ਖਸਤਾਹਾਲ ਸਰਕਾਰੀ ਗੱਡੀਆਂ ਤੋਂ ਵਿਰੋਧੀ ਧਿਰ ਦੇ ਵਿਧਾਇਕ ਔਖੇ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੀ ਇਕ ਮਿਸਾਲ ਸਾਹਮਣੇ ਆਈ ਹੈ। ਵਿਧਾਨ ਸਭਾ ਹਲਕਾ ਭਦੌੜ ਦੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਨੂੰ ਸਰਕਾਰ ਵੱਲੋਂ ਅਲਾਟ ਕੀਤੀ ਇਨੋਵਾ ਕਾਰ ਉਨ੍ਹਾਂ ਲਈ ਰੋਜ਼ਾਨਾ ਮੁਸੀਬਤ ਦਾ ਸਬੱਬ ਬਣਦੀ ਆ ਰਹੀ ਹੈ।

ਵਿਧਾਇਕ ਪਿਰਮਲ ਸਿੰਘ ਜਦੋਂ ਵਿਧਾਨ ਸਭਾ ਦੀ ਐਸਟੀਮੇਟ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਵਾਪਸ ਜਾ ਰਹੇ ਸਨ ਤਾਂ ਬਨੂੜ-ਰਾਜਪੁਰਾ ਸੜਕ ਉਪਰ ਉਨ੍ਹਾਂ ਦੀ ਸਰਕਾਰੀ ਇਨੋਵਾ ਕਾਰ (ਪੀਬੀ65ਐਚ9166) ਖਰਾਬ ਹੋ ਗਈ ਅਤੇ ਉਹ ਉਥੇ ਸੜਕ ਉਪਰ ਹੀ ਲੰਮਾਂ ਸਮਾਂ ਖੱਜਲ-ਖੁਆਰ ਹੁੰਦੇ ਰਹੇ ਪਰ ਕਿਸੇ ਵੀ ਅਫਸਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ। ਫਿਰ ਉਨ੍ਹਾਂ ਚੰਡੀਗੜ੍ਹ ਵਿਚ ਹੀ ਇਕ ਮੀਟਿੰਗ ਵਿਚ ਆਏ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਾਂਗਰਸ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਫੋਨ ਕਰਕੇ ਆਪਣੇ ਨਾਲ ਲਿਜਾਣ ਦੀ ਬੇਨਤੀ ਕੀਤੀ ਅਤੇ ਲੰਮੀ ਉਡੀਕ ਤੋਂ ਬਾਅਦ ਉਹ ਕਾਂਗਰਸੀ ਵਿਧਾਇਕ ਦੀ ਕਾਰ ਰਾਹੀਂ ਵਾਪਸ ਪੁੱਜੇ। ਪਿਰਮਲ ਸਿੰਘ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਸਾਲ 2009 ਮਾਡਲ ਦੀ ਕੰਡਮ ਇਨੋਵਾ ਕਾਰ ਮੁਹੱਈਆ ਕਰਵਾਈ ਹੈ ਜਦਕਿ ਕਾਂਗਰਸੀ ਵਿਧਾਇਕਾਂ ਨੂੰ ਉਚੇ ਮਾਡਲ ਦੀਆਂ ਕਾਰਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਲੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਕਾਰ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਸਨ ਅਤੇ ਮਸਾਂ ਬਚਾਅ ਹੋਇਆ ਸੀ।
ਉਨ੍ਹਾਂ ਦੀ ਕਾਰ ਦਾ ਰੇਡੀਏਟਰ (ਵਾਟਰ ਬਾਡੀ) ਅਕਸਰ ਲੀਕ ਹੋਣ ਕਾਰਨ ਕਾਰ ਗਰਮ ਹੋ ਜਾਂਦੀ ਹੈ। ਇਸ ਬਾਰੇ ਉਨ੍ਹਾਂ ਬਹੁਤ ਵਾਰੀ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅਕਸਰ ਉਨ੍ਹਾਂ ਨੂੰ ਰਸਤਿਆਂ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਕਾਰ ਦੀ ਵਾਟਰ ਬਾਡੀ ਲੀਕ ਹੋਣ ਕਾਰਨ ਉਹ ਪਰੇਸ਼ਾਨ ਹੋਏ ਹਨ। ਉਨ੍ਹਾਂ ਇਸ ਦੀ ਜਾਣਕਾਰੀ ਮੌਕੇ ਤੋਂ ਹੀ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਪਰ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਕਿ ਸਰਕਾਰ ਬਦਲਵੀਂ ਗੱਡੀ ਨਹੀਂ ਦੇ ਸਕਦੀ। ਉਨ੍ਹਾਂ ਨੂੰ ਲੰਮਾ ਸਮਾਂ ਸੜਕ ‘ਤੇ ਹੀ ਖੱਜਲ ਹੋਣਾ ਪਿਆ ਅਤੇ ਅਖੀਰ ਉਹ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਦੀ ਕਾਰ ਰਾਹੀਂ ਵਾਪਸ ਜਾਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਇਥੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਨੇ ਖਰਾਬ ਹੋਈ ਕਾਰ ਨੂੰ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਸਬੰਧਤ ਅਫਸਰ ਨੇ ਹੀ ਉਨ੍ਹਾਂ ਦੀ ਕੋਈ ਮਦਦ ਜਾਂ ਸਾਰ ਲਈ ਹੈ। ਉਹ ਪਹਿਲਾਂ ਆਪਣੇ ਪੱਲਿਉਂ 62 ਹਜ਼ਾਰ ਰੁਪਏ ਖਰਚ ਕੇ ਕਾਰ ਮੁਰੰਮਤ ਕਰਵਾ ਚੁੱਕਾ ਹੈ ਤੇ ਹਾਲੇ ਤੱਕ ਉਸ ਦੀ ਅਦਾਇਗੀ ਵੀ ਨਹੀਂ ਹੋਈ। ਇਸੇ ਤਰ੍ਹਾਂ ਤੇਲ ਦੇ ਵੀ ਕਈ ਬਿੱਲ ਪੈਂਡਿੰਗ ਹਨ। ਪਿਰਮਲ ਸਿੰਘ ਨੇ ਦੋਸ਼ ਲਾਇਆ ਕਿ ਅਫਸਰਸ਼ਾਹੀ ਨੇ ਕਦੇ ਵੀ ਉਨ੍ਹਾਂ ਦੀ ਢੰਗ ਨਾਲ ਸੁਣਵਾਈ ਨਹੀਂ ਕੀਤੀ, ਜਿਸ ਤੋਂ ਜਾਪਦਾ ਹੈ ਕਿ ਉਪਰੋਂ ਅਫਸਰਸ਼ਾਹੀ ਨੂੰ ਵਿਰੋਧੀ ਧਿਰਾਂ ਦੇ ਵਿਧਾਇਕਾਂ ਨਾਲ ਵਿਤਕਰਾ ਕਰਨ ਦੇ ਗੁਪਤ ਹੁਕਮ ਦਿੱਤੇ ਜਾਪਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਮੁੱਖ ਮੰਤਰੀ ਕੋਲੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਪਰ ਵਿਚਾਰ ਕਰਨ ਲਈ ਉਨ੍ਹਾਂ ਕੋਲੋਂ ਮੀਟਿੰਗ ਦਾ ਸਮਾਂ ਮੰਗਿਆ ਸੀ ਪਰ ਅੱਜ ਤੱਕ ਸਮਾਂ ਨਹੀਂ ਮਿਲਿਆ। ਜਿਸ ਤੋਂ ਸਾਫ ਸੰਕੇਤ ਮਿਲਦੇ ਹਨ ਕਿ ਕੈਪਟਨ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਮਿਲਣ ਤੋਂ ਝਿਜਕ ਦਿਖਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰੇਕ ਪੱਧਰ ‘ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਕਰ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 78 ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਲਕਿਆਂ ਦੇ ਵਿਕਾਸ ਲਈ 5-5 ਕਰੋੜ ਰੁਪਏ ਅਲਾਟ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਰੋਸ ਵਜੋਂ ‘ਆਪ’ ਦੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਕੈਪਟਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਉਹ (ਕੈਪਟਨ) ਸਾਰੇ 117 ਹਲਕਿਆਂ ਦੇ ਮੁੱਖ ਮੰਤਰੀ ਹਨ, ਇਸ ਲਈ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੂੰ ਵੀ 5-5 ਲੱਖ ਰੁਪਏ ਅਲਾਟ ਕੀਤੇ ਜਾਣ ਪਰ ਫਿਲਹਾਲ ਮੁੱਖ ਮੰਤਰੀ ਨੇ ਇਸ ਬਾਰੇ ਕੋਈ ਹੁੰਗਾਰਾ ਨਹੀਂ ਦਿੱਤਾ।