ਚੰਡੀਗੜ੍ਹ: ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਬਾਰੇ ਹਰਿਆਣਾ ਪੁਲਿਸ ਉਤੇ ਵੀ ਸਵਾਲ ਉਠੇ ਹਨ। ਆਰæਟੀæਆਈæ ਵਿਚ ਖੁਲਾਸਾ ਹੋਇਆ ਹੈ ਕਿ ਪੁਲਿਸ ਦੀ ਹਾਜ਼ਰੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਪਰ ਪੁਲਿਸ ਕੋਈ ਕਾਰਵਾਈ ਕਰਨ ਦੀ ਥਾਂ ਹਮਲਾਵਰਾਂ ਨੂੰ ਹੱਲਾਸ਼ੇਰੀ ਦਿੰਦੀ ਰਹੀ। ਹਰਿਆਣਾ ਦੇ ਪਟੌਦੀ, ਹੋਦ ਚਿੱਲੜ ਅਤੇ ਗੁੜਗਾਉਂ ‘ਚ ਵੱਡੀ ਗਿਣਤੀ ਸਿੱਖਾਂ ਨੂੰ ਮਾਰਿਆ ਗਿਆ ਸੀ। ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਰæਟੀæਆਈæ ਦੇ ਆਧਾਰ ਉਤੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੰਬਰ 1984 ਵਿਚ ਹਰਿਆਣਾ ਵਿਚ ਉਨ੍ਹਾਂ ਥਾਂਵਾਂ ‘ਤੇ ਹੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿਥੇ ਪੁਲਿਸ ਤਾਇਨਾਤ ਸੀ।
ਯਾਦ ਰਹੇ ਕਿ ਹੋਦ ਚਿੱਲੜ ਤਾਲਮੇਲ ਕਮੇਟੀ ਪਟੌਦੀ, ਹੋਦ ਚਿੱਲੜ ਅਤੇ ਗੁੜਗਾਉਂ ‘ਚ ਮਾਰੇ ਗਏ ਸਿੱਖਾਂ ਦੇ ਮਾਮਲੇ ਵਿਚ ਇਨਸਾਫ ਦਿਵਾਉਣ ਲਈ 2011 ਤੋਂ ਸੰਘਰਸ਼ ਕਰ ਰਹੀ ਹੈ। ਹੁਣ ਆਰæਟੀæਆਈæ ਰਾਹੀਂ ਜਾਣਕਾਰੀ ਮਿਲੀ ਕਿ ਹੈ ਹਰਿਆਣਾ ‘ਚ ਜਿਹੜੀਆਂ ਥਾਂਵਾਂ ਉਤੇ ਸਿੱਖ ਕਤਲੇਆਮ ਹੋਇਆ, ਉਥੇ ਕਿੰਨੇ-ਕਿੰਨੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਉਨ੍ਹਾਂ ਪਹਿਲੀ ਅਤੇ 2 ਨਵੰਬਰ 1984 ਨੂੰ ਪੁਲਿਸ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ ਦੀ ਲਿਸਟ ਵੀ ਵਿਖਾਈ ਤੇ ਦੱਸਿਆ ਕਿ 79 ਸਿੱਖਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਜਿਊਂਦੇ ਸਾੜ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਗੁੜਗਾਉਂ ਵਿਚ 297 ਘਰਾਂ ਅਤੇ ਪਟੌਦੀ ਵਿਚ 47 ਘਰਾਂ ਤੇ ਫੈਕਟਰੀਆਂ ਅਤੇ ਹੋਦ ਚਿੱਲੜ ਦੇ ਪੂਰੇ ਪਿੰਡ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ। ਆਰæਟੀæਆਈæ ਰਾਹੀਂ ਮਿਲੀ ਸੂਚਨਾ ਅਨੁਸਾਰ ਗੁੜਗਾਉਂ ਵਿਚ 121 ਹੈੱਡ ਕਾਂਸਟੇਬਲ ਅਤੇ 697 ਸਿਪਾਹੀ ਤਾਇਨਾਤ ਸਨ। ਇਨ੍ਹਾਂ ਸਾਰਿਆਂ ਦੀ ਡਿਊਟੀ ਸਿੱਖਾਂ ਨੂੰ ਬਚਾਉਣ ‘ਤੇ ਸੀ ਪਰ ਅਸਲ ਵਿਚ ਪੁਲਿਸ ਨੇ ਹੀ ਸਿੱਖਾਂ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ।
ਸੋਹਨਾ ਚੌਕ ਵਿਚ ਇਕ ਪੁਲਿਸ ਅਫਸਰ, ਦੋ ਹੈੱਡ ਕਾਂਸਟੇਬਲ ਅਤੇ 18 ਕਾਂਸਟੇਬਲ ਮੌਜੂਦ ਸਨ ਅਤੇ ਇਥੇ ਹੀ ਛੇ ਜਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਸ਼ ਗਿਆਸਪੁਰਾ ਨੇ ਦੱਸਿਆ ਕਿ 1984 ਵਿਚ ਹਰਿਆਣਾ ‘ਚ ਭਜਨ ਲਾਲ ਦੀ ਕਾਂਗਰਸ ਸਰਕਾਰ ਸੀ ਅਤੇ ਉਸ ਨੇ 1982 ਦੀਆਂ ਏਸ਼ਿਆਈ ਖੇਡਾਂ ਦੌਰਾਨ ਸਿੱਖਾਂ ਨੂੰ ਜ਼ਲੀਲ ਕਰ ਕੇ ਇੰਦਰਾ ਗਾਂਧੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਅੱਜ ਵੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਇਸ ਮਾਮਲੇ ਨੂੰ ਲਟਕਾ ਰਹੀ ਹੈ ਅਤੇ ਹਰ ਵਾਰ ਤਰੀਕਾਂ ਅੱਗੇ ਪੁਆ ਲੈਂਦੀ ਹੈ। ਉਨ੍ਹਾਂ ਪਟੌਦੀ ਵਿਚ ਕਤਲ ਕੀਤੇ ਗਏ 47 ਸਿੱਖਾਂ, ਹੋਦ ਚਿੱਲੜ ਵਿਚ ਸੁਰਜੀਤ ਕੌਰ ਦੇ ਪਰਿਵਾਰ ਦੇ 12 ਜੀਆਂ ਅਤੇ ਬਲਵੰਤ ਸਿੰਘ ਦੇ ਪਰਿਵਾਰ ਦੇ ਕਤਲ ਕੀਤੇ ਗਏ 11 ਜੀਆਂ ਦੀ ਸੂਚੀ ਵੀ ਜਾਰੀ ਕੀਤੀ।