ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆ। ਜਹਾਦ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ।æææਹੁਣ ਅੱਗੇ ਪੜ੍ਹੋææææ
ਹਰਮਹਿੰਦਰ ਚਹਿਲ
ਫੋਨ: 703-362-3239
ਅਮਜਦ ਨੇ ਆਪਣਾ ਆਖਰੀ ਇਮਤਿਹਾਨ ਪਾਸ ਕਰ ਲਿਆ ਤੇ ਡਾਕਟਰੀ ਦੀ ਸਾਰੀ ਪੜ੍ਹਾਈ ਮੁਕੰਮਲ ਕਰ ਲਈ ਜੋ ਉਸ ਦਾ ਨਿਸ਼ਾਨਾ ਸੀ। ਉਸ ਦੇ ਲਈ ਬੜੇ ਮਾਣ ਵਾਲੀ ਗੱਲ ਸੀ ਕਿ ਉਹ ਆਪਣੀ ਕਲਾਸ ‘ਚੋਂ ਅਵਲ ਆਇਆ ਸੀ। ਉਸ ਦੀ ਪਾਰਟ ਟਾਈਮ ਟੀਚਰ ਦੀ ਜਾਬ ਵੀ ਉਸ ਲਈ ਚੰਗੀ ਸਾਬਤ ਹੋਈ। ਇਹ ਇਮਤਿਹਾਨ ਪਾਸ ਕਰਦਿਆਂ ਹੀ ਉਸ ਨੂੰ ਅਸਿਸਟੈਂਟ ਪ੍ਰੋਫੈਸਰ ਬਣਾ ਦਿੱਤਾ ਗਿਆ। ਉਹ ਹੁਣ ਖੁਸ਼ ਸੀ। ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਉਸ ਨੇ ਆਫੀਆ ਨੂੰ ਖੁਸ਼ ਰੱਖਣ ਦਾ ਇੱਕ ਹੋਰ ਢੰਗ ਕੱਢਿਆ। ਉਹ ਆਫੀਆ ਨੂੰ ਕਹਿਣ ਲੱਗ ਪਿਆ ਕਿ ਅਜੇ ਤਾਂ ਆਪਾਂ ਜਹਾਦ ਬਾਰੇ ਸਿੱਖ ਹੀ ਰਹੇ ਹਾਂ, ਜਦੋਂ ਆਪਾਂ ਇਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲਈ ਤਾਂ ਇਸ ਵਿਚ ਸ਼ਾਮਲ ਹੋਣ ਬਾਰੇ ਸੋਚਾਂਗੇ। ਉਸ ਨੇ ਫਿਰ ਤੋਂ ਦਾੜ੍ਹੀ ਵਧਾ ਲਈ ਤਾਂ ਕਿ ਆਫੀਆ ਨੂੰ ਲੱਗੇ ਕਿ ਉਹ ਮਜ਼੍ਹਬ ਵੱਲ ਮੁੜ ਰਿਹਾ ਹੈ, ਪਰ ਆਫੀਆ ਨੂੰ ਇਸ ਵੇਲੇ ਉਸ ਦੀਆਂ ਗੱਲਾਂ ‘ਚ ਕੋਈ ਦਿਲਚਸਪੀ ਨਹੀਂ ਸੀ। ਸ਼ਾਇਦ ਉਹ ਉਸ ਦਾ ਇਹ ਡਰਾਮਾ ਸਮਝ ਰਹੀ ਸੀ। ਖੈਰ! ਅਮਜਦ ਨੇ ਆਫੀਆ ਨੂੰ ਖੁਸ਼ ਰੱਖਣ ਲਈ ਕਾਫੀ ਸਾਰਾ ਵਕਤ ਘਰੇ ਬਿਤਾਉਣਾ ਸ਼ੁਰੂ ਕਰ ਦਿੱਤਾ। ਉਹ ਹਰ ਐਤਵਾਰ ਵਾਲੇ ਦਿਨ ਉਸ ਨੂੰ ਅਤੇ ਬੱਚਿਆਂ ਨੂੰ ਕਿਧਰੇ ਬਾਹਰ ਘੁੰਮਾਉਣ ਲੈ ਜਾਂਦਾ। ਇੱਕ ਦਿਨ ਉਸ ਨੇ ਘਰੇ ਗੱਲ ਛੇੜੀ, “ਆਫੀਆ ਮੇਰੇ ਪਰਿਵਾਰ ਵਿਚ ਸ਼ਿਕਾਰ ਦਾ ਬਹੁਤ ਸ਼ੌਕ ਰਿਹਾ ਐ।”
“ਅੱਛਾ।” ਆਫੀਆ ਨੇ ਸਾਧਾਰਨ ਜਿਹਾ ਹੁੰਗਾਰਾ ਭਰਿਆ।
“ਮੈਂ ਚਾਹੁੰਨਾਂ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਖਾਨਦਾਨੀ ਸ਼ੌਕ ਤੋਂ ਜਾਣੂੰ ਕਰਵਾਵਾਂ।”
“ਇਸ ਦੇ ਲਈ ਕੀ ਕਰੇਂਗਾ?”
“ਆਪਾਂ ਇਸ ਵੀਕ ਐਂਡ ‘ਤੇ ਕਿਧਰੇ ਬਾਹਰ ਚੱਲਦੇ ਆਂ। ਸ਼ਿਕਾਰ ਖੇਡਣ ਦਾ ਸਾਰਾ ਸਮਾਨ ਵਗੈਰਾ, ਮੇਰਾ ਮਤਲਬ ਬੰਦੂਕ ਆਦਿ ਅਤੇ ਹੋਰ ਸਮਾਨ ਆਪਾਂ ਕਿਸੇ ਸਟੋਰ ਤੋਂ ਖਰੀਦ ਲਵਾਂਗੇ।” ਉਸ ਦੀ ਬੰਦੂਕ ਵਾਲੀ ਗੱਲ ਆਫੀਆ ਨੂੰ ਜਚ ਗਈ। ਉਸ ਨੇ ਸੋਚਿਆ ਕਿ ਇਸੇ ਬਹਾਨੇ ਉਹ ਬੰਦੂਕ ਚਲਾਉਣ ਦਾ ਅਭਿਆਸ ਕਰ ਲਵੇਗੀ। ਨਾਲੇ ਫੀਲਡ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂੰ ਹੋ ਜਾਵੇਗੀ। ਉਸ ਨੇ ਖੁਸ਼ੀ-ਖੁਸ਼ੀ ਹਾਮੀ ਭਰ ਦਿੱਤੀ। ਅਗਲੇ ਹੀ ਦਿਨ ਉਹ ਅਸਲੇ ਦੀ ਦੁਕਾਨ ‘ਤੇ ਗਏ। ਦੁਕਾਨ ਵਾਲਿਆਂ ਨੂੰ ਆਈ ਡੀ ਦਿਖਾ ਕੇ ਉਨ੍ਹਾਂ ਲੋੜੀਂਦਾ ਸਮਾਨ ਖਰੀਦ ਲਿਆ ਜਿਸ ਵਿਚ ਪਿਸਤੌਲ, ਬੰਦੂਕ, ਸਰਵਾਈਵਲ ਗਾਈਡ, ਬੁਲੇਟ ਪਰੂਫ ਜੈਕਟਾਂ ਅਤੇ ਨਾਈਟ ਵਿਜ਼ਿਨ ਗੌਗਲ ਆਦਿ ਸ਼ਾਮਲ ਸਨ। ਉਹ ਵੀਕ ਐਂਡ ‘ਤੇ ਕਿਸੇ ਸ਼ੂਟਿੰਗ ਰੇਂਜ ‘ਤੇ ਚਲੇ ਗਏ। ਉਥੇ ਉਨ੍ਹਾਂ ਦੋ ਦਿਨ ਬਿਤਾਏ। ਖੂਬ ਮਸਤੀ ਕੀਤੀ। ਸ਼ਿਕਾਰ ਖੇਡਿਆ। ਖਾਸ ਕਰ ਕੇ ਆਫੀਆ ਨੇ ਬੰਦੂਕ ਦੇ ਨਿਸ਼ਾਨੇ ਲਾਉਣ ਦਾ ਅਭਿਆਸ ਕੀਤਾ।
ਐਤਵਾਰ ਦੀ ਸ਼ਾਮ ਉਹ ਘਰ ਮੁੜ ਆਏ। ਅਮਜਦ ਨੇ ਵੇਖਿਆ ਕਿ ਇਸ ਘਟਨਾ ਪਿੱਛੋਂ ਆਫੀਆ ‘ਚ ਕਾਫੀ ਤਬਦੀਲੀ ਆਉਣ ਲੱਗੀ। ਉਹ ਅਮਜਦ ਨੂੰ ਕਹਿਣ ਲੱਗੀ ਕਿ ਫਿਰ ਤੋਂ ਸ਼ੂਟਿੰਗ ਰੇਂਜ ‘ਤੇ ਚੱਲਿਆ ਜਾਵੇ। ਤੇ ਐਤਕੀਂ ਵੱਡੇ ਹਥਿਆਰ ਮਤਲਬ ਏæਕੇæ 47 ਵਰਗੀਆਂ ਰਾਈਫਲਾਂ ਚਲਾਉਣ ਦਾ ਲੁਤਫ ਲਿਆ ਜਾਵੇ। ਅਮਜਦ ਇਸ ਲਈ ਮੰਨ ਗਿਆ। ਅਗਲੇ ਸੋਮਵਾਰ ਉਹ ਇਹ ਕਹਿ ਕੇ ਕੰਮ ‘ਤੇ ਗਿਆ ਕਿ ਉਹ ਕੁਝ ਘੰਟਿਆਂ ਬਾਅਦ ਮੁੜ ਆਵੇਗਾ ਤੇ ਫਿਰ ਉਹ ਸ਼ਿਕਾਰ ‘ਤੇ ਜਾਣ ਦਾ ਪ੍ਰੋਗਰਾਮ ਬਣਾਉਣਗੇ। ਆਫੀਆ ਖੁਸ਼ੀ-ਖੁਸ਼ੀ ਤਿਆਰੀ ਕਰਨ ਲੱਗੀ। ਗਿਆਰਾਂ ਕੁ ਵਜੇ ਉਸ ਦੇ ਘਰ ਦੀ ਡੋਰ ਬੈਲ ਵੱਜੀ। ਉਹ ਭੱਜੀ-ਭੱਜੀ ਦਰਵਾਜ਼ੇ ਵੱਲ ਗਈ ਕਿ ਸ਼ਾਇਦ ਅਮਜਦ ਆ ਗਿਆ ਹੈ। ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਉਸ ਨੇ ਕੀ-ਹੋਲ ਵਿਚੋਂ ਦੇਖ ਲੈਣਾ ਜ਼ਰੂਰੀ ਸਮਝਿਆ। ਉਹ ਮੋਰੀ ਵਿਚੋਂ ਦੀ ਬਾਹਰ ਝਾਕੀ ਤਾਂ ਉਸ ਦਾ ਤ੍ਰਾਹ ਨਿਕਲ ਗਿਆ। ਬਾਹਰ ਦੋ ਜਣੇ ਸੂਟਡ-ਬੂਟਡ ਅਤੇ ਕਾਲੀਆਂ ਐਨਕਾਂ ਲਾਈ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ। ਆਫੀਆ ਦਾ ਦਿਲ ਜ਼ੋਰ ਦੀ ਧੜਕਿਆ, ਪਰ ਉਸ ਨੇ ਆਪਣੇ ਆਪ ‘ਤੇ ਕਾਬੂ ਪਾਉਂਦਿਆਂ ਪੁੱਛਿਆ, “ਕੌਣ ਓਂ ਤੁਸੀਂ?”
“ਅਸੀਂ ਐਫ਼ਬੀæਆਈæ ਤੋਂ ਆਂ। ਤੁਹਾਨੂੰ ਮਿਲਣਾ ਐ। ਦਰਵਾਜ਼ਾ ਖੋਲ੍ਹੋ।”
“ਮੈਂ ਘਰ ‘ਚ ਇਕੱਲੀ ਔਰਤ ਆਂ। ਮੈਂ ਇਸ ਤਰ੍ਹਾਂ ਦਰਵਾਜ਼ਾ ਨ੍ਹੀਂ ਖੋਲ੍ਹ ਸਕਦੀ। ਤੁਸੀਂ ਉਦੋਂ ਆਉਣਾ ਜਦੋਂ ਮੇਰਾ ਘਰਵਾਲਾ ਘਰੇ ਹੋਇਆ।” ਉਸ ਨੇ ਠਰੰਮੇ ਨਾਲ ਉਤਰ ਦਿੱਤਾ।
“ਉਹ ਕਦੋਂ ਆਵੇਗਾ?” ਐਫ਼ਬੀæਆਈæ ਵਾਲਿਆਂ ਨੇ ਪੁੱਛਿਆ, ਪਰ ਮੁੜ ਕੇ ਆਫੀਆ ਕੁਝ ਬੋਲੀ ਹੀ ਨਾ। ਉਹ ਕੁਝ ਦੇਰ ਦਰਵਾਜ਼ਾ ਖੁਲ੍ਹਵਾਉਣ ਜਾਂ ਕੋਈ ਹੋਰ ਗੱਲ ਕਰਨ ਦਾ ਯਤਨ ਕਰਦੇ ਰਹੇ, ਪਰ ਆਫੀਆ ਨੇ ਅੰਦਰ ਜਾਂਦਿਆਂ ਬੈਡਰੂਮ ਦਾ ਦਰਵਾਜ਼ਾ ਵੀ ਬੰਦ ਕਰ ਲਿਆ। ਅੰਦਰੋਂ ਹੀ ਉਹ ਅਮਜਦ ਨੂੰ ਫੋਨ ਮਿਲਾਉਂਦਿਆਂ ਬੋਲੀ, “ਅਮਜਦ ਗਜ਼ਬ ਹੋ ਗਿਆ।”
“ਕਿਉਂ ਕੀ ਹੋਇਆ? ਖੈਰ ਤਾਂ ਐ?”
“ਨ੍ਹੀਂ ਖੈਰ ਨ੍ਹੀਂ ਐ। ਆਪਣੇ ਦਰਵਾਜ਼ੇ ‘ਤੇ ਐਫ਼ਬੀæਆਈæ ਵਾਲੇ ਖੜ੍ਹੇ ਨੇ ਤੇ ਉਹ ਮੈਨੂੰ ਦਰਵਾਜ਼ਾ ਖੋਲ੍ਹਣ ਲਈ ਜ਼ੋਰ ਪਾ ਰਹੇ ਨੇ।”
“ਤੂੰ ਦਰਵਾਜ਼ਾ ਖੋਲ੍ਹ ਕੇ ਪੁੱਛ ਤਾਂ ਸਹੀ ਕਿ ਆਖਰ ਗੱਲ ਕੀ ਐ। ਉਹ ਕੀ ਕਰਨ ਆਏ ਨੇ?”
“ਨ੍ਹੀਂ ਅਮਜਦ ਮੈਂ ਦਰਵਾਜ਼ਾ ਨ੍ਹੀਂ ਖੋਲ੍ਹਣਾ।”
“ਆਫੀਆ ਹੋ ਸਕਦਾ ਐ ਕਿ ਉਹ ਕੋਈ ਜ਼ਰੂਰੀ ਗੱਲਬਾਤ ਕਰਨ ਆਏ ਹੋਣ। ਜਾਂ ਕਿਸੇ ਹੋਰ ਦਾ ਅਤਾ-ਪਤਾ ਪੁੱਛ ਰਹੇ ਹੋਣ। ਮੇਰਾ ਤਾਂ ਖਿਆਲ ਐ ਕਿ ਤੂੰ ਇੱਕ ਵਾਰ ਉਨ੍ਹਾਂ ਨਾਲ ਗੱਲ ਕਰ ਲੈ।”
“ਅਮਜਦ ਮੈਂ ਤੈਨੂੰ ਕਹਿ’ਤਾ ਕਿ ਦਰਵਾਜ਼ਾ ਮੈਂ ਕਿਸੇ ਵੀ ਹਾਲਤ ‘ਚ ਨ੍ਹੀਂ ਖੋਲ੍ਹਣਾ। ਮੈਨੂੰ ਤਾਂ ਬਹੁਤ ਈ ਡਰ ਲੱਗ ਰਿਹਾ ਐ।”
“ਡਰਨ ਦੀ ਇਸ ਗੱਲ ‘ਚ ਕੀ ਲੋੜ ਐ। ਤੂੰ ਤਾਂæææ।” ਗੱਲ ਕਰਦਾ-ਕਰਦਾ ਅਮਜਦ ਇੱਕ ਦਮ ਚੁੱਪ ਹੋ ਗਿਆ। ਉਸ ਨੇ ਵੇਖਿਆ ਕਿ ਉਸ ਦੇ ਸਾਹਮਣੇ ਕੋਈ ਆ ਖੜ੍ਹਾ ਹੋਇਆ ਸੀ ਜੋ ਵੇਖਣ ਤੋਂ ਹੀ ਕਿਸੇ ਏਜੰਸੀ ਦਾ ਬੰਦਾ ਲੱਗਦਾ ਸੀ।
“ਆਫੀਆ ਮੈਂ ਤੈਨੂੰ ਠਹਿਰ ਕੇ ਫੋਨ ਕਰਦਾਂ।” ਇੰਨਾ ਕਹਿੰਦਿਆਂ ਅਮਜਦ ਨੇ ਫੋਨ ਕੱਟ ਦਿੱਤਾ। ਉਸ ਨੇ ਫੋਨ ਪਾਸੇ ਰੱਖਿਆ ਤਾਂ ਸਾਹਮਣੇ ਖੜ੍ਹੇ ਬੰਦੇ ਨੇ ਆਪਣਾ ਕਾਰਡ ਕੱਢ ਕੇ ਉਸ ਦੇ ਸਾਹਮਣੇ ਕੀਤਾ ਤੇ ਬੋਲਿਆ, “ਆਈ ਐਮ ਫਰਾਮ ਐਫ਼ਬੀæਆਈæ।”
“ਜੀ! ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਆਂ?” ਅਮਜਦ ਦੀ ਆਵਾਜ਼ ਥਿੜਕ ਗਈ।
“ਅਸੀਂ ਤੇਰੇ ਨਾਲ ਗੱਲਬਾਤ ਕਰਨ ਆਏ ਆਂ। ਮੇਰਾ ਸਾਥੀ ਬਾਹਰ ਖੜ੍ਹਾ ਐ। ਕੀ ਆਪਾਂ ਕੁਝ ਦੇਰ ਪਾਰਕ ‘ਚ ਜਾ ਕੇ ਬੈਠ ਸਕਦੇ ਆਂ?”
“ਹਾਂ ਜੀ ਬਿਲਕੁਲ। ਮੈਂ ਆਪਣੇ ਬੌਸ ਨੂੰ ਦੱਸ ਦਿਆਂ।” ਇੰਨਾ ਕਹਿੰਦਿਆਂ ਅਮਜਦ ਨੇ ਆਪਣੇ ਬੌਸ ਨਾਲ ਗੱਲ ਕੀਤੀ ਤੇ ਐਫ਼ਬੀæਆਈæ ਅਫਸਰ ਦੇ ਨਾਲ ਤੁਰ ਪਿਆ। ਤੁਰਿਆ ਜਾਂਦਾ ਉਹ ਸੋਚ ਰਿਹਾ ਸੀ ਕਿ ਇਹ ਤਾਂ ਕੋਈ ਖਾਸ ਗੱਲ ਲੱਗਦੀ ਹੈ ਕਿ ਇਹ ਇੱਕੋ ਵੇਲੇ ਉਸ ਦੇ ਘਰ ਅਤੇ ਦਫਤਰ ਆਏ ਹਨ। ਫਿਰ ਉਸ ਨੂੰ ਯਾਦ ਆਇਆ ਕਿ ਕੁਝ ਹਫਤੇ ਪਹਿਲਾਂ ਹੀ ਉਸ ਨੇ ਅਸਲੇ ਦੀ ਦੁਕਾਨ ਤੋਂ ਜੋ ਸਾਮਾਨ ਖਰੀਦਿਆ ਸੀ, ਇਹ ਉਸੇ ਕਰ ਕੇ ਆਏ ਹੋਣਗੇ। ਇਹ ਗੱਲ ਯਾਦ ਆਉਂਦਿਆਂ ਹੀ ਉਸ ਦਾ ਮਾਨਸਿਕ ਤਣਾਅ ਕਾਫੀ ਘਟ ਗਿਆ, ਪਰ ਅਸਲ ਵਿਚ ਇਹ ਗੱਲ ਨਹੀਂ ਸੀ। ਪਹਿਲੀ ਗੱਲ ਤਾਂ ਅਬੂ ਜ਼ੁਬੈਦ ਨੇ ਹੀ ਇਥੋਂ ਦੇ ਅਲ-ਕਾਇਦਾ ਸੈਲਾਂ ਬਾਰੇ ਬਹੁਤ ਜਾਣਕਾਰੀ ਦੇ ਦਿੱਤੀ ਸੀ। ਰਹਿੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਉਸ ਦੀ ਗ੍ਰਿਫਤਾਰੀ ਦੇ ਅਗਲੇ ਹਫਤੇ ਹੀ ਹੋਜ਼ੇ ਪਦੀਲਾ ਪਾਕਿਸਤਾਨ ਤੋਂ ਚੱਲਿਆ, ਸ਼ਿਕਾਗੋ ਏਅਰਪੋਰਟ ‘ਤੇ ਉਤਰਦਾ ਹੀ ਫੜ ਲਿਆ ਗਿਆ। ਉਸ ਕੋਲੋਂ ਜੋ ਕੰਪਿਊਟਰ ਥੰਬ ਡਰਾਈਵ ਮਿਲੀ ਉਸ ‘ਚੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਸੀ। ਉਸੇ ‘ਚੋਂ ਅਦਨਾਨ ਸ਼ੁਕਰੀਜੁਮਾ ਦਾ ਨਾਂ ਪਤਾ ਲੱਗਿਆ। ਐਫ਼ਬੀæਆਈæ ਪਹਿਲਾਂ ਹੀ ਉਨ੍ਹਾਂ ਲੋਕਾਂ ‘ਤੇ ਨਜ਼ਰ ਰੱਖ ਰਹੀ ਸੀ ਜਿਨ੍ਹਾਂ ਦੇ ਨਾਮ ਅਬੂ ਜ਼ੁਬੈਦ ਤੋਂ ਮਿਲੇ ਸਨ। ਅਬੂ ਜ਼ੁਬੈਦ ਦੀ ਗ੍ਰਿਫਤਾਰੀ ਛੁਪਾ ਕੇ ਰੱਖੀ ਗਈ ਸੀ। ਇਸੇ ਕਰ ਕੇ ਹੀ ਹੋਜ਼ੇ ਪਦੀਲਾ ਐਫ਼ਬੀæਆਈæ ਦੇ ਧੱਕੇ ਚੜ੍ਹ ਗਿਆ ਪਰ ਉਸ ਦੇ ਫੜੇ ਜਾਣ ਪਿੱਛੋਂ ਬਾਕੀ ਦੇ ਸਭ ਮੈਂਬਰ ਗੁਪਤਵਾਸ ਚਲੇ ਗਏ। ਖੈਰ! ਅਮਜਦ ਨੂੰ ਨਾਲ ਲੈ ਕੇ ਐਫ਼ਬੀæਆਈæ ਦੇ ਦੋਨੋਂ ਅਫਸਰ ਪਾਰਕ ਵਿਚ ਜਾ ਬੈਠੇ।
“ਮਿਸਟਰ ਅਮਜਦ, ਅਸੀਂ ਐਫ਼ਬੀæਆਈæ ਤੋਂ ਆਂ। ਲੈ ਤੂੰ ਆਪਣੀ ਤਸੱਲੀ ਲਈ ਮੇਰਾ ਸ਼ਨਾਖਤੀ ਕਾਰਡ ਵੇਖ ਲੈ।” ਇੰਨਾ ਕਹਿੰਦਿਆਂ ਇੱਕ ਅਫਸਰ ਨੇ ਸਰਕਾਰੀ ਬੈਜ ਵਿਖਾਉਂਦਿਆਂ, ਆਪਣਾ ਵਿਜ਼ਟਿੰਗ ਕਾਰਡ ਕੱਢ ਕੇ ਅਮਜਦ ਦੇ ਹਵਾਲੇ ਕਰ ਦਿੱਤਾ। ਅਮਜਦ ਨੇ ਸਰਸਰੀ ਨਜ਼ਰ ਮਾਰਦਿਆਂ ਕਾਰਡ ਜੇਬ ‘ਚ ਪਾ ਲਿਆ।
“ਮਿਸਟਰ ਅਮਜਦ, ਤੂੰ ਕੋਈ ਘਬਰਾਹਟ ਤਾਂ ਨ੍ਹੀਂ ਮਹਿਸੂਸ ਕਰ ਰਿਹਾ। ਮੇਰਾ ਮਤਲਬ ਆਪਾਂ ਗੱਲ ਕਰ ਸਕਦੇ ਆਂ?”
“ਨ੍ਹੀਂ ਸਰ ਅਜਿਹਾ ਕੁਝ ਨ੍ਹੀਂ, ਤੁਸੀਂ ਗੱਲ ਸ਼ੁਰੂ ਕਰੋ।”
“ਮਿਸਟਰ ਅਮਜਦ, 9/11 ਦਾ ਕਾਰਾ ਕਰਨ ਵਾਲੇ ਹਾਈਜੈਕਰ ਘਟਨਾ ਤੋਂ ਪਹਿਲਾਂ ਤੇਰੀ ਅਪਾਰਟਮੈਂਟ ਬਿਲਡਿੰਗ ਵਿਚ ਆਉਂਦੇ-ਜਾਂਦੇ ਰਹੇ ਨੇ। ਕੀ ਤੂੰ ਉਨ੍ਹਾਂ ਬਾਰੇ ਕੁਛ ਜਾਣਦਾ ਐਂ?”
“ਨ੍ਹੀਂ ਸਰ। ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨ੍ਹੀ ਐ।” ਪਹਿਲੀ ਗੱਲ ਨੇ ਹੀ ਉਸ ਦੇ ਪੈਰ ਕੱਢ ਦਿੱਤੇ। ਜਿੰਨੀ ਛੋਟੀ ਗੱਲ ਉਹ ਸਮਝ ਰਿਹਾ ਸੀ, ਇੰਨੀ ਛੋਟੀ ਉਸ ਨੂੰ ਲੱਗੀ ਨਹੀਂ।
“ਕੀ ਤੇਰੀ ਘਰਵਾਲੀ ਨੂੰ ਇਸ ਬਾਰੇ ਕੁਝ ਪਤਾ ਹੋਵੇਗਾ?”
“ਜਿੱਥੋਂ ਤੱਕ ਮੇਰਾ ਖਿਆਲ ਐ, ਇਸ ਗੱਲ ਬਾਰੇ ਉਸ ਨੂੰ ਵੀ ਕੋਈ ਪਤਾ ਨ੍ਹੀਂ ਹੋਣਾ। ਅਸੀਂ ਤਾਂ ਆਮ ਜ਼ਿੰਦਗੀ ਜਿਉਣ ਵਾਲੇ ਸਾਦੇ ਜਿਹੇ ਲੋਕ ਆਂ।”
“ਤੈਨੂੰ ਜਾਂ ਤੇਰੀ ਘਰਵਾਲੀ ਨੂੰ ਹੋਰ ਕੋਈ ਅਤਾ-ਪਤਾ ਐ। ਸਾਡਾ ਮਤਲਬ ਹਾਈਜੈਕਰਾਂ ਜਾਂ ਉਨ੍ਹਾਂ ਦੀਆਂ ਕਾਰਵਾਈਆਂ ਬਾਰੇ?”
“ਨ੍ਹੀਂ ਸਰ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨ੍ਹੀਂ ਐ।”
ਇਸ ਪਿੱਛੋਂ ਦੋਨਾਂ ਅਫਸਰਾਂ ਦੀਆਂ ਨਜ਼ਰਾਂ ਮਿਲੀਆਂ। ਫਿਰ ਉਨ੍ਹਾਂ ‘ਚੋਂ ਇੱਕ ਜਣਾ ਬੋਲਿਆ, “ਮਿਸਟਰ ਅਮਜਦ, ਅਸੀਂ ਤੁਹਾਡੇ ਦੋਹਾਂ ਮੀਆਂ-ਬੀਵੀ ਨਾਲ ਇਕੱਠਿਆਂ ਗੱਲ ਕਰਨਾ ਚਾਹਾਂਗੇ। ਇਸ ਦੇ ਲਈ ਤੁਹਾਨੂੰ ਸਾਡੇ ਦਫਤਰੋਂ ਸਰਕਾਰ ਦਾ ਲੈਟਰ ਆਵੇਗਾ, ਪਰ ਉਦੋਂ ਤੱਕ ਤੁਸੀਂ ਇਹ ਸ਼ਹਿਰ ਛੱਡ ਕੇ ਕਿਧਰੇ ਨ੍ਹੀਂ ਜਾ ਸਕਦੇ। ਇਹ ਸਰਕਾਰੀ ਹੁਕਮ ਐ। ਮੇਰਾ ਕਾਰਡ ਤੇਰੇ ਕੋਲ ਹੈ, ਜਦੋਂ ਮਰਜ਼ੀ ਕਾਲ ਕਰ ਸਕਦੇ ਓਂ। ਵੈਸੇ ਘਬਰਾਉਣ ਵਾਲੀ ਕੋਈ ਗੱਲ ਨ੍ਹੀਂ ਐ। ਇਹ ਰੁਟੀਨ ਕੰਮ ਈ ਐ।”
“ਜੀ ਸਰ।”
ਉਹ ਤੁਰ ਗਏ ਤਾਂ ਅਮਜਦ ਦੇ ਮਨ ਤੋਂ ਕਾਫੀ ਸਾਰਾ ਬੋਝ ਘਟ ਗਿਆ। ਸ਼ੁਰੂ ‘ਚ ਤਾਂ ਉਸ ਨੂੰ ਪਹਿਲਾ ਸੁਆਲ ਸੁਣ ਕੇ ਹੀ ਲੱਗਿਆ ਸੀ ਕਿ ਇਹ ਤਾਂ ਗੱਲ ਹੀ ਪੁੱਠੇ ਪਾਸੇ ਨੂੰ ਤੁਰ ਪਈ, ਪਰ ਹੁਣ ਉਸ ਨੂੰ ਲੱਗਿਆ ਕਿ ਇਹ ਤਾਂ ਵਾਕਿਆ ਹੀ ਆਮ ਜਿਹੀ ਇਨਕੁਆਰੀ ਹੈ ਜਿਹੜੀ ਕਿਸੇ ਨਾਲ ਵੀ ਹੋ ਸਕਦੀ ਹੈ। ਉਸ ਨੇ ਕਈ ਦੋਸਤਾਂ ਨੂੰ ਫੋਨ ਮਿਲਾ ਕੇ ਗੱਲਾਂ ਕੀਤੀਆਂ। ਹਰ ਇੱਕ ਨੇ ਉਸ ਨੂੰ ਇਹੀ ਦੱਸਿਆ ਕਿ ਅੱਜਕੱਲ੍ਹ ਇਹ ਗੱਲ ਆਮ ਹੋ ਗਈ ਹੈ ਕਿ ਐਫ਼ਬੀæਆਈæ ਵਾਲੇ ਕਿਸੇ ਵੀ ਮੁਸਲਮਾਨ ਦੇ ਘਰ ਜਾ ਪਹੁੰਚਦੇ ਹਨ, ਪਰ ਜਦੋਂ ਕੁਝ ਮਿਲਦਾ ਨਹੀਂ ਤਾਂ ਵਾਪਸ ਮੁੜ ਪੈਂਦੇ ਹਨ। ਫਿਰ ਅਮਜਦ ਨੇ ਆਫੀਆ ਦੇ ਭਰਾ, ਮੁਹੰਮਦ ਅਲੀ ਨੂੰ ਹਿਊਸਟਨ ਫੋਨ ਕੀਤਾ। ਸਾਰੀ ਗੱਲ ਸੁਣ ਕੇ ਅਲੀ ਨੇ ਆਫੀਆ ਨਾਲ ਗੱਲ ਕਰਨੀ ਚਾਹੀ। ਆਫੀਆ ਨੇ ਫੋਨ ਫੜ ਲਿਆ ਤਾਂ ਉਹ ਹੱਸਦਾ ਹੋਇਆ ਬੋਲਿਆ, “ਤੂੰ ਸਾਡੀ ਬਹਾਦਰ ਲਿਟਲ ਸਿਸਟਰ ਕਦੋਂ ਕੁ ਦੀ ਡਰਪੋਕ ਬਣ ਗਈ। ਇਹ ਤੈਨੂੰ ਕੀ ਹੋ ਗਿਆ। ਇਸ ਤਰ੍ਹਾਂ ਤਾਂ ਸਾਰੇ ਮੁਸਲਮਾਨ ਅਮਰੀਕਾ ਛੱਡ ਕੇ ਤੁਰ ਜਾਣਗੇ। ਤੈਨੂੰ ਡਰਨ ਦੀ ਲੋੜ ਨ੍ਹੀਂ ਐ। ਸ਼ਾਂਤ ਰਹਿ।”
“ਪੱਲੇ ਸ਼ਾਂਤੀ ਈ ਰਹਿ ਜਾਣੀ ਐਂ। ਉਨ੍ਹਾਂ ਨੇ ਚੁੱਕ ਕੇ ਜੇਲ੍ਹ ਵਿਚ ਸੁੱਟ ਦੇਣਾ ਐਂ।”
“ਕੁਛ ਨ੍ਹੀਂ ਹੁੰਦਾ ਐਵੇਂ ਘਬਰਾ ਨਾ।”
ਉਸ ਦਾ ਭਰਾ ਵੀ ਵਾਰ-ਵਾਰ ਪੁੱਛਦਾ ਰਿਹਾ ਕਿ ਉਹ ਕਿਸ ਗੱਲ ਕਰ ਕੇ ਇੰਨਾ ਡਰ ਰਹੀ ਹੈ, ਪਰ ਆਫੀਆ ਨੇ ਕੋਈ ਜੁਆਬ ਨਾ ਦਿੱਤਾ। ਆਖਰ ਉਹ ਚੁੱਪ ਹੋ ਗਈ ਤੇ ਕੰਬਦੀ ਜਿਹੀ ਸੋਫੇ ‘ਚੇ ਬੈਠ ਗਈ। ਉਸ ਰਾਤ ਉਹ ਪਲ ਭਰ ਵੀ ਨਾ ਸੁੱਤੀ। ਸਾਰੀ ਰਾਤ ਕਮਰੇ ‘ਚ ਗੇੜੇ ਕੱਢਦੀ ਰਹੀ। ਅਮਜਦ ਨੂੰ ਉਸ ਦੀਆਂ ਹਰਕਤਾਂ ਬਹੁਤ ਪ੍ਰੇਸ਼ਾਨ ਕਰ ਰਹੀਆਂ ਸਨ। ਉਸ ਨੂੰ ਫਿਕਰ ਵੀ ਸੀ ਕਿ ਕਿਧਰੇ ਇਸ ਦੇ ਦਿਮਾਗ ‘ਤੇ ਹੀ ਬੋਝ ਨਾ ਪੈ ਜਾਵੇ। ਸਵੇਰ ਹੁੰਦਿਆਂ ਹੀ ਉਸ ਨੇ ਬੋਸਟਨ ਦੇ ਮਸ਼ਹੂਰ ਵਕੀਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਨਾਲ ਹੀ ਇਹ ਵੀ ਦੱਸਿਆ ਕਿ ਉਸ ਦੀ ਘਰਵਾਲੀ ਇਸ ਵਾਕਿਆ ਤੋਂ ਬਹੁਤ ਹੀ ਡਰੀ ਹੋਈ ਹੈ। ਵਕੀਲ ਨੇ ਸਲਾਹ ਦਿੱਤੀ ਕਿ ਇਸ ਦੇ ਲਈ ਤੁਸੀਂ ਆਪ ਹੀ ਐਫ਼ਬੀæਆਈæ ਨਾਲ ਮੁਲਾਕਾਤ ਦਾ ਵਕਤ ਲੈ ਲਓ। ਇਸ ਤਰ੍ਹਾਂ ਤੁਹਾਨੂੰ ਲੰਬੇ ਸਮੇ ਤੱਕ ਐਫ਼ਬੀæਆਈæ ਦੇ ਡਰ ਥੱਲੇ ਦਿਨ ਨਹੀਂ ਲੰਘਾਉਣੇ ਪੈਣਗੇ। ਅਮਜਦ ਦੇ ਹਾਂ ਕਹਿੰਦਿਆਂ ਹੀ ਵਕੀਲ ਨੇ ਐਫ਼ਬੀæਆਈ ਨੂੰ ਫੋਨ ਕਰ ਕੇ ਉਨ੍ਹਾਂ ਨਾਲ ਅਮਜਦ ਹੋਰਾਂ ਲਈ ਗੱਲਬਾਤ ਦੀ ਅਗਲੇ ਦਿਨ ਦੀ ਹੀ ਤਾਰੀਖ ਤੈਅ ਕਰ ਲਈ। ਅਮਜਦ ਨੇ ਆਫੀਆ ਨੂੰ ਦੱਸਿਆ ਤਾਂ ਉਹ ਹੋਰ ਵੀ ਡਰ ਗਈ ਤੇ ਭੜਕ ਗਈ। ਉਹ ਕਹਿਣ ਲੱਗੀ ਕਿ ਉਹ ਕਿਸੇ ਵੀ ਹਾਲਤ ਵਿਚ ਐਫ਼ਬੀæਆਈæ ਸਾਹਮਣੇ ਨਹੀਂ ਜਾਵੇਗੀ।
“ਪਰ ਤੈਨੂੰ ਤਕਲੀਫ ਕੀ ਐ। ਤੂੰ ਕਿਸੇ ਵੀ ਗੱਲ ‘ਤੇ ਕੰਨ ਨ੍ਹੀਂ ਧਰ ਰਹੀ। ਹੁਣ ਵਕੀਲ ਨੇ ਇੰਟਰਵਿਊ ਦਾ ਪ੍ਰਬੰਧ ਕਰ ਦਿੱਤਾ ਐ ਤਾਂ ਤੂੰ ਕਹਿਣ ਲੱਗ ਪਈ ਐਂ ਕਿ ਤੂੰ ਐਫ਼ਬੀæਆਈæ ਵਾਲਿਆਂ ਨੂੰ ਮਿਲਣਾ ਈ ਨ੍ਹੀਂ। ਤੈਨੂੰ ਪਤਾ ਹੋਣਾ ਚਾਹੀਦਾ ਐ ਕਿ ਇਹ ਸਰਕਾਰੀ ਹੁਕਮ ਐਂ ਕਿ ਆਪਾਂ ਗੱਲਬਾਤ ਕੀਤੇ ਬਿਨਾਂ ਇੱਥੋਂ ਨ੍ਹੀਂ ਜਾ ਸਕਦੇ।”
“ਅਮਜਦ ਤੈਨੂੰ ਇਸ ਗੱਲ ਦਾ ਭੋਰਾ ਭਰ ਅਹਿਸਾਸ ਵੀ ਐ ਕਿ ਜੇ ਕੋਈ ਪੰਗਾ ਪੈ ਗਿਆ ਤਾਂ ਕੀ ਹੋਵੇਗਾ?”
“ਆਫੀਆ ਇਹ ਤਾਂ ਤੂੰ ਉਦੋਂ ਸੋਚਣਾ ਸੀ ਜਦੋਂ ਮੇਰੇ ਰੋਕਣ ਦੇ ਬਾਵਜੂਦ ਚੈਰਿਟੀ ਦੇ ਕੰਮਾਂ ‘ਚ ਹਿੱਸਾ ਲੈਣੋਂ ਨ੍ਹੀਂ ਹਟਦੀ ਹੁੰਦੀ ਸੀ। ਹੁਣ ਐਵੇਂ ਡਰੀ ਜਾ ਰਹੀ ਐਂ। ਜਿੰਨੇ ਵੀ ਇੱਥੇ ਕੇਅਰ ਬ੍ਰਦਰਜ਼ ਜਾਂ ਬੈਨੇਵੋਲੈਂਸ ਇੰਟਰਨੈਸ਼ਨਲ ਦੇ ਮੈਂਬਰ ਨੇ, ਸਭ ਨਾਲ ਈ ਐਫ਼ਬੀæਆਈæ ਨੇ ਗੱਲਬਾਤ ਕੀਤੀ ਐ। ਕਿਸੇ ਨੂੰ ਕੁਝ ਨ੍ਹੀਂ ਕਿਹਾ।”
“ਉਨ੍ਹਾਂ ਦੀ ਤੇ ਮੇਰੀ ਗੱਲ ‘ਚ ਫਰਕ ਐ।”
“ਹੈਂ! ਕੀ ਕਿਹਾ? ਤੇਰੇ ‘ਚ ਤੇ ਉਨ੍ਹਾਂ ਵਿਚ ਕੀ ਫਰਕ ਐ!?” ਅਮਜਦ ਦਾ ਦਿਲ ਜ਼ੋਰ ਦੀ ਧੜਕਿਆ।
“ਇਹ ਗੱਲਾਂ ਤੂੰ ਨ੍ਹੀਂ ਸਮਝ ਸਕਦਾ। ਇਹ ਚੈਰਿਟੀਆਂ ਦੇ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਹੁੰਦੇ ਨੇ।” ਆਫੀਆ ਦੇ ਮੂੰਹੋਂ ਕੋਈ ਹੋਰ ਗੱਲ ਨਿਕਲ ਚੱਲੀ ਸੀ ਪਰ ਫਿਰ ਉਸ ਨੇ ਚੁਸਤੀ ਨਾਲ ਗੱਲ ਨੂੰ ਗੋਲ ਕਰ ਦਿੱਤਾ। ਫਿਰ ਅਮਜਦ ਠਰੰਮੇ ਨਾਲ ਬੋਲਿਆ, “ਵੇਖ ਆਫੀਆ, ਆਪਾਂ ਬਹਿਸ ਬਹੁਤ ਕਰ ਲਈ। ਹੁਣ ਮੈਂ ਖਾਵੰਦ ਦੇ ਹੱਕ ਨਾਲ ਤੈਨੂੰ ਕਹਿ ਰਿਹਾਂ ਕਿ ਕੱਲ੍ਹ ਸਵੇਰੇ ਦਸ ਵਜੇ ਆਪਾਂ ਵਕੀਲ ਦੇ ਦਫਤਰ ਜਾ ਰਹੇ ਆਂ। ਉਥੇ ਈ ਐਫ਼ਬੀæਆਈæ ਵਾਲੇ ਆਉਣਗੇ ਤੇ ਉਥੇ ਈ ਆਪਣੀ ਗੱਲਬਾਤ ਹੋਵੇਗੀ। ਹੁਣ ਇਸ ਮਸਲੇ ‘ਤੇ ਕੋਈ ਗੱਲ ਨ੍ਹੀਂ ਕਰਨੀ।” ਇੰਨਾ ਕਹਿ ਕੇ ਅਮਜਦ ਘਰੋਂ ਬਾਹਰ ਚਲਾ ਗਿਆ। ਸ਼ਾਮ ਵੇਲੇ ਉਹ ਆਇਆ ਤਾਂ ਆਫੀਆ ਮੂੰਹ ਸਿਰ ਲਪੇਟ ਕੇ ਬੈਡ ‘ਤੇ ਪਈ ਹੋਈ ਸੀ। ਅਮਜਦ ਨੇ ਸੋਚਿਆ ਕਿ ਇਹ ਸ਼ਾਇਦ ਇਸ ਕਰ ਕੇ ਗੁੱਸਾ ਵਿਖਾ ਰਹੀ ਹੈ ਕਿ ਮੈਂ ਇਸ ਦੀ ਗੱਲ ਨਹੀਂ ਮੰਨ ਰਿਹਾ, ਪਰ ਆਫੀਆ ਦੇ ਅੰਦਰ ਵੱਡੀ ਹਿੱਲ-ਜੁਲ ਮਚੀ ਹੋਈ ਸੀ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਕੱਲ੍ਹ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਅਗਲੇ ਦਿਨ ਉਹ ਮਿਥੇ ਵਕਤ ‘ਤੇ ਵਕੀਲ ਦੇ ਦਫਤਰ ਪਹੁੰਚ ਗਏ। ਉਦੋਂ ਹੀ ਐਫ਼ਬੀæਆਈæ ਦੇ ਉਹੀ ਦੋ ਅਫਸਰ ਜਿਹੜੇ ਅਮਜਦ ਨੂੰ ਮਿਲ ਕੇ ਗਏ ਸਨ, ਉਥੇ ਆ ਗਏ। ਉਨ੍ਹਾਂ ਕੁਝ ਕਾਗਜ਼ਾਂ ‘ਤੇ ਦੋਹਾਂ ਦੇ ਦਸਤਖਤ ਕਰਵਾ ਕੇ ਵਕੀਲ ਦੀ ਸਹਿਮਤੀ ਨਾਲ ਗੱਲਬਾਤ ਸ਼ੁਰੂ ਕਰ ਲਈ। ਸ਼ੁਰੂ ‘ਚ ਉਹ ਕੋਈ ਜ਼ਿਆਦਾ ਔਖੇ ਸੁਆਲ ਨਹੀਂ ਕਰ ਰਹੇ ਸਨ, ਸਗੋਂ ਉਹ ਵਿਚ-ਵਿਚ ਅਮਜਦ ਨੂੰ ਅਜਿਹੇ ਮਾਖੌਲ ਵੀ ਕਰ ਰਹੇ ਸਨ ਜੋ ਆਮ ਲੋਕ ਡਾਕਟਰਾਂ ਬਾਰੇ ਕਰਦੇ ਰਹਿੰਦੇ ਹਨ। ਇਸ ਗੱਲ ਨੇ ਅਮਜਦ ਨੂੰ ਬੇਫਿਕਰ ਕਰ ਦਿੱਤਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਫਿਰ ਇੱਕ ਅਫਸਰ ਬੋਲਿਆ, “ਮਿਸਟਰ ਅਤੇ ਮਿਸਿਜ਼ ਅਮਜਦ, ਹੁਣ ਆਪਾਂ ਆਫੀਸ਼ਲ ਮੀਟਿੰਗ ਸ਼ੁਰੂ ਕਰ ਰਹੇ ਆਂ।”
“ਜੀ ਠੀਕ ਐ।”
ਫਿਰ ਇੱਕ ਅਫਸਰ ਨੇ ਆਫੀਆ ਵੱਲ ਵੇਖਿਆ। ਆਫੀਆ ਨੇ ਕਾਲਾ ਬੁਰਕਾ ਪਹਿਨਿਆ ਹੋਇਆ ਸੀ ਅਤੇ ਮੂੰਹ-ਸਿਰ ਦੁਪੱਟੇ ‘ਚ ਲਪੇਟਿਆ ਹੋਇਆ ਸੀ। ਉਸ ਦੀਆਂ ਅੱਖਾਂ ਵੀ ਸਿਰਫ ਬੁਰਕੇ ਦੀਆਂ ਜਾਲੀਆਂ ਵਿਚੋਂ ਦੀ ਅੱਧ-ਪਚੱਧ ਜਿਹੀਆਂ ਦਿਸ ਰਹੀਆਂ ਸਨ।
“ਮੈਡਮ ਆਫੀਆ ਤੈਨੂੰ ਆਪਣਾ ਮੂੰਹ ਨੰਗਾ ਕਰਨਾ ਪਵੇਗਾ, ਕਿਉਂਕਿ ਇਹ ਜ਼ਰੂਰੀ ਐ।”
“ਨ੍ਹੀਂ ਇਹ ਮੈਂ ਨ੍ਹੀਂ ਕਰ ਸਕਦੀ। ਇਹ ਮੇਰਾ ਮਜ਼ਹਬੀ ਹੱਕ ਐ ਕਿ ਮੈਂ ਜਿਹੋ ਜਿਹੇ ਮਰਜ਼ੀ ਕੱਪੜੇ ਪਹਿਨਾਂ।”
ਉਸ ਦੀ ਇਹ ਗੱਲ ਸੁਣ ਕੇ ਦੋਹਾਂ ਅਫਸਰਾਂ ਨੇ ਆਪਸ ‘ਚ ਅੱਖਾਂ ਮਿਲਾਈਆਂ। ਫਿਰ ਉਹ ਉਠ ਕੇ ਪਾਸੇ ਹੋਏ ਤੇ ਆਪਸ ‘ਚ ਕੁਝ ਗੱਲਬਾਤ ਕੀਤੀ। ਵਾਪਸ ਬਹਿੰਦੇ ਉਨ੍ਹਾਂ ‘ਚੋਂ ਇੱਕ ਬੋਲਿਆ, “ਆਫੀਆ, ਅਸੀਂ ਤੇਰੇ ਮਜ਼ਹਬੀ ਅਕੀਦੇ ਦੀ ਇੱਜ਼ਤ ਕਰਦੇ ਆਂ, ਪਰ ਕਾਨੂੰਨ ਆਪਣੀ ਥਾਂ ਐਂ। ਅਸੀਂ ਤੈਨੂੰ ਇੰਨੀ ਛੋਟ ਦੇ ਸਕਦੇ ਆਂ ਕਿ ਤੂੰ ਆਪਣੇ ਬੁਰਕੇ ਨੂੰ ਇਸ ਢੰਗ ਨਾਲ ਪਹਿਨ ਕਿ ਸਾਨੂੰ ਤੇਰਾ ਮੂੰਹ ਦਿਸਦਾ ਰਹੇ। ਆਹਮੋ-ਸਾਹਮਣੇ ਦੀ ਗੱਲਬਾਤ ਵਿਚ ਇਹ ਬਹੁਤ ਜ਼ਰੂਰੀ ਐ। ਜੇ ਤੈਨੂੰ ਇਹ ਵੀ ਮਨਜ਼ੂਰ ਨ੍ਹੀਂ ਤਾਂ ਅਸੀਂ ਕਿਸੇ ਔਰਤ ਏਜੈਂਟ ਨੂੰ ਸੱਦ ਲੈਨੇ ਆਂ। ਫਿਰ ਤੈਨੂੰ ਬੁਰਕਾ ਲਾਹ ਕੇ ਪਾਸੇ ਰੱਖਣਾ ਪਊਗਾ।”
ਆਫੀਆ ਨੇ ਆਪ ਹੀ ਬੁਰਕਾ ਠੀਕ ਕਰ ਲਿਆ। ਹੁਣ ਉਸ ਦਾ ਸਾਰਾ ਚਿਹਰਾ ਨੰਗਾ ਸੀ। ਅਫਸਰਾਂ ਨੇ ਇੰਨੇ ਨਾਲ ਸੰਤੁਸ਼ਟੀ ਪ੍ਰਗਟਾਈ। ਗੱਲਬਾਤ ਸ਼ੁਰੂ ਹੋਈ ਤਾਂ ਅਫਸਰ ਬੋਲਿਆ, “ਮਿਸਟਰ ਅਮਜਦ, ਤੇਰੇ ਅਪਾਰਟਮੈਂਟ ਦੇ ਇੱਕ ਕਮਰੇ ‘ਚ ਇੱਕ ਵਾਰ ਕੋਈ ਸਾਊਦੀ ਅਰਬ ਦਾ ਬਾਸ਼ਿੰਦਾ ਰਹਿੰਦਾ ਹੁੰਦਾ ਸੀ, ਉਹ ਕੌਣ ਸੀ?”
“ਉਹ ਮੇਰੇ ਹਸਪਤਾਲ ਵਿਚ ਹੀ ਕੰਮ ਕਰਦਾ ਸੀ। ਉਸ ਨੂੰ ਕਿਰਾਏ ਦੇ ਕਮਰੇ ਦੀ ਲੋੜ ਸੀ ਤੇ ਮੈਂ ਆਪਣੇ ਘਰ ਦਾ ਇੱਕ ਕਮਰਾ ਕਿਰਾਏ ‘ਤੇ ਦੇਣਾ ਸੀ। ਉਹ ਕਮਰਾ ਮੈਂ ਉਸ ਨੂੰ ਦੇ ਦਿੱਤਾ। ਬੱਸ ਉਸ ਬਾਰੇ ਮੈਂ ਇੰਨਾ ਈ ਜਾਣਦਾ ਆਂ।”
“ਉਸ ਕੋਲ ਕੌਣ ਆਉਂਦਾ ਜਾਂਦਾ ਸੀ?”
“ਅਸੀਂ ਕਦੇ ਨ੍ਹੀਂ ਵੇਖਿਆ ਕਿ ਕਦੇ ਕੋਈ ਉਸ ਨੂੰ ਮਿਲਣ ਆਇਆ ਹੋਵੇ।”
“ਤੁਸੀਂ ਪਿਛਲੇ ਦਿਨੀਂ ਅਸਲੇ ਦੀ ਦੁਕਾਨ ਤੋਂ ਕਾਫੀ ਸਾਮਾਨ ਖਰੀਦਿਆ ਹੈ, ਉਹ ਕਿਉਂ?”
“ਮੇਰੇ ਪਰਿਵਾਰ ‘ਚ ਸ਼ਿਕਾਰ ਦਾ ਸ਼ੌਂਕ ਰਿਹਾ ਐ। ਮੈਂ ਆਪਣੇ ਬੱਚਿਆਂ ਨੂੰ ਉਸੇ ਪਰਿਵਾਰਕ ਪਰੰਪਰਾ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੂੰ ਸ਼ਿਕਾਰ ਦੇ ਟਰਿੱਪ ‘ਤੇ ਲੈ ਗਿਆ ਸੀ।”
“ਪਰ ਉਹ ਸਮਾਨ ਸਿਰਫ ਸ਼ਿਕਾਰ ਤੱਕ ਹੀ ਸੀਮਤ ਨ੍ਹੀਂ ਸੀ। ਤੁਸੀਂ ਨਾਈਟ ਵਿਜ਼ਨ ਗੌਗਲਜ਼, ਬੁਲਟ ਪਰੂਫ ਜੈਕਟਾਂ ਅਤੇ ਸਰਵਾਈਵਲ ਗਾਈਡ ਵਰਗੀਆਂ ਚੀਜ਼ਾਂ ਵੀ ਖਰੀਦੀਆਂ ਸਨ। ਇਹ ਸਭ ਕਿਸ ਲਈ?”
“ਸਰ, ਇਸ ਸਭ ਦਾ ਤੁਅੱਲਕ ਸਿਰਫ ਸ਼ਿਕਾਰ ਨਾਲ ਹੀ ਸੀ। ਹੋਰ ਕੁਛ ਨ੍ਹੀਂ।”
“ਮਿਸ ਆਫੀਆ, ਤੈਨੂੰ ਬੰਦੂਕ ਚਲਾਉਣੀ ਆਉਂਦੀ ਐ?”
“ਨ੍ਹੀਂ ਮੈਂ ਕਦੇ ਬੰਦੂਕ ਨ੍ਹੀਂ ਚਲਾਈ।”
“ਇਸ ਸ਼ਿਕਾਰ ਦੇ ਟਰਿੱਪ ਵੇਲੇ ਵੀ ਨ੍ਹੀਂ ਚਲਾ ਕੇ ਵੇਖੀ?”
“ਨ੍ਹੀਂ ਮੈਨੂੰ ਇਹੋ ਜਿਹੇ ਕੰਮ ਚੰਗੇ ਨ੍ਹੀਂ ਲੱਗਦੇ।”
“ਅਜੀਬ ਗੱਲ ਐ ਕਿ ਸਾਰਿਆਂ ਨੇ ਬੰਦੂਕ ਚਲਾਈ, ਸ਼ਿਕਾਰ ਖੇਡਿਆ ਪਰ ਤੂੰ ਹਥਿਆਰ ਚਲਾ ਕੇ ਨਾ ਵੇਖਿਆ?”
“ਇਹ ਤਾਂ ਆਪਣੇ ਆਪਣੇ ਸ਼ੌਂਕ ‘ਤੇ ਨਿਰਭਰ ਕਰਦਾ ਐ।” ਆਫੀਆ ਜਦੋਂ ਇਹ ਗੱਲ ਰਹਿ ਰਹੀ ਸੀ ਤਾਂ ਇੱਕ ਅਫਸਰ ਗਹੁ ਨਾਲ ਉਸ ਵੱਲ ਝਾਕਿਆ। ਆਫੀਆ ਨੇ ਉਸ ਨਾਲ ਅੱਖਾਂ ਮਿਲਾਉਣ ਦੀ ਬਜਾਇ ਨੀਵੀਂ ਪਾ ਲਈ। ਅਫਸਰ ਤਾੜ ਗਿਆ ਕਿ ਇਹ ਝੂਠ ਬੋਲੀ ਹੈ। ਇਸ ਨੇ ਸ਼ਿਕਾਰ ਵੇਲੇ ਬੰਦੂਕ ਜ਼ਰੂਰ ਚਲਾ ਕੇ ਵੇਖੀ ਹੋਵੇਗੀ।
“ਮਿਸਟਰ ਅਮਜਦ, ਅੱਜਕੱਲ੍ਹ ਕੰਮ ਦਾ ਕਾਫੀ ਸਾਰਾ ਬੋਝ ਰਹਿੰਦਾ ਹੋਵੇਗਾ?” ਇੱਕ ਅਫਸਰ ਨੇ ਅਮਜਦ ਨਾਲ ਉਸ ਦੇ ਕੰਮ ਦੀ ਗੱਲ ਤੋਰ ਲਈ ਤਾਂ ਅਮਜਦ ਨੂੰ ਲੱਗਿਆ ਕਿ ਸ਼ਾਇਦ ਗੱਲਬਾਤ ਇੰਨੀ ਸੀਰੀਅਸ ਨਹੀਂ ਹੈ, ਪਰ ਉਦੋਂ ਹੀ ਅਫਸਰ ਦੇ ਅਗਲੇ ਸੁਆਲ ਨੇ ਉਸ ਦੇ ਡੋਬੂ ਪੈਣ ਲਾ ਦਿੱਤੇ। ਉਹ ਬੋਲਿਆ, “ਮਿਸਟਰ ਅਮਜਦ, ਕਦੇ ਉਸਾਮਾ ਬਿਨ-ਲਾਦਿਨ ਨੂੰ ਮਿਲਿਆ ਐਂ?”
“ਉਸਾਮੇ ਨੂੰ! ਜੀ ਨ੍ਹੀਂ ਬਿਲਕੁਲ ਨ੍ਹੀਂ। ਮੈਂ ਉਸ ਨੂੰ ਕਦੇ ਨ੍ਹੀਂ ਮਿਲਿਆ।”
“ਉਸ ਦੀ ਫੋਟੋ ਤਾਂ ਵੇਖੀ ਹੋਵੇਗੀ?”
“ਹਾਂ ਜੀ, ਉਹ ਤਾਂ ਸਾਰਾ ਦਿਨ ਟੀਵੀ ‘ਤੇ ਵੇਖਦੇ ਈ ਰਹਿੰਦੇ ਆਂ।”
“ਨਿੱਜੀ ਤੌਰ ‘ਤੇ ਮਿਲਣ ਵੇਲੇ ਫੋਟੋ ਤੋਂ ਕਿੰਨਾ ਕੁ ਵੱਖਰਾ ਦਿਸਦਾ ਐ ਬਿਨ-ਲਾਦਿਨ?”
“ਜੀ ਕਦੇ ਮਿਲੇ ਈ ਨ੍ਹੀਂ ਤਾਂ ਕੀ ਕਹਿ ਸਕਦੇ ਆਂ।” ਅਮਜਦ ਨੇ ਜ਼ਰਾ ਮੁਕਰਾਉਂਦਿਆ ਜੁਆਬ ਦਿੱਤਾ। ਇੱਕ ਅਫਸਰ ਇਸੇ ਦਰਮਿਆਨ ਆਫੀਆ ਦੇ ਚਿਹਰੇ ਨੂੰ ਬੜੀ ਨੀਝ ਨਾਲ ਵੇਖ ਰਿਹਾ ਸੀ। ਉਹ ਮਨ ‘ਚ ਸੋਚ ਰਿਹਾ ਸੀ ਕਿ ਹੁਣ ਇਹ ਆਪਣੇ ਆਪ ਨੂੰ ਇਸੇ ਸੁਆਲ ਲਈ ਤਿਆਰ ਕਰ ਰਹੀ ਹੈ ਜੋ ਅਮਜਦ ਨੂੰ ਪੁੱਛਿਆ ਗਿਆ ਹੈ; ਪਰ ਉਸ ਨੇ ਵੱਖਰੀ ਕਿਸਮ ਦਾ ਸੁਆਲ ਕਰ ਕੇ ਆਫੀਆ ਦੇ ਪੈਰ ਕੱਢ ਦਿੱਤੇ।
“ਮੈਡਮ ਆਫੀਆ, ਕਦੇ ਰਮਜ਼ੀ ਯੂਸਫ ਨੂੰ ਮਿਲੀ ਐਂ?”
“ਹੈਂ! ਕੀ ਕਿਹਾ?” ਆਫੀਆ ਵਾਕਿਆ ਈ ਹੈਰਾਨ ਹੋ ਗਈ।
“ਤੂੰ ਇਹ ਨਾਂ ਸੁਣਿਆਂ ਤਾਂ ਹੋਵੇਗਾ?”
“ਹਾਂ ਜੀ ਇਹ ਉਹੀ ਆਦਮੀ ਹੈ ਜੋ 1993 ‘ਚ ਨਾਰਥ ਟਾਵਰ ਦੇ ਪਾਰਕਿੰਗ ‘ਚ ਬੰਬ ਧਮਾਕੇ ਦਾ ਦੋਸ਼ੀ ਐ, ਪਰ ਮੈਂ ਇਸ ਨੂੰ ਕਦੇ ਨ੍ਹੀਂ ਮਿਲੀ।”
“ਚੰਗੀ ਤਰ੍ਹਾਂ ਯਾਦ ਕਰੋ। ਕਈ ਵਾਰੀ ਬੰਦਾ ਵੈਸੇ ਈ ਮਿਲ ਜਾਂਦਾ ਐ। ਕਿਧਰੇ ਸ਼ਾਪਿੰਗ ਸੈਂਟਰ ‘ਚ, ਕਿਸੇ ਮਸਜਿਦ ਵਿਚ ਜਾਂ ਕਿਧਰੇ ਏਅਰਪੋਰਟ ਦੀ ਲਾਈਨ ‘ਚ ਲੱਗਿਆਂ ਹੋਇਆਂ?”
ਉਸ ਦੀ ਗੱਲ ਸੁਣ ਕੇ ਆਫੀਆ ਨੂੰ ਤਰੇਲੀ ਆ ਗਈ। ਉਸ ਨੂੰ ਯਾਦ ਆਇਆ ਕਿ ਬਹੁਤ ਪਹਿਲਾਂ ਉਸ ਨੇ ਰਮਜ਼ੀ ਯੂਸਫ ਨੂੰ ਏਅਰਪੋਰਟ ‘ਤੇ ਨਾਲ ਦੀ ਲਾਈਨ ਵਿਚ ਖੜ੍ਹਾ ਵੇਖਿਆ ਸੀ। ਦੋਹਾਂ ਦੀਆਂ ਨਜ਼ਰਾਂ ਵੀ ਆਪਸ ਵਿਚ ਮਿਲੀਆਂ ਸਨ। ਇਹ ਗੱਲ ਯਾਦ ਕਰਦਿਆਂ ਉਹ ਅੰਦਰ ਤੱਕ ਕੰਬ ਗਈ। ਉਹ ਸਮਝ ਗਈ ਕਿ ਇਨ੍ਹਾਂ ਨੂੰ ਉਸ ਬਾਰੇ ਬਹੁਤ ਸਾਰੀ ਜਾਣਕਾਰੀ ਹੈ। ਫਿਰ ਵੀ ਉਸ ਨੇ ਕਹਿ ਦਿੱਤਾ ਕਿ ਉਹ ਰਮਜ਼ੀ ਯੂਸਫ ਨੂੰ ਕਦੇ ਨਹੀਂ ਮਿਲੀ। ਉਸ ਦੇ ਇਸ ਜੁਆਬ ਦੇ ਤੁਰੰਤ ਪਿੱਛੋਂ ਅਫਸਰ ਬੋਲਿਆ, “ਰਮਜ਼ੀ ਨੂੰ ਨਾ ਸਹੀ, ਉਸ ਦੇ ਚਾਚੇ ਕੇæਐਸ਼ਐਮæ ਨੂੰ ਤਾਂ ਕਦੇ ਮਿਲੀ ਹੋਵੇਂਗੀ?”
“ਨ੍ਹੀਂ ਮੈਂ ਉਸ ਨੂੰ ਵੀ ਕਦੇ ਨ੍ਹੀਂ ਮਿਲੀ।”
“ਤੂੰ ਆਖਰੀ ਵਾਰ ਮੁਹੰਮਦ ਅਤਾ ਨੂੰ ਕਿੱਥੇ ਵੇਖਿਆ ਸੀ?”
“ਮੁਹੰਮਦ ਅਤਾ!”
“ਹਾਂ ਹਾਂ ਜੋ ਨਾਈਨ ਅਲੈਵਨ ਦਾ ਕਾਰਾ ਕਰਨ ਵਾਲੀ ਟੀਮ ਦਾ ਮੋਢੀ ਸੀ।”
“ਮੈਂ ਉਸ ਨੂੰ ਕਦੇ ਨ੍ਹੀਂ ਮਿਲੀ।”
“ਤੁਹਾਡੀ ਅਪਾਰਟਮੈਂਟ ਬਿਲਡਿੰਗ ‘ਚ ਘੱਟੋ-ਘੱਟ ਛੇ ਹਾਈਜੈਕਰ ਆਉਂਦੇ ਰਹੇ ਨੇ। ਤੇਰੀ ਉਨ੍ਹਾਂ ਨਾਲ ਕਦੇ ਨਾ ਕਦੇ ਤਾਂ ਮੁਲਾਕਤ ਹੋਈ ਈ ਹੋਵੇਗੀ?”
“ਨ੍ਹੀਂ ਕਦੇ ਨ੍ਹੀਂ ਹੋਈ।”
“ਉਂਜ ਤੁਰੇ ਫਿਰਦੇ ਵੇਖੇ ਹੋਣਗੇ। ਅਕਸਰ ਲੰਘਦਾ ਟੱਪਦਾ ਬੰਦਾ ਮਿਲ ਈ ਜਾਂਦੈ।”
“ਜੀ ਨ੍ਹੀਂ, ਮੈਂ ਕਿਸੇ ਨੂੰ ਨ੍ਹੀਂ ਵੇਖਿਆ।” ਅਫਸਰ ਤਾੜ ਰਹੇ ਸਨ ਕਿ ਉਪਰੋਥਲੀ ਕੀਤੇ ਜਾ ਰਹੇ ਸੁਆਲ ਆਫੀਆ ਨੂੰ ਪ੍ਰੇਸ਼ਾਨ ਕਰ ਰਹੇ ਸਨ, ਪਰ ਅਜੇ ਤਾਂ ਉਹ ਭੂਮਿਕਾ ਹੀ ਬੰਨ੍ਹ ਰਹੇ ਸਨ।
“ਮਿਸਟਰ ਅਮਜਦ, ਤੂੰ ਕੇਅਰ ਬ੍ਰਦਰਜ਼ ਅਤੇ ਬੈਨੇਵੋਲੈਂਸ ਬਾਰੇ ਸੁਣਿਐ?”
“ਜੀ ਮੈਨੂੰ ਪਤਾ ਐ ਕਿ ਇਹ ਚੈਰਿਟੀ ਇਕੱਠੀ ਕਰਨ ਵਾਲੀਆਂ ਜਥੇਬੰਦੀਆਂ ਨੇ।”
“ਤੈਨੂੰ ਇਹ ਕਿਵੇਂ ਪਤਾ ਐ? ਤੂੰ ਇਨ੍ਹਾਂ ਦਾ ਮੈਂਬਰ ਰਿਹਂੈ?”
“ਨ੍ਹੀਂ ਜੀ ਮੇਰੀ ਪਤਨੀ ਇਨ੍ਹਾਂ ਦੀ ਮੈਂਬਰ ਐ। ਇਸੇ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਇਹ ਜਥੇਬੰਦੀਆਂ ਚੈਰਿਟੀ ਦਾ ਕੰਮ ਕਰਦੀਆਂ ਨੇ।”
“ਮਿਸ ਆਫੀਆ ਤੇਰਾ ਇਨ੍ਹਾਂ ਨਾਲ ਵਾਸਤਾ ਰਿਹਾ ਐ?”
“ਜੀ ਮਾੜਾ ਮੋਟਾ।”
“ਤੈਨੂੰ ਪਤਾ ਐ ਕਿ ਇਹ ਚੈਰਿਟੀ ਇਕੱਠੀ ਕਰ ਕੇ ਪੈਸੇ ਦਾ ਕੀ ਕਰਦੀਆਂ ਨੇ?”
“ਮੇਰਾ ਖਿਆਲ ਐ ਕਿ ਗਰੀਬਾਂ ‘ਚ ਵੰਡਦੀਆਂ ਹੋਣਗੀਆਂ।”
“ਤੂੰ ਕਦੇ ਇਨ੍ਹਾਂ ਦੇ ਕਾਰਕੁਨਾਂ ਨੂੰ ਪੁੱਛਿਆ ਨ੍ਹੀਂ ਕਿ ਇੰਨੇ ਇਕੱਠੇ ਹੋਏ ਪੈਸੇ ਦਾ ਕੀ ਕੀਤਾ ਜਾਂਦੈ?”
“ਮੈਂ ਅਜਿਹੀਆਂ ਗੱਲਾਂ ਤੋਂ ਕੀ ਲੈਣਾ ਐਂ, ਜੋ ਮਰਜ਼ੀ ਕਰਨ।” ਆਫੀਆ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅੱਕ ਗਈ ਸੀ, ਪਰ ਨਾਲ ਹੀ ਉਸ ਨੂੰ ਥੋੜ੍ਹੀ ਜਿਹੀ ਤਸੱਲੀ ਵੀ ਸੀ ਕਿ ਇਹ ਤਾਂ ਆਮ ਜਿਹੇ ਸੁਆਲ ਹੀ ਪੁੱਛ ਰਹੇ ਨੇ।
“ਤੈਨੂੰ ਪੁੱਛਣ ਦਾ ਪੂਰਾ ਅਧਿਕਾਰ ਐ। ਤੂੰ ਇਸ ਨੂੰ ਫੰਡ ਇਕੱਠਾ ਕਰ ਕੇ ਜੋ ਦਿੰਦੀ ਐਂ।”
“ਨ੍ਹੀਂ ਮੈਂ ਕਦੇ ਕਿਸੇ ਲਈ ਫੰਡ ਇਕੱਠਾ ਨ੍ਹੀਂ ਕੀਤਾ।”
“ਤੂੰ ਬੈਨੇਵੋਲੈਂਸ ਨੂੰ ਫੰਡ ਇਕੱਠਾ ਕਰ ਕੇ ਨ੍ਹੀਂ ਦਿੱਤਾ?”
“ਨ੍ਹੀਂ ਮੈਂ ਕਦੇ ਕੋਈ ਫੰਡ ਇਕੱਠਾ ਨ੍ਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਦਿੱਤਾ ਐ।”
“ਪੱਕੀ ਗੱਲ ਐ?”
“ਹੋਰ ਝੂਠ ਐ?” ਆਫੀਆ ਨੇ ਅੱਖਾਂ ਕੱਢੀਆਂ।
“ਤਾਂ ਫਿਰ ਤੇਰੇ ਖਾਤੇ ‘ਚ ਇਹ ਜਿਹੜੇ ਹਜ਼ਾਰਾਂ ਡਾਲਰ ਇਕੱਠੇ ਹੋਏ ਨੇ ਤੇ ਤੂੰ ਅੱਗੇ ਇਹ ਬੈਨੇਵੋਲੈਂਸ ਇੰਟਰਨੈਸ਼ਨਲ ਦੇ ਖਾਤੇ ‘ਚ ਭੇਜੇ ਨੇ, ਇਹ ਸਭ ਫਿਰ ਕਿਉਂ ਕੀਤਾ?”
“ਇਹ ਸਭ ਝੂਠ ਐ। ਮੈਂ ਅਜਿਹੇ ਕੋਈ ਪੈਸੇ ਇਕੱਠੇ ਨ੍ਹੀਂ ਕੀਤੇ।”
“ਆਹ ਪੇਪਰ ਫਿਰ ਝੂਠ ਬੋਲਦੇ ਨੇ।” ਇੰਨਾ ਕਹਿੰਦਿਆਂ ਅਫਸਰ ਨੇ ਆਫੀਆ ਦੇ ਬੈਂਕ ਦੀਆਂ ਪਿਛਲੇ ਦੋ ਸਾਲਾਂ ਦੀਆਂ ਸਟੇਟਮੈਟਾਂ ਕੱਢ ਕੇ ਵਕੀਲ ਦੇ ਸਾਹਮਣੇ ਰੱਖ ਦਿੱਤੀਆਂ। ਆਫੀਆ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਪਰ ਉਹ ਗੱਲ ਸੰਭਾਲਦੀ ਬੋਲੀ, “ਸਾਡੇ ਮਜ਼ਹਬ ‘ਚ ਇਹ ਵੀ ਐ ਕਿ ਜੇ ਸਾਡੀ ਮਰਜ਼ੀ ਹੋਵੇ ਤਾਂ ਚੈਰਿਟੀ ਬਾਰੇ ਕਿਸੇ ਨੂੰ ਨਾ ਦੱਸੀਏ।”
“ਚਲੋ ਠੀਕ ਐ।” ਅਫਸਰ ਖੁਸ਼ ਸੀ ਕਿ ਉਸ ਨੇ ਆਫੀਆ ਨੂੰ ਝੂਠੀ ਸਾਬਤ ਕਰ ਦਿੱਤਾ ਸੀ।
“ਆਫੀਆ, ਤੂੰ ਦੱਸ ਸਕਦੀ ਐਂ ਕਿ ਕੇæਐਸ਼ਐਮæ ਦੀ ਅਮਰੀਕਾ ਨੂੰ ਤਬਾਹ ਕਰਨ ਦੀ ਅੱਗੇ ਦੀ ਕੀ ਸਕੀਮ ਐਂ?”
“ਮੈਂ ਨਾ ਉਸ ਨੂੰ ਜਾਣਦੀ ਆਂ, ਨਾ ਈ ਕਦੇ ਉਸ ਨੂੰ ਮਿਲੀ ਆਂ; ਫਿਰ ਮੈਨੂੰ ਕੀ ਪਤਾ ਐ ਕਿ ਉਹ ਕੀ ਕਰਦਾ ਐ ਜਾਂ ਕੀ ਨ੍ਹੀਂ।”
“ਕਿਉਂ? ਤੈਨੂੰ ਅਦਨਾਨ ਸ਼ੁਕਰੀਜੁਮਾ ਨੇ ਉਸ ਦੀ ਸਕੀਮ ਬਾਰੇ ਕਦੇ ਨ੍ਹੀਂ ਦੱਸਿਆ?”
“ਕੌਣ ਅਦਨਾਨ ਸ਼ੁਕਰੀਜੁਮਾ?” ਇਹ ਨਾਂ ਸੁਣ ਕੇ ਆਫੀਆ ਅੰਦਰੋਂ ਕੰਬ ਗਈ ਪਰ ਬਾਹਰੋਂ ਉਸ ਨੇ ਸੁਭਾਵਕ ਜਿਹੀ ਦਿਸਣ ਦੀ ਕੋਸ਼ਿਸ਼ ਕੀਤੀ।
“ਤੇਰੇ ਕਹਿਣ ਦਾ ਮਤਲਬ ਐ ਕਿ ਤੂੰ ਅਦਨਾਨ ਸ਼ੁਕਰੀਜੁਮਾ ਨੂੰ ਨ੍ਹੀਂ ਜਾਣਦੀ?”
“ਜੀ ਬਿਲਕੁਲ ਨ੍ਹੀਂ।”
“ਪੱਕੀ ਗੱਲ ਐ?” ਅਫਸਰ ਸਿੱਧਾ ਉਸ ਵੱਲ ਵੇਖਦਾ ਬੋਲਿਆ।
“ਕਹਿ ਤਾਂ ਦਿੱਤਾ ਨਾ ਕਿ ਮੈਂ ਉਸ ਨੂੰ ਨ੍ਹੀਂ ਜਾਣਦੀ, ਹੋਰ ਕਿਵੇਂ ਦੱਸਾਂ।” ਆਫੀਆ ਦੀ ਆਵਾਜ਼ ‘ਚ ਅਕੇਵਾਂ ਸੀ।
ਉਸ ਨੇ ਗੱਲ ਖਤਮ ਕੀਤੀ ਤਾਂ ਅਫਸਰ ਉਸ ਦੀਆਂ ਅੱਖਾਂ ‘ਚ ਵੇਖਦਾ ਰਿਹਾ। ਫਿਰ ਉਹ ਗੰਭੀਰ ਆਵਾਜ਼ ‘ਚ ਬੋਲਿਆ, “ਜੇ ਤੂੰ ਉਸ ਨੂੰ ਜਾਣਦੀ ਈ ਨ੍ਹੀਂ ਤਾਂ ਹਰ ਰੋਜ਼ ਉਸ ਨਾਲ ਈਮੇਲ ‘ਤੇ ਗੱਲਾਂ ਕਿਉਂ ਕਰਦੀ ਐਂ?”
“ਹੈਂ!” ਆਫੀਆ ਨੂੰ ਜਿਵੇਂ ਕਰੰਟ ਵੱਜਿਆ, ਪਰ ਉਸ ਨੇ ਆਪਣੇ ਆਪ ‘ਤੇ ਜ਼ਬਤ ਰੱਖਦਿਆਂ ਅਗਾਂਹ ਕਿਹਾ, “ਮੈਂ ਉਸ ਨੂੰ ਕਦੇ ਕੋਈ ਈਮੇਲ ਨ੍ਹੀਂ ਭੇਜੀ।”
“ਤਾਂ ਫਿਰ ਆਹ ਕੀ ਐ?” ਅਫਸਰ ਨੇ ਬੈਗ ‘ਚੋਂ ਕਾਗਜ਼ਾਂ ਦਾ ਥੱਬਾ ਕੱਢ ਕੇ ਵਕੀਲ ਦੇ ਸਾਹਮਣੇ ਰੱਖ ਦਿੱਤਾ। ਇਹ ਉਹ ਈਮੇਲਾਂ ਸਨ ਜੋ ਅਦਨਾਨ ਸ਼ੁਕਰੀਜੁਮਾ ਅਤੇ ਆਫੀਆ ਵਿਚਕਾਰ ਹੋਈਆਂ ਸਨ। ਵਕੀਲ ਨੇ ਬੜੇ ਗਹੁ ਨਾਲ ਈਮੇਲਾਂ ਵੇਖੀਆਂ। ਉਧਰ ਆਫੀਆ ਪ੍ਰੇਸ਼ਾਨ ਹੋਈ ਕੁਰਸੀ ‘ਤੇ ਬੈਠੀ ਪਾਸੇ ਬਦਲਣ ਲੱਗੀ।
“ਮੈ’ਮ ਤੂੰ ਸਾਡੀ ਗੱਲ ਦਾ ਜੁਆਬ ਨ੍ਹੀਂ ਦਿੱਤਾ?”
“ਇਹ! ਇਹ ਤਾਂ ਮੈਂ। ਮੇਰਾ ਮਤਲਬæææ।” ਉਸ ਤੋਂ ਕੋਈ ਜੁਆਬ ਨਾ ਦੇ ਹੋਇਆ। ਉਸ ਨੇ ਨੀਵੀਂ ਪਾ ਲਈ।
ਦੋਵੇਂ ਅਫਸਰ ਉਠੇ ਤੇ ਪਾਸੇ ਖੜ੍ਹੋ ਕੇ ਗੱਲਾਂ ਕਰਨ ਲੱਗੇ। ਆਫੀਆ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਉਹ ਉਸ ਨੂੰ ਗ੍ਰਿਫਤਾਰ ਕਰਨ ਦੀ ਸਲਾਹ ਕਰ ਰਹੇ ਹਨ, ਪਰ ਜਦੋਂ ਉਨ੍ਹਾਂ ਵਾਪਸ ਆ ਕੇ ਆਪਣੀ ਗੱਲ ਕਹੀ ਤਾਂ ਆਫੀਆ ਨੂੰ ਕੁਝ ਤਸੱਲੀ ਜਿਹੀ ਹੋ ਗਈ। ਉਹ ਵਕੀਲ ਨੂੰ ਮੁਖਾਤਬ ਹੋਏ, “ਸਰ ਇਹ ਗੱਲਬਾਤ ਅਸੀਂ ਇੱਥੇ ਈ ਬੰਦ ਕਰਦੇ ਆਂ, ਪਰ ਇਨ੍ਹਾਂ ਨਾਲ ਇੱਕ ਹੋਰ ਗੱਲਬਾਤ ਹੋਵੇਗੀ। ਉਸ ਦੇ ਲਈ ਅਸੀਂ ਅਗਲੇ ਮਹੀਨੇ ਦੀ 19 ਤਾਰੀਖ ਤੈਅ ਕਰ ਰਹੇ ਆਂ।”
“ਠੀਕ ਐ। ਤੁਸੀਂ ਉਸ ਬਾਰੇ ਮੈਨੂੰ ਪੂਰੀ ਇਤਲਾਹ ਭੇਜ ਦਿਉ।”
“ਹਾਂ ਇਵੇਂ ਈ ਹੋਵੇਗਾ। ਨਾਲ ਅਸੀਂ ਮਿਸਟਰ ਅਤੇ ਮਿਸਿਜ਼ ਅਮਜਦ ਖਾਂ ਨੂੰ ਕੁਝ ਕਹਿਣਾ ਚਾਹੁੰਦੇ ਆਂ।”
“ਜੀæææ।” ਅਮਜਦ ਡਰਦਾ ਜਿਹਾ ਬੋਲਿਆ।
“ਤੁਹਾਡਾ ਅਗਲੀ ਗੱਲਬਾਤ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਐ। ਤੁਸੀਂ ਉਸ ਗੱਲਬਾਤ ਤੋਂ ਪਹਿਲਾਂ ਮੁਲਕ ਛੱਡ ਕੇ ਨ੍ਹੀਂ ਜਾ ਸਕਦੇ। ਇਹ ਸਰਕਾਰੀ ਹੁਕਮ ਐਂ। ਆਹ ਲਉ ਇਸ ਸਰਕਾਰੀ ਹੁਕਮ ‘ਤੇ ਦਸਤਖਤ ਕਰ ਦਿਉ।” ਅਫਸਰ ਨੇ ਅਗਲੀ ਗੱਲਬਾਤ ‘ਤੇ ਹਾਜ਼ਰ ਰਹਿਣ ਵਾਲਾ ਕਾਗਜ਼ ਉਨ੍ਹਾਂ ਮੂਹਰੇ ਰੱਖ ਦਿੱਤਾ। ਦੋਹਾਂ ਨੇ ਵਾਰੀ-ਵਾਰੀ ਉਸ ‘ਤੇ ਸਾਈਨ ਕਰ ਦਿੱਤੇ। ਫਿਰ ਅਫਸਰਾਂ ਨੇ ਆਪਣੇ ਬੈਗ ਸੰਭਾਲੇ ਤੇ ਦਫਤਰੋਂ ਬਾਹਰ ਨਿਕਲ ਗਏ। ਉਨ੍ਹਾਂ ਦੇ ਜਾਂਦਿਆਂ ਹੀ ਅਮਜਦ ਨੇ ਵਕੀਲ ਨੂੰ ਪੁੱਛਿਆ, “ਤੁਹਾਨੂੰ ਕਿਵੇਂ ਲੱਗਿਆ ਕਿ ਇਹ ਗੱਲਬਾਤ ਕਿੰਨੀ ਕੁ ਸੰਜੀਦਾ ਸੀ?”
“ਇਹ ਤਾਂ ਆਮ ਜਿਹੀ ਗੱਲ ਐ। ਮੇਰੇ ਖਿਆਲ ‘ਚ ਤੁਹਾਡੇ ਲਈ ਇਸ ਵਿਚ ਡਰਨ ਵਾਲੀ ਕੋਈ ਗੱਲ ਨ੍ਹੀਂ। ਨਾਲੇ ਅਗਲੀ ਇੰਟਰਵਿਊ ਤੋਂ ਪਹਿਲਾਂ ਆਪਾਂ ਬਹਿ ਕੇ ਆਪਸ ‘ਚ ਗੱਲਬਾਤ ਕਰਾਂਗੇ। ਇਸ ਤਰ੍ਹਾਂ ਕਈ ਸੁਆਲ ਜੁਆਬ ਕਰਨ ਵੇਲੇ ਸੌਖਾ ਰਹਿੰਦਾ ਐ।”
“ਜੀ ਠੀਕ ਐ।”
ਇਸ ਪਿੱਛੋਂ ਅਮਜਦ ਅਤੇ ਆਫੀਆ ਘਰ ਨੂੰ ਮੁੜ ਪਏ। ਅਮਜਦ ਨੇ ਕਈ ਦੋਸਤਾਂ ਨੂੰ ਫੋਨ ਕਰ ਕੇ ਅੱਜ ਦੀ ਗੱਲਬਾਤ ਬਾਰੇ ਦੱਸਿਆ। ਸਭ ਨੇ ਕਿਹਾ ਕਿ ਅਜਿਹੇ ਸੁਆਲ ਆਮ ਜਿਹੀ ਗੱਲ ਹੈ, ਉਨ੍ਹਾਂ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ। ਅਮਜਦ ਨੂੰ ਲੱਗਿਆ ਕਿ ਗੱਲਬਾਤ ਠੀਕ ਹੀ ਰਹੀ ਤੇ ਸੋਚਿਆ ਕਿ ਅਗਲੀ ਗੱਲਬਾਤ ਪਿੱਛੋਂ ਉਨ੍ਹਾਂ ਦਾ ਐਫ਼ਬੀæਆਈæ ਦੇ ਲਫੜਿਆਂ ਤੋਂ ਖਹਿੜਾ ਛੁੱਟ ਜਾਵੇਗਾ, ਪਰ ਜਦੋਂ ਉਹ ਘਰ ਪਹੁੰਚੇ ਤਾਂ ਆਫੀਆ ਨੇ ਵਾਵੇਲਾ ਖੜ੍ਹਾ ਕਰ ਦਿੱਤਾ।
“ਅਮਜਦ ਮੇਰੀ ਗੱਲ ਸੁਣ, ਆਪਾਂ ਨੂੰ ਕੱਲ੍ਹ ਨੂੰ ਹੀ ਬੱਚਿਆਂ ਨੂੰ ਲੈ ਕੇ ਵਾਪਸ ਆਪਣੇ ਮੁਲਕ ਚਲੇ ਜਾਣਾ ਚਾਹੀਦਾ ਐ।”
“ਪਰ ਕਿਉਂ? ਮੇਰਾ ਮਤਲਬ ਆਪਣੀ ਗੱਲਬਾਤ ਤਾਂ ਠੀਕ ਈ ਰਹੀ ਐ।”
“ਤੈਨੂੰ ਲੱਗਦਾ ਐ ਕਿ ਠੀਕ ਰਹੀ ਐ, ਪਰ ਤੂੰ ਨ੍ਹੀਂ ਜਾਣਦਾ ਕਿæææਬੱਸ ਮੈਂ ਤੈਨੂੰ ਕਹਿ ਰਹੀ ਆਂ ਕਿ ਆਪਾਂ ਇੱਥੋਂ ਨਿਕਲਣ ਵਾਲੇ ਬਣੀਏਂ।”
“ਤੂੰ ਪੂਰੀ ਗੱਲ ਦੱਸ ਕਿ ਮੈਂ ਕੀ ਨ੍ਹੀਂ ਜਾਣਦਾ। ਮੈਨੂੰ ਵੀ ਤਾਂ ਪਤਾ ਲੱਗੇ ਨਾ ਕਿ ਤੈਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ ਐ?”
“ਕਿਉਂ ਸਾਰੀ ਗੱਲ ਦੱਸਣੀ ਜ਼ਰੂਰੀ ਐ।” ਆਫੀਆ ਗੁੱਸੇ ‘ਚ ਭੜਕ ਉਠੀ।
“ਹਾਂ ਜ਼ਰੂਰੀ ਐ। ਤੂੰ ਹੀ ਦੱਸ ਕਿ ਉਹ ਅਦਨਾਨ ਸ਼ੁਕਰੀਜੁਮਾ ਕੌਣ ਐ?”
“ਤੂੰ ਉਸ ਤੋਂ ਕੀ ਲੈਣੈਂ?”
“ਮੈਂ ਉਸ ਬਾਰੇ ਸਭ ਕੁਛ ਜਾਣਨਾ ਚਾਹੁੰਨਾਂ। ਸਿਰਫ ਉਹੀ ਨ੍ਹੀਂ, ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਐਫ਼ਬੀæਆਈæ ਵਾਲਿਆਂ ਨੇ ਨਾਮ ਲਏ ਸਨ। ਮੈਂ ਅਜਿਹੇ ਬੰਦਿਆਂ ਦਾ ਪਹਿਲਾਂ ਕਦੇ ਜ਼ਿਕਰ ਵੀ ਨ੍ਹੀਂ ਸੁਣਿਆ ਤੇ ਤੂੰ ਉਨ੍ਹਾਂ ਨਾਲ ਮਿਲ ਕੇ ਪਤਾ ਨ੍ਹੀਂ ਕੀ ਕੰਮ ਕਰਦੀ ਰਹੀ ਐਂ। ਕੌਣ ਨੇ ਇਹ ਸਭ ਲੋਕ? ਤੂੰ ਉਨ੍ਹਾਂ ਨੂੰ ਕਿਵੇਂ ਜਾਣਦੀ ਐਂ? ਮੈਨੂੰ ਸਭ ਕੁਛ ਦੱਸ।” ਅਮਜਦ ਵੀ ਗੁੱਸੇ ‘ਚ ਆ ਗਿਆ।
“ਮੈਂ ਇਨ੍ਹਾਂ ਗੱਲਾਂ ‘ਤੇ ਕੋਈ ਚਰਚਾ ਨ੍ਹੀਂ ਕਰਨੀ, ਪਰ ਤੂੰ ਮੇਰੀ ਗੱਲ ‘ਤੇ ਧਿਆਨ ਦੇਹ ਤੇ ਆਪਾਂ ਵਾਪਸ ਚੱਲੀਏ। ਇੱਥੇ ਮੇਰੀ ਜਾਨ ਨੂੰ ਖਤਰਾ ਐ।”
“ਆਫੀਆ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ। ਮੈਨੂੰ ਲੱਗਦੈ ਕਿ ਤੂੰ ਦੂਹਰੀ ਜ਼ਿੰਦਗੀ ਜਿਉਂ ਰਹੀ ਐਂ। ਜੋ ਮੇਰੇ ਸਾਹਮਣੇ ਦਿਸ ਰਹੀ ਐਂ, ਇਸ ਤੋਂ ਬਿਨਾਂ ਇੱਕ ਆਫੀਆ ਹੋਰ ਐ ਜਿਸ ਦੀ ਨਿੱਜੀ ਜ਼ਿੰਦਗੀ ਪਤਾ ਨ੍ਹੀਂ ਕੀ ਐ। ਤੈਨੂੰ ਅੱਜ ਸਭ ਕੁਛ ਦੱਸਣਾ ਪਊ।”
ਅਮਜਦ ਨੇ ਗੱਲ ਖਤਮ ਕੀਤੀ ਤਾਂ ਆਫੀਆ ਚੁੱਪ ਬੈਠੀ ਸੋਚਾਂ ‘ਚ ਗੁੰਮ ਸੀ। ਅਚਾਨਕ ਉਸ ਨੇ ਚਿਹਰੇ ‘ਤੇ ਬਣਾਉਟੀ ਮੁਸਕਾਨ ਲਿਆਂਦੀ ਤੇ ਅਮਜਦ ਦੇ ਨੇੜੇ ਆ ਗਈ। ਅਮਜਦ ਉਸ ਦੇ ਬਣਾਉਟੀਪਣ ਨੂੰ ਨਾ ਸਮਝ ਸਕਿਆ। ਉਹ ਉਸ ਦੁਆਲੇ ਬਾਂਹ ਵਲਦੀ ਬੋਲੀ, “ਅਮਜਦ ਇੰਨਾ ਫਿਕਰਮੰਦ ਨਾ ਹੋ। ਅਜਿਹੀ ਕੋਈ ਗੱਲ ਨ੍ਹੀਂ। ਇਹ ਸਭ ਲੋਕ ਚੈਰਿਟੀ ਦਾ ਕੰਮ ਕਰਦੇ ਨੇ ਅਤੇ ਮੈਨੂੰ ਉਥੇ ਈ ਮਿਲਦੇ ਰਹੇ ਨੇ। ਜਿਹੜਾ ਉਹ ਅਦਨਾਨ ਸ਼ੁਕਰੀਜੁਮਾ ਦਾ ਜ਼ਿਕਰ ਕਰ ਰਹੇ ਨੇ, ਉਸ ਨਾਲ ਵੀ ਮੇਰੀਆਂ ਚੈਰਿਟੀ ਬਾਬਤ ਹੀ ਈਮੇਲਾਂ ਹੋਈਆਂ ਨੇ। ਹੋਰ ਉਸ ਬਾਰੇ ਮੈਨੂੰ ਕੁਛ ਪਤਾ ਨ੍ਹੀਂ।”
“ਫਿਰ ਤੂੰ ਇੰਨਾ ਘਬਰਾ ਕਿਉਂ ਰਹੀ ਐਂ?”
“ਮੈਂ ਤਾਂ ਇਹ ਸੋਚਦੀ ਆਂ ਕਿ ਜੇ ਇਥੇ ਐਫ਼ਬੀæਆਈæ ਵਾਲਿਆਂ ਨੇ ਇੱਕ ਵਾਰ ਕਿਸੇ ਚੱਕਰ ਵਿਚ ਫਸਾ ਲਏ ਤਾਂ ਮੁੜ ਕੇ ਖਹਿੜਾ ਨ੍ਹੀਂ ਛੁੱਟਣਾ। ਆਪਣਾ ਮੁਲਕ ਆਪਣਾ ਈ ਹੁੰਦਾ ਐ। ਮੈਂ ਤਾਂ ਸਿਰਫ ਇਸੇ ਕਰ ਕੇ ਕਹਿ ਰਹੀ ਆਂ। ਜੇ ਨ੍ਹੀਂ ਜਾਣਾ ਤਾਂ ਕੋਈ ਗੱਲ ਨ੍ਹੀਂ, ਤੂੰ ਗੁੱਸੇ ਨਾ ਹੋ।” ਆਫੀਆ ਨੇ ਉਸ ਵੇਲੇ ਅਮਜਦ ਨੂੰ ਠੰਢਾ ਕਰ ਲਿਆ। ਅਮਜਦ ਨੂੰ ਵੀ ਉਸ ਦੀ ਗੱਲ ‘ਤੇ ਯਕੀਨ ਆ ਗਿਆ।
ਅਗਲੇ ਦਿਨ ਅਮਜਦ ਸੁੱਤਾ ਉਠਿਆ ਤਾਂ ਉਸ ਨੇ ਵੇਖਿਆ ਕਿ ਆਫੀਆ ਆਪਣਾ ਸਾਮਾਨ ਬੰਨ੍ਹ ਰਹੀ ਸੀ। ਉਸ ਨੂੰ ਇਸ ਤਰ੍ਹਾਂ ਤਿਆਰੀ ਕਰਦੀ ਵੇਖ ਕੇ ਉਹ ਹੈਰਾਨ ਹੁੰਦਾ ਬੋਲਿਆ, “ਆਫੀਆ ਇਹ ਕੀ? ਰਾਤ ਆਪਣੀ ਗੱਲ ਮੁੱਕ ਗਈ ਸੀ ਕਿ ਆਪਾਂ ਕਿਧਰੇ ਨ੍ਹੀਂ ਜਾ ਰਹੇ।”
“ਅਮਜਦ ਮੈਂ ਘਰੇ ਫੋਨ ਕੀਤਾ ਸੀ। ਅੱਬੂ ਦੀ ਸਿਹਤ ਖਰਾਬ ਐ। ਮੈਂ ਚਾਹੁੰਨੀ ਆਂ ਕਿ ਛੇਤੀ ਜਾ ਕੇ ਉਨ੍ਹਾਂ ਦਾ ਪਤਾ ਲਵਾਂ।”
“ਪਰ ਚਾਰ ਦਿਨ ਪਹਿਲਾਂ ਈ ਤਾਂ ਆਪਣੀ ਗੱਲ ਹੋਈ ਸੀ। ਉਦੋਂ ਤਾਂ ਉਹ ਠੀਕ ਸਨ।”
“ਤੈਨੂੰ ਪਤਾ ਐ ਕਿ ਉਹ ਦਿਲ ਦੇ ਮਰੀਜ਼ ਨੇ। ਜੇ ਮੈਂ ਹੁਣ ਨਾ ਜਾ ਸਕੀ ਤਾਂ ਮੁੜ ਕੇ ਕਈ ਮਹੀਨੇ ਨ੍ਹੀਂ ਜਾ ਸਕਾਂਗੀ। ਤੈਨੂੰ ਪਤਾ ਈ ਐ ਇਸ ਵੇਲੇ ਮੈਂ ਸੱਤ ਮਹੀਨਿਆਂ ਦੀ ਪਰੈਗਨੈਂਟ ਆਂ।” ਆਫੀਆ ਨੇ ਬੈਗ ਤਿਆਰ ਕਰਨੇ ਜਾਰੀ ਰੱਖੇ ਤਾਂ ਅਮਜਦ ਨੇ ਅੰਦਰੇ ਅੰਦਰ ਗੁੱਸੇ ਹੁੰਦੇ ਨੇ ਮਨ ‘ਚ ਸੋਚਿਆ ਕਿ ਅੱਬੂ ਦੇ ਬਿਮਾਰ ਹੋਣ ਦਾ ਇਹ ਸਿਰਫ ਬਹਾਨਾ ਬਣਾ ਰਹੀ ਹੈ। ਕੁਝ ਸੋਚਦਾ ਉਹ ਬੋਲਿਆ, “ਪਰ ਤੈਨੂੰ ਪਤਾ ਈ ਐ ਕਿ ਆਪਾਂ ਨੂੰ ਐਫ਼ਬੀæਆਈæ ਨੇ ਹਦਾਇਤ ਕੀਤੀ ਹੋਈ ਐ ਕਿ ਆਪਾਂ ਉਨ੍ਹਾਂ ਨਾਲ ਗੱਲਬਾਤ ਪੂਰੀ ਕੀਤੇ ਬਿਨਾਂ ਕਿਧਰੇ ਨ੍ਹੀਂ ਜਾ ਸਕਦੇ।”
“ਢੱਠੇ ਖੂਹ ‘ਚ ਪਵੇ ਤੇਰੀ ਐਫ਼ਬੀæਆਈæ। ਮੈਂ ਇੱਥੇ ਹੁਣ ਇੱਕ ਪਲ ਵੀ ਨ੍ਹੀਂ ਰੁਕਣਾ।” ਆਫੀਆ ਗੁੱਸੇ ‘ਚ ਪੈਰ ਪਟਕਦੀ ਬੋਲੀ।
ਉਸ ਦੀ ਗੱਲ ਸੁਣ ਕੇ ਅਮਜਦ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਮਜਬੂਰ ਸੀ। ਆਫੀਆ ਦੇ ਗਰਭ ਕਰ ਕੇ ਉਹ ਉਸ ਨਾਲ ਕੋਈ ਝਗੜਾ ਖੜ੍ਹਾ ਨਹੀਂ ਕਰਨਾ ਚਾਹੁੰਦਾ ਸੀ, ਪਰ ਆਫੀਆ ਉਸ ਦੀ ਕੋਈ ਗੱਲ ਨਹੀਂ ਮੰਨ ਰਹੀ ਸੀ। ਉਸ ਨੇ ਆਪਣੇ ਵਕੀਲ ਨੂੰ ਫੋਨ ਕਰ ਕੇ ਦੱਸਿਆ ਕਿ ਆਫੀਆ ਦਾ ਬਾਪ ਬਿਮਾਰ ਹੈ, ਇਸ ਕਰ ਕੇ ਇਸ ਵੇਲੇ ਉਨ੍ਹਾਂ ਦਾ ਪਾਕਿਸਤਾਨ ਜਾਣਾ ਬਹੁਤ ਜ਼ਰੂਰੀ ਹੈ। ਉਸ ਨੇ ਪੁੱਛਿਆ ਕਿ ਕੀ ਇਹ ਇੰਟਰਵਿਊ ਅਗਾਂਹ ਹੋ ਸਕਦੀ ਹੈ। ਵਕੀਲ ਨੇ ਮਸ਼ਵਰਾ ਦਿੰਦਿਆਂ ਕਿਹਾ, “ਮਿਸਟਰ ਅਮਜਦ, ਇਸ ਤਰ੍ਹਾਂ ਗੱਲਬਾਤ (ਇੰਟਰਵਿਊ) ਵਿਚਾਲੇ ਛੱਡ ਕੇ ਜਾਣਾ ਠੀਕ ਨ੍ਹੀਂ। ਤੁਹਾਡਾ ਕੇਸ ਖੁੱਲ੍ਹਾ ਈ ਰਹਿ ਜਾਵੇਗਾ ਜਿਹੜਾ ਕਿ ਤੁਹਾਨੂੰ ਵਾਪਸ ਮੁੜਨ ਵੇਲੇ ਮੁਸ਼ਕਿਲ ਖੜ੍ਹੀ ਕਰ ਦੇਵੇਗਾ। ਚੰਗਾ ਇਹੀ ਐ ਕਿ ਤੁਸੀਂ ਆਪਣੀ ਅਪਾਇੰਟਮੈਂਟ ਭੁਗਤਾ ਕੇ ਜਾਵੋ।”
“ਸਰ ਇਸ ਵੇਲੇ ਮੇਰੇ ਕੋਲ ਹੋਰ ਕੋਈ ਚਾਰਾ ਨ੍ਹੀਂ। ਵਾਪਸ ਆ ਕੇ ਦੁਬਾਰਾ ਇੰਟਰਵਿਊ ਦੀ ਤਾਰੀਖ ਲੈ ਲਵਾਂਗੇ।”
“ਮਿਸਟਰ ਅਮਜਦ ਇੰਟਰਵਿਊ ਤਾਂ ਮੈਂ ਕੈਂਸਲ ਕਰਵਾ ਦਿੰਦਾ ਆਂ, ਪਰ ਇਸ ਤਰ੍ਹਾਂ ਤੁਸੀਂ ਸ਼ੱਕ ਦੇ ਘੇਰੇ ‘ਚ ਆ ਜਾਉਗੇ। ਐਫ਼ਬੀæਆਈæ ਇੱਕ ਵਾਰ ਜਿਸ ਦੇ ਮਗਰ ਪੈ ਜਾਵੇ ਤਾਂ ਫਿਰ ਖਹਿੜਾ ਛੁਡਾਉਣਾ ਔਖਾ ਹੋ ਜਾਂਦੈ।”
“ਠੀਕ ਐ ਸਰ, ਮੈਂ ਤੁਹਾਨੂੰ ਆਪਣੀ ਵਾਈਫ ਨਾਲ ਸਲਾਹ ਕਰ ਕੇ ਦੱਸਦਾਂ।” ਵਕੀਲ ਵੱਲੋਂ ਫੋਨ ਕੱਟ ਕੇ ਅਮਜਦ ਨੇ ਆਫੀਆ ਨੂੰ ਵਕੀਲ ਨਾਲ ਹੋਈ ਗੱਲ ਦੱਸੀ। ਉਸ ਦੀ ਗੱਲ ਸੁਣਦਿਆਂ ਹੀ ਆਫੀਆ ਭੜਕੀ, “ਜੇ ਤੂੰ ਚਾਹੁੰਨੈਂ ਕਿ ਮੈਂ ਮਾਰੀ ਜਾਵਾਂ ਤਾਂ ਜਾਣ ਦਾ ਰਹਿਣ ਦਿੰਦੇ ਆਂ।”
“ਇਹ ਤੂੰ ਕੀ ਗੱਲ ਕਰਦੀ ਐਂ, ਮੈਨੂੰ ਕੁਝ ਸਮਝ ਵਿਚ ਨ੍ਹੀਂ ਆ ਰਿਹਾ।” ਅਮਜਦ ਆਫੀਆ ਵੱਲ ਵੇਖਦਾ ਸੋਚਣ ਲੱਗਿਆ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਜੋ ਇਹ ਇੱਥੋਂ ਭੱਜਣ ਲਈ ਕਾਹਲੀ ਪਈ ਹੋਈ ਹੈ। ਆਫੀਆ ਦੀਆਂ ਹਰਕਤਾਂ ਨੇ ਉਸ ਦਾ ਇਹ ਸ਼ੱਕ ਪੱਕਾ ਕਰ ਦਿੱਤਾ ਕਿ ਉਹ ਵਾਕਿਆ ਹੀ 9/11 ਦੀ ਸਾਜ਼ਿਸ਼ ਬਾਰੇ ਕੁਝ ਨਾ ਕੁਝ ਜਾਣਦੀ ਹੈ, ਪਰ ਉਸ ਨੇ ਇੱਕ ਵਾਰ ਹੋਰ ਉਸ ਨੂੰ ਸਮਝਾਉਣਾ ਚਾਹਿਆ ਤਾਂ ਉਵੇਂ ਹੀ ਗੁੱਸੇ ‘ਚ ਚੀਕਦੀ ਬੋਲੀ, “ਓ ਕੇ ਠੀਕ ਐ। ਤੂੰ ਆਪਣੀ ਮਰਜ਼ੀ ਕਰ, ਪਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਅੱਜ ਹੀ ਜਾ ਰਹੀ ਆਂ।”
ਫਿਰ ਅਮਜਦ ਨੇ ਵਕੀਲ ਨੂੰ ਦੁਬਾਰਾ ਫੋਨ ਕਰ ਕੇ ਕਿਹਾ ਕਿ ਉਸ ਨੂੰ ਜਾਣਾ ਹੀ ਪਵੇਗਾ। ਵਕੀਲ ਨੇ ਐਫ਼ਬੀæਆਈæ ਦੇ ਦਫਤਰ ਫੋਨ ਕਰ ਕੇ ਦੱਸ ਦਿੱਤਾ ਕਿ ਉਸ ਦੇ ਕਲਾਇੰਟ ਮਿੱਥੀ ਹੋਈ ਤਾਰੀਖ ‘ਤੇ ਨਹੀਂ ਪਹੁੰਚ ਸਕਣਗੇ। ਅਮਜਦ ਨੇ ਆਪਣੇ ਕੰਮ ਤੋਂ ਵੀ ਇੱਕ ਸਾਲ ਦੀ ਛੁੱਟੀ ਲੈ ਲਈ।
(ਚਲਦਾ)
Leave a Reply