ਲੰਮੀ ਉਡੀਕ ਮਗਰੋਂ ਸਿਆਸੀ ਪਿੜ ਵਿਚ ਨਿੱਤਰੀ ਪ੍ਰਿਯੰਕਾ

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਗਾਂਧੀ ਪਰਿਵਾਰ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਰਸਮੀ ਤੌਰ ‘ਤੇ ਸਿਆਸਤ ਦੇ ਪਿੜ ‘ਚ ਕੁੱਦ ਪਈ। ਕਾਂਗਰਸ ਪਾਰਟੀ ਨੇ ਪ੍ਰਿਯੰਕਾ ਨੂੰ ਜਨਰਲ ਸਕੱਤਰ ਥਾਪਦਿਆਂ ਪੂਰਬੀ ਯੂਪੀ ਦੀ ਕਮਾਨ ਸੌਂਪ ਦਿੱਤੀ ਹੈ। ਪ੍ਰਿਯੰਕਾ (47) ਸਿਆਸੀ ਤੌਰ ‘ਤੇ ਅਹਿਮ ਰਾਜ, ਜੋ 1980ਵਿਆਂ ਦੇ ਮੱਧ ਤੱਕ ਕਦੇ ਕਾਂਗਰਸ ਦਾ ਗੜ੍ਹ ਰਿਹਾ ਸੀ, ਵਿਚ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਫਰਵਰੀ ਦੇ ਪਹਿਲੇ ਹਫਤੇ ਸੰਭਾਲ ਲਏਗੀ। ਪ੍ਰਿਯੰਕਾ ਹਿੰਦੀ ਬਹੁਭਾਸ਼ੀ ਵਾਲੇ ਇਸ ਰਾਜ ਵਿਚ ਆਪਣੇ ਭਰਾ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਹੱਥ ਵਟਾਏਗੀ।

ਉਤਰ ਪ੍ਰਦੇਸ਼ ਸੀਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਰਾਜ ਹੈ। ਲੋਕ ਸਭਾ ਦੀਆਂ 543 ਸੀਟਾਂ ਵਿਚੋਂ 80 ਸੀਟਾਂ ਉੱਤਰ ਪ੍ਰਦੇਸ਼ ਦੀਆਂ ਹਨ। ਨਹਿਰੂ-ਗਾਂਧੀ ਪਰਿਵਾਰ ਬਹੁਤੀ ਵਾਰ ਇਸ ਪ੍ਰਦੇਸ਼ ‘ਚੋਂ ਲੋਕ ਸਭਾ ਦੀਆਂ ਚੋਣਾਂ ਲੜਦਾ ਰਿਹਾ ਹੈ। ਪਿਛਲੀਆਂ ਆਮ ਚੋਣਾਂ ਵਿਚ ਪ੍ਰਿਅੰਕਾ ਨੇ ਆਪਣੀ ਮਾਤਾ ਸੋਨੀਆ ਗਾਂਧੀ ਅਤੇ ਆਪਣੇ ਭਰਾ ਰਾਹੁਲ ਗਾਂਧੀ ਲਈ ਅਮੇਠੀ ਅਤੇ ਰਾਇਬਰੇਲੀ ਵਿਚ ਭਰਵਾਂ ਚੋਣ ਪ੍ਰਚਾਰ ਕੀਤਾ ਸੀ। ਉਸ ਸਮੇਂ ਉਸ ਦੀ ਵੱਡੀ ਚਰਚਾ ਵੀ ਹੋਈ ਸੀ, ਪਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਨ੍ਹਾਂ ਦੋਵਾਂ ਲੋਕ ਸਭਾ ਹਲਕਿਆਂ ਵਿਚੋਂ ਕਾਂਗਰਸ ਨੂੰ ਵੱਡੀ ਹਾਰ ਮਿਲੀ ਸੀ। ਹੁਣ ਪ੍ਰਿਅੰਕਾ ਨੂੰ ਚੋਣ ਮੈਦਾਨ ਵਿਚ ਉਤਾਰਨ ਤੋਂ ਇਹ ਪ੍ਰਭਾਵ ਵੀ ਲਿਆ ਜਾ ਸਕਦਾ ਹੈ ਕਿ ਹਾਲੇ ਤੱਕ ਰਾਹੁਲ ਗਾਂਧੀ ਸਿਆਸਤ ਦੇ ਉਸ ਕਦਰ ਖਿਡਾਰੀ ਨਹੀਂ ਬਣ ਸਕੇ, ਜਿੰਨੀ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੀ।
ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ ਅਤੇ ਉਸ ਨੂੰ ਆਪਣੀ ਥਾਂ ‘ਤੇ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਚਾਹੇ ਸੋਨੀਆ ਗਾਂਧੀ ਨੇ ਇਹ ਕੰਮ ਬਹੁਤ ਤਹੱਮਲ, ਸੋਚ-ਵਿਚਾਰ ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਹੀ ਕੀਤਾ ਸੀ। ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਸਿਆਸੀ ਖੇਤਰ ਵਿਚ ਵੱਡੀ ਸਰਗਰਮੀ ਦਿਖਾਈ ਹੈ। ਪਿੱਛੇ ਹੋਈਆਂ ਕੁਝ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਹੁੰਗਾਰਾ ਵੀ ਮਿਲਿਆ ਹੈ ਪਰ ਕਾਂਗਰਸ ਨੂੰ ਇਹ ਲੱਗਦਾ ਰਿਹਾ ਹੈ ਕਿ ਆਉਣ ਵਾਲੀ ਚੁਣੌਤੀ ਵੱਡੀ ਹੈ। ਇਸ ਨਾਲ ਨਿਪਟਣਾ ਇਕੱਲੇ ਰਾਹੁਲ ਦੇ ਵੱਸ ਦੀ ਗੱਲ ਨਹੀਂ ਹੈ। ਪਿਛਲੇ ਕੁਝ ਦਹਾਕਿਆਂ ਵਿਚ ਚਾਹੇ ਪ੍ਰਿਅੰਕਾ ਗਾਂਧੀ ਨੇ ਅਮਲੀ ਰੂਪ ਵਿਚ ਸਿਆਸਤ ‘ਚ ਉਤਰਨ ਦਾ ਐਲਾਨ ਤਾਂ ਨਹੀਂ ਸੀ ਕੀਤਾ ਪਰ ਫਿਰ ਵੀ ਆਪਣੇ ਪਰਿਵਾਰ ਕਰਕੇ ਕਾਂਗਰਸ ਵਿਚ ਉਸ ਦੀ ਤੂਤੀ ਬੋਲਦੀ ਰਹੀ ਹੈ।
ਇਹ ਅੰਦਾਜ਼ਾ ਵੀ ਲਗਾਇਆ ਜਾਂਦਾ ਰਿਹਾ ਸੀ ਕਿ ਇਕ ਨਾ ਇਕ ਦਿਨ ਉਹ ਸਿਆਸਤ ਦੇ ਮੈਦਾਨ ਵਿਚ ਉਤਰੇਗੀ। ਕਿਉਂਕਿ ਕਾਂਗਰਸੀਆਂ ਨੂੰ ਰਾਹੁਲ ਦੀ ਥਾਂ ‘ਤੇ ਪ੍ਰਿਅੰਕਾ ਦੀ ਕਾਰਗੁਜ਼ਾਰੀ ਤੋਂ ਕਿਤੇ ਵੱਧ ਉਮੀਦਾਂ ਹਨ ਪਰ ਇਸ ਦੇ ਨਾਲ ਹੀ ਇਹ ਗੱਲ ਫਿਰ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਕੌਮੀ ਪਾਰਟੀ ਜਿਸ ਨੇ ਦੇਸ਼ ਦੀ ਸੁਤੰਤਰਤਾ ਵਿਚ ਵੱਡਾ ਰੋਲ ਨਿਭਾਇਆ ਸੀ, ਇਕ ਪਰਿਵਾਰ ਦੇ ਪ੍ਰਭਾਵ ਤੋਂ ਅਜੇ ਵੀ ਉੱਭਰ ਨਹੀਂ ਸਕੀ ਅਤੇ ਇਹ ਕਿਸੇ ਨਾ ਕਿਸੇ ਰੂਪ ਵਿਚ ਨਹਿਰੂ-ਗਾਂਧੀ ਪਰਿਵਾਰ ‘ਤੇ ਆਸ਼ਰਿਤ ਰਹੀ ਹੈ।
____________________________
ਕੁਝ ਪਾਰਟੀਆਂ ਲਈ ਪਰਿਵਾਰ ਹੀ ਸਭ ਕੁਝ: ਮੋਦੀ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਮਹੂਰੀਅਤ ਭਾਜਪਾ ਦੀ ਰਗਾਂ ‘ਚ ਦੌੜਦੀ ਹੈ ਜਦੋਂਕਿ ਕੁਝ ਪਾਰਟੀਆਂ ਲਈ ਪਰਿਵਾਰ ਹੀ ਸਭ ਕੁਝ ਹੈ। ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਅਸਿੱਧੇ ਤੌਰ ‘ਤੇ ਪ੍ਰਿਯੰਕਾ ਗਾਂਧੀ ਵੱਲ ਸੇਧਿਤ ਸਨ, ਜਿਨ੍ਹਾਂ ਰਸਮੀ ਤੌਰ ‘ਤੇ ਸਿਆਸਤ ਵਿਚ ਦਾਖਲਾ ਲੈ ਲਿਆ। ਇਥੇ ਬਾਰਾਮਤੀ, ਗਡਚਿਰੋਲੀ, ਹਿੰਗੋਲੀ, ਨਾਂਦੇੜ ਤੇ ਨੰਦਰਬਾਰ ਦੇ ਬੂਥ ਵਰਕਰਾਂ ਦੇ ਰੂਬਰੂ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਵਿਚ ਫੈਸਲੇ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਦੀਆਂ ਇੱਛਾਵਾਂ ਮੁਤਾਬਕ ਨਹੀਂ ਬਲਕਿ ਪਾਰਟੀ ਵਰਕਰਾਂ ਦੀਆਂ ਇੱਛਾਵਾਂ ਦੇ ਅਧਾਰ ‘ਤੇ ਲਏ ਜਾਂਦੇ ਹਨ।
____________________________
ਸ਼ਿਵ ਸੈਨਾ ਵੱਲੋਂ ਪ੍ਰਿਯੰਕਾ ਦੇ ਸਰਗਰਮ ਸਿਆਸਤ ‘ਚ ਦਾਖਲੇ ਦੀ ਸ਼ਲਾਘਾ
ਮੁੰਬਈ: ਸ਼ਿਵ ਸੈਨਾ ਨੇ ਪ੍ਰਿਯੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਪੈਰ ਧਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਜੇ ਉਹ ਆਪਣੇ ‘ਸਿਆਸੀ ਪੱਤੇ’ ਢੰਗ ਨਾਲ ਚੱਲੇ ਤਾਂ ‘ਰਾਣੀ’ ਬਣ ਕੇ ਉਭਰ ਸਕਦੀ ਹੈ। ਸੈਨਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਗਤੀਵਿਧੀਆਂ ਦਰਸਾਉਂਦੀਆਂ ਹਨ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਜਿੱਤਣ ਲਈ ਹਰ ਹੀਲਾ ਵਰਤਣਗੇ। ਸੈਨਾ ਨੇ ਕਿਹਾ ਹੈ ਕਿ ਭਾਜਪਾ ਦਾ ਇਹ ਬਿਆਨ ਕਿ ਪ੍ਰਿਯੰਕਾ ਨੂੰ ਉਤਾਰਨਾ ਕਾਂਗਰਸ ਪ੍ਰਧਾਨ ਦੀ ‘ਨਾਕਾਮੀ’ ਦਾ ਸੰਕੇਤ ਹੈ, ਵਿਚ ਦਮ ਨਹੀਂ ਹੈ। ਭਾਜਪਾ ਦੇ ਭਾਈਵਾਲ ਨੇ ਨਾਲ ਹੀ ਕਿਹਾ ਕਿ ਰਾਹੁਲ ਨੇ ਰਾਫਾਲ ਦਾ ਮੁੱਦਾ ਚੁੱਕ ਕੇ ਕੇਂਦਰ ਦੀਆਂ ਮੁਸ਼ਕਲਾਂ ਵਿਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਨੂੰ ਮੈਦਾਨ ਵਿਚ ਉਤਾਰਨਾ ਵੀ ਕੰਮ ਆਵੇਗਾ।