ਬਰਗਾੜੀ ਗੋਲੀ ਕਾਂਡ: ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨੇ ਆਸ ਜਗਾਈ

ਸਾਬਕਾ ਐਸ਼ਐਸ਼ਪੀæ ਗ੍ਰਿਫਤਾਰ; ਬਾਦਲਾਂ ਨੂੰ ਵੀ ਘੇਰਨ ਦੇ ਸੰਕੇਤ
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ਼ ਰੋਸ ਪ੍ਰਗਟ ਕਰ ਰਹੇ ਸ਼ਰਧਾਲੂਆਂ ਉਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮੋਗਾ ਦੇ ਤਤਕਾਲੀ ਐਸ਼ਐਸ਼ਪੀæ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਨੇ ਸਾਫ ਕਰ ਦਿੱਤਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਮਨ ਆਖਰਕਾਰ ਬਣਾ ਲਿਆ ਹੈ। ਸ਼ਰਮਾ ਦੀ ਗ੍ਰਿਫਤਾਰੀ ਨੂੰ ਫਿਲਹਾਲ ਸ਼ੁਰੂਆਤ ਦੱਸਿਆ ਜਾ ਰਿਹਾ ਹੈ ਤੇ ਆਉਂਦੇ ਦਿਨਾਂ ਵਿਚ ਹੋਰ ਪੁਲਿਸ ਅਫਸਰਾਂ ਨੂੰ ਘੇਰਾ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਵੀ ਘੇਰਨ ਦੇ ਸੰਕੇਤ ਵੀ ਦਿੱਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤਾਂ ਸਿਰਫ ਸ਼ੁਰੂਆਤ ਹੈ, ਜਿਉਂ-ਜਿਉਂ ਫੜੇ ਗਏ ਅਫਸਰ ਖੁਲਾਸੇ ਕਰਨਗੇ, ਉਸੇ ਤਰ੍ਹਾਂ ਸਿਲਸਿਲਾ ਅੱਗੇ ਵਧਦਾ ਜਾਵੇਗਾ। ਗੋਲੀ ਦਾ ਹੁਕਮ ਦੇਣ ਵਾਲਿਆਂ ਦੀ ਸ਼ਨਾਖਤ ਵਿਸ਼ੇਸ਼ ਜਾਂਚ ਟੀਮ ‘ਸਿੱਟ’ ਕਰੇਗੀ। ਦੱਸ ਦਈਏ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਰਕਾਰ ਦੇ ਅੰਦਰੋਂ ਅਤੇ ਬਾਹਰੋਂ ਪਿਛਲੇ ਛੇ ਮਹੀਨਿਆਂ ਤੋਂ ਕਾਰਵਾਈ ਲਈ ਭਾਰੀ ਦਬਾਅ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਗੋਲੀ ਕਾਂਡ ਵਿਚ ਬਾਦਲਾਂ ਦਾ ਨਾਮ ਲਿਆ ਸੀ ਪਰ ਕੈਪਟਨ ਸਰਕਾਰ ਕਾਰਵਾਈ ਤੋਂ ਟਾਲਾ ਵੱਟਦੀ ਰਹੀ। ਹੁਣ ਕਾਂਗਰਸ ਸਰਕਾਰ ਦੇ ਆਪਣੇ ਮੰਤਰੀ, ਬਾਦਲਾਂ ਖਿਲਾਫ ਢਿੱਲੀ ਕਾਰਵਾਈ ਵਿਰੁਧ ਬੋਲਣ ਲੱਗੇ ਸਨ। ਕਈ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ‘ਤੇ ਜ਼ੋਰ ਪਾਇਆ ਸੀ ਕਿ ਉਹ ਸਰਕਾਰ ਅਤੇ ਪਾਰਟੀ ਦੇ ਅਕਸ ਨੂੰ ਬਚਾਉਣ ਲਈ ਨਰਮ ਰਵੱਈਏ ਤੋਂ ਗੁਰੇਜ਼ ਕਰਨ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਫੌਰੀ ਕੀਤੀ ਜਾਵੇ।
ਸ਼ਰਮਾ ਦੀ ਗ੍ਰਿਫਤਾਰੀ ਪਿੱਛੋਂ ‘ਸਿੱਟ’ ਨੇ ਬਾਜਾਖਾਨਾ ਥਾਣੇ ਦੇ ਸਾਬਕਾ ਐਸ਼ਐਚæਓ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਨੂੰ ਹਿਰਾਸਤ ਵਿਚ ਲੈਣ ਲਈ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਇਸ ਗ੍ਰਿਫਤਾਰੀ ਪਿੱਛੋਂ ਪੁਲਿਸ ਵਿਭਾਗ ਵਿਚ ਹਲਚਲ ਮੱਚ ਗਈ ਹੈ। ਉਸ ਸਮੇਂ ਦੇ ਐਸ਼ਪੀæ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਗ੍ਰਿਫਤਾਰੀ ਤੋਂ ਬਚਨ ਲਈ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਹੈ। ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਬਾਅਦ ਇਕ ਸਾਬਕਾ ਡੀæਜੀæਪੀæ ਅਤੇ ਆਈæਜੀæ ਵੀ ਸੰਕਟ ਵਿਚ ਘਿਰਦੇ ਨਜ਼ਰ ਆ ਰਹੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਗ੍ਰਿਫਤਾਰ ਕੀਤੇ ਸਾਬਕਾ ਐਸ਼ਐਸ਼ਪੀæ ਕੋਲ ਆਈæਜੀæ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਦਿੱਤੇ ਹੁਕਮਾਂ ਦੇ ਪੁਖਤਾ ਸਬੂਤ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਸਿੱਟ ਵੱਲੋਂ ਆਈæਜੀæ ਅਤੇ ਸਾਬਕਾ ਡੀæਜੀæਪੀæ ਨੂੰ ਘੇਰਿਆ ਜਾ ਸਕਦਾ ਹੈ।
ਯਾਦ ਰਹੇ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਤਫਤੀਸ਼ ਸ਼ੁਰੂ ਕਰਨ ਪਿੱਛੋਂ ਸ਼ਰਮਾ ਅਤੇ ਕਈ ਹੋਰ ਪੁਲਿਸ ਅਧਿਕਾਰੀ ਗ੍ਰਿਫਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ ਸਨ। ਇਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਚੁਣੌਤੀ ਵੀ ਦਿੱਤੀ ਸੀ। 5 ਸਤੰਬਰ 2018 ਨੂੰ ਹਾਈ ਕੋਰਟ ਨੇ ਚਰਨਜੀਤ ਸ਼ਰਮਾ ਖਿਲਾਫ਼ ਜਾਂਚ ਰੋਕ ਦਿੱਤੀ ਸੀ ਪਰ 25 ਜਨਵਰੀ ਨੂੰ ਹਾਈ ਕੋਰਟ ਦੇ ਹੁਕਮਾਂ ਨਾਲ ਐਸ਼ਆਈæਟੀæ ਨੂੰ ਹਰੀ ਝੰਡੀ ਮਿਲ ਗਈ। ਸ਼ਰਮਾ ਨੂੰ 29 ਜਨਵਰੀ ਨੂੰ ‘ਸਿੱਟ’ ਨੇ ਪਹਿਲਾਂ ਹੀ ਤਲਬ ਕੀਤਾ ਹੋਇਆ ਸੀ ਪਰ ਦੋ ਦਿਨ ਪਹਿਲਾਂ ਹੀ ਉਸ ਨੂੰ ਘਰੋਂ ਚੁੱਕ ਲਿਆ ਗਿਆ। ਇਸੇ ਦਿਨ ਸਰਕਾਰ ਦੇ ਨੱਕ ਵਿਚ ਦਮ ਕਰਨ ਵਾਲੇ ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ ਸੰਘਰਸ਼ ਨੂੰ ਅੱਗੇ ਤੋਰਨ ਲਈ ਮੀਟਿੰਗ ਰੱਖੀ ਗਈ ਸੀ।
ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਸਮੇਤ ਕਈ ਪਿੰਡਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਸੀ। ਲੋਕਾਂ ਨੇ ਪੱਕੇ ਧਰਨੇ ਮਾਰ ਲਏ ਅਤੇ 14 ਅਕਤੂਬਰ 2015 ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਬੇਅਦਬੀਆਂ ਦੇ ਰੋਸ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ। ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਪੁਲਿਸ ਦੀ ਗੋਲ਼ੀ ਕਾਰਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਤੋਂ ਇਲਾਵਾ ਤਕਰੀਬਨ 50 ਜਣੇ ਜ਼ਖ਼ਮੀ ਵੀ ਹੋਏ ਸਨ।
ਸਾਲ 2015 ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਇਨ੍ਹਾਂ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ (ਰਿਟਾæ) ਕਮਿਸ਼ਨ ਨੇ ਸਮੁੱਚੀ ਰਿਪੋਰਟ ਚਾਰ ਭਾਗਾਂ ਵਿਚ ਪੇਸ਼ ਕੀਤੀ ਸੀ। ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ।
ਕਮਿਸ਼ਨ ਦੀ ਰਿਪੋਰਟ ਮਗਰੋਂ ਅਗਸਤ 2018 ਵਿਚ ਥਾਣਾ ਬਾਜਾਖਾਨਾ ਵਿਚ ਤਤਕਾਲੀ ਐਸ਼ਐਸ਼ਪੀæ ਮੋਗਾ ਚਰਨਜੀਤ ਸ਼ਰਮਾ, ਐਸ਼ਪੀæ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਸਮੇਤ ਚਾਰ ਹੋਰ ਪੁਲਿਸ ਮੁਲਾਜ਼ਮਾਂ ‘ਤੇ ਕੇਸ ਦਰਜ ਕੀਤਾ ਗਿਆ। ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਦੀ ਜਾਂਚ ਐਸ਼ਆਈæਟੀæ ਵੱਲੋਂ ਕੀਤੀ ਜਾ ਰਹੀ ਹੈ ਪਰ ਪਰਚੇ ਵਿਚ ਨਾਮਜ਼ਦ ਪੁਲਿਸ ਅਧਿਕਾਰੀ ਅਦਾਲਤ ਚਲੇ ਗਏ। 25 ਜਨਵਰੀ 2018 ਨੂੰ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀਆਂ ਅਪੀਲਾਂ ਰੱਦ ਕਰਦਿਆਂ ਐਸ਼ਆਈæਟੀæ ਨੂੰ ਅੱਗੇ ਵਧਣ ਦੇ ਹੁਕਮ ਦਿੱਤੇ ਸਨ।

ਪੁਲਿਸ ਨੇ ਮਾਮਲਾ ਰਫ਼ਾ-ਦਫ਼ਾ ਕਰਨ ਲਈ ਲਾਇਆ ਸੀ ਜ਼ੋਰ
ਲੋਕ ਰੋਹ ਕਾਰਨ ਭਾਵੇਂ ਬਰਗਾੜੀ ਗੋਲੀ ਕਾਂਡ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨੀ ਪਈ ਪਰ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ। ਇਹ ਗੱਲ ਕਾਫੀ ਹੱਦ ਤੱਕ ਸਾਹਮਣੇ ਆ ਗਈ ਹੈ ਕਿ ਕੋਟਕਪੂਰਾ ਵਿਚ ਗੋਲੀਕਾਂਡ ਵਾਲੀ ਰਾਤ ਪੁਲਿਸ ਕਾਰਵਾਈ ਲਈ 5 ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਤੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ‘ਤੇ ਨਹੀਂ ਬਲਕਿ ਸੂਬਾ ਸਰਕਾਰ ਦੇ ਹੁਕਮਾਂ ‘ਤੇ ਉਥੇ ਪੁੱਜੇ ਸਨ। ਸੂਬਾ ਸਰਕਾਰ ਤੇ ਸੂਬਾ ਪੁਲਿਸ ਮੁਖੀ ਦੇ ਆਦੇਸ਼ਾਂ ‘ਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਚੱਲੀ ਗੋਲੀ ਦੇ ਨਿਸ਼ਾਨ ਤੇ ਸਬੂਤ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਥੋਂ ਤੱਕ ਕਿ ਪੁਲਿਸ ਵਿਭਾਗ ਵੱਲੋਂ ਗੋਲੀ ਚੱਲਣ ਦੀ ਘਟਨਾ ਦੀ ਪੁਸ਼ਟੀ ਤੱਕ ਵੀ ਨਹੀਂ ਕੀਤੀ ਗਈ ਤੇ ਸਰਕਾਰੀ ਮਾਲਖਾਨੇ ਵਿਚ ਆਪਣਾ ਅਸਲਾ ਵੀ ਪੂਰਾ ਮੌਜੂਦ ਹੋਣ ਦਾ ਦਾਅਵਾ ਕਰਦਿਆਂ ਉਸ ਮੌਕੇ ਗੋਲੀ ਚਲਾਉਣ ਦਾ ਕੇਸ ਵੀ ਅਣਪਛਾਤੇ ਲੋਕਾਂ ਵਿਰੁੱਧ ਦਰਜ ਕਰਕੇ ਇਸ ਕੇਸ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।