ਨਵੀਂ ਦਿੱਲੀ: ਪੱਤਰਕਾਰ ਕੁਲਦੀਪ ਨਈਅਰ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਵਕੀਲ ਐਚ.ਐਸ਼ ਫੂਲਕਾ, ਮਹਾਸ਼ਾ ਧਰਮ ਪਾਲ ਗੁਲਾਟੀ, ਸਵ. ਬਾਲੀਵੁੱਡ ਅਦਾਕਾਰ ਕਾਦਰ ਖਾਨ, ਕ੍ਰਿਕਟਰ ਗੌਤਮ ਗੰਭੀਰ, ਜਬੂਤੀ ਦੇ ਰਾਸ਼ਟਰਪਤੀ ਇਸਮਾਇਲ ਉਮਰ ਗੁਲੇਹ, ਐਲ਼ਐਂਡ.ਟੀ. ਦੇ ਚੇਅਰਮੈਨ ਏ.ਐਮ. ਨਾਇਕ ਤੇ ਸਾਬਕਾ ਕੂਟਨੀਤਕ ਐਸ਼ ਜੈਸ਼ੰਕਰ ਸਮੇਤ 112 ਪ੍ਰਮੁੱਖ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਛੱਤੀਸਗੜ੍ਹ ਦੀ ਲੋਕ ਕਲਾਕਾਰ ਤੀਜਨ ਬਾਈ, ਗੁਲੇਹ, ਨਾਇਕ ਤੇ ਮਹਾਰਾਸ਼ਟਰ ਦੇ ਥਿਏਟਰ ਅਦਾਕਾਰ ਬਲਵੰਤ ਮੋਰੇਸ਼ਵਰ ਪੁਰਾਂਦਰੇ ਨੂੰ ‘ਪਦਮ ਵਿਭੂਸ਼ਣ’, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਪੱਤਰਕਾਰ ਕੁਲਦੀਪ ਨਈਅਰ (ਮਰਨ ਉਪਰੰਤ), ਮਹਾਸ਼ਾ ਧਰਮ ਪਾਲ ਗੁਲਾਟੀ (ਐਮ.ਡੀ.ਐਚ. ਮਸਾਲੇ), ਸਾਬਕਾ ਕੈਗ ਵੀ.ਕੇ. ਸ਼ੁੰਗਲੂ, ਸਾਬਕਾ ਕੇਂਦਰੀ ਮੰਤਰੀ ਕਰੀਆ ਮੁੰਡਾ ਸਮੇਤ 14 ਨੂੰ ‘ਪਦਮ ਭੂਸ਼ਣ’ ਪੁਰਸਕਾਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਦਮ ਸ੍ਰੀ ਪੁਰਸਕਾਰਾਂ ਲੈਣ ਵਾਲਿਆਂ ਵਿਚ ਸੀਨੀਅਰ ਵਕੀਲ ਐਚ.ਐਸ਼ ਫੂਲਕਾ, ਬਲਦੇਵ ਸਿੰਘ ਢਿੱਲੋਂ, ਡਾ: ਜਗਤ ਰਾਮ (ਪੀ.ਜੀ.ਆਈ.), ਬਾਲੀਵੁੱਡ ਅਦਾਕਾਰ ਕਾਦਰ ਖਾਨ (ਮਰਨ ਉਪਰੰਤ), ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ, ਕ੍ਰਿਕਟਰ ਗੌਤਮ ਗੰਭੀਰ, ਫੁੱਟਬਾਲਰ ਸੁਨੀਲ ਛੇਤਰੀ, ਕੋਰੀਓਗ੍ਰਾਫਰ ਤੇ ਅਦਾਕਾਰ ਪ੍ਰਭੂ ਦੇਵਾ, ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨਾਰਾਇਣ, ਕੁਸ਼ਤੀ ਖਿਡਾਰੀ ਬਜਰੰਗ ਪੂਨੀਆ, ਸਾਬਕਾ ਕੂਟਨੀਤਕ ਐਸ਼ ਜੈਸ਼ੰਕਰ ਸਮੇਤ 94 ਸ਼ਖਸੀਅਤਾਂ ਸ਼ਾਮਲ ਹਨ। ਇਹ ਪੁਰਸਕਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਮਾਰਚ-ਅਪਰੈਲ ‘ਚ ਦਿੱਤੇ ਜਾਣਗੇ।
____________________
ਪ੍ਰਣਾਬ ਮੁਖਰਜੀ, ਨਾਨਾਜੀ ਤੇ ਹਜ਼ਾਰਿਕਾ ਨੂੰ ‘ਭਾਰਤ ਰਤਨ’
ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਭਾਰਤੀ ਜਨ ਸੰਘ ਦੇ ਨੇਤਾ ਸਵ. ਨਾਨਾਜੀ ਦੇਸ਼ ਮੁੱਖ ਤੇ ਸਵ. ਗਾਇਕ ਭੁਪੇਨ ਹਜ਼ਾਰਿਕਾ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਗਿਆ। ਭਾਰਤ ਰਤਨ ਚਾਰ ਸਾਲ ਦੇ ਵਕਫੇ ਬਾਅਦ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਸਾਲ 2015 ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਮਦਨ ਮੋਹਨ ਮਾਲਵੀਆ ਨੂੰ ‘ਭਾਰਤ ਰਤਨ’ ਦਿੱਤਾ ਸੀ। ਪ੍ਰਣਾਬ ਮੁਖਰਜੀ ਸਾਲ 2012 ਤੋਂ 2017 ਤੱਕ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ।
83 ਸਾਲਾ ਮੁਖਰਜੀ ਨੂੰ 47 ਸਾਲ ਦੀ ਉਮਰ ‘ਚ ਦੇਸ਼ ਦਾ ਸਭ ਤੋਂ ਨੌਜਵਾਨ ਵਿੱਤ ਮੰਤਰੀ ਬਣਨ ਦਾ ਮੌਕਾ ਮਿਲਿਆ ਤੇ ਸਾਲ 2004 ਤੋਂ ਉਹ ਦੇਸ਼ ਦੇ ਸਭ ਤੋਂ ਮਹੱਤਵਪੂਰਨ ਅਹੁਦੇ ਵਿਦੇਸ਼ ਮੰਤਰੀ, ਰੱਖਿਆ ਤੇ ਵਿੱਤ ਮੰਤਰੀ ਦੇ ਅਹੁਦੇ ਉਤੇ ਰਹੇ। ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ਼ਐਸ਼) ਨਾਲ ਜੁੜੇ ਨਾਨਾਜੀ ਦੇਸ਼ ਮੁੱਖ ਨੇ 1977 ‘ਚ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਜੀਵਨ ਭਰ ਦੀਨਦਿਆਲ ਖੋਜ ਸੰਸਥਾਨ ਅਧੀਨ ਚੱਲਣ ਵਾਲੇ ਕਾਰਜਾਂ ਦੇ ਵਿਸਥਾਰ ਲਈ ਕੰਮ ਕਰਦੇ ਰਹੇ। ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਸੀ।
____________________
ਬਾਬਾ ਰਾਮਦੇਵ ਨੇ ਚੁੱਕੇ ‘ਭਾਰਤ ਰਤਨ’ ਉਤੇ ਸਵਾਲ
ਹਰਿਦੁਆਰ: ਯੋਗ ਗੁਰੂ ਬਾਬਾ ਰਾਮਦੇਵ ਨੇ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਕੇਂਦਰ ਸਰਕਾਰ ਨੂੰ ਕੋਈ ਅਜਿਹਾ ਸਾਧੂ ਨਹੀਂ ਮਿਲਿਆ ਜਿਸ ਨੂੰ ਭਾਰਤ ਰਤਨ ਦਾ ਸਨਮਾਨ ਦਿੱਤਾ ਜਾ ਸਕੇ। ਉਨ੍ਹਾਂ ਸਵਾਲ ਚੁੱਕਿਆ ਹੈ ਕਿ ਕੀ ਹਾਲੇ ਤੱਕ ਕਿਸੇ ਸਾਧੂ ਨੇ ਦੇਸ਼ ਦੇ ਨਿਰਮਾਣ ਵਿਚ ਯੋਗਦਾਨ ਨਹੀਂ ਪਾਇਆ। ਰਾਮਦੇਵ ਨੇ ਕਿਹਾ ਹੈ ਕਿ ਆਜ਼ਾਦੀ ਦੇ 70 ਸਾਲਾਂ ਵਿਚ ਕੇਂਦਰ ਸਰਕਾਰ ਨੂੰ ਇਕ ਵੀ ਅਜਿਹਾ ਸੰਨਿਆਸੀ ਨਹੀਂ ਮਿਲਿਆ ਜਿਸ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਸ਼ਰਧਾਨੰਦ, ਸਵਾਮੀ ਵਿਵੇਕਾਨੰਦ ਤੇ ਸਵਾਮੀ ਸ਼ਿਵ ਕੁਮਾਰ ਮਹਾਰਾਜ ਨੇ ਰਾਸ਼ਟਰ ਨਿਰਮਾਣ ਲਈ ਮਹਾਨ ਕਾਰਜ ਕੀਤੇ ਸਨ।