ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਦਾ ਜਵਾਬ ਹਾਸੋਹੀਣਾ ਕਰਾਰ

ਅੰਮ੍ਰਿਤਸਰ: ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭੇਜੇ ਗਏ ਜਵਾਬ ਨੂੰ ‘ਬਚਕਾਨਾ’ ਦੱਸਦਿਆਂ ਦਾਅਵਾ ਕੀਤਾ ਹੈ ਕਿ ਇਸ ਬਾਰੇ ਇਸਲਾਮਾਬਾਦ ਵੱਲੋਂ ਦਿੱਤਾ ਜਾਣ ਵਾਲਾ ਜਵਾਬ ਪਰਿਪੱਕ (ਪ੍ਰੋੜ੍ਹ) ਹੋਵੇਗਾ। ਅਸਲ ‘ਚ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਨਾਲ ਕੀਤੇ ਜਾਣ ਵਾਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਤਿਆਰ ਕੀਤਾ ਗਿਆ ਪ੍ਰਸਤਾਵਿਤ ਇਕਰਾਰਨਾਮੇ ਦਾ ਖਰੜਾ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਮਾਰਫਤ ਭਾਰਤ ਭੇਜਿਆ ਗਿਆ ਸੀ।

ਇਸ ਦੇ ਨਾਲ ਹੀ ਇਸ ਸਬੰਧੀ ਕੀਤੇ ਜਾਣ ਵਾਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਵਫਦ ਨੂੰ ਪਾਕਿਸਤਾਨ ਭੇਜਣ ਲਈ ਵੀ ਸੱਦਾ ਦਿੱਤਾ ਗਿਆ ਸੀ। ਜਦਕਿ ਭਾਰਤ ਵੱਲੋਂ ਇਸ ਦੇ ਜਵਾਬ ‘ਚ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਬਣਾਏ ਜਾਣ ਵਾਲੇ ਪ੍ਰਸਤਾਵਿਤ ਲਾਂਘੇ ਨੂੰ ਜੋੜਨ ਵਾਲੇ ਕਰਾਸਿੰਗ ਪੁਆਇੰਟ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨੀ ਵਫਦ ਨੂੰ ਭਾਰਤ ਆਉਣ ਦਾ ਪ੍ਰਸਤਾਵ ਦਿੱਤਾ ਗਿਆ ਅਤੇ ਇਸ ਦੇ ਲਈ ਬਕਾਇਦਾ 26 ਫਰਵਰੀ ਤੇ 7 ਮਾਰਚ 2019 ਦੋ ਤਰੀਕਾਂ ਦੀ ਤਜਵੀਜ਼ ਵੀ ਰੱਖੀ ਗਈ। ਡਾ. ਫੈਸਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਭੇਜੇ ਪ੍ਰਸਤਾਵਿਤ ਇਕਰਾਰਨਾਮੇ ਦੇ ਖਰੜੇ ਦੇ ਨਾਲ ਲਾਂਘੇ ਦੇ ਵਿਕਾਸ ਨੂੰ ਦਰਸਾਉਂਦੀਆਂ 14 ਰੰਗਦਾਰ ਤਸਵੀਰਾਂ ਅਤੇ ਇਕ ਵੀਡੀਓ ਵੀ ਭੇਜੀ ਗਈ ਸੀ, ਜਿਨ੍ਹਾਂ ‘ਚ ਇਹ ਸਪੱਸ਼ਟ ਤੌਰ ‘ਤੇ ਵਿਖਾਈ ਦੇ ਰਿਹਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਜੰਗੀ ਪੱਧਰ ਉਤੇ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ‘ਤੇ ਪਾਕਿਸਤਾਨ ਪ੍ਰਤੀ ਤਲਖੀ ਵਾਲਾ ਵਤੀਰਾ ਅਪਣਾਏ ਜਾਣ ਦਾ ਦੋਸ਼ ਲਗਾਉਂਦਿਆਂ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਅਗਾਂਹ ਭਾਰਤ ਨੂੰ ਸ਼ਾਂਤੀ ਨਾਲ ਕੀਤੀ ਜਾਣ ਵਾਲੀ ਗੱਲਬਾਤ ਦਾ ਜਵਾਬ ਸ਼ਾਂਤੀ ਨਾਲ ਅਤੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇਗਾ।
___________________________
ਕਰਤਾਰਪੁਰ ਲਾਂਘਾ: ਭਾਰਤ ਵਾਲੇ ਪਾਸੇ ਵੀ ਸਰਗਰਮੀਆਂ ਤੇਜ਼
ਬਟਾਲਾ: ਕੇਂਦਰੀ ਭੂਮੀ ਬੋਰਡ (ਸੈਂਟਰਲ ਲੈਂਡ ਬੋਰਡ) ਦੇ ਚੇਅਰਮੈਨ ਦੀ ਅਗਵਾਈ ਹੇਠਲੀ ਟੀਮ ਨੇ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ। ਟੀਮ ਨੇ ਜ਼ੀਰੋ ਲਾਈਨ ‘ਤੇ ਬਣੇ ਦਰਸ਼ਨ ਸਥਲ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕੀਤੇ। ਇਸੇ ਦੌਰਾਨ ਡੀ.ਸੀ ਵਿਪੁਲ ਉਜਵਲ ਅਤੇ ਡੇਰਾ ਬਾਬਾ ਨਾਨਕ ਦੇ ਐਸ਼ਡੀ.ਐਮ. ਅਸ਼ੋਕ ਸ਼ਰਮਾ ਸਮੇਤ ਬੀ.ਐਸ਼ਐਫ਼ ਦੇ ਅਧਿਕਾਰੀਆਂ ਨੇ ਟੀਮ ਨਾਲ ਮੀਟਿੰਗ ਵੀ ਕੀਤੀ। ਬੋਰਡ ਦੇ ਚੇਅਰਮੈਨ ਅਨਿਲ ਕੁਮਾਰ ਨੇ ਦੱਸਿਆ ਕਿ ਮੁਆਇਨਾ ਕਰਨ ਆਏ ਹਨ ਕਿ ਡੇਰਾ ਬਾਬਾ ਨਾਨਕ ਵਾਲੇ ਪਾਸਿਉਂ ਲਾਂਘੇ ਲਈ ਸੜਕ ਬਣਾਉਣ ਵਿਚ ਕਿੰਨਾ ਸਮਾਂ ਲੱਗੇਗਾ ਤੇ ਕਿਥੋਂ ਅਤੇ ਕਿੰਨੀ ਜ਼ਮੀਨ ਐਕੁਆਇਰ ਕਰਨੀ ਹੈ। ਲਾਂਘੇ ਲਈ ਜ਼ਮੀਨ ਐਕੁਆਇਰ ਕਰਨ ਬਾਰੇ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਨਿਸ਼ਾਨਦੇਹੀ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਬੋਰਡ ਚੇਅਰਮੈਨ ਨੇ ਛੇਤੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।
___________________________
ਕਰਤਾਰਪੁਰ ਲਾਂਘਾ ਸੰਗਤ ਦੀ 71 ਸਾਲਾਂ ਦੀ ਅਰਦਾਸ ਨੇ ਖੁਲ੍ਹਵਾਇਆ: ਸਿੱਧੂ
ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਪਾਕਿਸਤਾਨ ਦੀ ਧਰਤੀ ਉਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਉਨ੍ਹਾਂ ਕਾਰਨ ਨਹੀਂ ਸਗੋਂ ਪਿਛਲੇ 71 ਸਾਲਾਂ ਤੋਂ ਸੰਗਤ ਵੱਲੋਂ ਕੀਤੀ ਜਾ ਰਹੀ ਅਰਦਾਸ ਕਾਰਨ ਖੁੱਲ੍ਹਿਆ ਹੈ ਅਤੇ ਲਾਂਘਾ ਖੁਲ੍ਹਵਾਉਣ ਲਈ ਜਿਹੜੇ ਲੋਕ ਅੱਜ ਆਪਣੀ ਪਿੱਠ ਥਪਥਪਾ ਰਹੇ ਹਨ, ਉਨ੍ਹਾਂ ਨੂੰ ਸ਼ਾਇਦ ਇਹ ਭੁੱਲ ਗਿਆ ਹੈ ਕਿ ਇਹ ਲਾਂਘਾ ਖ਼ੁਦ ਗੁਰੂ ਨਾਨਕ ਦੇਵ ਜੀ ਦੇ ਚਮਤਕਾਰ ਨਾਲ ਖੁੱਲ੍ਹਿਆ ਹੈ।
ਕੈਬਨਿਟ ਮੰਤਰੀ ਨੇ ਖ਼ਜ਼ਾਨਾ ਗੇਟ ਤੋਂ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਰਸਤੇ ਸੁਲਤਾਨਵਿੰਡ ਚੌਕ ਤੱਕ ਪੈਂਦੇ 3.20 ਕਿਲੋਮੀਟਰ ਲੰਮੇ ਰਸਤੇ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 34 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨਾਲ ਇਸ ਰਸਤੇ ਦਾ ਮੂੰਹ-ਮੁਹਾਂਦਰਾ ਬਦਲਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਇਆ ਗਿਆ ਹੈ, ਉਸੇ ਤਰ੍ਹਾਂ ਇਹ ਸਾਰਾ ਰਸਤਾ ਬਣੇਗਾ। ਇਸ ਰਸਤੇ ਪੈਂਦੀਆਂ ਦੁਕਾਨਾਂ ਤੇ ਮਕਾਨਾਂ ਨੂੰ ਸਰਵਿਸ ਰੋਡ ਦੇ ਕੇ ਮੇਨ ਰੋਡ ਨਾਲ ਉਸਾਰੀ ਗਈ ਕੰਧ ਅਜਾਇਬ ਘਰ ਦਾ ਰੂਪ ਦਿੱਤਾ ਜਾਵੇਗਾ, ਜਿਸ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ ਰਸਤੇ ‘ਤੇ ਸੁੰਦਰ ਲੈਂਡਸਕੇਪਿੰਗ, ਲਾਇਟਾਂ, ਸਾਈਕਲ ਟਰੈਕ, ਰੇਹੜੀਆਂ ਲਈ ਵੱਖ ਸਥਾਨ, ਪਾਰਕ, 5 ਜਨਤਕ ਪਖਾਨੇ ਆਦਿ ਬਣਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ ਜੂਨ 2020 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਸ ਤੋਂ ਇਲਾਵਾ ਹਲਕਾ ਦੱਖਣੀ ਦੇ ਸੀਵਰੇਜ ਲਈ 111 ਕਰੋੜ ਰੁਪਏ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀਆਂ ਚਾਰ ਮੁੱਖ ਸੜਕਾਂ ਦੇ ਸੁੰਦਰੀਕਰਨ ਲਈ 34 ਕਰੋੜ ਰੁਪਏ, ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਖਰਚਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 4 ਸ਼ਹਿਰਾਂ ਅੰਮ੍ਰਿਤਸਰ, ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਨੂੰ ਵਿਰਾਸਤੀ ਸ਼ਹਿਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ।