ਗਣਤੰਤਰ ਦਿਵਸ ਪਰੇਡ ਰਾਹੀਂ ਸਭਿਆਚਾਰਕ ਵਿਭਿੰਨਤਾ ਦਾ ਸੁਨੇਹਾ

ਨਵੀਂ ਦਿੱਲੀ: ਦੇਸ਼ ਦੇ 70ਵੇਂ ਗਣਤੰਤਰ ਦਿਵਸ ਮੌਕੇ ਰਾਜਪਥ ‘ਤੇ ਕੀਤੀ ਗਈ ਸ਼ਾਨਦਾਰ ਪਰੇਡ ਵਿਚ ਜਲ੍ਹਿਆਂਵਾਲਾ ਬਾਗ ਦੀ ਝਾਕੀ ਤੋਂ ਇਲਾਵਾ ਇਤਿਹਾਸ ਦੀ ਪ੍ਰਦਰਸ਼ਨੀ, ਸਭਿਆਚਾਰਕ ਵਿਭਿੰਨਤਾ ਦੀਆਂ ਝਾਕੀਆਂ ਅਤੇ ਦੇਸ਼ ਦੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਕੌਮੀ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਦੇਸ਼ੀ ਸ਼ਖਸੀਅਤਾਂ, ਦੇਸ਼ ਦੇ ਉਘੇ ਸਿਆਸੀ ਆਗੂਆਂ ਤੇ ਸੀਨੀਅਰ ਅਧਿਕਾਰੀਆਂ ਸਣੇ ਹਜ਼ਾਰਾਂ ਦਰਸ਼ਕਾਂ ਨੇ ਇਸ ਸਮਾਰੋਹ ਦਾ ਆਨੰਦ ਮਾਣਿਆ।

ਵੱਖ ਵੱਖ ਰਾਜਾਂ ਤੇ ਯੂਟੀਜ਼ ਦੀਆਂ 16, ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਛੇ ਝਾਕੀਆਂ ਸਣੇ ਕੁੱਲ 22 ਝਾਕੀਆਂ ਸਮਾਰੋਹ ਦੌਰਾਨ ਕੀਤੀ ਗਈ ਸਭਿਆਚਾਰਕ ਪਰੇਡ ਦਾ ਹਿੱਸਾ ਸਨ। ਇਨ੍ਹਾਂ ਸਾਰੀਆਂ ਝਾਕੀਆਂ ਦਾ ਵਿਸ਼ਾ ਮਹਾਤਮਾ ਗਾਂਧੀ ਦੇ ਜੀਵਨ ਤੇ ਆਦਰਸ਼ਾਂ ‘ਤੇ ਅਧਾਰਤ ਸੀ। ਮੁੱਖ ਮਹਿਮਾਨ ਸਾਇਰਿਲ ਰਾਮਫੋਸਾ ਦੀ ਹਾਜ਼ਰ ਇਸ ਸਮਾਰੋਹ ‘ਚ ਇਸ ਵਾਸਤੇ ਖਾਸ ਸੀ ਕਿਉਂਕਿ ਭਾਰਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ ਮਨਾ ਰਿਹਾ ਹੈ। ਆਜ਼ਾਦੀ ਦੀ ਜੰਗ ‘ਚ ਕੁੱਦਣ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ 21 ਸਾਲ ਦੱਖਣੀ ਅਫਰੀਕਾ ‘ਚ ਬਿਤਾਏ ਸਨ। ਅਤਿਵਾਦੀ ਤੋਂ ਫੌਜੀ ਬਣਨ ਉਪਰੰਤ ਕਸ਼ਮੀਰ ਦੇ ਸ਼ੋਪੀਆਂ ‘ਚ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਨਾਜ਼ਿਰ ਅਹਿਮਦ ਵਾਨੀ ਨੂੰ ਮਿਲਣ ਵਾਲਾ ਸਭ ਤੋਂ ਉਚੇ ਦਰਜੇ ਦਾ ਬਹਾਦਰ ਪੁਰਸਕਾਰ ‘ਅਸ਼ੋਕ ਚੱਕਰ’ ਸ਼ਹੀਦ ਦੀ ਪਤਨੀ ਮਹਾਜਬੀਨ ਤੇ ਮਾਂ ਰਾਜਾ ਬਾਨੋ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪ੍ਰਾਪਤ ਕੀਤਾ। ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੀਆ ਗੇਟ ‘ਤੇ ਸਥਿਤ ਅਮਰ ਜਵਾਨ ਜਯੋਤੀ ਉਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਬਾਅਦ ਗਣਤੰਤਰ ਦਿਵਸ ਪਰੇਡ ਸ਼ੁਰੂ ਹੋਈ।
ਕੌਮੀ ਝੰਡਾ ਲਹਿਰਾਏ ਜਾਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਨਾਲ ਰਾਸ਼ਟਰ ਗਾਨ ਸ਼ੁਰੂ ਹੋਇਆ। ਇਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਪਰੇਡ ‘ਚ ਪਹਿਲੀ ਵਾਰ ਭਾਰਤੀ ਫੌਜ ਤੋਂ ਸੇਵਾ ਮੁਕਤ ਪਰਮਾਨੰਦ, ਲਾਲਤੀ ਰਾਮ, ਹੀਰਾ ਸਿੰਘ ਤੇ ਭਾਗਮਲ (ਸਾਰੇ 90 ਸਾਲ ਤੋਂ ਉਪਰ) ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ ਵੱਖ ਹਥਿਆਰਾਂ ਤੇ ਉਪਕਰਨਾਂ ਰਾਹੀਂ ਜਿਥੇ ਦੇਸ਼ ਦੀ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਵੱਖ ਵੱਖ ਝਾਕੀਆਂ ਰਾਹੀਂ ਨਾਰੀ ਸ਼ਕਤੀ ਦੀ ਪ੍ਰਦਰਸ਼ਨ ਵੀ ਕੀਤਾ ਗਿਆ। ਅਸਾਮ ਰਾਈਫਲ ਦੀਆਂ ਮਹਿਲਾ ਜਵਾਨਾਂ ਵੱਲੋਂ ਪਹਿਲੀ ਵਾਰ ਪਰੇਡ ‘ਚ ਹਿੱਸਾ ਲਿਆ ਗਿਆ। ਇਸ ਦੌਰਾਨ ਦਿਖਾਈਆਂ ਗਈਆਂ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਵਿਚੋਂ ਪੰਜਾਬ ਦੀ ਝਾਕੀ ਜਲ੍ਹਿਆਂਵਾਲਾ ਬਾਗ ‘ਤੇ ਅਧਾਰਤ ਸੀ। ਇਸ ਦੌਰਾਨ ਰਾਜਪਥ ਉਤੇ ਅਸਮਾਨ ਉਪਰ ਉਡਦੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਵੱਲੋਂ ਦਿਖਾਏ ਗਏ ਜ਼ੌਹਰਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਸਮਾਰੋਹ ‘ਚ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ 26 ਬੱਚਿਆਂ ਨੇ ਵੀ ਭਾਗ ਲਿਆ।
______________________
ਬੀ.ਐਸ਼ਐਫ ਨੇ ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ
ਫਾਜ਼ਿਲਕਾ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਕੀ ‘ਤੇ ਗਣਤੰਤਰ ਦਿਵਸ ਮੌਕੇ ਬੀ.ਐਸ਼ਐਫ ਅਧਿਕਾਰੀਆਂ ਅਤੇ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨਾਲ ਖੁਸ਼ੀ ਮਨਾਉਂਦਿਆਂ ਉਨ੍ਹਾਂ ਨੂੰ ਮਠਿਆਈ ਭੇਟ ਕੀਤੀ। ਬੀ.ਐਸ਼ਐਫ ਦੇ ਡਿਪਟੀ ਕਮਾਂਡੈਂਟ ਸੰਜੇ ਡੋਵਲ ਨੇ ਜ਼ੀਰੋ ਲਾਈਨ ‘ਤੇ ਪੁੱਜ ਕੇ ਰਾਸ਼ਟਰੀ ਤਿਰੰਗਾ ਲਹਿਰਾਇਆ ਅਤੇ ਬੀ.ਐਸ਼ਐਫ ਦੀ ਇਕ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਬੀ.ਐਸ਼ਐਫ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜ ਦੇ ਅਧਿਕਾਰੀਆਂ ਨੂੰ ਮਠਿਆਈ ਭੇਟ ਕੀਤੀ।