸੋ ਇਸ ਦੀ ਸਾਰੀ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗੀ। ਆਰਕੀਟੈਕਚਰ ਆਫਿਸ ਵੱਲੋਂ ਇਹ ਇਮਾਰਤ ਦੁਬਈ ਵਿਚ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਦੁਬਈ ਵਿਚ ਪਹਿਲਾਂ ਤੋਂ ਹੀ ਦੁਨੀਆਂ ਦੀਆਂ ਸਭ ਤੋਂ ਉਚੀਆਂ ਇਮਾਰਤਾਂ ਉਸਾਰਨ ਦਾ ਢੁਕਵਾਂ ਪ੍ਰਬੰਧ ਮੌਜੂਦ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਦੁਬਈ ਵਿਚ ਏਨੇ ਉਚੇ ਅਤੇ ਆਧੁਨਿਕ ਟਾਵਰ ਦਾ ਨਿਰਮਾਣ ਕਰਨਾ ਅਮਰੀਕਾ ਦੀ ਨਿਸਬਤ ਚਾਰ ਗੁਣਾ ਸਸਤਾ ਹੈ।
ਵੈਸੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇਮਾਰਤ ਦੁਨੀਆਂ ਦੇ ਕਿਸ ਹਿੱਸੇ ਵਿਚ ਤਿਆਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਕਿਸੇ ਸਥਾਨ ਤੋਂ ਵੀ ਉਪਗ੍ਰਹਿ ਨਾਲ ਜੋੜ ਕੇ ਹਵਾ ਵਿਚ ਚੁਕ ਲਿਆ ਜਾਵੇਗਾ ਅਤੇ ਇਹ ਆਪਣੀ ਅੰਤਹੀਣ ਉਡਾਣ ‘ਤੇ ਰਵਾਨਾ ਹੋ ਜਾਵੇਗੀ।
ਇਹ ਇਮਾਰਤ ਆਪਣੇ ਆਪ ਵਿਚ ਇਕ ਅਜੂਬਾ ਹੋਵੇਗੀ। ਵੱਖ ਵੱਖ ਭਾਗਾਂ ਵਿਚ ਵੰਡੇ ਇਸ ਵਿਸ਼ਾਲ ਟਾਵਰ ਵਿਚ ਜ਼ਿੰਦਗੀ ਲਈ ਲੋੜੀਂਦੀਆਂ ਸਭ ਸੁੱਖ ਸਹੂਲਤਾਂ ਮੌਜੂਦ ਹੋਣਗੀਆਂ। ਇਹ ਇਕ ਕਿਸਮ ਦੀ ਆਤਮ ਨਿਰਭਰ ਇਕਾਈ ਦੇ ਰੂਪ ਵਿਚ ਹੋਵੇਗਾ ਜਿਸ ਅੰਦਰ ਸ਼ਾਪਿੰਗ ਮਾਲ, ਰੈਸਤਰਾਂ, ਦਫਤਰ, ਘਰ, ਕਲੱਬ, ਸਵਿਮਿੰਗ ਪੂਲ, ਖੇਡ-ਘਰ ਇੱਥੋਂ ਤੱਕ ਕੇ ਧਾਰਮਕ ਸਥਾਨ ਵੀ ਮੌਜੂਦ ਹੋਣਗੇ। ਕਿਉਂਕਿ ਇਹ ਇਮਾਰਤ ਹਮੇਸ਼ਾਂ ਹਵਾ ਵਿਚ ਹੀ ਰਹੇਗੀ, ਸੋ ਇਸ ਵਿਚ ਖਾਸ ਤੌਰ ‘ਤੇ ਤਿਆਰ ਉਪ-ਉਡਾਣਾਂ ਰਾਹੀਂ ਹੀ ਦਾਖਲ ਹੋਇਆ ਜਾ ਸਕੇਗਾ ਅਤੇ ਮੁੜ ਧਰਤੀ ‘ਤੇ ਉਤਰਨ ਲਈ ਖਾਸ ਪੈਰਾਸ਼ੂਟ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੇ ਵਸਨੀਕਾਂ ਲਈ ਪਾਣੀ ਵਾਸਤੇ ਨਮੀ ਭਰਪੂਰ ਬੱਦਲਾਂ ਤੋਂ ਪਾਣੀ ਸੋਖਣ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਮਾਰਤ ਦੀ ਕੁੱਲ ਉਚਾਈ ਜਾਂ ਕਹਿ ਲਉ ਲੰਬਾਈ ਬਾਰੇ ਅਜੇ ਸਟੀਕ ਫੈਸਲਾ ਨਹੀਂ ਲਿਆ ਗਿਆ ਪਰ ਇੱਕ ਅੰਦਾਜ਼ੇ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਉਚੀ ਇਮਾਰਤ ਬੁਰਜ਼ ਖਲੀਫਾ, ਜਿਸ ਦੀ ਉਚਾਈ 868 ਮੀਟਰ ਹੈ, ਤੋਂ ਵੀ ਕਈ ਗੁਣਾ ਉਚੀ ਹੋਵੇਗੀ।
ਭਾਵੇਂ ਮੌਜੂਦਾ ਸਮੇਂ ਵਿਚ ਇਸ ਸਾਰੀ ਵਿਉਂਤਬੰਦੀ ਨੂੰ ਵਿਗਿਆਨ ਦੀ ਇਕ ਸਨਕ ਅਤੇ ਗੈਰ-ਸੰਭਾਵਿਤ ਪ੍ਰਾਜੈਕਟ ਵਜੋਂ ਵੇਖਿਆ ਜਾ ਰਿਹਾ ਹੈ ਪਰ ਨਾਸਾ ਨੇ ਇਸ ਮਿਸ਼ਨ ਵਿਚ ਵਰਤੇ ਜਾਣ ਵਾਲੇ ਉਪਗ੍ਰਹਿ ਦੀ ਸਥਿਤੀ ਅਤੇ ਵਿਉਂਤ ਤੈਅ ਕਰਨ ਲਈ 2021 ਤੱਕ ਦੀ ਸਮਾਂ ਹੱਦ ਨਿਸ਼ਚਿਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਲਾਊਡਜ਼ ਆਰਕੀਟੈਕਚਰ ਨੇ ਆਪਣੀ ਨਿੱਜੀ ਵੈਬਸਾਈਟ ਉਤੇ ਇਕ ਖਾਸ ਕਾਲਮ ਬਣਾ ਕੇ ਇਸ ਸਾਰੇ ਪ੍ਰਾਜੈਕਟ ਬਾਰੇ ਐਨੀਮੇਸ਼ਨ ਵੀਡੀਓ ਰਾਹੀਂ ਕਾਫੀ ਬਾਰੀਕ ਜਾਣਕਾਰੀ ਮੁਹੱਈਆ ਕਰਵਾਈ ਹੈ, ਜੋ ਵੇਖਣ ਤੇ ਜਾਣਨਯੋਗ ਹੈ। ਕੰਪਨੀ ਨੇ ਤਾਂ ਇਸ ਟਾਵਰ ਦਾ ਨਾਂ ਵੀ ਜਾਰੀ ਕਰ ਦਿੱਤਾ ਗਿਆ ਹੈ, ‘ਐਨਾਲੇਮਾ।’ ਇਹ ਸ਼ਬਦ ਖਗੋਲ ਵਿਚ ਘੁੰਮਦੇ ਗ੍ਰਹਿ-ਨਛੱਤਰਾਂ ਦੀ ਚਾਲ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਹੈ।
ਇਸ ਵਿਸ਼ਾਲ ਪ੍ਰਾਜੈਕਟ ਨਾਲ ਕਈ ਕਿਸਮ ਦੀਆਂ ਹੋਰ ਉਲਝਣਾਂ ਵੀ ਹਨ ਜਿਵੇਂ ਕਿ ਇਸ ਦੇ ਹਵਾਈ ਰਸਤੇ ਵਿਚ ਆਉਣ ਵਾਲੇ ਸਭ ਦੇਸ਼ਾਂ ਦੀ ਮਨਜ਼ੂਰੀ ਤੋਂ ਬਿਨਾ ਇਸ ਨੂੰ ਉਡਾਣ ‘ਤੇ ਰਵਾਨਾ ਨਹੀਂ ਕੀਤਾ ਜਾ ਸਕੇਗਾ, ਵਗੈਰਾ। ਸੋ ਇਸ ਅਜੂਬੇ ਨੂੰ ਪੂਰੀ ਤਰ੍ਹਾਂ ਸਾਕਾਰ ਹੋਇਆ ਵੇਖਣ ਲਈ ਅਜੇ ਲੰਮੀ ਉਡੀਕ ਕਰਨੀ ਪਵੇਗੀ ਅਤੇ ਇਹ ਪ੍ਰਾਜੈਕਟ ਬਹੁਤ ਸਾਰੇ ਤਕਨੀਕੀ ਪੜਾਵਾਂ ਤੇ ਅਧਿਕਾਰਤ ਮਨਜ਼ੂਰੀਆਂ ਦੀ ਲੰਮੀ ਸੂਚੀ ਰਾਹੀਂ ਗੁਜ਼ਰਦਾ ਪ੍ਰਵਾਨ ਚੜ੍ਹੇਗਾ।
ਅੰਬਰੀਂ ਉਡਦੀ ਇਮਾਰਤ ਦੀ ਚਰਚਾ ਤੋਂ ਬਾਅਦ ਸਾਗਰ ਦੇ ਸੀਨੇ ‘ਤੇ ਨਿਰੰਤਰ ਤੈਰ ਰਹੇ ਦੁਨੀਆਂ ਦੇ ਸਭ ਤੋਂ ਪਹਿਲੇ ਸ਼ਹਿਰ ਦੇ ਨਿਰਮਾਣ ਦੀ ਯੋਜਨਾ ਬਾਰੇ ਜਾਣਨਾ ਵੀ ਘੱਟ ਦਿਲਚਸਪ ਨਹੀਂ ਹੈ। ਇਹ ਸ਼ਹਿਰ ਸਮੁੰਦਰ ਵਿਚ ਨਿਰਮਾਣ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਅਮਰੀਕਨ ਕੰਪਨੀ ‘ਸੀਅ ਸਟੀਡਿੰਗ’ ਤਿਆਰ ਕਰ ਰਹੀ ਹੈ। ਕੰਪਨੀ ਦੇ ਮੁਖੀ ਜੋਏ ਕੁਇਰਕ ਨੇ 2020 ਤੱਕ ਇਹ ਸ਼ਹਿਰ ਤਿਆਰ ਕਰਨ ਦੀ ਸਮਾਂ ਹੱਦ ਨਿਸ਼ਚਿਤ ਕਰਨ ਦਾ ਅਧਿਕਾਰਤ ਐਲਾਨ ਕੀਤਾ ਹੈ ਅਤੇ ਅਖਬਾਰ ‘ਨਿਊ ਯਾਰਕ ਟਾਈਮਜ਼’ ਵਿਚ ਦਿੱਤੀ ਇਕ ਇੰਟਰਵਿਊ ਰਾਹੀਂ ਇਸ ਪ੍ਰਾਜੈਕਟ ਦੇ ਵੇਰਵੇ ਵੀ ਬਿਆਨ ਕੀਤੇ ਹਨ। ਇਹ ਸ਼ਹਿਰ ਪੈਸੇਫਿਕ ਸਾਗਰ ਅੰਦਰ ਫਰੈਂਚ ਪੋਲੈਂਸੀਆ ਦੇ ਤਾਹਿਤੀ ਨਾਂ ਦੇ ਸਮੁੰਦਰੀ ਟਾਪੂ ਦੇ ਨੇੜੇ ਤੈਰੇਗਾ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਫਰੈਂਚ ਪੋਲੈਂਸੀਆ ਸਰਕਾਰ ਅਤੇ ਸੀਅ ਸਟੀਡਿੰਗ ਦਰਮਿਆਨ ਮਨਜ਼ੂਰੀ ਅਤੇ ਸਮਝੌਤਾ ਹੋ ਚੁਕਾ ਹੈ।
ਸ਼ਹਿਰ ਦੀ ਉਸਾਰੀ ਲਈ ਸਭ ਤੋਂ ਪਹਿਲਾਂ ਸਮੁੰਦਰ ਵਿਚ ਤਰ ਰਹੇ ਗਿਆਰਾਂ ਵੱਖ ਵੱਖ ਪਲੇਟਫਾਰਮ ਬਣਾਏ ਜਾਣਗੇ ਜਿਨ੍ਹਾਂ ਦੀ ਲੰਬਾਈ ਤੇ ਚੌੜਾਈ ਪੰਜਾਹ ਮੀਟਰ ਹੋਵੇਗੀ ਅਤੇ ਇਨ੍ਹਾਂ ਵਿਚੋਂ ਕੁਝ ਆਇਤਾਕਾਰ ਅਤੇ ਕੁਝ ਪੰਜ ਨੁਕਾਤੀ ਅਕਾਰ ਦੇ ਹੋਣਗੇ। ਇਨ੍ਹਾਂ ਉਪਰਲੀ ਪਰਤ ਮਜ਼ਬੂਤ ਕੰਕਰੀਟ ਦੀ ਬਣਾਈ ਜਾਵੇਗੀ, ਜਿਸ ਉਤੇ ਤਿੰਨ ਮੰਜਿਲਾ ਅਪਾਰਟਮੈਂਟ, ਹੋਟਲ, ਹਸਪਤਾਲ, ਸ਼ਾਪਿੰਗ ਮਾਲ ਅਤੇ ਦਫਤਰ ਬਣਾਏ ਜਾ ਸਕਣਗੇ। ਸ਼ਹਿਰ ਦੀ ਦਿਲਚਸਪ ਖੂਬੀ ਇਹ ਹੋਵੇਗੀ ਕਿ ਸਾਗਰ ‘ਤੇ ਨਿਰੰਤਰ ਤਰ ਰਹੇ ਪਲੇਟਫਾਰਮਾਂ ਦੀ ਸਥਿਤੀ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਅਨੁਸਾਰ ਅੱਗੇ-ਪਿੱਛੇ ਕਰ ਲੈਣਾ ਜਾਂ ਬਦਲ ਲੈਣਾ ਮੁਨਾਸਿਬ ਹੋਵੇਗਾ। ਮਿਸਾਲ ਵਜੋਂ ਜੇ ਸ਼ਾਪਿੰਗ ਮਾਲ ਹਸਪਤਾਲ ਦੇ ਨੇੜੇ ਹੈ ਤਾਂ ਹਫਤੇ ਦੇ ਆਖਰੀ ਦਿਨਾਂ ਵਿਚ ਸ਼ਾਪਿੰਗ ਮਾਲ ਦੀ ਗਹਿਮਾ ਗਹਿਮੀ ਅਤੇ ਰੌਲੇ ਰੱਪੇ ਤੋਂ ਬਚਣ ਲਈ ਹਸਪਤਾਲ ਨੂੰ ਸ਼ਹਿਰ ਦੇ ਕਿਸੇ ਹੋਰ ਕੋਨੇ ਵੱਲ ਸਰਕਾ ਦੇਣਾ ਸੰਭਵ ਹੋਵੇਗਾ। ਹਰ ਪਲੇਟਫਾਰਮ ਦੇ ਨਿਰਮਾਣ ਵਿਚ 15 ਮਿਲੀਅਨ ਅਮਰੀਕਨ ਡਾਲਰ ਦਾ ਖਰਚਾ ਆਉਣ ਦੀ ਸੰਭਾਵਨਾ ਹੈ। ਵੈਸੇ ਸੀਅ ਸਟੀਡਿੰਗ ਦਾ ਕਹਿਣਾ ਹੈ ਕਿ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ ਕਿਉਂਕਿ ਲੰਦਨ ਜਾਂ ਨਿਊ ਯਾਰਕ ਸ਼ਹਿਰਾਂ ਵਿਚ ਵੀ ਜੇ ਪੰਜਾਹ ਮੀਟਰ ਦਾ ਆਇਤਾਕਾਰ ਪਲਾਟ ਖਰੀਦਣਾ ਹੋਵੇ ਤਾਂ ਏਨਾ ਕੁ ਖਰਚਾ ਆ ਹੀ ਜਾਂਦਾ ਹੈ। ਸ਼ਹਿਰ ਬਿਜਲੀ ਊਰਜਾ ਦੇ ਉਤਪਾਦਨ ਦੇ ਮਾਮਲੇ ਵਿਚ ਵੀ ਪੂਰੀ ਤਰ੍ਹਾਂ ਸਵੈ-ਨਿਰਭਰ ਹੋਵੇਗਾ। ਪਾਣੀ ਵਾਸਤੇ ਸਮੁੰਦਰੀ ਪਾਣੀ ਨੂੰ ਫਿਲਟਰ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਸ਼ੁਰੂ ਵਿਚ ਇਸ ਸ਼ਹਿਰ ‘ਚ ਤਿੰਨ ਸੌ ਲੋਕ ਵਸਾਉਣ ਦੀ ਯੋਜਨਾ ਹੈ ਪਰ ਸੀਅ ਸਟੀਡਿੰਗ ਦਾ ਦਾਅਵਾ ਹੈ ਕਿ ਇਸ ਸ਼ਹਿਰ ਦੀ ਉਸਾਰੀ ਤੇ ਵਾਧਾ ਨਿਰੰਤਰ ਜਾਰੀ ਰਹੇਗਾ ਅਤੇ 2050 ਤੱਕ ਇਸ ਦੀ ਆਬਾਦੀ ਦਸ ਲੱਖ ਤੋਂ ਵੀ ਵੱਧ ਹੋਵੇਗੀ। ਕੰਪਨੀ ਵੱਲੋਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਇਸ ਦਿਸ਼ਾ ਵਿਚ ਖੋਜ ਅਤੇ ਤਜ਼ਰਬੇ ਕੀਤੇ ਜਾ ਰਹੇ ਸਨ। ਕੰਪਨੀ ਦਾ ਦਾਅਵਾ ਹੈ ਕਿ ਇਸ ਸ਼ਹਿਰ ਅੰਦਰ ਵੱਸਣ ਲਈ ਹਜ਼ਾਰਾਂ ਲੋਕਾਂ ਵੱਲੋਂ ਵੈਬਸਾਈਟ ਰਾਹੀਂ ਅਰਜੀਆਂ ਭੇਜੀਆਂ ਜਾ ਰਹੀਆਂ ਹਨ।
ਜੋਏ ਕੁਇਰਕ ਦਾ ਕਹਿਣਾ ਹੈ ਕਿ ਸਾਗਰ ਉਤੇ ਤਰਦੇ ਸ਼ਹਿਰਾਂ ਦੇ ਰੂਪ ਨਾਲ ਅਸੀਂ ਭਵਿੱਖ ਅੰਦਰ ਦੁਨੀਆਂ ਨੂੰ ਇਕ ਨਵਾਂ ਜੀਵਨ ਢੰਗ ਦੇਣ ਜਾ ਰਹੇ ਹਾਂ ਜਿਸ ਨਾਲ ਰਾਜਨੀਤੀ ਅਤੇ ਸਮਾਜ ਦੀਆਂ ਸਥਾਪਤ ਕਦਰਾਂ-ਕੀਮਤਾਂ ਵਿਚ ਬਦਲਾਓ ਅਤੇ ਨਵੀਨਤਾ ਵਾਪਰੇਗੀ। ਇਹ ਸ਼ਹਿਰ ਸੁਤੰਤਰ ਸਰਕਾਰਾਂ ਦੇ ਅਧੀਨ ਚੱਲਣਗੇ ਅਤੇ ਸ਼ਹਿਰੀ ਲੋਕਤੰਤਰੀ ਢੰਗ ਨਾਲ ਆਪਣੀ ਸਰਕਾਰ ਚੁਣ ਸਕਣਗੇ। ਮੰਨ ਲਉ, ਸ਼ਹਿਰ ਦੀ ਇਕ ਕਾਲੋਨੀ ਜਾਂ ਭਾਈਚਾਰਾ ਸ਼ਹਿਰ ਦੀ ਸਰਕਾਰ ਦੀ ਕਿਸੇ ਨੀਤੀ ਨਾਲ ਸਹਿਮਤ ਨਹੀਂ ਹੈ ਜਾਂ ਉਨ੍ਹਾਂ ਦੀ ਕੋਈ ਜਾਇਜ਼ ਮੰਗ ਨਹੀਂ ਮੰਨੀ ਜਾ ਰਹੀ ਤਾਂ ਉਨ੍ਹਾਂ ਕੋਲ ਆਪਣੀ ਕਾਲੋਨੀ ਨੂੰ ਸ਼ਹਿਰ ਤੋਂ ਵੱਖ ਕਰਕੇ ਕਿਸੇ ਦੂਸਰੇ ਸ਼ਹਿਰ ਨਾਲ ਜੋੜ ਸਕਣ ਦਾ ਬਦਲ ਮੌਜੂਦ ਰਹੇਗਾ, ਜੋ ਕਿ ਜਮੀਨ ‘ਤੇ ਵੱਸਦੇ ਸ਼ਹਿਰੀਆਂ ਕੋਲ ਕਦੇ ਵੀ ਨਹੀਂ ਹੁੰਦਾ। ਸੋ, ਇਸ ਤਰ੍ਹਾਂ ਦਾ ਰਾਜਨੀਤਕ ਪ੍ਰਬੰਧ ਮਨੁੱਖੀ ਹੱਕਾਂ ਅਤੇ ਆਜ਼ਾਦੀ ਲਈ ਨਵੀਆਂ ਸੰਭਾਵਨਾਵਾਂ ਦੀ ਤਾਮੀਰ ਕਰੇਗਾ।
ਫਰੈਂਚ ਪੋਲੈਂਸੀਆ ਸਰਕਾਰ ਇਸ ਪ੍ਰਾਜੈਕਟ ਨੂੰ ਨਿੱਜੀ ਦਿਲਚਸਪੀ ਨਾਲ ਤਾਮੀਰ ਕਰਵਾ ਰਹੀ ਹੈ, ਜਿਸ ਦਾ ਇਕ ਖਾਸ ਕਾਰਨ ਆਲਮੀ ਤਪਸ਼ ਕਾਰਨ ਵਧ ਰਹੇ ਸਮੁੰਦਰੀ ਪਾਣੀ ਦੇ ਪੱਧਰ ਦੇ ਖਤਰੇ ਤੋਂ ਬਚਣਾ ਵੀ ਹੈ। ਫਰੈਂਚ ਪੋਲੈਂਸੀਆ ਪੈਸੇਫਿਕ ਸਾਗਰ ਅੰਦਰ 118 ਛੋਟੇ ਛੋਟੇ ਟਾਪੂਆਂ ਦਾ ਸਮੂਹ ਹੈ ਅਤੇ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਪ੍ਰਤੀ ਫਿਕਰਮੰਦ ਹੈ। ਬਿਨਾ ਸ਼ੱਕ ਸਾਗਰ ‘ਤੇ ਤੈਰਦੇ ਸ਼ਹਿਰ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦੇ ਖਤਰੇ ਦਾ ਬਹੁਤ ਹੀ ਸੁਯੋਗ ਹੱਲ ਬਣ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਵਿਉਂਤਬੰਦੀ ਸਫਲ ਹੋ ਗਈ ਤਾਂ ਸਾਰੀ ਦੁਨੀਆਂ ਦੇ ਦੇਸ਼ ਇਸ ਖੇਤਰ ਵਿਚ ਭਾਰੀ ਨਿਵੇਸ਼ ਕਰਨਗੇ ਕਿਉਂਕਿ ਸਮੁੰਦਰੀ ਪਾਣੀ ਦੇ ਵਧ ਰਹੇ ਪੱਧਰ ਦਾ ਖਤਰਾ ਸਾਰੇ ਵਿਸ਼ਵ ਦੇ ਸਿਰ ‘ਤੇ ਮੰਡਰਾ ਰਿਹਾ ਹੈ।
ਜਾਹਰ ਹੈ ਕਿ ਅਸੀਂ ਮਨੁੱਖੀ ਸੱਭਿਅਤਾ ਦੇ ਜੀਵਨ ਢੰਗ ਦੀ ਪਹਿਲਾਂ ਤੋਂ ਵੀ ਵੱਧ ਆਧੁਨਿਕ, ਤਕਨੀਕੀ ਅਤੇ ਵਿਗਿਆਨਕ ਤਬਦੀਲੀ ਦੇ ਕੰਢੇ ਖੜ੍ਹੇ ਹਾਂ। ਸਮਾਂ ਹੀ ਦੱਸੇਗਾ ਕਿ ਮਨੁੱਖ ਵਲੋਂ ਵਿਗਿਆਨ ਰਾਹੀਂ ਸਿਰਜੇ ਜਾ ਰਹੇ ਖੁਦ ਦੇ ਭਵਿੱਖ ਅੰਦਰ ਕੀ ਕੀ ਕ੍ਰਿਸ਼ਮੇ ਲੁਕੇ ਪਏ ਹਨ? ਜਾਪਦਾ ਹੈ ਕਿ ਅੱਜ ਤੱਕ ਧਰਤੀ ਦਾ ਪੁੱਤਰ ਅਖਵਾਉਂਦਾ ਇਨਸਾਨ ਹੁਣ ਅੰਬਰ ਦਾ ਬੇਟਾ ਜਾਂ ਸਾਗਰ ਦੀ ਔਲਾਦ ਵਰਗੇ ਲਕਬਾਂ ਨਾਲ ਵੀ ਜਾਣਿਆ ਜਾਇਆ ਕਰੇਗਾ।