ਮੋਦੀ ਵੱਲੋਂ ਜਲ੍ਹਿਆਂਵਾਲਾ ਬਾਗ ਅਜਾਇਬ ਘਰ ਦਾ ਉਦਘਾਟਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ ਨੂੰ ਸਮਰਪਿਤ ‘ਯਾਦ-ਏ-ਜਲ੍ਹਿਆਂ’ ਅਜਾਇਬ ਘਰ ਦਾ ਉਦਘਾਟਨ ਕੀਤਾ। ‘ਯਾਦ-ਏ-ਜਲ੍ਹਿਆਂ’ ਅਜਾਇਬ ਘਰ ‘ਚ 13 ਅਪਰੈਲ, 1919 ਨੂੰ ਹੋਏ ਸਾਕੇ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅਜਾਇਬ ਘਰ ਵਿਚ ਜਲ੍ਹਿਆਂਵਾਲਾ ਬਾਗ ਦਾ ਪ੍ਰਤਿਰੂਪ (ਹੂਬਹੂ ਨਕਲ) ਵੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 13 ਅਪਰੈਲ, 2019 ਵਿਚ ਜਲ੍ਹਿਆਂਵਾਲਾ ਬਾਗ ਸਾਕੇ ਨੂੰ 100 ਸਾਲ ਪੂਰੇ ਹੋ ਜਾਣਗੇ ਅਤੇ ਸਰਕਾਰ 100 ਸਾਲਾ ਸਮਾਗਮਾਂ ਨੂੰ ਯਾਦਗਾਰ ਬਣਾਉਣ ਲਈ ਕਈ ਪ੍ਰੋਗਰਾਮ ਵੀ ਉਲੀਕੇ ਗਏ ਹਨ।

ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ 1857 ਦੇ ਗ਼ਦਰ ‘ਤੇ ਆਧਾਰਿਤ ਅਜਾਇਬ ਘਰ ਦਾ ਵੀ ਉਦਘਾਟਨ ਕੀਤਾ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਅਜਾਇਬ ਘਰ ਦਾ ਵੀ ਉਦਘਾਟਨ ਕੀਤਾ। ਇਹ ਅਜਾਇਬ ਘਰ ਦਿੱਲੀ ਦੇ ਲਾਲ ਕਿਲ੍ਹਾ ਕੰਪਲੈਕਸ ‘ਚ ਬਣਾਏ ਗਏ ਹਨ। ਅਜਾਇਬ ਘਰ ਵਿਚ ਸੁਭਾਸ਼ ਚੰਦਰ ਬੋਸ ਅਤੇ ਭਾਰਤੀ ਰਾਸ਼ਟਰੀ ਫੌਜ ਦੀ ਆਜ਼ਾਦੀ ਬਾਰੇ ਮੁਹਿੰਮ ਨੂੰ ਦਰਸਾਇਆ ਗਿਆ ਹੈ।
ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਲੜਨ ਵਾਲੇ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਜੋਸ਼ ਨੂੰ ਸਮਰਪਿਤ ਸਾਰੇ ਅਜਾਇਬ ਘਰਾਂ ਦੇ ਕੰਪਲੈਕਸ ਨੂੰ ‘ਕ੍ਰਾਂਤੀ ਮੰਦਰ’ ਦੇ ਨਾਂ ਨਾਲ ਜਾਣਿਆ ਜਾਵੇਗਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਭਾਰਤੀ ਰਾਸ਼ਟਰੀ ਫੌਜ ਨਾਲ ਸਬੰਧਤ ਅਜਾਇਬ ਘਰ ਵਿਚ ਨੇਤਾ ਜੀ ਤੇ ਭਾਰਤੀ ਰਾਸ਼ਟਰੀ ਫੌਜ ਨਾਲ ਸਬੰਧਤ ਕਲਾਕ੍ਰਿਤੀਆਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ਕਲਾਕ੍ਰਿਤੀਆਂ ‘ਚ ਲੱਕੜ ਦੀ ਕੁਰਸੀ ਤੇ ਸੈਨਾਪਤੀ ਵੱਲੋਂ ਵਰਤੀ ਗਈ ਤਲਵਾਰ, ਤਗਮੇ, ਬਿੱਲੇ (ਬੈਜ), ਵਰਦੀਆਂ ਤੇ ਭਾਰਤੀ ਰਾਸ਼ਟਰੀ ਫੌਜ ਨਾਲ ਸਬੰਧਤ ਹੋਰ ਵਸਤਾਂ ਰੱਖੀਆਂ ਗਈਆਂ ਹਨ। ਬੋਸ ਤੇ ਭਾਰਤੀ ਰਾਸ਼ਟਰੀ ਫੌਜ ‘ਤੇ ਬਣਾਈ ਗਈ ਇਕ ਦਸਤਾਵੇਜ਼ੀ ਫਿਲਮ ਰਾਹੀਂ ਦਰਸ਼ਕਾਂ ਨੂੰ ਸਾਡੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਜਾਨਣ ‘ਚ ਮਦਦ ਮਿਲੇਗੀ। ਇਸ ਦਸਤਾਵੇਜ਼ੀ ਫਿਲਮ ਲਈ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਅਜਾਇਬ ਘਰ ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਫੌਜੀਆਂ ਵੱਲੋਂ ਵਿਖਾਈ ਬੀਰਤਾ, ਬਹਾਦਰੀ ਤੇ ਤਿਆਗ ਨੂੰ ਵਿਖਾਇਆ ਗਿਆ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਬਰਤਾਨੀਆ ਸਾਮਰਾਜ ਲਈ ਲੜਨ ਵਾਲੇ ਭਾਰਤੀ ਫੌਜੀਆਂ ਦੀ ਦੁਰਦਸ਼ਾ ਨੂੰ ਦਰਸਾਉਂਦੀ ਸਰੋਜਨੀ ਨਾਇਡੂ ਦੀ ਕਵਿਤਾ ‘ਤੋਹਫਾ’ (ਗਿਫਟ) ਨੂੰ ਵੀ ਅਜਾਇਬ ਘਰ ‘ਚ ਕਲਾਕ੍ਰਿਤੀਆਂ ਦਾ ਹਿੱਸਾ ਬਣਾਇਆ ਗਿਆ ਹੈ।
_______________________________
ਅਟਾਰੀ ਸਰਹੱਦ ‘ਤੇ ਬਣੀ ਨਵੀਂ ਦਰਸ਼ਕ ਗੈਲਰੀ ਦੇਸ਼ ਨੂੰ ਸਮਰਪਤ
ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਪਾਕਿਸਤਾਨ ਵਿਚਕਾਰ ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ ਸ਼ਾਮ ਸਮੇਂ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਦੇਖਣ ਲਈ ਅਟਾਰੀ ਸਰਹੱਦ ‘ਚ ਨਵੀਂ ਬਣੀ ਦਰਸ਼ਕ ਗੈਲਰੀ ਦਰਸ਼ਕਾਂ ਨੂੰ ਸਮਰਪਤ ਕੀਤੀ ਅਤੇ ਆਈ.ਸੀ.ਪੀ. ‘ਚ ਬੀ.ਐਸ਼ਐਫ਼ ਦੇ ਜਵਾਨਾਂ ਵਾਸਤੇ ਰਿਹਾਇਸ਼ੀ ਕੰਪਲੈਕਸ ਉਸਾਰਨ ਦਾ ਨੀਂਹ ਪੱਥਰ ਵੀ ਰੱਖਿਆ। ਕੇਂਦਰੀ ਗ੍ਰਹਿ ਮੰਤਰੀ ਨੇ ਝੰਡਾ ਉਤਾਰਨ ਦੀ ਰਸਮ ਵੀ ਦੇਖੀ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਆਖਿਆ ਕਿ ਦੇਸ਼ ਵਿਚ ਜਿੰਨੀਆਂ ਵੀ ਸੰਗਠਿਤ ਚੈੱਕ ਪੋਸਟਾਂ (ਆਈ.ਸੀ.ਪੀ.) ਹਨ, ਉਥੇ ਡਿਊਟੀ ‘ਤੇ ਤਾਇਨਾਤ ਸੁਰੱਖਿਆ ਬਲਾਂ ਵਾਸਤੇ ਰਿਹਾਇਸ਼ੀ ਕੰਪਲੈਕਸ ਉਸਾਰੇ ਜਾਣਗੇ। ਇਥੇ ਬੀ.ਐਸ਼ਐਫ਼ ਦੀਆਂ ਚਾਰ ਬਟਾਲੀਅਨਾਂ ਦੇ ਜਵਾਨਾਂ ਵਾਸਤੇ ਲਗਭਗ 300 ਕੁਆਰਟਰਾਂ ਦਾ ਰਿਹਾਇਸ਼ੀ ਕੰਪਲੈਕਸ ਬਣੇਗਾ, ਜਿਸ ਉਪਰ ਲਗਭਗ 25 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਕੰਪਲੈਕਸ ਦਸੰਬਰ 2019 ਤੱਕ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਟਾਰੀ ਆਈ.ਸੀ.ਪੀ. ਦੇਸ਼ ਦੀ ਪਹਿਲੀ ਸੰਗਠਿਤ ਚੈੱਕ ਪੋਸਟ ਹੈ ਅਤੇ ਇਹ ਦੇਸ਼ ਦੀਆਂ ਹੋਰਨਾਂ ਆਈ.ਸੀ.ਪੀ. ਵਾਸਤੇ ਮਿਸਾਲ ਹੈ। ਇਥੇ ਕੇਂਦਰੀ ਤੇ ਸੂਬਾਈ ਏਜੰਸੀਆਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ, ਜਿਸ ਦੇ ਚੰਗੇ ਨਤੀਜੇ ਮਿਲ ਰਹੇ ਹਨ। ਇਥੇ ਮਾਲ ਦੀ ਢੋਆ ਢੁਆਈ ਅਤੇ ਵਪਾਰੀਆਂ ਤੇ ਕੰਮ ਕਰਦੇ ਕਰਮਚਾਰੀਆਂ ਵਾਸਤੇ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕੀਤੀਆਂ ਗਈਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸੰਗਠਿਤ ਚੈੱਕ ਪੋਸਟ ਅਟਾਰੀ ਪਹੁੰਚਣ ‘ਤੇ ਲੈਂਡ ਪੋਰਟ ਅਥਾਰਿਟੀ ਦੇ ਚੇਅਰਮੈਨ ਅਨਿਲ ਕੁਮਾਰ ਬਾਂਬਾ, ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਰਜਨੀ ਕਾਂਤ ਮਿਸ਼ਰਾ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਨਿੱਘਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਅਟਾਰੀ ਸਰਹੱਦ ‘ਤੇ ਦਰਸ਼ਕ ਗੈਲਰੀ ਬਣਾਉਣ ਦਾ ਨੀਂਹ ਪੱਥਰ 22 ਮਾਰਚ 2015 ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਸੀ। ਯੂ ਆਕਾਰ ਦੀ ਇਸ ਦਰਸ਼ਕ ਗੈਲਰੀ ਵਿਚ ਵੀਹ ਹਜ਼ਾਰ ਦਰਸ਼ਕ ਬੈਠ ਕੇ ਝੰਡਾ ਉਤਾਰਨ ਦੀ ਰਸਮ ਪਰੇਡ ਦੇਖ ਸਕਦੇ ਹਨ। ਦਰਸ਼ਕ ਗੈਲਰੀ ਤੋਂ ਇਲਾਵਾ ਇਥੇ ਕਾਨਫਰੰਸ ਹਾਲ, ਜਵਾਨਾਂ ਦੇ ਰਹਿਣ ਲਈ ਬੈਰਕ, ਹਸਪਤਾਲ, ਅਜਾਇਬਘਰ, ਓਪਨ ਏਅਰ ਥੀਏਟਰ, ਵੀ.ਆਈ.ਪੀ. ਗੈਲਰੀ, ਕੈਫੇਟੇਰੀਆ, ਲੌਬੀ, ਡਾਇਨਿੰਗ ਹਾਲ ਵੀ ਬਣਾਏ ਗਏ ਹਨ।