ਤਰਨ ਤਾਰਨ: ਮਾਝੇ ਦੀ ਸਿਆਸਤ ਉਤੇ ਮੁੜ ਪਕੜ ਬਣਾਉਣ ਲਈ ਅਕਾਲੀ ਦਲ ਬਾਦਲ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਮਾਝੇ ਵਿਚੋਂ ਘਟੇ ਆਪਣੇ ਅਧਾਰ ਨੂੰ ਫਿਰ ਤੋਂ ਮਜ਼ਬੂਤ ਕਰਨ ਅਤੇ ਪਾਰਟੀ ‘ਚੋਂ ਕਿਨਾਰਾ ਕਰ ਕੇ ਬਾਦਲ ਪਰਿਵਾਰ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਦੀਆਂ ਗਤੀਵਿਧੀਆਂ ਵਾਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਮਾਝੇ ‘ਚ ਡੇਰਾ ਲਾਈ ਬੈਠੇ ਹਨ।
ਇਨ੍ਹਾਂ ਮੀਟਿੰਗਾਂ ‘ਚ ਜਿਥੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਉਥੇ ਅਕਾਲੀ ਦਲ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨੇ ਸਾਧ ਰਿਹਾ ਹੈ। ਹਲਕਾਵਾਰ ਮੀਟਿੰਗਾਂ ਦਾ ਨਾਂ ਦੇ ਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਸੁਖਬੀਰ ਸਿੰਘ ਬਾਦਲ ਆਪਣੇ ਨਾਲ ਬਿਕਰਮ ਸਿੰਘ ਮਜੀਠੀਆ ਅਤੇ ਨੌਜਵਾਨ ਸਾਬਕਾ ਵਿਧਾਇਕਾਂ ਦੀ ਟੀਮ ਨੂੰ ਲੈ ਕੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਮਾਝੇ ‘ਚ ਅਕਾਲੀ ਦਲ ਦੇ ਖੁਸੇ ਹੋਏ ਅਧਾਰ ਨੂੰ ਮੁੜ ਸੁਰਜੀਤ ਕਰਨ ਲਈ ਜਿਥੇ ਵਰਕਰਾਂ ਨਾਲ ਗਲੇ ਮਿਲ ਰਹੇ ਹਨ, ਉਥੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦੇ ਹਲਕਿਆਂ ‘ਚ ਜਾ ਕੇ ਉਨ੍ਹਾਂ ਦੇ ਸਮਰਥਕਾਂ ਨੂੰ ਤੋੜ ਜੋੜ ਰਹੇ ਹਨ। ਸੁਖਬੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਅਜਨਾਲਾ, ਰਾਜਾਸਾਂਸੀ, ਖਡੂਰ ਸਾਹਿਬ, ਬਾਬਾ ਬਕਾਲਾ, ਜੰਡਿਆਲਾ ਅਤੇ ਅੰਮ੍ਰਿਤਸਰ ਸ਼ਹਿਰੀ ਹਲਕਿਆਂ ‘ਚ ਜਾ ਕੇ ਵਰਕਰਾਂ ਨਾਲ ਖੁੱਲ੍ਹ ਕੇ ਮਿਲ ਰਹੇ ਹਨ ਅਤੇ ਇਥੋਂ ਤੱਕ ਵਰਕਰਾਂ ਨਾਲ ਸੈਲਫੀਆਂ ਵੀ ਖਿਚਵਾ ਰਹੇ ਹਨ।
ਵਿਧਾਨ ਸਭਾ ਚੋਣਾਂ ‘ਚ ਮਿਲੀ ਵੱਡੀ ਹਾਰ ਤੋਂ ਬਾਅਦ ਢਿੱਲੇ ਪਏ ਅਕਾਲੀ ਵਰਕਰਾਂ ‘ਚ ਨਵਾਂ ਜੋਸ਼ ਭਰਨ ਦਾ ਜੋ ਫਾਰਮੂਲਾ ਸੁਖਬੀਰ ਸਿੰਘ ਬਾਦਲ ਵੱਲੋਂ ਵਰਤਿਆ ਜਾ ਰਿਹਾ ਹੈ, ਉਹ ਉਸ ਵਿਚ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿਚ ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਪਹੁੰਚ ਰਹੇ, ਪਰ ਜਿਸ ਜੋਸ਼ੋ ਖਰੋਸ਼ ਨਾਲ ਸੁਖਬੀਰ ਸਿੰਘ ਬਾਦਲ ਵਰਕਰਾਂ ਨਾਲ ਮਿਲ ਰਹੇ ਹਨ, ਉਸ ਦਾ ਵੱਡਾ ਲਾਭ ਅਕਾਲੀ ਦਲ ਨੂੰ ਪਾਰਲੀਮੈਂਟ ਚੋਣਾਂ ‘ਚ ਜ਼ਰੂਰ ਪ੍ਰਾਪਤ ਹੋਵੇਗਾ। ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਵੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਹਲਕਾਵਾਰ ਮੀਟਿੰਗਾਂ ‘ਚ ਪੂਰਾ ਲਾਹਾ ਲਿਆ ਜਾ ਰਿਹਾ ਹੈ।
________________________________
ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਪੱਧਰ ‘ਤੇ ਸਰਗਰਮੀਆਂ ਤੇਜ਼
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਅਤੇ ਢਾਂਚੇ ਦਾ ਵਿਸਥਾਰ ਕਰਦੇ ਹੋਏ 19 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਅਤੇ ਸਹਿ-ਪ੍ਰਧਾਨ ਨਿਯੁਕਤ ਕੀਤੇ ਹਨ, ਜਦੋਂਕਿ ਅਜੇ ਵਰਮਾ ਨੂੰ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਬੈਠਕ ਦੌਰਾਨ ਹੋਈ ਵਿਚਾਰ ਚਰਚਾ ਉਪਰੰਤ ਲਿਆ ਗਿਆ। ‘ਆਪ’ ਵੱਲੋਂ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਅਤੇ ਸਹਿ-ਪ੍ਰਧਾਨਾਂ ਦੀ ਨਿਯੁਕਤੀ ਦੀ ਜਾਰੀ ਸੂਚੀ ਅਨੁਸਾਰ ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਹੁਸ਼ਿਆਰਪੁਰ ਤੋਂ ਸੰਦੀਪ ਸੈਣੀ, ਸਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ, ਫਾਜਿਲਕਾ ਤੋਂ ਸਮਰਵੀਰ ਸਿੰਘ, ਬਠਿੰਡਾ (ਸ਼ਹਿਰੀ) ਅੰਮ੍ਰਿਤ ਲਾਲ ਅਗਰਵਾਲ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ, ਪਾਇਲ ਤੋਂ ਬਲਜਿੰਦਰ ਸਿੰਘ ਚਾਦਾ, ਲੁਧਿਆਣਾ (ਦੱਖਣੀ) ਰਜਿੰਦਰ ਪਾਲ ਕੌਰ ਛੀਨਾ, ਘਨੌਰ ਤੋਂ ਜਰਨੈਲ ਮੰਨੂ, ਸਨੌਰ ਤੋਂ ਇੰਦਰਜੀਤ ਸਿੰਘ ਸੰਧੂ, ਰਾਜਪੁਰਾ ਤੋਂ ਸ੍ਰੀਮਤੀ ਨੀਨਾ ਮਿੱਤਲ ਅਤੇ ਜੈਤੋਂ ਤੋਂ ਅਮੋਲਕ ਸਿੰਘ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ।
________________________________
ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਕਵਾਇਦ ਸ਼ੁਰੂ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪਾਰਟੀ ਨੂੰ ਹੇਠਲੇ ਪੱਧਰ ਸਰਗਰਮ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਲਾਏ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ‘ਤੇ ਸਰਗਰਮੀਆਂ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ਵਿਚ ਸੂਬੇ ਦੇ ਸਾਰੇ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਪੈਨਲ ਤਿਆਰ ਕਰਕੇ ਕਾਂਗਰਸ ਹਾਈਕਮਾਂਡ ਨੂੰ ਭੇਜੇ ਜਾਣਗੇ ਤੇ ਇਸ ਮਾਮਲੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਦੇ ਮੀਟਿੰਗਾਂ ਵਿਚ ਸ਼ਾਮਲ ਨਾ ਹੋਣ ਕਰਕੇ ਕੁਝ ਦੇਰੀ ਹੋ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਨਵੇਂ ਪ੍ਰਧਾਨਾਂ ਨਾਲ ਕੀਤੀ ਗਈ ਮੀਟਿੰਗ ਦਾ ਮੰਤਵ ਉਨ੍ਹਾਂ ਨੂੰ ਪਾਰਟੀ ਦੇ ਕੰਮ ਕਾਜ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਤਿਆਰ ਕਰਨਾ ਹੈ।